ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸਿੱਖਾਂ ਉਪਰ ਕੇਂਦਰਿਤ ਰਹੀ ਟਰੂਡੋ ਦੀ ਭਾਰਤ ਫੇਰੀ
ਸਿੱਖਾਂ ਉਪਰ ਕੇਂਦਰਿਤ ਰਹੀ ਟਰੂਡੋ ਦੀ ਭਾਰਤ ਫੇਰੀ
Page Visitors: 2502

ਸਿੱਖਾਂ ਉਪਰ ਕੇਂਦਰਿਤ ਰਹੀ ਟਰੂਡੋ ਦੀ ਭਾਰਤ ਫੇਰੀਸਿੱਖਾਂ ਉਪਰ ਕੇਂਦਰਿਤ ਰਹੀ ਟਰੂਡੋ ਦੀ ਭਾਰਤ ਫੇਰੀ

February 28
10:32 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਹਫਤੇ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਇਕ ਹਫਤੇ ਦੇ ਭਾਰਤ ਦੌਰੇ ‘ਤੇ ਹੋ ਕੇ ਆਏ ਹਨ। ਉਨ੍ਹਾਂ ਨਾਲ ਗਏ ਵਫਦ ਵਿਚ ਚਾਰ ਪੰਜਾਬੀ ਮੂਲ ਦੇ ਸਿੱਖ ਵਜ਼ੀਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਂਬਰ ਪਾਰਲੀਮੈਂਟ ਵੀ ਸ਼ਾਮਲ ਸਨ। ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਭਾਵੇਂ ਆਗਰਾ, ਅਹਿਮਦਾਬਾਦ, ਮੁੰਬਈ, ਅੰਮ੍ਰਿਤਸਰ ਅਤੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਗਏ। ਅਖੀਰਲੇ ਦਿਨ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨਾਲ ਦੋਵਾਂ ਦੇਸ਼ਾਂ ਵਿਚਕਾਰ ਸੰਬੰਧਾਂ ਬਾਰੇ ਮੁਲਾਕਾਤ ਵੀ ਕੀਤੀ। ਪਰ ਸਮੁੱਚੇ ਤੌਰ ‘ਤੇ ਅਸੀਂ ਦੇਖਦੇ ਹਾਂ ਕਿ ਜਸਟਿਨ ਟਰੂਡੋ ਦੀ ਭਾਰਤ ਦੀ ਇਹ ਪਹਿਲੀ ਫੇਰੀ ਮੁੱਖ ਤੌਰ ‘ਤੇ ਸਿੱਖਾਂ ਦੁਆਲੇ ਹੀ ਕੇਂਦਰਿਤ ਰਹੀ।
   ਪਹਿਲਾਂ ਤਾਂ ਉਨ੍ਹਾਂ ਦੇ ਦੌਰੇ ਦਰਮਿਆਨ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਣ ਜਾਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਕਰਨ ਜਾਂ ਨਾ ਕਰਨ ਬਾਰੇ ਹੀ ਚਰਚਾ ਚੱਲਦੀ ਰਹੀ। ਜਸਟਿਨ ਟਰੂਡੋ ਦੇ ਕੈਨੇਡਾ ਸਰਕਾਰ ਵੱਲੋਂ ਬਣਾਏ ਪਹਿਲੇ ਪ੍ਰੋਗਰਾਮ ਵਿਚ ਅੰਮ੍ਰਿਤਸਰ ਵਿਖੇ ਕੈਪਟਨ ਨਾਲ ਮੁਲਾਕਾਤ ਦਾ ਕੋਈ ਜ਼ਿਕਰ ਨਹੀਂ ਸੀ। ਪਰ ਭਾਰਤ ਆਉਣ ਤੋਂ ਬਾਅਦ ਕੈਨੇਡਾ ਅਤੇ ਪੰਜਾਬ ਵਿਚਲੇ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਪ੍ਰਵਾਨ ਨਹੀਂ ਸੀ ਕਿ ਪੰਜਾਬ ਆਉਣ ਸਮੇਂ ਕੈਪਟਨ ਅਮਰਿੰਦਰ ਸਿੰਘ ਅਤੇ ਜਸਟਿਨ ਟਰੂਡੋ ਵਿਚਕਾਰ ਮੁਲਾਕਾਤ ਹੀ ਨਾ ਹੋਵੇ।
   ਆਖਿਰ ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਦੇ ਯਤਨਾਂ ਅਤੇ ਭਾਰਤ ਵਿਚ ਕੈਨੇਡਾ ਦੇ ਰਾਜਦੂਤ ਨਾਦੇਰ ਪਟੇਲ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਸ ਮੁੜਨ ਸਮੇਂ ਦੋਹਾਂ ਆਗੂਆਂ ਵਿਚਕਾਰ 20 ਕੁ ਮਿੰਟ ਦੇ ਕਰੀਬ ਇਕ ਹੋਟਲ ਵਿਚ ਮੁਲਾਕਾਤ ਹੋਈ। ਕੈਨੇਡਾ, ਪੰਜਾਬ ਅਤੇ ਪੰਜਾਬੀਆਂ ਦਾ ਸਭ ਤੋਂ ਸਹਿਯੋਗੀ ਦੇਸ਼ ਮੰਨਿਆ ਜਾ ਸਕਦਾ ਹੈ। ਇਸ ਸਮੇਂ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਖਾਸ ਕਰਕੇ ਸਿੱਖ ਆ ਵਸੇ ਹਨ।     
    ਕੈਨੇਡਾ ਇਸ ਵੇਲੇ ਇਕ ਅਜਿਹਾ ਦੇਸ਼ ਬਣ ਗਿਆ ਹੈ, ਜੋ ਸਿੱਖਾਂ ਲਈ ਬਹੁਤ ਹੀ ਸਹਿਜ ਅਤੇ ਸੁਭਾਵਿਕ ਥਾਂ ਹੈ। ਹੁਣ ਸਿੱਖਾਂ ਨੂੰ ਕੈਨੇਡਾ ਵਿਚ ਜਾ ਕੇ ਕਿਸੇ ਬਾਹਰਲੇ ਮੁਲਕ ਵਰਗਾ ਅਹਿਸਾਸ ਨਹੀਂ ਹੁੰਦਾ। ਉਥੋਂ ਦੇ ਖੁੱਲ੍ਹੇ-ਡੁੱਲੇ ਰਾਜਸੀ ਮਾਹੌਲ ਅਤੇ ਸਮਾਜਿਕ ਵਾਤਾਵਰਣ ਵਿਚ ਸਿੱਖ ਬਿਨਾਂ ਕਿਸੇ ਵਿਤਕਰੇ ਜਾਂ ਰੰਜ਼ਿਸ਼ ਦੇ ਆਪਣੇ ਮਨ ਦੀ ਹਰ ਗੱਲ ਪੂਰੀ ਕਰਨ ਦੇ ਸਮਰੱਥ ਹਨ।
     ਕੈਨੇਡਾ ਵਿਚ ਸਿੱਖ ਇਸ ਵੇਲੇ ਮੈਂਬਰ ਪਾਰਲੀਮੈਂਟ ਚੁਣੇ ਜਾ ਰਹੇ ਹਨ, ਫੈਡਰਲ ਅਤੇ ਸੂਬਾਈ ਸਰਕਾਰਾਂ ਵਿਚ ਮੰਤਰੀ ਬਣ ਰਹੇ ਹਨ, ਅਦਾਲਤਾਂ ਵਿਚ ਜੱਜ ਲੱਗ ਰਹੇ ਹਨ, ਕਈ ਸੂਬਿਆਂ ਵਿਚ ਪੁਲਿਸ ਚੀਫ ਦੇ ਅਹੁਦੇ ਸੰਭਾਲਦੇ ਹਨ। ਗੱਲ ਕੀ, ਕੈਨੇਡਾ ਵਿਚ ਪ੍ਰਸ਼ਾਸਨ ਅਤੇ ਸਮਾਜ ਦੇ ਹਰ ਖੇਤਰ ਵਿਚ ਸਿੱਖਾਂ ਅਤੇ ਪੰਜਾਬੀਆਂ ਦੀ ਬੱਲੇ-ਬੱਲੇ ਹੈ ਅਤੇ ਸਿੱਖ ਵੀ ਹੁਣ ਕੈਨੇਡੀਅਨ ਸਮਾਜ ਦਾ ਅੰਗ ਹੋਣ ਵਿਚ ਬੇਹੱਦ ਮਾਣ ਸਮਝਣ ਲੱਗੇ ਹਨ।
   ਸ. ਹਰਜੀਤ ਸਿੰਘ ਸੱਜਣ ਵਰਗੇ ਸਾਬਤ ਸੂਰਤ ਸਿੱਖ ਦਾ ਪਹਿਲਾਂ ਕੈਨੇਡਾ ਦੀ ਫੌਜ ਦਾ ਜਰਨੈਲ ਬਣਨਾ ਅਤੇ ਹੁਣ ਦੇਸ਼ ਦੀ ਰੱਖਿਆ ਕਮਾਨ ਸੰਭਾਲਣਾ ਉਥੇ ਸਿੱਖਾਂ ਲਈ ਬੇਹੱਦ ਗੌਰਵ ਅਤੇ ਮਾਣ ਵਾਲੀ ਗੱਲ ਹੈ। ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਬਣਨ ਬਾਅਦ ਸਿੱਖਾਂ ਨੂੰ ਆਪਣੀ ਸਰਕਾਰ ਵਿਚ ਜਿੰਨਾ ਮਾਣ-ਤਾਣ ਬਖਸ਼ਿਆ ਹੈ ਅਤੇ ਪੂਰੇ ਕੈਨੇਡਾ ਵਿਚ ਪੰਜਾਬੀਆਂ ਦੀ ਜਿਸ ਤਰ੍ਹਾਂ ਦੀ ਟੌਹਰ ਬਣਾਈ ਹੈ, ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਇਹੀ ਕਾਰਨ ਹੈ ਕਿ ਜਦ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਨਾਲ ਮੱਥਾ ਟੇਕਣ ਗਏ, ਤਾਂ ਸਿੱਖ ਭਾਈਚਾਰਾ ਉਨ੍ਹਾਂ ਦੇ ਸਨਮਾਨ ਵਿਚ ਅੱਖਾਂ ਵਿਛਾ ਕੇ ਉਡੀਕ ਕਰ ਰਿਹਾ ਸੀ।
    ਦਰਬਾਰ ਸਾਹਿਬ ਪੁੱਜਣ ਸਮੇਂ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਸਨਮਾਨ ਹੋਇਆ ਅਤੇ ਸਵਾਗਤ ਕੀਤਾ ਗਿਆ। ਖੁਦ ਟਰੂਡੋ ਅਤੇ ਪਰਿਵਾਰ ਨੇ ਇਕ ਸ਼ਰਧਾਵਾਨ ਵਜੋਂ ਇਸ ਪਵਿੱਤਰ ਅਸਥਾਨ ਵਿਖੇ ਮੱਥਾ ਟੇਕਿਆ ਅਤੇ ਲੰਗਰ ਦੀ ਸੇਵਾ ਕੀਤੀ। ਦਰਬਾਰ ਸਾਹਿਬ ਵਿਚ ਵਿਚਰਨ ਸਮੇਂ ਜਸਟਿਨ ਟਰੂਡੋ ਦੇ ਚਿਹਰੇ ‘ਤੇ ਆਈ ਲਾਲੀ ਉਨ੍ਹਾਂ ਦੇ ਇਥੇ ਪੁੱਜਣ ‘ਤੇ ਬੇਹੱਦ ਮਾਣ ਮਹਿਸੂਸ ਕਰਨ ਦਾ ਹੀ ਸੰਕੇਤ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਵਿਚ ਆਮਦ ਪੰਜਾਬ ਲਈ ਬਹੁਤ ਹੀ ਸੁਨਹਿਰੀ ਮੌਕਾ ਸੀ। ਇਸ ਮੌਕੇ ਪੰਜਾਬ ਸਰਕਾਰ ਨੂੰ ਜਸਟਿਨ ਟਰੂਡੋ ਨਾਲ ਪੰਜਾਬ ਵਿਚ ਪੂੰਜੀ ਨਿਵੇਸ਼ ਸਮੇਤ ਪੰਜਾਬ ਵਿਚੋਂ ਹੋਣ ਵਾਲੀ ਇੰਮੀਗ੍ਰੇਸ਼ਨ ਦੇ ਭਵਿੱਖ ਬਾਰੇ ਵਿਚਾਰਾਂ ਕਰਨ ਦੀ ਲੋੜ ਸੀ।
      ਵਰਣਨਯੋਗ ਹੈ ਕਿ ਇਸ ਵੇਲੇ ਹਰ ਸਾਲ 15 ਤੋਂ 20 ਹਜ਼ਾਰ ਪੰਜਾਬੀ ਵਿਦਿਆਰਥੀ ਕੈਨੇਡਾ ਨੂੰ ਪ੍ਰਵਾਸ ਕਰਦੇ ਹਨ। ਜੇ ਪੰਜਾਬ ਸਰਕਾਰ ਇਸੇ ਮੁੱਦੇ ‘ਤੇ ਕੇਂਦਰਿਤ ਕਰਕੇ ਕੋਈ ਸਾਰਥਿਕ ਹੁੰਗਾਰਾ ਹਾਸਲ ਕਰ ਲੈਂਦੀ, ਤਾਂ ਪੰਜਾਬ ਦੇ ਰੁਜ਼ਗਾਰ ਦੀ ਲਗਭਗ ਅੱਧੀ ਸਮੱਸਿਆ ਹੱਲ ਹੋ ਜਾਣੀ ਸੀ। ਕਿਉਂਕਿ ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਹਰ ਸਾਲ ਪੰਜਾਹ ਹਜ਼ਾਰ ਦੇ ਕਰੀਬ ਨੌਜਵਾਨ ਬੇਰੁਜ਼ਗਾਰਾਂ ਦੀ ਮੰਡੀ ਵਿਚ ਸ਼ਾਮਲ ਹੁੰਦੇ ਹਨ। ਪਰ ਮੰਦੇਭਾਗੀ ਪੰਜਾਬ ਸਰਕਾਰ, ਖਾਸਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਨ ਟਰੂਡੋ ਅਤੇ ਉਨ੍ਹਾਂ ਨਾਲ ਗਏ ਵਫਦ ਪ੍ਰਤੀ ਅਜਿਹਾ ਦੋਸਤਾਨਾ ਹੱਥ ਨਹੀਂ ਵਧਾਇਆ। ਉਲਟਾ ਸਗੋਂ ਕੂਟਨੀਤਿਕ ਸਿਸ਼ਟਾਚਾਰ ਦੇ ਨਿਵਾਣਾਂ ਵੱਲ ਜਾਂਦਿਆਂ ਚੰਦ ਕੁ ਮਿੰਟਾਂ ਦੀ ਹੋਈ ਮੁਲਾਕਾਤ ਵਿਚ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਅੱਗੇ ਖਾੜਕੂਆਂ ਦਾ ਮੁੱਦਾ ਲੈ ਬੈਠਾ ਅਤੇ ਕਹਿੰਦੇ ਹਨ ਕਿ 9 ਵਿਅਕਤੀਆਂ ਦੀ ਇਕ ਲਿਸਟ ਉਨ੍ਹਾਂ ਦੇ ਹੱਥ ਫੜਾਈ ਗਈ।
     ਅਖ਼ਬਾਰਾਂ ਵਿਚ ਉਡਦੀ ਖ਼ਬਰ ਇਹ ਵੀ ਛਪੀ ਹੈ ਕਿ 9 ਖਾੜਕੂਆਂ ਦੇ ਨਾਂਵਾਂ ਵਾਲੀ ਸੂਚੀ ਦਾ ਲਿਫਾਫਾ ਜਦ ਜਸਟਿਨ ਟਰੂਡੋ ਨੇ ਫੜਿਆ, ਤਾਂ ਉਨ੍ਹਾਂ ਤਨਜੀਆ ਲਹਿਜ਼ੇ ਵਿਚ ਮੁਸਕਰਾਉਂਦਿਆਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਸ ਸੂਚੀ ਵਿਚ ਮੇਰੇ ਮੰਤਰੀਆਂ ਦਾ ਨਾਂ ਨਹੀਂ ਹੋਵੇਗਾ। ਪੰਜਾਬ ਸਰਕਾਰ ਨੇ ਇਹ ਸੁਨਹਿਰੀ ਮੌਕਾ ਹੱਥੋਂ ਗਵਾ ਲਿਆ ਹੈ।
ਭਾਰਤ ਸਰਕਾਰ ਦਾ ਵਤੀਰਾ ਵੀ ਜਸਟਿਨ ਟਰੂਡੋ ਪ੍ਰਤੀ ਕੋਈ ਬਹੁਤਾ ਸਹਿਯੋਗੀ ਨਜ਼ਰ ਨਹੀਂ ਆਇਆ। ਪਹਿਲੇ ਦਿਨ ਹੀ ਉਨ੍ਹਾਂ ਦੇ ਸਵਾਗਤ ਲਈ ਹਵਾਈ ਅੱਡੇ ਉਪਰ ਕੋਈ ਅਹਿਮ ਅਧਿਕਾਰੀ ਜਾਂ ਵਜ਼ੀਰ ਸਵਾਗਤ ਲਈ ਨਹੀਂ ਪਹੁੰਚਿਆ। ਉਸ ਤੋਂ ਬਾਅਦ ਅਹਿਮਦਾਬਾਦ ਅਤੇ ਆਗਰਾ ਵਿਚ ਵੀ ਉਥੋਂ ਦੇ ਮੁੱਖ ਮੰਤਰੀ ਉਨ੍ਹਾਂ ਦੇ ਸਵਾਗਤ ਲਈ ਨਹੀਂ ਆਏ। ਹਾਲਾਂਕਿ ਇਸ ਤੋਂ ਪਹਿਲਾਂ ਜਾਪਾਨ ਅਤੇ ਹੋਰ ਮੁਲਕਾਂ ਦੇ ਮੁਖੀਆਂ ਦੇ ਪੁੱਜਣ ਸਮੇਂ ਇਹ ਆਗੂ ਅੱਖਾਂ ਵਿਛਾਈਂ ਫਿਰਦੇ ਰਹੇ ਹਨ।    
    ਭਾਰਤ ਸਰਕਾਰ ਦੇ ਇਸ ਵਤੀਰੇ ਦੀ ਭਾਰਤੀ ਅਤੇ ਕੈਨੇਡਾ ਦੇ ਮੀਡੀਏ ਵਿਚ ਖੂਬ ਚਰਚਾ ਵੀ ਚੱਲਦੀ ਰਹੀ। ਪਰ ਇਸ ਫੇਰੀ ਦੌਰਾਨ ਪਿੱਛੇ ਜਾ ਪਏ ਖਾਲਿਸਤਾਨ ਦੇ ਮੁੱਦੇ ਨੂੰ ਉਭਾਰ ਕੇ ਜਸਟਿਨ ਟਰੂਡੋ ਨੂੰ ਜਿੱਚ ਕਰਨ ਦਾ ਯਤਨ ਕੀਤਾ ਗਿਆ। ਪਰ ਹੁਣ ਖ਼ਬਰਾਂ ਇਹ ਆ ਰਹੀਆਂ ਹਨ ਕਿ ਖਾਲਿਸਤਾਨ ਦਾ ਹਊਆ ਖੁਦ ਭਾਰਤੀ ਸਰਕਾਰੀ ਏਜੰਸੀਆਂ ਦੇ ਇਸ਼ਾਰੇ ਉਪਰ ਹੀ ਖੜ੍ਹਾ ਕੀਤਾ ਗਿਆ। ਕੈਨੇਡਾ ਤੋਂ ਗਏ ਜਿਸ ਸਾਬਕਾ ਖਾੜਕੂ ਬਾਰੇ ਹੋ-ਹੱਲਾ ਖੜ੍ਹਾ ਕੀਤਾ ਗਿਆ, ਉਸ ਦਾ ਹੁਣ ਪਤਾ ਲੱਗਾ ਹੈ ਕਿ ਉਹ ਇਸ ਤੋਂ ਪਹਿਲਾਂ ਵੀ 5 ਵਾਰ ਭਾਰਤ ਜਾ ਚੁੱਕਾ ਸੀ। ਪਿਛਲੇ ਵਰ੍ਹੇ ਅਗਸਤ ਮਹੀਨੇ ਉਹ ਵਿਦੇਸ਼ ਅਤੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਨਵੀਂ ਦਿੱਲੀ ਵਿਖੇ ਮਿਲਦਾ ਵੀ ਰਿਹਾ ਹੈ। ਅਜਿਹੇ ਵਿਅਕਤੀ ਦੇ ਵੀਜ਼ੇ ਬਾਰੇ ਜੇ ਸਵਾਲ ਉੱਠਣਾ ਸੀ, ਤਾਂ ਉਹ ਭਾਰਤੀ ਅਧਿਕਾਰੀਆਂ ਉਪਰ ਉੱਠਣਾ ਚਾਹੀਦਾ ਸੀ ਕਿ ਭਾਰਤੀ ਅਧਿਕਾਰੀਆਂ ਨੇ ਉਸ ਨੂੰ ਵੀਜ਼ਾ ਕਿਵੇਂ ਦੇ ਦਿੱਤਾ। ਉਲਟਾ ਸਗੋਂ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਸਰਕਾਰ ਬਾਰੇ ਮੀਡੀਏ ਵਿਚ ਅਜਿਹਾ ਗੁਭਾਰ ਖੜ੍ਹਾ ਕੀਤਾ ਗਿਆ, ਜਿਵੇਂ ਕੈਨੇਡਾ ਖਾਲਿਸਤਾਨੀਆਂ ਲਈ ਵੱਡੀ ਠਾਹਰ ਬਣ ਗਿਆ ਹੋਵੇ ਅਤੇ ਜਸਟਿਨ ਟਰੂਡੋ ਉਨ੍ਹਾਂ ‘ਚੋਂ ਕੁੱਝ ਨੂੰ ਭਾਰਤ ਵੀ ਨਾਲ ਲੈ ਆਇਆ ਹੋਵੇ। ਇਹ ਬੇਹੱਦ ਮੰਦਭਾਗੀ ਗੱਲ ਹੈ। ਇਹ ਤਾਂ ਹੋ ਸਕਦਾ ਹੈ ਕਿ ਭਾਰਤ ਵਿਚ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਨਰਿੰਦਰ ਮੋਦੀ ਨੂੰ ਇਹ ਪੈਂਤੜਾ ਫਿੱਟ ਬੈਠਦਾ ਹੋਵੇ, ਕਿਉਂਕਿ ਉਹ ਖਾਲਿਸਤਾਨ ਦਾ ਹਊਆ ਖੜ੍ਹਾ ਕਰਕੇ ਹਿੰਦੂ ਬਹੁਗਿਣਤੀ ਵਿਚ ਆਪਣੀ ਭੱਲ ਮੁੜ ਮਜ਼ਬੂਤ ਕਰਨਾ ਚਾਹੁੰਦੇ ਹੋਣ।          ਪਰ ਭਾਰਤ ਅਤੇ ਖਾਸਕਰ ਕਰਕੇ ਸਿੱਖਾਂ ਲਈ ਅਜਿਹਾ ਵਤੀਰਾ ਬੇਹੱਦ ਮੰਦਭਾਗਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਇਕ ਮਜ਼ਬੂਤ ਆਰਥਿਕਤਾ ਵਾਲਾ ਦੇਸ਼ ਹੈ ਅਤੇ ਭਾਰਤ ਤੇ ਕੈਨੇਡਾ ਵਿਚਕਾਰ ਦੁਵੱਲੇ ਸੰਬੰਧਾਂ ਦਾ ਲਾਭ ਵਧੇਰੇ ਕਰਕੇ ਭਾਰਤ ਨੂੰ ਹੋਣਾ ਹੈ।
     ਇਸ ਸਮੇਂ ਜਦ ਭਾਰਤ ਦੱਖਣੀ ਏਸ਼ੀਆ ਵਿਚ ਵਿਰੋਧੀ ਗੁਆਂਢੀਆਂ ਦਰਮਿਆਨ ਘਿਰਿਆ ਹੋਇਆ ਹੈ। ਇਕ ਪਾਸੇ ਪਾਕਿਸਤਾਨ ਉਸ ਨੂੰ ਅੱਖਾਂ ਦਿਖਾਉਂਦਾ ਹੈ, ਦੂਸਰੇ ਪਾਸੇ ਚੀਨ ਵੀ ਘੱਟ ਨਹੀਂ ਕਰ ਰਿਹਾ। ਨੇਪਾਲ ਅੱਖਾਂ ਫੇਰ ਗਿਆ ਹੈ ਅਤੇ ਬੰਗਲਾਦੇਸ਼ ਨਾਲ ਬਣਦੀ ਨਹੀਂ। ਅਜਿਹੀ ਹਾਲਤ ਵਿਚ ਭਾਰਤ ਵੱਲੋਂ ਕੈਨੇਡਾ ਨਾਲ ਵੀ ਆਪਣੇ ਸੰਬੰਧ ਮਜ਼ਬੂਤ ਅਤੇ ਸੁਖਾਵੇਂ ਨਾ ਬਣਾਉਣੇ ਵੱਡੀ ਗਲਤੀ ਹੋਵੇਗੀ।
ਟਰੂਡੋ ਦੀ ਮੌਜੂਦਾ ਫੇਰੀ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਦੋਵਾਂ ਦੇਸ਼ਾਂ ਵਿਚ ਆਪਸੀ ਸੰਬੰਧ ਸੁਧਾਰਨ ਵੱਲ ਘੱਟ ਅਤੇ ਆਪਸੀ ਫਿੱਕ ਤੇ ਗਿਲੇ-ਸ਼ਿਕਵੇ ਵਧਾਉਣ ਵੱਲ ਵਧੇਰੇ ਰੁਚਿਤ ਰਹੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.