ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ
ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ
Page Visitors: 2487

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

February 20
10:28 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਪਿਛਲੇ ਦਿਨੀਂ ਅੱਗ ਦੀ ਭੱਠੀ ਵਿਚ ਬਲ ਰਹੀ ਕਸ਼ਮੀਰ ਘਾਟੀ ‘ਚ ਸੀ.ਆਰ.ਪੀ.ਐੱਫ. ਦੇ ਜਵਾਨਾਂ ਉਪਰ ਹੋਏ ਆਤਮਘਾਤੀ ਹਮਲੇ ਨੂੰ ਲੈ ਕੇ ਭਾਰਤ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇੰਨਾ ਹੀ ਨਹੀਂ, ਇਹ ਮੁੱਦਾ ਪੂਰੀ ਦੁਨੀਆਂ ਦੇ ਦੇਸ਼ਾਂ ਲਈ ਦਿਲਚਸਪੀ ਦਾ ਮਾਮਲਾ ਬਣ ਗਿਆ ਹੈ। ਆਤਮਘਾਤੀ ਹਮਲੇ ਵਿਚ ਸੁਰੱਖਿਆ ਬਲਾਂ ਦੇ 44 ਕਰਮੀਆਂ ਦੇ ਮਾਰੇ ਜਾਣ ਦਾ ਸਾਨੂੰ ਬੇਹੱਦ ਦੁੱਖ ਅਤੇ ਅਫਸੋਸ ਹੈ। ਅਸੀਂ ਅਜਿਹੀ ਘਟਨਾ ਲਈ ਜ਼ਿੰਮੇਵਾਰ ਸ਼ਕਤੀਆਂ ਅਤੇ ਵਿਅਕਤੀਆਂ ਦੇ ਖਿਲਾਫ ਹਾਂ। ਸਾਨੂੰ ਇਸ ਹਮਲੇ ਵਿਚ ਮਾਰੇ ਗਏ ਪੀੜਤ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਹੈ। ਕਿਉਂਕਿ ਜਿਨ੍ਹਾਂ ਪਰਿਵਾਰਾਂ ਦੇ ਧੀ, ਪੁੱਤ ਜਾਂ ਮੁਖੀ ਮਾਰੇ ਗਏ ਹਨ, ਉਨ੍ਹਾਂ ਨੂੰ ਦਹਾਕਿਆਂ ਤੱਕ ਇਸ ਅਸਹਿ ਪੀੜਾ ਦਾ ਸੰਤਾਪ ਭੋਗਣਾ ਪਵੇਗਾ। ਦੁਨੀਆਂ ਵਿਚ ਇਹ ਗੱਲ ਮੰਨੀ ਪ੍ਰਮੰਨੀ ਹੈ ਕਿ ਕਿਸੇ ਵੀ ਮਸਲੇ ਦਾ ਹੱਲ ਮਾਰ-ਧਾੜ, ਅੱਤਵਾਦ ਜਾਂ ਲੜਾਈ ਨਾਲ ਨਹੀਂ ਹੋਣਾ। ਮਸਲੇ ਹਮੇਸ਼ਾ ਆਪਸੀ ਗੱਲਬਾਤ ਰਾਹੀਂ ਹੀ ਸੁਲਝਾਏ ਜਾਂਦੇ ਹਨ। ਅਫਗਾਨਿਸਤਾਨ ਵਿਚ ਪਿਛਲੇ ਕਰੀਬ 4 ਦਹਾਕਿਆਂ ਤੋਂ ਪਹਿਲਾਂ ਰੂਸ ਅਤੇ ਫਿਰ ਅਮਰੀਕਾ ਨੇ ਫੌਜਾਂ ਚਾੜ੍ਹ ਕੇ ਜੰਗ ਜਿੱਤਣ ਦਾ ਯਤਨ ਕੀਤਾ। ਪਰ ਸੱਚਾਈ ਅੱਜ ਸਭ ਦੇ ਸਾਹਮਣੇ ਹੈ ਕਿ ਦੋਹਾਂ ਹੀ ਧਿਰਾਂ ਨੂੰ ਇਸ ਮਾਮਲੇ ਵਿਚ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਅਤੇ ਅਫਗਾਨਿਸਤਾਨ ਅਜੇ ਵੀ ਉਜਾੜੇ ਦੀ ਹਾਲਤ ਵਿਚੋਂ ਦੀ ਲੰਘ ਰਿਹਾ ਹੈ ਅਤੇ ਇਸ ਦਾ ਸੇਕ ਹੋਰ ਵੀ ਬਹੁਤ ਸਾਰੇ ਮੁਲਕਾਂ ਨੂੰ ਵੀ ਝੱਲਣਾ ਪਿਆ ਹੈ।
ਪੁਲਵਾਮਾ ਵਿਖੇ ਹੋਏ ਇਸ ਅੱਤਵਾਦੀ ਹਮਲੇ ਵਿਰੁੱਧ ਭਾਰਤ ਅੰਦਰ ਵਿਆਪਕ ਰੋਸ ਫੈਲਣਾ ਕੁਦਰਤੀ ਹੈ। ਪਰ ਜਿਸ ਤਰ੍ਹਾਂ ਇਸ ਮਸਲੇ ਨੂੰ ਲੈ ਕੇ ਸਿਆਸੀ ਰੋਟੀਆਂ ਸੇਕਣ ਦਾ ਅਮਲ ਸ਼ੁਰੂ ਹੋਇਆ ਹੈ, ਉਹ ਵੀ ਘੱਟ ਦੁਖਦਾਈ ਅਤੇ ਅਫਸੋਸਨਾਕ ਨਹੀਂ। ਕੁੱਝ ਸਿਆਸੀ ਪਾਰਟੀਆਂ, ਖਾਸਕਰ ਮੋਦੀ ਸਰਕਾਰ ਇਸ ਹਮਲੇ ਨੂੰ ਲੈ ਕੇ ਆ ਰਹੀਆਂ ਲੋਕ ਸਭਾ ਚੋਣਾਂ ਉਪਰ ਅੱਖ ਰੱਖਦਿਆਂ ਪੂਰੇ ਦੇਸ਼ ਅੰਦਰ ਮੁਸਲਿਮ ਵਿਰੋਧੀ ਮਾਹੌਲ ਸਿਰਜ ਕੇ ਹਿੰਦੂ ਵੋਟਾਂ ਆਪਣੇ ਬਸਤੇ ਵਿਚ ਪਾਉਣ ਦੀ ਚਾਲ ਉਪਰ ਚੱਲ ਰਿਹਾ ਨਜ਼ਰ ਆ ਰਿਹਾ ਹੈ। ਭਾਰਤ ਦਾ ਪੂਰਾ ਮੀਡੀਆ ਇਸ ਸਮੇਂ ਪਾਕਿਸਤਾਨ ਨਾਲ ਜੰਗ ਲਗਾਉਣ ਲਈ ਉਤਾਰੂ ਹੋਇਆ ਪਿਆ ਹੈ। ਟੈਲੀਵਿਜ਼ਨਾਂ ਉਪਰ ਬਦਲਾ ਲਵੋ ਦੀਆਂ ਗੱਲਾਂ ਕਹੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਇਸ ਸਾਰੇ ਕੁੱਝ ਦਾ ਪੰਜਾਬ ਦੀ ਸਿਆਸਤ ਉਪਰ ਵੀ ਗੂੜ੍ਹਾ ਅਸਰ ਪੈਂਦਾ ਨਜ਼ਰ ਆ ਰਿਹਾ ਹੈ, ਜਿਸ ਤਰ੍ਹਾਂ ਸਿਆਸੀ ਲੋਕਾਂ ਵੱਲੋਂ ਤਲਵਾਰਾਂ ਘੁੰਮਾਈਆਂ ਜਾ ਰਹੀਆਂ ਹਨ ਅਤੇ ਭਾਰਤੀ ਮੀਡੀਆ ਵਿਚ ਜੰਗ ਛੇੜਨ ਦੀਆਂ ਗਰਮਾ-ਗਰਮ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪੈਂਦੀ ਸੱਟੇ ਇਸ ਦਾ ਸਭ ਤੋਂ ਵਧੇਰੇ ਸੇਕ ਪੰਜਾਬ ਨੂੰ ਲੱਗੇਗਾ। ਜੇਕਰ ਇਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਲੱਗਦੀ ਹੈ, ਤਾਂ ਇਸ ਦਾ ਪਹਿਲਾ ਨਿਸ਼ਾਨਾ ਵੀ ਪੰਜਾਬ ਹੀ ਬਣੇਗਾ ਅਤੇ ਸਭ ਤੋਂ ਵੱਧ ਨੁਕਸਾਨ ਵੀ ਇਥੇ ਹੀ ਹੋਵੇਗਾ। 1965 ਅਤੇ 1971 ਦੀਆਂ ਭਾਰਤ-ਪਾਕਿ ਜੰਗਾਂ ਵੇਲੇ ਅਸੀਂ ਵੇਖ ਲਿਆ ਹੈ ਕਿ ਵੱਡਾ ਨੁਕਸਾਨ ਸਿਰਫ ਪੰਜਾਬ ਦਾ ਹੀ ਹੋਇਆ ਸੀ ਤੇ ਹੁਣ ਵੀ ਹਾਲਾਂਕਿ ਜੰਗ ਲੱਗਣ ਦੀ ਸੰਭਾਵਨਾ ਬਹੁਤ ਘੱਟ ਹੈ। ਫਿਰ ਵੀ ਜੇਕਰ ਅਜਿਹੀ ਘਟਨਾ ਵਾਪਰ ਜਾਂਦੀ ਹੈ, ਤਾਂ ਪੰਜਾਬ ਨੂੰ ਮੁੜ ਫਿਰ ਵੱਡੇ ਸੰਤਾਪ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਬੜੇ ਬੇਬਾਕੀ ਅਤੇ ਸਪੱਸ਼ਟਤਾ ਨਾਲ ਇਸ ਮਾਮਲੇ ਉਪਰ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਅੱਤਵਾਦ ਦਾ ਨਾ ਕੋਈ ਧਰਮ ਹੁੰਦਾ ਹੈ, ਨਾ ਕੋਈ ਜਾਤ ਹੁੰਦੀ ਹੈ ਅਤੇ ਨਾ ਹੀ ਕੋਈ ਇਮਾਨ ਹੁੰਦਾ ਹੈ। ਇਸ ਕਰਕੇ ਅੱਤਵਾਦ ਨੂੰ ਸਖਤੀ ਨਾਲ ਕੁਚਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਪੁਲਵਾਮਾ ਵਿਖੇ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਵੀ ਕੀਤੀ ਸੀ। ਉਨ੍ਹਾਂ ਆਪਣੇ ਪਹਿਲੇ ਜਾਰੀ ਬਿਆਨ ਵਿਚ ਕਿਹਾ ਸੀ ਕਿ ਹਰ ਸਮਾਜ ਅਤੇ ਦੇਸ਼ ਵਿਚ ਕੁੱਝ ਲੋਕ ਬੜੇ ਮਾੜੇ, ਬੁਰੇ ਅਤੇ ਸ਼ਰਾਰਤੀ ਹੁੰਦੇ ਹਨ। ਅਜਿਹੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਣੀ ਬਣਦੀ ਹੈ। ਪਰ ਅਜਿਹੇ ਬੁਰੇ ਲੋਕਾਂ ਵੱਲੋਂ ਕੀਤੀ ਕਿਸੇ ਵੀ ਘਟੀਆ ਜਾਂ ਅੱਤਵਾਦੀ ਕਾਰਵਾਈ ਲਈ ਪੂਰੇ ਦੇਸ਼ ਜਾਂ ਸਮਾਜ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਸੀ ਕਿ ਮਸਲਿਆਂ, ਖਾਸਕਰ ਸਿਆਸੀ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਹੀ ਨਿਕਲਦਾ ਹੈ ਅਤੇ ਪਾਕਿਸਤਾਨ ਨਾਲ ਸਾਨੂੰ ਗੱਲਬਾਤ ਦਾ ਰਸਤਾ ਕਦੇ ਵੀ ਬੰਦ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੇ ਬਿਆਨ ਉਪਰ ਅਕਾਲੀ ਦਲ ਦੇ ਆਗੂ ਭੜਕ ਉੱਠੇ। ਉਨ੍ਹਾਂ ਆਪਣੀ ਨਿੱਜੀ ਜਿੱਦ ਕੱਢਦਿਆਂ ਸ. ਸਿੱਧੂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਵੱਲੋਂ ਕਹੀ ਗੱਲ ਦੇ ਗਲਤ ਅਰਥ ਕੱਢਦਿਆਂ ਕਿਹਾ ਹੈ ਕਿ ਸ. ਸਿੱਧੂ ਪਾਕਿਸਤਾਨ ਦੀ ਬੋਲੀ ਬੋਲ ਰਹੇ ਹਨ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸਾਰੇ ਨਿਯਮ ਛਿੱਕੇ ਉਪਰ ਟੰਗਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਨੇ ਸਿੱਧੂ ਖਿਲਾਫ ਇਲਜ਼ਾਮ ਤਰਾਸ਼ੀ ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਅਕਾਲੀ ਆਗੂ ਸ. ਸਿੱਧੂ ਨੂੰ ਦੇਸ਼ ਦਾ ਗੱਦਾਰ ਆਖਣ ਤੱਕ ਚਲੇ ਗਏ ਹਨ ਅਤੇ ਮੰਗ ਕਰ ਰਹੇ ਹਨ ਕਿ ਸ. ਸਿੱਧੂ ਨੂੰ ਵਜ਼ਾਰਤ ਵਿਚੋਂ ਬਾਹਰ ਕਰਕੇ ਉਨ੍ਹਾਂ ਵਿਰੁੱਧ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ। ਪਰ ਇਨ੍ਹਾਂ ਗੱਲਾਂ ਨੂੰ ਨਾ ਤਾਂ ਪੰਜਾਬ ਵਿਧਾਨ ਸਭਾ ਵਿਚ ਕਿਸੇ ਨੇ ਪ੍ਰਵਾਨ ਕੀਤਾ ਅਤੇ ਨਾ ਹੀ ਕਿਸੇ ਹੋਰ ਰਾਜਸੀ ਆਗੂ ਨੇ ਇਸ ਵੱਲ ਧਿਆਨ ਦਿੱਤਾ ਹੈ। ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਵਿਚ ਬੈਠੇ ਨੇਤਾਵਾਂ ਨੇ ਵੀ ਅਕਾਲੀਆਂ ਦੀ ਇਸ ਬੇਹੁਦਗੀ ਭਰੀ ਕਾਰਵਾਈ ਦਾ ਹੁੰਗਾਰਾ ਵੀ ਭਰਿਆ ਹੈ। ਸ. ਸਿੱਧੂ ਨੇ ਅਕਾਲੀਆਂ ਤੋਂ ਜਵਾਬ ਮੰਗਿਆ ਹੈ ਕਿ ਉਹ ਖੁਦ ਦੱਸਣ ਕਿ ਵਾਜਪਾਈ ਸਰਕਾਰ ਸਮੇਂ ਜੈਸ਼-ਏ-ਮੁਹੰਮਦ ਦੇ ਮੌਜੂਦਾ ਮੁਖੀ ਮਸੂਦ ਅਜ਼ਹਰ ਨੂੰ ਭਾਰਤੀ ਜੇਲ੍ਹ ਵਿਚੋਂ ਲਿਜਾ ਕੇ ਕੰਧਾਰ ਵਿਖੇ ਉਸ ਦੀਆਂ ਬੇੜੀਆਂ ਕਿਸ ਨੇ ਖੋਲ੍ਹੀਆਂ ਸਨ। ਅਸਲ ਵਿਚ ਉਸ ਸਮੇਂ ਮਸੂਦ ਅਜ਼ਹਰ ਭਾਰਤ ਦੀ ਜੇਲ੍ਹ ਵਿਚ ਬੰਦ ਸੀ। ਭਾਰਤੀ ਜਹਾਜ਼ ਅਗਵਾ ਕਰਕੇ ਕੰਧਾਰ ਲੈ ਗਏ ਅੱਤਵਾਦੀਆਂ ਦੀ ਮੰਗ ਅੱਗੇ ਝੁੱਕਦਿਆਂ ਹੀ ਭਾਰਤ ਦੇ ਉਸ ਸਮੇਂ ਦੇ ਭਾਜਪਾ ਦੇ ਨੇਤਾ ਅਤੇ ਵਿਦੇਸ਼ ਮੰਤਰੀ ਯਸ਼ਵੰਤ ਸਿੰਘ ਮਸੂਦ ਸਣੇ ਪੰਜ ਅੱਤਵਾਦੀਆਂ ਨੂੰ ਰਿਹਾਅ ਕਰਕੇ ਆਏ ਸਨ। ਅਜਿਹੀਆਂ ਘਟਨਾਵਾਂ ਵੱਲ ਬਹੁਤਾ ਨਾ ਜਾਂਦਿਆਂ ਅਸੀਂ ਕਹਿ ਸਕਦੇ ਹਾਂ ਕਿ ਅਕਾਲੀਆਂ ਵੱਲੋਂ ਸ. ਸਿੱਧੂ ਦੇ ਬਿਆਨ ਨੂੰ ਤਰੋੜ-ਮਰੋੜ ਕੇ ਅਜਿਹੀ ਬਿਆਨਬਾਜ਼ੀ ਕਰਨੀ ਨਾ ਤਾਂ ਜਾਇਜ਼ ਹੈ ਅਤੇ ਨਾ ਹੀ ਅਸੂਲੀ ਹੈ। ਜੇ ਪਿਛਲੇ ਇਤਿਹਾਸ ਉਪਰ ਝਾਤ ਮਾਰੀਏ, ਤਾਂ 1965 ਅਤੇ 1971 ਦੀ ਜੰਗ ਤੋਂ ਤੁਰੰਤ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਗੱਲਬਾਤ ਕੀਤੀ ਗਈ ਅਤੇ ਪੱਕੀ ਜੰਗ ਬੰਦੀ ਲਈ ਸੰਧੀਆਂ ਉਪਰ ਦਸਤਖਤ ਹੁੰਦੇ ਰਹੇ ਹਨ। ਫਿਰ ਸੰਨ 2000 ਵਿਚ ਜਦ ਕਾਰਗਿਲ ਦੀ ਜੰਗ ਹੋਈ, ਤਾਂ ਉਸ ਤੋਂ ਤੁਰੰਤ ਬਾਅਦ ਮੁੜ ਫਿਰ ਭਾਰਤ ਵਿਚ ਘੁਸਪੈਠ ਕਰਵਾਉਣ ਵਾਲੇ ਪਾਕਿਸਤਾਨੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਆਗਰਾ ਵਿਖੇ ਬੁਲਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਗੱਲਬਾਤ ਕੀਤੀ ਸੀ। ਇਨ੍ਹਾਂ ਤੋਂ ਸਪੱਸ਼ਟ ਹੈ ਕਿ ਸਿੱਧੂ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਦਾ ਰਸਤਾ ਬੰਦ ਨਾ ਕਰਨ ਜਾਂ ਮਸਲਿਆਂ ਦੇ ਨਿਬੇੜਿਆਂ ਲਈ ਆਪਸੀ ਗੱਲਬਾਤ ਦੀ ਗੱਲ ਕਹਿਣ ਨਾਲ ਕੋਈ ਲੋਹੜਾ ਨਹੀਂ ਆ ਗਿਆ, ਸਗੋਂ ਉਨ੍ਹਾਂ ਨੇ ਉਹੀ ਗੱਲਾਂ ਕਹੀਆਂ ਹਨ, ਜੋ ਸਾਡੇ ਸਿਆਸੀ ਨੇਤਾ ਪਿਛਲੇ ਸਮੇਂ ਦੌਰਾਨ ਕਰਦੇ ਰਹੇ ਹਨ।
ਜੇ ਥੋੜ੍ਹਾ ਪਿਛੋਕੜ ਵਿਚ ਜਾਈਏ, ਤਾਂ ਸ. ਸਿੱਧੂ ਅਤੇ ਅਕਾਲੀ ਆਗੂਆਂ ਦਰਮਿਆਨ ਕੁੜੱਤਣ ਦਾ ਮੁੱਢ ਕੁਝ ਮਹੀਨੇ ਪਹਿਲਾਂ ਕਰਤਾਰਪੁਰ ਲਾਂਘੇ ਦੇ ਫੈਸਲੇ ਨਾਲ ਬੱਝਾ ਸੀ। ਸ. ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਗਏ ਸਨ। ਇਮਰਾਨ ਖਾਨ ਨੇ ਉਨ੍ਹਾਂ ਨੂੰ ਦੋਸਤੀ ਦੇ ਨਾਤੇ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਸੀ। ਸਬੱਬ ਨਾਲ ਇਸ ਸਮਾਗਮ ਵਿਚ ਪਾਕਿਸਤਾਨੀ ਫੌਜ ਦੇ ਜਨਰਲ ਕਮਰ ਜਾਵੇਦ ਬਾਜਵਾ ਨੇ ਉਨ੍ਹਾਂ ਨੂੰ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦਾ ਭਰੋਸਾ ਦੇ ਦਿੱਤਾ।
  ਬੱਸ ਫਿਰ ਕੀ ਸੀ, ਅਕਾਲੀ ਆਗੂਆਂ ਨੇ ਸਿੱਖ ਮਸਲਿਆਂ ਦੀ ਗੁਰਜ ਹੱਥੋਂ ਖੁੱਸਦੀ ਦੇਖਦਿਆਂ ਪਹਿਲਾਂ ਤਾਂ ਅਜਿਹੇ ਭਰੋਸੇ ਦੀ ਖਿੱਲੀ ਉਡਾਈ। ਇੱਥੋਂ ਤੱਕ ਕਿ ਅਕਾਲੀ ਦਲ ਦੀ ਕੇਂਦਰ ਸਰਕਾਰ ‘ਚ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਥੋਂ ਤੱਕ ਕਹਿ ਦਿੱਤਾ ਕਿ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੀ ਤਜਵੀਜ਼ ਹੀ ਕੋਈ ਨਹੀਂ ਅਤੇ ਨਾ ਹੀ ਭਾਰਤ ਨਾਲ ਉਨ੍ਹਾਂ ਅਜਿਹੀ ਤਜਵੀਜ਼ ਬਾਰੇ ਕੋਈ ਗੱਲ ਹੀ ਕੀਤੀ ਹੈ। ਪਰ ਜਦ ਪਾਕਿਸਤਾਨ ਦੀ ਸਰਕਾਰ ਦਿੱਤੇ ਭਰੋਸੇ ਅਨੁਸਾਰ ਅੱਗੇ ਵਧ ਗਈ ਅਤੇ ਲਾਂਘੇ ਲਈ ਬਾਕਾਇਦਾ ਐਲਾਨ ਕਰ ਦਿੱਤਾ, ਤਾਂ ਅਕਾਲੀ ਆਗੂਆਂ ਦੇ ਪੈਰਾਂ ਹੇਠੋਂ ਹੀ ਜ਼ਮੀਨ ਖਿਸਕ ਗਈ। ਉਸੇ ਸਮੇਂ ਤੋਂ ਹੀ ਅਕਾਲੀ ਆਗੂਆਂ ਤੇ ਸ. ਸਿੱਧੂ ਵਿਚਕਾਰ ਤਿੱਖੀ ਖਹਿਬਾਜ਼ੀ ਚਲੀ ਆ ਰਹੀ ਹੈ। ਅਜਿਹੀ ਤਿੱਖੀ ਖਹਿਬਾਜ਼ੀ ਪਾਕਿਸਤਾਨ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਅਤੇ ਭਾਰਤ ਅੰਦਰ ਡੇਰਾ ਬਾਬਾ ਨਾਨਕ ਵਿਖੇ ਨੀਂਹ ਪੱਥਰ ਰੱਖਣ ਦੇ ਸਮਾਗਮਾਂ ਵੇਲੇ ਵੀ ਸਾਹਮਣੇ ਆਈ ਸੀ। ਹੁਣ ਫਿਰ ਪੁਲਵਾਮਾ ਹਮਲੇ ਦੇ ਮਾਮਲੇ ਨੂੰ ਲੈ ਕੇ ਮੁੜ ਫਿਰ ਅਕਾਲੀ ਆਗੂਆਂ ਨੇ ਸ. ਸਿੱਧੂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।
  ਇਸ ਵਿਚ ਕੋਈ ਸ਼ੱਕ ਨਹੀਂ ਕਿ ਸ. ਸਿੱਧੂ ਬੇਗਰਜ਼ ਤੇ ਬੇਬਾਕੀ ਨਾਲ ਬੋਲਣ ਵਾਲੇ ਸਿਆਸੀ ਆਗੂ ਹਨ। ਉਹ ਕਿਸੇ ਇਕ ਪਾਰਟੀ ਜਾਂ ਧਿਰ ਦਾ ਢਿੰਡੋਰਾ ਪਿੱਟਣ ਦੀ ਥਾਂ ਆਪਣੀ ਜ਼ਮੀਰ ਦੀ ਆਵਾਜ਼ ਅਨੁਸਾਰ ਬੋਲਣ ਲਈ ਵੀ ਮਸ਼ਹੂਰ ਹਨ। 4 ਸਾਲ ਦੇ ਕਰੀਬ ਪਹਿਲਾਂ ਜਦ ਉਹ ਭਾਜਪਾ ਵਿਚ ਸਨ, ਤਾਂ ਅਕਾਲੀਆਂ ਖਿਲਾਫ ਬੇਬਾਕੀ ਨਾਲ ਬੋਲਣ ਦਾ ਉਨ੍ਹਾਂ ਦਾ ਆਪਣਾ ਹੀ ਤਜ਼ਰਬਾ ਰਿਹਾ ਹੈ ਤੇ ਹੁਣ ਵੀ ਕਦੇ ਉਹ ਕਾਂਗਰਸ ਦੀਆਂ ਨੀਤੀਆਂ ਦੇ ਗੁਲਾਮ ਨਹੀਂ ਬਣੇ, ਸਗੋਂ ਆਪਣੀ ਜ਼ਮੀਰ ਅਤੇ ਜ਼ਿੰਮੇਵਾਰੀ ਮੁਤਾਬਕ ਖੁੱਲ੍ਹ ਕੇ ਬੋਲਦੇ ਨਜ਼ਰ ਆਉਂਦੇ ਹਨ। ਇਸ ਮਾਮਲੇ ਵਿਚ ਵੀ ਅਸੀਂ ਦੇਖਦੇ ਹਾਂ ਕਿ ਜਦ ਕਸ਼ਮੀਰ ਅਤੇ ਪਾਕਿਸਤਾਨ ਨਾਲ ਉਲਝੇ ਮਾਹੌਲ ਵਿਚ ਕਾਂਗਰਸ, ਭਾਜਪਾ ਦੀ ਪਿਛਲੱਗ ਹੀ ਬਣੀ ਨਜ਼ਰ ਆ ਰਹੀ ਹੈ, ਤਾਂ ਸ. ਸਿੱਧੂ ਵੱਲੋਂ ਬੜੀ ਬੇਬਾਕੀ ਨਾਲ ਕਸ਼ਮੀਰ ਮੁੱਦੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਅਤੇ ਸਮੁੱਚੇ ਪਾਕਿਸਤਾਨ ਨੂੰ ਅੱਤਵਾਦੀ ਗਰਦਾਨਣ ਦੀ ਥਾਂ, ਸੁਲਾਹ-ਸਫਾਈ ਵਾਲੇ ਪਾਸੇ ਤੁਰਨ ਦੀ ਨਸੀਹਤ ਦੇਣਾ, ਵੱਡੀ ਦਲੇਰਾਨਾ ਸਿਆਸੀ ਨਸੀਹਤ ਹੀ ਕਿਹਾ ਜਾ ਸਕਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.