ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪਰਵਾਸੀ ਭਾਰਤੀਆਂ ਨੂੰ ਕੇਜਰੀਵਾਲ ਤੇ ਪੂਰਾ ਭਰੋਸਾ ਹੈ !
ਪਰਵਾਸੀ ਭਾਰਤੀਆਂ ਨੂੰ ਕੇਜਰੀਵਾਲ ਤੇ ਪੂਰਾ ਭਰੋਸਾ ਹੈ !
Page Visitors: 2684

ਪਰਵਾਸੀ ਭਾਰਤੀਆਂ ਨੂੰ ਕੇਜਰੀਵਾਲ ਤੇ ਪੂਰਾ ਭਰੋਸਾ ਹੈ !
ਆਮ ਆਦਮੀ ਪਾਰਟੀ ਭਾਰਤ ਦੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ‘ਚੋਂ ਨਵੀਂ ਪਾਰਟੀ ਮੰਨੀ ਜਾ ਰਹੀ ਹੈ। ਬਹੁਤ ਥੋੜ੍ਹੇ ਸਮੇਂ ਵਿਚ ਹੀ ਇਸ ਪਾਰਟੀ ਨੇ ਆਮ ਜਨਤਾ ਵਿਚ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਹੈ। ਦਿੱਲੀ ਦੀਆਂ ਅਸੈਂਬਲੀ ਚੋਣਾਂ ਵਿਚ ਹੋਈ ਅਥਾਹ ਜਿੱਤ, ਪੰਜਾਬ ਵਿਚ ਚਾਰ ਮੈਂਬਰ ਪਾਰਲੀਮੈਂਟ ਹਲਕਿਆਂ ਦੀ ਜਿੱਤ ਨੇ ਇਸ ਪਾਰਟੀ ਨੂੰ ਭਾਰਤ ਅੰਦਰ ਚੱਲ ਰਹੀਆਂ ਪ੍ਰਚਲਿਤ ਪਾਰਟੀਆਂ ਦੇ ਬਰਾਬਰ ਖੜ੍ਹਾ ਕਰ ਦਿੱਤਾ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਖਰਾਬ ਹੋਏ ਸਿਸਟਮ ਨੂੰ ਬਦਲਣ ਦੀਆਂ ਉਮੀਦਾਂ ਇਸ ਪਾਰਟੀ ਤੋਂ ਪੈਦਾ ਹੋਈਆਂ ਹਨ। ਪਰ ਪਿਛਲੇ ਦਿਨਾਂ ਦੌਰਾਨ ਇਸ ਛੋਟੀ ਉਮਰ ਦੀ ਪਾਰਟੀ ਵਿਚ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਵੀ ਦੇਖਣ ਨੂੰ ਮਿਲੇ ਹਨ। ਅੱਜ ਲਗਭਗ ਸਾਰਾ ਭਾਰਤੀ ਮੀਡੀਆ ਇਸ ਪਾਰਟੀ ਦੀਆਂ ਛੋਟੀਆਂ ਤੋਂ ਛੋਟੀਆਂ ਗੱਲਾਂ ਨੂੰ ਵਧਾ-ਚੜ੍ਹਾ ਕੇ ਪ੍ਰਸਾਰਿਤ ਕਰ ਰਿਹਾ ਹੈ ਅਤੇ ਭੰਡਨ ਵਿਚ ਲੱਗਿਆ ਹੈ। ਕਈ ਵਾਰ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਭਾਰਤ ਵਿਚ ਇਸ ਪਾਰਟੀ ਤੋਂ ਇਲਾਵਾ ਹੋਰ ਕੋਈ ਪਾਰਟੀ ਹੀ ਨਹੀਂ ਹੈ। ਆਮ ਪਾਰਟੀ ਦੀ ਹਾਈਕਮਾਂਡ ਵੱਲੋਂ ਜੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਿਸੇ ਮੈਂਬਰ ਨੂੰ ਬਰਖਾਸਤ ਕੀਤਾ ਜਾਂਦਾ ਹੈ, ਤਾਂ ਵੀ ਇਸ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ। ਵੱਡੇ ਆਗੂਆਂ ਦੇ ਫੋਨ ਰਿਕਾਰਡ ਕਰਕੇ ਉਸ ਨੂੰ ਮਸਾਲੇ ਲਾ-ਲਾ ਕੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜੇ ਕੇਜਰੀਵਾਲ ਨੂੰ ਖੰਘ ਹੈ, ਤਾਂ ਉਸ ਨੂੰ ਕਈ-ਕਈ ਦਿਨ ਚੈਨਲਾਂ ‘ਤੇ ਦਿਖਾ ਕੇ ਚਰਚਾ ਕੀਤੀ ਜਾ ਰਹੀ ਹੈ। ਇਸ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ, ਬਹੁਤੇ ਲੋਕ ਘੱਟ ਹੀ ਇਸ ਬਾਰੇ ਜਾਣਦੇ ਹੋਣਗੇ। ਸਮੁੱਚਾ ਭਾਰਤੀ ਮੀਡੀਆ ਵਿਕਾਊ ਹੈ। ਉਥੋਂ ਦੇ ਵੱਡੇ ਮਗਰਮੱਛ, ਛੋਟੀਆਂ ਮੱਛੀਆਂ ਨੂੰ ਦੇਖ ਨਹੀਂ ਸਕਦੇ ਅਤੇ ਉਨ੍ਹਾਂ ਨੂੰ ਰਾਹ ਵਿਚ ਹਟਾਉਣ ਲਈ ਮੀਡੀਆ ਖਰੀਦਿਆ ਜਾ ਰਿਹਾ ਹੈ ਤੇ ਇਸ ਪਾਰਟੀ ਦੇ ਵਿਰੋਧ ‘ਚ ਝੂਠਾ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਜੇ ਦੇਖਿਆ ਜਾਵੇ ਤਾਂ ਇਸ ਪਾਰਟੀ ਵਿਚ ਕੋਈ ਤਾਂ ਦਮ ਹੈ, ਜਿਹੜਾ ਸਮੁੱਚਾ ਭਾਰਤੀ ਮੀਡੀਆ ਸਾਰਾ ਕੰਮ ਛੱਡ ਕੇ ਇਸ ਨੂੰ ਭੰਡਣ ਵਿਚ ਲੱਗਿਆ ਹੋਇਆ ਹੈ। ਪਰ ਅੱਜ ਉਸ ਮੀਡੀਏ ਤੋਂ ਇਲਾਵਾ, ਸੋਸ਼ਲ ਮੀਡੀਏ ਦਾ ਵੀ ਜ਼ਮਾਨਾ ਹੈ, ਜਿਨ੍ਹਾਂ ਦਾ ਕੰਟਰੋਲ ਬਹੁਤਾ ਪ੍ਰਵਾਸੀ ਭਾਰਤੀਆਂ ਦੇ ਕੋਲ ਹੀ ਹੈ। ਹਰ ਸੋਸ਼ਲ ਮੀਡੀਏ ਵਿਚ ਪ੍ਰਵਾਸੀ ਕੇਜਰੀਵਾਲ ਪਾਰਟੀ ਦੇ ਹੱਕ ਵਿਚ ਹੀ ਖੜ੍ਹੇ ਨਜ਼ਰ ਆਉਂਦੇ ਹਨ। ਕਿਉਂਕਿ ਪ੍ਰਵਾਸੀ ਭਾਰਤੀ ਹਾਲੇ ਵੀ ਕੇਜਰੀਵਾਲ ਨੂੰ ਸੱਚਾ-ਸੁੱਚਾ ਸਮਝਦੇ ਹਨ ਅਤੇ ਉਸ ਤੋਂ ਬਹੁਤ ਉਮੀਦਾਂ ਰੱਖਦੇ ਹਨ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ ਤੋਂ ਵੱਧ ਸਮਾਂ ਬੀਤ ਜਾਣ ‘ਤੇ ਵੀ ਹਾਲੇ ਤੱਕ ਭਾਰਤ ਵਿਚ ਅੱਛੇ ਦਿਨ ਨਜ਼ਰ ਨਹੀਂ ਆਏ।
ਦੋ-ਢਾਈ ਸਾਲ ਪਹਿਲਾਂ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਭ੍ਰਿਸ਼ਟਾਚਾਰ ਵਿਰੁੱਧ ਇਕ ਵਿਆਪਕ ਜਨ-ਅੰਦੋਲਨ ਸ਼ੁਰੂ ਹੋਇਆ ਸੀ। ਇਸ ਅੰਦੋਲਨ ਵਿਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਲੋਕ ਸ਼ਾਮਲ ਨਹੀਂ ਹੋਏ, ਸਗੋਂ ਭ੍ਰਿਸ਼ਟਾਚਾਰ, ਵੀ.ਆਈ.ਪੀ. ਕਲਚਰ ਅਤੇ ਮਹਿੰਗਾਈ, ਬੇਰੁਜ਼ਗਾਰੀ ਤੋਂ ਅੱਕੇ ਨੌਜਵਾਨ ਅਤੇ ਹੋਰ ਲੋਕ ਵੱਡੀ ਗਿਣਤੀ ਵਿਚ ਇਸ ਲਹਿਰ ਦਾ ਧੁਰਾ ਬਣੇ। ਕੁੱਝ ਮਹੀਨਿਆਂ ਬਾਅਦ ਅੰਨਾ ਹਜ਼ਾਰੇ ਦੀ ਅਗਵਾਈ ਵਾਲੀ ਇਸ ਲਹਿਰ ਵਿਚ ਵੀ ਸਿਆਸੀ ਪਾਰਟੀ ਖੜ੍ਹੀ ਕਰਨ ਬਾਰੇ ਗੱਲਾਂ ਸ਼ੁਰੂ ਹੋਣ ਲੱਗੀਆਂ। ਇਹ ਗੱਲ ਹੈ ਵੀ ਸਹੀ ਕਿ ਭ੍ਰਿਸ਼ਟਾਚਾਰ, ਵੀ.ਆਈ.ਪੀ. ਕਲਚਰ ਜਾਂ ਹੋਰ ਅਨੇਕ ਤਰ੍ਹਾਂ ਦੀਆਂ ਕੁਰੀਤੀਆਂ ਖਿਲਾਫ ਅੰਦੋਲਨ ਤਾਂ ਹੀ ਅੱਗੇ ਵਧ ਸਕਦੇ ਹਨ, ਜੇਕਰ ਇਕ ਮਜ਼ਬੂਤ ਇੱਛਾ ਸ਼ਕਤੀ ਵਾਲੀ ਲੀਡਰਸ਼ਿਪ ਅੱਗੇ ਆਵੇ ਅਤੇ ਭ੍ਰਿਸ਼ਟ ਤੇ ਵੇਲਾ ਵਿਹਾ ਚੁੱਕੀ ਲੀਡਰਪਸ਼ਿਪ ਨੂੰ ਲਾਂਭੇ ਕਰਨ ਦੀ ਜ਼ੁਰੱਅਤ ਕਰੇ। ਕੁੱਝ ਮਹੀਨਿਆਂ ਦੇ ਬਹਿਸ ਵਿਚਾਰ ਬਾਅਦ ਅੰਨਾ ਹਜ਼ਾਰੇ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਜਾਂ ਇਸ ਵਿਚ ਸ਼ਾਮਲ ਹੋਣ ਤੋਂ ਪਾਸਾ ਵੱਟ ਲਿਆ। ਪਰ ਅੰਨਾ ਹਜ਼ਾਰੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿੱਢਣ ਵਾਲੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਹੋਰ ਨੌਜਵਾਨ ਸਾਥੀਆਂ ਨੇ ਆਖਰ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਬੀੜਾ ਚੁੱਕ ਲਿਆ। ਉਨ੍ਹਾਂ ਵੱਲੋਂ ਆਮ ਆਦਮੀ ਦੀਆਂ ਇੱਛਾਵਾਂ ਅਤੇ ਲੋੜਾਂ ਉਪਰ ਪੂਰਾ ਉਤਰਨ ਲਈ ਆਮ ਆਦਮੀ ਪਾਰਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਗਿਆ। ਪੂਰੇ ਦੇਸ਼ ਵਿਚ ਆਮ ਆਦਮੀ ਪਾਰਟੀ ਕੁੱਝ ਮਹੀਨਿਆਂ ਵਿਚ ਹੀ ਦੇਸ਼ ਦੇ ਲੋਕਾਂ ਦੀ ਨਜ਼ਰੀਂ ਚੜ੍ਹ ਗਈ ਅਤੇ ਅਰਵਿੰਦ ਕੇਜਰੀਵਾਲ ਇਕ ਮਜ਼ਬੂਤ ਤੇ ਰਾਜਸੀ ਇੱਛਾ ਸ਼ਕਤੀ ਵਾਲੇ ਆਗੂ ਵਜੋਂ ਉਭਰ ਕੇ ਸਾਹਮਣੇ ਆਏ। ਦਿੱਲੀ ਵਿਧਾਨ ਸਭਾ ਦੀ ਪਹਿਲੀ ਚੋਣ ਨੇ ਆਮ ਆਦਮੀ ਪਾਰਟੀ ਦੇ ਭਵਿੱਖ ਦਾ ਰਾਹ ਖੋਲ੍ਹ ਦਿੱਤਾ। ਪਰ ਹੁਣ ਦਿੱਲੀ ਵਿਧਾਨ ਸਭਾ ਦੀ ਮੁੜ ਹੋਈ ਚੋਣ ਵਿਚ ਦਿੱਲੀ ਦੀ ਜਨਤਾ ਨੇ ਜੋ ਬੇਮਿਸਾਲ ਭਰੋਸਾ ਆਮ ਆਦਮੀ ਪਾਰਟੀ ਵਿਚ ਪ੍ਰਗਟਾਇਆ ਹੈ, ਉਸ ਦੀ ਪਿਛਲੇ 60 ਸਾਲ ਦੇ ਇਤਿਹਾਸ ਵਿਚ ਕਿਧਰੇ ਵੀ ਮਿਸਾਲ ਨਹੀਂ ਮਿਲਦੀ। ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੇ ਆਮ ਮੁਹਾਰਾ ਹਮਾਇਤ ਦੇ ਕੇ ਪਾਰਟੀ ਦੇ ਚਾਰ ਉਮੀਦਵਾਰ ਲੋਕ ਸਭਾ ਵਿਚ ਭੇਜ ਦਿੱਤੇ। ਇੰਨਾ ਹੀ ਨਹੀਂ, ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਦੇ 33 ਹਲਕਿਆਂ ਵਿਚ ਅੱਗੇ ਰਹੀ ਅਤੇ ਹੋਰ 25 ਹਲਕਿਆਂ ਵਿਚ ਦੂਜੇ ਸਥਾਨ ‘ਤੇ ਆਈ ਸੀ। ਇਸ ਦਾ ਅਰਥ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ 28 ਵਿਧਾਨ ਸਭਾ ਹਲਕਿਆਂ ਵਿਚ ਜਿੱਤ ਦੀਆਂ ਸੰਭਾਵਨਾਵਾਂ ਬਣ ਗਈਆਂ। ਪਰ ਹੁਣ ਪਿਛਲੇ ਕੁੱਝ ਦਿਨਾਂ ਤੋਂ ਆਮ ਆਦਮੀ ਪਾਰਟੀ ਅੰਦਰ ਕੁੱਝ ਨੇਤਾਵਾਂ ਨੇ ਇਕ ਵੱਖਰੀ ਤਰ੍ਹਾਂ ਦੀ ਸੁਰ ਖੜ੍ਹੀ ਕਰਕੇ ਅਜਿਹਾ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ ਕਿ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੂੰ ਕੱਠਪੁਤਲੀ ਬਣਾ ਲਿਆ ਹੈ ਅਤੇ ਪਾਰਟੀ ਅੰਦਰੋਂ ਜਮਹੂਰੀ ਢਾਂਚੇ ਦਾ ਖਾਤਮਾ ਕਰ ਦਿੱਤਾ ਗਿਆ ਹੈ। ਪਰ ਆਮ ਆਦਮੀ ਪਾਰਟੀ ਦਾ ਵੱਡਾ ਹਿੱਸਾ ਕੇਜਰੀਵਾਲ ਦੀ ਅਗਵਾਈ ਨੂੰ ਕਬੂਲ ਕਰਕੇ ਅੱਗੇ ਵਧਣ ਦਾ ਚਾਹਵਾਨ ਹੈ, ਜਦਕਿ ਨਾਰਾਜ਼ਗੀ ਵਾਲੇ ਕੁੱਝ ਇਕ ਆਗੂਆਂ ਦਾ ਨਾ ਤਾਂ ਕੋਈ ਜਨਤਕ ਆਧਾਰ ਹੈ ਅਤੇ ਨਾ ਹੀ ਪਾਰਟੀ ਨੂੰ ਅੱਗੇ ਵਧਾਉਣ ਵਿਚ ਕੋਈ ਯੋਗਦਾਨ ਹੀ ਪਾ ਸਕੇ ਹਨ। ਜੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਦੋ ਵਿਅਕਤੀਆਂ ਦੇ ਨਾਂ ਉਭਰ ਰਹੇ ਹਨ ਅਤੇ ਇਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਗਿਆ ਹੈ। ਪਰ ਇਨ੍ਹਾਂ ਦੋਵਾਂ ਦੀ ਪਿਛਲੀ ਕਾਰਗੁਜ਼ਾਰੀ ‘ਤੇ ਝਾਤ ਮਾਰੀ ਜਾਵੇ, ਤਾਂ ਸਪੱਸ਼ਟ ਸਮਝ ਪੈਂਦਾ ਹੈ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਕਦੇ ਵੀ ਡੱਟ ਕੇ ਨਹੀਂ ਖੜ੍ਹੇ। ਯਾਦਵ ਪਿਛਲੀ ਲੋਕਸਭਾ ਚੋਣ ਵਿਚ ਗੁੜਗਾਓਂ ਤੋਂ ਉਮੀਦਵਾਰ ਬਣੇ ਸਨ ਅਤੇ ਜ਼ਮਾਨਤ ਜ਼ਬਤ ਕਰਵਾਉਣ ਬਾਅਦ ਉਹ ਨਿਰਾਸ਼ ਹੋ ਕੇ ਪਾਰਟੀ ਤੋਂ ਦੂਰ ਜਾ ਬੈਠੇ ਸਨ। ਇਹ ਤਾਂ ਕੇਜਰੀਵਾਲ ਹੀ ਸਨ ਕਿ ਉਨ੍ਹਾਂ ਨੇ ਸ਼੍ਰੀ ਯਾਦਵ ਨੂੰ ਮੁੜ ਸਿਆਸਤ ‘ਚ ਸਰਗਰਮ ਰਹਿਣ ਲਈ ਉਨ੍ਹਾਂ ਦੇ ਘਰ ਜਾ ਕੇ ਪ੍ਰੇਰਿਤ ਕੀਤਾ। ਪ੍ਰਸ਼ਾਂਤ ਭੂਸ਼ਨ ਦੇ ਪਿਤਾ ਸ਼ਾਂਤੀ ਭੂਸ਼ਨ ਦਿੱਲੀ ਚੋਣਾਂ ਵਿਚ ਭਾਜਪਾ ਦੀ ਮੁੱਖ ਮੰਤਰੀ ਦੀ ਉਮੀਦਵਾਰ ਕਿਰਨ ਬੇਦੀ ਨੂੰ ਆਪਣੀ ਪਹਿਲੀ ਪਸੰਦ ਕਹਿੰਦੇ ਰਹੇ ਹਨ। ਖੁਦ ਪ੍ਰਸ਼ਾਂਤ ਭੂਸ਼ਨ ਸਿਰਫ ਇਕ ਦਿਨ ਹੀ ਦਿੱਲੀ ਚੋਣ ਲਈ ਪ੍ਰਚਾਰ ਕਰਨ ਨਿਕਲੇ ਸਨ। ਇਨ੍ਹਾਂ ਆਗੂਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਅਤੇ ਕੇਜਰੀਵਾਲ ਦੀ ਲੀਡਰਸ਼ਿਪ ਨੂੰ ਨੁਕਸਾਉਣ ਪਹੁੰਚਾਉਣ ਵਾਸਤੇ ਹੁਣ ਕਦੇ ਪਾਰਟੀ ਮਰਿਆਦਾ ਅਤੇ ਕਦੇ ਪਾਰਟੀ ਅੰਦਰਲੇ ਜਮਹੂਰੀ ਢਾਂਚੇ ਦੀਆਂ ਗੱਲਾਂ ਕਰ ਰਹੇ ਹਨ। ਇਹ ਗੱਲ ਪੂਰੀ ਤਰ੍ਹਾਂ ਨਿਰਵਿਵਾਦ ਹੈ ਕਿ ਇਕ ਜ਼ੁਅੱਰਤਮੰਦ, ਮਜ਼ਬੂਤ ਸਿਆਸੀ ਇੱਛਾ ਅਤੇ ਦ੍ਰਿੜ੍ਹ ਇਰਾਦੇ ਵਾਲੇ ਦੂਰ ਅੰਦੇਸ਼ ਆਗੂ ਤੋਂ ਬਗੈਰ ਕਦੇ ਵੀ ਕੋਈ ਪਾਰਟੀ ਅੱਗੇ ਨਹੀਂ ਵੱਧ ਸਕਦੀ। ਇਸ ਗੱਲ ਵਿਚ ਕੋਈ ਦੋ-ਰਾਇ ਨਹੀਂ ਹਨ ਕਿ ਪਾਰਟੀ ਅੰਦਰ ਸਾਰੇ ਆਗੂਆਂ ਅਤੇ ਵਰਕਰਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਪਰ ਇਸ ਗੱਲ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਵਿਅਕਤੀਗਤ ਲੀਡਰਸ਼ਿਪ ਤੋਂ ਬਗੈਰ ਕਦੇ ਵੀ ਪਾਰਟੀਆਂ ਅੱਗੇ ਨਹੀਂ ਵਧ ਸਕਦੀਆਂ। ਪਿਛਲਾ ਸਾਰਾ ਇਤਿਹਾਸ ਦੱਸਦਾ ਹੈ ਕਿ ਜਦੋਂ ਕਦੇ ਕਿਸੇ ਪਾਰਟੀ ਨੂੰ ਮਜ਼ਬੂਤ ਆਗੂ ਮਿਲ ਗਿਆ, ਤਾਂ ਉਸ ਨੇ ਪਾਰਟੀ ਨੂੰ ਅੱਗੇ ਲਿਜਾਣ ਵਿਚ ਭੂਮਿਕਾ ਨਿਭਾਈ ਹੈ। 1980 ਵਿਚ ਕਾਂਗਰਸ ਕੋਲ ਧੜੱਲੇਦਾਰ ਇੰਦਰਾ ਗਾਂਧੀ ਆਗੂ ਹੋਣ ਕਰਕੇ ਹੀ ਮੁੜ ਸੱਤਾ ਹਾਸਲ ਹੋਈ ਸੀ। ਇਸੇ ਤਰ੍ਹਾਂ ਅੱਜ ਜੇਕਰ ਕੋਈ ਇਹ ਕਹਿੰਦਾ ਹੈ ਕਿ ਪਾਰਟੀ ਅੰਦਰ ਵਿਅਕਤੀਗਤ ਲੀਡਰਸ਼ਿਪ ਦੀ ਕੋਈ ਦੇਣ ਜਾਂ ਭੂਮਿਕਾ ਨਹੀਂ ਹੁੰਦੀ। ਇਹ ਗੱਲ ਪੂਰੀ ਤਰ੍ਹਾਂ ਗਲਤ ਹੈ। ਆਮ ਆਦਮੀ ਪਾਰਟੀ ਨੂੰ ਸੰਗਠਿਤ ਕਰਨ ਅਤੇ ਅੱਗੇ ਵਧਾਉਣ ਵਿਚ ਅਰਵਿੰਦ ਕੇਜਰੀਵਾਲ ਦੇ ਰੋਲ ਨੂੰ ਕਦੇ ਵੀ ਘਟਾ ਕੇ ਨਹੀਂ ਵੇਖਿਆ ਜਾਣਾ ਚਾਹੀਦਾ। ਉਨ੍ਹਾਂ ਨੇ ਦੇਸ਼ ਦੀ ਰਾਜਨੀਤੀ ਅੰਦਰ ਇਕ ਨਵੀਂ ਤਾਜ਼ਗੀ ਦਾ ਮੁੱਢ ਬੰਨ੍ਹਿਆ ਹੈ। ਸਾਦ-ਮੁਰਾਦੀ ਜ਼ਿੰਦਗੀ, ਵੀ.ਆਈ.ਪੀ. ਕਲਚਰ ਤੋਂ ਵੱਖ ਹੋਣ, ਭ੍ਰਿਸ਼ਟਾਚਾਰ ਖਤਮ ਕਰਨ ਅਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੀ ਸਿਆਸਤ ਦੇ ਉਹ ਮੋਢੀ ਬਣ ਕੇ ਦੇਸ਼ ਅੰਦਰ ਉਭਰੇ ਹਨ। ਭਾਰਤ ਅੰਦਰ ਹੋਰ ਕਿਸੇ ਵੀ ਸਿਆਸੀ ਪਾਰਟੀ ਅੰਦਰ ਅਜਿਹਾ ਵਲਵਲਾ ਨਜ਼ਰ ਨਹੀਂ ਆ ਰਿਹਾ। ਵੱਧ-ਘੱਟ ਰੂਪ ਵਿਚ ਸਾਰੀਆਂ ਹੀ ਪਾਰਟੀਆਂ ਦੇ ਆਗੂ ਫੋਕੇ ਰੌਅਬ ਅਤੇ ਸ਼ੌਹਰਤ ਲਈ ਗੰਨਮੈਨਾਂ ਦੀਆਂ ਧਾੜਾਂ ਅੱਗੇ-ਪਿੱਛੇ ਲੈ ਕੇ ਚੱਲਦੇ ਹਨ। ਸਿਆਸੀ ਆਗੂਆਂ ਨੇ ਅਥਾਹ ਪੂੰਜੀ ਅਤੇ ਹੋਰ ਸਾਧਨ ਆਪਣੇ ਹੱਥਾਂ ਹੇਠ ਕਰ ਲਏ ਹਨ। ਲੋਕ ਬੁਰੀ ਤਰ੍ਹਾਂ ਬੇਰੁਜ਼ਗਾਰੀ, ਮਹਿੰਗਾਈ ਅੰਦਰ ਪਿਸ ਗਏ ਹਨ। ਅਜਿਹੇ ਸਮੇਂ ਕੇਜਰੀਵਾਲ ਵਰਗੇ ਬੇਦਾਗ ਅਤੇ ਨਿਧੜਕ ਆਗੂ ਦੀ ਅਗਵਾਈ ਵਿਚ ਦੇਸ਼ ਭਰ ਵਿਚ ਅੰਦੋਲਨ ਚੱਲ ਸਕਦਾ ਹੈ। ਅਜਿਹਾ ਅੰਦੋਲਨ ਹੀ ਦਿੱਲੀ ਵਾਂਗ ਵੱਖ-ਵੱਖ ਸੂਬਿਆਂ ਵਿਚ ਸਰਕਾਰਾਂ ਨੂੰ ਬਦਲਣ ਦਾ ਰਾਹ ਖੋਲ੍ਹ ਸਕਦਾ ਹੈ ਅਤੇ ਦੇਸ਼ ਦੀ ਵਾਂਗਡੋਰ ਇਕ ਨਵੀਂ ਤਾਜ਼ਗੀ ਵਾਲੀ ਲੀਡਰਸ਼ਿਪ ਦੇ ਹੱਥ ਹੋ ਸਕਦੀ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਨਵੀਂ ਉਠਣ ਵਾਲੀ ਪਾਰਟੀ ਲਈ ਸਿਆਸਤ ਅਤੇ ਸੱਤਾ ਕੋਈ ਮੌਜ-ਮੇਲੇ ਵਾਲਾ ਕੰਮ ਨਹੀਂ। ਉਨ੍ਹਾਂ ਨੂੰ ਅਨੇਕ ਤਰ੍ਹਾਂ ਦੀਆਂ ਮੁਸ਼ਕਿਲਾਂ ਝੱਲਣੀਆਂ ਪੈਣਗੀਆਂ। ਅੱਜ ਸਥਾਪਿਤ ਸਿਆਸੀ ਪਾਰਟੀਆਂ ਦੇ ਅਸਰ ਹੇਠ ਆਮ ਆਦਮੀ ਪਾਰਟੀ ਅੰਦਰਲੇ ਵਖਰੇਵੇਂ ਨੂੰ ਖੂਭ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਕੇਜਰੀਵਾਲ ਖਿਲਾਫ ਆਗੂ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ਦਾ ਸ਼ਿੰਗਾਰ ਬਣੇ ਹੋਏ ਹਨ। ਇਹ ਇਸੇ ਕਰਕੇ ਹੈ ਕਿ ਜਿਹੜੇ ਆਗੂਆਂ ਦੀਆਂ ਮੌਜਾਂ ਖੁੱਸਣ ਜਾ ਰਹੀਆਂ ਹਨ, ਉਹ ਚੁੱਪ ਕੀਤਿਆਂ ਆਪਣੀ ਸਰਦਾਰੀ ਨਹੀਂ ਛੱਡਣ ਲੱਗੇ। ਇਸ ਕਰਕੇ ਆਮ ਆਦਮੀ ਪਾਰਟੀ ਅੰਦਰ ਉਠਣ ਵਾਲੇ ਅਜਿਹੇ ਝਮੇਲਿਆਂ ਨੂੰ ਹੱਲ ਕਰਨ ਲਈ ਸੰਜੀਦਗੀ ਵਾਲੀ ਪਹੁੰਚ ਅਖਤਿਆਰ ਕਰਨੀ ਪਵੇਗੀ।
ਗੁਰਜਤਿੰਦਰ ਸਿੰਘ ਰੰਧਾਵਾ ,
 ਸੈਕਰਾਮੈਂਟੋ, ਕੈਲੀਫੋਰਨੀਆ,
916-320-9444
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.