ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਖਾਲਸਾ ਸਾਜਨਾ ਦਿਵਸ – ਵਿਸਾਖੀ
ਖਾਲਸਾ ਸਾਜਨਾ ਦਿਵਸ – ਵਿਸਾਖੀ
Page Visitors: 2601

ਖਾਲਸਾ ਸਾਜਨਾ ਦਿਵਸ – ਵਿਸਾਖੀਖਾਲਸਾ ਸਾਜਨਾ ਦਿਵਸ – ਵਿਸਾਖੀ

April 11
10:25 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਵਿਸਾਖੀ ਦਾ ਤਿਉਹਾਰ ਖਾਲਸੇ ਦੀ ਸਾਜਨਾ ਦਾ ਜਨਮ ਦਿਹਾੜਾ ਹੈ। ਪੂਰੀ ਦੁਨੀਆਂ ਦੇ ਸਿੱਖ ਖਾਲਸਾ ਸਾਜਨਾ ਦਿਵਸ ਨੂੰ ਬੜੇ ਉਤਸ਼ਾਹ, ਚਾਅ ਅਤੇ ਪ੍ਰਤੀਬੱਧਤਾ ਨਾਲ ਮਨਾਉਂਦੇ ਹਨ। 1699 ਦੀ ਵਿਸਾਖੀ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਉਪਰ ਖਾਲਸੇ ਦੇ ਇਕ ਵੱਡੇ ਇਕੱਠ ਵਿਚ ਸਿੱਖ ਪੰਥ ਦਾ ਮੁੱਢ ਬੰਨ੍ਹਿਆ ਸੀ।
ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਾਬਤ ਸੂਰਤ ਖਾਲਸੇ ਦਾ ਸਰੂਪ ਬਖਸ਼ਿਆ ਅਤੇ ਖੁਦ ਉਨ੍ਹਾਂ ਹੱਥੋਂ ਅੰਮ੍ਰਿਤ ਛਕ ਕੇ ਗੁਰੂ-ਚੇਲੇ ਦੀ ਨਵੀਂ ਪਿਰਤ ਦਾ ਆਗਮਨ ਕੀਤਾ। ਖਾਲਸਾ ਪੰਥ ਇਕ ਅਜਿਹਾ ਨਿਰਾਲਾ ਪੰਥ ਸਾਜਿਆ, ਜਿਹੜਾ ਸੂਰਤ ਪੱਖੋਂ ਦੁਨੀਆਂ ਭਰ ਵਿਚ ਨਿਵੇਕਲਾ ਹੈ। ਇਸ ਲਈ ਕਹਿੰਦੇ ਹਨ ਕਿ ਲੱਖਾਂ ਵਿਚ ਖੜ੍ਹਾ ਸਿੰਘ ਵੱਖਰਾ ਹੀ ਪਛਾਣਿਆ ਜਾਂਦਾ ਹੈ। ਪਰ ਸੂਰਤ ਦੇ ਨਾਲ ਹੀ ਦਸਮ ਪਾਤਸ਼ਾਹ ਨੇ ਖਾਲਸੇ ਨੂੰ ਸਮਾਜਿਕ ਬਰਾਬਰਤਾ, ਜ਼ੁਲਮ ਤੇ ਅਨਿਆਂ ਦੇ ਵਿਰੁੱਧ ਲੜਨ ਅਤੇ ਮਨੁੱਖੀ ਸ਼ਾਨ ਅਤੇ ਸਨਮਾਨ ਵਾਲਾ ਸਮਾਜ ਸਿਰਜਣ ਲਈ ਯਤਨਸ਼ੀਲ ਹੋਣ ਦਾ ਰਾਹ ਵੀ ਦਰਸਾਇਆ।
   ਦਸਮ ਪਾਤਸ਼ਾਹ ਨੇ ਸਮਾਜਿਕ ਅਤੇ ਆਰਥਿਕ ਬਰਾਬਰੀ, ਮਨੁੱਖੀ ਸਨਮਾਨ, ਨਿਆਂ ਅਤੇ ਮਨੁੱਖੀ ਭਾਈਚਾਰੇ ਬਾਰੇ ਸਿਰਫ ਗੱਲਾਂ ਹੀ ਨਹੀਂ ਕੀਤੀਆਂ ਤੇ ਨਾ ਹੀ ਸਟੇਜਾਂ ਉਪਰ ਬੈਠ ਕੇ ਉਪਦੇਸ਼ ਦਿੱਤੇ, ਸਗੋਂ ਇਸ ਕਾਰਜ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਪ੍ਰਾਪਤ ਕਰਨ ਲਈ ਆਪਣੇ ਹੱਥੀਂ ਤੋਰਿਆ। ਉਸ ਤੋਂ ਬਾਅਦ ਖਾਲਸਾ ਸਾਜ ਕੇ ਉਨ੍ਹਾਂ ਮੁਗਲ ਸਾਮਰਾਜ ਖਿਲਾਫ ਲੜਾਈ ਲੜੀ। ਇਸ ਲੜਾਈ ਵਿਚ ਆਪਣੇ ਲਾਡਲੇ ਚਾਰ ਸਾਹਿਬਜ਼ਾਦੇ ਸ਼ਹੀਦ ਕਰਵਾਏ। ਮਾਤਾ ਗੁਜਰੀ ਜੀ ਸ਼ਹਾਦਤ ਦਾ ਜਾਮ ਪੀ ਗਏ। ਹਜ਼ਾਰਾਂ ਦੀ ਗਿਣਤੀ ਵਿਚ ਉਨ੍ਹਾਂ ਦੇ ਲਾਡਲੇ ਸਿੰਘਾਂ ਨੇ ਚਮਕੌਰ ਦੀ ਗੜ੍ਹੀ ਤੇ ਹੋਰ ਜੰਗਾਂ ਵਿਚ ਸ਼ਹਾਦਤਾਂ ਪ੍ਰਾਪਤ ਕੀਤੀਆਂ। ਦਸਮ ਪਾਤਸ਼ਾਹ ਸਿੱਖਾਂ ਨੂੰ ਜ਼ੁਲਮ ਵਿਰੁੱਧ ਲੜਾਈ ਦੀ ਅਜਿਹੀ ਗੁੜ੍ਹਤੀ ਦੇ ਗਏ ਕਿ ਮੁੜ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਿੱਖਾਂ ਨੇ ਮੁਗਲ ਸੂਬੇਦਾਰ ਨੂੰ ਹਰਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ‘ਚ ਚਿਣੇ ਜਾਣ ਵਾਲੀ ਸਰਹੰਦ ਦੀ ਇੱਟ ਨਾਲ ਇੱਟ ਖੜ੍ਹਕਾ ਦਿੱਤੀ। ਬੰਦਾ ਸਿੰਘ ਬਹਾਦਰ ਦੀ ਅਗਵਾਈ ‘ਚ ਪਹਿਲਾ ਸਿੱਖ ਰਾਜ ਸਥਾਪਤ ਹੋਇਆ।
ਭਾਵੇਂ ਇਹ ਰਾਜ ਆਕਾਰ ਅਤੇ ਸਮੇਂ ਪੱਖੋਂ ਬੜਾ ਛੋਟਾ ਸੀ। ਪਰ ਇਸ ਨੇ ਗੁਰੂ ਆਸ਼ੇ ਅਨੁਸਾਰ ਇਕ ਨਵੀਂ ਸਮਾਜਿਕ ਵਿਵਸਥਾ ਕਾਇਮ ਕਰਨ ਦੀ ਮਿਸਾਲ ਪੈਦਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਾਲੇ ਇਸ ਰਾਜ ਵਿਚ ਜਾਤ-ਪਾਤ, ਊਚ-ਨੀਚ ਦਾ ਪੂਰੀ ਤਰ੍ਹਾਂ ਫਸਤਾ ਵੱਢਿਆ ਗਿਆ। ਜਗੀਰਦਾਰੀ ਪ੍ਰਬੰਧ ਦੇ ਖਾਤਮੇ ਲਈ ਸਾਰੀ ਜ਼ਮੀਨ ਜਗੀਰਦਾਰਾਂ ਤੋਂ ਖੋਹ ਕੇ ਮੁਜ਼ਾਰਿਆਂ ਦੇ ਹਵਾਲੇ ਕੀਤੀ ਗਈ। ਉਸ ਜ਼ਮਾਨੇ ਵਿਚ ਅਜਿਹੇ ਸਮਾਜਿਕ, ਆਰਥਿਕ ਪ੍ਰਬੰਧ ਦੀ ਨੀਂਹ ਰੱਖਣੀ ਬਹੁਤ ਵੱਡਾ ਇਨਕਲਾਬੀ ਕਦਮ ਸੀ। ਪਰ ਕੁੱਝ ਸਮੇਂ ਬਾਅਦ ਹੀ ਮੁਗਲ ਜਰਵਾਣਿਆਂ ਨੇ ਸਿੱਖ ਰਾਜ ਨੂੰ ਨੇਸਤੋ-ਨਾਬੂਦ ਕਰ ਦਿੱਤਾ ਅਤੇ ਮੁੜ ਜ਼ੁਲਮੀ ਸੂਬੇਦਾਰਾਂ ਦਾ ਰਾਜ ਕਾਇਮ ਹੋ ਗਿਆ। ਪਰ ਸਿੱਖਾਂ ਨੇ ਜ਼ੁਲਮ ਵਿਰੁੱਧ ਆਪਣੀ ਲੜਾਈ ਛੱਡੀ ਨਹੀਂ।
ਖਾਲਸਾ ਸਾਜਨਾ ਦਿਵਸ ਸਿੱਖੀ ਦੀ ਵੱਖਰੀ ਪਛਾਣ ਅਤੇ ਸਿੱਖ ਆਦਰਸ਼ਾਂ ਨੂੰ ਸਮਰਪਿਤ ਹੋ ਕੇ ਅੱਗੇ ਵੱਧਣ ਦਾ ਦਿਵਸ ਹੈ। ਇਸ ਦਿਨ ਪੂਰੀ ਦੁਨੀਆਂ ਵਿਚ ਵਸੀ ਸਿੱਖ ਸੰਗਤ ਗੁਰਦੁਆਰਿਆਂ ਵਿਚ ਇਕੱਠੀ ਹੋ ਕੇ ਗੁਰੂ ਪ੍ਰਤੀ ਆਪਣੀ ਸ਼ਰਧਾ ਅਰਪਿਤ ਕਰਦੀ ਹੈ ਅਤੇ ਗੁਰੂ ਵੱਲੋਂ ਪਾਏ ਪੂਰਨਿਆਂ ਉਪਰ ਚੱਲਣ ਦਾ ਪ੍ਰਣ ਲੈਂਦੀ ਹੈ। ਅੱਜ ਸਿੱਖ ਦੁਨੀਆਂ ਭਰ ਵਿਚ ਫੈਲ ਚੁੱਕੇ ਹਨ। ਇਕ ਸਦੀ ਪਹਿਲਾਂ ਜਦੋਂ ਸਿੱਖਾਂ ਦਾ ਪ੍ਰਵਾਸ ਆਰੰਭ ਹੋਇਆ ਸੀ, ਤਾਂ ਵਿਦੇਸ਼ਾਂ ਵਿਚ ਖਾਲਸੇ ਦੀ ਨਿਆਰੀ ਪਛਾਣ ਕਰਕੇ ਉਨ੍ਹਾਂ ਨੂੰ ਬਹੁਤ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਖਾਲਸੇ ਦੀ ਨਿਆਰੀ ਪਛਾਣ ਕਾਰਨ ਬਿਗਾਨੇ ਮੁਲਕਾਂ ਵਿਚ ਨਸਲੀ ਵਿਤਕਰੇ ਦਾ ਸਭ ਤੋਂ ਵਧੇਰੇ ਸਾਹਮਣਾ ਸਿੱਖਾਂ ਨੂੰ ਕਰਨਾ ਪੈਂਦਾ ਸੀ।
  ਸ਼ੁਰੂ ਦੇ ਦਿਨਾਂ ਵਿਚ ਸਿੱਖਾਂ ਦੇ ਸਿਰ ਉਪਰ ਬੰਨ੍ਹੀਂ ਪੱਗ ਅਤੇ ਦਾੜ੍ਹੀ ਕਾਰਨ ਉਨ੍ਹਾਂ ਨੂੰ ਸਨਅੱਤ ਅਤੇ ਹੋਰ ਕਾਰੋਬਾਰਾਂ ਵਿਚ ਨੌਕਰੀ ਤੋਂ ਜਵਾਬ ਦੇ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਇਸ ਪਹਿਰਾਵੇ ਕਾਰਨ ਨਸਲੀ ਵਿਤਕਰੇ ਦਾ ਵੀ ਸ਼ਿਕਾਰ ਹੋਣਾ ਪੈਂਦਾ ਸੀ। ਪਰ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਇਕ ਲੰਬੀ ਜੱਦੋ-ਜਹਿਦ ਅਤੇ ਗੁਰੂ ਪ੍ਰਤੀ ਸਮਰਪਿਤ ਹੋਣ ਦੀ ਭਾਵਨਾ ਕਾਰਨ ਸਿੱਖਾਂ ਦੀ ਨਿਆਰੀ ਪਛਾਣ ਹੀ ਉਨ੍ਹਾਂ ਦੇ ਸਤਿਕਾਰ ਦਾ ਪ੍ਰਤੀਕ ਬਣ ਗਈ ਹੈ। ਅੱਜ ਅਮਰੀਕਾ ਦੇ ਕੈਲੀਫੋਰਨੀਆ ਹੀ ਨਹੀਂ, ਸਗੋਂ ਇੰਡੀਆਨਾ, ਡੈਲਾਵੇਅਰ ਅਤੇ ਨਿਊਜਰਸੀ ਵਰਗੇ ਰਾਜਾਂ ਵਿਚ ਅਸੈਂਬਲੀਆਂ ਵੱਲੋਂ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਮਨਾਏ ਜਾ ਰਹੇ ਹਨ। ਬਹੁਤ ਸਾਰੀਆਂ ਅਸੈਂਬਲੀਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਕੀਤੇ ਜਾਂਦੇ ਹਨ।
   ਅਮਰੀਕਾ ਦੇ ਵਾਈਟ ਹਾਊਸ ਵਾਸ਼ਿੰਗਟਨ, ਕੈਨੇਡਾ ਦੀ ਰਾਜਧਾਨੀ ਓਟਵਾ ਦੇ ਪਾਰਲੀਮੈਂਟ ਹਾਊਸ, ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚਲੇ ਪਾਰਲੀਮੈਂਟ ਹਾਊਸ ਤੋਂ ਇਲਾਵਾ ਵੱਖ-ਵੱਖ ਮੁਲਕਾਂ ਵਿਚ ਸਰਕਾਰੀ ਅਦਾਰਿਆਂ ਵਿਚ ਵੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਅਤੇ ਵਿਸਾਖੀ ਦੇ ਜਸ਼ਨ ਮਨਾਏ ਜਾਂਦੇ ਹਨ। ਕੈਨੇਡਾ ਦੀ ਪਾਰਲੀਮੈਂਟ ਵਿਚ ਪਹਿਲੀ ਵਾਰ 18 ਸਿੱਖਾਂ ਤੇ ਪੰਜਾਬੀਆਂ ਦੇ ਪਾਰਲੀਮੈਂਟ ਮੈਂਬਰ ਜਿੱਤ ਕੇ ਆਉਣ ਬਾਅਦ ਲਿਬਰਲ ਪਾਰਟੀ ਦੀ ਬਣੀ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿਚ ਤਾਂ ਓਟਵਾ ਵਿਚ ਤਾਂ ਬੜੇ ਜੋਸ਼ ਅਤੇ ਉਤਸ਼ਾਹ ਨਾਲ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ ਸੀ।
ਅੱਜ ਕੈਲੀਫੋਰਨੀਆ, ਨਿਊਯਾਰਕ, ਨਿਊਜਰਸੀ, ਕੈਨੇਡਾ ਦੇ ਕੈਲਗਰੀ, ਵੈਨਕੂਵਰ, ਟੋਰਾਂਟੋ, ਐਡਮਿੰਟਨ ਤੋਂ ਇਲਾਵਾ, ਬਰਤਾਨੀਆ ਦੇ ਲੰਡਨ, ਬਰਮਿੰਘਮ, ਲੈਸਟਰ ਅਤੇ ਜਰਮਨ, ਇਟਲੀ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਵਿਸਾਖੀ ਦੇ ਜਸ਼ਨ ਮਨਾਉਣ ਲਈ ਵੱਡੇ-ਵੱਡੇ ਨਗਰ ਕੀਰਤਨ ਕੱਢੇ ਜਾਂਦੇ ਹਨ। ਇਨ੍ਹਾਂ ਨਗਰ ਕੀਰਤਨਾਂ ਵਿਚ ਸਿੱਖ ਭਾਈਚਾਰੇ ਦੇ ਲੋਕ ਤਾਂ ਵੱਡੀ ਗਿਣਤੀ ਵਿਚ ਤਾਂ ਆਉਂਦੇ ਹੀ ਹਨ, ਇਸ ਦੇ ਨਾਲ-ਨਾਲ ਵੱਖ-ਵੱਖ ਮੁਲਕਾਂ ਦੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਹੋਰ ਚੁਣੇ ਹੋਏ ਨੁਮਾਇੰਦੇ ਵੀ ਭਾਗ ਲੈਣ ਆਉਂਦੇ ਹਨ। ਖਾਲਸਾ ਸਾਜਨਾ ਦਿਵਸ ਉਪਰ ਦੁਨੀਆਂ ਭਰ ਵਿਚ ਹੋਣ ਵਾਲੇ ਇਹ ਜਸ਼ਨ ਸਿੱਖਾਂ ਦੀ ਨਿਆਰੀ ਪਹਿਚਾਣ ਨੂੰ ਉਭਾਰਨ ਦਾ ਸਾਧਨ ਵੀ ਬਣ ਰਹੇ ਹਨ।
ਭਾਵੇਂ ਸਿੱਖਾਂ ਨੇ ਵਿਦੇਸ਼ਾਂ ਵਿਚ ਬੜੀਆਂ ਮੱਲ੍ਹਾਂ ਮਾਰੀਆਂ ਹਨ। ਆਪਣੇ ਵੱਡੇ-ਵੱਡੇ ਕਾਰੋਬਾਰ ਸਥਾਪਿਤ ਕਰ ਲਏ ਹਨ ਅਤੇ ਛੋਟੇ-ਛੋਟੇ ਸ਼ਹਿਰਾਂ ਅਤੇ ਕਾਊਂਟੀਆਂ ਵਿਚ ਵੀ ਗੁਰਦੁਆਰਾ ਸਾਹਿਬ ਸਥਾਪਿਤ ਕਰ ਲਏ ਹਨ। ਪਰ ਅਜੇ ਵੀ ਸਾਨੂੰ ਬੜਾ ਕੁੱਝ ਕਰਨ ਦੀ ਲੋੜ ਹੈ। ਸਮੂਹ ਸਿੱਖ ਸੰਗਤ ਨੂੰ ਇਸ ਪੱਖੋਂ ਸੁਚੇਤ ਹੋਣਾ ਚਾਹੀਦਾ ਹੈ ਕਿ ਗੁਰਦੁਆਰਾ ਪ੍ਰਬੰਧ ਲਈ ਹੋਣ ਵਾਲੀਆਂ ਲੜਾਈਆਂ ਨੂੰ ਬਿਲਕੁਲ ਵੀ ਉਤਸ਼ਾਹਿਤ ਨਾ ਕੀਤਾ ਜਾਵੇ, ਸਗੋਂ ਇਸ ਦੇ ਉਲਟ ਜਿਸ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧ ਨੂੰ ਲੈ ਕੇ ਕੋਈ ਵਿਅਕਤੀ ਆਪਸ ਵਿਚ ਉਲਝਦੇ ਹਨ, ਤਾਂ ਉਥੇ ਸੰਗਤ ਦਖਲ ਦੇ ਕੇ ਇਸ ਮਾਮਲੇ ਨੂੰ ਨਿਪਟਾਉਣ ਲਈ ਅੱਗੇ ਆਵੇ। ਜਦ ਗੁਰਦੁਆਰਾ ਪ੍ਰਬੰਧਾਂ ਲਈ ਸਿੱਖ ਆਪਸ ਵਿਚ ਲੜਦੇ ਹਨ, ਤਾਂ ਇਸ ਨਾਲ ਸਿੱਖਾਂ ਦੀ ਪਹਿਚਾਣ ਹੀ ਨਹੀਂ, ਉਨ੍ਹਾਂ ਦੇ ਮਾਣ ਅਤੇ ਸਨਮਾਨ ਨੂੰ ਵੀ ਸੱਟ ਵੱਜਦੀ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਵਿਚ ਵੀ ਅਜੇ ਜਾਤ-ਪਾਤ ਦੀ ਸਮੱਸਿਆ ਹੱਲ ਨਹੀਂ ਹੋਈ। ਸਮੂਹ ਸਿੱਖ ਭਾਈਚਾਰੇ ਨੂੰ ਇਸ ਗੱਲ ਲਈ ਸੁਚੇਤ ਵੀ ਹੋਣਾ ਪਵੇਗਾ ਅਤੇ ਯਤਨਸ਼ੀਲ ਵੀ ਹੋਣਾ ਪਵੇਗਾ ਕਿ ਪੰਜਾਬ ਤੋਂ ਆਏ ਵੱਖ-ਵੱਖ ਬਰਾਦਰੀਆਂ ਦੇ ਲੋਕਾਂ ਨੂੰ ਇਕ ਮਨੁੱਖੀ ਲੜੀ ਵਿਚ ਪਰੋਣ ਦਾ ਯਤਨ ਕੀਤਾ ਜਾਵੇ। ਸਮੂਹ ਗੁਰਦੁਆਰਾ ਸਾਹਿਬ ਵਿਚੋਂ ”ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੀ ਆਵਾਜ਼ ਬੁਲੰਦ ਹੋਵੇ, ਭਾਵ ਸਮੁੱਚੀ ਦੁਨੀਆਂ ਨੂੰ ਇਕ ਭਾਈਚਾਰੇ ਵਜੋਂ ਵੇਖਣ ਅਤੇ ਭਾਈਚਾਰੇ ਵਿਚ ਸ਼ਾਮਲ ਸਾਰੇ ਮਨੁੱਖਾਂ ਦਾ ਮਨੁੱਖੀ ਸ਼ਾਨ ਅਤੇ ਸਨਮਾਨ ਨੂੰ ਬਰਾਬਰੀ ਦੇਣ ਦਾ ਹੋਕਾ ਵੀ ਦਿੱਤਾ ਜਾਵੇ। ਜੇ ਹੋਰ ਸਪੱਸ਼ਟ ਸ਼ਬਦਾਂ ਵਿਚ ਕਹਿਣਾ ਹੋਵੇ, ਤਾਂ ਸਾਨੂੰ ਜਾਤ-ਪਾਤ ਦੇ ਵਖਰੇਵਿਆਂ ਨੂੰ ਤਿਆਗਣਾ ਹੋਵੇਗਾ ਅਤੇ ਸਮੁੱਚੀ ਮਾਨਵਤਾ ਨੂੰ ਇਕ ਮਾਲਕ ਦੀ ਪਰਵਰਿਸ਼ ਮੰਨਦਿਆਂ ਸਭਨਾਂ ਲਈ ਬਰਾਬਰ ਸਤਿਕਾਰ ਅਤੇ ਮਾਣ-ਸਨਮਾਨ ਦੇਣਾ ਪਵੇਗਾ। ਜੇਕਰ ਅਸੀਂ ਇਸ ਗੁਰੂ ਆਸ਼ੇ ਨੂੰ ਪੂਰਾ ਕਰ ਸਕੀਏ, ਤਾਂ ਪ੍ਰਵਾਸੀ ਪੰਜਾਬੀਆਂ ਵਿਚ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਵਿਦੇਸ਼ਾਂ ਵਿਚ ਆਪਣੀ ਤਾਕਤ ਨੂੰ ਹੋਰ ਵਧੇਰੇ ਵਧਾਇਆ ਅਤੇ ਮਜ਼ਬੂਤ ਕੀਤਾ ਜਾ ਸਕਦਾ ਹੈ।
ਆਪਣੇ ਪਿਛੋਕੜ ਵਿਚ ਦੇਖੀਏ, ਤਾਂ ਪੰਜਾਬ ਦੇ ਸਾਰੇ ਹੀ ਲੋਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਅਤੇ ਗੁਰੂ ਗ੍ਰੰਥ ਸਾਹਿਬ ਵਿਚਲੀ ਬਰਾਬਰੀ, ਸਮਾਜਿਕ ਸਮਾਨਤਾ ਅਤੇ ਮਨੁੱਖੀ ਬਰਾਬਰੀ ਦੀ ਭਾਵਨਾ ਦਾ ਸਨਮਾਨ ਕਰਦੇ ਆਏ ਹਨ। ਇਸੇ ਭਾਵਨਾ ਨਾਲ ਸਾਨੂੰ ਹੁਣ ਵੀ ਅੱਗੇ ਤੁਰਨਾ ਚਾਹੀਦਾ ਹੈ ਅਤੇ ਗੁਰਦੁਆਰਾ ਸਾਹਿਬ ਵਿਚੋਂ ਸਮਾਜਿਕ ਬਰਾਬਰੀ ਦੀ ਭਾਵਨਾ ਉਭਰਨੀ ਚਾਹੀਦੀ ਹੈ। ਇਸ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਦੀ ਏਕਤਾ ਦਾ ਰਾਹ ਖੁੱਲ੍ਹੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.