ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸੀਰੀਆ ‘ਚ ਹੋ ਰਿਹੈ ਮਨੁੱਖਤਾ ਦਾ ਘਾਣ
ਸੀਰੀਆ ‘ਚ ਹੋ ਰਿਹੈ ਮਨੁੱਖਤਾ ਦਾ ਘਾਣ
Page Visitors: 2508

ਸੀਰੀਆ ‘ਚ ਹੋ ਰਿਹੈ ਮਨੁੱਖਤਾ ਦਾ ਘਾਣਸੀਰੀਆ ‘ਚ ਹੋ ਰਿਹੈ ਮਨੁੱਖਤਾ ਦਾ ਘਾਣ

March 07
10:30 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਸੀਰੀਆ ਇਸ ਵੇਲੇ ਇਕ ਅਜਿਹੀ ਅੰਨ੍ਹੀਂ ਜੰਗ ਵਿਚ ਧੱਕਿਆ ਹੋਇਆ ਹੈ, ਜਿਸ ਵਿਚ ਉਥੋਂ ਦੇ ਲੋਕਾਂ ਦਾ ਵੱਡੀ ਪੱਧਰ ‘ਤੇ ਕਤਲੇਆਮ ਹੋ ਰਿਹਾ ਹੈ। ਹਰ ਰੋਜ਼ ਹੋ ਰਹੀ ਬੰਬਾਰੀ ਅਤੇ ਹਵਾਈ ਜਹਾਜ਼ਾਂ ਦੇ ਵਰ੍ਹਦੇ ਗੋਲ਼ੇ ਲੋਕਾਂ ਦੇ ਸੀਨੇ ਚੀਰ ਰਹੇ ਹਨ, ਇਥੋਂ ਤੱਕ ਕਿ ਕਈ ਮੌਕਿਆਂ ‘ਤੇ ਕੈਮੀਕਲ ਬੰਬ ਵਰਤੇ ਜਾਣ ਦੇ ਵੀ ਸੰਕੇਤ ਮਿਲ ਰਹੇ ਹਨ। ਬਾਗੀਆਂ ਦੇ ਕਬਜ਼ੇ ਵਾਲੇ ਪੂਰਬੀ ਗੋਟਾ ਸ਼ਹਿਰ ਵਿਚ ਦੋ ਦਿਨਾਂ ਵਿਚ ਹੀ 259 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। 2013 ਤੋਂ ਬਾਅਦ ਇਹ ਸਭ ਤੋਂ ਵੱਡੀ ਘਟਨਾ ਕਹੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਨੇ ਸੀਰੀਆ ਵਿਚ ਹੋ ਰਹੇ ਕਤਲੇਆਮ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਉਥੇ ਹਾਲਾਤ ਬੇਕਾਬੂ ਹੋ ਰਹੇ ਹਨ। ਲੋਕਾਂ ਦੇ ਇਲਾਜ ਵਾਲੇ ਹਸਪਤਾਲਾਂ ਉਪਰ ਵੀ ਬੰਬ ਸੁੱਟੇ ਜਾ ਰਹੇ ਹਨ। ਬਹੁਤ ਸਾਰੀਆਂ ਰੈਸਕਿਊ ਟੀਮਾਂ ਵੀ ਇਨ੍ਹਾਂ ਹਮਲਿਆਂ ਦਾ ਸ਼ਿਕਾਰ ਹੋਈਆਂ ਹਨ। ਬੰਬ ਡਿੱਗਣ ਕਾਰਨ ਕਈ ਹਸਪਤਾਲਾਂ ਨੇ ਡਾਕਟਰੀ ਇਲਾਜ ਹੀ ਬੰਦ ਕਰ ਦਿੱਤਾ ਹੈ।
ਪਿਛਲੇ 7 ਸਾਲਾਂ ਤੋਂ ਬਾਗੀਆਂ ਦੇ ਕਬਜ਼ੇ ਹੇਠਲੇ ਇਲਾਕਿਆਂ ਦੀ ਘੇਰਾਬੰਦੀ ਨੂੰ ਖਤਮ ਕਰਾਉਣ ਲਈ ਖੇਤਰੀ ਅਤੇ ਕੌਮਾਂਤਰੀ ਦਖਲ ਕੋਈ ਅਸਰ ਨਹੀਂ ਪਾ ਸਕਿਆ, ਸਗੋਂ ਇਸ ਦੇ ਉਲਟ ਰੂਸ ਅਤੇ ਇਰਾਨ ਦੀ ਮਦਦ ਨਾਲ ਅਸਧ ਸਰਕਾਰ ਬਾਗੀਆਂ ਦੇ ਕਬਜ਼ੇ ਹੇਠਲੇ ਖੇਤਰਾਂ ਉਪਰ ਹਮਲੇ ਤੇਜ਼ ਕਰ ਰਹੀ ਹੈ। ਉਹ ਬਾਗੀਆਂ ਦੇ ਕਬਜ਼ੇ ਹੇਠਲੇ ਖੇਤਰ ਉਪਰ ਫੌਜੀ ਜਿੱਤ ਲਈ ਬਜ਼ਿੱਦ ਹਨ। ਗੱਲਬਾਤ ਰਾਹੀਂ ਮਸਲੇ ਦਾ ਸਿਆਸੀ ਹੱਲ ਕਰਨ ਲਈ ਕਿਧਰੇ ਵੀ ਕੋਈ ਗੱਲ ਨਹੀਂ ਤੁਰ ਰਹੀ। 2013 ਵਿਚ ਪੂਰਬੀ ਗੋਟਾ ਵਿਖੇ 1300 ਤੋਂ ਵਧੇਰੇ ਲੋਕ ਮਾਰੇ ਗਏ ਸਨ। ਇਸ ਨੂੰ 21ਵੀਂ ਸਦੀ ਦੀ ਸਭ ਤੋਂ ਵੱਡੀ ਤ੍ਰਾਸਦੀ ਕਿਹਾ ਗਿਆ ਸੀ।
    ਅਸਲ ਵਿਚ ਸੀਰੀਆ ਦੇ ਸੰਕਟ ਦੀਆਂ ਜੜ੍ਹਾਂ ਅਮਰੀਕੀ ਅਤੇ ਰੂਸੀ ਸਾਮਰਾਜ ਦੀਆਂ ਸੰਸਾਰ ਦੇ ਵੱਧ ਤੋਂ ਵੱਧ ਹਿੱਸੇ ਉਪਰ ਕਬਜ਼ੇ ਦੀ ਹਵਸ ਦਾ ਨਤੀਜਾ ਹੈ। ਦੋਵੇਂ ਸ਼ਕਤੀਆਂ ਇਸ ਵੇਲੇ ਤੇਲ ਦੇ ਭੰਡਾਰ ਮੱਧ ਪੂਰਬ ਉਪਰ ਆਪਣਾ ਕਬਜ਼ਾ ਜਮਾਉਣ ਲਈ ਜਾਨ ਹੂਲਵੀਂ ਲੜਾਈ ਲੜ ਰਹੀਆਂ ਹਨ। ਦੋਵਾਂ ਹੀ ਸ਼ਕਤੀਆਂ ਦੇ ਹਿੱਤ ਇੰਨੇ ਦਾਅ ਉਪਰ ਲੱਗੇ ਹਨ ਕਿ ਕਿਸੇ ਦੇ ਵੀ ਹੱਥੋਂ ਸੀਰੀਆ ਦੇ ਚਲੇ ਜਾਣ ਨਾਲ ਮੱਧ ਪੂਰਬ ਵਿਚ ਉਨ੍ਹਾਂ ਦੀ ਹੋਂਦ ਅਤੇ ਹਸਤੀ ਨੂੰ ਵੱਡਾ ਹਰਜਾ ਪੁੱਜ ਸਕਦਾ ਹੈ। ਇਸੇ ਕਰਕੇ ਦੋਵੇਂ ਸ਼ਕਤੀਆਂ ਇਸ ਖੇਤਰ ਵਿਚ ਕਤਲੇਆਮ ਦੇ ਮੱਚ ਰਹੇ ਧਮੱਚੜ ਤੋਂ ਵੀ ਪਿੱਛੇ ਹਟਣ ਲਈ ਤਿਆਰ ਨਹੀਂ। ਉਨ੍ਹਾਂ ਦਾ ਇਕੋ ਇਕ ਮਨਸ਼ਾ ਇਹ ਹੈ ਕਿ ਕਿਸੇ ਵੀ ਕੀਮਤ ਉਪਰ ਸੀਰੀਆ ਉਪਰ ਕਬਜ਼ਾ ਜਮਾਇਆ ਜਾਵੇ। ਰੂਸੀ ਸਰਕਾਰ ਅਸਧ ਸਰਕਾਰ ਨੂੰ ਪੂਰੇ ਸੀਰੀਆ ਦਾ ਮਾਲਕ ਬਣਾ ਕੇ ਇਸ ਖਿੱਤੇ ਵਿਚ ਆਪਣੇ ਪੈਰ ਟਿਕਾਉਣ ਦੇ ਯਤਨਾਂ ਵਿਚ ਹੈ। ਜਦਕਿ ਅਮਰੀਕੀ ਸਾਮਰਾਜ ਸੀਰੀਆ ਵਿਚੋਂ ਰੂਸੀ ਦਖਲ ਖਤਮ ਕਰਕੇ ਪੂਰੇ ਮੱਧ ਪੂਰਬ ਵਿਚ ਆਪਣਾ ਝੰਡਾ ਝੁਲਾਉਣ ਉਪਰ ਅੜ੍ਹਿਆ ਹੋਇਆ ਹੈ। ਭਾਵੇਂ ਰੂਸ ਅਤੇ ਅਮਰੀਕਾ ਦੋਵੇਂ ਹੀ ਸੀਰੀਆ ਉਪਰ ਹਮਲੇ ਲਈ ਇਸਲਾਮੀ ਕੱਟੜਪੰਥੀ ਆਈ.ਐੱਸ. ਨੂੰ ਆਪਣਾ ਨਿਸ਼ਾਨਾ ਦੱਸ ਰਹੇ ਹਨ। ਪਰ ਇਹ ਗੱਲ ਮਹਿਜ਼ ਇਕ ਬਹਾਨਾ ਹੈ। ਦੋਵਾਂ ਦੇ ਹਿੱਤ ਆਪੋ-ਆਪਣੇ ਹਨ।
ਅਮਰੀਕਾ ਇਸ ਪੂਰੇ ਖਿੱਤੇ ਵਿਚ ਆਪਣੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਸੀਰੀਆ ਉਪਰ ਕੰਟਰੋਲ ਚਾਹੁੰਦਾ ਹੈ, ਕਿਉਂ ਜੋ ਇਸ ਦੇ ਨਾਲ ਲੱਗਦੇ ਮੁਲਕ ਤੁਰਕੀ, ਇਜ਼ਰਾਈਲ, ਸਾਊਦੀ ਅਰਬ ਅਤੇ ਇਰਾਕ ਉਪਰ ਉਸ ਦਾ ਪਹਿਲਾਂ ਹੀ ਘੱਟ-ਵੱਧ ਕੰਟਰੋਲ ਹੈ। ਸੀਰੀਆ ਵਿਚ ਵੀ ਆਪਣੀ ਮਨਪਸੰਦ ਸਰਕਾਰ ਬਿਠਾ ਕੇ ਉਹ ਇਸ ਖਿੱਤੇ ਵਿਚ ਬਚਦੇ ਆਪਣੇ ਇਕੋ-ਇਕ ਵਿਰੋਧੀ ਇਰਾਨ ਨੂੰ ਵੀ ਘੇਰ ਸਕੇਗਾ ਅਤੇ ਆਪਣੀ ਨੀਤੀਆਂ ਲਾਗੂ ਕਰਨ ਲਈ ਮਜਬੂਰ ਕਰ ਸਕੇਗਾ। ਪਰ ਨਾਲ ਹੀ ਰੂਸ ਲਈ ਸੀਰੀਆ ਪੂਰੇ ਮੱਧ ਪੂਰਬੀ ਖਿੱਤੇ ਵਿਚ ਇਕੋ ਸਹਿਯੋਗੀ ਹੈ। ਇਸ ਜ਼ਰੀਏ ਉਹ ਪੂਰੇ ਖਿੱਤੇ ਵਿਚ ਆਪਣੀ ਲੱਤ ਅੜਾਈ ਰੱਖ ਸਕਦਾ ਹੈ। ਸਾਬਕਾ ਸੋਵੀਅਤ ਯੂਨੀਅਨ ਵਿਚ ਸ਼ਾਮਲ ਪੂਰਬੀ ਯੂਰਪ ਦੇ ਮੌਜੂਦਾ ਮੁਲਕਾਂ ਨੂੰ ਛੱਡ ਦੇਈਏ, ਤਾਂ ਇਨ੍ਹਾਂ ਮੁਲਕਾਂ ਤੋਂ ਬਾਹਰ ਰੂਸ ਦੇ ਕੇਵਲ ਦੋ ਫੌਜੀ ਟਿਕਾਣੇ ਹਨ, ਇਕ ਵੀਅਤਨਾਮ ਵਿਚ ਅਤੇ ਦੂਜਾ ਸੀਰੀਆ ਵਿਚ।
ਦੂਜਾ, ਜੇਕਰ ਸੀਰੀਆ ਅਮਰੀਕੀ ਕੰਟਰੋਲ ਹੇਠ ਆ ਜਾਂਦਾ ਹੈ, ਤਾਂ ਅਮਰੀਕਾ ਨੂੰ ਕਤਰ ਤੋਂ ਲੈ ਕੇ ਸਿੱਧੀ ਪੱਛਮੀ ਯੂਰਪ ਤੱਕ ਗੈਸ ਪਾਈਪ ਵਿਛਾਉਣੀ ਸੌਖੀ ਹੋ ਜਾਵੇਗੀ। ਕਿਉਂਕਿ ਬਾਕੀ ਦੇ ਮੁਲਕ ਤਾਂ ਉਸ ਦੇ ਸੰਗੀ ਹੀ ਹਨ। ਇਸ ਤਰ੍ਹਾਂ ਰੂਸ ਦੇ ਹਿੱਤਾਂ ਨੂੰ ਵੱਡਾ ਖੋਰਾ ਲੱਗੇਗਾ ਕਿਉਂਕਿ ਪੱਛਮੀ ਯੂਰਪ ਨੂੰ ਇਸ ਸਮੇਂ ਗੈਸ ਦਾ ਸਭ ਤੋਂ ਵੱਡਾ ਰਸਦ ਦਾਤਾ/ਪੂਰਤੀਕਾਰ ਰੂਸ ਹੀ ਹੈ।
ਆਈ.ਐੱਸ.ਆਈ.ਐੱਸ. ਵਿਚ ਸ਼ਾਮਲ ਕੱਟੜਪੰਥੀਆਂ ਵਿਚ ਕਾਫੀ ਗਿਣਤੀ ਵਿਚ ਰੂਸ ਦੇ ਚੇਚਨੀਆ ਇਲਾਕੇ ਤੋਂ ਗਏ ਲੜਾਕੇ ਵੀ ਹਨ। ਰੂਸ ਨੂੰ ਡਰ ਹੈ ਕਿ ਇਹ ਲੜਾਕੇ ਸੀਰੀਆ ਵਿਚ ਜਿੱਤ ਕੇ ਵੱਡੀ ਗਿਣਤੀ ਵਿਚ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਮੁੜ ਰੂਸ ਵਿਚ ਆ ਸਕਦੇ ਹਨ ਜਾਂ ਅਮਰੀਕਾ ਵੱਲੋਂ ਰੂਸ ਵਿਚ ਗੜਬੜ ਫੈਲਾਉਣ ਲਈ ਵਰਤੇ ਜਾ ਸਕਦੇ ਹਨ।
ਆਰਥਿਕ ਸੰਕਟ ਕਾਰਨ ਪ੍ਰਭਾਵਿਤ ਹੋ ਰਹੀ ਰੂਸੀ ਆਰਥਿਕਤਾ ਕਾਰਨ ਆਪਣੀ ਮਕਬੂਲੀਅਤ ਵਿਚ ਜੋ ਗਿਰਾਵਟ ਆ ਰਹੀ ਹੈ, ਉਸ ਤੋਂ ਲੋਕਾਂ ਦਾ ਧਿਆਨ ਲਾਂਭੇ ਲਾਉਣ ਲਈ ਪੁਤਿਨ ਸਭ ਹੱਥਕੰਢੇ ਵਰਤ ਰਿਹਾ ਹੈ। ਸੋਵੀਅਤ ਯੂਨੀਅਨ ਅਤੇ ਵਿਸ਼ੇਸ਼ਕਰ ਸਤਾਲਿਨ ਦੌਰ ਦੀਆਂ ਪ੍ਰਾਪਤੀਆਂ ਨੂੰ ਉਚਿਆ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਹੁਣ ਇਸੇ ਤਰ੍ਹਾਂ ‘ਦਹਿਸ਼ਤਗਰਦੀ ਖਿਲਾਫ ਜੰਗ’ ਦੇ ਪੁਰਾਣੇ ਪੱਤੇ ਖੇਡ ਕੇ ਆਪਣੇ ਸਮਰਥਨ ਵਿਚ ਲੋਕਾਂ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਦਾ ਫੌਜੀ ਫਾਇਦਾ ਵੀ ਉਸ ਨੂੰ ਮਿਲਦਾ ਨਜ਼ਰ ਆ ਰਿਹਾ ਹੈ, ਕਿਉਂਕਿ ਕਈ ਸਰਵੇਖਣਾਂ ਵਿਚ ਸਾਹਮਣੇ ਆ ਰਿਹਾ ਹੈ ਕਿ ਵੱਡੀ ਗਿਣਤੀ ਰੂਸੀ (ਤਕੀਰਬਨ 70 ਫੀਸਦੀ) ਰੂਸ ਦੇ ਸੀਰੀਆ ਵਿਚ ਦਾਖਲੇ ਦੀ ਹਮਾਇਤ ਕਰ ਰਹੇ ਹਨ। ਕਿਸੇ ਨੂੰ ਵੀ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਇਕ ਧਿਰ ਵੱਲੋਂ ਕੀਤੀਆਂ ਜਾ ਰਹੀਆਂ ਹਮਾਇਤ ਜਾਂ ਹਮਦਰਦੀ ਦੀਆਂ ਗੱਲਾਂ ਸੀਰੀਆਈ ਲੋਕਾਂ ਪ੍ਰਤੀ ਹਮਾਇਤ ਜਾਂ ਹਮਦਰਦੀ ਹੈ।
ਪਿਛਲੇ ਦੋ ਦਹਾਕਿਆਂ ਤੋਂ ਸੀਰੀਆ ਦੇ ਲੋਕ ਮੌਤ ਦੇ ਮੂੰਹ ਧੱਕੇ ਹੋਏ ਹਨ। ਉਥੇ ਲੋਕਾਂ ਦੀ ਹਾਲਤ ਬੇਹੱਦ ਤਰਸਯੋਗ ਬਣ ਚੁੱਕੀ ਹੈ। ਮਨੁੱਖੀ ਅਧਿਕਾਰਾਂ ਨਾਂ ਦੀ ਕੋਈ ਚੀਜ਼ ਇਸ ਧਰਤੀ ਉਪਰ ਨਜ਼ਰ ਨਹੀਂ ਆ ਰਹੀ। ਇਸ ਜੰਗ ਵਿਚ ਸਭ ਤੋਂ ਘਟੀਆ ਅਤੇ ਗੈਰ ਮਨੁੱਖੀ ਗੱਲ ਇਹ ਹੋ ਰਹੀ ਹੈ ਕਿ ਜੰਗ ਦੇ ਨਿਯਮਾਂ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਵੀ ਬੇਦਰੇਗ ਹੋ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਥੋਂ ਤੱਕ ਕਿ ਬੱਚਿਆਂ ਨੂੰ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀਆਂ ਤਸਵੀਰਾਂ ਅਸੀਂ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਦੇਖ ਰਹੇ ਹਾਂ।
   ਦੁਨੀਆਂ ਦਾ ਹੁਣ ਤੱਕ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੰਗ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਹੋਇਆ। ਅਸਲ ਵਿਚ ਜੇ ਰੂਸ ਅਤੇ ਅਮਰੀਕਾ ਦੇ ਟਕਰਾਵੇਂ ਹਿੱਤ ਇਸ ਖਿੱਤੇ ਵਿਚ ਲੂਤੀ ਨਾ ਲਾ ਰਹੇ ਹੋਣ, ਤਾਂ ਸੀਰੀਆ ਦੇ ਸਿਆਸੀ ਸੰਕਟ ਦਾ ਸਿਆਸੀ ਹੱਲ ਕਦੋਂ ਦਾ ਹੋ ਜਾਣਾ ਸੀ। ਪਰ ਉਕਤ ਵਿਸ਼ਵ ਵਿਆਪੀ ਤਾਕਤਾਂ ਦਾ ਭੇੜ ਹੀ ਇੰਨਾ ਤੇਜ਼ ਹੈ ਕਿ ਸੀਰੀਆਈ ਲੋਕਾਂ ਦੀ ਤਾਂ ਗੱਲ ਹੀ ਨਹੀਂ ਸੁਣੀ ਜਾ ਰਹੀ। ਦੋਵੇਂ ਤਾਕਤਾਂ ਜਮਹੂਰੀਅਤ ਤੇ ਮਨੁੱਖਤਾਵਾਦ ਦੇ ਪਰਦੇ ਹੇਠ ਸੀਰੀਆਈ ਲੋਕਾਂ ਦੀ ਜਾਨ ਦਾ ਖੌਅ ਬਣੀਆਂ ਹੋਈਆਂ ਹਨ।
      ਅਗਰ ਇਸ ਖਿੱਤੇ ਵਿਚ ਸ਼ਾਂਤੀ ਲਿਆਉਣੀ ਹੈ, ਤਾਂ ਸੰਯੁਕਤ ਰਾਸ਼ਟਰ ਵਰਗੀ ਸੰਸਥਾ ਨੂੰ ਸਭ ਤੋਂ ਪਹਿਲਾਂ ਇਸ ਖਿੱਤੇ ਵਿਚੋਂ ਰੂਸ ਅਤੇ ਅਮਰੀਕਾ ਨੂੰ ਆਪਣੇ ਹੱਥ ਪਿੱਛੇ ਕਰਨ ਦੀ ਅਪੀਲ ਜਾਂ ਹਦਾਇਤ ਕਰਨੀ ਹੋਵੇਗੀ। ਉਸ ਤੋਂ ਬਾਅਦ ਹੀ ਸੀਰੀਆ ਦੇ ਮਸਲੇ ਬਾਰੇ ਸਿਆਸੀ ਗੱਲਬਾਤ ਆਰੰਭ ਹੋ ਸਕਦੀ ਹੈ ਅਤੇ ਨਿਰੋਲ ਸੀਰੀਆਈ ਲੋਕਾਂ ਦੇ ਪੱਖ ਤੋਂ ਇਸ ਮਸਲੇ ਦਾ ਹੱਲ ਕੱਢਣ ਦੇ ਯਤਨ ਨਾਲ ਹੀ ਇਹ ਮਸਲਾ ਹੱਲ ਹੋ ਸਕਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਬਾਹਰਲੀਆਂ ਸ਼ਕਤੀਆਂ ਦੇ ਦਖਲ ਨਾਲ ਪਿਛਲੇ ਦੋ ਦਹਾਕਿਆਂ ਤੋਂ ਸੀਰੀਆ ‘ਚ ਚੱਲਿਆ ਆ ਰਿਹਾ ਕਤਲੇਆਮ ਰੋਕਣਾ ਮੁਸ਼ਕਲ ਹੋਵੇਗਾ। ਸਾਡੀ ਅਕਾਲ ਪੁਰਖ ਵਾਹਿਗੁਰੂ ਅੱਗੇ ਇਹੀ ਬੇਨਤੀ ਹੈ ਕਿ ਸੀਰੀਆ ਵਿਚ ਹੋ ਰਹੇ ਗੈਰ ਮਨੁੱਖੀ ਵਿਵਹਾਰ ਅਤੇ ਕਾਰੇ ਨੂੰ ਜਿੰਨਾ ਛੇਤੀ ਹੋਵੇ, ਰੋਕਿਆ ਜਾਵੇ ਅਤੇ ਦੁਨੀਆਂ ਭਰ ਦੀਆਂ ਸਭ ਅਮਨ-ਪਸੰਦ ਸ਼ਕਤੀਆਂ ਅਮਰੀਕਾ ਅਤੇ ਰੂਸ ਨੂੰ ਆਪਣੇ ਹੱਥ ਪਿੱਛੇ ਕਰਕੇ ਸੀਰੀਆ ਵਿਚ ਸ਼ਾਂਤੀ ਕਾਇਮ ਕਰਨ ਲਈ ਅੱਗੇ ਆਉਣ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.