ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਖੁੱਲ੍ਹਣਾ ਹੀ ਚਾਹੀਦਾ ਹੈ ਲਾਂਘਾ
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਾਕਿਸਤਾਨ ਅੰਦਰਲੇ ਪੰਜਾਬ ਵਿਚ ਗੁਰੂ ਨਾਨਕ ਜੀ ਦੇ ਅੰਤਲੇ ਸਮੇਂ ਦੌਰਾਨ ਕਰਮ ਭੂਮੀ ਰਹੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦੀ ਮੰਗ ਇਕ ਵਾਰ ਫਿਰ ਜ਼ੋਰ ਨਾਲ ਉੱਠ ਖੜ੍ਹੀ ਹੋਈ ਹੈ। ਇਸ ਵਾਰ ਇਹ ਮੰਗ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਵੱਲੋਂ ਦਿੱਤੇ ਭਰੋਸੇ ਨਾਲ ਉੱਠੀ ਹੈ। ਸ. ਨਵਜੋਤ ਸਿੰਘ ਸਿੱਧੂ ਪਾਕਿਸਤਾਨ ਵਿਚ ਹੁਣੇ ਹੋਈਆਂ ਚੋਣਾਂ ਤੋਂ ਬਾਅਦ ਨਵੇਂ ਬਣਨ ਵਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਪੁੱਜੇ ਸਨ।
ਇਸ ਸਮਾਗਮ ਮੌਕੇ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਸ. ਸਿੱਧੂ ਨੂੰ ਜੱਫੀ ਪਾ ਕੇ ਨਿੱਘ ਦਿੱਤਾ ਸੀ ਅਤੇ ਇਹ ਭਰੋਸਾ ਜਤਾਇਆ ਸੀ ਕਿ ਉਹ ਸਰਹੱਦ ਦੇ ਪਾਰ ਕਰਤਾਰਪੁਰ ਸਾਹਿਬ ਵਿਚਲੇ ਗੁਰਦੁਆਰੇ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰ ਰਹੇ ਹਨ।
ਸਿੱਧੂ ਵੱਲੋਂ ਆਪਣੇ ਕ੍ਰਿਕਟਰ ਰਹੇ ਦੋਸਤ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਮੌਕੇ ਮਿਲੇ ਹੁੰਗਾਰੇ ਅਤੇ ਭਰੋਸੇ ਦਾ ਦੁਨੀਆਂ ਭਰ ਵਿਚ ਵਸਦੀ ਸਿੱਖ ਸੰਗਤ ਨੇ ਬੜੇ ਜ਼ੋਰਦਾਰ ਢੰਗ ਨਾਲ ਸਵਾਗਤ ਕੀਤਾ ਹੈ।
ਭਾਰਤ ਸਰਕਾਰ ਦੇ ਕਈ ਮੰਤਰੀ ਵੀ ਵੱਖ-ਵੱਖ ਮੌਕਿਆਂ ਉਪਰ ਡੇਰਾ ਬਾਬਾ ਨਾਨਕ ਵਿਖੇ ਆ ਕੇ ਲਾਂਘਾ ਖੋਲ੍ਹੇ ਜਾਣ ਲਈ ਐਲਾਨ ਕਰਦੇ ਰਹੇ ਹਨ।
ਪਰ ਪਾਕਿਸਤਾਨ ਵਾਲੇ ਪਾਸਿਓਂ ਪਹਿਲੀ ਵਾਰ ਅਜਿਹਾ ਹੁੰਗਾਰਾ ਮਿਲਣ ਨਾਲ ਸਿੱਖ ਸੰਗਤ ਅੰਦਰ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਅਰਦਾਸ ਪੂਰੀ ਹੋਣ ਦੀ ਆਸ ਜਾਗੀ ਹੈ। ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹੇ ਜਾਣ ਦੀ ਪੁਰਜ਼ੋਰ ਹਮਾਇਤ ਕਰਦਿਆਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ। ਸਰਕਾਰ ਨੇ ਮੰਗ ਉਠਾਈ ਹੈ ਕਿ ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਵਸ ਮੌਕੇ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਲਾਂਘਾ ਖੋਲ੍ਹਿਆ ਜਾਣਾ ਚਾਹੀਦਾ ਹੈ।
ਪੰਜਾਬ ਵਿਧਾਨ ਸਭਾ ਦੇ ਹੋਏ ਵਿਸ਼ੇਸ਼ ਇਜਲਾਸ ਵਿਚ ਵੀ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਲਾਂਘਾ ਖੋਲ੍ਹੇ ਜਾਣ ਦੀ ਮੰਗ ਕੀਤੀ ਹੈ। ਕਰਤਾਰਪੁਰ ਸਾਹਿਬ ਭਾਰਤੀ ਪੰਜਾਬ ਵਿਚਲੇ ਡੇਰਾ ਬਾਬਾ ਨਾਨਕ ਕਸਬੇ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਹੈ, ਜਦਕਿ ਕਰਤਾਰਪੁਰ ਦਾ ਗੁਰਦੁਆਰਾ ਸਾਹਿਬ ਭਾਰਤ-ਪਾਕਿ ਵਿਚਲੀ ਕੌਮਾਂਤਰੀ ਸਰਹੱਦ ਤੋਂ ਸਿਰਫ 2 ਕੁ ਕਿਲੋਮੀਟਰ ਦੂਰ ਹੀ ਪੈਂਦਾ ਹੈ। ਸਰਹੱਦ ਦੇ ਭਾਰਤ ਵਾਲੇ ਪਾਸੇ ਇਕ ਥੜਾ ਬਣਿਆ ਹੋਇਆ ਹੈ। ਹਰ ਰੋਜ਼ ਭਾਰੀ ਗਿਣਤੀ ਵਿਚ ਲੋਕ ਇਸ ਥੜੇ ਉਪਰ ਖੜ੍ਹ ਕੇ ਦੂਰਬੀਨ ਰਾਹੀਂ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ। ਕਈ ਸਾਲ ਪਹਿਲਾਂ ਮੈਂ ਖੁਦ ਵੀ ਬੀ.ਐੱਸ.ਐੱਫ. ਦੇ ਦੋਸਤ ਅਧਿਕਾਰੀ ਨਾਲ ਇਸ ਜਗ੍ਹਾ ਗਿਆ ਸੀ ਅਤੇ ਉਥੇ ਬਣੇ ਚਬੂਤਰੇ ਉਪਰ ਖੜ੍ਹ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਨ।
ਦੇਸ਼ ਦੀ ਵੰਡ ਤੋਂ ਬਾਅਦ ਕਰਤਾਰਪੁਰ ਸਾਹਿਬ ਭਾਰਤੀ ਪੰਜਾਬ ਨਾਲੋਂ ਕੱਟਿਆ ਗਿਆ। ਕਰਤਾਰਪੁਰ ਸਾਹਿਬ ਦੇ ਨਾਲ-ਨਾਲ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਲਾਹੌਰ ਵਿਚਲੇ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਭਾਰਤੀ ਪੰਜਾਬ ਨਾਲੋਂ ਵੱਖ ਕਰ ਦਿੱਤੇ ਗਏ। ਸਿੱਖਾਂ ਦੇ ਇਨ੍ਹਾਂ ਗੁਰਦੁਆਰਾ ਸਾਹਿਬ ਤੋਂ ਵਿਛੋੜਾ ਸੰਗਤ ਲਈ ਅਸਹਿ ਸੀ। ਪਾਕਿਸਤਾਨ ਨਾਲ ਬਹੁਤ ਲੰਮਾ ਸਮਾਂ ਸਬੰਧ ਵਿਗੜੇ ਰਹਿਣ ਕਾਰਨ ਵੀਜ਼ੇ ਲੈ ਕੇ ਵੀ ਸਿੱਖ ਗੁਰਧਾਮਾਂ ਦੀ ਯਾਤਰਾ ਸੰਭਵ ਨਹੀਂ ਸੀ। ਕਰੀਬ ਤਿੰਨ ਦਹਾਕਿਆਂ ਬਾਅਦ ਵੀਜ਼ੇ ਲੈ ਕੇ ਸੰਗਤਾਂ ਦਾ ਗੁਰਧਾਮਾਂ ਲਈ ਜਾਣ ਦੀ ਆਸ ਪੂਰੀ ਹੋਈ।
ਪਰ ਸਿੱਖ ਸੰਗਤ ਹਮੇਸ਼ਾ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਮੰਗ ਕਰਦੀ ਰਹੀ ਹੈ। ਸਿੱਖਾਂ ਦੀ ਹਰ ਰੋਜ਼ ਕੀਤੀ ਅਰਦਾਸ ਵਿਚ ਵੀ ਪੰਥ ਤੋਂ ਵਿਛੋੜੇ ਇਨ੍ਹਾਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਅਰਦਾਸ ਕੀਤੀ ਜਾਂਦੀ ਹੈ। ਪਿਛਲੇ ਕਰੀਬ ਦੋ-ਢਾਈ ਦਹਾਕੇ ਤੋਂ ਇਸ ਅਸਥਾਨ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਲਈ ਪਾਕਿਸਤਾਨ ਸਰਕਾਰ ਤੋਂ ਲਾਂਘਾ ਦੇਣ ਦੀ ਮੰਗ ਵੀ ਹੁੰਦੀ ਆਈ ਹੈ। ਸਿੱਖ ਸੰਗਤ ਦਾ ਕਹਿਣਾ ਹੈ ਕਿ ਡੇਰਾ ਬਾਬਾ ਨਾਨਕ ਨੇੜੇ ਸਰਹੱਦ ਤੋਂ 2 ਕੁ ਕਿਲੋਮੀਟਰ ਦੇ ਫਾਸਲੇ ਉਪਰ ਕਰਤਾਰਪੁਰ ਦਾ ਗੁਰਦੁਆਰਾ ਸਾਹਿਬ ਪੈਂਦਾ ਹੈ। ਜੇਕਰ ਪਾਕਿਸਤਾਨ ਸਰਕਾਰ ਇਸ ਰਸਤੇ ਨੂੰ ਖੁੱਲ੍ਹੇ ਲਾਂਘੇ ਵਿਚ ਬਦਲ ਦੇਵੇ, ਤਾਂ ਪੰਜਾਬ ਵਿਚੋਂ ਹੀ ਨਹੀਂ, ਸਗੋਂ ਪੂਰੇ ਭਾਰਤ ਵਿਚੋਂ ਸਿੱਖ ਹਰ ਰੋਜ਼ ਆਪਣੇ ਪਵਿੱਤਰ ਗੁਰਧਾਮ ਦੇ ਦਰਸ਼ਨ ਕਰਨ ਲਈ ਆ-ਜਾ ਸਕਦੇ ਹਨ।
ਇਕ ਤਾਂ ਪਾਕਿਸਤਾਨ ਸਰਕਾਰ ਦਾ ਵੀਜ਼ਾ ਲੈਣਾ ਹਰ ਕਿਸੇ ਲਈ ਸੌਖਾ ਨਹੀਂ ਹੈ। ਦੂਜਾ ਜੇ ਵੀਜ਼ਾ ਲੈ ਕੇ ਵੀ ਕੋਈ ਜਾਂਦਾ ਹੈ, ਤਾਂ ਪਹਿਲਾਂ ਲਾਹੌਰ ਪੁੱਜਣਾ ਪੈਂਦਾ ਹੈ ਤੇ ਫਿਰ ਉਥੋਂ 4-5 ਘੰਟੇ ਦਾ ਸਫਰ ਕਰਕੇ ਕਰਤਾਰਪੁਰ ਸਾਹਿਬ ਪੁੱਜਿਆ ਜਾਂਦਾ ਹੈ। ਇਸੇ ਤਰ੍ਹਾਂ ਫਿਰ ਵਾਪਸ ਉਸੇ ਰਸਤੇ ਮੁੜਨਾ ਪੈਂਦਾ ਹੈ। ਅਜਿਹਾ ਹੋਣ ਕਾਰਨ ਘੱਟੋ-ਘੱਟ 2-3 ਦਿਨ ਲੱਗ ਜਾਂਦੇ ਹਨ। ਪਰ ਜੇਕਰ ਡੇਰਾ ਬਾਬਾ ਨਾਨਕ ਨੇੜਿਓਂ ਸਰਹੱਦ ਤੋਂ ਖੁੱਲ੍ਹਾ ਲਾਂਘਾ ਮਿਲ ਜਾਵੇ, ਤਾਂ ਸਿੱਖ ਸੰਗਤ 2-3 ਘੰਟਿਆਂ ਵਿਚ ਹੀ ਇਸ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਕੇ ਵਾਪਸ ਮੁੜ ਸਕਦੀ ਹੈ।
ਪਾਕਿਸਤਾਨੀ ਪੰਜਾਬ ਦਾ ਹਿੱਸਾ ਬਣ ਗਏ ਕਰਤਾਰਪੁਰ ਸਾਹਿਬ ਸੰਸਾਰ ਦਾ ਉਹ ਮੁਕੱਦਸ ਅਸਥਾਨ ਹੈ, ਜਿੱਥੇ ਜਾਤ-ਪਾਤ ਅਤੇ ਊਚ-ਨੀਚ ਦੇ ਹਨੇਰੇ ‘ਚ ਡੁੱਬੇ ਸੰਸਾਰ ਨੂੰ ਚਾਨਣ ਦਾ ਰਾਹ ਦਿਖਾ ਕੇ ਸਰਬੱਤ ਦੇ ਭਲੇ ਦੀ ਫੇਰੀ ਲਗਾਉਂਦੇ ਹੋਏ ਸ੍ਰੀ ਗੁਰੂ ਨਾਨਕ ਜੀ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 18 ਸਾਲ ਬਿਤਾਏ ਸਨ। ਲੰਬੀਆਂ ਉਦਾਸੀਆਂ ਤੋਂ ਬਾਅਦ ਸੰਸਾਰ ਦੇ ਵੱਡੇ ਹਿੱਸੇ ਵਿਚ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਬਾਅਦ ਸ੍ਰੀ ਗੁਰੂ ਨਾਨਕ ਜੀ ਨੇ ਜ਼ਿਲ੍ਹਾ ਨਾਰੋਵਾਲ, ਤਹਿਸੀਲ ਸ਼ਕਰਗੜ੍ਹ ਦੇ ਖੇਤਰ ਵਿਚ ਕਰਤਾਰਪੁਰ ਸਾਹਿਬ ਨਗਰ ਵਸਾਇਆ ਸੀ। ਬਾਬੇ ਨਾਨਕ ਨੇ ਆਪਣੀ ਲੰਬੀ ਘਾਲਣਾ ਭਰੀ ਜ਼ਿੰਦਗੀ ਦੇ ਅਖੀਰਲੇ 18 ਸਾਲ ਆਪਣੇ ਪਰਿਵਾਰ ਨਾਲ ਇਥੇ ਹੀ ਬਿਤਾਏ ਸਨ। ਦੋ ਦਹਾਕੇ ਦੇ ਕਰੀਬ ਲੰਬਾ ਸਮਾਂ ਸ੍ਰੀ ਗੁਰੂ ਨਾਨਕ ਜੀ ਵੱਲੋਂ ਇਸ ਧਰਤੀ ਤੋਂ ਆਪਣੇ ਧਰਮ ਦਾ ਸੰਦੇਸ਼ ਦਿੱਤੇ ਜਾਣ ਕਾਰਨ ਇਹ ਅਸਥਾਨ ਸਿੱਖ ਧਰਮ ਦਾ ਪ੍ਰਚਾਰ ਕੇਂਦਰ ਬਣ ਗਿਆ ਸੀ। ਗੁਰੂ ਨਾਨਕ ਜੀ ਨੇ ‘ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ’ ਉਪਦੇਸ਼ ਇਸੇ ਧਰਤੀ ਤੋਂ ਦਿੱਤਾ ਸੀ ਅਤੇ ਲੰਗਰ ਦੀ ਪ੍ਰਥਾ ਵੀ ਚਲਾਈ ਸੀ। ਕਰਤਾਰਪੁਰ ਸਾਹਿਬ ਵਿਖੇ ਹੀ ਗੁਰੂ ਅੰਗਦ ਜੀ ਨੂੰ ਸ੍ਰੀ ਗੁਰੂ ਨਾਨਕ ਜੀ ਵੱਲੋਂ ਆਪਣਾ ਉਤਰਾਧਿਕਾਰੀ ਨਿਯੁਕਤ ਕਰਕੇ ਗੁਰਗੱਦੀ ਸੌਂਪੀ ਗਈ ਸੀ। ਸ੍ਰੀ ਗੁਰੂ ਨਾਨਕ ਜੀ ਇਸੇ ਧਰਤੀ ਤੇ 1539 ਨੂੰ ਜੋਤੀ ਜੋਤ ਸਮਾਂ ਗਏ ਸਨ।
ਕਰਤਾਰਪੁਰ ਸਾਹਿਬ ਲਾਹੌਰ ਤੋਂ 120 ਕਿਲੋਮੀਟਰ ਦੂਰੀ ‘ਤੇ ਪੈਂਦਾ ਹੈ, ਜਦਕਿ ਡੇਰਾ ਬਾਬਾ ਨਾਨਕ ਨੇੜਲੀ ਸਰਹੱਦ ਤੋਂ ਇਸ ਦਾ ਵਕਫਾ 2 ਕੁ ਕਿਲੋਮੀਟਰ ਦੇ ਨੇੜੇ ਹੀ ਹੈ। ਵਿਦੇਸ਼ਾਂ ਵਿਚ ਵਸਦੀ ਸਿੱਖ ਸੰਗਤ ਵੀ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਅਸਥਾਨਾਂ ਦੇ ਦਰਸ਼ਨਾਂ ਲਈ ਹਮੇਸ਼ਾ ਉਤਸੁਕ ਰਹਿੰਦੀ ਹੈ। ਬਹੁਤ ਸਾਰੇ ਲੋਕ ਬਾਹਰਲੇ ਮੁਲਕਾਂ ਵਿਚੋਂ ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਸ ਅਸਥਾਨ ਦੇ ਦਰਸ਼ਨਾਂ ਲਈ ਵੀ ਜਾਣਾ ਪੈਂਦਾ ਹੈ। ਪਰ ਜੇਕਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਮਿਲ ਜਾਵੇ, ਤਾਂ ਉਹ ਵੀ ਪੰਜਾਬ ਵਿਚ ਆਪਣੇ ਪਿੰਡਾਂ ਵਿਚ ਜਾਣ ਸਮੇਂ ਜਾਂ ਰਿਸ਼ਤੇਦਾਰਾਂ ਅਤੇ ਸਕੇ-ਸੰਬੰਧੀਆਂ ਨੂੰ ਮਿਲਣ ਗਏ ਹੋਣ ਸਮੇਂ ਬੜੀ ਆਸਾਨੀ ਨਾਲ ਇਸ ਇਤਿਹਾਸਕ ਅਸਥਾਨ ਦੇ ਦਰਸ਼ਨ ਕਰ ਸਕਣਗੇ।
ਸਿੱਖ ਸੰਗਤਾਂ ਨੇ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਜਾਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਲਈ ਸੰਗਤ ਦੇ ਠਹਿਰਣ ਲਈ ਆਲੀਸ਼ਾਨ ਸਰਾਵਾਂ ਦੀ ਉਸਾਰੀ ਵੀ ਕਰਵਾਈ ਹੈ। ਇਸੇ ਤਰ੍ਹਾਂ ਜੇਕਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਮਿਲ ਜਾਂਦਾ ਹੈ, ਤਾਂ ਉਥੇ ਸੰਗਤ ਦੇ ਜਾਣ ਅਤੇ ਉਸ ਲਈ ਲੋੜੀਂਦੀਆਂ ਹੋਰ ਅਨੇਕ ਸੇਵਾਵਾਂ ਲਈ ਬਾਹਰਲੇ ਮੁਲਕਾਂ ਵਿਚ ਬੈਠੀ ਸਿੱਖ ਸੰਗਤ ਵੀ ਵੱਡੀਆਂ ਸੇਵਾਵਾਂ ਦੇ ਸਕਦੀ ਹੈ। ਸੋ ਸਾਡੀ ਸੱਚੇ ਦਿਲੋਂ ਅਰਦਾਸ ਹੈ ਕਿ ਸਿੱਖਾਂ ਦੇ ਰਹਿਬਰ ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਦੋਵੇਂ ਦੇਸ਼ (ਪਾਕਿਸਤਾਨ ਤੇ ਭਾਰਤ) ਬਾਬੇ ਨਾਨਕ ਦੀ ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਫਿਲਾਸਫੀ ਨੂੰ ਪ੍ਰਵਾਨ ਕਰਦਿਆਂ ਕਰਤਾਰਪੁਰ ਸਾਹਿਬ ਲਈ ਲਾਂਘਾ ਦੇਣ ਦੇ ਫੈਸਲੇ ਉਪਰ ਮੋਹਰ ਲਗਾਉਣ।