ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਵਿਸਾਖੀ ਮੌਕੇ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਵਜੋਂ ਮਨਾਇਆ ਗਿਆ ਅਪ੍ਰੈਲ ਦਾ ਮਹੀਨਾ
ਵਿਸਾਖੀ ਮੌਕੇ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਵਜੋਂ ਮਨਾਇਆ ਗਿਆ ਅਪ੍ਰੈਲ ਦਾ ਮਹੀਨਾ
Page Visitors: 2515

ਵਿਸਾਖੀ ਮੌਕੇ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਵਜੋਂ ਮਨਾਇਆ ਗਿਆ ਅਪ੍ਰੈਲ ਦਾ ਮਹੀਨਾਵਿਸਾਖੀ ਮੌਕੇ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਵਜੋਂ ਮਨਾਇਆ ਗਿਆ ਅਪ੍ਰੈਲ ਦਾ ਮਹੀਨਾ

May 02
10:30 2018
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਕੈਨੇਡਾ ਅਤੇ ਅਮਰੀਕਾ ਵਿਚ ਕੁੱਝ ਸਟੇਟਾਂ ਵਿਚ ਅਪ੍ਰੈਲ ਦਾ ਮਹੀਨਾ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਵਜੋਂ ਮਨਾਉਣ ਲਈ ਮਤੇ ਪਾਸ ਕੀਤੇ ਗਏ ਸਨ। ਸਿੱਖਾਂ ਵੱਲੋਂ ਅਮਰੀਕਾ, ਕੈਨੇਡਾ ਵਿਚ ਆਪਣੇ ਵੱਡਮੁੱਲੇ ਯੋਗਦਾਨ ਪਾਉਣ ਬਦਲੇ ਇਹ ਮਤੇ ਪਾਸ ਹੋਏ। ਇਨ੍ਹਾਂ ਸਟੇਟਾਂ ਵਿਚ ਅਮਰੀਕਾ ਦੇ ਕੈਲੀਫੋਰਨੀਆ, ਇੰਡੀਆਨਾ, ਡੈਲਵੇਅਰ ਅਤੇ ਨਿਊਜਰਸੀ ਸ਼ਾਮਲ ਸਨ, ਜਦਕਿ ਕੈਨੇਡਾ ਤੋਂ ਓਨਟਾਰੀਓ ਸਟੇਟ ‘ਚ ਇਸ ਸੰਬੰਧੀ ਮਤੇ ਪਾਸ ਹੋਏ। ਚਾਹੇ ਅਮਰੀਕਾ, ਕੈਨੇਡਾ ਵਿਚ ਪਿਛਲੇ ਲੰਬੇ ਸਮੇਂ ਤੋਂ ਇਥੇ ਵਿਸਾਖੀ ਮੌਕੇ ਇਥੇ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ, ਪਰ ਇਸ ਵਾਰ ਇਹ ਕੁਝ ਖਾਸ ਅਹਿਮੀਅਤ ਰੱਖਦੇ ਸਨ। ਕਿਉਂਕਿ ਸਥਾਨਕ ਆਗੂਆਂ ਨੇ ਸਿੱਖਾਂ ਦੀ ਸ਼ਲਾਘਾ ਕਰਦੇ ਹੋਏ ਇਨ੍ਹਾਂ ਸਮਾਗਮਾਂ ਵਿਚ ਆਪਣੀ ਸ਼ਮੂਲੀਅਤ ਕੀਤੀ। ਜਿੱਥੇ ਨਗਰ ਕੀਰਤਨ ਹੋਏ, ਉਥੇ ਵੱਖ-ਵੱਖ ਸ਼ਹਿਰਾਂ ਵਿਚ ਵੀ ਅਮਰੀਕੀ ਆਗੂਆਂ ਵਿਸਾਖੀ ਮੌਕੇ ਕੀਤੇ ਹੋਰਨਾਂ ਸਮਾਗਮਾਂ ਵਿਚ ਵੀ ਹਿੱਸਾ ਲਿਆ। ਕੈਲੀਫੋਰਨੀਆ ਸੂਬੇ ‘ਚ ਅਪ੍ਰੈਲ ਤੋਂ ਇਲਾਵਾ ਨਵੰਬਰ ਮਹੀਨਾ ਵੀ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ।
ਸਿੱਖ ਇਸ ਵੇਲੇ ਦੁਨੀਆਂ ਭਰ ਵਿਚ ਫੈਲ ਗਏ ਹਨ। ਵਿਸਾਖੀ ਦਿਹਾੜੇ ਉਪਰ ਹਰ ਥਾਂ ਵੱਡੇ-ਛੋਟੇ ਸਮਾਗਮ ਕਰਵਾਏ ਜਾਂਦੇ ਹਨ। ਪਰ ਪਿਛਲੇ ਹਫਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਰ੍ਹੀ ਵਿਖੇ ਵਿਸਾਖੀ ਦੇ ਸੰਦਰਭ ‘ਚ ਕੱਢੇ ਗਏ ਨਗਰ ਕੀਰਤਨ ਵਿਚ ਲੱਖਾਂ ਦੀ ਗਿਣਤੀ ਵਿਚ ਸਿੱਖਾਂ ਦੀ ਹੋਈ ਸ਼ਮੂਲੀਅਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸੇ ਤਰ੍ਹਾਂ ਟੋਰਾਂਟੋ ਵਿਖੇ ਬਹੁਤ ਵੱਡਾ ਨਗਰ ਕੀਰਤਨ ਕੱਢਿਆ ਗਿਆ। ਅਮਰੀਕਾ ਦੀ ਵਪਾਰਕ ਰਾਜਧਾਨੀ ਵਜੋਂ ਮਸ਼ਹੂਰ ਨਿਊਯਾਰਕ ਦੇ ਮੈਨਹੱਟਨ ਦੇ ਖੇਤਰ ਵਿਚ ਵੀ ਸਿੱਖਾਂ ਨੇ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਹੈ। ਇਨ੍ਹਾਂ ਮੁਲਕਾਂ ‘ਚ ਸਿੱਖਾਂ ਵੱਲੋਂ ਇਕੱਤਰ ਹੋ ਕੇ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਦੁਨੀਆਂ ਭਰ ਵਿਚ ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਮੰਨੇ ਜਾਂਦੇ ਹਨ। ਇਨ੍ਹਾਂ ਨਗਰ ਕੀਰਤਨਾਂ ਵਿਚ ਸਿੱਖ ਸਮਾਜ ਦੇ ਲੋਕ ਪਰਿਵਾਰਾਂ ਸਮੇਤ ਪਹੁੰਚੇ। ਇਸ ਤੋਂ ਬਿਨਾਂ ਸਰ੍ਹੀ ਅਤੇ ਟੋਰਾਂਟੋ ਦੇ ਨਗਰ ਕੀਰਤਨਾਂ ਵਿਚ ਕਾਫੀ ਗਿਣਤੀ ਵਿਚ ਗੋਰੀ ਵਸੋਂ ਦੇ ਬਹੁਤ ਸਾਰੇ ਲੋਕ ਵੀ ਸ਼ਾਮਲ ਹੋਏ। ਹੋਰਨਾਂ ਵਰਗਾਂ ਦੇ ਲੋਕਾਂ ਦਾ ਸਾਡੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿਚ ਸ਼ਾਮਲ ਹੋਣਾ ਵੀ ਇਸ ਗੱਲ ਦਾ ਸਬੂਤ ਹੈ ਕਿ ਬਾਹਰਲੇ ਮੁਲਕਾਂ ਦੇ ਸਮਾਜਾਂ ‘ਚ ਵੀ ਸਾਡੇ ਪ੍ਰਤੀ ਭਰਾਤਰੀ ਭਾਵ ਪੈਦਾ ਹੋਇਆ ਹੈ ਅਤੇ ਉਹ ਸਾਡੇ ਲੋਕਾਂ ‘ਚ ਭਰੋਸਾ ਪ੍ਰਗਟ ਕਰਦੇ ਹੋਏ ਸਿੱਖਾਂ ਦੇ ਅਜਿਹੇ ਸਮਾਗਮਾਂ ਵਿਚ ਚਾਅ ਨਾਲ ਸ਼ਾਮਲ ਹੁੰਦੇ ਹਨ।
     ਸ਼ੁਰੂ ਦੇ ਦਿਨਾਂ ਵਿਚ ਅਮਰੀਕਾ, ਕੈਨੇਡਾ ਹੀ ਨਹੀਂ, ਇੰਗਲੈਂਡ ਅਤੇ ਯੂਰਪ ਦੇ ਮੁਲਕਾਂ ‘ਚ ਸਿੱਖਾਂ ਨੂੰ ਵੱਡੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਦਸਤਾਰਧਾਰੀ ਸਿੱਖਾਂ ਲਈ ਤਾਂ ਇਨ੍ਹਾਂ ਮੁਲਕਾਂ ਵਿਚ ਕੰਮ ਹਾਸਲ ਕਰਨਾ ਹੀ ਵੱਡੀ ਸਮੱਸਿਆ ਸੀ। ਜੇ ਕੰਮ ਮਿਲ ਜਾਂਦਾ ਸੀ, ਤਾਂ ਦਾੜ੍ਹੀ ਕੇਸ ਅਤੇ ਦਸਤਾਰ ਬੰਨ੍ਹ ਕੇ ਕੰਮਾਂ ਉਪਰ ਜਾਣ ਸਮੇਂ ਉਨ੍ਹਾਂ ਪ੍ਰਤੀ ਮਦਭਾਵਨਾ ਨਾਲ ਵੇਖਿਆ ਜਾਂਦਾ ਸੀ। ਕਈ ਵਾਰ ਉਨ੍ਹਾਂ ਨੂੰ ਭੱਦੇ ਕੁਮੈਂਟਸ ਦਾ ਵੀ ਸਾਹਮਣਾ ਕਰਨਾ ਪੈਂਦਾ। ਬਹੁਤ ਵਾਰੀ ਜਿਸਮਾਨੀ ਹਮਲਿਆਂ ਦਾ ਵੀ ਸ਼ਿਕਾਰ ਹੁੰਦੇ ਰਹੇ। ਪੰਜਾਬੀਆਂ ਅਤੇ ਸਿੱਖਾਂ ਨੇ ਜਿੱਥੇ ਇਕ ਪਾਸੇ ਅਜਿਹੇ ਨਸਲਵਾਦੀ ਵਤੀਰੇ ਦਾ ਜੱਥੇਬੰਦ ਹੋ ਕੇ ਸਖ਼ਤ ਵਿਰੋਧ ਕਰਨਾ ਸ਼ੁਰੂ ਕੀਤਾ, ਉਥੇ ਨਾਲ ਹੀ ਆਪਣੇ ਕੰਮਕਾਰ ਵਿਚ ਪ੍ਰਵੀਨਤਾ ਹਾਸਲ ਕਰਨ ਅਤੇ ਪੂਰੀ ਦਿਆਨਤਦਾਰੀ ਨਾਲ ਕੰਮ ਕਰਨ ਲਈ ਯਤਨ ਕੀਤੇ।   
     ਕੰਮ ਕਰਨ ਵਿਚ ਨਿਪੁੰਨ ਹੋਣਾ ਅਤੇ ਨਸਲੀ ਵਿਤਕਰੇ ਵਿਰੁੱਧ ਆਵਾਜ਼ ਉਠਾਉਣ ਦਾ ਹੌਲੀ-ਹੌਲੀ ਅਸਰ ਦਿਖਾਈ ਦੇਣ ਲੱਗਾ। ਸਾਡੇ ਲੋਕਾਂ ਦੀ ਦ੍ਰਿੜ੍ਹਤਾ, ਲਿਆਕਤ ਅਤੇ ਕੰਮ ਕਰਨ ਪ੍ਰਤੀ ਰੁਚੀ ਨੇ ਜਿੱਥੇ ਸਾਡੇ ਸਮਾਜ ਪ੍ਰਤੀ ਸਨਅੱਤਕਾਰਾਂ, ਵਪਾਰੀਆਂ ਅਤੇ ਹੋਰ ਤਬਕਿਆਂ ਵਿਚ ਸਿਰੜੀ, ਮਿਹਨਤੀ ਹੋਣ ਵਾਲਾ ਅਕਸ ਪੈਦਾ ਕੀਤਾ, ਉਥੇ ਨਾਲ ਹੀ ਜੱਥੇਬੰਦ ਹੋ ਕੇ ਆਵਾਜ਼ ਉਠਾਉਣ ਨਾਲ ਨਸਲੀ ਵਿਤਕਰਾ ਕਰਨ ਵਾਲਿਆਂ ਨੂੰ ਵੀ ਪਿੱਛੇ ਹੱਟਣ ਲਈ ਮਜਬੂਰ ਹੋਣਾ ਪੈਂਦਾ ਰਿਹਾ। ਅਜਿਹੇ ਦੋ-ਪਾਸੜ ਯਤਨਾਂ ਨੇ ਆਖਰ ਰੰਗ ਲਿਆਂਦਾ ਅਤੇ ਅੱਜ ਬਾਹਰਲੇ ਮੁਲਕਾਂ ਵਿਚ ਵੱਡੇ ਪੱਧਰ ‘ਤੇ ਅਸੀਂ ਨਸਲੀ ਵਿਤਕਰੇ ਤੋਂ ਲਗਭਗ ਮੁਕਤ ਹਾਂ।
     ਜਾਂ ਜੇ ਕਿਧਰੇ ਅਜਿਹਾ ਹੁੰਦਾ ਵੀ ਹੈ, ਤਾਂ ਉਸ ਵਿਰੁੱਧ ਸਾਡੇ ਲੋਕਾਂ ਦੀ ਸੁਣਵਾਈ ਯਕੀਨੀ ਬਣ ਗਈ ਹੈ। ਅਮਰੀਕਾ ਵਿਚ ਹੀ ਜੇ ਦੇਖਿਆ ਜਾਵੇ, ਤਾਂ ਇਸ ਵੇਲੇ ਕੈਲੀਫੋਰਨੀਆ, ਨਿਊਜਰਸੀ, ਇੰਡੀਆਨਾ, ਡੈਲਾਵੇਅਰ ਦੀਆਂ ਸੂਬਾ ਸਰਕਾਰਾਂ ਨੇ ਸਿੱਖਾਂ ਦੇ ਅਮਰੀਕੀ ਸਮਾਜ ਦੇ ਵਿਕਾਸ ਵਿਚ ਪਾਏ ਜਾ ਰਹੇ ਰੋਲ ਨੂੰ ਸਮਝਦਿਆਂ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਸਿੱਖਾਂ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਉਨ੍ਹਾਂ ਥਾਂਵਾਂ ਉਪਰ ਸਿੱਖਾਂ ਦੀ ਖੁਦ ਸਰਕਾਰਾਂ ਵੱਲੋਂ ਪ੍ਰਸ਼ੰਸਾ ਹੋਣ ਲੱਗੀ ਹੈ, ਜਿੱਥੇ ਕਦੇ ਉਨ੍ਹਾਂ ਦੀ ਸੁਣਵਾਈ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਕਦੇ ਉਹ ਜ਼ਮਾਨਾ ਵੀ ਸੀ, ਜਦੋਂ 1914 ਵਿਚ ਵੈਨਕੂਵਰ ਦੇ ਸਮੁੰਦਰੀ ਤੱਟ ਉਪਰ ਭਾਰਤੀ ਲੋਕਾਂ ਨਾਲ ਭਰੇ ਕਾਮਾਗਾਟਾ ਮਾਰੂ ਜਹਾਜ਼ ਨੂੰ ਕਿਨਾਰੇ ਉਪਰ ਹੀ ਰੋਕ ਲਿਆ ਸੀ ਅਤੇ ਤਿੰਨ ਮਹੀਨੇ ਦੇ ਕਰੀਬ ਉਥੇ ਹੀ ਰੋਕੀ ਰੱਖਣ ਬਾਅਦ ਵਾਪਸ ਭੇਜਣ ਦੇ ਹੁਕਮ ਦਿੱਤੇ ਗਏ ਸਨ। ਤੇ ਅੱਜ ਉਹੀ ਕੈਨੇਡਾ ਹੈ, ਜਿਸ ਦੀਆਂ ਹੱਦਾਂ ਦੀ ਰਾਖੀ ਕਰਨ ਲਈ ਰੱਖਿਆ ਮੰਤਰੀ ਪੰਜਾਬ ਦੇ ਜੰਮਪਲ ਸਿੱਖ ਭਾਈਚਾਰੇ ਦੀ ਸ਼ਖਸੀਅਤ ਹਰਜੀਤ ਸਿੰਘ ਸੱਜਣ ਹਨ। ਇਸੇ ਤਰ੍ਹਾਂ ਅਮਰੀਕਾ ਦੇ ਕਿੰਨੇ ਹੀ ਸੂਬਿਆਂ ਵਿਚ ਅਹਿਮ ਅਹੁਦਿਆਂ ਉਪਰ ਸਿੱਖ ਭਾਈਚਾਰੇ ਦੇ ਲੋਕ ਕੰਮ ਕਰ ਰਹੇ ਹਨ।
     ਅਮਰੀਕਾ ਵਿਚ 9/11 ਦੇ ਇਸਲਾਮੀ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਸਿੱਖਾਂ ਦੀ ਪਛਾਣ ਦਾ ਬਾਰੇ ਭੁਲੇਖੇ ਨੇ ਵੱਡਾ ਸੰਕਟ ਪੈਦਾ ਕੀਤਾ ਸੀ। ਸਿੱਖਾਂ ਦੀ ਦਾੜ੍ਹੀ ਅਤੇ ਉਨ੍ਹਾਂ ਦੇ ਸਿਰਾਂ ਉਪਰ ਬੰਨ੍ਹੀ ਪੱਗੜੀ ਅਤੇ ਦੂਜੇ ਪਾਸੇ ਇਸਲਾਮਿਕ ਅੱਤਵਾਦੀਆਂ ਦੀ ਖੁੱਲ੍ਹੀ ਦਾੜ੍ਹੀ ਅਤੇ ਸਿਰਾਂ ਉਪਰ ਬੰਨ੍ਹੀਆਂ ਗੋਲ ਪੱਗੜੀਆਂ ਬਹੁਤੇ ਅਮਰੀਕੀਆਂ ਨੂੰ ਇਕੋ ਜਿਹੀਆਂ ਹੀ ਨਜ਼ਰ ਆਉਂਦੀਆਂ ਸਨ। ਇਸ ਕਰਕੇ ਬਹੁਤ ਸਾਰੇ ਨਸਲਪ੍ਰਸਤ ਗੋਰੇ ਸਿੱਖਾਂ ਨੂੰ ਹੀ ਇਸਲਾਮਿਕ ਅੱਤਵਾਦੀ ਸਮਝ ਕੇ ਭੈੜਾ ਵਰਤਾਅ ਕਰਨ ਲੱਗੇ ਸਨ। ਸਿੱਖਾਂ ਦੀ ਪਛਾਣ ਬਾਰੇ ਖੜ੍ਹੇ ਹੋਏ ਇਸ ਸੰਕਟ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਕਈਆਂ ਨੂੰ ਜਿਸਮਾਨੀ ਹਮਲਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਰਿਹਾ। ਸਿੱਖਾਂ ਦੀ ਪਛਾਣ ਬਾਰੇ ਅਜਿਹੇ ਭੁਲੇਖੇ ਦੂਰ ਕਰਨ ਲਈ ਹੀ ਡੇਢ ਦਹਾਕਾ ਪਹਿਲਾਂ ਉੱਤਰੀ ਅਮਰੀਕਾ, ਖਾਸਕਰ ਅਮਰੀਕਾ ਵਿਚ ਵੱਡੇ ਯਤਨ ਆਰੰਭੇ ਗਏ। ਸਿੱਖਾਂ ਦੀ ਵੱਖਰੀ ਪਛਾਣ ਸਥਾਪਿਤ ਕਰਨ ਲਈ ਵਿਸਾਖੀ ਅਤੇ ਹੋਰ ਗੁਰਪੁਰਬਾਂ ਉਪਰ ਨਗਰ ਕੀਰਤਨ ਕੱਢੇ ਜਾਣੇ ਅਹਿਮ ਸਰਗਰਮੀ ਸੀ।
    ਸਿੱਖਾਂ ਦੇ ਅਜਿਹੇ ਇਕੱਠਾਂ ਨਾਲ ਲੋਕਾਂ ਦਾ ਧਿਆਨ ਖਿੱਚਿਆ ਜਾਂਦਾ ਰਿਹਾ ਹੈ ਅਤੇ ਸਿੱਖਾਂ ਦੀ ਨਿਵੇਕਲੀ ਪਛਾਣ ਸਥਾਪਿਤ ਕਰਨ ਵਿਚ ਵੱਡੀ ਮਦਦ ਮਿਲੀ ਹੈ। ਸਿੱਖਾਂ ਦੀ ਨਿਵੇਕਲੀ ਪਛਾਣ ਨੂੰ ਸਥਾਪਿਤ ਕਰਨ ਲਈ ਭਾਵੇਂ ਹਾਲੇ ਵੀ ਯਤਨਾਂ ਦੀ ਲਗਾਤਾਰ ਜ਼ਰੂਰਤ ਹੈ। ਪਰ ਨਗਰ ਕੀਰਤਨਾਂ ਵਿਚ ਸਿੱਖਾਂ ਦੀ ਵੱਧ ਰਹੀ ਸ਼ਮੂਲੀਅਤ ਹੁਣ ਸਿਰਫ ਸਿੱਖਾਂ ਦੀ ਪਛਾਣ ਸਥਾਪਿਤ ਕਰਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਇਨ੍ਹਾਂ ਮੁਲਕਾਂ ਵਿਚ ਸਿੱਖਾਂ ਦੀ ਚੜ੍ਹਦੀ ਕਲਾ ਦਾ ਹੌਕਾ ਦੇਣ ਵਾਲੀ ਵੀ ਬਣ ਗਈ ਹੈ। ਸਿੱਖ ਜਦੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਨਗਰ ਕੀਰਤਨ ਵਿਚ ਸ਼ਾਮਲ ਹੁੰਦੇ ਹਨ, ਜੈਕਾਰੇ ਛੱਡਦੇ ਹਨ, ਇਕੱਠੇ ਹੋ ਕੇ ਲੰਗਰ ਛਕਦੇ ਅਤੇ ਛਕਾਉਂਦੇ ਹਨ, ਤਾਂ ਦੇਖਣ ਵਾਲੇ ਲੋਕਾਂ ਦੇ ਮਨਾਂ ਉਪਰ ਇਕ ਵੱਖਰੀ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਨਗਰ ਕੀਰਤਨਾਂ ਮੌਕੇ ਥਾਂ-ਥਾਂ ‘ਤੇ ਹਰ ਤਰ੍ਹਾਂ ਦੇ ਲੰਗਰ ਦੇ ਸਟਾਲਾਂ ਉਪਰ ਸਿਰਫ ਸਿੱਖਾਂ ਹੀ ਨਹੀਂ, ਸਗੋਂ ਹਰ ਤਰ੍ਹਾਂ ਦੇ ਲੋਕ ਖਾਣ-ਪੀਣ ਲਈ ਆਉਂਦੇ ਹਨ। ਇਸ ਤਰ੍ਹਾਂ ਭਾਈਚਾਰੇ ਦਾ ਅਜੀਬ ਮੁਜੱਸਮਾ ਬਣ ਜਾਂਦੇ ਹਨ। ਅਸੀਂ ਕਹਿ ਸਕਦੇ ਹਾਂ ਕਿ ਸਾਡੇ ਨਗਰ ਕੀਰਤਨ ਜਿੱਥੇ ਸਾਡੀ ਵੱਖਰੀ ਨਿਵੇਕਲੀ ਪਛਾਣ ਨੂੰ ਸਥਾਪਿਤ ਕਰਦੇ ਹਨ ਅਤੇ ਸਿੱਖਾਂ ਦੀ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਹਨ, ਉਥੇ ਇਹ ਭਾਈਚਾਰਕ ਸਾਂਝ ਦਾ ਹੌਕਾ ਵੀ ਦਿੰਦੇ ਹਨ।
        ਸਿੱਖਾਂ ਦੀ ਸਾਜਨਾ ਨਾਲ ਸੰਬੰਧਤ ਵਿਸਾਖੀ ਦਿਹਾੜਾ ਸਿੱਖ ਇਤਿਹਾਸ ਦਾ ਬੇਹੱਦ ਮਹੱਤਵਪੂਰਨ ਦਿਹਾੜਾ ਹੈ। 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਉਪਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਖਾਲਸਾ ਪੰਥ ਦਾ ਨਿਸ਼ਾਨਾ ਊਚ-ਨੀਚ ਦੀ ਸਮਾਪਤੀ, ਜਾਤ-ਪਾਤ ਦੇ ਖਾਤਮੇ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਹਮੇਸ਼ਾ ਤੱਤਪਰ ਰਹਿਣ ਦਾ ਮਿੱਥਿਆ ਗਿਆ ਸੀ। ਸਰਬ ਸਾਂਝੀਵਾਲਤਾ ਅਤੇ ਮਾਨਵਤਾਵਾਦੀ ਸੰਦੇਸ਼ ਰਾਹੀਂ ਪੂਰੀ ਦੁਨੀਆਂ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੀ ਇਹ ਸੋਚ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਦਾ ਹੌਕਾ ਦਿੰਦੀ ਹੈ।
      ਪਿਛਲੇ ਦਿਨੀਂ ਦੁਨੀਆਂ ਦੇ ਤਿੰਨੇ ਵੱਡੇ ਸ਼ਹਿਰਾਂ ਸਰ੍ਹੀ (ਵੈਨਕੂਵਰ), ਟੋਰਾਂਟੋ ਅਤੇ ਨਿਊਯਾਰਕ ਵਿਚ ਨਿਕਲੇ ਨਗਰ ਕੀਰਤਨਾਂ ਨੇ ਸਿੱਖ ਸਮਾਜ ਦਾ ਅਮਰੀਕੀ ਸਮਾਜ ਵਿਚ ਵਧਦੇ ਰੁਤਬੇ ਦਾ ਸੰਦੇਸ਼ ਦਿੱਤਾ ਹੈ ਅਤੇ ਇਸ ਗੱਲ ਦੀ ਵੀ ਸ਼ਾਹਦੀ ਭਰੀ ਹੈ ਕਿ ਸਾਡਾ ਸਮਾਜ ਹੁਣ ਇਥੇ ਪੂਰੇ ਭਰੋਸੇ ਅਤੇ ਆਨ-ਸ਼ਾਨ ਨਾਲ ਰਹਿਣ ਦੇ ਯੋਗ ਹੋ ਗਿਆ ਹੈ। ਸਾਡਾ ਸਮਾਜ ਹੁਣ ਇਥੇ ਬੇਗਾਨੀ ਧਰਤੀ ਉਪਰ ਰਹਿਣ ਦੇ ਅਹਿਸਾਸ ਤੋਂ ਲਗਭਗ ਮੁਕਤ ਹੈ। ਇਹ ਸਾਡੇ ਲਈ ਬੜੀ ਵੱਡੀ ਪ੍ਰਾਪਤੀ ਹੈ ਕਿ ਸਿੱਖ ਸਮਾਜ ਨੇ ਪੰਜਾਬ ਵਿਚਲੇ ਆਪਣੇ ਧੁਰੇ ਨਾਲ ਮਾਨਸਿਕ ਸਾਂਝ ਨੂੰ ਕਾਇਮ ਰੱਖਦਿਆਂ ਹੁਣ ਇਨ੍ਹਾਂ ਥਾਂਵਾਂ ਨੂੰ ਵੀ ਆਪਣੀ ਮਾਨਸਿਕ ਸਾਂਝ ਦਾ ਅਹਿਮ ਹਿੱਸਾ ਬਣਾ ਲਿਆ ਹੈ। ਸਿੱਖਾਂ ਲਈ ਹੁਣ ਇਹ ਥਾਂਵਾਂ ਨਾ ਹੀ ਓਪਰੀਆਂ ਹਨ ਅਤੇ ਨਾ ਹੀ ਬੇਗਾਨੀਆਂ ਹਨ। ਇਹੀ ਕਾਰਨ ਹੈ ਕਿ ਦੁਨੀਆਂ ਦੇ ਹਰ ਵੱਡੇ ਸ਼ਹਿਰ ਵਿਚ ਗੁਰੂ ਘਰ ਸਥਾਪਿਤ ਹੋ ਗਏ ਹਨ ਅਤੇ ਇਹ ਗੁਰੂ ਘਰ ਸਿੱਖਾਂ ਦੀ ਸਮਾਜਿਕ ਅਤੇ ਧਾਰਮਿਕ ਸਰਗਰਮੀ ਦਾ ਕੇਂਦਰ ਬਣੇ ਹੋਏ ਹਨ।
       ਅਮਰੀਕਾ ਅਤੇ ਕੈਨੇਡਾ ਦੀ ਸਰਕਾਰ ਵੱਲੋਂ ਚਾਹੇ ਕੁਝ ਸਟੇਟਾਂ ਵਿਚ ਇਸ ਸੰਬੰਧੀ ਮਤੇ ਪਾਸ ਕੀਤੇ ਗਏ ਹਨ। ਪਰ ਹਾਲੇ ਵੀ ਇਥੇ ਆਪਣੀ ਪਛਾਣ ਬਣਾਉਣ ਲਈ ਬਹੁਤ ਕੁਝ ਕਰਨਾ ਬਾਕੀ ਹੈ। ਸਿੱਖ ਕੌਮ ਨੂੰ ਵੀ ਵੱਧ ਤੋਂ ਵੱਧ ਇਨ੍ਹਾਂ ਸਮਾਗਮਾਂ ਵਿਚ ਹਿੱਸਾ ਲੈ ਕੇ ਸਥਾਨਕ ਸਰਕਾਰਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.