ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕੈਲੀਫੋਰਨੀਆ ਦੇ ਸਿੱਖ ਕਿੰਝ ਮਨਾਉਣ ਨਵੰਬਰ ਮਹੀਨਾ
ਕੈਲੀਫੋਰਨੀਆ ਦੇ ਸਿੱਖ ਕਿੰਝ ਮਨਾਉਣ ਨਵੰਬਰ ਮਹੀਨਾ
Page Visitors: 2456

ਕੈਲੀਫੋਰਨੀਆ ਦੇ ਸਿੱਖ ਕਿੰਝ ਮਨਾਉਣ ਨਵੰਬਰ ਮਹੀਨਾਕੈਲੀਫੋਰਨੀਆ ਦੇ ਸਿੱਖ ਕਿੰਝ ਮਨਾਉਣ ਨਵੰਬਰ ਮਹੀਨਾ

November 01
10:20 2017
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਕੈਲੀਫੋਰਨੀਆ ਸਰਕਾਰ ਵੱਲੋਂ ਪਿਛਲੇ 5 ਸਾਲਾਂ ਤੋਂ ਨਵੰਬਰ ਮਹੀਨੇ ਨੂੰ ਸਿੱਖ ਜਾਗਰੂਕਤਾ ਅਤੇ ਧੰਨਵਾਦੀ ਮਹੀਨੇ ਵਜੋਂ ਮਨਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਮਹੀਨੇ ਦੌਰਾਨ ਜਿੱਥੇ ਸਿੱਖਾਂ ਦੇ ਧਰਮ ਅਤੇ ਰਹਿਤ ਮਰਿਯਾਦਾ ਸਮੇਤ ਪਹਿਚਾਣ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਯਤਨ ਕੀਤਾ ਜਾਂਦਾ ਹੈ, ਉਥੇ ਨਾਲ ਹੀ ਕੈਲੀਫੋਰਨੀਆ ਦੇ ਪਿਛਲੇ ਇਕ ਸਦੀ ਦੌਰਾਨ ਵੱਖ-ਵੱਖ ਖੇਤਰਾਂ ਵਿਚ ਹੋਏ ਵਿਕਾਸ ਵਿਚ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਵੀ ਚਰਚਾ ਹੁੰਦੀ ਹੈ। ਅਸਲ ਵਿਚ ਕੈਲੀਫੋਰਨੀਆ ਅਸੈਂਬਲੀ ਵੱਲੋਂ ਨਵੰਬਰ ਮਹੀਨਾ ਸਿੱਖ ਜਾਗਰੂਕਤਾ ਅਤੇ ਧੰਨਵਾਦੀ ਮਹੀਨੇ ਵਜੋਂ ਮਨਾਉਣ ਦਾ ਅਰਥ ਹੀ ਸਿੱਖਾਂ ਵੱਲੋਂ ਕੈਲੀਫੋਰਨੀਆ ਦੇ ਵਿਕਾਸ ਵਿਚ ਪਾਏ ਅਹਿਮ ਯੋਗਦਾਨ ਦੀ ਪ੍ਰਸ਼ੰਸਾ ਕਰਨਾ ਬਣਦਾ ਹੈ। ਇਸ ਵਾਰ ਪੰਜਾਬੀ ਮੂਲ ਦੇ ਕੈਲੀਫੋਰਨੀਆ ਅਸੈਂਬਲੀ ਦੇ ਮੈਂਬਰ ਐਸ਼ ਕਾਲੜਾ ਨੇ ਨਵੰਬਰ ਮਹੀਨਾ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਵਜੋਂ ਮਨਾਏ ਜਾਣ ਦਾ ਮਤਾ ਅਸੈਂਬਲੀ ਵਿਚ ਲਿਆਂਦਾ ਸੀ, ਜਿਸ ਨੂੰ ਸਮੂਹ ਮੈਂਬਰਾਂ ਨੇ ਸਰਵਸੰਮਤੀ ਨਾਲ ਪ੍ਰਵਾਨ ਕਰ ਲਿਆ। ਕੈਲੀਫੋਰਨੀਆ ਅਸੈਂਬਲੀ ਦੇ ਚੁਣੇ ਹੋਏ ਮੈਂਬਰਾਂ ਨੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਕੇ ਆਪਣਾ ਬਣਦਾ ਫਰਜ਼ ਅਦਾ ਕਰ ਦਿੱਤਾ ਹੈ ਅਤੇ ਸਾਡੇ ਲਈ ਆਪਣੇ ਆਪ ਵਿਚ ਹੀ ਇਹ ਬੜੇ ਮਾਣ ਦੀ ਗੱਲ ਹੈ।
   ਕੈਲੀਫੋਰਨੀਆ ਦੀ ਧਰਤੀ ਉਪਰ ਆਇਆਂ ਸਿੱਖਾਂ ਨੂੰ ਇਕ ਸਦੀ ਤੋਂ ਵੱਧ ਸਮਾਂ ਬੀਤ ਗਿਆ ਹੈ। 19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਇਥੇ ਆ ਕੇ ਵਸੇ ਸਿੱਖਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਵੇਂ ਆਏ ਲੋਕਾਂ ਲਈ ਕੈਲੀਫੋਰਨੀਆ ਦੀ ਆਬੋ-ਹਵਾ, ਜਲਵਾਯੂ ਤਾਂ ਬਿਲਕੁਲ ਓਪਰੇ ਸਨ, ਪਰ ਨਾਲ ਹੀ ਇਥੋਂ ਦੇ ਲੋਕਾਂ ਦਾ ਪਹਿਰਾਵਾ, ਖਾਣ-ਪੀਣ ਅਤੇ ਬੋਲੀ ਵੀ ਵੱਖਰੀ ਸੀ। ਕੰਮ ਕਰਨ ਦੇ ਤਰੀਕੇ ਵੀ ਅੱਡੋ-ਅੱਡ ਸਨ। ਸਿੱਖਾਂ ਨੂੰ ਮੁੱਢ ਵਿਚ ਨਸਲੀ ਵਿਤਕਰੇ ਦਾ ਵੀ ਸਾਹਮਣਾ ਕਰਨਾ ਪਿਆ। ਸ਼ੁਰੂਆਤੀ ਦੌਰ ਵਿਚ ਸਿੱਖਾਂ ਨੇ ਖੇਤੀਬਾੜੀ, ਰੇਲ-ਸੜਕਾਂ ਵਿਛਾਉਣ ਅਤੇ ਫੈਕਟਰੀਆਂ ਵਿਚ ਕੰਮ ਕਰਨਾ ਸ਼ੁਰੂ ਕੀਤਾ। ਇਨ੍ਹਾਂ ਥਾਵਾਂ ਉਪਰ ਉਨ੍ਹਾਂ ਨੇ ਬੜੀਆਂ ਕਠਿਨ ਹਾਲਤਾਂ ਦਾ ਸਾਹਮਣਾ ਕੀਤਾ। ਪਰ ਸਾਡੇ ਲੋਕਾਂ ਦੀ ਸਖਤ ਮਿਹਨਤ, ਇਕ ਦੂਜੇ ਨਾਲ ਮਿਲਜੁਲ ਕੇ ਰਹਿਣ ਅਤੇ ਇਕ ਦੂਜੇ ਦਾ ਸਹਿਯੋਗ ਕਰਨ ਦੇ ਵਤੀਰੇ ਨੇ ਮੁਸੀਬਤਾਂ ਪਾਰ ਕਰਨ ਲਈ ਵੀ ਬੜੀ ਮਦਦ ਕੀਤੀ। ਹੌਲੀ-ਹੌਲੀ ਸਾਡੇ ਲੋਕ ਇਥੇ ਪੈਰ ਧਰਾ ਕਰਨ ਲੱਗੇ।
   1935-40 ਵਿਚ ਜਦ ਸਾਡੇ ਲੋਕਾਂ ਦੀ ਗਿਣਤੀ ਵੀ ਕਾਫੀ ਹੋ ਗਈ, ਤਾਂ ਉਨ੍ਹਾਂ ਨੇ ਸੰਗਠਨ ਬਣਾ ਕੇ ਕੰਮ ਵਾਲੀਆਂ ਹਾਲਤਾਂ ਵਿਚ ਸੁਧਾਰ ਲਈ ਆਵਾਜ਼ ਉਠਾਉਣੀ ਸ਼ੁਰੂ ਕੀਤੀ ਅਤੇ ਨਾਲ ਹੀ ਭਾਰਤੀਆਂ ਨੂੰ ਵੀ ਵੋਟ ਦਾ ਅਧਿਕਾਰ ਦੇਣ ਦੀ ਮੰਗ ਉਠਾਈ। ਇਹ ਉਹ ਸਮਾਂ ਸੀ, ਜਦ ਸਾਡੇ ਲੋਕ ਕੈਲੀਫੋਰਨੀਆ ਦੀ ਧਰਤੀ ਉਪਰ ਪੈਰ ਜਮ੍ਹਾ ਚੁੱਕੇ ਸਨ ਅਤੇ ਆਪਣੇ ਕੰਮਾਂਕਾਰਾਂ ਵਿਚ ਸਥਾਪਿਤ ਹੋ ਗਏ ਸਨ। ਕੁੱਝ ਹੀ ਸਾਲਾਂ ਬਾਅਦ ਭਾਰਤੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਮਿਲ ਗਿਆ। ਇਸ ਦੇ ਨਤੀਜੇ ਵਜੋਂ 1957 ਵਿਚ ਪੰਜਾਬੀ ਮੂਲ ਦੇ ਦਲੀਪ ਸਿੰਘ ਸੌਂਧ ਪਹਿਲੀ ਵਾਰ ਕਾਂਗਰਸਮੈਨ ਵਜੋਂ ਜਿੱਤੇ। ਉਸ ਤੋਂ ਬਾਅਦ ਹਰ ਖੇਤਰ ਵਿਚ ਪੰਜਾਬੀਆਂ ਨੇ ਆਪਣੀ ਸਫਲਤਾ ਦੇ ਝੰਡੇ ਗੱਡਣੇ ਸ਼ੁਰੂ ਕੀਤੇ। ਜਿੱਥੇ ਆਪਣੀ ਮਿਹਨਤ ਅਤੇ ਲਿਆਕਤ ਦੇ ਸਿਰ ਉੱਤੇ ਸਾਡੇ ਲੋਕਾਂ ਨੇ ਵੱਖ-ਵੱਖ ਕਾਰੋਬਾਰ ਸਥਾਪਿਤ ਕਰ ਲਏ, ਉਥੇ ਵਿਦਿਅਕ ਖੇਤਰ ਵਿਚ ਵੀ ਸਾਡੇ ਲੋਕ ਅੱਗੇ ਆਉਣੇ ਸ਼ੁਰੂ ਹੋ ਗਏ। ਇਸੇ ਸਦਕਾ ਅੱਜ ਪ੍ਰਸ਼ਾਸਨਿਕ, ਵਿਦਿਅਕ, ਡਾਕਟਰੀ ਅਤੇ ਸੂਚਨਾ ਟੈਕਨਾਲੋਜੀ ਵਿਚ ਸਾਡੇ ਲੋਕ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋ ਗਏ ਹਨ। ਇਥੋਂ ਤੱਕ ਕਿ ਅਮਰੀਕੀ ਫੌਜ ਵਿਚ ਅਹਿਮ ਅਹੁਦਿਆਂ ਉਪਰ ਵੀ ਸਾਡੇ ਲੋਕਾਂ ਨੇ ਚੰਗਾ ਕੰਮ ਕੀਤਾ ਹੈ ਅਤੇ ਕਰ ਰਹੇ ਹਨ।
   ਅੱਜ ਜਦੋਂ ਅਸੀਂ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ ਸਿੱਖਾਂ ਵੱਲੋਂ ਪਾਏ ਯੋਗਦਾਨ ਦਾ ਧੰਨਵਾਦ ਕਰਨ ਅਤੇ ਸਿੱਖਾਂ ਦੀ ਵੱਖਰੀ ਸ਼ਨਾਖਤ ਦੀ ਪਹਿਚਾਣ ਬਣਾਉਣ ਲਈ ਨਵੰਬਰ ਮਹੀਨਾ ਮਨਾਏ ਜਾਣ ਦਾ ਫੈਸਲਾ ਕੀਤਾ ਹੈ, ਤਾਂ ਸਮੁੱਚੇ ਸਿੱਖ ਭਾਈਚਾਰੇ ਅਤੇ ਇਸ ਨਾਲ ਸੰਬੰਧਤ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ, ਪੰਜਾਬੀ ਲੇਖਕਾਂ ਸਾਹਮਣੇ ਇਹ ਬੜਾ ਅਹਿਮ ਸਵਾਲ ਹੈ ਕਿ ਇਸ ਮਹੀਨੇ ਨੂੰ ਸਿੱਖਾਂ ਦੀ ਪਹਿਚਾਣ ਬਾਰੇ ਜਾਣਕਾਰੀ ਦੇਣ ਲਈ ਕਿਵੇਂ ਮਨਾਇਆ ਜਾਵੇ। ਭਾਵ ਵੱਖ-ਵੱਖ ਥਾਵਾਂ ‘ਤੇ ਕਿਸ ਤਰ੍ਹਾਂ ਦੇ ਸਮਾਗਮ ਕੀਤੇ ਜਾਣ। ਜੇਕਰ ਅਸੀਂ ਚਾਹੁੰਦੇ ਹਾਂ ਕਿ ਨਵੰਬਰ ਮਹੀਨੇ ਦੌਰਾਨ ਅਸੀਂ ਸਿੱਖ ਧਰਮ, ਇਤਿਹਾਸ ਅਤੇ ਵਿਰਸੇ ਬਾਰੇ ਅਮਰੀਕਾ ਵਿਚ ਵਸਦੇ ਸਭਨਾਂ ਲੋਕਾਂ ਨੂੰ ਜਾਣੂੰ ਕਰਵਾਈਏ ਅਤੇ ਆਪਣੀ ਪਹਿਚਾਣ ਬਾਰੇ ਦੱਸ ਸਕੀਏ, ਤਾਂ ਇਸ ਲਈ ਸਾਨੂੰ ਬੜੀ ਸੰਜੀਦਗੀ ਨਾਲ ਕੰਮ ਕਰਨਾ ਪਵੇਗਾ
   ਹਰ ਸਿੱਖ ਮੈਂਬਰ ਅਤੇ ਸੰਸਥਾਵਾਂ ਦਾ ਫਰਜ਼ ਹੈ ਕਿ ਉਹ ਇਸ ਮਹੀਨੇ ਦੌਰਾਨ ਆਪੋ-ਆਪਣੇ ਖੇਤਰਾਂ ਵਿਚ ਸਿਟੀ ਕੌਂਸਲਾਂ ਅਤੇ ਕਾਂਗਰਸਮੈਂਨਾਂ ਨਾਲ ਸੰਪਰਕ ਸਥਾਪਿਤ ਕਰੇ ਅਤੇ ਇਹ ਮਹੀਨਾ ਮਨਾਏ ਜਾਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਦੇਵੇ ਅਤੇ ਉਨ੍ਹਾਂ ਰਾਹੀਂ ਮੀਟਿੰਗਾਂ ਕਰਨ ਲਈ ਯੋਜਨਾਵਾਂ ਬਣਾਵੇ। ਹਰ ਖੇਤਰ ਵਿਚ ਭਾਵੇਂ ਛੋਟੀਆਂ-ਛੋਟੀਆਂ ਮੀਟਿੰਗਾਂ ਅਤੇ ਸਮਾਗਮ ਕਰਵਾਏ ਜਾਣ। ਇਨ੍ਹਾਂ ਮੀਟਿੰਗਾਂ, ਸਮਾਗਮਾਂ ਵਿਚ ਸਥਾਨਕ ਲੋਕਾਂ ਨੂੰ ਸੱਦਣ ਲਈ ਹਰ ਯਤਨ ਕੀਤਾ ਜਾਵੇ। ਉਸ ਖੇਤਰ ਦੇ ਧਾਰਮਿਕ, ਰਾਜਸੀ ਅਤੇ ਸਮਾਜਿਕ ਆਗੂਆਂ ਨੂੰ ਅਜਿਹੇ ਸਮਾਗਮਾਂ ਵਿਚ ਵਿਸ਼ੇਸ਼ ਤੌਰ ‘ਤੇ ਸੱਦਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਵੱਖ-ਵੱਖ ਧਰਮਾਂ ਅਤੇ ਨਸਲਾਂ ਦੇ ਬੱਚਿਆਂ ਨੂੰ ਸਿੱਖ ਧਰਮ ਅਤੇ ਵਿਰਾਸਤ ਬਾਰੇ ਜਾਣਕਾਰੀ ਦੇਣਾ ਬੇਹੱਦ ਜ਼ਰੂਰੀ ਹੈ। ਜੇਕਰ ਅਮਰੀਕੀ ਬੱਚਿਆਂ ਦੇ ਮਨਾਂ ਵਿਚ ਅਸੀਂ ਸਿੱਖਾਂ ਦੇ ਪਹਿਰਾਵੇ, ਵਿਰਾਸਤ ਅਤੇ ਧਰਮ ਬਾਰੇ ਜਾਗ੍ਰਿਤੀ ਪੈਦਾ ਕਰ ਦੇਈਏ, ਤਾਂ ਇਸ ਦੇ ਬੜੇ ਦੂਰਦਰਸ਼ੀ ਨਤੀਜੇ ਨਿਕਲਣਗੇ।
   ਸਾਡੇ ਆਗੂਆਂ ਅਤੇ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਸਮੁੱਚੇ ਸਕੂਲ ਬੋਰਡਾਂ ਦੇ ਪ੍ਰਬੰਧਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਨਵੰਬਰ ਮਹੀਨਾ ਮਨਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇ। ਅਤੇ ਨਾਲ ਹੀ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪੋ-ਆਪਣੇ ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਇਹ ਦਿਨ ਮਨਾਉਣ। ਸਕੂਲੀ ਬੱਚਿਆਂ ਨੂੰ ਸਿੱਖਾਂ ਬਾਰੇ ਸਿੱਖਿਆ ਦੇਣ ਲਈ ਪੀਰੀਅਡ ਲਗਾਏ ਜਾਣ ਦੀ ਇਜਾਜ਼ਤ ਵੀ ਲਈ ਜਾ ਸਕਦੀ ਹੈ। ਇਸ ਦੇ ਨਾਲ ਹੀ ਛੋਟੀਆਂ-ਛੋਟੀਆਂ ਚੁਵਰਕੀਆਂ (ਪੈਂਫਲਿਟ) ਛਾਪ ਕੇ ਵੰਡੇ ਜਾਣੇ ਚਾਹੀਦੇ ਹਨ। ਅਜਿਹੇ ਪੈਂਫਲਿਟ ਵਿਚ ਧਾਰਮਿਕ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਕੈਲੀਫੋਰਨੀਆ ਦੇ ਵਿਕਾਸ ਵਿਚ ਸਿੱਖਾਂ ਵੱਲੋਂ ਪਾਏ ਯੋਗਦਾਨ ਦੀਆਂ ਉੱਘੀਆਂ ਘਟਨਾਵਾਂ ਵੀ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਅਧਿਆਪਕਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਨਾਲ ਤਾਲਮੇਲ ਕਾਇਮ ਕੀਤਾ ਜਾ ਸਕਦਾ ਹੈ। ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ ਵੀ ਸਾਡੇ ਭਾਈਚਾਰੇ ਦੇ ਆਗੂਆਂ ਨੂੰ ਸੰਪਰਕ ਕਰਨਾ ਚਾਹੀਦਾ ਹੈ।
  ਜੇਕਰ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਉਪਰ ਸਮਾਗਮ ਕਰਨੇ ਸੰਭਵ ਹੋਣ, ਤਾਂ ਉਥੇ ਵੀ ਸਾਡੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਅਸੀਂ ਹੋਰਨਾਂ ਧਰਮਾਂ ਦੇ ਲੋਕਾਂ ਦੇ ਨੇੜੇ ਪਹੁੰਚਾਂਗੇ। ਜਿੱਥੇ ਅਸੀਂ ਆਪਣੇ ਧਰਮ ਬਾਰੇ ਉਨ੍ਹਾਂ ਨੂੰ ਦੱਸ ਸਕਾਂਗੇ, ਉਥੇ ਉਨ੍ਹਾਂ ਦੇ ਧਾਰਮਿਕ ਫਲਸਫੇ ਅਤੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਸਕਾਂਗੇ। ਧਾਰਮਿਕ ਆਗੂਆਂ ਨੂੰ ਨਾਲ ਲੈ ਕੇ ਆਮ ਲੋਕਾਂ ਨਾਲ ਵੀ ਛੋਟੇ ਗਰੁੱਪਾਂ ਵਿਚ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਹਨ।
    ਕੌਂਸਲਾਂ ਅਤੇ ਹੋਰ ਸਰਕਾਰੀ ਅਧਿਕਾਰੀਆਂ ਤੱਕ ਵੀ ਸਾਡੇ ਲੋਕਾਂ ਨੂੰ ਪਹੁੰਚ ਕਰਨੀ ਚਾਹੀਦੀ ਹੈ। ਇਨ੍ਹਾਂ ਥਾਵਾਂ ਉਪਰ ਭਾਵੇਂ ਛੋਟੀ ਗਿਣਤੀ ਵਿਚ ਹੀ ਅਧਿਕਾਰੀਆਂ ਅਤੇ ਹੋਰ ਲੋਕਾਂ ਨਾਲ ਸੰਪਰਕ ਬਣਾਉਣਾ ਚਾਹੀਦਾ ਹੈ ਅਤੇ ਆਪਣੀ ਗੱਲ ਕਹਿਣੀ ਚਾਹੀਦੀ ਹੈ।
   ਇਸ ਤੋਂ ਇਲਾਵਾ 11 ਨਵੰਬਰ ਨੂੰ ਵੈਟਰਨ ਡੇਅ ਮਨਾਇਆ ਜਾ ਰਿਹਾ ਹੈ। ਇਹ ਦਿਨ ਪੂਰੇ ਅਮਰੀਕਾ ਵਿਚ ਬੜੇ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ। ਫੌਜੀਆਂ ਦੇ ਸਨਮਾਨ ਵਿਚ ਮਨਾਏ ਜਾਂਦੇ ਇਸ ਦਿਨ ਉਪਰ ਸਿਟੀ ਕੌਂਸਲਾਂ ਵੱਲੋਂ ਮਾਰਚ ਵੀ ਕੀਤੇ ਜਾਂਦੇ ਹਨ। ਸਿਟੀ ਕੌਂਸਲ ਵੱਲੋਂ ਕੱਢੇ ਜਾਂਦੇ ਮਾਰਚ ਵਿਚ ਹਰ ਸਾਲ ਸਿੱਖ ਫਲੋਟ ਲੈ ਕੇ ਸ਼ਾਮਲ ਹੁੰਦੇ ਹਨ। ਇਸ ਸਮਾਗਮ ਦੀ ਖਾਸੀਅਤ ਇਹ ਹੁੰਦੀ ਹੈ ਕਿ ਸਿੱਖ ਪੱਗਾਂ ਬੰਨ੍ਹ ਕੇ ਰਵਾਇਤੀ ਪੌਸ਼ਾਕ ਨਾਲ ਸਮਾਗਮ ਵਿਚ ਸ਼ਾਮਲ ਹੁੰਦੇ ਹਨ।  
    ਅਜਿਹੇ ਸਮਾਗਮਾਂ ਵਿਚ ਸਾਰੇ ਹੀ ਧਰਮਾਂ ਅਤੇ ਨਸਲਾਂ ਦੇ ਲੋਕ ਸ਼ਾਮਲ ਹੋਣ ਲਈ ਹੁੰਮਹੁਮਾ ਕੇ ਪੁੱਜਦੇ ਹਨ। ਇਸ ਕਰਕੇ ਸਾਰੇ ਅਮਰੀਕੀ ਵਰਗਾਂ ਨਾਲ ਮੇਲ-ਮਿਲਾਪ ਵਧਾਉਣ ਅਤੇ ਆਪਸੀ ਪਿਆਰ, ਮੁਹੱਬਤ ਫੈਲਾਉਣ ਲਈ ਅਜਿਹੇ ਦਿਵਸ ਬਹੁਤ ਹੀ ਸਾਰਥਿਕ ਸਾਬਤ ਹੋ ਸਕਦੇ ਹਨ। ਅਜਿਹੇ ਸਮਾਗਮਾਂ ਵਿਚ ਆਪਣੀ ਵਿਸ਼ੇਸ਼ ਦਿੱਖ ਬਣਾਉਣ ਅਤੇ ਆਕਰਸ਼ਣ ਲਈ ਚਾਹ-ਪਾਣੀ ਅਤੇ ਸਨੈਕਸ ਦੇ ਲੰਗਰ ਵੀ ਲਗਾਏ ਜਾ ਸਕਦੇ ਹਨ।
     ਸੋ ਇਸ ਤਰ੍ਹਾਂ ਅਸੀਂ ਹੋਰ ਵੀ ਅਨੇਕਾਂ ਤਰੀਕਿਆਂ ਨਾਲ ਸਿੱਖ ਧਰਮ ਬਾਰੇ ਅਤੇ ਸਿੱਖਾਂ ਵੱਲੋਂ ਕੈਲੀਫੋਰਨੀਆ ਦੇ ਵਿਕਾਸ ਵਿਚ ਪਾਏ ਯੋਗਦਾਨ ਲੋਕਾਂ ਨੂੰ ਜਾਗ੍ਰਿਤ ਕਰ ਸਕਦੇ ਹਾਂ। ਸਾਡੇ ਸਾਰੇ ਗੁਰੂ ਘਰਾਂ ਅਤੇ ਸੰਸਥਾਵਾਂ ਨੂੰ ਮੀਟਿੰਗਾਂ ਕਰਕੇ ਇਸ ਮਾਮਲੇ ਬਾਰੇ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ ਅਤੇ ਸਥਾਨਕ ਪੱਧਰ ਉੱਤੇ ਲੋਕਾਂ ਨਾਲ ਕਿੱਦਾਂ ਮੇਲ-ਮਿਲਾਪ ਕਰਨਾ ਹੈ ਅਤੇ ਕਿਸ ਤਰ੍ਹਾਂ ਛੋਟੀਆਂ ਜਾਂ ਵੱਡੀਆਂ ਮੀਟਿੰਗਾਂ ਕਰਕੇ ਉਨ੍ਹਾਂ ਤੱਕ ਆਪਣੀ ਗੱਲ ਪਹੁੰਚਾਉਣੀ ਹੈ, ਇਸ ਬਾਰੇ ਵਿਚਾਰ-ਵਟਾਂਦਰੇ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਜੇਕਰ ਅਸੀਂ ਆਪਣੇ ਪੱਧਰ ਉੱਤੇ ਸਰਗਰਮੀ ਸ਼ੁਰੂ ਕਰਾਂਗੇ, ਤਾਂ ਇਸ ਦਾ ਸਮੁੱਚੇ ਤੌਰ ‘ਤੇ ਵੱਡਾ ਲਾਭ ਮਿਲ ਸਕਦਾ ਹੈ। ਅਸੀਂ ਆਪਣੇ ਨੇੜਲੇ ਮੁਲਕ ਕੈਨੇਡਾ ਵਿਚ ਸਿੱਖਾਂ ਵੱਲੋਂ ਰਾਜਨੀਤਿਕ ਅਤੇ ਹੋਰ ਖੇਤਰਾਂ ਵਿਚ ਹਾਸਲ ਕੀਤੀਆਂ ਵੱਡੀਆਂ ਪ੍ਰਾਪਤੀਆਂ ਤੋਂ ਵੀ ਅਗਵਾਈ ਲੈ ਸਕਦੇ ਹਾਂ।
   ਇਸ ਵੇਲੇ ਕੈਲੀਫੋਰਨੀਆ ਵਿਚ ਸਿੱਖ ਹਰ ਖੇਤਰ ਵਿਚ ਚੰਗੀ ਤਰ੍ਹਾਂ ਸਥਾਪਿਤ ਹੋ ਚੱਕੇ ਹਨ। ਟਰਾਂਸਪੋਰਟ, ਖੇਤੀਬਾੜੀ, ਰੈਸਟੋਰੈਂਟ ਅਤੇ ਹੋਰ ਅਨੇਕਾਂ ਛੋਟੇ ਕਾਰੋਬਾਰਾਂ ਵਿਚ ਪੰਜਾਬੀਆਂ ਦਾ ਤਕੜਾ ਬੋਲਬਾਲਾ ਹੈ। ਜੇਕਰ ਅਸੀਂ ਆਪਣੇ ਗੁਆਂਢੀਆਂ ਨਾਲ ਵੀ ਤਾਲਮੇਲ ਵਧਾਈਏ ਅਤੇ ਇਸ ਮਹੀਨੇ ਦੌਰਾਨ ਘੱਟੋ-ਘੱਟ 2 ਜਾਂ 3 ਦਿਨ ਕੱਢ ਕੇ ਆਪਣੀ ਪਹਿਚਾਣ ਅਤੇ ਸਿੱਖੀ ਬਾਰੇ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸ ਸਕੀਏ, ਤਾਂ ਇਹ ਬੜੀ ਵੱਡੀ ਪ੍ਰਾਪਤੀ ਹੋਵੇਗੀ ਅਤੇ ਇਸ ਗੱਲ ਨਾਲ ਕਦਮ ਨਾਲ ਇਸ ਗੱਲ ਦਾ ਅਹਿਸਾਸ ਵੀ ਜਾਗੇਗਾ ਕਿ ਸਾਡੇ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਅਤੇ ਫਰਜ਼ ਨੂੰ ਚੰਗੀ ਤਰ੍ਹਾਂ ਪਛਾਣ ਕੇ ਅਪਣਾ ਲਿਆ ਹੈ।
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.