ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?
ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?
Page Visitors: 2482
ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?
September 19
10:30 2018

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
ਪਾਕਿਸਤਾਨ ਵਿਚਲੇ ਭਾਰਤੀ ਸਰਹੱਦ ਤੋਂ ਤਕਰੀਬਨ ਚਾਰ ਕਿਲੋਮੀਟਰ ਦੂਰ ਪੈਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦੇ ਲਾਂਘੇ ਦੀ ਮੰਗ ਉਪਰ ਹੁਣ ਸਿਆਸਤ ਵੀ ਭਾਰੂ ਹੋ ਗਈ ਹੈ। ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਪੁੱਜੇ ਸ. ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਵੱਲੋਂ ਲਾਂਘਾ ਖੋਲ੍ਹਣ ਲਈ ਦਿੱਤੇ ਸੰਕੇਤ ਨਾਲ ਇਹ ਮਾਮਲਾ ਇਕ ਵਾਰ ਫਿਰ ਸੁਰਖੀਆਂ ‘ਚ ਆਇਆ ਸੀ।
   ਉਸ ਤੋਂ ਬਾਅਦ ਭਾਵੇਂ ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਰਸਮੀ ਤੌਰ ‘ਤੇ ਬਾਕਾਇਦਾ ਕੋਈ ਕਾਰਵਾਈ ਤਾਂ ਹੋਈ ਨਹੀਂ, ਪਰ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਧਿਰਾਂ ਵੱਲੋਂ ਬਿਆਨਬਾਜ਼ੀ ਜ਼ਰੂਰੀ ਕੀਤੀ ਜਾ ਰਹੀ ਹੈ। ਪੂਰਾ ਵਿਰੋਧੀ ਧਿਰ ਹੀ ਨਵਜੋਤ ਸਿੰਘ ਸਿੱਧੂ ਖਿਲਾਫ ਇੰਝ ਬਿਆਨਬਾਜ਼ੀ ਕਰ ਰਿਹਾ ਹੈ, ਜਿਵੇਂ ਉਹ ਬੜਾ ਵੱਡਾ ਮੁਜ਼ਰਿਮ ਹੋਵੇ। ਇਹ ਆਗੂ ਸ੍ਰੀ ਕਰਤਾਰਪੁਰ ਸਾਹਿਬ ਦੀ ਅਹਿਮੀਅਤ ਨੂੰ ਸ਼ਾਇਦ ਭੁੱਲ ਚੁੱਕੇ ਹਨ ਅਤੇ ਸਿੱਖ ਜਜ਼ਬਾਤਾਂ ਦੇ ਉਲਟ ਬਿਆਨਬਾਜ਼ੀ ਕਰ ਰਹੇ ਹਨ। ਕਰਤਾਰਪੁਰ ਸਾਹਿਬ ਲਾਂਘਾ ਸਿਰਫ ਸਿੱਧੂ ਲਈ ਹੀ ਨਹੀਂ ਖੁੱਲ੍ਹਣਾ, ਇਹ ਪੂਰੀ ਸਿੱਖ ਕੌਮ ਲਈ ਇਕ ਵਰਦਾਨ ਹੋਵੇਗਾ। ਇਹ ਲਾਂਘਾ ਕਰੋੜਾਂ ਸਿੱਖ ਸੰਗਤਾਂ ਦੀ ਆਸਥਾ ਦਾ ਸਵਾਲ ਹੈ।
  ਦੋਵਾਂ ਦੇਸ਼ਾਂ ਵਿਚ ਅਧਿਕਾਰਤ ਤੌਰ ‘ਤੇ ਨਾ ਹੀ ਤਾਂ ਅਜੇ ਤੱਕ ਕੋਈ ਗੱਲਬਾਤ ਚੱਲੀ ਹੈ ਅਤੇ ਨਾ ਹੀ ਕੋਈ ਸਮਝੌਤਾ ਹੋਇਆ ਹੈ। ਹਾਂ, ਸਿੱਧੂ ਨੂੰ ਫੌਜੀ ਜਰਨੈਲ ਵੱਲੋਂ ਹੁੰਗਾਰਾ ਦਿੱਤੇ ਜਾਣ ਬਾਅਦ ਪਾਕਿਸਤਾਨ ਦੇ ਇਕ ਮੰਤਰੀ ਨੇ ਵੀ ਲਾਂਘਾ ਖੋਲ੍ਹੇ ਜਾਣ ਦੀ ਸਹਿਮਤੀ ਦਾ ਬਿਆਨ ਜ਼ਰੂਰ ਦਿੱਤਾ ਸੀ। ਪਰ ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਦਾ ਕਹਿਣਾ ਹੈ ਕਿ ਲਾਂਘਾ ਖੋਲ੍ਹੇ ਜਾਣ ਬਾਰੇ ਪਾਕਿਸਤਾਨ ਵੱਲੋਂ ਭਾਰਤ ਨੂੰ ਅਜੇ ਤੱਕ ਕੋਈ ਪ੍ਰਸਤਾਵ ਨਹੀਂ ਆਇਆ ਹੈ। ਪੰਜਾਬ ਸਰਕਾਰ ਨੇ ਵੀ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ਅਗਲੀ ਕਾਰਵਾਈ ਕਰਨ ਦੀ ਪੁਰਜ਼ੋਰ ਸਿਫਾਰਿਸ਼ ਕੀਤੀ ਹੈ।
    ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਮੰਤਵ ਲਈ ਭਾਰਤ ਦੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਪਹਿਲਾਂ ਇਕ ਲੰਬਾ ਪੱਤਰ ਲਿਖ ਕੇ ਮੰਗ ਕੀਤੀ ਕਿ ਭਾਰਤ ਸਰਕਾਰ ਇਸ ਮਾਮਲੇ ਉਪਰ ਪਾਕਿਸਤਾਨ ਨਾਲ ਰਸਮੀ ਗੱਲਬਾਤ ਸ਼ੁਰੂ ਕਰੇ। ਉਨ੍ਹਾਂ ਕਿਹਾ ਹੈ ਕਿ ਬਾਬਾ ਨਾਨਕ ਕਿਸੇ ਇਕ ਫਿਰਕੇ ਨਾਲ ਸੰਬੰਧਤ ਧਾਰਮਿਕ ਆਗੂ ਨਹੀਂ ਸਨ, ਸਗੋਂ ਉਨ੍ਹਾਂ ਦੀ ਸਾਰੇ ਹੀ ਧਰਮਾਂ ਅਤੇ ਵਰਗਾਂ ਦੇ ਲੋਕਾਂ ਵਿਚ ਬਰਾਬਰ ਸਤਿਕਾਰ ਅਤੇ ਮਾਨਤਾ ਹੈ। ਬਾਬੇ ਨਾਨਕ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸੇ ਪਵਿੱਤਰ ਧਰਤੀ ਉਪਰ ਗੁਜ਼ਾਰੇ ਅਤੇ ਇਸ ਧਰਤੀ ਤੋਂ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ।
    ਉਨ੍ਹਾਂ ‘ਕਿਰਤ ਕਰੋ ਅਤੇ ਵੰਡ ਛਕੋ’ ਦਾ ਉਪਦੇਸ਼ ਇਸੇ ਧਰਤੀ ਤੋਂ ਦਿੱਤਾ ਸੀ। ਬਾਬੇ ਨਾਨਕ ਨੇ ਆਪਣਾ ਗ੍ਰਹਿਸਥੀ ਜੀਵਨ ਬਤੀਤ ਕਰਦਿਆਂ ਹੱਥੀ ਮਿਹਨਤ ਕਰਨ ਦੀ ਪਿਰਤ ਵੀ ਪਾਈ। ਇਸੇ ਕਾਰਨ ਕਰਤਾਰਪੁਰ ਸਾਹਿਬ ਉਸ ਸਮੇਂ ਸਿੱਖੀ ਦੇ ਕੇਂਦਰ ਵਜੋਂ ਉਭਰ ਆਇਆ ਸੀ।
    ਪਰ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਵੇਲੇ ਸਿੱਖ ਧਰਮ ਨਾਲ ਸੰਬੰਧਤ ਇਹ ਧਾਰਮਿਕ ਅਸਥਾਨ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ। ਉਸ ਸਮੇਂ ਤੋਂ ਹੀ ਸਿੱਖਾਂ ਦੀ ਅਰਦਾਸ ਵਿਚ ‘ਸਿੱਖਾਂ ਤੋਂ ਵਿਛੋੜੇ ਗਏ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ-ਦੀਦਾਰ’ ਸ਼ਾਮਲ ਕੀਤਾ ਗਿਆ ਅਤੇ ਸਿੱਖਾਂ ਲਈ ਇਹ ਨਿਤਨੇਮ ਬਣ ਗਏ ਹਨ। ਭਾਰਤ ਵਿਚਲੇ ਕਸਬੇ ਡੇਰਾ ਬਾਬਾ ਨਾਨਕ ਨੇੜਲੀ ਕੌਮਾਂਤਰੀ ਸਰਹੱਦ ਤੋਂ ਕਰਤਾਰਪੁਰ ਦਾ ਧਾਰਮਿਕ ਅਸਥਾਨ ਮਸਾਂ 4 ਕਿਲੋਮੀਟਰ ਹੈ। ਇਸ ਵੇਲੇ ਸਰਹੱਦ ਉਪਰ ਬਣਾਏ ਇਕ ਥੜੇ ਉਪਰੋਂ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਦੂਰਬੀਨ ਰਾਹੀਂ ਕਰਦੇ ਹਨ।
ਉਪਰੰਤ ਖੁਦ ਵੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਦਿੱਲੀ ਜਾ ਕੇ ਮੀਟਿੰਗ ਕੀਤੀ ਅਤੇ ਇਹ ਮਸਲਾ ਉਨ੍ਹਾਂ ਕੋਲ ਉਠਾਇਆ।
ਸ. ਨਵਜੋਤ ਸਿੰਘ ਸਿੱਧੂ ਵੱਲੋਂ ਭਾਰਤੀ ਵਿਦੇਸ਼ ਮੰਤਰੀ ਕੋਲ ਮਸਲਾ ਉਠਾਏ ਜਾਣ ਬਾਅਦ ਅਕਾਲੀ ਦਲ ਨੇ ਵੀ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਅਕਾਲੀ ਦਲ ਦੀ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਆਗੂ ਸ਼੍ਰੀ ਹਰਸਿਮਰਤ ਕੌਰ ਬਾਦਲ ਨੇ ਤਾਂ ਇਥੋਂ ਤੱਕ ਆਖ ਦਿੱਤਾ ਹੈ ਕਿ ਸਿੱਧੂ ਨੂੰ ਕਰਤਾਰਪੁਰ ਦੇ ਲਾਂਘੇ ਬਾਰੇ ਗੱਲ ਕਰਨ ਦਾ ਹੱਕ ਹੀ ਕੀ ਹੈ। ਉਨ੍ਹਾਂ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਸਿੱਧੂ ਨੂੰ ਪਾਕਿਸਤਾਨ ਵਿਚ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਦੀ ਹੀ ਇਜਾਜ਼ਤ ਦਿੱਤੀ ਗਈ ਸੀ। ਪਰ ਉਨ੍ਹਾਂ ਨੇ ਫੌਜ ਦੇ ਜਰਨਲ ਨੂੰ ਜੱਫੀ ਪਾ ਕੇ ਅਤੇ ਲਾਂਘੇ ਬਾਰੇ ਗੱਲਾਂ ਕਰਕੇ ਭਾਰਤ ਦੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਕਾਫੀ ਸਮਾਂ ਪੱਛੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਵੀ ਕਰਤਾਰਪੁਰ ਦੇ ਲਾਂਘੇ ਉਪਰ ਬੋਲਣ ਦੀ ਯਾਦ ਆ ਗਈ ਹੈ। ਹੁਣ ਤੱਕ ਤਾਂ ਉਹ ਅਕਾਲੀ ਦਲ ਬਾਦਲ ਦੇ ਆਗੂਆਂ ਵਾਂਗ ਨਵਜੋਤ ਸਿੰਘ ਸਿੱਧੂ ਖਿਲਾਫ ਬਿਆਨਬਾਜ਼ੀ ਵਿਚ ਹੀ ਰੁੱਝੇ ਰਹੇ। ਹੁਣ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਪਣੇ ਕੁਝ ਹੋਰ ਸਾਥੀਆਂ ਨਾਲ ਡੇਰਾ ਬਾਬਾ ਨਾਨਕ ਨੇੜੇ ਸਰਹੱਦ ਉਪਰ ਗਏ ਅਤੇ ਉਥੋਂ ਉਨ੍ਹਾਂ ਪਵਿੱਤਰ ਅਸਥਾਨ ਦੇ ਦਰਸ਼ਨ ਵੀ ਕੀਤੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਤਾਂ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਲਾਂਘਾ ਖੁੱਲ੍ਹਣ ਦਾ ਫੈਸਲਾ ਹੋ ਜਾਵੇ, ਤਾਂ ਲਾਂਘੇ ਉਪਰ ਆਉਣ ਵਾਲਾ ਖਰਚਾ ਕਮੇਟੀ ਦੇ ਸਕਦੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਵੱਖ-ਵੱਖ ਆਗੂਆਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸਿੱਖ ਮਨਾਂ ਦੀ ਸੁਹਿਰਦ ਮੰਗ ਨੂੰ ਪੂਰਾ ਕਰਾਉਣ ਨੇ ਨਾਂ ‘ਤੇ ਸਿਆਸਤ ਖੇਡਣੀ ਵੀ ਸ਼ੁਰੂ ਕਰ ਦਿੱਤੀ ਹੈ। ਹਰ ਇਕ ਦੀ ਦੌੜ ਇਹ ਹੈ ਕਿ ਉਹ ਮੰਗ ਨੂੰ ਉਠਾਉਣ ਅਤੇ ਪੂਰਾ ਕਰਨ ਦਾ ਸਿਹਰਾ ਆਪਣੇ ਸਿਰ ਬੰਨ੍ਹ ਸਕੇ।
ਬਾਹਰਲੇ ਮੁਲਕਾਂ ਵਿਚ ਵਸ ਰਹੇ ਸਿੱਖਾਂ ਨੂੰ ਭਾਵੇਂ ਪਾਕਿਸਤਾਨ ਦਾ ਵੀਜ਼ਾ ਲੈ ਕੇ ਕਰਤਾਰਪੁਰ ਜਾਣ ‘ਚ ਕੋਈ ਔਖ ਨਹੀਂ ਹੈ ਅਤੇ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਸਿੱਖ ਪਾਕਿਸਤਾਨ ਵਿਚਲੇ ਗੁਰਧਾਮਾਂ ਸਮੇਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਵੀ ਰਹਿੰਦੇ ਹਨ।
ਪਰ ਭਾਰਤੀ ਪੰਜਾਬ ਵਿਚੋਂ ਬਿਨਾਂ ਵੀਜ਼ੇ ਦੇ ਲਾਂਘੇ ਦੀ ਖੁੱਲ੍ਹ ਮਿਲਣ ਦਾ ਇਕ ਆਪਣਾ ਹੀ ਵੱਖਰਾ ਚਾਅ ਅਤੇ ਸਥਾਨ ਹੋਵੇਗਾ।
ਆਪਣੇ ਪਿੰਡਾਂ ਵਿਚ ਅਤੇ ਰਿਸ਼ਤੇਦਾਰਾਂ ਕੋਲ ਮਿਲਣ ਗਏ ਪ੍ਰਵਾਸੀ ਸਿੱਖ ਜਦੋਂ ਉਥੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ, ਤਾਂ ਉਨ੍ਹਾਂ ਨੂੰ ਵਧੇਰੇ ਸਕੂਨ ਅਤੇ ਸ਼ਰਧਾ ਭਾਵ ਹਾਸਲ ਹੋਵੇਗਾ। ਇਸ ਕਰਕੇ ਦੁਨੀਆਂ ਭਰ ਵਿਚ ਬੈਠੇ ਸਿੱਖ ਵੀ ਇਹ ਚਾਹੁੰਦੇ ਹਨ ਕਿ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਿਆ ਜਾਵੇ। ਸਾਡਾ ਖਿਆਲ ਹੈ ਕਿ ਮਹਿਜ਼ ਬਿਆਨਬਾਜ਼ੀ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਖਾਸਕਰ ਜਦ ਤੱਕ ਦੋਵਾਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਸੰਬੰਧ ਤਨਾਅਪੂਰਨ ਬਣੇ ਹੋਏ ਹਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਅਤੇ ਹੋਰ ਹਰ ਤਰ੍ਹਾਂ ਦੀਆਂ ਸੱਭਿਆਚਾਰਕ ਅਤੇ ਸਮਾਜਿਕ ਸਰਗਰਮੀਆਂ ਠੱਪ ਪਈਆਂ ਹਨ, ਤਾਂ ਇਕੱਲੇ ਇਕ ਮਸਲੇ ਉਪਰ ਇੰਨੀ ਵੱਡੀ ਪਹਿਲਕਦਮੀ ਹੋਣੀ ਮੁਸ਼ਕਿਲ ਜਾਪ ਰਹੀ ਹੈ। ਪਿਛਲੇ ਸਮੇਂ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਬੜੇ ਕੁੜੱਤਣ ਭਰੇ ਰਹੇ ਹਨ। ਸਰਹੱਦਾਂ ਉਪਰ ਪਿਛਲਾ ਸਾਰਾ ਸਾਲ ਗੋਲੀਬਾਰੀ ਅਤੇ ਮਾਰ-ਧਾੜ ਹੁੰਦੀ ਰਹੀ ਹੈ। ਖਾਸਕਰ ਮੋਦੀ ਸਰਕਾਰ ਵੱਲੋਂ ਸਰਜੀਕਲ ਸਟਰਾਈਕ ਦੇ ਦਾਅਵੇ ਦੋਵਾਂ ਦੇਸ਼ਾਂ ਦਰਮਿਆਨ ਟਕਰਾਅ ਵਾਲੀ ਸਥਿਤੀ ਪੈਦਾ ਕਰਦੇ ਰਹੇ ਹਨ। ਆਪਸੀ ਵਪਾਰਕ ਸੰਬੰਧਾਂ ਲਈ ਦੋਵਾਂ ਦੇਸ਼ਾਂ ਦਰਮਿਆਨ ਬੜੇ ਹੀ ਵਧੀਆ ਮੌਕੇ ਹਨ।
    ਪਰ ਇਸ ਵੇਲੇ ਹਾਲਾਤ ਇਹ ਹਨ ਕਿ ਖੰਡ, ਆਲੂ ਅਤੇ ਟਮਾਟਰਾਂ ਦਾ ਵਪਾਰ ਵੀ ਠੱਪ ਹੋਇਆ ਪਿਆ ਹੈ। ਦੋਵਾਂ ਪੰਜਾਬਾਂ ਦਰਮਿਆਨ ਵਾਹਘਾ ਅਤੇ ਹੁਸੈਨੀਵਾਲਾ ਬਾਰਡਰ ਰਾਹੀਂ ਤਾਂ ਵਪਾਰਕ ਸਰਗਰਮੀਆਂ ਤਾਂ ਲਗਭਗ ਉੱਕਾ ਹੀ ਬੰਦ ਪਈਆਂ ਹਨ। ਜੇਕਰ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਸੰਬੰਧ ਬਣਨ ਅਤੇ ਇਸ ਵਪਾਰਕ ਆਦਾਨ-ਪ੍ਰਦਾਨ ਲਈ ਹੁਸੈਨੀਵਾਲਾ ਅਤੇ ਵਾਹਘਾ ਬਾਰਡਰ ਖੋਲ੍ਹ ਦਿੱਤੇ ਜਾਣ, ਤਾਂ ਦੋਵੇਂ ਪੰਜਾਬਾਂ ਲਈ ਇਹ ਗੱਲ ਵਰਦਾਨ ਸਾਬਤ ਹੋ ਸਕਦੀ ਹੈ। ਇੰਦਰ ਕੁਮਾਰ ਗੁਜਰਾਲ ਦੇ ਪ੍ਰਧਾਨ ਮੰਤਰੀ ਬਣਨ ਸਮੇਂ ਪੰਜਾਬ ਦੀ ਖੰਡ ਸਮੁੰਦਰੀ ਰਸਤੇ ਕਰਾਚੀ ਭੇਜਣ ਦੀ ਥਾਂ, ਫਗਵਾੜਾ ਤੋਂ ਵਾਹਘਾ ਸਰਹੱਦ ਰਾਹੀਂ ਸਿੱਧਾ ਲਾਹੌਰ ਭੇਜਣ ਦਾ ਬੰਦੋਬਸਤ ਕੀਤਾ ਗਿਆ ਸੀ। ਇਸ ਤਰ੍ਹਾਂ ਢਾਈ-ਤਿੰਨ ਘੰਟੇ ਵਿਚ ਹੀ ਖੰਡ ਦੇ ਭਰੇ ਟਰੱਕ ਵਾਹਘਾ ਸਰਹੱਦ ਪਾਰ ਕਰ ਜਾਂਦੇ ਸਨ। ਜੇ ਇੰਝ ਹੀ ਫਲ, ਸਬਜ਼ੀਆਂ ਅਤੇ ਹੋਰ ਸਾਮਾਨ ਦਾ ਵਪਾਰ ਖੁੱਲ੍ਹ ਜਾਵੇ, ਤਾਂ ਦੋਵੇਂ ਪੰਜਾਬਾਂ ਦੀ ਤਕਦੀਰ ਖੁੱਲ੍ਹ ਸਕਦੀ ਹੈ।
ਸਮਝਣ ਵਾਲੀ ਪਹਿਲੀ ਗੱਲ ਤਾਂ ਇਹ ਹੈ ਕਿ 2 ਦੇਸ਼ਾਂ ਵਿਚਕਾਰ ਲਾਂਘਾ ਖੋਲ੍ਹਣ ਦਾ ਮਸਲਾ ਮਹਿਜ਼ ਸਿਆਸੀ ਬਿਆਨਬਾਜ਼ੀ ਨਾਲ ਹੱਲ ਨਹੀਂ ਹੋਣਾ। ਕਰਤਾਰਪੁਰ ਸਾਹਿਬ ਲਾਂਘੇ ਦੀ ਲੋੜ ਪਾਕਿਸਤਾਨ ਦੀ ਨਹੀਂ, ਬਲਕਿ ਭਾਰਤ ਦੀ ਹੈ। ਇਸ ਲਈ ਬੇਨਤੀ ਪੱਤਰ ਭਾਰਤ ਨੂੰ ਹੀ ਲਿਖਣਾ ਪਵੇਗਾ।
   ਪਾਕਿਸਤਾਨ ਵੱਲੋਂ ਤਾਂ ਪਹਿਲਾਂ ਹੀ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜੇ ਭਾਰਤ ਸਰਕਾਰ ਇਸ ਲਾਂਘੇ ਨੂੰ ਖੋਲ੍ਹਣ ਲਈ ਪਾਕਿਸਤਾਨ ਨੂੰ ਬੇਨਤੀ ਕਰੇਗੀ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਕੋਲੋਂ ਹਾਂ-ਪੱਖੀ ਹੁੰਗਾਰਾ ਮਿਲੇਗਾ। ਇਸ ਮਾਮਲੇ ਉਪਰ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਦੀ ਦੁਵੱਲੀ ਮੀਟਿੰਗ ਹੋਣੀ ਬਹੁਤ ਜ਼ਰੂਰੀ ਹੈ। ਇਸ ਮੀਟਿੰਗ ਵਿਚ ਸਰਹੱਦ ਤੋਂ ਧਾਰਮਿਕ ਅਸਥਾਨ ਤੱਕ ਲਾਂਘਾ ਖੋਲ੍ਹੇ ਜਾਣ ਬਾਰੇ ਬਾਕਾਇਦਾ ਇਕਰਾਰਨਾਮਾ ਪਾਸ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੀ ਲਾਂਘਾ ਖੋਲ੍ਹੇ ਜਾਣ ਦੀਆਂ ਬਾਕੀ ਤਕਨੀਕੀ ਗੱਲਾਂ ਦਾ ਹੱਲ ਕੀਤਾ ਜਾ ਸਕਦਾ ਹੈ।
   ਲਾਂਘਾ ਖੋਲ੍ਹਣ ਲਈ ਜਿੱਥੇ ਸਰਹੱਦ ਦੇ ਐਨ ਨਾਲ ਰਾਵੀ ਦਰਿਆ ਉਪਰ ਲੰਬਾ ਪੁਲ਼ ਬਣਾਉਣਾ ਪਵੇਗਾ, ਉਥੇ ਨਾਲ ਹੀ ਉਸ ਤੋਂ ਥੋੜ੍ਹੀ ਦੂਰ ਲੰਘਦੀ ਨਹਿਰ ਉਪਰ ਵੀ ਪੁਲ਼ ਦੀ ਉਸਾਰੀ ਕਰਨੀ ਪਵੇਗੀ। ਇਸੇ ਤਰ੍ਹਾਂ 4 ਕਿਲੋਮੀਟਰ ਦੇ ਲਾਂਘੇ ਦੁਆਲੇ ਪੱਕੀ ਕੰਧ ਜਾਂ ਕੰਡਿਆਲੀ ਤਾਰ ਦੀ ਵਾੜ ਲਗਾਉਣੀ ਪਵੇਗੀ। ਫਿਰ ਹੀ ਇਹ ਲਾਂਘਾ ਚੱਲਣਾ ਸੰਭਵ ਹੋਵੇਗਾ।
ਪਾਕਿਸਤਾਨ ਵਿਚ ਨਵੀਂ ਸਰਕਾਰ ਬਣਨ ਨਾਲ ਭਾਰਤ ਨਾਲ ਤਨਾਅ ਘੱਟ ਹੋਣ ਦੇ ਸੰਕੇਤ ਮਿਲ ਰਹੇ ਹਨ। ਜੇਕਰ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਹਕੀਕਤ ਵਿਚ ਬਦਲਣ ਲਈ ਦੋਵੇਂ ਦੇਸ਼ ਪਹਿਲਕਦਮੀ ਕਰਨ, ਤਾਂ ਇਹ ਫੈਸਲਾ ਦੋਵਾਂ ਦੇਸ਼ਾਂ ਵਿਚਾਰਕ ਵਪਾਰਕ ਸੰਬੰਧਾਂ ਨੂੰ ਸੁਧਾਰਨ ਦਾ ਜ਼ਰੀਆ ਵੀ ਬਣ ਸਕਦਾ ਹੈ।
ਸੋ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਭੰਡੀ ਪ੍ਰਚਾਰ ਕਰਨ ਤੋਂ ਚੰਗਾ ਹੈ ਕਿ ਸਾਰੇ ਇਕਜੁੱਟ ਹੋ ਕੇ ਭਾਰਤ ਸਰਕਾਰ ‘ਤੇ ਇਸ ਮਸਲੇ ਲਈ ਦਬਾਅ ਪਾਉਣ, ਤਾਂ ਜੋ ਸਾਰੇ ਰਲਮਿਲ ਕੇ ਇਸ ਲਾਂਘੇ ਨੂੰ ਖੁੱਲ੍ਹਵਾ ਸਕਣ। ਜਿਸ ਨਾਲ ਭਾਰਤ ਵਿਚ ਰਹਿੰਦੀ ਸਮੁੱਚੀ ਸਿੱਖ ਸੰਗਤ ਆਪਣੇ ਪਹਿਲੇ ਗੁਰੂ ਦੇ ਅਸਥਾਨ ਦੇ ਦਰਸ਼ਨ ਕਰ ਸਕਣ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.