ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਘੁੰਣ ਵਾਂਗ ਚਿੰਬੜਿਆ ਪੰਜਾਬੀਆਂ ਨੂੰ ਗੈਰ ਕਾਨੂੰਨੀ ਪ੍ਰਵਾਸ
ਘੁੰਣ ਵਾਂਗ ਚਿੰਬੜਿਆ ਪੰਜਾਬੀਆਂ ਨੂੰ ਗੈਰ ਕਾਨੂੰਨੀ ਪ੍ਰਵਾਸ
Page Visitors: 2486

ਘੁੰਣ ਵਾਂਗ ਚਿੰਬੜਿਆ ਪੰਜਾਬੀਆਂ ਨੂੰ ਗੈਰ ਕਾਨੂੰਨੀ ਪ੍ਰਵਾਸਘੁੰਣ ਵਾਂਗ ਚਿੰਬੜਿਆ ਪੰਜਾਬੀਆਂ ਨੂੰ ਗੈਰ ਕਾਨੂੰਨੀ ਪ੍ਰਵਾਸ

November 08
10:30 2017
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਰੋਟੀ-ਰੋਜ਼ੀ ਅਤੇ ਚੰਗਾ ਜਿਊਣ ਪੱਧਰ ਹਾਸਲ ਕਰਨ ਲਈ ਪ੍ਰਵਾਸ ਕਰਨਾ ਕੋਈ ਮਾੜੀ ਗੱਲ ਨਹੀਂ। ਹਰ ਸਮੇਂ ਅਜਿਹਾ ਪ੍ਰਵਾਸ ਹੁੰਦਾ ਆਇਆ ਹੈ। ਅਵਿਕਸਿਤ ਖੇਤਰਾਂ ਦੇ ਲੋਕ ਵਿਕਸਿਤ ਖੇਤਰਾਂ ਵੱਲ ਪ੍ਰਵਾਸ ਕਰਦੇ ਰਹੇ ਹਨ। ਖੁਦ ਪੰਜਾਬੀਆਂ ਦਾ ਵੱਡੇ ਪੱਧਰ ਉੱਤੇ ਪਿਛਲੀ ਇਕ ਸਦੀ ਦੌਰਾਨ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨ, ਆਸਟ੍ਰੇਲੀਆ, ਨਿਊਜ਼ੀਲੈਂਡ, ਇਟਲੀ ਅਤੇ ਹੋਰ ਮੁਲਕਾਂ ਵਿਚ ਹੋਇਆ ਪ੍ਰਵਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਜਾਣ ਦਾ ਜੋ ਯਤਨ ਹੋਣਾਂ ਸ਼ੁਰੂ ਹੋਇਆ ਹੈ, ਇਹ ਬੇਹੱਦ ਮੰਦਭਾਗਾ ਅਤੇ ਚਿੰਤਾ ਦਾ ਵਿਸ਼ਾ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ ਤੋਂ ਕੁਝ ਨੌਜਵਾਨ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਕਰਨ ਲਈ ਭੇਜੇ ਗਏ ਸਨ ਅਤੇ ਹੁਣ ਰਾਹ ਵਿਚ ਹੀ ਪਿਛਲੇ 3 ਮਹੀਨੇ ਤੋਂ ਇਹ ਲਾਪਤਾ ਹਨ ਅਤੇ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਉਹ ਕਿਸੇ ਅਣਹੋਣੀ ਦੀ ਸ਼ਿਕਾਰ ਹੋ ਗਏ ਹਨ। ਸੂਚਨਾ ਮੁਤਾਬਕ ਬੇਗੋਵਾਲ, ਭੁਲੱਥ ਅਤੇ ਮੁਕੇਰੀਆਂ ਖੇਤਰਾਂ ਨਾਲ ਸੰਬੰਧਤ ਡੇਢ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਏਜੰਟਾਂ ਵੱਲੋਂ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਨਾਲ 30-35 ਲੱਖ ਰੁਪਏ ਲੈ ਕੇ ਅਮਰੀਕਾ ਭੇਜਣ ਦਾ ਸੌਦਾ ਕੀਤਾ ਗਿਆ। ਕੁੱਝ ਪਰਿਵਾਰਾਂ ਨੇ ਸਾਰੇ ਪੈਸੇ ਏਜੰਟਾਂ ਨੂੰ ਤਾਰ ਦਿੱਤੇ ਸਨ ਅਤੇ ਕੁੱਝ ਪਰਿਵਾਰਾਂ ਨੇ ਕਰੀਬ ਅੱਧੇ ਪੇਸ਼ਗੀ ਵਜੋਂ ਦਿੱਤੇ ਸਨ। ਆਪਸ ਵਿਚ ਦੋ ਰਿਸ਼ਤੇਦਾਰ ਨੌਜਵਾਨਾਂ ਵੱਲੋਂ ਤਾਂ ਭੁਲੱਥ ਖੇਤਰ ਦੇ ਇਕ ਏਜੰਟ ਨੂੰ 52 ਲੱਖ ਰੁਪਏ ਦੀ ਵੱਡੀ ਰਕਮ ਦਿੱਤੀ ਗਈ ਸੀ। ਇਹ ਨੌਜਵਾਨ ਫਰਵਰੀ ਅਤੇ ਮਈ ਦੇ ਪਹਿਲੇ ਹਫਤੇ ਦਿੱਲੀ ਗਏ ਸਨ ਅਤੇ ਫਿਰ ਦਿੱਲੀ ਤੋਂ ਇਨ੍ਹਾਂ ਨੌਜਵਾਨਾਂ ਨੂੰ ਮਾਸਕੋ ਭੇਜਿਆ ਗਿਆ। ਮਾਸਕੋ ਤੋਂ ਦੱਸਿਆ ਜਾਂਦਾ ਹੈ ਕਿ ਇਹ ਸਾਰੇ ਨੌਜਵਾਨ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਕਰਨ ਲਈ ਮਿਆਮੀ (ਅਮਰੀਕਾ) ਨੇੜਲੇ ਦੁਨੀਆਂ ਦੇ ਮਸ਼ਹੂਰ ਸੈਰਗਾਹ ਟਾਪੂ ਬਹਾਮਸ ਲਿਆਂਦੇ ਗਏ। ਅਸਲ ਵਿਚ ਮਨੁੱਖੀ ਸਮਗਲਿੰਗ ਦੇ ਏਜੰਟਾਂ ਦਾ ਕੌਮਾਂਤਰੀ ਪੱਧਰ ‘ਤੇ ਇਕ ਵੱਡਾ ਤਾਣਾ-ਬਾਣਾ ਵਿਛਿਆ ਹੋਇਆ ਹੈ। ਹੁਣ ਤੱਕ ਸਾਹਮਣੇ ਆਏ ਤੱਥਾਂ ਮੁਤਾਬਕ ਪੰਜਾਬ ਦੇ ਪਿੰਡਾਂ ਅਤੇ ਛੋਟੇ ਕਸਬਿਆਂ ਵਿਚ ਵਿਚਰਨ ਵਾਲੇ ਸਬ-ਏਜੰਟ ਅਮਰੀਕਾ ਜਾਂ ਹੋਰਨਾਂ ਮੁਲਕਾਂ ਵਿਚ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਭੇਜਣ ਲਈ ਜਾਲ ਵਿਚ ਫਸਾਉਂਦੇ ਹਨ। ਫਿਰ ਇਨ੍ਹਾਂ ਸਬ-ਏਜੰਟਾਂ ਦੇ ਦਿੱਲੀ ਵਿਚਲੇ ਏਜੰਟਾਂ ਨਾਲ ਸੰਬੰਧ ਹੁੰਦੇ ਹਨ ਅਤੇ ਦਿੱਲੀ ਵਾਲੇ ਏਜੰਟਾਂ ਦੇ ਅੱਗੇ ਬਹਾਮਸ, ਮੈਕਸੀਕੋ ਜਾਂ ਦੁਨੀਆਂ ਦੇ ਹੋਰਨਾਂ ਥਾਵਾਂ ‘ਤੇ ਇਸ ਧੰਦੇ ਨਾਲ ਜੁੜੇ ਲੋਕਾਂ ਨਾਲ ਸੰਪਰਕ ਹੁੰਦੇ ਹਨ। ਇਹ ਸਾਰੇ ਏਜੰਟ ਨੌਜਵਾਨਾਂ ਤੋਂ ਲਈਆਂ ਭਾਰੀ ਰਕਮਾਂ ਆਪਸ ਵਿਚ ਵੰਡ ਲੈਂਦੇ ਹਨ। ਕੁੱਝ ਸਮਾਂ ਪਹਿਲਾਂ ਤੱਕ ਮੈਕਸੀਕੋ ਨੂੰ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਬੰਦੇ ਦਾਖਲ ਕਰਨ ਦਾ ਅਜਿਹੇ ਏਜੰਟਾਂ ਵੱਲੋਂ ਰਸਤਾ ਬਣਾਇਆ ਹੋਇਆ ਸੀ। ਪਰ ਹੁਣ ਸਾਹਮਣੇ ਆਇਆ ਹੈ ਕਿ ਦੁਨੀਆਂ ਦੀ ਮਸ਼ਹੂਰ ਸੈਰਗਾਹ ਬਹਾਮਸ ਟਾਪੂ ਨੂੰ ਏਜੰਟਾਂ ਨੇ ਅਮਰੀਕਾ ਵਿਚ ਬੰਦੇ ਭੇਜਣ ਦਾ ਸੌਖਾਲਾ ਲਾਂਘਾ ਬਣਾ ਲਿਆ ਹੈ। ਬਹਾਮਸ ਜਾਣ ਲਈ ਕਿਸੇ ਨੂੰ ਵੀ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ। ਦੁਨੀਆਂ ਦੇ ਅਮੀਰ ਲੋਕ ਇਥੇ ਸੈਰ ਕਰਨ ਆਉਂਦੇ ਹਨ।

ਵੀਜ਼ੇ ਦੀ ਸ਼ਰਤ ਨਾ ਹੋਣ ਕਾਰਨ ਏਜੰਟਾਂ ਨੇ ਇਸ ਨੂੰ ਗੈਰ ਕਾਨੂੰਨੀ ਮਨੁੱਖੀ ਸਮਗਲਿੰਗ ਦੇ ਧੰਦੇ ਦਾ ਅੱਡਾ ਬਣਾ ਲਿਆ ਹੈ। ਦਿੱਲੀ ਤੋਂ ਮਾਸਕੋ ਨੂੰ ਵੀਜ਼ੇ ਬੜੇ ਸੌਖੇ ਢੰਗ ਨਾਲ ਲੱਗ ਜਾਂਦੇ ਹਨ ਅਤੇ ਫਿਰ ਅੱਗੇ ਬਹਾਮਸ ਲਈ ਅਜਿਹੇ ਨੌਜਵਾਨ ਨੂੰ ਜਹਾਜ਼ ਚੜ੍ਹਾ ਦਿੱਤਾ ਜਾਂਦਾ ਹੈ। ਜਦਕਿ ਦਿੱਲੀ ਤੋਂ ਬਹਾਮਸ ਜਾਣ ਲਈ ਸਿੱਧੀ ਫਲਾਈਟ ਦਾ ਕੋਈ ਪ੍ਰਬੰਧ ਨਹੀਂ ਅਤੇ ਨਾ ਹੀ ਇੰਮੀਗ੍ਰੇਸ਼ਨ ਵਾਲੇ ਕਿਸੇ ਨੂੰ ਉਥੋਂ ਹਵਾਈ ਜਹਾਜ਼ ਫੜਨ ਦੀ ਇਜਾਜ਼ਤ ਹੀ ਦਿੰਦੇ ਹਨ। ਇਸ ਤਰ੍ਹਾਂ ਪੰਜਾਬ ਤੋਂ ਲਿਆਂਦੇ ਇਹ ਨੌਜਵਾਨ ਵਾਇਆ ਮਾਸਕੋ, ਬਹਾਮਸ ਵਿਖੇ ਭੇਜੇ ਗਏ। ਵੱਖ-ਵੱਖ ਪਰਿਵਾਰਾਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ 3 ਅਗਸਤ ਤੱਕ ਉਨ੍ਹਾਂ ਦੇ ਬੱਚਿਆਂ ਨਾਲ ਫੋਨ ਉਪਰ ਗੱਲਬਾਤ ਹੁੰਦੀ ਰਹੀ ਹੈ। ਉਸ ਸਮੇਂ ਤੱਕ ਏਜੰਟਾਂ ਵੱਲੋਂ ਵੀ ਇਹੀ ਭਰੋਸਾ ਦਿੱਤਾ ਜਾਂਦਾ ਰਿਹਾ ਕਿ ਉਨ੍ਹਾਂ ਦੇ ਬੱਚੇ ਜਲਦੀ ਹੀ ਅਮਰੀਕਾ ਪਹੁੰਚ ਰਹੇ ਹਨ।
   ਪਰ 3 ਅਗਸਤ ਤੋਂ ਬਾਅਦ ਮੁੜ ਕਦੇ ਕਿਸੇ ਦਾ ਫੋਨ ਨਹੀਂ ਆਇਆ। ਕਰੀਬ 3 ਮਹੀਨੇ ਬੀਤ ਜਾਣ ਬਾਅਦ ਮਾਪਿਆਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ ਹੈ ਅਤੇ ਇਹ ਖਦਸ਼ਾ ਜ਼ਾਹਿਰ ਕੀਤਾ ਜਾਣ ਲੱਗ ਪਿਆ ਹੈ ਕਿ ਬਹਾਮਸ ਤੋਂ ਮਿਆਮੀ ਖੇਤਰ ਵਿਚ ਦਾਖਲ ਹੋਣ ਲਈ ਕਿਸ਼ਤੀ ਵਿਚ ਸਵਾਰ ਹੋਣ ਸਮੇਂ ਸ਼ਾਇਦ ਇਨ੍ਹਾਂ ਨੌਜਵਾਨਾਂ ਨਾਲ ਕੋਈ ਅਣਹੋਣੀ ਵਾਪਰ ਗਈ ਹੈ। 3 ਮਹੀਨੇ ਤੱਕ ਤਾਂ ਮਾਪੇ ਇਸੇ ਆਸ ਵਿਚ ਹੀ ਚੁੱਪ ਧਾਰੀ ਬੈਠੇ ਰਹੇ ਕਿ ਸ਼ਾਇਦ ਉਨ੍ਹਾਂ ਨੂੰ ਸੁੱਖ ਦਾ ਸੁਨੇਹਾ ਆ ਜਾਵੇਗਾ। ਹੁਣ ਜਦ ਏਜੰਟਾਂ ਨੇ ਵੀ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ, ਤਾਂ ਕੁੱਝ ਮਾਪਿਆਂ ਵੱਲੋਂ ਇਹ ਮਾਮਲਾ ਪੰਚਾਇਤਾਂ ਵਿਚ ਰੱਖਿਆ ਗਿਆ
  ਭੁਲੱਥ ਲਾਗਲੇ ਪਿੰਡ ਖੱਸਣ ਦੀ ਪੰਚਾਇਤ ਵਿਚ ਨੌਜਵਾਨ ਭੇਜਣ ਵਾਲੇ ਏਜੰਟ ਨੇ ਹਲਫੀਆ ਬਿਆਨ ਦੇ ਕੇ ਮੰਨਿਆ ਕਿ ਉਸ ਨੇ ਨੌਜਵਾਨ ਭੇਜੇ ਹਨ ਅਤੇ ਉਹ ਉਨ੍ਹਾਂ ਦੇ ਪੈਸੇ ਵਾਪਸ ਕਰ ਦੇਵੇਗਾ। ਇਸੇ ਤਰ੍ਹਾਂ ਮੁਕੇਰੀਆਂ ਲਾਗਲੇ 3 ਪਿੰਡਾਂ ਦੇ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਏਜੰਟ ਨੇ ਹਲਫੀਆ ਬਿਆਨ ਦੇ ਕੇ ਪੈਸੇ ਵਾਪਸ ਕਰ ਦਿੱਤੇ ਹਨ। ਪਰ ਬਾਹਰ ਚਲੇ ਗਏ ਨੌਜਵਾਨਾਂ ਬਾਰੇ ਕੋਈ ਉੱਘ-ਸੁੱਘ ਨਹੀਂ ਲੱਗ ਰਹੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਕਾਂਡ ਦੀਆਂ ਖ਼ਬਰਾਂ ਛਪਣ ਬਾਅਦ ਗੰਭੀਰ ਨੋਟਿਸ ਲਿਆ ਹੈ ਅਤੇ ਖੁਦ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਪੰਜਾਬ ਸਰਕਾਰ ਨੂੰ ਗੁੰਮਰਾਹ ਕਰਕੇ ਪੈਸੇ ਲੁੱਟਣ ਵਾਲੇ ਏਜੰਟਾਂ ਖਿਲਾਫ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਨੇ ਵੀ ਇਸ ਮਾਮਲੇ ਵਿਚ ਪੁਲਿਸ ਨੂੰ ਸਰਗਰਮੀ ਕਰਨ ਲਈ ਕਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਏਜੰਟਾਂ ਖਿਲਾਫ ਕਾਰਵਾਈ ਵਿੱਢ ਵੀ ਦਿੱਤੀ ਹੈ। ਪਰ ਸਵਾਲ ਤਾਂ ਇਹ ਹੈ ਕਿ ਇਸ ਸਾਰੇ ਮਾਮਲੇ ਨਾਲ ਭੇਜੇ ਗਏ ਨੌਜਵਾਨਾਂ ਦੀ ਜਾਨ ਬਚਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਗਈਆਂ ਹਨ।
ਇਸ ਤੋਂ ਪਹਿਲਾਂ 1996 ਵਿਚ ਵੀ ਤੁਰਕੀ ਨੇੜੇ ਵਾਪਰੇ ਮਾਲਟਾ ਕਾਂਡ ਵਿਚ ਵੀ 283 ਵਿਅਕਤੀ ਮਾਰੇ ਗਏ ਸਨ। ਇਸ ਕਾਂਡ ਵਿਚ ਕਿਸ਼ਤੀ ਵਿਚ ਸਵਾਰ ਇਹ ਨੌਜਵਾਨ ਸਮੁੰਦਰ ਪਾਰ ਕਰਨ ਲੱਗੇ ਸਨ ਕਿ ਰਾਹ ਵਿਚ ਹੀ ਕਿਸ਼ਤੀ ਡੁੱਬ ਗਈ। ਸਮੁੰਦਰ ਵਿਚ ਡੁੱਬ ਕੇ ਮਰਨ ਵਾਲਿਆਂ ਵਿਚ 30 ਵਿਅਕਤੀ ਪੰਜਾਬ ਦੇ ਦੋਆਬਾ ਖੇਤਰ ਨਾਲ ਸੰਬੰਧਤ ਸਨ। ਭਾਵੇਂ ਪੁਲਿਸ ਨੇ ਕਈ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਮੁਕੱਦਮੇ ਵੀ ਦਰਜ ਹੋਏ ਪਰ ਹਾਲੇ ਤੱਕ ਕਿਸੇ ਨੂੰ ਵੀ ਸਜ਼ਾ ਨਹੀਂ ਹੋਈ।
ਗੈਰ ਕਾਨੂੰਨੀ ਢੰਗ ਨਾਲ ਆਉਣ ਵਾਲੇ ਬੱਚਿਆਂ ਦਾ ਬਾਹਰਲੇ ਮੁਲਕਾਂ ਵਿਚ ਵੀ ਕੋਈ ਭਵਿੱਖ ਨਹੀਂ ਹੈ।
15-20 ਸਾਲ ਪਹਿਲਾਂ ਤੱਕ ਬਾਹਰਲੇ ਮੁਲਕਾਂ ਵਿਚ ਆ ਕੇ ਸਿਆਸੀ ਸ਼ਰਣ ਮਿਲਣ ਜਾਂ ਹੋਰ ਢੰਗ-ਤਰੀਕੇ ਅਪਣਾ ਕੇ ਪੱਕੇ ਹੋਣ ਦੀਆਂ ਕਾਫੀ ਸੰਭਾਵਨਾਵਾਂ ਹੁੰਦੀਆਂ ਸਨ। ਪਰ ਹੁਣ ਅਜਿਹੀਆਂ ਸੰਭਾਵਨਾਵਾਂ ਲਗਭਗ ਖਤਮ ਹੋ ਗਈਆਂ ਹਨ। ਹੁਣ ਬਾਹਰਲੇ ਮੁਲਕਾਂ ਵਿਚ ਗੈਰ ਕਾਨੂੰਨੀ ਢੰਗ ਨਾਲ ਆ ਕੇ ਪੱਕੇ ਹੋਣ ਦੀ ਗੱਲ ਲਗਭਗ ਨਾਮੁਮਕਿਨ ਹੀ ਹੈ। ਜਿਹੜੇ ਇਨ੍ਹਾਂ ਮੁਲਕਾਂ ਵਿਚ ਗੈਰ ਕਾਨੂੰਨੀ ਢੰਗ ਨਾਲ ਆ ਵੀ ਵੜਦੇ ਹਨ, ਉਨ੍ਹਾਂ ਨੂੰ ਕੰਮ ਕਰਨ ਲਈ ਭਾਰੀ ਮੁਸ਼ਕਲਾਂ ਆਉਂਦੀਆਂ ਹਨ ਅਤੇ ਹਰ ਸਮੇਂ ਡਿਪੋਰਟ ਹੋਣ ਦੀ ਤਲਵਾਰ ਵੀ ਸਿਰ ਉੱਤੇ ਲਟਕਦੀ ਰਹਿੰਦੀ ਹੈ ਅਤੇ ਜਦ ਕਦੇ ਵੀ ਉਹ ਫੜੇ ਜਾਂਦੇ ਹਨ, ਤਾਂ ਡਿਪੋਰਟ ਵੀ ਕਰ ਦਿੱਤੇ ਜਾਂਦੇ ਹਨ।
ਦੂਜੀ ਗੱਲ ਇਹ ਵੀ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਆਏ ਨੌਜਵਾਨਾਂ ਨੂੰ ਇਥੇ ਚੰਗੇ ਕੰਮ ਮਿਲਣ ਦੀ ਵੀ ਕੋਈ ਗੁੰਜਾਇਸ਼ ਨਹੀਂ, ਜਿਸ ਕਰਕੇ ਇਥੇ ਆ ਕੇ ਪੈਸੇ ਕਮਾਉਣ ਦਾ ਭਰਮ ਵੀ ਵਾਧੂ ਪਾਲਿਆ ਜਾ ਰਿਹਾ ਹੈ, ਸਗੋਂ ਉਲਟਾ ਅਸੀਂ ਰੋਜ਼ ਪੜ੍ਹਦੇ-ਸੁਣਦੇ ਹਾਂ ਕਿ ਬਰਤਾਨੀਆ ਅਤੇ ਹੋਰ ਮੁਲਕਾਂ ਵਿਚ ਪੜ੍ਹਾਈ ਦੇ ਆਧਾਰ ‘ਤੇ ਗਏ ਮੁੰਡੇ-ਕੁੜੀਆਂ ਕਿਵੇਂ ਬੇਰੁਜ਼ਗਾਰੀ ਅਤੇ ਅਰਧ-ਬੇਰੁਜ਼ਗਾਰੀ ਵਿਚ ਉਥੇ ਰੁਲਦੇ-ਫਿਰਦੇ ਹਨ। ਉਪਰ ਦਿੱਤੇ ਗਏ ਗੈਰ ਕਾਨੂੰਨੀ ਪ੍ਰਵਾਸ ਵਾਲੇ ਨੌਜਵਾਨਾਂ ਵਿਚ ਕਈ ਤਾਂ ਅੱਠਵੀਂ ਜਾਂ ਦਸਵੀਂ ਪਾਸ ਨੌਜਵਾਨ ਹਨ। ਅਜਿਹੇ ਅੱਧ-ਪੜ੍ਹ ਵਿਅਕਤੀ ਲਈ ਬਾਹਰਲੇ ਮੁਲਕਾਂ ਵਿਚ ਆ ਕੇ ਰੁਜ਼ਗਾਰ ਹਾਸਲ ਕਰਨ ਅਤੇ ਕਮਾਈ ਕਰ ਲੈਣ ਦੀ ਕੋਈ ਗੁੰੰਜਾਇਸ਼ ਹੀ ਨਹੀਂ। ਇਹ ਨੌਜਵਾਨ ਖੁਦ ਵੀ ਖੱਜਲ-ਖੁਆਰ ਹੁੰਦੇ ਹਨ ਅਤੇ ਮਾਪਿਆਂ ਨੂੰ ਵੀ ਬਿਪਤਾ ਵਿਚ ਪਾ ਜਾਂਦੇ ਹਨ।
ਸਿਰਫ ਇਨ੍ਹਾਂ ਲਾਪਤਾ ਹੋਏ ਨੌਜਵਾਨਾਂ ਦੀ ਹੀ ਗੱਲ ਨਹੀਂ, ਸਗੋਂ ਇਸ ਤੋਂ ਪਹਿਲਾਂ ਵੀ ਸੋਵੀਅਤ ਯੂਨੀਅਨ ਦਾ ਹਿੱਸਾ ਰਹੇ ਮੁਲਕਾਂ ਵਿਚੋਂ ਲੰਘ ਕੇ ਯੂਰਪੀਅਨ ਮੁਲਕਾਂ ਵਿਚ ਜਾਣ ਸਮੇਂ ਹਜ਼ਾਰਾਂ ਪੰਜਾਬੀ ਏਜੰਟਾਂ ਦੇ ਧੜੇ ਚੜ੍ਹ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਦਾ ਜ਼ਮਾਨਾ ਹੁਣ ਲੰਘ ਚੁੱਕਾ ਹੈ। ਜੇ ਕਿਸੇ ਨੇ ਬਾਹਰਲੇ ਮੁਲਕਾਂ ਵਿਚ ਜਾਣਾ ਵੀ ਹੈ, ਤਾਂ ਬਾਕਾਇਦਾ ਕਾਨੂੰਨੀ ਤਰੀਕੇ ਨਾਲ ਜਾਣਾ ਚਾਹੀਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਬਾਹਰਲੇ ਮੁਲਕਾਂ ਵਿਚ ਜਾਣ ਲਈ ਪਹਿਲਾਂ ਵਿਦਿਅਕ ਯੋਗਤਾ ਹਾਸਲ ਕਰਨੀ ਚਾਹੀਦੀ ਹੈ ਅਤੇ ਫਿਰ ਕਿਸੇ ਨਾ ਕਿਸੇ ਕਿੱਤੇ ਵਿਚ ਮੁਹਾਰਤ ਬਣਾਉਣੀ ਚਾਹੀਦੀ ਹੈ। ਅਜਿਹੀ ਕਾਬਲੀਅਤ ਵਾਲਾ ਇਨਸਾਨ ਹੀ ਬਾਹਰਲੇ ਮੁਲਕਾਂ ਵਿਚ ਆ ਕੇ ਚੰਗੀ ਜ਼ਿੰਦਗੀ ਬਸਰ ਕਰਨ ਲਈ ਰੁਜ਼ਗਾਰ ਹਾਸਲ ਕਰ ਸਕਦਾ ਹੈ।
ਵਿਦੇਸ਼ਾਂ ਵਿਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹ ਆਪਣੇ ਸਾਰੇ ਸਕੇ-ਸਬੰਧੀਆਂ ਨੂੰ ਇਹ ਗੱਲ ਸਮਝਾਉਣ ਕਿ ਬਾਹਰਲੇ ਮੁਲਕਾਂ ਵਿਚ ਹੁਣ ਹਾਲਾਤ ਬਦਲ ਗਏ ਹਨ। ਇਥੇ ਗੈਰ ਕਾਨੂੰਨੀ ਢੰਗ ਨਾਲ ਆ ਕੇ ਪੱਕੇ ਹੋਣ ਜਾਂ ਰੁਜ਼ਗਾਰ ਹਾਸਲ ਕਰਨ ਦੀ ਗੁੰਜਾਇਸ਼ ਖਤਮ ਹੋ ਗਈ ਹੈ ਅਤੇ ਗੈਰ ਕਾਨੂੰਨੀ ਨਾਲ ਇਥੇ ਆ ਕੇ ਸਾਰੀ ਉਮਰ ਲਈ ਬੰਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ।
ਅਜਿਹੀ ਜ਼ਿੰਦਗੀ ਜਿਊਣ ਨਾਲੋਂ ਆਪਣੇ ਮੁਲਕ ਵਿਚ ਰਹਿਣਾ 100 ਦਰਜੇ ਚੰਗਾ ਹੈ। ਏਜੰਟਾਂ ਨੂੰ 35-35 ਲੱਖ ਰੁਪਏ ਦੇ ਕੇ ਵਿਦੇਸ਼ਾਂ ਵਿਚ ਆਉਣ ਦੀ ਥਾਂ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਵਿਚ ਰਹਿ ਕੇ ਇਸੇ ਪੈਸੇ ਨਾਲ ਕੋਈ ਨਾ ਕੋਈ ਆਪਣਾ ਧੰਦਾ ਚਲਾਉਣ ਅਤੇ ਇੱਜ਼ਤ ਤੇ ਸਨਮਾਨ ਦੀ ਜ਼ਿੰਦਗੀ ਜਿਊਣ। ਲਾਪਤਾ ਹੋਏ ਨੌਜਵਾਨਾਂ ਦੇ ਮਾਪੇ ਵੱਡੀ ਚਿੰਤਾ ਵਿਚ ਹਨ। ਉਹ ਆਪਣੇ ਪਿਆਰੇ ਪੁੱਤਰ ਗੁਆ ਬੈਠਣ ਦਾ ਖਦਸ਼ਾ ਮਨਾਂ ਵਿਚ ਸਮੋਈ ਬੈਠੇ ਹਨ। ਨਾਲ ਹੀ ਲੱਖਾਂ ਰੁਪਏ ਦੇ ਕਰਜ਼ਈ ਹੋ ਗਏ ਹਨ ਜਾਂ ਆਪਣੀਆਂ ਜ਼ਮੀਨਾਂ ਅਤੇ ਘਰ ਵੇਚ ਬੈਠੇ ਹਨ। ਇਸ ਤਰ੍ਹਾਂ ਕਰਜ਼ੇ ਸਿਰਾਂ ਉਪਰ ਚੜ੍ਹਾ ਕੇ ਪ੍ਰਵਾਸ ਕਰਨਾ ਅਤੇ ਆਪਣੇ ਪਿਆਰੇ ਪੁੱਤਰਾਂ ਦੀ ਜਾਨ ਜ਼ੋਖਿਮ ਵਿਚ ਪਾਉਣਾ ਕਿਸੇ ਵੀ ਤਰ੍ਹਾਂ ਅਕਲਮੰਦੀ ਨਹੀਂ ਕਿਹਾ ਜਾ ਸਕਦਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.