ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਟਰੰਪ ਵੱਲੋਂ ਭਾਰਤ ਦੇ ਗਣਤੰਤਰ ਦਿਵਸ ‘ਚ ਸ਼ਾਮਲ ਨਾ ਹੋਣਾ ਪੈਦਾ ਕਰਦਾ ਹੈ ਕਈ ਸ਼ੰਕੇ
ਟਰੰਪ ਵੱਲੋਂ ਭਾਰਤ ਦੇ ਗਣਤੰਤਰ ਦਿਵਸ ‘ਚ ਸ਼ਾਮਲ ਨਾ ਹੋਣਾ ਪੈਦਾ ਕਰਦਾ ਹੈ ਕਈ ਸ਼ੰਕੇ
Page Visitors: 2466

ਟਰੰਪ ਵੱਲੋਂ ਭਾਰਤ ਦੇ ਗਣਤੰਤਰ ਦਿਵਸ ‘ਚ ਸ਼ਾਮਲ ਨਾ ਹੋਣਾ ਪੈਦਾ ਕਰਦਾ ਹੈ ਕਈ ਸ਼ੰਕੇਟਰੰਪ ਵੱਲੋਂ ਭਾਰਤ ਦੇ ਗਣਤੰਤਰ ਦਿਵਸ ‘ਚ ਸ਼ਾਮਲ ਨਾ ਹੋਣਾ ਪੈਦਾ ਕਰਦਾ ਹੈ ਕਈ ਸ਼ੰਕੇ

October 31
11:30 2018

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 26 ਜਨਵਰੀ 2019 ਨੂੰ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ‘ਚ ਸ਼ਾਮਲ ਹੋਣ ਦੇ ਸੱਦੇ ਨੂੰ ਪੂਰੀ ਦੁਨੀਆਂ ਬੜੀ ਦਿਲਚਸਪੀ ਅਤੇ ਗੰਭੀਰਤਾ ਨਾਲ ਲੈ ਰਹੀ ਸੀ। ਭਾਰਤ ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਹੋਣ ਵਾਲੇ ਗਣਤੰਤਰ ਸਮਾਰੋਹ ਦੀ ਇਸ ਪੱਖੋਂ ਵੀ ਵਧੇਰੇ ਮਹੱਤਤਾ ਸੀ ਕਿ ਟਰੰਪ ਦੇ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਨਾਲ ਭਵਿੱਖ ਵਿਚ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਦੀ ਦਿਸ਼ਾ ਵੀ ਤੈਅ ਹੋਣੀ ਸੀ। ਪਰ ਪੈਦਾ ਹੋਈ ਨਵੀਂ ਸਥਿਤੀ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਗਣਤੰਤਰ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਜਵਾਬ ਦੇ ਦਿੱਤਾ ਹੈ।
   ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ 2015 ‘ਚ ਗਣਤੰਤਰ ਸਮਾਰੋਹ ਵਿਚ ਸ਼ਾਮਲ ਹੋਣ ਗਏ ਸਨ ਅਤੇ ਉਨ੍ਹਾਂ ਦੀ ਫੇਰੀ ਸਮੇਂ ਅਮਰੀਕਾ ਅਤੇ ਭਾਰਤ ਵਿਚਕਾਰ ਚੰਗੇ ਸਬੰਧਾਂ ਦੀ ਗੱਲ ਅੱਗੇ ਤੁਰਨ ਦੀ ਆਸ ਕੀਤੀ ਗਈ ਸੀ। ਉਸ ਸਮੇਂ ਵੀ ਭਾਰਤ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਉਪਰ ਨਰਿੰਦਰ ਮੋਦੀ ਹੀ ਸੁਸ਼ੋਭਿਤ ਸੀ ਤੇ ਇਸ ਸਮੇਂ ਵੀ ਗਣਤੰਤਰ ਦਿਵਸ ਦੇ ਸਮਾਰੋਹ ਨੂੰ ਨਰਿੰਦਰ ਮੋਦੀ ਹੀ ਪ੍ਰਧਾਨ ਮੰਤਰੀ ਵਜੋਂ ਸੰਬੋਧਿਤ ਹੋਣਗੇ।
     ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਬਾਅਦ ਨਰਿੰਦਰ ਮੋਦੀ ਸਤੰਬਰ 2015 ਵਿਚ ਅਮਰੀਕਾ ਦੌਰੇ ‘ਤੇ ਗਏ ਸਨ। ਉਸ ਸਮੇਂ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹੋਰ ਅਹਿਮ ਨੇਤਾਵਾਂ ਨਾਲ ਜੱਫੀਆਂ ਪਾ ਕੇ ਬੜੀਆਂ ਤਸਵੀਰਾਂ ਖਿਚਾਈਆਂ ਸਨ ਅਤੇ ਅਮਰੀਕਾ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕੀਤੀਆਂ ਸਨ।
    ਫਿਰ ਉਸ ਤੋਂ ਬਾਅਦ ਜੂਨ 2017 ਵਿਚ ਮੁੜ ਮੋਦੀ ਨਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਲਈ ਅਮਰੀਕਾ ਪੁੱਜੇ ਸਨ ਅਤੇ ਉਨ੍ਹਾਂ ਖੋਜ, ਵਿਕਾਸ, ਪੁਲਾੜ ਅਤੇ ਹੋਰ ਕਈ ਖੇਤਰਾਂ ਵਿਚ ਸਬੰਧਾਂ ਨੂੰ ਅੱਗੇ ਵਧਾਉਣ ਦਾ ਤਹੱਈਆ ਕੀਤਾ ਸੀ। ਪਰ ਲੱਗਦਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਅਮਰੀਕਾ ਨਾਲ ਮਜ਼ਬੂਤ ਸਬੰਧ ਬਣਾਉਣ ਲਈ ਮਜ਼ਬੂਤ ਜੱਫੀਆਂ ਪਾਉਣ ਤੋਂ ਅੱਗੇ ਨਹੀਂ ਵੱਧ ਸਕੇ। ਸਗੋਂ ਇਸ ਤੋਂ ਉਲਟ ਸ਼੍ਰੀ ਮੋਦੀ ਦਾ ਝੁਕਾਅ ਲਗਾਤਾਰ ਅਮਰੀਕਾ ਵਿਰੋਧੀ ਸ਼ਕਤੀਆਂ ਵੱਲ ਹੀ ਉਲਾਰ ਰਿਹਾ ਹੈ। ਪਿਛਲੇ ਸਮੇਂ ਦੌਰਾਨ ਭਾਰਤ ਨੇ ਰੂਸ, ਜਾਪਾਨ, ਈਰਾਨ ਅਤੇ ਚੀਨ ਵਰਗੇ ਦੇਸ਼ਾਂ ਨਾਲ ਆਦਾਨ-ਪ੍ਰਦਾਨ ਅਤੇ ਵਪਾਰ ‘ਚ ਵਾਧੇ ਦੀਆਂ ਅਨੇਕ ਪੇਸ਼ਕਦਮੀਆਂ ਕੀਤੀਆਂ ਹਨ ਅਤੇ ਸਮਝੌਤੇ ਹੋਏ ਹਨ।
    ਅਮਰੀਕਾ ਨਹੀਂ ਸੀ ਚਾਹੁੰਦਾ ਕਿ ਭਾਰਤ ਦੁਨੀਆਂ ਵਿਚ ਅਮਰੀਕਾ ਦੀ ਸਰਦਾਰੀ ਦੇ ਰਾਹ ਵਿਚ ਰੋੜਾ ਬਣਨ ਵਾਲੇ ਦੇਸ਼ਾਂ ਨਾਲ ਭਾਰਤ ਅੱਗੇ ਹੋ ਕੇ ਹੱਥ ਮਿਲਾਵੇ। ਪਰ ਭਾਰਤ ਹਮੇਸ਼ਾ ਉਕਤ ਦੱਸੇ ਦੇਸ਼ਾਂ ਵੱਲ ਹੀ ਵਧੇਰੇ ਉਲਾਰ ਰਿਹਾ ਹੈ। ਰੂਸ ਰਵਾਇਤੀ ਤੌਰ ‘ਤੇ ਭਾਰਤ ਨੂੰ ਹਥਿਆਰ ਅਤੇ ਹੋਰ ਫੌਜੀ ਸਾਜੋ-ਸਾਮਾਨ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਰਿਹਾ ਹੈ ਅਤੇ ਅੱਜ ਵੀ ਹੈ। 2015 ਵਿਚ ਭਾਰਤੀ ਅਤੇ ਰੂਸੀ ਫੌਜੀਆਂ ਨੇ ਅੱਤਵਾਦ ਵਿਰੋਧੀ ਸਾਂਝੀ ਟ੍ਰੇਨਿੰਗ ਵਿਚ ਹਿੱਸਾ ਲੈ ਕੇ ਇਕ ਨਵਾਂ ਇਤਿਹਾਸ ਰੱਚਿਆ। ਭਾਰਤ ਨੂੰ ਫੌਜੀ ਸਾਜੋ-ਸਾਮਾਨ ਅਤੇ ਹਥਿਆਰ ਸਪਲਾਈ ਕਰਨ ਵਿਚ ਇਸ ਵੇਲੇ ਇਕੱਲੇ ਰੂਸ ਦਾ ਹਿੱਸਾ 68 ਫੀਸਦੀ ਹੈ। ਜਦਕਿ ਅਮਰੀਕਾ ਸਿਰਫ 14 ਫੀਸਦੀ ਅਤੇ ਇਜ਼ਰਾਇਲ 7.2 ਫੀਸਦੀ ਹਥਿਆਰ ਤੇ ਹੋਰ ਸਾਜੋ-ਸਾਮਾਨ ਸਪਲਾਈ ਕਰਦਾ ਹੈ। ਟਰੰਪ ਪ੍ਰਸ਼ਾਸਨ ਭਾਰਤ ਦੀ ਰੂਸ ਉਪਰ ਟੇਕ ਨੂੰ ਘਟਾਉਣਾ ਚਾਹੁੰਦਾ ਸੀ ਅਤੇ ਟਰੰਪ ਵੱਲੋਂ ਵਾਰ-ਵਾਰ ਇਹ ਦਬਾਅ ਵੀ ਪਾਇਆ ਜਾਂਦਾ ਰਿਹਾ ਹੈ ਕਿ ਉਹ ਫੌਜੀ ਹਥਿਆਰ ਅਤੇ ਹੋਰ ਸਾਜੋ-ਸਾਮਾਨ ਲਈ ਰੂਸ ਵਾਲੇ ਪਾਸਿਓਂ ਆਪਣਾ ਹੱਥ ਘੁੱਟੇ।
    ਭਾਰਤ ਅੰਦਰ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਪ੍ਰਮਾਣੂ ਸਮਝੌਤਿਆਂ ਨਾਲ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸੰਬੰਧ ਹੋਰ ਮਜ਼ਬੂਤ ਹੋਣ ਵੱਲ ਕਦਮ ਵਧੇ ਸਨ। ਡਾ. ਮਨਮੋਹਨ ਸਿੰਘ ਦੇ ਰਾਜ ਵੇਲੇ ਵਪਾਰਕ ਖੇਤਰ ਵਿਚ ਵੀ ਅਮਰੀਕਾ ਨਾਲ ਅਨੇਕ ਵੱਡੇ ਸਮਝੌਤੇ ਹੋਏ ਸਨ। ਪਰ ਮੋਦੀ ਰਾਜ ਸਮੇਂ ਪਿਛਲੇ ਸਾਢੇ 4 ਸਾਲ ਦੌਰਾਨ ਇਸ ਪਾਸੇ ਵੱਲ ਕੋਈ ਗਿਣਨਯੋਗ ਪ੍ਰਗਤੀ ਸਾਹਮਣੇ ਨਹੀਂ ਆਈ। ਇਸ ਤੋਂ ਉਲਟ ਭਾਰਤ ਤੇ ਰੂਸ ਵਿਚਕਾਰ ਖੋਜ ਵਿਕਾਸ, ਫੌਜੀ ਸਿਖਲਾਈ ਤੋਂ ਇਲਾਵਾ ਬੁਨਿਆਦੀ ਢਾਂਚੇ ਦੀ ਉਸਾਰੀ ਦੇ ਕਈ ਅਹਿਮ ਖੇਤਰਾਂ ਵਿਚ ਵੀ ਨਵੇਂ ਸਮਝੌਤੇ ਗਏ ਹਨ।
   ਇਸੇ ਤਰ੍ਹਾਂ ਅਮਰੀਕਾ ਦੀ ਅੱਖ ਵਿਚ ਰੜਕਣ ਵਾਲੇ ਇਰਾਨ ਨਾਲ ਭਾਰਤ ਦੇ ਚੰਗੇ ਸੰਬੰਧ ਅਤੇ ਵਪਾਰਕ ਸਮਝੌਤੇ ਅਮਰੀਕਾ ਨੂੰ ਰਾਸ ਨਹੀਂ ਆ ਰਹੇ। ਮਈ 2016 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਰਾਨ ਦੇ ਦੌਰੇ ‘ਤੇ ਗਏ ਸਨ। ਉਸ ਸਮੇਂ ਊਰਜਾ ਅਤੇ ਵਪਾਰ ਦੇ ਖੇਤਰ ਵਿਚ ਦੋਵਾਂ ਦੇਸ਼ਾਂ ਵਿਚਕਾਰ ਵੱਡੇ ਸਮਝੌਤੇ ਹੋਏ ਸਨ। ਖਾਸ ਤੌਰ ‘ਤੇ ਦੋਵਾਂ ਦੇਸ਼ਾਂ ਵਿਚ ਆਪਸੀ ਮਿਲਵਰਤਨ ਅਤੇ ਬੁਨਿਆਦੀ ਢਾਂਚੇ ਬਾਰੇ ਕਈ ਸਮਝੌਤੇ ਕੀਤੇ ਗਏ। ਕੱਚੇ ਤੇਲ ਤੇ ਗੈਸ ਦੀ ਸਪਲਾਈ ਬਾਰੇ ਵੀ ਕਈ ਅਹਿਮ ਸਮਝੌਤੇ ਹੋਏ। ਖਾਸ ਕਰ ਗੈਸ ਦੀ ਸਪਲਾਈ ਲਈ ਪਾਕਿਸਤਾਨ ਰਾਹੀਂ ਭਾਰਤ ਨੂੰ ਗੈਸ ਪਹੁੰਚਾਉਣ ਵਾਸਤੇ ਪਾਈਪਲਾਈਨ ਵਿਛਾਉਣ ਦਾ ਬਹੁਤ ਵੱਡਾ ਸਮਝੌਤਾ ਹੋਇਆ। ਇਰਾਨ ਮਨੁੱਖੀ ਅਧਿਕਾਰ ਸੰਸਥਾ ਅਤੇ ਹੋਰ ਕਈ ਕੌਮਾਂਤਰੀ ਸੰਸਥਾਵਾਂ ਵਿਚ ਪਾਕਿਸਤਾਨ ਵੱਲੋਂ ਭਾਰਤ ਵਿਰੋਧੀ ਪੇਸ਼ ਕੀਤੇ ਜਾਣ ਵਾਲੇ ਮਤੇ ਰੋਕਣ ਵਿਚ ਵੀ ਭਾਰਤ ਦੀ ਮਦਦ ਕਰਦਾ ਰਿਹਾ ਹੈ। ਇਸੇ ਤਰ੍ਹਾਂ ਪਹਿਲਾਂ ਸ਼੍ਰੀ ਮੋਦੀ ਦਾ ਜਾਪਾਨ ਦੌਰਾ ਅਤੇ ਫਿਰ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਭਾਰਤ ਦੌਰੇ ‘ਤੇ ਆਉਣਾ ਅਤੇ ਹੁਣ ਅੱਜਕੱਲ੍ਹ ਨਰਿੰਦਰ ਮੋਦੀ ਦੇ ਮੁੜ ਫਿਰ ਜਾਪਾਨ ਦੌਰੇ ਉਪਰ ਜਾਣ ਨੇ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਮਿਲਵਰਤਨ ਅਤੇ ਵਪਾਰ ਵਿਚ ਵਾਧੇ ਦੇ ਵੱਡੇ ਮੌਕੇ ਪੈਦਾ ਕੀਤੇ ਹਨ।
   ਪਿਛਲੇ ਸਾਲਾਂ ਦੌਰਾਨ ਚੀਨ ਵੱਲੋਂ ਅਨੇਕ ਤਰ੍ਹਾਂ ਨਾਲ ਭਾਰਤ ਵਿਰੋਧੀ ਕਾਰਵਾਈਆਂ ਕਰਨ ਦੇ ਬਾਵਜੂਦ ਵੀ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਖੇਤਰ ਵਿਚ ਹੋਏ ਵਾਧੇ ਨੇ ਅਮਰੀਕੀ ਪ੍ਰਸ਼ਾਸਨ ਦੀ ਨੀਂਦ ਹਰਾਮ ਕੀਤੀ ਹੋਈ ਹੈ। ਇਕ ਪਾਸੇ ਜਦ ਟਰੰਪ ਪ੍ਰਸ਼ਾਸਨ ਚੀਨੀ ਵਸਤਾਂ ਦੇ ਅਮਰੀਕਾ ਵਿਚ ਦਾਖਲੇ ਨੂੰ ਘਟਾਉਣ ਲਈ ਲਗਾਤਾਰ ਬਰਾਮਦੀ ਰੋਕਾਂ ਲਗਾ ਰਿਹਾ ਹੈ, ਤਾਂ ਉਸੇ ਸਮੇਂ ਭਾਰਤ ਵਿਚ ਚੀਨੀ ਵਸਤਾਂ ਅਤੇ ਹੋਰ ਸਮਾਨ ਦੇ ਹੜ੍ਹ ਆਉਣ ਨਾਲ ਅਮਰੀਕਾ ਕਾਫੀ ਚਿਤੰਤ ਹੈ।
     ਭਾਰਤ ਦੇ ਰੂਸ, ਜਾਪਾਨ, ਚੀਨ ਅਤੇ ਈਰਾਨ ਨਾਲ ਸਬੰਧਾਂ ਵਿਚ ਆ ਰਹੀ ਮਜ਼ਬੂਤੀ ਅਤੇ ਆਰਥਿਕ ਖੇਤਰ ਵਿਚ ਵੱਧ ਰਹੇ ਸਹਿਯੋਗ ਨੇ ਏਸ਼ੀਅਨ ਖਿੱਤੇ ਵਿਚ ਭਾਰਤ ਦੇ ਇਕ ਮਜ਼ਬੂਤ ਤਾਕਤ ਹੋਣ ਦੇ ਸੰਕੇਤ ਦਿੱਤੇ ਹਨ। ਏਸ਼ੀਅਨ ਖਿੱਤੇ ਵਿਚ ਪੈਦਾ ਹੋ ਰਹੀ ਅਜਿਹੀ ਸਥਿਤੀ ਅਮਰੀਕਾ ਲਈ ਬੇਹੱਦ ਹਾਨੀਕਾਰਕ ਸਿੱਧ ਹੋ ਸਕਦੀ ਹੈ। ਜਾਂ ਇਹ ਕਹਿ ਸਕਦੇ ਹਾਂ ਕਿ ਏਸ਼ੀਅਨ ਖਿੱਤੇ ਵਿਚ ਇਨ੍ਹਾਂ ਮੁਲਕਾਂ ਦਾ ਆਪਸੀ ਮਿਲਵਰਤਨ ਅਤੇ ਆਰਥਿਕ ਸਹਿਯੋਗ ਟਰੰਪ ਨੂੰ ਫੁੱਟੀ ਅੱਖ ਵੀ ਨਹੀਂ ਭਾਉਂਦੀ।
    ਟਰੰਪ ਪ੍ਰਸ਼ਾਸਨ ਦਾ ਜ਼ੋਰ ਇਸ ਵੇਲੇ ਅਮਰੀਕੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਬਾਹਰਲਿਆਂ ਦੇ ਦਰਵਾਜ਼ੇ ਬੰਦ ਕਰਨ ਵੱਲ ਲੱਗਿਆ ਹੋਇਆ ਹੈ। ਜਿੱਥੇ ਇਕ ਪਾਸੇ ਟਰੰਪ ਪ੍ਰਸ਼ਾਸਨ ਬਾਹਰੋਂ ਆਉਣ ਵਾਲੇ ਤਕਨੀਕੀ ਤੌਰ ‘ਤੇ ਯੋਗ ਲੋਕਾਂ ਨੂੰ ਵੀ ਵੀਜ਼ੇ ਦੇਣ ਦਾ ਰਾਹ ਬੰਦ ਕਰ ਰਿਹਾ ਹੈ, ਉਥੇ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਮਾਲ ਅਤੇ ਵਸਤਾਂ ਨੂੰ ਘਟਾਉਣ ਦਾ ਰੁਖ ਵੀ ਅਪਣਾਇਆ ਹੋਇਆ ਹੈ। ਅਸਲ ਵਿਚ ਟਰੰਪ ਪ੍ਰਸ਼ਾਸਨ ਆਪਣੀ ਰਵਾਇਤੀ ‘ਬਾਇ ਅਮਰੀਕਨ, ਹਾਇਰ ਅਮਰੀਕਨ’ ਦੀ ਨੀਤੀ ਨੂੰ ਹੀ ਅੱਗੇ ਵਧਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਭਾਰਤ ਦੇ ਏਸ਼ੀਅਨ ਖਿੱਤੇ ਦੇ ਦੇਸ਼ਾਂ ਵੱਲ ਉਲਾਰ ਪ੍ਰਤੀ ਨਾਪਸੰਦੀ ਜ਼ਾਹਿਰ ਕਰਦਿਆਂ ਹੀ ਡੋਨਾਲਡ ਟਰੰਪ ਦੇ ਭਾਰਤ ਦੇ ਗਣਤੰਤਰ ਸਮਾਰੋਹਾਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਟਰੰਪ ਵੱਲੋਂ ਅਚਾਨਕ ਕੀਤੇ ਇਨਕਾਰ ਨਾਲ ਦੋਵਾਂ ਦੇਸ਼ਾਂ ਵਿਚਕਾਰ ਸੰਬੰਧਾਂ ਉਪਰ ਹੋਰ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਵੇਲੇ ਪੂਰੀ ਦੁਨੀਆਂ ਵਿਚ ਵੱਡੇ ਉਥਲ-ਪੁਥਲ ਹੋ ਰਹੇ ਹਨ। ਚੀਨ ਅਤੇ ਜਾਪਾਨ ਲਗਾਤਾਰ ਨਵੀਂਆਂ ਆਰਥਿਕ ਸ਼ਕਤੀਆਂ ਵਜੋਂ ਉਭਰ ਕੇ ਸਾਹਮਣੇ ਆ ਰਹੇ ਹਨ ਅਤੇ ਸੋਵੀਅਤ ਯੂਨੀਅਨ ਦੇ ਬਿਖਰਨ ਤੋਂ ਬਾਅਦ ਰੂਸ ਨੇ ਵੀ ਆਪਣੇ ਪੈਰ ਜਮਾ ਲਏ ਹਨ। ਅਜਿਹੀ ਹਾਲਤ ਵਿਚ ਟਰੰਪ ਵੱਲੋਂ ਅਮਰੀਕਾ ਦੇ ਇਕੋ-ਇਕ ਮਹਾਂਸ਼ਕਤੀ ਵਾਲਾ ਧਾਰਨ ਕੀਤਾ ਜਾ ਰਿਹਾ ਵਤੀਰਾ, ਲੱਗਦਾ ਹੈ ਕਿ ਆਉਂਦੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਸੰਬੰਧਾਂ ਲਈ ਬਹੁਤਾ ਚੰਗਾ ਨਾ ਹੋਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.