ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਭਾਰਤੀ ਇਲੈਕਟ੍ਰਾਨਿਕ ਮੀਡੀਆ ਭਾਰਤ-ਪਾਕਿ ‘ਚ ਜੰਗ ਲਵਾਉਣ ਲਈ ਹੋਇਆ ਪੱਬਾਂ ਭਾਰ!
ਭਾਰਤੀ ਇਲੈਕਟ੍ਰਾਨਿਕ ਮੀਡੀਆ ਭਾਰਤ-ਪਾਕਿ ‘ਚ ਜੰਗ ਲਵਾਉਣ ਲਈ ਹੋਇਆ ਪੱਬਾਂ ਭਾਰ!
Page Visitors: 2476

ਭਾਰਤੀ ਇਲੈਕਟ੍ਰਾਨਿਕ ਮੀਡੀਆ ਭਾਰਤ-ਪਾਕਿ ‘ਚ ਜੰਗ ਲਵਾਉਣ ਲਈ ਹੋਇਆ ਪੱਬਾਂ ਭਾਰ!ਭਾਰਤੀ ਇਲੈਕਟ੍ਰਾਨਿਕ ਮੀਡੀਆ ਭਾਰਤ-ਪਾਕਿ ‘ਚ ਜੰਗ ਲਵਾਉਣ ਲਈ ਹੋਇਆ ਪੱਬਾਂ ਭਾਰ!

March 06
10:30 2019

ਗੱਲਬਾਤ ਨਾਲ ਹੋ ਸਕਦੈ ਮਸਲੇ ਦਾ ਹੱਲ
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
14 ਫਰਵਰੀ ਨੂੰ ਪੁਲਵਾਮਾ ਵਿਖੇ ਹੋਈ ਇਕ ਅੱਤਵਾਦੀ ਘਟਨਾ ਵਿਚ ਸੀ.ਆਰ.ਪੀ.ਐੱਫ. ਦੇ 42 ਜਵਾਨਾਂ ਦੇ ਮਾਰੇ ਜਾਣ ਦੀ ਘਟਨਾ ਉਪਰ ਭਾਰਤ ਪਾਕਿ ਦਰਮਿਆਨ ਤਨਾਅ ਅਤੇ ਖਿੱਚੋਤਾਣ ਇੰਨੀ ਵਧ ਗਈ ਕਿ ਕਈ ਵਾਰ ਲੱਗਣ ਲੱਗਿਆ ਕਿ ਕਿਸੇ ਵੇਲੇ ਵੀ ਦੋਵੇਂ ਦੇਸ਼ ਜੰਗ ਦੀ ਭੱਠੀ ਵਿਚ ਝੋਕੇ ਜਾ ਸਕਦੇ ਹਨ। ਭਾਰਤ ਵੱਲੋਂ ਇਸ ਅੱਤਵਾਦੀ ਹਮਲੇ ਨੂੰ ਪਾਕਿਸਤਾਨ ਦੀ ਸ਼ਹਿ ਉਪਰ ਮੁਸਲਿਮ ਅੱਤਵਾਦੀ ਸੰਗਠਨ ਜ਼ੈਸ-ਏ-ਮੁਹੰਮਦ ਦਾ ਕਾਰਾ ਦੱਸਿਆ ਗਿਆ ਅਤੇ ਭਾਰਤ ਸਰਕਾਰ ਅਤੇ ਮੀਡੀਏ, ਖਾਸਕਰ ਇਲੈਕਟ੍ਰਾਨਿਕ ਮੀਡੀਏ ਵੱਲੋਂ ਇਸ ਵਾਰਦਾਤ ਨੂੰ ਪਾਕਿਸਤਾਨ ਵੱਲੋਂ ਭਾਰਤ ਉਪਰ ਕੀਤੇ ਹਮਲੇ ਵਜੋਂ ਪ੍ਰਚਾਰਿਆ ਗਿਆ।
ਇਸ ਵੇਲੇ ਭਾਰਤ ਲੋਕ ਸਭਾ ਚੋਣਾਂ ਦੀਆਂ ਐਨ ਬਰੂਹਾਂ ਉਪਰ ਖੜ੍ਹਾ ਹੈ। ਕੁੱਝ ਹੀ ਦਿਨਾਂ ਬਾਅਦ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਬਾਕਾਇਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਲੋਕ ਸਭਾ ਚੋਣਾਂ ਅਪ੍ਰੈਲ ਮਹੀਨੇ ਹੋਣ ਦੀ ਸੰਭਾਵਨਾ ਹੈ। ਪੁਲਵਾਮਾ ਘਟਨਾ ਲੋਕ ਸਭਾ ਚੋਣਾਂ ਲਈ ਜ਼ਮੀਨ ਤਿਆਰ ਕਰਨ ਦਾ ਇਕ ਵਧੀਆ ਤੇ ਢੁੱਕਵਾਂ ਜ਼ਰੀਆ ਸਮਝ ਕੇ ਮੋਦੀ ਸਰਕਾਰ ਨੇ ਇਸ ਮਾਮਲੇ ਉਪਰ ਖੂਬ ਸਿਆਸਤ ਖੇਡਣੀ ਸ਼ੁਰੂ ਕਰ ਦਿੱਤੀ।
  ਪ੍ਰਧਾਨ ਮੰਤਰੀ ਮੋਦੀ ਅਜਿਹੇ ਸੰਕਟ ਮੌਕੇ ਸੰਜਮ ਅਤੇ ਸੋਚ ਤੋਂ ਕੰਮ ਲੈਣ ਦੀ ਬਜਾਏ ਭੜਕਾਹਟ ਭਰੀ ਬਿਆਨਬਾਜ਼ੀ ਕਰਦੇ ਵੇਖੇ ਗਏ ਅਤੇ ਭਾਰਤੀ ਟੀ.ਵੀ. ਚੈਨਲਾਂ ਵੱਲੋਂ ਅਜਿਹੇ ਵੰਗਾਰ ਰੂਪੀ ਬਿਆਨ ਪੂਰੇ ਚਸਕਾ ਲਗਾ ਕੇ ਦਿਖਾਏ ਗਏ। ਪ੍ਰਧਾਨ ਮੰਤਰੀ ਮੋਦੀ ਕਹਿੰਦੇ ਸੁਣੇ ਗਏ, ‘ਮਿੱਟੀ ਕੀ ਕਸਮ, ਮੈਂ ਦੇਸ਼ ਕੋ ਝੁਕਨੇ ਨਹੀਂ ਦੂੰਗਾ’ ਅਤੇ ‘ਜਿਵੇਂ ਭਾਰਤੀ ਲੋਕਾਂ ਦਾ ਖੂਨ ਉਬਾਲੇ ਖਾ ਰਿਹਾ ਹੈ, ਮੇਰਾ ਖੂਨ ਵੀ ਉਸੇ ਤਰ੍ਹਾਂ ਉਬਲ ਰਿਹਾ ਹੈ’। ਪ੍ਰਧਾਨ ਮੰਤਰੀ ਜਾਂ ਉੱਚ ਪਾਏ ਦੇ ਕਿਸੇ ਆਗੂ ਵੱਲੋਂ ਅਜਿਹੀ ਭੜਕਾਹਟ ਭਰੀ ਬਿਆਨਬਾਜ਼ੀ ਨੂੰ ਕਦੇ ਵੀ ਸੱਭਿਅਕ ਸਮਾਜ ਨੇ ਪ੍ਰਵਾਨ ਨਹੀਂ ਕੀਤਾ।
  ਪੁਲਵਾਮਾ ਵਿਖੇ ਮਾਰੇ ਗਏ 42 ਸੁਰੱਖਿਆ ਜਵਾਨਾਂ ਦੀਆਂ ਲਾਸ਼ਾਂ ਦੇ ਤਬੂਤ ਸਿੱਧਾ ਦਿੱਲੀ ਲਿਆ ਕੇ ਜਿਸ ਤਰ੍ਹਾਂ ਟੀ.ਵੀ. ਚੈਨਲਾਂ ਉੱਤੇ ਦਿਖਾਏ ਗਏ, ਇਹ ਵੀ ਲਾਸ਼ਾਂ ਉਪਰ ਸਿਆਸਤ ਕਰਨ ਤੋਂ ਘੱਟ ਨਹੀਂ ਕਿਹਾ ਜਾ ਸਕਦਾ। ਦਰਅਸਲ ਮੋਦੀ ਸਰਕਾਰ ਨੇ ਪਾਕਿਸਤਾਨ ਵਿਰੋਧੀ ਹੋ-ਹੱਲਾ ਕਰਕੇ ਦੇਸ਼ ਅੰਦਰ ਹਿੰਦੂਤਵ ਉਭਾਰ ਕੇ ਹਿੰਦੂ-ਮੁਸਲਿਮ ਇਕ ਨਵੀਂ ਸਫਬੰਦੀ ਪੈਦਾ ਕਰਨ ਦਾ ਯਤਨ ਕੀਤਾ। ਜੇ ਥੋੜ੍ਹਾ ਪਿਛਲੇ ਸਮੇਂ ‘ਤੇ ਝਾਤ ਮਾਰੀ ਜਾਵੇ, ਤਾਂ ਇਹ ਗੱਲ ਸਪੱਸ਼ਟ ਨਜ਼ਰ ਆ ਜਾਂਦੀ ਹੈ ਕਿ ਨਰਿੰਦਰ ਮੋਦੀ ਨੇ 2014 ਦੀਆਂ ਚੋਣਾਂ ‘ਸਬਕਾ ਸਾਥ, ਸਬਕਾ ਵਿਕਾਸ’, ਭਾਵ ਦੇਸ਼ ਦੇ ਵਿਕਾਸ ਦੇ ਮੁੱਦੇ ‘ਤੇ ਲੜੀਆਂ ਸਨ। ਪਰ ਪਿਛਲੇ 4-ਸਾਢੇ 4 ਸਾਲ ਦੌਰਾਨ ਮੋਦੀ ਸਰਕਾਰ ਹਰ ਆਰਥਿਕ ਮੁਹਾਜ ਉਪਰ ਬੁਰੀ ਤਰ੍ਹਾਂ ਅਸਫਲ ਰਹੀ ਹੈ। ਬੇਸਮਝੀ ਅਤੇ ਬਿਨਾਂ ਸੋਚ ਵਿਚਾਰ ਦੇ ਕੀਤੀ ਨੋਟਬੰਦੀ ਨੇ ਹੇਠਲੇ ਪੱਧਰ ਤੱਕ ਭਾਰਤੀ ਅਰਥਵਿਵਸਥਾ ਦੀਆਂ ਚੂਲਾਂ ਹੀ ਹਿਲਾ ਕੇ ਰੱਖ ਦਿੱਤੀਆਂ
  ਉਸ ਤੋਂ ਬਾਅਦ ‘ਇਕ ਕੌਮ ਇਕ ਟੈਕਸ’ ਦੇ ਨਾਂ ਹੇਠ ਲਾਗੂ ਕੀਤੀ ਜੀ.ਐੱਸ.ਟੀ. ਪ੍ਰਣਾਲੀ ਨੇ ਆਰਥਿਕਤਾ ਨੂੰ ਵੱਡਾ ਝਿੰਜੋੜਾ ਦਿੱਤਾ। ਸਨਅਤ ਅਤੇ ਵਪਾਰ ਬੁਰੀ ਤਰ੍ਹਾਂ ਰੁਲ਼ ਗਏ। ਨਤੀਜਾ ਇਹ ਨਿਕਲਿਆ ਕਿ ਨਾ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਮਿਲੇ ਅਤੇ ਨਾ ਹੀ ਲੋਕਾਂ ਦੀ ਪ੍ਰਤੀ ਜੀਅ ਆਮਦਨ ਵਿਚ ਹੀ ਕੋਈ ਵਾਧਾ ਹੋਇਆ। ਪਿਛਲੇ ਇਕ ਸਾਲ ਤੋਂ ਫਿਰ ਭਾਜਪਾ ਨੇ ਆਰਥਿਕ ਮੁੱਦਿਆਂ ਉਪਰ ਆਪਣੀ ਅਸਫਲਤਾ ਨੂੰ ਭਗਵਾਂਕਰਨ ਦੇ ਚੋਲੇ ਹੇਠ ਲੁਕਾਉਣ ਦਾ ਯਤਨ ਕੀਤਾ। ਭਾਜਪਾ ਨੇ ਮੁੜ ਫਿਰ ਆਪਣਾ ਪੁਰਾਣਾ ਰਾਮ ਮੰਦਰ ਉਸਾਰਨ ਦਾ ਮੁੱਦਾ ਚੁੱਕ ਕੇ ਹਿੰਦੂਤਵ ਉਭਾਰਨ ਦਾ ਯਤਨ ਕੀਤਾ।
   ਪਰ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਤਿੰਨ ਵੱਡੇ ਸੂਬਿਆਂ ਦੀਆਂ ਚੋਣਾਂ ਵਿਚ ਭਾਜਪਾ ਨੂੰ ਹੋਈ ਹਾਰ ਨੇ ਉਨ੍ਹਾਂ ਦੇ ਰਾਮ ਮੰਦਰ ਰਾਹੀਂ ਹਿੰਦੂਤਵ ਉਭਾਰਨ ਦੇ ਸੁਪਨੇ ਨੂੰ ਲੀਰੋ-ਲੀਰ ਕਰ ਦਿੱਤਾ। ਹਿੰਦੂ ਰਾਸ਼ਟਰ ਰਾਹੀਂ ਦੇਸ਼ਭਗਤੀ ਉਭਾਰਨ ਦਾ ਮੁੱਦਾ ਉਨ੍ਹਾਂ ਨੂੰ ਰਾਸ ਨਹੀਂ ਸੀ ਆ ਰਿਹਾ, ਤਾਂ ਪੁਲਵਾਮਾ ਵਿਖੇ ਵਾਪਰੀ ਇਸ ਘਟਨਾ ਦੇ ਆਧਾਰ ਉੱਤੇ ਪਾਕਿਸਤਾਨ ਖਿਲਾਫ ਦੇਸ਼ ਭਗਤੀ ਦੀ ਹਵਾ ਵਗਾਉਣ ਅਤੇ ਇਸ ਰਾਹੀਂ ਭਗਵੇਂਕਰਨ ਦੀ ਨੀਤੀ ਨੂੰ ਉਭਾਰਨ ਦਾ ਯਤਨ ਕੀਤਾ ਗਿਆ।
  ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਹੁਕਮਰਾਨ ਸਿਆਸਤਦਾਨਾਂ ਅਤੇ ਇਲੈਕਟ੍ਰਾਨਿਕ ਮੀਡੀਏ ਵੱਲੋਂ ਜਿਸ ਕਦਰ ਪਾਕਿਸਤਾਨ ਵਿਰੋਧੀ ਮਾਹੌਲ ਉਸਾਰਨ ਅਤੇ ਲੋਕਾਂ ਦੇ ਜਜ਼ਬਾਤ ਭੜਕਾਉਣ ਦਾ ਯਤਨ ਕੀਤਾ ਗਿਆ, ਉਸ ਨੇ ਹਿੰਦੂ-ਮੁਸਲਿਮ ਫਿਰਕੂ ਪਾੜੇ ਨੂੰ ਬੇਹੱਦ ਵਧਾ ਦਿੱਤਾ ਹੈ। ਪੁਲਵਾਮਾ ਘਟਨਾ ਤੋਂ ਬਾਅਦ ਇਕ ਪਾਸੇ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਦੇਸ਼ ਅੰਦਰ ਪੁਲਵਾਮਾ ਘਟਨਾ ਖਿਲਾਫ ਸੋਗ ਅਤੇ ਰੋਸ ਦੀ ਲਹਿਰ ਦੀਆਂ ਗੱਲਾਂ ਕਰਦੇ ਰਹੇ। ਪਰ ਉਨ੍ਹਾਂ ਖੁਦ ਆਪਣੀਆਂ ਚੋਣ ਰੈਲੀਆਂ ਨੂੰ ਬੰਦ ਨਹੀਂ ਕੀਤਾ, ਸਗੋਂ ਵੱਖ-ਵੱਖ ਰਾਜਾਂ ਵਿਚ ਕੀਤੀਆਂ ਰੈਲੀਆਂ ਦੌਰਾਨ ਪਾਕਿਸਤਾਨ ਵਿਰੁੱਧ ਭੜਾਸ ਕੱਢਦਿਆਂ ਖੂਬ ਫਿਰਕੂ ਪੱਤਾ ਵਰਤਿਆ।
  ਭਾਰਤੀ ਮੀਡੀਆ, ਖਾਸਕਰ ਇਲੈਕਟ੍ਰਾਨਿਕ ਮੀਡੀਏ ਵੱਲੋਂ ਪੁਲਵਾਮਾ ਘਟਨਾ ਨੂੰ ਲੈ ਕੇ ਦੋਵਾਂ ਦੇਸ਼ਾਂ ਨੂੰ ਜੰਗ ਦੀ ਭੱਠੀ ਵਿਚ ਝੌਕਣ ਲਈ ਜਿਸ ਤਰ੍ਹਾਂ ਭੜਕਾਹਟ ਫੈਲਾਉਣ ਅਤੇ ਘਟਨਾਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ ਅਤੇ ਹੁਕਮਰਾਨ ਧਿਰ ਨੂੰ ਸੂਤ ਬਹਿੰਦੀ ਬੋਲੀ ਬੋਲ ਕੇ ਜੰਗੀ ਮਾਹੌਲ ਸਿਰਜਣ ਦਾ ਯਤਨ ਕੀਤਾ ਗਿਆ, ਦੁਨੀਆਂ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੋਵੇ
      ਟੀ.ਵੀ. ਐਂਕਰ ਚੈਨਲਾਂ ਤੋਂ ਚੀਖ-ਚੀਖ ਕੇ ਪਾਕਿਸਤਾਨ ਨੂੰ ਵੰਗਾਰਦੇ ਅਤੇ ਲਲਕਾਰਦੇ ਦਿਖਾਈ ਦਿੰਦੇ ਰਹੇ। ਗੱਲ ਕੀ ਇਕ ਅੱਧ ਨੂੰ ਛੱਡ ਕੇ ਇਨ੍ਹਾਂ ਸਾਰਿਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਜੰਗੀ ਮਾਹੌਲ ਬਣਾਉਣ ਅਤੇ ਜੰਗ ਭੜਕਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ।
ਸਾਡਾ ਮੰਨਣਾ ਹੈ ਕਿ ਜੰਗ ਬਾਰੇ ਗੱਲ ਕਰਨੀ ਬੜੀ ਸੌਖੀ ਹੈ, ਪਰ ਜੰਗ ਦੇ ਨਤੀਜਿਆਂ ਬਾਰੇ ਉਨ੍ਹਾਂ ਲੋਕਾਂ ਨੂੰ ਪੁੱਛੋ, ਜਿਨ੍ਹਾਂ ਨੇ ਇਨ੍ਹਾਂ ਦੇ ਸੰਤਾਪ ਭੋਗੇ ਹਨ। ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਲੋਕ ਪਿਛਲੇ 70 ਸਾਲ ਤੋਂ ਇਹ ਸੰਤਾਪ ਭੋਗਦੇ ਆ ਰਹੇ ਹਨ। ਚਾਰ ਵਾਰ ਤਾਂ ਉਨ੍ਹਾਂ ਨੂੰ ਜੰਗ ਲੱਗਣ ਜਾਂ ਜੰਗ ਵਰਗੇ ਹਾਲਾਤ ਬਣਨ ਕਾਰਨ ਉਜਾੜੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਜਨਾਂ ਵਾਰ ਉਹ ਪਿੰਡ ਛੱਡ ਕੇ ਇਥੋਂ ਜਾਣ ਲਈ ਮਜਬੂਰ ਹੋਏ ਹਨ। ਉਂਝ ਜਦੋਂ ਵੀ ਦੋਵਾਂ ਦੇਸ਼ਾਂ ਵਿਚਕਾਰ ਕਿਸੇ ਵੀ ਕਿਸਮ ਦਾ ਟਕਰਾਅ ਪੈਦਾ ਹੁੰਦਾ ਹੈ ਜਾਂ ਤਨਾਅ ਵਧਦਾ ਹੈ, ਤਾਂ ਇਨ੍ਹਾਂ ਖੇਤਰਾਂ ਦੇ ਲੋਕਾਂ ਦੀ ਜਾਨ ਮੁੱਠੀ ਵਿਚ ਆਉਣ ਬਾਰੇ ਉਹ ਖੁਦ ਹੀ ਬਿਆਨ ਕਰ ਸਕਦੇ ਹਨ। ਦਿੱਲੀ ਅਤੇ ਆਸ-ਪਾਸ ਆਲੀਸ਼ਾਨ ਦਫਤਰਾਂ ਵਿਚ ਬੈਠ ਕੇ ਜੰਗ ਦੀਆਂ ਗੱਲਾਂ ਕਰਦੇ ਅਤੇ ‘ਦੁਸ਼ਮਣ’ ਨੂੰ ਵੰਗਾਰਦੇ ਇਨ੍ਹਾਂ ਐਂਕਰਾਂ ਨੂੰ ਇਸ ਗੱਲ ਦਾ ਕਦੇ ਅਹਿਸਾਸ ਹੀ ਨਹੀਂ ਹੋ ਸਕਦਾ ਕਿ ਬਿਨਾਂ ਕਿਸੇ ਸੁੱਖ-ਸਹੂਲਤਾਂ ਅਤੇ ਬੇਹੱਦ ਤੰਗੀਆਂ-ਤੁਰਸ਼ੀਆਂ ਵਿਚ ਰਹਿੰਦੇ ਸਰਹੱਦੀ ਲੋਕਾਂ ਨਾਲ ਹਰ ਰੋਜ਼ ਕੀ ਬੀਤਦੀ ਹੈ।
ਸਿਆਣੇ ਆਖਦੇ ਹਨ ਕਿ ਦੇਸ਼ ਭਗਤੀ ਦੋਧਾਰੀ ਤਲਵਾਰ ਹੁੰਦੀ ਹੈ, ਜਿੱਥੇ ਇਕ ਪਾਸੇ ਲੋਕਾਂ ਦਾ ਖੂਨ ਉਬਾਲੇ ਖਾਣ ਲਗਾਉਂਦੀ ਹੈ, ਉਥੇ ਦਿਮਾਗ ਦੀ ਵਰਤੋਂ ਨੂੰ ਘਟਾਉਂਦੀ ਹੈ। ਇਸ ਵੇਲੇ ਭਾਰਤ ਅੰਦਰ ਦੇਸ਼ ਭਗਤੀ ਨਹੀਂ, ਸਗੋਂ ਹਕੂਮਤੀ ਧਿਰ ਵੱਲੋਂ ਫਿਰਕੂ ਪੱਤਾ ਖੇਡ ਕੇ ਲੋਕਾਂ ਨੂੰ ਆਪਣੇ ਹੱਕ ਵਿਚ ਵਰਤਣ ਦੀ ਇਕ ਵੱਡੀ ਚਾਲ ਖੇਡੀ ਜਾ ਰਹੀ ਹੈ। ਦੇਖੋ ਹਾਲਾਤ ਦੀ ਕਿੱਡੀ ਸਿਤਮਜਰੀਫੀ ਹੈ ਕਿ ਪਹਿਲਾਂ ਸੀ.ਆਰ.ਪੀ.ਐੱਫ. ਦੇ ਜਵਾਨ ਭਾਰਤੀ ਧਰਤੀ ਉਪਰ ਹੀ ਮਰੇ, 200 ਕਿੱਲੋ ਦੇ ਕਰੀਬ ਬਾਰੂਦ ਵੀ ਉਥੋਂ ਹੀ ਇਕੱਠਾ ਹੋਇਆ ਅਤੇ ਫਿਰ ਆਤਮਘਾਤੀ ਕਾਰਵਾਈ ਕਰਨ ਵਾਲਾ ਨੌਜਵਾਨ ਵੀ ਕਸ਼ਮੀਰ ਦੇ ਹੀ ਇਕ ਪਿੰਡ ਦਾ ਮੁੰਡਾ ਸੀ। ਉਸ ਤੋਂ ਬਾਅਦ ਭਾਰਤ ਨੇ ਦਾਅਵਾ ਕੀਤਾ ਕਿ ਉਸ ਦੇ ਹਵਾਈ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਵਿਚ ਜਾ ਕੇ ਜੈਸ਼-ਏ-ਮੁਹੰਮਦ ਦੇ 300 ਦੇ ਕਰੀਬ ਅੱਤਵਾਦੀ ਜਾਨੋਂ ਮਾਰ ਮੁਕਾਏ। ਅਗਲੇ ਦਿਨ ਫਿਰ ਸਰਹੱਦ ਉਪਰ ਦੋਵਾਂ ਦੇਸ਼ਾਂ ਦੇ ਜਹਾਜ਼ ਇਕ ਦੂਜੇ ਨਾਲ ਟਕਰਾ ਗਏ। ਇਕ ਭਾਰਤੀ ਜਹਾਜ਼ ਭਾਰਤ ਵਾਲੇ ਪਾਸਿਓਂ ਤਬਾਹ ਹੋ ਗਿਆ ਅਤੇ ਦੂਜਾ ਜਹਾਜ਼ ਹਾਦਸਾਗ੍ਰਸਤ ਹੋ ਕੇ ਪਾਕਿਸਤਾਨ ਵਾਲੇ ਪਾਸੇ ਜਾ ਡਿੱਗਾ। ਇਸ ਹਾਦਸਾਗ੍ਰਸਤ ਜਹਾਜ਼ ਦਾ ਪਾਇਲਟ ਪਾਕਿਸਤਾਨ ਦੇ ਕਾਬੂ ਆ ਗਿਆ। ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੋਵਾਂ ਦੇਸ਼ਾਂ ਵਿਚਕਾਰ ਪੈਦਾ ਹੋਈ ਭੜਕਾਹਟ ਅਤੇ ਜੰਗ ਵਰਗੀ ਸਥਿਤੀ ਉਪਰ ਠੰਡਾ ਛਿੜਕਣ ਲਈ ਉਸੇ ਦਿਨ ਪਾਇਲਟ ਨੂੰ ਵਾਪਸ ਭਾਰਤ ਭੇਜਣ ਦਾ ਐਲਾਨ ਕਰ ਦਿੱਤਾ ਤੇ ਅਗਲੇ ਦਿਨ ਭਾਰਤੀ ਪਾਇਲਟ ਆਪਣੇ ਵਤਨ ਵੀ ਪਰਤ ਗਿਆ।
  ਦਰਅਸਲ ਦੇਖਿਆ ਜਾਵੇ, ਤਾਂ ਇਸ ਸਾਰੇ ਘਟਨਾਕ੍ਰਮ ਵਿਚ ਇਮਰਾਨ ਖਾਨ ਦੀ ਨੀਤੀ ਤੇ ਪਹੁੰਚ ਜੰਗ ਨੂੰ ਟਾਲਣ ਅਤੇ ਸ਼ਾਂਤੀ ਬਣਾਈ ਰੱਖਣ ਵਾਲੀ ਰਹੀ ਹੈ। ਇਮਰਾਨ ਖਾਨ ਦਾ ਪੁਲਵਾਮਾ ਘਟਨਾ ‘ਤੇ ਆਇਆ ਬਿਆਨ ਵੀ ਬੜਾ ਸੰਤੁਲਿਤ ਅਤੇ ਦਲੀਲਪੂਰਵਕ ਸੀ। ਉਸ ਨੇ ਕਿਹਾ ਸੀ ਕਿ ਅੱਤਵਾਦ ਦੀ ਇਸ ਘਟਨਾ ਵਿਚ ਸਾਡਾ ਕੋਈ ਹੱਥ ਨਹੀਂ ਅਤੇ ਨਾ ਹੀ ਸਾਡੀ ਅਜਿਹੀ ਸੋਚ ਹੈ। ਉਸ ਨੇ ਇਹ ਵੀ ਕਿਹਾ ਕਿ ਜੇ ਭਾਰਤ ਸਬੂਤ ਦੇਵੇ, ਤਾਂ ਉਹ ਇਸ ਮਾਮਲੇ ਉਪਰ ਕਾਰਵਾਈ ਕਰਨ ਲਈ ਵੀ ਤਿਆਰ ਹਨ। ਇਮਰਾਨ ਖਾਨ ਵੱਲੋਂ ਵਾਰ-ਵਾਰ ਜੰਗ ਦੀ ਥਾਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਕੀਤੀ ਗਈ ਤਾਕੀਦ ਨੇ ਦੋਵਾਂ ਦੇਸ਼ਾਂ ਵਿਚਕਾਰ ਬਲਦੀ ‘ਤੇ ਠੰਡਕ ਦਾ ਕੰਮ ਕੀਤਾ ਹੈ। ਖਾਸ ਤੌਰ ‘ਤੇ ਕਾਬੂ ਕੀਤੇ ਪਾਇਲਟ ਨੂੰ ਰਿਹਾਅ ਕੀਤੇ ਜਾਣ ਦੇ ਫੈਸਲੇ ਨੇ ਤਾਂ ਭੜਕਾਹਟ ਨੂੰ ਵੱਡੀ ਠੱਲ੍ਹ ਪਾਈ ਹੈ।
   ਭਾਰਤ ਦੀ ਵਿਰੋਧੀ ਧਿਰ ਨੇ ਵੀ ਹੁਣ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ ਕਿ ਪੁਲਵਾਮਾ ਦੀ ਘਟਨਾ ‘ਚ ਭਾਰਤੀ ਖੂਫੀਆ ਏਜੰਸੀਆਂ ਦੀ ਸਫਲਤਾ ਬਾਰੇ ਦੱਸਿਆ ਜਾਵੇ ਅਤੇ ਇਹ ਵੀ ਦੱਸਿਆ ਜਾਵੇ ਕਿ 200 ਕਿਲੋ ਬਾਰੂਦ ਇਕੱਠਾ ਹੋਣ ਕਿਵੇਂ ਦਿੱਤਾ ਗਿਆ। ਖੁਦ ਭਾਰਤ ਦੇ ਅੰਦਰੋਂ ਵੀ ਮੀਡੀਆ ਐਂਕਰਾਂ ਰਾਹੀਂ ਭੜਕਾਹਟ ਫੈਲਾਉਣ ਉਪਰ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਇੰਝ ਮਹਿਸੂਸ ਹੁੰਦਾ ਹੈ ਕਿ ਸਾਰੇ ਘਟਨਾਕ੍ਰਮ ਵਿਚ ਇਕ ਪਾਸੇ ਜਿੱਥੇ ਭਾਰਤ ਦੀ ਹਕੂਮਤੀ ਪਾਰਟੀ ਅਤੇ ਉਨ੍ਹਾਂ ਦੇ ਧੜੇ ਚੜ੍ਹੇ ਮੀਡੀਆ ਵੱਲੋਂ ਜੰਗ ਦਾ ਗੁਬਾਰ ਚਾੜ੍ਹ ਕੇ ਵੋਟਾਂ ਬਟੋਰਨ ਦੀ ਨੀਤੀ ਬਣਾਈ ਗਈ, ਉਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਜੰਗ ਦੀ ਥਾਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ‘ਤੇ ਜ਼ੋਰ ਅਤੇ ਭੜਕਾਹਟ ਦੀ ਥਾਂ ਸੰਜਮ ਅਤੇ ਸੂਝ-ਸਿਆਣਪ ਵਰਤਣ ਦੀ ਪਹੁੰਚ ਦੀ ਕੌਮਾਂਤਰੀ ਭਾਈਚਾਰੇ ਵੱਲੋਂ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਸਾਡਾ ਇਹ ਵੀ ਮੰਨਣਾ ਹੈ ਕਿ ਜੰਗ ਹਮੇਸ਼ਾ ਤਬਾਹੀ ਦਾ ਹੀ ਰਸਤਾ ਖੋਲ੍ਹਦੀ ਹੈ। ਦੋਵਾਂ ਦੇਸ਼ਾਂ ਨੂੰ ਜੰਗ ਵਾਲੇ ਪਾਸੇ ਤੁਰਨ ਦੀ ਬਜਾਏ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਪਹੁੰਚ ਅਪਣਾਉਣੀ ਚਾਹੀਦੀ ਹੈ।

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.