ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਧਾਰਮਿਕ ਸਮਾਗਮਾਂ ਨੂੰ ਲੜਾਈ ਦੇ ਅਖਾੜੇ ਨਾ ਬਣਾਇਆ ਜਾਵੇ
ਧਾਰਮਿਕ ਸਮਾਗਮਾਂ ਨੂੰ ਲੜਾਈ ਦੇ ਅਖਾੜੇ ਨਾ ਬਣਾਇਆ ਜਾਵੇ
Page Visitors: 2502

ਧਾਰਮਿਕ ਸਮਾਗਮਾਂ ਨੂੰ ਲੜਾਈ ਦੇ ਅਖਾੜੇ ਨਾ ਬਣਾਇਆ ਜਾਵੇ
ਗੁਰਜਤਿੰਦਰ ਸਿੰਘ ਰੰਧਾਵਾ , ਸੈਕਰਾਮੈਂਟੋ, ਕੈਲੀਫੋਰਨੀਆ, 916-320-9444
     ਕੋਈ ਸਮਾਂ ਸੀ, ਜਦੋਂ ਅਮਰੀਕਾ ਵਿਚ ਸਿੱਖ ਕੌਮ ਦੀ ਵਸੋਂ ਤਾਂ ਹੋ ਚੁੱਕੀ ਸੀ, ਪਰ ਗੁਰੂ ਘਰਾਂ ਦੀ ਤੋਟ ਮਹਿਸੂਸ ਹੁੰਦੀ ਰਹੀ। ਪਰ ਹੌਲੀ-ਹੌਲੀ ਇਥੇ ਗੁਰੂਘਰ ਵੀ ਬਣਨੇ ਸ਼ੁਰੂ ਹੋ ਗਏ। ਹੌਲੀ-ਹੌਲੀ ਇਥੇ ਇਨ੍ਹਾਂ ਗੁਰੂ ਘਰਾਂ ਵਿਚ ਵੱਡੇ-ਵੱਡੇ ਸਮਾਗਮ ਵੀ ਹੋਣ ਲੱਗ ਪਏ। ਅੱਜ ਬਹੁਤ ਸਾਰੇ ਗੁਰੂ ਘਰਾਂ ਵਿਚ ਗੁਰਪੁਰਬ ਅਤੇ ਨਗਰ ਕੀਰਤਨ ਆਦਿ ਮਨਾਏ ਜਾਂਦੇ ਹਨ। ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤ ਇਨ੍ਹਾਂ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਪਰਿਵਾਰਾਂ ਸਮੇਤ ਪਹੁੰਚਦੀ ਹੈ। ਸਾਰਾ ਸਮਾਗਮ ਤਾਂ ਠੀਕ-ਠਾਕ ਹੋ ਜਾਂਦਾ ਹੈ। ਪਰ ਕੁਝ ਸਮੇਂ ਤੋਂ ਅਸੀਂ ਵੇਖਦੇ ਹਾਂ ਕਿ ਕੁਝ ਹਊਮੈ ਦੇ ਭੁੱਖੇ ਲੋਕ ਅਜਿਹੇ ਮੌਕਿਆਂ ਨੂੰ ਆਪਸੀ ਦੁਸ਼ਮਣੀਆਂ ਕੱਢਣ ਦਾ ਮੌਕਾ ਬਣਾ ਲੈਂਦੇ ਹਨ। ਕਈ ਵਾਰੀ ਵੇਖਿਆ ਹੈ ਕਿ ਇਨ੍ਹਾਂ ਧਾਰਮਿਕ ਸਮਾਗਮਾਂ ਵਿਚ ਕੁਝ ਨੌਜਵਾਨ ਗਰੁੱਪ ਆਪਸ ਵਿਚ ਭਿੜ ਕੇ ਅਜਿਹੇ ਮੌਕੇ ਇਹ ਪ੍ਰਭਾਵ ਦੇਣ ਦਾ ਯਤਨ ਕਰਦੇ ਹਨ ਕਿ ਉਨ੍ਹਾਂ ਦੀ ਤੂਤੀ ਵਧੇਰੇ ਬੋਲਦੀ ਹੈ। ਇਸ ਤਰ੍ਹਾਂ ਅਜਿਹੇ ਸਮਾਗਮ ਆਪਣੇ ਭਾਈਚਾਰੇ ਦੀ ਸ਼ਾਨ ਬਣਨ ਦੀ ਬਜਾਏ, ਸਗੋਂ ਬੇਲੋੜੇ ਤਕਰਾਰ ਅਤੇ ਗਲਤਫਹਿਮੀਆਂ ਪੈਦਾ ਕਰਨ ਦਾ ਸਬੱਬ ਬਣ ਜਾਂਦੇ ਹਨ
     9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ‘ਚ ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਈਆਂ ਗਲਤਫਹਿਮੀਆਂ ਨੂੰ ਦੂਰ ਕਰਨਾ ਅਜੇ ਵੀ ਅਹਿਮ ਅਤੇ ਵੱਡੀ ਸਮੱਸਿਆ ਬਣਿਆ ਹੋਇਆ ਹੈ। ਸਮੁੱਚੇ ਸਿੱਖ ਭਾਈਚਾਰੇ ਦਾ ਯਤਨ ਇਹ ਗੱਲ ਉਭਾਰਨ ਉਪਰ ਲੱਗਿਆ ਹੋਇਆ ਹੈ ਕਿ ਪੱਗੜੀਧਾਰੀ ਸਿੱਖ ਲੋਕ ਕ੍ਰੀਮੀਨਲ ਨਹੀਂ ਹਨ। ਵਿਦੇਸ਼ਾਂ ਵਿਚ ਵੱਡੀ ਪੱਧਰ ‘ਤੇ ਨਗਰ ਕੀਰਤਨ ਅਤੇ ਗੁਰਪੁਰਬ ਮਨਾ ਕੇ ਸਿੱਖ ਆਪਣੀ ਪਹਿਚਾਣ ਬਾਰੇ ਦੱਸਣ ਦਾ ਯਤਨ ਕਰਦੇ ਹਨ। ਪਰ ਜੇਕਰ ਸਾਡੇ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਇਨ੍ਹਾਂ ਸਮਾਗਮਾਂ ਵਿਚ ਝਗੜੇ ਖੜ੍ਹੇ ਕਰਦੇ ਹਨ ਅਤੇ ਗੱਲ ਮਾਰ-ਕੁਟਾਈ ਤੱਕ ਚਲੀ ਜਾਂਦੀ ਹੈ, ਤਾਂ ਕੀ ਸਾਡੇ ਕੁੱਝ ਲੋਕਾਂ ਦੇ ਇਹ ਕਦਮ ਦੂਸਰੀਆਂ ਨਸਲਾਂ ਅਤੇ ਧਰਮਾਂ ਵਿਚ ਇਹ ਪ੍ਰਭਾਵ ਪੈਦਾ ਨਹੀਂ ਕਰਨਗੇ ਕਿ ਪੱਗੜੀਧਾਰੀ ਸਿੱਖ ਲੋਕ ਕ੍ਰੀਮੀਨਲ ਹੁੰਦੇ ਹਨ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਚੰਗੇ ਕੰਮ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਦੂਸਰੇ ਲੋਕਾਂ ਵਿਚ ਉਸ ਬਾਰੇ ਯਕੀਨ ਪੈਦਾ ਕਰਨ ਲਈ ਬੜਾ ਸਮਾਂ ਲੱਗਦਾ ਹੈ, ਪਰ ਆਪਣਾ ਪ੍ਰਭਾਵ ਖਤਮ ਕਰਨ ਜਾਂ ਭਰਮ-ਭੁਲੇਖੇ ਪੈਦਾ ਕਰਨ ਲਈ ਕਈ ਵਾਰ ਇਕੋ ਘਟਨਾ ਵਾਧੂ ਹੁੰਦੀ ਹੈ। ਇਸ ਕਰਕੇ ਜਿਹੜੇ ਲੋਕ ਅਜਿਹੇ ਸਮਾਗਮਾਂ ਜਾਂ ਗੁਰਪੁਰਬਾਂ ਨੂੰ ਆਪਣੇ ਨਿੱਜੀ ਝਗੜਿਆਂ ਦਾ ਅਖਾੜਾ ਬਣਾਉਂਦੇ ਹਨ, ਉਨ੍ਹਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਨਾਲ ਉਨ੍ਹਾਂ ਦਾ ਆਪਣਾ ਤਾਂ ਸ਼ਾਇਦ ਕੁਝ ਸੰਵਰਦਾ ਹੋਵੇ, ਪਰ ਭਾਈਚਾਰੇ ਦਾ ਅਕਸ ਖਰਾਬ ਕਰਨ ਵਿਚ ਕਿੰਨਾ ਵਾਧਾ ਹੁੰਦਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਬੜਾ ਔਖਾ ਹੈ।
   ਜਦੋਂ ਇਨ੍ਹਾਂ ਸਮਾਗਮਾਂ ਵਿਚ ਅਜਿਹੇ ਝਗੜੇ ਹੁੰਦੇ ਹਨ, ਤਾਂ ਕੁਦਰਤੀ ਹੀ ਪੁਲਿਸ ਵੀ ਵਧੇਰੇ ਚੌਕਸ ਹੋ ਜਾਂਦੀ ਹੈ ਅਤੇ ਕਈ ਵਾਰ ਉਨ੍ਹਾਂ ਵੱਲੋਂ ਅਗਾਊਂ ਪੇਸ਼ਕਦਮੀ ਵਜੋਂ ਫੋਰਸ ਤਾਇਨਾਤ ਕੀਤੀ ਜਾਂਦੀ ਹੈ। ਅਜਿਹਾ ਹੋਣਾ ਹੀ ਸਾਡੇ ਸਮਾਗਮਾਂ ਬਾਰੇ ਦੂਸਰੇ ਧਰਮਾਂ ਅਤੇ ਨਸਲਾਂ ਦੇ ਲੋਕਾਂ ਵਿਚ ਸ਼ੰਕੇ, ਡਰ ਅਤੇ ਭੈਅ ਪੈਦਾ ਕਰਨ ਦਾ ਕਾਰਨ ਬਣ ਜਾਂਦੇ ਹਨ। ਆਮ ਤੌਰ ‘ਤੇ ਸੋਚਿਆਂ ਭਾਵੇਂ ਇਹ ਗੱਲਾਂ ਬੜੀਆਂ ਛੋਟੀਆਂ ਲੱਗਦੀਆਂ ਹੋਣ, ਪਰ ਇਨ੍ਹਾਂ ਦਾ ਪ੍ਰਭਾਵ ਬੜਾ ਦੂਰਗਾਮੀ ਅਤੇ ਵਿਆਪਕ ਹੁੰਦਾ ਹੈ। ਸਾਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਓਸਾਮਾ ਬਿਨ ਲਾਦੇਨ ਦੇ ਸਿਰ ਬੰਨ੍ਹੀ ਪੱਗੜੀ ਕਾਰਨ ਸਿੱਖਾਂ ਨੂੰ ਕਿੰਨੀਆਂ ਮੁਸ਼ਕਿਲਾਂ ਵਿਚੋਂ ਲੰਘਣਾ ਪੈ ਰਿਹਾ ਹੈ। ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਸਮੁੱਚਾ ਭਾਈਚਾਰਾ ਕਿਵੇਂ ਲਗਾਤਾਰ ਯਤਨਸ਼ੀਲ ਹੈ, ਪਰ ਜੇਕਰ ਸਾਡੇ ਆਪਣੇ ਸਮਾਗਮਾਂ ਵਿਚ ਲੜਾਈ-ਝਗੜੇ ਹੁੰਦੇ ਹਨ ਅਤੇ ਦੋ ਗਰੁੱਪ ਆਪਸ ਵਿਚ ਭਿੜ ਕੇ ਆਪਸੀ ਰੰਜ਼ਿਸ਼ ਜਾਂ ਦੁਸ਼ਮਣੀ ਕੱਢਣ ਦਾ ਯਤਨ ਕਰਦੇ ਹਨ, ਤਾਂ ਇਸ ਨਾਲ ਇਕ ਤਾਂ ਸਾਡੇ ਆਪਣੇ ਸਮਾਗਮਾਂ ਦੀ ਆਭਾ ਅਤੇ ਮਾਣ-ਸਤਿਕਾਰ ਨੂੰ ਭਾਰੀ ਸੱਟ ਵੱਜਦੀ ਹੈ। ਸਾਡੇ ਖੁਦ ਦੇ ਲੋਕ ਵੀ ਇਹ ਕਹਿਣ ਲੱਗ ਪੈਂਦੇ ਹਨ ਕਿ ਲੜਾਈ-ਝਗੜੇ ਵਾਲੇ ਅਜਿਹੇ ਸਮਾਗਮਾਂ ਵਿਚ ਜਾਣ ਦਾ ਕੀ ਫਾਇਦਾ ਹੈ। ਸਾਡੀ ਨਵੀਂ ਪੀੜ੍ਹੀ ਤਾਂ ਪਹਿਲਾਂ ਹੀ ਧਾਰਮਿਕ ਸਮਾਗਮਾਂ ਜਾਂ ਗੁਰੂਘਰਾਂ ਵਿਚ ਜਾਣ ਤੋਂ ਸੰਕੋਚ ਕਰਨ ਵਾਲੀ ਹੈ। ਜੇਕਰ ਅਸੀਂ ਸਾਡੇ ਗੁਰੂਘਰਾਂ ਅਤੇ ਹੁੰਦੇ ਸਮਾਗਮਾਂ ਵਿਚ ਸੁਖਾਵਾਂ ਮਾਹੌਲ ਨਹੀਂ ਦੇਵਾਂਗੇ, ਤਾਂ ਉਹ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਆਉਣ ਤੋਂ ਹੋਰ ਵੀ ਕੰਨੀਂ ਕਤਰਾਉਣ ਲੱਗ ਜਾਣਗੇ।
     ਖਾਲਸੇ ਦੀ ਸਾਜਣਾ ਵਿਸਾਖੀ ਦਿਵਸ ਪੂਰੀ ਦੁਨੀਆ ਵਿਚ ਮਨਾਇਆ ਗਿਆ ਹੈ। ਵੱਖ-ਵੱਖ ਦੇਸ਼ਾਂ ਵਿਚ ਗੁਰੂ ਘਰਾਂ ਵਿਚ ਵੱਡੇ-ਵੱਡੇ ਸਮਾਗਮ ਹੋਏ ਹਨ ਅਤੇ ਅਨੇਕਾਂ ਥਾਈਂ ਨਗਰ ਕੀਰਤਨ ਕੱਢੇ ਗਏ ਹਨ। ਵਿਦੇਸ਼ਾਂ ਵਿਚ ਆ ਵਸੇ ਸਿੱਖਾਂ ਲਈ ਅਜਿਹੇ ਦਿਨ ਉਨ੍ਹਾਂ ਦੀ ਵੱਖਰੀ ਪਛਾਣ ਨੂੰ ਉਭਾਰਨ ਦਾ ਸਬੱਬ ਵੀ ਬਣਦੇ ਹਨ। ਵੱਡੀ ਗਿਣਤੀ ਵਿਚ ਸਿੱਖ ਵਿਸਾਖੀ ਦੇ ਦਿਹਾੜੇ ਉਪਰ ਗੁਰੂ ਘਰਾਂ ਵਿਚ ਇਕੱਠੇ ਹੁੰਦੇ ਹਨ ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਇਨ੍ਹਾਂ ਸਮਾਗਮਾਂ ਮੁੱਖ ਮਨੋਰਥ ਸਰਬੱਤ ਦੇ ਭਲੇ ਦੇ ਸਿੱਖ ਫਲਸਫੇ ਨੂੰ ਦੁਨੀਆ ਸਾਹਮਣੇ ਰੱਖਣਾ ਹੁੰਦਾ ਹੈ। ਸਿੱਖ ਗੁਰੂ ਸਾਹਿਬਾਨ ਵੱਲੋਂ ਸਿਰਜਿਆ ਸਿੱਖ ਫਲਸਫਾ ਨਾ ਕਿਸੇ ਇਕ ਧਾਰਮਿਕ ਵਰਗ ਲਈ ਹੈ, ਨਾ ਕਿਸੇ ਵੱਖਰੇ ਭਾਈਚਾਰੇ ਲਈ ਹੈ। ਇਹ ਸਰਬੱਤ ਦੇ ਭਲੇ ਦੇ ਆਸ਼ੇ ਨਾਲ ਸਮੂਹ ਜਗਤ ਨੂੰ ਸਹੀ ਦਿਸ਼ਾ ਦੇਣ ਵਾਲਾ ਫਲਸਫਾ ਹੈ। ਇਸੇ ਲਈ ਅਸੀਂ ਕਹਿੰਦੇ ਹਾਂ ਕਿ ਸਿੱਖ ਧਰਮ ਇਕ ਵਿਲੱਖਣ ਤੇ ਸਰਬ ਵਿਆਪਕ ਭਾਵ ਸਮੂਹ ਲੋਕਾਂ ਦਾ ਫਲਸਫਾ ਹੈ। ਵਿਸਾਖੀ ਅਤੇ ਹੋਰ ਗੁਰਪੁਰਬਾਂ ਉਪਰ ਹੁੰਦੇ ਸਮਾਗਮ ਇਸ ਫਲਸਫੇ ਨੂੰ ਪ੍ਰਸਾਰਨ ਅਤੇ ਪ੍ਰਚਾਰਨ ਦਾ ਸਬੱਬ ਬਣਨੇ ਚਾਹੀਦੇ ਹਨ। ਇਨ੍ਹਾਂ ਸਮਾਗਮਾਂ ਵਿਚੋਂ ਆਉਂਦੀ ਹਰ ਆਵਾਜ਼ ਸਰਬੱਤ ਦੇ ਭਲੇ ਅਤੇ ਸਿੱਖੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣਨੇ ਚਾਹੀਦੇ ਹਨ। ਪਰ ਇਸ ਕਰਕੇ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਧਾਰਮਿਕ ਸਮਾਗਮਾਂ ਵਿਚ ਆਪਸੀ ਰੰਜ਼ਿਸ਼ਾਂ ਕੱਢਣ ਦੀ ਭਾਵਨਾ ਦਾ ਤਿਆਗ ਕੀਤਾ ਜਾਵੇ ਅਤੇ ਇਨ੍ਹਾਂ ਸਮਾਗਮਾਂ ਵਿਚ ਆਪਸੀ ਸਤਿਕਾਰ, ਸਹਿਯੋਗ ਅਤੇ ਭਾਈਚਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਵਾਲੀਆਂ ਗੱਲਾਂ ਨੂੰ ਉਤਸ਼ਾਹਿਤ ਕੀਤਾ ਜਾਵੇ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.