ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਜਲ੍ਹਿਆਂਵਾਲਾ ਬਾਗ ਖੂਨੀ ਸਾਕੇ ਦਾ ਸ਼ਤਾਬਦੀ ਸਮਾਗਮ ਚੜ੍ਹ ਸਕਦੈ ਰਾਜਨੀਤੀ ਦੀ ਭੇਂਟ
ਜਲ੍ਹਿਆਂਵਾਲਾ ਬਾਗ ਖੂਨੀ ਸਾਕੇ ਦਾ ਸ਼ਤਾਬਦੀ ਸਮਾਗਮ ਚੜ੍ਹ ਸਕਦੈ ਰਾਜਨੀਤੀ ਦੀ ਭੇਂਟ
Page Visitors: 2609

ਜਲ੍ਹਿਆਂਵਾਲਾ ਬਾਗ ਖੂਨੀ ਸਾਕੇ ਦਾ ਸ਼ਤਾਬਦੀ ਸਮਾਗਮ ਚੜ੍ਹ ਸਕਦੈ ਰਾਜਨੀਤੀ ਦੀ ਭੇਂਟਜਲ੍ਹਿਆਂਵਾਲਾ ਬਾਗ ਖੂਨੀ ਸਾਕੇ ਦਾ ਸ਼ਤਾਬਦੀ ਸਮਾਗਮ ਚੜ੍ਹ ਸਕਦੈ ਰਾਜਨੀਤੀ ਦੀ ਭੇਂਟ

March 27
10:25 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਜਲ੍ਹਿਆਂਵਾਲਾ ਬਾਗ ਵਿਚ ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਹੋਏ ਖੂਨੀ ਸਾਕੇ ਦੀ ਬੜੀ ਵੱਡੀ ਭੂਮਿਕਾ ਹੈ। ਸ੍ਰੀ ਅੰਮ੍ਰਿਤਸਰ ਵਿਖੇ ਸਥਿਤ ਸਿੱਖਾਂ ਦੇ ਰੂਹਾਨੀ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਇਕ ਛੋਟੀ ਜਿਹੀ ਜਗ੍ਹਾ ਵਿਚ ਜਲ੍ਹਿਆਂਵਾਲਾ ਬਾਗ ਸਥਿਤ ਹੈ। 13 ਅਪ੍ਰੈਲ 1919 ਨੂੰ ਵਾਪਰੀ ਇਸ ਘਟਨਾ ਵਿਚ ਅੰਗਰੇਜ਼ ਸਰਕਾਰ ਵੱਲੋਂ ਨਿਹੱਥੇ ਭਾਰਤੀਆਂ ਉਪਰ ਅੰਨ੍ਹੇਵਾਹ ਗੋਲੀ ਚਲਾਉਣ ਨਾਲ ਸੈਂਕੜੇ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ। ਆਜ਼ਾਦੀ ਸੰਗਰਾਮ ਵਿਚ ਸ਼ਾਮਲ ਲੋਕ ਬਰਾਤਨਵੀ ਸਰਕਾਰ ਵੱਲੋਂ ਲਾਗੂ ਕੀਤੇ ਰੋਲਟ ਐਕਟ ਦੇ ਵਿਰੋਧ ਵਿਚ ਥਾਂ-ਥਾਂ ਜਨਸਭਾਵਾਂ ਕਰ ਰਹੇ ਸਨ। ਅਜਿਹੀ ਹੀ ਇਕ ਜਨਸਭਾ 13 ਅਪ੍ਰੈਲ 1919 ਨੂੰ ਸ਼ਾਮ 4 ਵਜੇ ਜਲ੍ਹਿਆਂਵਾਲੇ ਬਾਗ ਵਿਚ ਰੱਖੀ ਗਈ ਸੀ।
ਇਥੇ ਜੁੜੇ ਲੋਕ ਆਪਣੇ ਆਗੂਆਂ ਡਾ. ਸੈਫੁਦੀਨ ਕਿਚਲੂ ਅਤੇ ਡਾ. ਸੱਤਿਆਪਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਸਨ। ਵਿਸਾਖੀ ਵਾਲਾ ਦਿਨ ਹੋਣ ਕਰਕੇ ਸਿੱਖ ਸੰਗਤ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੀ ਵੱਡੀ ਗਿਣਤੀ ਵਿਚ ਆਈ ਸੀ। ਅੰਗਰੇਜ਼ ਸਰਕਾਰ ਨੇ ਲੋਕਾਂ ਵਿਚ ਉੱਠ ਰਹੀ ਵਿਰੋਧ ਦੀ ਲਾਟ ਨੂੰ ਬੁਝਾਉਣ ਅਤੇ ਆਜ਼ਾਦੀ ਸੰਗਰਾਮ ‘ਚ ਕੁੱਦ ਰਹੇ ਲੋਕਾਂ ਨੂੰ ਡਰਾਉਣ-ਧਮਕਾਉਣ ਲਈ ਇਸ ਜਗ੍ਹਾ ਇਕੱਤਰ ਲੋਕਾਂ ਉਪਰ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਬਹੁਤ ਹੀ ਤੰਗ ਅਤੇ ਭੀੜੀ ਜਲ੍ਹਿਆਂਵਾਲਾ ਬਾਗ ਦੇ ਆਸਪਾਸ ਕੰਧਾਂ ਸਨ ਅਤੇ ਬਾਹਰ ਨਿਕਲਣ ਲਈ ਇਕ ਛੋਟਾ ਜਿਹਾ ਰਸਤਾ ਸੀ। ਇਸ ਮੌਕੇ ਬਰਤਾਨਵੀ ਸਰਕਾਰ ਵੱਲੋਂ ਜਨਰਲ ਰੇਜੀਨਾਲਡ ਡਾਇਰ ਨਾਂ ਦੇ ਫੌਜੀ ਅਫਸਰ ਨੂੰ ਕਮਾਨ ਸੰਭਾਲੀ ਗਈ ਸੀ।
  ਜਨਰਲ ਡਾਇਰ ਨੇ ਜਲ੍ਹਿਆਂਵਾਲਾ ਬਾਗ ਵਿਖੇ ਹੋਣ ਵਾਲੇ ਜਲਸੇ ਉਪਰ ਪਾਬੰਦੀ ਲਗਾਉਣ ਦਾ ਹੁਕਮ ਚਾੜ੍ਹ ਦਿੱਤਾ। ਵਿਸਾਖੀ ਵਾਲੇ ਦਿਨ, ਜਦ 4 ਕੁ ਵਜੇ ਵੱਡੀ ਗਿਣਤੀ ਵਿਚ ਲੋਕ ਜਲ੍ਹਿਆਂਵਾਲਾ ਬਾਗ ਵਿਚ ਪਹੁੰਚ ਚੁੱਕੇ ਸਨ, ਤਾਂ ਬਿਨਾਂ ਕਿਸੇ ਭੜਕਾਹਟ ਅਤੇ ਚਿਤਾਵਨੀ ਦੇ ਜਨਰਲ ਡਾਇਰ ਨੇ ਜਲ੍ਹਿਆਂਵਾਲਾ ਬਾਗ ਨੂੰ ਘੇਰਾ ਪਾ ਕੇ ਮਸ਼ੀਨਗੰਨਾਂ ਨਾਲ ਅੰਧਾਧੁੰਦ ਗੋਲੀਬਾਰੀ ਸ਼ੁਰੂ ਕਰਵਾ ਦਿੱਤੀ। ਬਾਗ ਦੇ ਚਾਰੇ ਪਾਸੇ ਉੱਚੀ ਦੀਵਾਰ ਅਤੇ ਸਾਹਮਣਿਓਂ ਬਾਹਰ ਨਿਕਲਣ ਲਈ ਇਕ ਛੋਟਾ ਜਿਹਾ ਤੰਗ ਦਰਵਾਜ਼ਾ ਹੋਣ ਕਾਰਨ ਅੰਦਰ ਘਿਰੇ ਲੋਕਾਂ ਦੇ ਬਾਹਰ ਨਿਕਲਣ ਲਈ ਕੋਈ ਵਸੀਲਾ ਨਹੀਂ ਸੀ। ਇਸੇ ਕਰਕੇ 150 ਦੇ ਕਰੀਬ ਲੋਕਾਂ ਦੇ ਤਾਂ ਇਸ ਬਾਗ ਵਿਚਲੇ ਖੂਹ ਵਿਚ ਡਿੱਗ ਕੇ ਮਾਰੇ ਜਾਣ ਦਾ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਭਾਵੇਂ ਅੰਗਰੇਜ਼ ਹਕੂਮਤ ਨੇ ਕੁੱਲ ਮਾਰੇ ਗਏ ਲੋਕਾਂ ਦੀ ਗਿਣਤੀ 379 ਦੱਸੀ ਅਤੇ 1100 ਜ਼ਖਮੀਆਂ ਦੀ ਪਛਾਣ ਕੀਤੀ। ਪਰ ਮਰਨ ਵਾਲਿਆਂ ਦੀ ਗਿਣਤੀ ਕਰੀਬ 1000 ਅਤੇ 1500 ਤੋਂ ਵੱਧ ਲੋਕ ਜ਼ਖਮੀ ਹੋਏ ਸਨ।
   ਅੰਮ੍ਰਿਤਸਰ ਤਤਕਾਲੀਨ ਸਿਵਲ ਸਰਜਨ ਡਾ. ਸਮਿੱਥ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 1800 ਤੋਂ ਜ਼ਿਆਦਾ ਸੀ। ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਵਿਚ ਹੋਏ ਇਸ ਵੱਡੇ ਖੂਨੀ ਸਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕਾਂਗਰਸ ਅਤੇ ਆਜ਼ਾਦੀ ਸੰਗਰਾਮ ਵਿਚ ਕੁੱਦੀਆਂ ਹੋਰ ਸਾਰੀਆਂ ਹੀ ਸਿਆਸੀ ਪਾਰਟੀਆਂ ਅਤੇ ਗਰੁੱਪਾਂ ਨੇ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਸੀ। ਇਥੋਂ ਤੱਕ ਕਿ ਇਸ ਖੂਨੀ ਕਾਂਡ ਦੇ ਵਿਰੋਧ ਵਿਚ ਉੱਘੇ ਬੰਗਾਲੀ ਲੇਖਕ ਰਵਿੰਦਰ ਨਾਥ ਟੈਗੋਰ ਨੇ ਬਰਤਾਨਵੀ ਸਰਕਾਰ ਵੱਲੋਂ ਦਿੱਤੀ ‘ਸਰ’ ਦੀ ਉਪਾਧੀ ਮੋੜ ਦਿੱਤੀ ਸੀ। ਦੇਸ਼ ਭਰ ਵਿਚ ਇਸ ਕਤਲੇਆਮ ਦੀ ਸਖ਼ਤ ਨਿਖੇਧੀ ਹੋਈ ਅਤੇ ਵਿਰੋਧਤਾ ਕੀਤੀ ਗਈ।
  ਦੱਸਿਆ ਜਾਂਦਾ ਹੈ ਕਿ ਜਦੋਂ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਵਰਤਿਆ, ਉਸ ਸਮੇਂ ਸ. ਊਧਮ ਸਿੰਘ ਸਕੂਲ ਵਿਚ ਪੜ੍ਹਦਾ ਸੀ ਅਤੇ ਉਸ ਨੇ ਖੂਨੀ ਸਾਕੇ ਦਾ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਊਧਮ ਸਿੰਘ ਨੇ, ਕਹਿੰਦੇ ਹਨ ਕਿ ਉਸੇ ਸਮੇਂ ਹੀ ਇਸ ਹੱਤਿਆਕਾਂਡ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ। ਸ. ਊਧਮ ਸਿੰਘ ਪੂਰੇ 21 ਸਾਲ ਬਦਲਾ ਲੈਣ ਦਾ ਮੁਨਾਸਿਬ ਮੌਕਾ ਭਾਲਦਾ ਰਿਹਾ। ਇਨ੍ਹਾਂ ਹੀ ਦਿਨਾਂ ਵਿਚ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਅੰਦਰ ਇਨਕਲਾਬੀ ਲਹਿਰ ਖੜ੍ਹੀ ਕਰਨ ਲਈ ਸਰਗਰਮੀ ਕਰਨੀ ਸ਼ੁਰੂ ਕਰ ਦਿੱਤੀ। ਉਹ ਲਾਹੌਰ ਵਿਖੇ ਰਹਿ ਕੇ ਸਿਆਸੀ ਸਰਗਰਮੀਆਂ ਵਿਚ ਰੁੱਝੇ ਹੋਏ ਸਨ ਅਤੇ ਇਥੇ ਹੀ ਸਾਂਡਰਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ।
ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੇ ਮੁੱਖ ਦੋਸ਼ੀ ਜਨਰਲ ਡਾਇਰ 1927 ਵਿਚ ਹੀ ਮੌਤ ਦੇ ਮੂੰਹ ਜਾ ਪਿਆ ਸੀ। ਪਰ ਇਸ ਘਟਨਾ ਦਾ ਖਲਨਾਇਕ ਸਰ ਮਾਇਕਲ ਓਡਵਾਇਰ ਅਜੇ ਜ਼ਿੰਦਾ ਸੀ। ਉਹ ਭਾਰਤ ਵਿਚੋਂ ਸੇਵਾਮੁਕਤ ਹੋ ਕੇ ਵਾਪਸ ਲੰਡਨ ਜਾ ਚੁੱਕਾ ਸੀ। ਸ. ਊਧਮ ਸਿੰਘ ਨੇ ਬਦਲਾ ਲੈਣ ਲਈ ਲੰਡਨ ਜਾਣ ਦੀ ਠਾਣ ਲਈ। 1933 ਵਿਚ ਉਹ ਸੰਸਾਰ ਦੇ ਸਭ ਤੋਂ ਵੱਡੇ ਸ਼ਹਿਰ ਲੰਡਨ ਪਹੁੰਚ ਗਏ। 6-7 ਸਾਲ ਦੀ ਸਖ਼ਤ ਜੱਦੋ-ਜਹਿਦ ਅਤੇ ਕਰੜੀ ਘਾਲਣਾ ਤੋਂ ਬਾਅਦ ਆਖਰ 16 ਮਾਰਚ 1940 ਨੂੰ ਸ. ਊਧਮ ਸਿੰਘ ਦੀ ਬਦਲਾ ਲੈਣ ਦੀ ਤਮੰਨਾ ਪੂਰੀ ਹੋਣ ਦਾ ਮੌਕਾ ਆ ਗਿਆ। ਉਸ ਦਿਨ ਇੰਡੀਆ ਹਾਊਸ ਵਿਖੇ ਜਰਮਨੀ ਹਮਲੇ ਦੇ ਖਿਲਾਫ ਤਕਰੀਰਾਂ ਹੋ ਰਹੀਆਂ ਸਨ। ਕਿਉਂਕਿ ਹਿਟਲਰ ਨੇ ਲੰਡਨ ‘ਤੇ ਹਮਲਾ ਕਰਕੇ ਬੰਬ-ਬਾਰੀ ਸ਼ੁਰੂ ਕਰ ਦਿੱਤੀ ਸੀ। ਜਦੋਂ ਮਾਇਕਲ ਓਡਵਾਈਰ ਬੋਲਣ ਲਈ ਸਟੇਜ ਉਪਰ ਆਇਆ, ਤਾਂ ਪੰਜਾਬ ਦੀ ਧਰਤੀ ਦੇ ਵੀਰ ਸਪੂਤ ਸ. ਊਧਮ ਸਿੰਘ ਨੇ ਖੜ੍ਹੇ ਹੋ ਕੇ ਤਿੰਨ ਗੋਲੀਆਂ ਉਸ ਦੀ ਛਾਤੀ ਵਿਚ ਦਾਗ ਦਿੱਤੀਆਂ ਅਤੇ ਉਹ ਉਥੇ ਹੀ ਢੇਰੀ ਹੋ ਗਿਆ। ਇਸ ਤਰ੍ਹਾਂ ਪੰਜਾਬ ਦੇ ਇਸ ਮਹਾਨ ਸਪੂਤ ਨੇ ਜਲ੍ਹਿਆਂਵਾਲੇ ਬਾਗ ਵਿਚ ਡੁੱਲ੍ਹੇ ਖੂਨ ਅਤੇ ਭਾਰਤੀਆਂ ਦੀ ਕੀਤੀ ਬੇਇੱਜ਼ਤੀ ਦਾ ਬਦਲਾ ਲੈ ਕੇ ਸਮੁੱਚੇ ਭਾਰਤੀਆਂ ਦਾ ਸਿਰ ਉੱਚਾ ਕੀਤਾ। ਉਸ ਤੋਂ ਬਾਅਦ ਸ. ਊਧਮ ਸਿੰਘ ਨੂੰ ਮਾਇਕਲ ਓਡਵਾਇਰ ਦੇ ਕਤਲ ਕੇਸ ਦੇ ਦੋਸ਼ ਵਿਚ ਫਾਂਸੀ ਚਾੜ੍ਹ ਦਿੱਤਾ ਗਿਆ।
ਅਗਲੇ ਮਹੀਨੇ ਇਸ ਵੱਡੇ ਖੂਨੀ ਕਾਂਡ ਦੀ 100 ਸਾਲਾ ਵਰ੍ਹੇਗੰਢ ਮਨਾਈ ਜਾ ਰਹੀ ਹੈ। 100 ਸਾਲਾ ਸ਼ਤਾਬਦੀ ਸਮਾਗਮਾਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਇਕ ਸ਼ਤਾਬਦੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿਚ ਹੁਣ ਪੰਜਾਬ ਤੋਂ ਅਕਾਲੀ ਦਲ ਦੇ ਬਜ਼ੁਰਗ ਸਿਆਸਤਦਾਨ ਸ. ਪ੍ਰਕਾਸ਼ ਸਿੰਘ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਨੂੰ ਵੀ ਟਰੱਸਟੀ ਬਣਾਇਆ ਗਿਆ ਹੈ।
ਸ਼ਤਾਬਦੀ ਸਮਾਗਮ ਮਨਾਏ ਜਾਣ ਲਈ ਤਿਆਰੀਆਂ ਤਾਂ ਕੀਤੀਆਂ ਗਈਆਂ ਹਨ। ਪਰ ਲੱਗਦਾ ਹੈ ਕਿ ਸ਼ਤਾਬਦੀ ਸਮਾਗਮਾਂ ਸਮੇਂ ਭਾਰਤ ਦੀ ਲੋਕ ਸਭਾ ਲਈ ਹੋ ਰਹੀ ਚੋਣ ਦਾ ਰੋਲਾ-ਰੱਪਾ ਪੂਰੇ ਜ਼ੋਰਾਂ ਉਪਰ ਹੋਵੇਗਾ। ਇਸ ਵੇਲੇ ਭਾਰਤੀ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਲਾਗੂ ਕੀਤਾ ਹੋਇਆ ਹੈ, ਜਿਸ ਕਰਕੇ ਇਹ ਸਮਾਗਮ ਰਾਜਨੀਤੀ ਦੀ ਭੇਂਟ ਚੜ੍ਹ ਸਕਦਾ ਹੈ। ਇਸ ਕਰਕੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਅਜਿਹੇ ਲੋਕਾਂ ਦੇ ਦਿਨ ਮਨਾਉਣ ਲਈ ਸ਼ਾਇਦ ਭਾਰਤੀ ਰਾਜਸੀ ਆਗੂ ਇਸ ਤੋਂ ਪਾਸਾ ਵੱਟਣਗੇ। ਚੋਣ ਜ਼ਾਬਤੇ ਅਨੁਸਾਰ ਚੋਣਾਂ ਦੌਰਾਨ ਅਜਿਹੇ ਸਮਾਗਮ ਮਨਾਏ ਤਾਂ ਜਾ ਸਕਦੇ ਹਨ, ਪਰ ਉਥੋਂ ਵੋਟਾਂ ਦਾ ਲਾਹਾ ਨਹੀਂ ਲਿਆ ਜਾ ਸਕਦਾ। ਜਿਸ ਕਰਕੇ ਬਹੁਤੀਆਂ ਪਾਰਟੀਆਂ ਦੇ ਲੀਡਰਾਂ ਦਾ ਰੁਝਾਨ ਇੱਧਰ ਘੱਟ ਹੀ ਹੋਵੇਗਾ।
ਇਸ ਵੇਲੇ ਪ੍ਰਵਾਸੀ ਪੰਜਾਬੀ ਦੇਸ਼ਾਂ-ਵਿਦੇਸ਼ਾਂ ਵਿਚ ਫੈਲੇ ਹੋਏ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪੋ-ਆਪਣੇ ਸ਼ਹਿਰਾਂ ਵਿਚ ਜਲ੍ਹਿਆਂਵਾਲੇ ਬਾਗ ਖੂਨੀ ਸਾਕੇ ਦੀ ਸ਼ਤਾਬਦੀ ਮਨਾਉਣ।
ਉਂਝ ਵੀ ਅਸੀਂ ਦੇਖਦੇ ਹਾਂ ਕਿ ਦੇਸ਼ ਦੀ ਆਜ਼ਾਦੀ ਲਈ ਜਿਸ ਤਰ੍ਹਾਂ ਲੱਖਾਂ ਲੋਕਾਂ ਨੇ ਹੱਸ-ਹੱਸ ਜਾਨਾਂ ਵਾਰੀਆਂ, ਤਸੀਹੇ ਝੱਲੇ, ਕੈਦਾਂ ਕੱਟੀਆਂ ਅਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਸਹਿਣ ਕੀਤੀਆਂ। ਪਰ ਆਜ਼ਾਦੀ ਦੇ 70 ਸਾਲ ਬਾਅਦ ਅਸੀਂ ਦੇਖਦੇ ਹਾਂ ਕਿ ਅਜਿਹੇ ਲੋਕਾਂ ਦੇ ਸੁਪਨਿਆਂ ਦਾ ਭਾਰਤ ਅਜੇ ਨਹੀਂ ਸਿਰਜਿਆ ਗਿਆ। ਬੇਇਨਸਾਫੀ, ਗੈਰ ਬਰਾਬਰੀ, ਜਾਤ-ਪਾਤ ਅਤੇ ਅਮੀਰੀ-ਗਰੀਬੀ ਦਾ ਪਾੜਾ ਹੁਣ ਪਹਿਲਾਂ ਨਾਲੋਂ ਵੀ ਵਧਿਆ ਨਜ਼ਰ ਆਉਂਦਾ ਹੈ। ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਹੋਰ ਜਾਨਾਂ ਵਾਰਨ ਵਾਲੇ ਲੋਕਾਂ ਦਾ ਆਜ਼ਾਦੀ ਸੰਗਰਾਮ ‘ਚ ਮੂਲ ਮੰਤਰ ਅਤੇ ਨਿਸ਼ਾਨਾ ਹੀ ਭਾਰਤ ਨੂੰ ਬਰਤਾਨਵੀ ਜੂਲੇ ਤੋਂ ਮੁਕਤ ਕਰਵਾ ਕੇ ਇਕ ਖੁਸ਼ਹਾਲ ਭਾਰਤ ਸਿਰਜਣ ਦਾ ਸੀ।
  ਅਜਿਹਾ ਭਾਰਤ, ਜਿੱਥੇ ਨਾ ਧਰਮ ਦੇ ਨਾਮ ‘ਤੇ ਕਿਸੇ ਨਾਲ ਵਿਤਕਰਾ ਹੋਵੇ, ਨਾ ਜਾਤ-ਪਾਤ ਦੇ ਆਧਾਰ ‘ਤੇ ਕਿਸੇ ਦੇ ਸਨਮਾਨ ਨੂੰ ਠੇਸ ਪਹੁੰਚਾਈ ਜਾਵੇ ਅਤੇ ਨਾ ਹੀ ਕਿਸੇ ਦੇ ਮਨੁੱਖੀ ਅਧਿਕਾਰਾਂ ਉਪਰ ਕਿਸੇ ਤਰ੍ਹਾਂ ਦੀ ਰੋਕ ਹੀ ਲੱਗੇ। ਸਗੋਂ ਸਾਰੇ ਵਰਗਾਂ, ਧਰਮਾਂ, ਜਾਤਾਂ ਅਤੇ ਖੇਤਰਾਂ ਦੇ ਲੋਕਾਂ ਨੂੰ ਬਰਾਬਰ ਸਮਾਜਿਕ ਵਿਕਾਸ ਦੇ ਮੌਕੇ ਦਿੱਤੇ ਜਾਣ। ਆਰਥਿਕ ਨਾ-ਬਰਾਬਰੀ ਨੂੰ ਦੂਰ ਕਰਕੇ ਸਭਨਾਂ ਲਈ ਰੁਜ਼ਗਾਰ ਅਤੇ ਬਰਾਬਰੀ ਦੀ ਗਾਰੰਟੀ ਹੋਵੇ। ਪਰ ਜਦ ਅਸੀਂ ਹਕੀਕਤ ਵੱਲ ਝਾਕਦੇ ਹਾਂ, ਤਾਂ ਅਜਿਹਾ ਕੁੱਝ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਅੱਜ ਵੀ ਦੇਸ਼ ਅੰਦਰ ਵੱਡੇ ਪੱਧਰ ਉੱਤੇ ਫਿਰਕੂ ਅਤੇ ਜਾਤ-ਪਾਤੀ ਦੰਗੇ ਤੇ ਹਮਲੇ ਹੋ ਰਹੇ ਹਨ। ਨਾ-ਬਰਾਬਰੀ ਸਭ ਹੱਦਾਂ-ਬੰਨ੍ਹੇ ਟੱਪ ਚੁੱਕੀ ਹੈ। ਦੇਸ਼ ਦੀ ਅੱਧਿਓਂ ਬਹੁਤੀ ਆਬਾਦੀ ਅਜੇ ਵੀ ਰੋਟੀ ਦੀ ਮੁਥਾਜ ਹੈ।
  ਹੁਕਮਰਾਨ ਤਾਕਤਾਂ ਖੁਦ ਦੇਸ਼ ਅੰਦਰ ਭਾਈਚਾਰਕ ਸਾਂਝ ਤੋੜਨ ਦੇ ਸੱਦੇ ਦੇ ਰਹੀਆਂ ਹਨ ਅਤੇ ਦੇਸ਼ ਅੰਦਰ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਸ ਨਾਲ ਘੱਟ ਗਿਣਤੀਆਂ ਅਤੇ ਕਮਜ਼ੋਰ ਵਰਗਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਵੇ।
   ਬੇਰੁਜ਼ਗਾਰੀ ਵੱਡੇ ਪੱਧਰ ਉੱਤੇ ਫੈਲ ਰਹੀ ਹੈ। ਭ੍ਰਿਸ਼ਟਾਚਾਰ ਨੇ ਹਰ ਖੇਤਰ ਨੂੰ ਆਪਣੀ ਜਕੜ ਵਿਚ ਲਿਆ ਹੋਇਆ ਹੈ। ਅਸੀਂ ਕਹਿ ਸਕਦੇ ਹਾਂ ਕਿ ਆਜ਼ਾਦ ਹੋਇਆ ਭਾਰਤ ਸਾਡੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਸੁਪਨਿਆਂ ਅਨੁਸਾਰ ਚੱਲ ਰਿਹਾ ਕਿਧਰੇ ਵੀ ਨਜ਼ਰ ਨਹੀਂ ਆਉਂਦਾ, ਸਗੋਂ ਪੈਰ-ਪੈਰ ‘ਤੇ ਉਨ੍ਹਾਂ ਦੀ ਤੌਹੀਨ ਹੁੰਦੀ ਦੇਖੀ ਜਾਂਦੀ ਹੈ। ਇਥੋਂ ਤੱਕ ਕਿ ਦੇਸ਼ ਲਈ ਹੱਸ-ਹੱਸ ਜਾਨਾਂ ਕੁਰਬਾਨ ਕਰ ਗਏ ਸ. ਭਗਤ ਸਿੰਘ ਤੇ ਸਾਥੀਆਂ ਅਤੇ ਸ਼ਹੀਦ ਊਧਮ ਸਿੰਘ ਨੂੰ ਸ਼ਹੀਦ ਦਾ ਰੁਤਬਾ ਦਿਵਾਏ ਜਾਣ ਲਈ ਵੀ ਬਹੁਤ ਸਾਰੇ ਲੋਕਾਂ ਨੂੰ ਉਪਰਾਲੇ ਕਰਨੇ ਪਏ ਹਨ। ਜਲ੍ਹਿਆਂਵਾਲਾ ਬਾਗ ਦੇ ਖੂਨੀ ਕਾਂਡ ‘ਚ ਸ਼ਹੀਦ ਹੋਏ ਲੋਕਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਪ੍ਰਣ ਕਰੀਏ ਕਿ ਅਜਿਹੇ ਗੈਰ ਮਨੁੱਖੀ ਕਾਰੇ ਇਸ ਧਰਤੀ ਉਪਰ ਮੁੜ ਕਦੇ ਨਾ ਵਾਪਰਨ।
ਸਾਰੇ ਸੰਸਾਰ ਵਿਚ ਅਮਨ, ਸ਼ਾਂਤੀ ਅਤੇ ਵਿਕਾਸ ਦਾ ਪਹਿਰਾ ਹੋਵੇ। ਇਸੇ ਆਸ ਨਾਲ ਅਸੀਂ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.