ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਅਮਰੀਕਾ ‘ਚ ਪੰਜਾਬੀ ਬੋਲੀ ਲਈ ਨਵਾਂ ਹੰਭਲਾ
ਅਮਰੀਕਾ ‘ਚ ਪੰਜਾਬੀ ਬੋਲੀ ਲਈ ਨਵਾਂ ਹੰਭਲਾ
Page Visitors: 2453

ਅਮਰੀਕਾ ‘ਚ ਪੰਜਾਬੀ ਬੋਲੀ ਲਈ ਨਵਾਂ ਹੰਭਲਾਅਮਰੀਕਾ ‘ਚ ਪੰਜਾਬੀ ਬੋਲੀ ਲਈ ਨਵਾਂ ਹੰਭਲਾ

October 18
10:17 2017

ਯੂ.ਸੀ. ਡੇਵਿਸ ਵਿਚ ਸਥਾਪਿਤ ਕੀਤੀ ਜਾਵੇਗੀ ਪੰਜਾਬੀ ਚੇਅਰ
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਦੀ ਧਰਤੀ ਉਪਰ ਆਇਆਂ ਪੰਜਾਬੀਆਂ ਨੂੰ ਦੂਜੀ ਸਦੀ ਆਰੰਭ ਹੋ ਗਈ ਹੈ ਅਤੇ ਹੁਣ ਇਮੀਗ੍ਰੇਸ਼ਨ, ਰਹਿਣ-ਸਹਿਣ ਅਤੇ ਇਥੋਂ ਦੇ ਪੌਣ-ਪਾਣੀ ਤੇ ਜਲਵਾਯੂ ਦੇ ਅਨੁਕੂਲ ਹੋਣ ਦੀ ਸਮੱਸਿਆ ਵੱਡੀ ਪੱਧਰ ਉੱਤੇ ਹੱਲ ਹੋ ਗਈ ਹੈ ਅਤੇ ਦੂਜੀ, ਤੀਜੀ ਪੀੜ੍ਹੀ ਦੇ ਪ੍ਰਵਾਸੀ ਪਰਿਵਾਰਾਂ ਨੂੰ ਇਥੇ ਆਪਣੀ ਬੋਲੀ, ਸੱਭਿਆਚਾਰ ਅਤੇ ਵਿਲੱਖਣ ਕੌਮੀਅਤੀ ਸ਼ਨਾਖਤ ਨੂੰ ਕਾਇਮ ਰੱਖਣ ਦੇ ਲਈ ਯਤਨ ਆਰੰਭ ਹੋ ਗਏ ਹਨ। ਪਿਛਲੇ ਦਿਨੀਂ ‘ਯੂਨੀਵਰਸਿਟੀ ਆਫ ਕੈਲੀਫੋਰਨੀਆ, ਡੇਵਿਸ’ (University of California, DAVIS) ਦੇ ਦੱਖਣੀ ਏਸ਼ੀਆਈ ਭਾਸ਼ਾਈ ਵਿਭਾਗ ਵੱਲੋਂ ਯੂਨੀਵਰਸਿਟੀ ਵਿਚ ਪੰਜਾਬੀ ਦੀ ਚੇਅਰ ਸਥਾਪਿਤ ਕਰਨ ਦਾ ਹੰਭਲਾ ਆਰੰਭ ਕੀਤਾ ਗਿਆ ਹੈ। ਜੇਕਰ ਯੂਨੀਵਰਸਿਟੀ ਵਿਚ ਚੇਅਰ ਸਥਾਪਿਤ ਹੋ ਜਾਂਦੀ ਹੈ, ਤਾਂ ਇਸ ਦੇ ਅਗਲੇ ਪੜਾਅ ਵਜੋਂ ਯੂਨੀਵਰਸਿਟੀ ਦੀਆਂ ਸਮੁੱਚੀਆਂ ਕਲਾਸਾਂ ਦੇ ਸਿਲੇਬਸ ਵਿਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਸ਼ੇ ਨੂੰ ਸਿਲੇਬਸ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਤਰ੍ਹਾਂ ‘ਯੂਨੀਵਰਸਿਟੀ ਆਫ ਕੈਲੀਫੋਰਨੀਆ, ਡੇਵਿਸ’ ਵਿਚ ਪੜ੍ਹਨ ਵਾਲੇ ਸਮੁੱਚੇ ਵਿਦਿਆਰਥੀਆਂ ਲਈ ਪੰਜਾਬੀ ਜ਼ੁਬਾਨ ਸਿੱਖਣ ਅਤੇ ਪੰਜਾਬੀ ਸੱਭਿਆਚਾਰ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੜ੍ਹਾਈ ਦਾ ਦਰਵਾਜ਼ਾ ਖੁੱਲ੍ਹ ਜਾਵੇਗਾ। ਪੰਜਾਬੀਆਂ ਲਈ ਇਹ ਬੜੀ ਮਾਣਮੱਤੀ ਗੱਲ ਹੋਵੇਗੀ। ਯੂਨੀਵਰਸਿਟੀ ਦੇ ਕਾਇਦੇ ਮੁਤਾਬਕ ਪੰਜਾਬੀ ਚੇਅਰ ਨੂੰ ਸਥਾਪਿਤ ਕਰਨ ਅਤੇ ਚਲਦਾ ਰੱਖਣ ਲਈ ਘੱਟੋ-ਘੱਟ ਚਾਰ ਮਿਲੀਅਨ ਡਾਲਰ ਪੰਜਾਬੀ ਭਾਈਚਾਰੇ ਨੂੰ ਇਕੱਠੇ ਕਰਕੇ ਦੇਣੇ ਪੈਣਗੇ।
   ਇਸ ਤੋਂ ਬਾਅਦ ਹੀ ਯੂਨੀਵਰਸਿਟੀ ਦਾ ਭਾਸ਼ਾ ਵਿਭਾਗ ਇਹ ਚੇਅਰ ਸਥਾਪਿਤ ਕਰਨ ਅਤੇ ਫਿਰ ਯੂਨੀਵਰਸਿਟੀ ਨੂੰ ਪੰਜਾਬੀ ਜ਼ੁਬਾਨ ਅਤੇ ਸੱਭਿਆਚਾਰ ਨੂੰ ਸਿਲੇਬਸ (Curriculum) ‘ਚ ਸ਼ਾਮਲ ਕਰਨ ਲਈ ਕਾਰਵਾਈ ਕਰ ਸਕੇਗਾ। ਯੂਨੀਵਰਸਿਟੀ ਅੰਦਰ ਪੰਜਾਬੀ ਚੇਅਰ ਸਥਾਪਿਤ ਕਰਨ ਵਾਸਤੇ ਅਮਰੀਕਾ ਵਸਦੇ ਪੰਜਾਬੀਆਂ ਅੰਦਰ ਕਿੰਨੀ ਕੁ ਤਾਂਘ ਅਤੇ ਸੁਹਿਰਦਤਾ ਹੈ, ਇਸ ਗੱਲ ਨੂੰ ਜਾਨਣ ਲਈ ਕੁੱਝ ਦਿਨ ਪਹਿਲਾਂ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਇਕ ਉੱਘੇ ਪੰਜਾਬੀ ਗਾਇਕ ਨੂੰ ਸੱਦ ਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸੱਭਿਆਚਾਰਕ ਪ੍ਰੋਗਰਾਮ ਦੀ ਸਫਲਤਾ ਦੇਖ ਕੇ ਭਾਸ਼ਾ ਵਿਭਾਗ ਦੇ ਪ੍ਰਬੰਧਕ ਹੀ ਨਹੀਂ, ਸਗੋਂ ਯੂਨੀਵਰਸਿਟੀ ਦੇ ਅਧਿਕਾਰੀ ਵੀ ਦੰਗ ਰਹਿ ਗਏ। ਇਸ ਸਮਾਗਮ ਵਿਚ ਦੋ ਹਜ਼ਾਰ ਦੇ ਕਰੀਬ ਅਮਰੀਕਾ ਵਸਦੇ ਪੰਜਾਬੀਆਂ ਨੇ ਸ਼ਿਰਕਤ ਕੀਤੀ ਅਤੇ ਨਾਲ ਹੀ ਆਪਣੀ ਮਾਂ ਬੋਲੀ ਨਾਲ ਪਿਆਰ ਅਤੇ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਦਿਆਂ ਮੌਕੇ ਉਪਰ ਹੀ ਦੋ ਲੱਖ ਡਾਲਰ ਦੇ ਕਰੀਬ ਰਕਮ ਇਕੱਤਰ ਕੀਤੀ ਗਈ। ਪਹਿਲੇ ਹੰਭਲੇ ਵਜੋਂ ਕਰਵਾਏ ਗਏ ਇਸ ਸਮਾਗਮ ਦੀ ਸਫਲਤਾ ਨੇ ਆਗਾਜ਼ ਤਾਂ ਬੜਾ ਚੰਗਾ ਕਰ ਦਿੱਤਾ ਹੈ।
ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਨੇ ਸਮਾਗਮ ਦੀ ਸਫਲਤਾ ਲਈ ਵੱਖ-ਵੱਖ ਪੰਜਾਬੀ ਸੰਸਥਾਵਾਂ ਅਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਵੀ ਮਦਦ ਲਈ ਅਤੇ ਇਨ੍ਹਾਂ ਸੰਸਥਾਵਾਂ ਅਤੇ ਕਮੇਟੀਆਂ ਨੇ ਪੂਰੀ ਸ਼ਿੱਦਤ ਨਾਲ ਸਮਾਗਮ ਨੂੰ ਸਫਲ ਬਣਾਉਣ ਦੇ ਕੀਤੇ ਯਤਨਾਂ ਵਿਚ ਵੀ ਹਿੱਸਾ ਲਿਆ। ਡੇਵਿਸ ਯੂਨੀਵਰਸਿਟੀ ਵਿਖੇ ਇਸ ਤੋਂ ਪਹਿਲਾਂ ਉਰਦੂ ਅਤੇ ਹਿੰਦੀ ਦੀਆਂ ਚੇਅਰਾਂ ਵੀ ਸਥਾਪਿਤ ਹਨ। ਪਰ ਕੈਲੀਫੋਰਨੀਆ ਵਿਚ ਪੰਜਾਬੀ ਜ਼ੁਬਾਨ ਦੀ ਵਸੋਂ ਨੂੰ ਦੇਖਦਿਆਂ ਇਥੇ ਪੰਜਾਬੀ ਚੇਅਰ ਸਥਾਪਿਤ ਕਰਨ ਲਈ ਸੋਚਿਆ ਗਿਆ ਹੈ। ਅਮਰੀਕਾ ਦੀ ਧਰਤੀ ਉਪਰ ਪੰਜਾਬੀ ਨੂੰ ਅਗਰ ਮਾਣ ਮਿਲਦਾ ਹੈ ਅਤੇ ਸਾਡੇ ਲੋਕਾਂ ਨੂੰ ਹੀ ਨਹੀਂ, ਸਗੋਂ ਹੋਰਨਾਂ ਸਾਰਿਆਂ ਨੂੰ ਵੀ ਜੇਕਰ ਪੰਜਾਬੀ ਸਿੱਖਣ-ਸਿਖਾਉਣ ਦਾ ਮੁੱਢ ਬੱਝਦਾ ਹੈ, ਤਾਂ ਇਹ ਆਪਣੇ-ਆਪ ਵਿਚ ਹੀ ਬੜੀ ਵੱਡੀ ਗੱਲ ਹੈ ਅਤੇ ਪੰਜਾਬੀ ਜ਼ੁਬਾਨ ਦੇ ਪਿਆਰਿਆਂ ਲਈ ਸ਼ੁੱਭ ਸ਼ਗਨ ਹੈ।
ਇਸ ਤੋਂ ਪਹਿਲਾਂ ਵੀ ਕੁੱਝ ਹੋਰ ਯੂਨੀਵਰਸਿਟੀਆਂ ਵਿਚ ਪੰਜਾਬੀ ਨੂੰ ਪੜ੍ਹਾਈ ਦੇ ਸਿਲੇਬਸ ਵਿਚ ਲਾਗੂ ਕਰਵਾਉਣ ਲਈ ਯਤਨ ਹੁੰਦੇ ਰਹੇ ਹਨ। ਪਿੱਛੇ ਜਿਹੇ ਕੈਲੀਫੋਰਨੀਆ ਅਸੈਂਬਲੀ ਵੱਲੋਂ ਵੀ ਸਕੂਲੀ ਸਿਲੇਬਸ ਵਿਚ ਪੰਜਾਬੀ ਸ਼ਾਮਲ ਕੀਤੇ ਜਾਣ ਅਤੇ ਪੰਜਾਬੀ ਸੱਭਿਆਚਾਰ ਲਈ ਵਿਸ਼ੇਸ਼ ਸਮਾਗਮ ਕਰਵਾਏ ਜਾਣ ਦੇ ਮਤੇ ਪਾਸ ਕੀਤੇ ਗਏ ਹਨ। ਇਸੇ ਤਰ੍ਹਾਂ ਸਿੱਖਾਂ ਅਤੇ ਪੰਜਾਬੀਆਂ ਦੇ ਕੈਲੀਫੋਰਨੀਆ ਵਿਚ ਹਰ ਖੇਤਰ ਵਿਚ ਪਾਏ ਯੋਗਦਾਨ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਨੂੰ ਸ਼ਾਬਾਸ਼ ਦੇਣ ਲਈ ਹਰ ਵਰ੍ਹੇ ਇਕ ਸਿੱਖ ਜਾਗਰੂਕਤਾ ਮਹੀਨਾ ਵੀ ਮਨਾਇਆ ਜਾਂਦਾ ਹੈ।
ਪੰਜਾਬੀ ਬੋਲੀ ਦੁਨੀਆਂ ਦੀਆਂ ਸਿਰਕੱਢ ਵਿਕਸਿਤ ਬੋਲੀਆਂ ਵਿਚ ਗਿਣੀ ਜਾਣ ਵਾਲੀ ਜ਼ੁਬਾਨ ਹੈ। ਪੰਜਾਬੀ ਜ਼ੁਬਾਨ ਦੀ ਸਭ ਤੋਂ ਵਿਲੱਖਣ ਅਤੇ ਵੱਖਰੀ ਪਹਿਚਾਨ ਅਤੇ ਸਿਧਾਂਤਕ ਠੁੱਕ ਵਾਲੀ ਗੱਲ ਇਹ ਹੈ ਕਿ ਇਸ ਬੋਲੀ ਵਿਚ ਮੁਹਾਵਰੇ ਦੀ ਵਰਤੋਂ ਬੜੀ ਵਿਸ਼ਾਲ ਪੱਧਰ ‘ਤੇ ਹੈ। ਇਹ ਗੱਲ ਦੁਨੀਆਂ ਵਿਚ ਪ੍ਰਵਾਨਿਤ ਹੈ ਕਿ ਮੁਹਾਵਰੇ ਦੀ ਵਰਤੋਂ ਹੀ ਕਿਸੇ ਬੋਲੀ ਨੂੰ ਅਮੀਰ ਬਣਾਉਂਦੀ ਹੈ। ਪੰਜਾਬੀ ਬੋਲੀ ਵਿਚ ਮੁਹਾਵਰੇ ਦੀ ਵਰਤੋਂ ਇਸ ਦੀ ਸੁੰਦਰਤਾ ਅਤੇ ਰਵਾਨਗੀ ਨੂੰ ਵੱਡਾ ਰੁਤਬਾ ਦਿੰਦੀ ਹੈ। ਇਸ ਵੇਲੇ ਦੇਖਿਆ ਜਾਵੇ, ਤਾਂ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ 5 ਕਰੋੜ ਤੋਂ ਵੀ ਵਧੇਰੇ ਹੈ ਅਤੇ ਦੁਨੀਆਂ ਭਰ ਵਿਚ ਵਧੇਰੇ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚ ਪੰਜਾਬੀ ਦਾ ਸਥਾਨ 10ਵਾਂ ਹੈ। ਪੰਜਾਬੀ ਬੋਲਣ ਵਾਲੇ ਲੋਕ ਇਸ ਵੇਲੇ 140 ਦੇ ਕਰੀਬ ਦੇਸ਼ਾਂ ਵਿਚ ਵਸ ਰਹੇ ਹਨ।
  ਪਰ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਜਰਮਨ, ਫਰਾਂਸ, ਇਟਲੀ ਆਦਿ ਵਰਗੇ ਦੋ ਦਰਜਨ ਤੋਂ ਵਧੇਰੇ ਮੁਲਕ ਅਜਿਹੇ ਹਨ, ਜਿੱਥੇ ਪੰਜਾਬੀਆਂ ਨੇ ਪੰਜਾਬੀ ਜ਼ੁਬਾਨ, ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਵਿਕਸਿਤ ਕਰਨ ਲਈ ਜ਼ੋਰਦਾਰ ਹੰਭਲੇ ਸ਼ੁਰੂ ਕੀਤੇ ਹੋਏ ਹਨ। ਇਨ੍ਹਾਂ ਮੁਲਕਾਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵੀ ਚੰਗੀ ਤਦਾਦ ਵਿਚ ਹੈ। ਇਨ੍ਹਾਂ ਮੁਲਕਾਂ ਵਿਚ ਬਹੁਤ ਸਾਰੇ ਅਜਿਹੇ ਖਿੱਤੇ ਬਣ ਗਏ ਹਨ, ਜਿੱਥੇ ਪੰਜਾਬੀਆਂ ਦਾ ਚੰਗਾ ਦਬਦਬਾ ਹੈ ਅਤੇ ਉਥੋਂ ਦੇ ਆਰਥਿਕ, ਸਮਾਜਿਕ ਅਤੇ ਹੋਰ ਸਾਰੇ ਖੇਤਰਾਂ ਵਿਚ ਉਘੜਵੀਂ ਸ਼ਮੂਲੀਅਤ ਦਿਖਾਈ ਦਿੰਦੀ ਹੈ। ਅਮਰੀਕਾ ਵਿਚ ਕੈਲੀਫੋਰਨੀਆ ਤੇ ਨਿਊਯਾਰਕ, ਕੈਨੇਡਾ ਵਿਚ ਵੈਨਕੂਵਰ, ਟੋਰਾਂਟੋ, ਕੈਲਗਰੀ, ਐਡਮਿੰਟਨ, ਇੰਗਲੈਂਡ ਵਿਚ ਸਾਊਥਾਲ, ਬਰਮਿੰਘਮ ਅਤੇ ਇਸ ਤਰ੍ਹਾਂ ਇਟਲੀ ਦੇ ਕੁੱਝ ਖੇਤਰ ਅਜਿਹੇ ਹਨ, ਜਿੱਥੇ ਪੰਜਾਬੀਆਂ ਨੇ ਹਰ ਖੇਤਰ ਵਿਚ ਆਪਣੇ ਚੰਗੇ ਝੰਡੇ ਗੱਡ ਲਏ ਹਨ।
   ਪੰਜਾਬੀਆਂ ਦੀ ਇਸ ਵਿਲੱਖਣ ਗੱਲ ਤੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈ ਕਿ ਪੰਜਾਬੀ ਜਿੱਥੇ ਕਿਤੇ ਵੀ ਗਏ ਹਨ, ਤਾਂ ਉਹ ਆਪਣੀ ਬੋਲੀ, ਸੱਭਿਆਚਾਰ ਅਤੇ ਧਾਰਮਿਕ ਵਿਰਾਸਤ ਨਾਲ ਹੀ ਲੈ ਕੇ ਗਏ ਹਨ। ਸਿੱਖਾਂ ਵੱਲੋਂ ਭਾਵੇਂ ਵੱਖ-ਵੱਖ ਮੁਲਕਾਂ ਵਿਚ ਆ ਕੇ ਸ਼ੁਰੂ ਦੇ ਦਿਨਾਂ ਵਿਚ ਬਹੁਤਾ ਧਿਆਨ ਉਥੇ ਟਿਕਾਣੇ ਬਣਾਉਣ ਵੱਲ ਹੀ ਦਿੱਤਾ ਗਿਆ। ਇਸ ਗੱਲ ਦੀ ਵੱਡੀ ਜ਼ਰੂਰਤ ਵੀ ਸੀ ਕਿਉਂਕਿ ਸ਼ੁਰੂ ਦੇ ਸਮਿਆਂ ਵਿਚ ਨਸਲੀ ਵਿਤਕਰੇ, ਬਿਗਾਨੀ ਬੋਲੀ, ਵੱਖਰੀ ਤਰ੍ਹਾਂ ਦੇ ਜਲਵਾਯੂ ਅਤੇ ਪੌਣ-ਪਾਣੀ ਅਤੇ ਐਨ ਵੱਖਰੀ ਤਰ੍ਹਾਂ ਦੇ ਖਾਣ-ਪੀਣ ਅਤੇ ਪਹਿਰਾਵੇ ਵਾਲੇ ਸਮਾਜ ਵਿਚ ਆ ਕੇ ਇਕਦਮ ਟਿਕ ਜਾਣਾ ਕਿਸੇ ਲਈ ਵੀ ਸੰਭਵ ਨਹੀਂ ਹੁੰਦਾ।
ਪੰਜਾਬੀਆਂ ਅਤੇ ਸਿੱਖਾਂ ਨੇ ਵੀ ਅਜਿਹੀਆਂ ਉਲਟ ਹਾਲਤਾਂ ਦਾ ਬੜੀ ਹਿੰਮਤ ਅਤੇ ਦਲੇਰੀ ਨਾਲ ਸਾਹਮਣਾ ਕੀਤਾ ਅਤੇ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੇ ਇਰਾਦੇ ਸਦਕਾ ਇਨ੍ਹਾਂ ਸਮਾਜਾਂ ਵਿਚ ਆਪਣੀ ਭਰੋਸੇਯੋਗਤਾ ਕਾਇਮ ਕੀਤੀ। ਇਸੇ ਸਦਕਾ ਬਹੁਤ ਥੋੜੇ ਸਮੇਂ ਵਿਚ ਬੇਗਾਨੇ ਸਮਾਜ ਵੀ ਸਾਡੇ ਲੋਕਾਂ ਨੂੰ ਆਦਰ-ਸਤਿਕਾਰ ਦੀ ਨਿਗ੍ਹਾ ਨਾਲ ਦੇਖਣ ਲੱਗ ਪਏ। ਅੱਜ ਜਦੋਂ ਅਸੀਂ ਦੇਖਦੇ ਹਾਂ, ਤਾਂ ਸਾਨੂੰ ਲਗਭਗ ਸਾਰੇ ਹੀ ਵਿਕਸਿਤ ਮੁਲਕਾਂ ਵਿਚ ਕੋਈ ਅਜਿਹਾ ਸ਼ਹਿਰ, ਟਾਊਨ ਜਾਂ ਖਿੱਤਾ ਨਜ਼ਰ ਨਹੀਂ ਆਉਂਦਾ, ਜਿੱਥੇ ਪੰਜਾਬੀਆਂ ਤੇ ਸਿੱਖਾਂ ਦੀ ਵਸੋਂ ਹੋਵੇ, ਪਰ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਨਾ ਹੋਵੇ। ਗੁਰਦੁਆਰਾ ਸਾਹਿਬ ਸਿੱਖਾਂ ਦੀ ਧਾਰਮਿਕ ਸਰਗਰਮੀ ਦੇ ਹੀ ਕੇਂਦਰ ਨਹੀਂ, ਸਗੋਂ ਇਹ ਸਮੁੱਚੀ ਮਾਨਵਤਾ ਦੀ ਭਲਾਈ ਦੇ ਕੇਂਦਰਾਂ ਵਜੋਂ ਕੰਮ ਕਰ ਰਹੇ ਹਨ। ਇਸੇ ਕਰਕੇ ਸਭਨਾਂ ਮੁਲਕਾਂ ਵਿਚ ਗੁਰੂ ਘਰ ਸਿੱਖਾਂ ਦੀ ਧਾਰਮਿਕ ਹੀ ਨਹੀਂ, ਸਗੋਂ ਹਰ ਤਰ੍ਹਾਂ ਦੀ ਸਮਾਜਿਕ, ਰਾਜਨੀਤਿਕ ਅਤੇ ਹੋਰ ਤਰ੍ਹਾਂ ਦੀ ਸਰਗਰਮੀ ਦੇ ਕੇਂਦਰ ਬਣ ਗਏ ਹਨ।  ਇਥੋਂ ਤੱਕ ਕਿ ਗੁਰੂ ਘਰਾਂ ਨੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਦੀ ਸਿੱਖਿਆ ਦੇਣ ਲਈ ਸਕੂਲ ਵੀ ਖੋਲ੍ਹੇ ਹੋਏ ਹਨ। ਅਮਰੀਕਾ ਵਿਚ ਇਸ ਵੇਲੇ ਬਹੁਤ ਸਾਰੇ ਖੇਤਰਾਂ ਵਿਚ ਗੁਰਦੁਆਰਾ ਸਾਹਿਬ ਸਥਾਪਿਤ ਹਨ। ਸਿੱਖਾਂ ਤੇ ਪੰਜਾਬੀਆਂ ਦਾ ਮੁਕਾਮ ਅਗਲੇ ਦੌਰ ਵਿਚ ਦਾਖਲ ਹੋ ਰਿਹਾ ਹੈ। ਹੁਣ ਸਾਡੇ ਲੋਕ ਮਹਿਜ਼ ਕਾਮੇ ਬਣ ਕੇ ਕੰਮ ਕਰਨ ਵਾਲੇ ਨਹੀਂ ਹਨ, ਹੁਣ ਸਾਡੀ ਨਵੀਂ ਪੀੜ੍ਹੀ ਸਿੱਖਿਆ, ਰੁਜ਼ਗਾਰ, ਤਕਨੀਕ ਅਤੇ ਰਾਜਸੀ ਖੇਤਰ ਵਿਚ ਵੀ ਚੰਗਾ ਹੱਥ ਅਜ਼ਮਾ ਰਹੀ ਹੈ। ਇਸ ਕਰਕੇ ਸਾਡੀ ਆਪਣੀ ਜ਼ੁਬਾਨ ਨੂੰ ਇਨ੍ਹਾਂ ਮੁਲਕਾਂ ਵਿਚ ਕਾਇਮ ਰੱਖਣ ਅਤੇ ਪ੍ਰਚਲਿਤ ਕਰਨ ਲਈ ਯਤਨ ਬੇਹੱਦ ਸ਼ਲਾਘਾਯੋਗ ਹਨ।
   ਅਸੀਂ ‘ਯੂਨੀਵਰਸਿਟੀ ਆਫ ਕੈਲੀਫੋਰਨੀਆ, ਡੇਵਿਸ’ ਦੇ ਸਾਊਥ ਏਸ਼ੀਆ ਲਿੰਗੂਏਸਟਿਕ ਵਿਭਾਗ ਵੱਲੋਂ ਪੰਜਾਬੀ ਜ਼ੁਬਾਨ ਲਈ ਮਾਰੇ ਜਾ ਰਹੇ ਹੰਭਲੇ ਦੀ ਪ੍ਰਸ਼ੰਸਾ ਕਰਦੇ ਹਾਂ। ਇਥੇ ਵਸਦੇ ਸਾਡੇ ਪੂਰੇ ਪੰਜਾਬੀ ਸਮਾਜ ਨੂੰ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਦੀ ਚੇਅਰ ਸਥਾਪਿਤ ਕਰਨ ਅਤੇ ਸਿਲੇਬਸ ਵਿਚ ਸ਼ਾਮਲ ਕਰਨ ਦੇ ਉਦਮ ਦੀ ਡੱਟ ਕੇ ਹਮਾਇਤ ਕਰਨੀ ਚਾਹੀਦੀ ਹੈ। ਇਸ ਲਈ ਪਹਿਲਾ ਕਦਮ ਹੈ ਚਾਰ ਮਿਲੀਅਨ ਡਾਲਰ ਇਕੱਠੇ ਕਰਨੇ। ਪੰਜਾਬੀ ਸਮਾਜ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ। ਅਨੇਕਾਂ ਮੌਕੇ ਆਏ ਹਨ, ਜਦ ਸਾਡੇ ਸਮਾਜ ਨੇ ਦਿਲ ਖੋਲ੍ਹ ਕੇ ਸਮਾਜ ਭਲਾਈ ਅਤੇ ਦੂਜਿਆਂ ਦੀ ਮਦਦ ਦੇ ਕਾਰਜਾਂ ‘ਚ ਹਿੱਸਾ ਪਾਇਆ ਹੈ। ਪੰਜਾਬੀ ਜ਼ੁਬਾਨ ਨੂੰ ਅਮਰੀਕਾ ਦੀ ਯੂਨੀਵਰਸਿਟੀ ਦੇ ਸਿਲੇਬਸ ਵਿਚ ਸ਼ਾਮਲ ਕਰਾਉਣਾ ਤਾਂ ਸਾਡਾ ਆਪਣਾ ਕਾਰਜ ਹੈ। ਇਸ ਕਾਰਜ ਨਾਲ ਸਾਡੀ ਪਛਾਣ ਦੇ ਵਿਕਸਿਤ ਹੋਣ ਲਈ ਵੱਡਾ ਰਾਹ ਖੁੱਲ੍ਹੇਗਾ, ਕਿਉਂਕਿ ਬੋਲੀ ਹੈ, ਜੋ ਤੁਹਾਡੇ ਸੱਭਿਆਚਾਰ, ਵਿਰਾਸਤ, ਫਲਸਫੇ ਅਤੇ ਧਰਮ ਨੂੰ ਹੋਰਨਾਂ ਲੋਕਾਂ ਤੱਕ ਪਹੁੰਚਾਉਣ ਦਾ ਜ਼ਰੀਆ ਬਣਦੀ ਹੈ।
   ਸਿੱਖਾਂ ਦਾ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਪੰਜਾਬੀ ਵਿਚ ਲਿਖਿਆ ਹੈ। ਇਸ ਕਰਕੇ ਜਿਸ ਨੇ ਵੀ ਮੁੱਢਲੇ ਰੂਪ ਵਿਚ ਇਸ ਗ੍ਰੰਥ ਨੂੰ ਪੜ੍ਹਨਾ ਹੈ, ਉਸ ਨੂੰ ਪੰਜਾਬੀ ਜ਼ੁਬਾਨ ਦਾ ਧਾਰਨੀ ਬਣਨਾ ਪਵੇਗਾ। ਜੇਕਰ ਇਨ੍ਹਾਂ ਮੁਲਕਾਂ ਵਿਚ ਪੰਜਾਬੀ ਜ਼ੁਬਾਨ ਪੜ੍ਹਾਈ ਦਾ ਮਾਧਿਅਮ ਬਣਦੀ ਹੈ, ਤਾਂ ਲਾਜ਼ਮੀ ਹੀ ਹੋਰਨਾਂ ਨਸਲਾਂ ਅਤੇ ਧਰਮਾਂ ਦੇ ਲੋਕਾਂ ਵਿਚ ਸਾਡੀ ਜ਼ੁਬਾਨ ਸਿੱਖਣ ਅਤੇ ਪੜ੍ਹਨ ਦੀ ਰੂਚੀ ਵਧੇਗੀ ਅਤੇ ਫਿਰ ਆਪਣੇ ਆਪ ਹੀ ਸਾਡੇ ਧਰਮ ਅਤੇ ਸੱਭਿਆਚਾਰ ਬਾਰੇ ਵੀ ਜਾਣੂੰ ਹੋਣ ਲੱਗਣਗੇ। ਪੰਜਾਬੀ ਜ਼ੁਬਾਨ ਦੀ ਸਾਡੇ ਸਮਾਜ ਲਈ ਬਹੁਤ ਵੱਡੀ ਅਹਿਮੀਅਤ ਹੈ। ਇਸ ਨੂੰ ਗੰਭੀਰਤਾ ਨਾਲ ਲੈ ਕੇ ਸਾਨੂੰ ਸਾਰਿਆਂ ਨੂੰ ਇਸ ਕਦਮ ਦੀ ਸਫਲਤਾ ਲਈ ਹਰ ਪੱਧਰ ‘ਤੇ ਯੋਗਦਾਨ ਪਾਉਣਾ ਚਾਹੀਦਾ ਹੈ। ਯੂਨੀਵਰਸਿਟੀ ਵਿਚ ਕਰਵਾਏ ਜਾਂਦੇ ਸਮਾਗਮਾਂ ਵਿਚ ਵੱਡੀ ਪੱਧਰ ‘ਤੇ ਹਿੱਸਾ ਲਿਆ ਜਾਣਾ ਚਾਹੀਦਾ ਹੈ, ਤਾਂ ਕਿ ਯੂਨੀਵਰਸਿਟੀ ਨੂੰ ਇਹ ਮਹਿਸੂਸ ਹੋ ਸਕੇ ਕਿ ਜੇਕਰ ਉਹ ਆਪਣੇ ਸਿਲੇਬਸ ਵਿਚ ਪੰਜਾਬੀ ਨੂੰ ਸ਼ਾਮਲ ਕਰਦੇ ਹਨ, ਤਾਂ ਉਨ੍ਹਾਂ ਨੂੰ ਕਾਫੀ ਗਿਣਤੀ ਵਿਚ ਵਿਦਿਆਰਥੀ ਮਿਲ ਜਾਣਗੇ।
   ਇਸੇ ਤਰ੍ਹਾਂ ਪੰਜਾਬੀ ਚੇਅਰ ਸਥਾਪਿਤ ਹੋਣ ਨਾਲ ਯੂਨੀਵਰਸਿਟੀ ਵਿਚ ਪੰਜਾਬੀ ਜ਼ੁਬਾਨ, ਸਿੱਖ ਧਰਮ ਅਤੇ ਵਿਰਾਸਤ ਬਾਰੇ ਖੋਜਾਂ ਅਤੇ ਵਿਸਥਾਰਤ ਜਾਣਕਾਰੀ ਲਈ ਯਤਨ ਆਰੰਭੇ ਜਾਣਗੇ। ਇਸ ਲਈ ਸਾਡੇ ਵੱਲੋਂ ਮੁੜ ਪੁਰਜ਼ੋਰ ਅਪੀਲ ਹੈ ਕਿ ਸਮੂਹ ਪੰਜਾਬੀ ਭਾਈਚਾਰੇ ਦੇ ਲੋਕ, ਖਾਸ ਕਰ ਪੰਜਾਬੀ ਜ਼ੁਬਾਨ ਨਾਲ ਜੁੜੀਆਂ ਸਭਾਵਾਂ ਅਤੇ ਐਸੋਸੀਏਸ਼ਨਾਂ ਅਤੇ ਸਾਡੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਇਸ ਕਾਰਜ ਵਿਚ ਜ਼ੋਰ-ਸ਼ੋਰ ਨਾਲ ਹਿੱਸਾ ਪਾਉਣਾ ਚਾਹੀਦਾ ਹੈ। ਪੰਜਾਬੀ ਲਾਗੂ ਕਰਵਾਉਣ ਲਈ ਇਸ ਨੂੰ ਅਸੀਂ ਹਾਲੇ ਸ਼ੁਰੂਆਤ ਕਹਿ ਸਕਦੇ ਹਾਂ ਅਤੇ ਇਸ ਨੂੰ ਲਾਗੂ ਕਰਵਾਉਣ ਲਈ ਸਾਨੂੰ ਬਹੁਤ ਲੰਮਾ ਸਫਰ ਤੈਅ ਕਰਨਾ ਪਵੇਗਾ, ਜਿਸ ਦੇ ਲਈ ਸਮੁੱਚੇ ਭਾਈਚਾਰੇ ਦੀ ਹਮਾਇਤ ਦੀ ਲੋੜ ਹੈ। ਆਓ ਸਾਰੇ ਰਲ ਕੇ ਮਾਂ-ਬੋਲੀ ਨੂੰ ਇਥੇ ਲਾਗੂ ਕਰਵਾਉਣ ਲਈ ਹੰਭਲਾ ਮਾਰੀਏ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.