ਕੀ ਸੋਸ਼ਲ ਮੀਡੀਆ ਸਿਰਫ ਆਪਸੀ ਰੰਜ਼ਿਸ਼ਾਂ ਕੱਢਣ ਲਈ ਬਣਿਆ ਹੈ
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅੱਜ ਦੇ ਵਿਗਿਆਨਕ ਯੁੱਗ ਵਿਚ ਸੋਸ਼ਲ ਮੀਡੀਆ ਜ਼ਿੰਦਗੀ ਦਾ ਇਕ ਅਹਿਮ ਅੰਗ ਬਣ ਗਿਆ ਹੈ। ਵਿਸ਼ਵ ਭਰ ਵਿਚ ਇਹ ਇਕ ਤਾਕਤਵਰ ਮੀਡੀਏ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਉੱਚ ਪਾਏ ਦੀ ਇਸ ਤਕਨੀਕ ਨੇ ਪੂਰੀ ਦੁਨੀਆਂ ਨੂੰ ਮੁੱਠੀ ਵਿਚ ਬੰਨ੍ਹ ਕੇ ਰੱਖ ਦਿੱਤਾ ਹੈ। ਵਿਗਿਆਨੀਆਂ ਨੇ ਸੂਚਨਾ ਟੈਕਨਾਲੋਜੀ ਦੇ ਖੇਤਰ ਵਿਚ ਵੱਡੀਆਂ ਲੱਭਤਾਂ ਹਾਸਲ ਕੀਤੀਆਂ, ਤਾਂ ਸੋਸ਼ਲ ਮੀਡੀਏ ਦਾ ਆਰੰਭ ਹੋਇਆ ਹੈ। ਇਸ ਮੀਡੀਏ ਦੀ ਖਾਸੀਅਤ ਇਹ ਹੈ ਕਿ ਇਹ ਕੌਮੀ ਸਰਹੱਦਾਂ ਅਤੇ ਦੇਸ਼ਾਂ ਦੇ ਘੇਰਿਆਂ ਤੋਂ ਉਪਰ ਪੂਰੀ ਦੁਨੀਆਂ ਵਿਚ ਬਿਨਾਂ ਕਿਸੇ ਰੋਕ-ਟੋਕ ਜਾਂ ਬਗੈਰ ਸਰਕਾਰੀ ਪ੍ਰਵਾਨਗੀਆਂ ਦੇ ਵਿਚਰਦਾ ਹੈ।
ਸੋਸ਼ਲ ਮੀਡੀਆ ਉਪਰ ਕਿਸੇ ਵੀ ਸਰਕਾਰ ਜਾਂ ਮਹਿਕਮੇ ਦਾ ਕੋਈ ਬਹੁਤਾ ਦਬਦਬਾ ਨਹੀਂ। ਸੋਸ਼ਲ ਮੀਡੀਆ ਕੌਮਾਂਤਰੀ ਪੱਧਰ ਦਾ ਇਕ ਮੀਡੀਆ ਹੈ ਅਤੇ ਇਸ ਮੀਡੀਏ ਦਾ ਆਧਾਰ ਪੂਰੀ ਦੁਨੀਆਂ ਹੈ। ਸੋਸ਼ਲ ਮੀਡੀਏ ਦੀ ਵਰਤੋਂ ਲੋਕ ਭਾਵੇਂ ਆਪੋ-ਆਪਣੀਆਂ ਭਾਸ਼ਾਵਾਂ ਵਿਚ ਹੀ ਕਰਦੇ ਹਨ। ਪਰ ਸੋਸ਼ਲ ਮੀਡੀਏ ਦਾ ਜ਼ਰੀਆ ਇੰਟਰਨੈੱਟ ਪੂਰੀ ਦੁਨੀਆਂ ਵਿਚ ਇਕੋ ਹੀ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵਾਪਰੀ ਘਟਨਾ ਮਿੰਟਾਂ-ਸਕਿੰਟਾਂ ਵਿਚ ਸੋਸ਼ਲ ਮੀਡੀਆ ਪੂਰੀ ਦੁਨੀਆਂ ਵਿਚ ਫੈਲਾ ਦਿੰਦਾ ਹੈ।
ਹੈਰਾਨੀਜਨਕ ਗੱਲ ਇਹ ਹੈ ਕਿ ਬਹੁਤ ਵਾਰੀ ਦੁਨੀਆਂ ਦੇ ਕਿਸੇ ਖੇਤਰ ਵਿਚ ਵਾਪਰਦੀ ਦਰਦਨਾਕ, ਰਹੱਸਮਈ ਜਾਂ ਫਿਰ ਖੁਸ਼ੀ ਭਰੀ ਖ਼ਬਰ ਦੀ ਲਾਈਵ ਰਿਪੋਰਟਿੰਗ ਵੀ ਕਰ ਦਿੱਤੀ ਜਾਂਦੀ ਹੈ। ਭਾਵ ਕਿਸੇ ਘਟਨਾ ਦੀ ਨਾਲੋਂ-ਨਾਲ ਪੂਰੀ ਦੁਨੀਆਂ ਅੰਦਰ ਜਾਣਕਾਰੀ ਦਿੱਤੀ ਜਾ ਰਹੀ ਹੁੰਦੀ ਹੈ। ਇਹ ਜਾਣਕਾਰੀ ਸਿਰਫ ਬੋਲ ਕੇ ਹੀ ਨਹੀਂ, ਸਗੋਂ ਉਹ ਘਟਨਾ ਦੀ ਹੂ-ਬ-ਹੂ ਲੋਕਾਂ ਨੂੰ ਸਾਹਮਣੇ ਵਾਪਰ ਰਹੀ ਵੀ ਦਿਖਾਈ ਦੇ ਰਹੀ ਹੁੰਦੀ ਹੈ। ਇੰਨਾ ਤੇਜ਼-ਤਰਾਰ ਮੀਡੀਆ ਸ਼ਾਇਦ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਪੂਰੀ ਦੁਨੀਆਂ ਵਿਚ ਇਕੋ ਸਮੇਂ ਨਾਲੋਂ-ਨਾਲ, ਬਿਨਾਂ ਕਿਸੇ ਰੋਕ-ਟੋਕ ਲੋਕਾਂ ਨੂੰ ਘਰ ਬੈਠਿਆਂ ਹੀ ਜਾਣਕਾਰੀ ਮੁਹੱਈਆ ਹੋ ਰਹੀ ਹੈ। ਸੋਸ਼ਲ ਮੀਡੀਏ ਦਾ ਇਕ ਇਹ ਪੱਖ ਵੀ ਬੜਾ ਅਹਿਮ ਹੈ ਕਿ ਇਸ ਮੀਡੀਏ ਨੂੰ ਹਾਸਲ ਕਰਨ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਬਾਹਰੋਂ ਕਿਧਰੋਂ ਕੋਈ ਮੈਗਜ਼ੀਨ, ਅਖ਼ਬਾਰ ਜਾਂ ਹੋਰ ਕੋਈ ਵਸਤੂ ਲਿਆਂਦੀ ਜਾਂਦੀ ਹੈ। ਬੱਸ ਤੁਸੀਂ ਆਪਣੇ ਘਰ ਜਾਂ ਦਫਤਰ ਬੈਠਿਆਂ ਜਾਂ ਸਫਰ ਕਰਦਿਆਂ ਆਪਣੇ ਫੋਨ ਉੱਤੇ ਫੇਸਬੁੱਕ, ਵੱਟਸਐਪ, ਟਵਿੱਟਰ ਜਾਂ ਹੋਰ ਐਪ ਖੋਲ੍ਹੋ ਅਤੇ ਦੁਨੀਆਂ ਭਰ ਵਿਚ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਹਾਸਲ ਕਰੋ।
ਇੰਨਾ ਹੀ ਨਹੀਂ, ਫੇਸਬੁੱਕ ਦੀ ਦੁਨੀਆਂ ਦਾ ਘੇਰਾ ਇੰਨਾ ਵਿਸ਼ਾਲ ਹੋ ਗਿਆ ਹੈ ਕਿ ਵੱਖ-ਵੱਖ ਥਾਵਾਂ ‘ਤੇ ਬੈਠੇ ਲੋਕ ਫੇਸਬੁੱਕ ਜ਼ਰੀਏ ਇਕ ਦੂਜੇ ਨਾਲ ਗੱਲਾਂ ਕਰ ਸਕਦੇ ਹਨ। ਵਿਚਾਰਧਾਰਕ ਵਿਚਾਰ-ਵਟਾਂਦਰਾ ਕਰ ਸਕਦੇ ਹਨ। ਇਕ ਦੂਜੇ ਥਾਈਂ ਸੂਚਨਾਵਾਂ ਸ਼ੇਅਰ ਕਰ ਸਕਦੇ ਹਨ ਅਤੇ ਹੱਦ ਇਹ ਕਿ ਕਿਸੇ ਘਟਨਾ ਦੀ ਲਾਈਵ ਰਿਪੋਰਟਿੰਗ ਵੀ ਕੀਤੀ ਜਾ ਸਕਦੀ ਹੈ ਅਤੇ ਹੋ ਰਹੀ ਹੈ। ਪਿਛਲੇ 10 ਕੁ ਸਾਲਾਂ ਵਿਚ ਸੋਸ਼ਲ ਮੀਡੀਆ ਇੰਨਾ ਵਿਆਪਕ ਆਕਾਰ ਹਾਸਲ ਕਰ ਗਿਆ ਹੈ ਕਿ ਦੂਰ-ਦੁਰਾਡੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਸਲੱਮ ਏਰੀਆ ਵਿਚ ਵੱਸਦੇ ਪੱਛੜੇ ਵਰਗਾਂ ਦੇ ਲੋਕ ਵੀ ਹੁਣ ਜੇਬਾਂ ਵਿਚ ਰੱਖੇ ਸਮਾਰਟ ਫੋਨ ਕੱਢ ਕੇ ਸੋਸ਼ਲ ਮੀਡੀਆ ਨਾਲ ਜੁੜੇ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਏ ਦੀ ਇਕ ਵਿਲੱਖਣ ਗੱਲ ਇਹ ਵੀ ਹੈ ਕਿ ਇਸ ਨੇ ਹਰ ਵਿਅਕਤੀ ਨੂੰ ਪੱਤਰਕਾਰ, ਲੇਖਕ ਅਤੇ ਆਲੋਚਕ ਬਣਾ ਦਿੱਤਾ ਹੈ। ਹਰ ਕੋਈ ਕਿਸੇ ਵੀ ਮਾਮਲੇ ਬਾਰੇ ਪੋਸਟ ਭੇਜ ਸਕਦਾ ਹੈ, ਉਸ ਉਪਰ ਕੁਮੈਂਟ ਕਰ ਸਕਦਾ ਹੈ ਅਤੇ ਉਸ ਦੀ ਆਪਣੀ ਮਰਜ਼ੀ ਮੁਤਾਬਕ ਆਲੋਚਨਾ ਵੀ ਕਰ ਸਕਦਾ ਹੈ। ਇਸ ਮੀਡੀਏ ਉਪਰ ਕਿਸੇ ਦੀ ਕੋਈ ਬੰਦਿਸ਼ ਨਹੀਂ। ਇਹ ਮੀਡੀਆ ਪੂਰੀ ਤੁਰ੍ਹਾਂ ਖੁੱਲ੍ਹ ਖੇਡਣ ਲਈ ਆਜ਼ਾਦ ਹੈ ਅਤੇ ਹਰ ਕੋਈ ਆਪਣੀ ਪੂਰੀ ਆਜ਼ਾਦੀ ਨਾਲ ਇਸ ਮੀਡੀਏ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ ਹੈ। ਸੋਸ਼ਲ ਮੀਡੀਏ ਦੇ ਅਜਿਹੇ ਹਾਂ-ਪੱਖਾਂ ਨੇ ਸੋਸ਼ਲ ਮੀਡੀਏ ਨੂੰ ਕੁੱਝ ਹੀ ਸਾਲਾਂ ਵਿਚ ਵਿਆਪਕ ਪ੍ਰਵਾਨਗੀ ਹਾਸਲ ਕਰਵਾ ਦਿੱਤੀ ਹੈ। ਅੱਜ ਸੋਸ਼ਲ ਮੀਡੀਆ ਪਿੰ੍ਰਟ ਅਤੇ ਇਲੈਕਟ੍ਰਾਨਿਕ ਮੀਡੀਏ ਤੋਂ ਪਾਪੂਲਰ ਹੋ ਰਿਹਾ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ ਇਕ ਮਜ਼ਬੂਤ ਥੰਮ੍ਹ ਬਣ ਕੇ ਅੱਗੇ ਆਇਆ ਹੈ ਅਤੇ ਇਸ ਦੇ ਬੜੇ ਵੱਡੇ ਹਾਂ-ਪੱਖ ਹਨ। ਪਰ ਇਸ ਦੇ ਨਾਲ ਸੋਸ਼ਲ ਮੀਡੀਆ ਦੇ ਕੁੱਝ ਨਾਂਹ-ਪੱਖ ਵੀ ਸਾਹਮਣੇ ਆ ਰਹੇ ਹਨ। ਬਹੁਤ ਸਾਰੇ ਮੁੱਦਿਆਂ ‘ਤੇ ਸੋਸ਼ਲ ਮੀਡੀਆ ਉਪਰ ਬਹਿਸ ਵੀ ਚੱਲਦੀ ਰਹਿੰਦੀ ਹੈ। ਪਰ ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਕੁੱਝ ਲੋਕਾਂ ਨੇ ਸੋਸ਼ਲ ਮੀਡੀਏ ਦੀ ਉਸਾਰੂ ਭੂਮਿਕਾ ਨੂੰ ਸੱਟ ਮਾਰਦਿਆਂ ਆਪਣੀ ਨਿੱਜੀ ਭੜਾਸ ਕੱਢਣ ਦਾ ਸਾਧਨ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜਕੱਲ੍ਹ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ, ਖਾਸਕਰ ਫੇਸਬੁੱਕ ਉਪਰ ਨਿੱਜੀ ਅਤੇ ਪਰਿਵਾਰਕ ਰੰਜ਼ਿਸ਼ ਕੱਢਣ ਦਾ ਯਤਨ ਕਰਦੇ ਹਨ। ਕਈ ਲੋਕ ਅਕਸਰ ਇਕ ਦੂਜੇ ਦੇ ਪਰਿਵਾਰਾਂ ਬਾਰੇ ਘਟੀਆ ਇਲਜ਼ਾਮਬਾਜ਼ੀ ਕਰਦੇ ਵੀ ਦੇਖੇ ਜਾਂਦੇ ਹਨ। ਕਈ ਤਾਂ ਇਥੋਂ ਤੱਕ ਕਿ ਇਕ ਦੂਜੇ ਨੂੰ ਫੇਸਬੁੱਕ ਉਪਰ ਸ਼ਰੇਆਮ ਗੰਦੀਆਂ ਗਾਲ੍ਹਾਂ ਕੱਢਣ ਤੋਂ ਗੁਰੇਜ਼ ਨਹੀਂ ਕਰਦੇ। ਬਹੁਤ ਸਾਰੇ ਲੋਕ ਫੇਸਬੁੱਕ ਉਪਰ ਇਕ ਦੂਜੇ ਦੇ ਪਰਿਵਾਰ ਬਾਰੇ ਬੇਹੱਦ ਨੀਵੇਂ ਪੱਧਰ ਦੀਆਂ ਗੱਲਾਂ ਕਰਦੇ ਵੀ ਦੇਖੇ ਗਏ ਹਨ। ਸੋਸ਼ਲ ਮੀਡੀਏ ਨੂੰ ਕੁੱਝ ਲੋਕ ਅਸ਼ਲੀਲਤਾ ਭੜਕਾਉਣ ਦਾ ਸਾਧਨ ਵੀ ਬਣਾ ਰਹੇ ਹਨ। ਕਈ ਵਾਰ ਰਾਜਸੀ ਅਤੇ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਉਨ੍ਹਾਂ ਖਿਲਾਫ ਝੂਠੇ ਦੂਸ਼ਣ ਅਤੇ ਬਹੁਤੀ ਨੀਵੇਂ ਪੱਧਰ ਦੀ ਇਲਜ਼ਾਮ ਤਰਾਸ਼ੀ ਵੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਅਜਿਹੀਆਂ ਹਰਕਤਾਂ ਨਾਲ ਨਾ ਤਾਂ ਸਮਾਜਿਕ ਤੌਰ ‘ਤੇ ਅਸੀਂ ਕੋਈ ਬਹੁਤੇ ਮਜ਼ਬੂਤ ਹੁੰਦੇ ਹਾਂ ਅਤੇ ਨਾ ਹੀ ਸਾਡੀਆਂ ਸੰਸਥਾਵਾਂ ਦਾ ਕੋਈ ਸੁਧਾਰ ਹੀ ਹੁੰਦਾ ਹੈ। ਸਗੋਂ ਉਲਟਾ ਹਰ ਕੋਈ ਆਪਣੀ ਅਜਿਹੀ ਭੜਾਸ ਕੱਢ ਕੇ ਜਿੱਥੇ ਆਪਸੀ ਰੰਜ਼ਿਸ਼ ਨੂੰ ਵਧਾਉਂਦਾ ਹੈ, ਉਥੇ ਸਮਾਜ ਅੰਦਰ ਵੀ ਗੰਦ ਪਾਉਣ ਦਾ ਕਾਰਨ ਬਣਦਾ ਹੈ।
ਫੇਸਬੁੱਕ ਸਿਰਫ ਜਾਤੀ ਰੰਜ਼ਿਸ਼ਾਂ ਕੱਢਣ ਲਈ ਨਹੀਂ ਬਣਿਆ। ਇਕ ਦੂਜੇ ਦੀਆਂ ਜਾਤੀ ਰੰਜਿਸ਼ਾਂ ਕੱਢਣ ਅਤੇ ਇਲਜ਼ਾਮ ਲਗਾਉਣ ‘ਤੇ ਜਿੰਨਾ ਸਮਾਂ ਬਰਬਾਦ ਕੀਤਾ ਜਾਂਦਾ ਹੈ, ਜੇ ਉਹੀ ਸਮਾਂ ਅਸੀਂ ਉਸਾਰੂ ਸੋਚ ਵੱਲ ਲਾਈਏ, ਤਾਂ ਸਾਡੇ ਸਮਾਜ ਦਾ ਭਲਾ ਹੋ ਸਕਦਾ ਹੈ। ਭੱਦੀ ਸ਼ਬਦਾਵਲੀ ਲਿਖਣ ਨਾਲ ਤੁਸੀਂ ਕੋਈ ਵੱਡੇ ਨਹੀਂ ਬਣ ਜਾਂਦੇ, ਸਗੋਂ ਤੁਹਾਡੀ ਅੰਦਰਲੀ ਕਾਬਲੀਅਤ, ਸ਼ਖਸੀਅਤ ਅਤੇ ਮਾਨਸਿਕਤਾ ਜੱਗ-ਜ਼ਾਹਿਰ ਹੋ ਜਾਂਦੀ ਹੈ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਤੁਹਾਡੇ ਵੱਲੋਂ ਬੋਲੀ ਜਾਂ ਲਿਖੀ ਗਈ ਸ਼ਬਦਾਵਲੀ ਤੁਹਾਡੇ ਪਰਿਵਾਰਕ ਮੈਂਬਰ ਵੀ ਪੜ੍ਹ-ਸੁਣ ਸਕਦੇ ਹਨ। ਸਿਆਣੇ ਕਹਿੰਦੇ ਹਨ ਕਿ ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੈ। ਤੁਹਾਡੇ ਵੱਲੋਂ ਕਹੇ ਹੋਏ ਸ਼ਬਦ ਸਮਾਜ ਨੂੰ ਨਖੇੜਦੇ ਹਨ।
ਅਸੀਂ ਵਿਦੇਸ਼ਾਂ ਵਿਚ ਆਣ ਕੇ ਵਸੇ ਹਾਂ। ਇਥੇ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਆਏ ਸੀ ਤੇ ਇਹ ਤਾਂ ਹੋ ਸਕਦਾ ਹੈ ਜੇ ਅਸੀਂ ਆਪਣੇ ਕੰਮਾਂ-ਕਾਰਾਂ ਅਤੇ ਆਪਣੇ ਪਰਿਵਾਰ ਵੱਲ ਜ਼ਿਆਦਾ ਧਿਆਨ ਦੇਈਏ। ਫੇਸਬੁੱਕ ਜਾਂ ਸੋਸ਼ਲ ਮੀਡੀਆ ਇਸ ਲਈ ਬਣਿਆ ਹੈ ਕਿ ਆਪਣੇ ਵੱਲੋਂ ਕੀਤੇ ਚੰਗੇ ਕੰਮਾਂ ਨੂੰ ਹੋਰਨਾਂ ਲੋਕਾਂ ਸਾਹਮਣੇ ਉਜਾਗਰ ਕੀਤਾ ਜਾਵੇ। ਸਾਡੇ ‘ਚੋਂ ਬਹੁਤੇ ਲੋਕ ਇਸ ਤਾਕ ਵਿਚ ਰਹਿੰਦੇ ਹਨ ਕਿ ਕਿਸੇ ਦੂਜੇ ਨੇ ਕੀ ਮਾੜਾ ਕੰਮ ਕੀਤਾ ਹੈ ਅਤੇ ਮੌਕਾ ਪੈਂਦਿਆਂ ਹੀ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਏ ‘ਤੇ ਬੈਠ ਜਾਂਦੇ ਹਨ ਅਤੇ ਊਟ-ਪਟਾਂਗ ਤੇ ਆਵਾ-ਧਾਵਾ ਬੋਲਣਾ ਸ਼ੁਰੂ ਹੋ ਜਾਂਦੇ ਹਨ। ਫੇਸਬੁੱਕ ‘ਤੇ ਕਿਸੇ ਦੂਜੇ ਦੀ ਬੁਰਾਈ ਕਰਨਾ ਉਹ ਆਪਣੀ ਸ਼ਾਨ ਸਮਝਦੇ ਹਨ ਅਤੇ ਦੇਖਦੇ ਰਹਿੰਦੇ ਹਨ ਕਿ ਸਾਨੂੰ ਕਿੰਨੇ ਲੋਕਾਂ ਨੇ ਲਾਈਕ ਕੀਤਾ ਹੈ। ਪੂਰੇ ਦਾ ਪੂਰਾ ਦਿਨ ਉਹ ਇਨ੍ਹਾਂ ਕੰਮਾਂ ਵਿਚ ਹੀ ਬਰਬਾਦ ਕਰ ਦਿੰਦੇ ਹਨ। ਬਜਾਏ ਲੋਕਾਂ ਦੇ ਨੁਕਸ ਕੱਢਣ ਦੇ, ਜੇ ਕਿਤੇ ਆਪਣੇ ਵੱਲੋਂ ਕੋਈ ਚੰਗਾ ਕੰਮ ਕੀਤਾ ਗਿਆ ਹੈ, ਤਾਂ ਬਿਹਤਰ ਹੈ ਕਿ ਉਨ੍ਹਾਂ ਕੰਮਾਂ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇ। ਤਾਂ ਜੋ ਇਕ ਸਿਹਤਮੰਦ ਸਮਾਜ ਸਿਰਜਿਆ ਜਾ ਸਕੇ। ਫੇਸਬੁੱਕ ਕਰਕੇ ਅੱਜ ਬਹੁਤ ਸਾਰੇ ਪ੍ਰਵਾਸੀ ਪਰਿਵਾਰਾਂ ਦੇ ਵਿਚ ਵੀ ਲੜਾਈਆਂ ਪੈ ਚੁੱਕੀਆਂ ਹਨ। ਕਿਉਂਕਿ ਇਸ ਵੱਲ ਨੂੰ ਰੁਝਾਨ ਹੋਣ ਕਾਰਨ ਬਹੁਤੇ ਲੋਕਾਂ ਦੇ ਕੰਮਕਾਰ ਵੀ ਪ੍ਰਭਾਵਿਤ ਹੋਏ ਹਨ। ਫੇਸਬੁੱਕ ‘ਤੇ ਵਿਅਸਤ ਰਹਿਣ ਕਾਰਨ ਕਈ ਘਰਾਂ ਵਿਚ ਤਲਾਕ ਤੱਕ ਵੀ ਹੋਣ ਦੀ ਨੌਬਤ ਆ ਗਈ ਹੈ।
ਫੇਸਬੁੱਕ ਰਾਹੀਂ ਬਹੁਤ ਸਾਰੀਆਂ ਕੰਪਨੀਆਂ ਆਪਣਾ ਵਪਾਰ ਕਰ ਰਹੀਆਂ ਹਨ। ਇਹ ਵਪਾਰ ਮਿਲੀਅਨ ਡਾਲਰਾਂ ਦੇ ਹਿਸਾਬ ਨਾਲ ਹੁੰਦੇ ਹਨ। ਉਹ ਕੰਪਨੀਆਂ ਇਸ ਨੂੰ ਵਪਾਰ ਤੱਕ ਹੀ ਸੀਮਤ ਰੱਖਦੀਆਂ ਹਨ। ਪਰ ਸਾਡੇ ਲੋਕ ਤਾਂ ਹਾਲੇ ਵੀ ਇਸ ਰਾਹੀਂ ਆਪਸੀ ਕਿੜਾਂ ਕੱਢਣ ਤੱਕ ਹੀ ਸੀਮਤ ਹਨ
ਫੇਸਬੁੱਕ ਨੂੰ ਜਾਤੀ ਰੰਜ਼ਿਸ਼ਾਂ ਅਤੇ ਭੜਾਸ ਕੱਢਣ ਦੀ ਥਾਂ ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਅਸੀਂ ਅਹਿਮ ਮੁੱਦਿਆਂ ਉਪਰ ਆਪਣੀ ਗੱਲਬਾਤ ਕਰੀਏ, ਬਹਿਸ ਛੇੜ ਸਕੀਏ ਅਤੇ ਕਿਸੇ ਨਤੀਜੇ ਉਪਰ ਪਹੁੰਚਿਆ ਜਾ ਸਕੇ। ਨਿੱਜੀ ਰੰਜ਼ਿਸ਼ ਅਤੇ ਭੜਾਸ ਦਾ ਜ਼ਰੀਆ ਬਣਨ ਕਾਰਨ ਇਸ ਤੇਜ਼-ਤਰਾਰ ਮੀਡੀਏ ਦੀ ਭਰੋਸੇਯੋਗਤਾ ਉਪਰ ਵੀ ਸੱਟ ਵੱਜਦੀ ਹੈ। ਕਿਉਂਕਿ ਜਦ ਲੋਕ ਘਟੀਆ ਕਿਸਮ ਦੀ ਇਲਜ਼ਾਮਬਾਜ਼ੀ ਅਤੇ ਬੇਹੱਦ ਨੀਵੇਂ ਪੱਧਰ ਦਾ ਪ੍ਰਚਾਰ ਇਸ ਮੀਡੀਏ ਵਿਚ ਦੇਖਣਗੇ, ਤਾਂ ਕੁਦਰਤੀ ਹੀ ਉਨ੍ਹਾਂ ਦਾ ਲਗਾਅ ਇਸ ਪਾਸਿਓਂ ਟੁੱਟੇਗਾ। ਇਹ ਆਪਣੇ ਆਪ ਵਿਚ ਹੀ ਬੇਹੱਦ ਨੁਕਸਾਨਦੇਹ ਗੱਲ ਹੋਵੇਗੀ। ਸਾਨੂੰ ਚਾਹੀਦਾ ਹੈ ਕਿ ਸਾਡੇ ਭਾਈਚਾਰੇ ਅਤੇ ਕੌਮ ਦੇ ਮਸਲੇ ਇਸ ਮੀਡੀਏ ਰਾਹੀਂ ਉਭਾਰੇ ਜਾਣ ਅਤੇ ਪ੍ਰਚਾਰੇ ਜਾਣ। ਲੋਕਾਂ ਦੀਆਂ ਮੁਸ਼ਕਲਾਂ ਨੂੰ ਉਭਾਰਨ ਅਤੇ ਹੱਲ ਕਰਨ ਲਈ ਇਸ ਮੀਡੀਏ ਨੂੰ ਵੀ ਜ਼ਰੀਆ ਬਣਾਇਆ ਜਾਵੇ। ਇਸੇ ਤਰ੍ਹਾਂ ਅਸੀਂ ਆਪਣੇ ਧਰਮ, ਵਿਰਾਸਤ ਅਤੇ ਫਲਸਫੇ ਬਾਰੇ ਵੀ ਸੋਸ਼ਲ ਮੀਡੀਏ ਦੀ ਵਰਤੋਂ ਕਰਕੇ ਦੁਨੀਆਂ ਵਿਚ ਪ੍ਰਚਾਰ ਸਕਦੇ ਹਾਂ। ਕਿਉਂਕਿ ਸਿੱਖ ਧਰਮ ਦਾ ਆਧਾਰ ਹੀ ਸਰਬੱਤ ਦੇ ਭਲੇ ਦਾ ਹੈ। ਖਾਲਸਾ ਪੂਰੀ ਦੁਨੀਆਂ ਵਿਚ ਸਭਨਾਂ ਦੇ ਭਲੇ ਦੀ ਗੱਲ ਕਰਦਾ ਹੈ। ਤੇ ਸਾਡੀ ਕਾਮਨਾ ਹੈ ਕਿ ਤੇਜ਼-ਤਰਾਰ ਸੋਸ਼ਲ ਮੀਡੀਆ ਸਾਡੇ ਚੰਗੇ ਵਿਚਾਰਾਂ ਅਤੇ ਸੁਪਨਿਆਂ ਦੇ ਸਾਕਾਰ ਹੋਣ ਦਾ ਸਾਧਨ ਬਣੇ।