ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ‘ਚ ਧੁਆਂਖੀ ਧੁੰਦ: ਪ੍ਰਵਾਸੀ ਪੰਜਾਬੀਆਂ ‘ਚ ਚਿੰਤਾ
ਪੰਜਾਬ ‘ਚ ਧੁਆਂਖੀ ਧੁੰਦ: ਪ੍ਰਵਾਸੀ ਪੰਜਾਬੀਆਂ ‘ਚ ਚਿੰਤਾ
Page Visitors: 2520

ਪੰਜਾਬ ‘ਚ ਧੁਆਂਖੀ ਧੁੰਦ: ਪ੍ਰਵਾਸੀ ਪੰਜਾਬੀਆਂ ‘ਚ ਚਿੰਤਾਪੰਜਾਬ ‘ਚ ਧੁਆਂਖੀ ਧੁੰਦ: ਪ੍ਰਵਾਸੀ ਪੰਜਾਬੀਆਂ ‘ਚ ਚਿੰਤਾ

November 15
10:55 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਸਮੇਤ ਪੂਰੇ ਉਤਰੀ ਭਾਰਤ ਵਿਚ ਪਿਛਲੇ ਦਿਨੀਂ ਧਆਂਖੀ ਧੁੰਦ ਦੀਆਂ ਖਬਰਾ ਪ੍ਰਾਪਤ ਹੁਦੀਆਂ ਰਹੀਆਂ ਹਨ। ਇਨ੍ਹਾਂ ਦਿਨ੍ਹਾਂ ਦੌਰਾਨ ਦਿਨ ਨੂੰ ਵੀ ਬੱਦਲਵਾਈ ਵਰਗਾ ਮਾਹੌਲ ਬਣਿਆ ਰਹਿੰਦਾ ਸੀ। ਸਵੇਰੇ-ਸ਼ਾਮ ਪ੍ਰਦੂਸ਼ਣਨੁਮਾ ਧੁੰਦ ਦੀ ਚਾਦਰ ਇੰਨੀ ਗਾੜ੍ਹੀ ਹੋ ਜਾਂਦੀ ਸੀ ਕਿ ਕੁੱਝ ਫੁੱਟ ਉਪਰ ਵੀ ਦਿਖਾਈ ਨਹੀਂ ਦਿੰਦਾ ਸੀ। ਪ੍ਰਦੂਸ਼ਣਨੁਮਾ ਧੁੰਦ ਕਾਰਨ ਦਿੱਸਣ ਦੀ ਹੱਦ ਬੇਹੱਦ ਘੱਟ ਗਈ ਸੀ। ਇਸੇ ਕਾਰਨ ਪਿਛਲੇ ਦਿਨਾਂ ਵਿਚ ਪੰਜਾਬ ਅੰਦਰ ਸੜਕਾਂ ਉਪਰ ਧੁੰਦ ਕਾਰਨ ਸੈਂਕੜੇ ਵਾਹਨ ਹਾਦਸੇ ਦਾ ਸ਼ਿਕਾਰ ਹੋਏ ਹਨ ਅਤੇ ਦਰਜਨਾਂ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ। ਇਕੱਲੇ ਬਠਿੰਡਾ ਵਿਖੇ ਸਕੂਲੀ ਬੱਚਿਆਂ ਉਪਰ ਇਕ ਟਰੱਕ ਦੇ ਚੜ੍ਹ ਜਾਣ ਕਾਰਨ ਮੌਕੇ ‘ਤੇ ਹੀ 10 ਵਿਦਿਆਰਥੀਆਂ ਦੀ ਦਰੜੇ ਜਾਣ ਕਾਰਨ ਮੌਤ ਹੋ ਗਈ।ਇਸੇ ਤਰ੍ਹਾਂ ਵੱਖ-ਵੱਖ ਸੜਕਾਂ ਉਪਰ ਜਾਂਦਿਆਂ ਕਰੀਬ ਹਰ ਰੋਜ਼ ਹੀ 6-7 ਵਿਅਕਤੀਆਂ ਦੀ ਸੜਕ ਹਾਦਸਿਆਂ ‘ਚ ਮੌਤ ਹੋ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਕ ਪਾਸੇ ਧੁੰਦ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹਨ, ਪਰ ਇਸ ਦੇ ਨਾਲ ਹੀ ਪ੍ਰਦੂਸ਼ਣਨੁਮਾ ਧੁੰਦ ਹੋਣ ਕਾਰਨ ਪੰਜਾਬ ਦੇ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋਇਆ ਪਿਆ ਸੀ। ਵੱਡੀ ਪੱਧਰ ‘ਤੇ ਲੋਕਾਂ ਨੂੰ ਨੱਕ, ਗਲੇ ਅਤੇ ਸਾਹ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਹਨ। ਪ੍ਰਦੂਸ਼ਣ ਮਾਪਣ ਵਾਲੇ ਕੇਂਦਰੀ ਅਤੇ ਸੂਬਾਈ ਮਹਿਕਮਿਆਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਦਾ ਪ੍ਰਦੂਸ਼ਣ ਪੱਧਰ ਬਦ ਤੋਂ ਬਦਤਰ ਵਾਲੀ ਸਥਿਤੀ ਵਿਚ ਪਹੁੰਚਿਆ ਹੋਇਆ ਹੈ। ਮਾਪਦੰਡਾਂ ਮੁਤਾਬਕ ਹਵਾ ਪ੍ਰਦੂਸ਼ਣ ਦਾ ਮਿਆਰ 50 ਦੇ ਪੱਧਰ ਤੱਕ ਆਮ ਤੌਰ ‘ਤੇ ਠੀਕ ਸਮਝਿਆ ਜਾਂਦਾ ਹੈ। 100 ਦੇ ਪੱਧਰ ਤੱਕ ਵੀ ਮਾਹਿਰਾਂ ਦਾ ਕਹਿਣਾ ਹੈ ਕਿ ਕੋਈ ਬਹੁਤੀ ਮਾੜੀ ਗੱਲ ਨਹੀਂ ਹੁੰਦੀ। ਪਰ ਜਦ ਹਵਾ ਪ੍ਰਦੂਸ਼ਣ ਦਾ ਪੱਧਰ 200 ਤੋਂ ਉਪਰ ਤੱਕ ਚਲਾ ਜਾਂਦਾ ਹੈ, ਤਾਂ ਇਸ ਨੂੰ ਮਾੜੇ ਪ੍ਰਦੂਸ਼ਣ ਪੱਧਰ ਵਜੋਂ ਜਾਣਿਆ ਜਾਂਦਾ ਹੈ ਅਤੇ ਜਦ ਇਹ ਪ੍ਰਦੂਸ਼ਣ ਪੱਧਰ 300 ਤੋਂ ਉਪਰ ਚਲਿਆ ਜਾਵੇ, ਤਾਂ ਹਾਲਤ ਬਦਤਰ ਸਮਝੀ ਜਾਂਦੀ ਹੈ। ਪਿਛਲੇ 15-18 ਦਿਨ ਤੋਂ ਪੰਜਾਬ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਲਗਾਤਾਰ 350 ਦੇ ਪੱਧਰ ਤੋਂ ਉਪਰ ਚੱਲ ਰਿਹਾ ਸੀ। ਇਸ ਦਾ ਅਰਥ ਹੈ ਕਿ ਪੰਜਾਬ ਦੇ ਲੋਕ ਹਵਾ ਪ੍ਰਦੂਸ਼ਣ ਪੱਖੋਂ ਬੇਹੱਦ ਬਦਤਰ ਹਾਲਤ ਵਿਚੋਂ ਗੁਜ਼ਰ ਰਹੇ ਹਨ। ਕਿਸੇ ਜ਼ਮਾਨੇ ਵਿਚ ਦਿਵਾਲੀ ਵਾਲੇ ਦਿਨ ਲੋਕਾਂ ਵੱਲੋਂ ਧੜਾਧੜ ਪਟਾਕੇ ਚਲਾਏ ਜਾਣ ਕਾਰਨ ਗੰਦਕ ਅਤੇ ਹੋਰ ਗੈਸਾਂ ਦੀ ਜਲਨ ਕਿਰਿਆ ਕਾਰਨ 10-12 ਘੰਟਿਆਂ ਲਈ ਹਵਾ ਪ੍ਰਦੂਸ਼ਣ ਉੱਚਾ ਹੋ ਜਾਂਦਾ ਸੀ ਅਤੇ ਉਸ ਤੋਂ ਬਾਅਦ ਆਮ ਤੌਰ ‘ਤੇ ਹਾਲਾਤ ਨਾਰਮਲ ਹੋ ਜਾਂਦੇ ਸਨ। ਪਰ ਹੁਣ ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਪਿਛਲੇ ਦਿਨਾਂ ਤੋਂ ਦਿਵਾਲੀ ਦੀ ਰਾਤ ਤੋਂ ਵੀ ਹਵਾ ਪ੍ਰਦੂਸ਼ਣ ਦਾ ਪੱਧਰ ਉੱਚਾ ਚਲਿਆ ਆ ਰਿਹਾ ਹੈ। ਪੰਜਾਬ ਅੰਦਰ ਸੜਕਾਂ ਦੀ ਮੰਦੀ ਹਾਲਤ, ਕਾਰਖਾਨਿਆਂ ਵਿਚੋਂ ਬੇਬਹਾ ਨਿਕਲਦੇ ਧੂੰਏਂ ਅਤੇ ਸ਼ਹਿਰਾਂ ਵਿਚ ਥਾਂ-ਥਾਂ ਕੂੜੇ ਨੂੰ ਅੱਗਾਂ ਲਗਾਉਣ ਕਾਰਨ ਵੀ ਪ੍ਰਦੂਸ਼ਣ ਵਿਚ ਲਗਾਤਾਰ ਵਾਧਾ ਹੁੰਦਾ ਆ ਰਿਹਾ ਹੈ। ਇਸੇ ਤਰ੍ਹਾਂ ਸ਼ਹਿਰਾਂ ਦਾ ਗੰਦਾ ਪਾਣੀ ਟੋਭਿਆਂ, ਨਹਿਰਾਂ ਅਤੇ ਦਰਿਆਵਾਂ ਵਿਚ ਸੁੱਟੇ ਜਾਣ ਨਾਲ ਪੰਜਾਬ ਦੇ ਪਾਣੀ ਦੇ ਸਾਰੇ ਸੋਮੇ ਗੰਦਗੀ ਨਾਲ ਭਰੇ ਨਜ਼ਰ ਆਉਂਦੇ ਹਨ।
ਹੁਣ ਸਭ ਤੋਂ ਵੱਧ ਜਿਸ ਗੱਲ ਨੇ ਸਥਿਤੀ ਨੂੰ ਇਕਦਮ ਗੰਭੀਰ ਅਤੇ ਖਤਰਨਾਕ ਹੱਦ ਤੱਕ ਅੱਗੇ ਵਧਾਇਆ ਹੈ, ਉਹ ਹੈ ਪਰਾਲੀ ਨੂੰ ਖੇਤਾਂ ਵਿਚ ਹੀ ਅੱਗਾਂ ਲਗਾਉਣਾ। ਪੰਜਾਬ ਵਿਚ ਇਸ ਵੇਲੇ ਦੋ ਕਰੋੜ ਟਨ ਦੇ ਕਰੀਬ ਪਰਾਲੀ ਪੈਦਾ ਹੁੰਦੀ ਹੈ। ਕਿਸਾਨਾਂ ਵੱਲੋਂ ਪਰਾਲੀ ਨੂੰ ਖਤਮ ਕਰਨ ਲਈ ਹੋਰ ਕੋਈ ਸਾਧਨ ਨਾ ਹੋਣ ਕਾਰਨ ਖੇਤਾਂ ਵਿਚ ਹੀ ਅੱਗ ਲਗਾ ਦਿੱਤੀ ਜਾਂਦੀ ਹੈ। ਇੰਨੀ ਵੱਡੀ ਪੱਧਰ ‘ਤੇ ਇਕਦਮ ਸਾਰੇ ਪੰਜਾਬ ਵਿਚੋਂ ਪਰਾਲੀ ਨੂੰ ਅੱਗਾਂ ਲਗਾਉਣ ਕਾਰਨ ਇਕ ਤਾਂ ਤਾਪਮਾਨ ਇਕਦਮ ਉੱਚਾ ਉੱਠਦਾ ਹੈ। ਦੂਜਾ, ਗੰਧਕ, ਧੂੰਏਂ ਅਤੇ ਹੋਰ ਪਦਾਰਥਾਂ ਦੀ ਜਲਨ ਕਿਰਿਆ ਨਾਲ ਜ਼ਹਿਰੀਲਾ ਮਾਦਾ ਆਸਮਾਨ ਵਿਚ ਚੜ੍ਹ ਜਾਂਦਾ ਹੈ। ਦੂਜੇ ਪਾਸੇ ਧੁੰਦ ਨਾਲ ਮਿਲਣ ਨਾਲ ਇਹ ਗੰਦਾ ਮਾਦਾ ਧੂੰਏਂ ਦੇ ਬੱਦਲਾਂ ਵਿਚ ਬਦਲ ਜਾਂਦਾ ਹੈ, ਜੋ ਇਨਸਾਨੀ ਜ਼ਿੰਦਗੀ ਅਤੇ ਹੋਰ ਪਸ਼ੂ-ਪੰਛੀਆਂ ਲਈ ਬੇਹੱਦ ਨੁਕਸਾਨਦੇਹ ਹੈ।
ਜਦ ਤੋਂ ਪੰਜਾਬ ਅੰਦਰ ਝੋਨਾ ਲੱਗਣਾ ਸ਼ੁਰੂ ਹੋਇਆ ਹੈ, ਤਦ ਤੋਂ ਹੀ ਪਰਾਲੀ ਫੂਕੇ ਜਾਣ ਦਾ ਇਹ ਰੁਝਾਨ ਲਗਾਤਾਰ ਚੱਲਦਾ ਆ ਰਿਹਾ ਹੈ, ਜਿਸ ਨਾਲ ਪ੍ਰਦੂਸ਼ਣ ਦੇ ਫੈਲਣ ਦੀ ਗਤੀ ਲਗਾਤਾਰ ਵਧਦੀ ਆ ਰਹੀ ਹੈ। ਉਂਝ ਝੋਨੇ ਦੀ ਬਿਜਾਈ ਮੌਕੇ ਵੀ ਸਾਰਾ ਪੰਜਾਬ ਸੰਕਟ ਦੇ ਮੂੰਹ ਪੈ ਜਾਂਦਾ ਰਿਹਾ ਹੈ। ਅਸਲ ਵਿਚ ਕਿਸਾਨ ਆਪਣੀ ਸਹੂਲਤ ਅਤੇ ਲਾਭ ਲਈ ਮਈ ਮਹੀਨੇ ਹੀ ਝੋਨਾ ਲਗਾਉਣਾ ਸ਼ੁਰੂ ਕਰ ਦਿੰਦੇ ਹਨ।
ਅਗੇਤਰਾ ਝੋਨਾ ਲਗਾਉਣ ਨਾਲ ਜਦ ਜੂਨ ਮਹੀਨੇ ਕੜਕਦੀ ਧੁੱਪ ਪੈਣੀ ਸ਼ੁਰੂ ਹੁੰਦੀ ਹੈ, ਤਾਂ ਝੋਨੇ ਦੇ ਖੇਤਾਂ ਵਿਚ ਖੜ੍ਹੇ ਪਾਣੀ ਦੇ ਵਾਸ਼ਪੀਕਰਨ ਨਾਲ ਪੂਰੀ ਆਬੋ-ਹਵਾ ਹੀ ਬੇਹੱਦ ਗੰਧਲ ਜਾਂਦੀ ਰਹੀ ਹੈ। ਹੁਣ ਪਿਛਲੇ ਸਾਲਾਂ ਤੋਂ ਸਰਕਾਰ ਨੇ 10 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਏ ਜਾਣ ਦਾ ਸਖ਼ਤ ਕਾਨੂੰਨ ਬਣਾਏ ਜਾਣ ਕਾਰਨ ਇਸ ਹਾਲਤ ਤੋਂ ਤਾਂ ਪੰਜਾਬ ਦੇ ਲੋਕਾਂ ਦਾ ਤਾਂ ਖਹਿੜਾ ਛੁੱਟ ਗਿਆ ਹੈ। ਕਿਉਂਕਿ 10 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ 30 ਜੂਨ ਤੱਕ ਝੋਨਾ ਲੱਗਦਾ ਹੈ। ਇਸ ਤਰ੍ਹਾਂ ਗਰਮੀ ਦਾ ਇਹ ਮਹੀਨਾ ਝੋਨਾ ਲੱਗਣ ਦੀ ਸਰਗਰਮੀ ਵਿਚ ਹੀ ਬੀਤ ਜਾਂਦਾ ਹੈ ਅਤੇ ਜੁਲਾਈ ਮਹੀਨੇ ਬਾਰਿਸ਼ਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਕਰਕੇ ਝੋਨੇ ‘ਚ ਖੜ੍ਹੇ ਪਾਣੀ ਦਾ ਵਾਸ਼ਪੀਕਰਨ ਦਾ ਮੁੱਦਾ ਕੋਈ ਬਹੁਤਾ ਮਹੱਤਪੂਰਨ ਨਹੀਂ ਬਣਦਾ।
ਪਰ ਪਰਾਲੀ ਫੂਕਣ ਦਾ ਮਾਮਲਾ ਬੜੇ ਵੱਡੇ ਪੱਧਰ ‘ਤੇ ਸਮੱਸਿਆ ਬਣ ਗਿਆ ਹੈ। ਪੰਜਾਬ ਅੰਦਰ ਪਰਾਲੀ ਫੂਕਣ ਨਾਲ ਸਿਰਫ ਪੰਜਾਬ ਦੇ ਲੋਕਾਂ ਨੂੰ ਹੀ ਮੁਸ਼ਕਿਲ ਨਹੀਂ ਆ ਰਹੀ, ਸਗੋਂ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਤੱਕ ਦੇ ਲੋਕ ਇਸ ਸੰਕਟ ਕਾਰਨ ਫਾਹੇ ਟੰਗੇ ਜਾਂਦੇ ਹਨ। ਇਸ ਵਾਰ ਤੇਜ਼ ਹਵਾਵਾਂ ਦਾ ਰੁਖ਼ ਕਾਫੀ ਦਿਨ ਲਾਹੌਰ ਵਾਲੇ ਪਾਸੇ ਰਹਿਣ ਕਾਰਨ ਪਾਕਿਸਤਾਨ ਵਿਚਲੇ ਪੰਜਾਬ ਅੰਦਰ ਵੀ ਧੂੰਏਂ ਵਾਲੇ ਪ੍ਰਦੂਸ਼ਣ ਦੀ ਗਾੜ੍ਹੀ ਚਾਦਰ ਦਾ ਪ੍ਰਕੋਪ ਰਿਹਾ। ਦਿੱਲੀ ਵਿਚ ਤਾਂ ਹਾਲਾਤ ਇਹ ਬਣ ਗਏ ਕਿ ਉਥੇ ਮੈਡੀਕਲ ਐਮਰਜੰਸੀ ਵਾਲੇ ਹਾਲਾਤ ਬਣੇ ਰਹਿਣ ਦੇ ਸਮਾਚਾਰ ਪ੍ਰਾਪਤ ਹੁੰਦੇ ਰਹੇ ਹਨ। ਕਈ ਦਿਨ ਸਕੂਲ, ਕਾਲਜ ਬੰਦ ਰੱਖਣੇ ਪਏ। ਪ੍ਰਦੂਸ਼ਣ ਨੂੰ ਘਟਾਉਣ ਲਈ ਗੱਡੀਆਂ ਦੀ ਤਦਾਦ ਘਟਾਉਣ ਵਾਸਤੇ ਓਡ-ਈਵਨ ਦੀ ਵਿਵਸਥਾ ਵੀ ਕਰਨੀ ਪਈ। ਪੰਜਾਬ ਅੰਦਰ ਇਸ ਵੇਲੇ ਵੀ ਪ੍ਰਦੂਸ਼ਣ ਦੀ ਮਾਰ ਕਾਫੀ ਵੱਡੇ ਪੱਧਰ ‘ਤੇ ਚੱਲ ਰਹੀ ਹੈ।
ਪੰਜਾਬ ਅੰਦਰ ਪੈਦਾ ਹੋ ਰਹੀ ਹਵਾ ਪ੍ਰਦੂਸ਼ਣ ਦੀ ਇਸ ਸਮੱਸਿਆ ਖੁਦ ਲੋਕ, ਸਰਕਾਰ ਅਤੇ ਸਰਕਾਰੀ ਮਹਿਕਮਿਆਂ ਦੇ ਸਾਰੇ ਲੋਕ ਜ਼ਿੰਮੇਵਾਰ ਹਨ। ਪਰਾਲੀ ਨੂੰ ਅੱਗਾਂ ਲਾਉਣ ਦੀ ਗੱਲ ਕੋਈ ਨਵੀਂ ਨਹੀਂ ਹੈ। ਬੜੇ ਸਾਲਾਂ ਤੋਂ ਇਹ ਸਮੱਸਿਆ ਚੱਲਦੀ ਆ ਰਹੀ ਹੈ। ਵੱਧਦੀ-ਵੱਧਦੀ ਇਹ ਸਮੱਸਿਆ ਹੁਣ ਜਦ ਲੋਕਾਂ ਦੇ ਸਾਹ ਘੁੱਟਣ ਲੱਗੀ ਹੈ, ਤਾਂ ਇਸ ਬਾਰੇ ਰੌਲਾ ਪੈਣਾ ਸ਼ੁਰੂ ਹੋਇਆ ਹੈ। ਸਰਕਾਰ ਨੇ ਪਰਾਲੀ ਨੂੰ ਸਮੇਟਣ ਲਈ ਕਦੇ ਵੀ ਪ੍ਰਬੰਧ ਕਰਨ ਬਾਰੇ ਨਹੀਂ ਸੋਚਿਆ। ਚਾਹੀਦਾ ਤਾਂ ਇਹ ਸੀ ਕਿ ਜਦ ਪੰਜਾਬ ਵਿਚ ਵੱਡੇ ਪੱਧਰ ਉੱਤੇ ਝੋਨਾ ਬੀਜਣ ਸ਼ੁਰੂ ਹੋਇਆ ਸੀ, ਤਾਂ ਝੋਨੇ ਦੇ ਨਾਲ-ਨਾਲ ਪਰਾਲੀ ਨੂੰ ਸਮੇਟਣ ਬਾਰੇ ਵੀ ਯਤਨ ਆਰੰਭ ਹੁੰਦੇ। ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ, ਗੱਤਾ ਬਣਾਇਆ ਜਾ ਸਕਦਾ ਹੈ, ਕਾਗਜ਼ ਬਣ ਸਕਦਾ ਹੈ ਅਤੇ ਹੋਰ ਬਹੁਤ ਸਾਰੇ ਕੰਮਾਂ ਲਈ ਵੀ ਇਸ ਦੀ ਵਰਤੋਂ ਹੋ ਸਕਦੀ ਹੈ। ਖਾਸ ਤੌਰ ‘ਤੇ ਇਕ ਹੱਦ ਤੱਕ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤਿਆ ਜਾ ਸਕਦਾ ਹੈ।
ਇੰਨੀ ਲਾਹੇਵੰਦ ਇਸ ਪਰਾਲੀ ਨੂੰ ਜੇਕਰ ਸੰਭਾਲਣ ਅਤੇ ਯੋਗ ਵਰਤੋਂ ਦਾ ਪ੍ਰਬੰਧ ਕੀਤਾ ਜਾਂਦਾ, ਤਾਂ ਇਹੀ ਪਰਾਲੀ ਲੋਕਾਂ ਦੀ ਜਾਨ ਦਾ ਖੌਅ ਬਣਨ ਦੀ ਬਜਾਏ, ਸੂਬੇ ਦੀ ਆਮਦਨ ਵਧਾਉਣ ਦਾ ਸੋਮਾ ਵੀ ਬਣ ਸਕਦੀ ਸੀ। ਪਰ ਸਰਕਾਰ ਨੇ ਇਸ ਪਾਸੇ ਵੱਲ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ। ਇਸ ਵੇਲੇ ਪੰਜਾਬ ਅੰਦਰ ਪਰਾਲੀ ਤੋਂ ਬਿਜਲੀ ਬਣਾਉਣ ਲਈ 11 ਬਾਇਓਮਾਸ ਪਲਾਂਟ ਲੱਗੇ ਹੋਏ ਹਨ। ਪਰ ਸਰਕਾਰ ਦੀ ਅਣਗਹਿਲੀ ਕਾਰਨ ਇਨ੍ਹਾਂ ਵਿਚੋਂ ਬਹੁਤੇ ਪਲਾਂਟ ਨਹੀਂ ਚੱਲ ਰਹੇ।
ਇਸ ਦੇ ਨਾਲ ਹੀ ਸਰਕਾਰ ਨੇ ਪਰਾਲੀ ਨੂੰ ਸਮੇਟਣ ਲਈ ਕਿਸਾਨਾਂ ਦੀ ਮਦਦ ਕਰਨ ਦਾ ਵੀ ਕਿਸੇ ਪੱਧਰ ‘ਤੇ ਕੋਈ ਉਪਰਾਲਾ ਨਹੀਂ ਕੀਤਾ। ਹਾਲਾਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਹੋਰ ਅਦਾਲਤਾਂ ਵੱਲੋਂ ਵਾਰ-ਵਾਰ ਆਦੇਸ਼ ਦਿੱਤੇ ਗਏ ਕਿ ਪਰਾਲੀ ਨੂੰ ਸਮੇਟਣ ਲਈ ਕਿਸਾਨਾਂ ਨੂੰ ਮਦਦ ਦਿੱਤੀ ਜਾਵੇ। ਇਸ ਵੇਲੇ ਸਰਕਾਰ ਕਿਸਾਨਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਕਿਨਾਰਾ ਕਰੀ ਬੈਠੀ ਹੈ। ਦੂਜੇ ਪਾਸੇ ਕਿਸਾਨ ਵੀ ਪੂਰੀ ਤਰ੍ਹਾਂ ਸਰਕਾਰ ਉਪਰ ਹੀ ਨਿਰਭਰ ਹੋ ਕੇ ਰਹਿ ਗਏ ਹਨ। ਉਨ੍ਹਾਂ ਵੱਲੋਂ ਆਪਣੀ ਮੌਤ ਆਪ ਸਹੇੜਨ ਲਈ ਧੜਾਧੜ ਅੱਗਾਂ ਲਗਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਪੰਜਾਬ ਦਾ ਪਾਣੀ ਵੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋਇਆ ਪਿਆ ਹੈ। ਅਜਿਹੇ ਹਾਲਾਤ ਵਿਚ ਪ੍ਰਵਾਸੀ ਪੰਜਾਬੀ ਪੰਜਾਬ ਜਾਣ ਬਾਰੇ ਹੀ ਗੰਭੀਰਤਾ ਨਾਲ ਸੋਚਣ ਲੱਗ ਪਏ ਹਨ। ਪੰਜਾਬ ਅੰਦਰ ਹਵਾ ਪ੍ਰਦੂਸ਼ਣ ਕਾਰਨ ਵਿਗੜ ਰਹੇ ਹਾਲਾਤ ਤੋਂ ਚਿੰਤਤ ਹੋਏ ਬਹੁਤ ਸਾਰੇ ਪ੍ਰਵਾਸੀ ਪੰਜਾਬੀਆਂ ਨੇ ਪਤਾ ਲੱਗਾ ਹੈ ਕਿ ਪੰਜਾਬ ਜਾਣ ਲਈ ਬੁੱਕ ਕਰਾਈਆਂ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਹੀ ਰੱਦ ਕਰਾ ਦਿੱਤੀਆਂ ਹਨ। ਕਈ ਪ੍ਰਵਾਸੀ ਪੰਜਾਬੀ ਆਪਣੇ ਟੂਰ ਪ੍ਰੋਗਰਾਮ ਰੱਦ ਕਰਨ ਬਾਰੇ ਸੋਚ ਰਹੇ ਹਨ। ਪੰਜਾਬ ਪ੍ਰਵਾਸੀ ਪੰਜਾਬੀਆਂ ਦੀ ਜੰਮਣ ਭੌਇੰ ਹੈ। ਸਾਡਾ ਚਿੱਤ ਹਮੇਸ਼ਾ ਉਸ ਧਰਤੀ ਨਾਲ ਜੁੜਿਆ ਰਹਿੰਦਾ ਹੈ।
  ਸਾਡੇ ਲੋਕ ਹਮੇਸ਼ਾ ਹੀ ਮਨ ਵਿਚ ਇਹ ਤਾਂਘ ਰੱਖਦੇ ਹਨ ਕਿ ਪੰਜਾਬ ਜਾਈਏ ਅਤੇ ਮਨ ਦੀ ਤ੍ਰਿਪਤੀ ਪਾਈਏ। ਪਰ ਉਥੇ ਜਿਹੋ ਜਿਹੇ ਹਾਲਾਤ ਬਣ ਰਹੇ ਹਨ, ਉਸ ਨੂੰ ਦੇਖਦਿਆਂ ਬਾਹਰਲੇ ਮੁਲਕਾਂ ਵਿਚ ਆ ਵਸੇ ਲੋਕ ਵਾਪਸ ਜਾਣ ਲੱਗਿਆਂ ਸੌ ਵਾਰ ਸੋਚਣ ਲੱਗੇ ਹਨ। ਇਹ ਆਪਣੇ ਆਪ ਵਿਚ ਹੀ ਬੜੀ ਖਤਰਨਾਕ ਅਤੇ ਚਿੰਤਾ ਵਾਲੀ ਗੱਲ ਹੈ। ਪੰਜਾਬ ਦੇ ਲੋਕਾਂ ਨੂੰ ਖੁਦ ਵੀ ਸੋਚਣਾ ਪਵੇਗਾ ਕਿ ਜੇਕਰ ਉਨ੍ਹਾਂ ਨੇ ਪ੍ਰਵਾਸੀ ਪੰਜਾਬੀਆਂ ਨਾਲ ਜੁੜੇ ਰਹਿਣਾ ਹੈ, ਤਾਂ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਬਣਾ ਕੇ ਰੱਖਣ ਲਈ ਯਤਨ ਕਰਨੇ ਹੋਣਗੇ ਅਤੇ ਸਰਕਾਰਾਂ ਨੂੰ ਅਜਿਹੇ ਕਦਮ ਚੁੱਕਣ ਲਈ ਮਜਬੂਰ ਵੀ ਕਰਨਾ ਪਵੇਗਾ। ਜੇਕਰ ਪ੍ਰਵਾਸੀ ਪੰਜਾਬੀਆਂ ਅਤੇ ਪੰਜਾਬ ਦਾ ਰਿਸ਼ਤਾ ਇਕ ਵਾਰ ਟੁੱਟ ਗਿਆ, ਤਾਂ ਇਹ ਹਾਲਤ ਬੜੀ ਖਤਰਨਾਕ ਹੋਵੇਗੀ। ਕਿਉਂਕਿ ਇਕ ਵਾਰ ਟੁੱਟੇ ਰਿਸ਼ਤੇ ਮੁੜ ਫਿਰੇ ਕਦੇ ਨਹੀਂ ਜੁੜਦੇ।    
       ਇਸ ਕਰਕੇ ਜਿੱਥੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਅੰਦਰ ਹਰ ਪੱਖੋਂ ਹਾਲਾਤ ਸੁਧਾਰਨ ਲਈ ਖੁੱਲ੍ਹ ਕੇ ਆਪਣਾ ਯੋਗਦਾਨ ਪਾਉਣਾ ਜਾਰੀ ਰੱਖਣਾ ਚਾਹੀਦਾ ਹੈ, ਉਥੇ ਸਾਡੇ ਪੰਜਾਬੀ ਵੀਰਾਂ ਨੂੰ ਵੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਦਿਆਂ ਹੁਣ ਆਪਣੇ ਆਲੇ-ਦੁਆਲੇ ਨੂੰ ਸੰਵਾਰਨ ਅਤੇ ਸੋਹਣਾ ਬਣਾਉਣ ਲਈ ਯਤਨਸ਼ੀਲ ਹੋਣਾ ਪਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.