ਜਦੋਂ ਤਕ ਖੇਡ ਜੀਵਨ ਦੀ ਦਾ ਇਹ ਸਰਦਾਰ ਹੈ ਮਨ
ਜਦੋਂ ਤਕ ਖੇਡ ਜੀਵਨ ਦੀ ਦਾ ਇਹ ਸਰਦਾਰ ਹੈ ਮਨ
ਉਦੋਂ ਤਕ ਤਿਲਕਵਾਂ ਰਹਿਣਾਂ ਏਹੋ ਸੰਸਾਰ ਹੈ ਮਨ
ਗੁਰਾਂ ਤਾਂ ਵਰਜਿਆ ਸਿੱਖਾ ਨਾ ਮਨ ਦੀ ਮੰਨ ਕੇ ਚੱਲੀਂ
ਵਜ੍ਹਾ ਤਾਂ ਕੋਈ ਵੀ ਨਹੀਂ ਸੀ ਕਿ ਕਰਦਾ ਖੁਆਰ ਇਹ ਮਨ
ਕਰੀਂ ਜ਼ਿਗਰਾ ਕਿ ਪਾਣੀ ਦੀ ਕਣੀ ਵੀ ਹੋ ਜਾਏ ਮੋਤੀ
ਜਿਵੇਂ ਲਾ ਲਓ ਉਵੇਂ ਹੋ ਜਾਣੇ ਨੂੰ ਵੀ ਤਿਆਰ ਹੈ ਮਨ
ਤੇਰਾ ਵਿਰਸਾ ਤਾਂ ਹਾਥੀ ਨਾਲ ਵੀ ਯੁੱਧ ਕਰਨ ਵਾਲਾ ਸੀ
ਬਿਨਾਂ ਕਾਰਨ ਹੀ ਡਿੱਗ ਪੈਨਾਂ ਤੇਰੇ ਧਿਰਕਾਰ ਹੈ ਮਨ
ਕਰੀਂ ਚੇਤੇ ਤੂੰ ਨੀਂਹ ਸਰਹੰਦ ਤੇ ਚਮਕੌਰ ਦਾ ਸਾਕਾ
ਮੁਗਲ ਸਰਕਾਰ ਸੀ ਹਿੱਲੀ ਨਾ ਡੋਲੇ ਚਾਰ ਐ ਮਨ
ਖਿਆਲੀ ਭਟਕਣਾਂ ਕਰਕੇ ਕੋਈ ਅੱਕ ਕੇ ਹੀ ਕਹਿੰਦਾ ਹੈ
ਇਹਨੂੰ ਤਾਂ ਅਕਲ ਨਹੀਂ ਆਉਣੀ ਬੜਾ ਗੰਵਾਰ ਹੈ ਮਨ
ਮਿਜ਼ਾਜਾਂ ਛੱਡ ਕੇ ਕਿਧਰੇ, ਹਕੀਕੀ ਇਸ਼ਕ ਹੋ ਜਾਵੇ
ਤੂੰ ਕੋਠੇ ਚੜ੍ਹ ਕੇ ਆਖੇਗਾ ਬੜਾ ਦਿਲਦਾਰ ਹੈ ਮਨ
ਤੇਰਾ ਤਾਂ ਸਤਗੁਰੂ ਸਾਖੀ ਤੇ ਹਾਜ਼ਰ ਹੈ ਸਦਾ ਯਾਰਾ
ਦੁਜੈਗੀ ਦੀ ਵਜ੍ਹਾ ਕਾਰਨ ਹੀ ਅੱਧ ਵਿਚਕਾਰ ਹੈਂ ਮਨ
ਬੜੀ ਦੁਰਲਭ ਹੈ ਸਿੱਖੀ ਇਹਨੂੰ ਐਵੇਂ ਹੀ ਨਾਂ ਸਮਝੀਂ
ਖੁਮਾਰੀ ਰੱਬ ਵਰਗੀ ਹੈ ਤੇ ਖੰਡੇ ਧਾਰ ਹੈ ਮਨ
ਬਣਾਉਂਦੇ ਆਹਲਣੇ ਤੇ ਪਾਲਦੇ ਬੋਟਾਂ ਨੂੰ ਜਿਹੜੇ
ਜਨੌਰਾਂ ਤੋਂ ਕਿਵੇਂ ਵੱਖ ਏਂ ਤੂੰ ਦੱਸੀਂ ਯਾਰ ਐ ਮਨ
ਬਿਨਾਂ ਸੱਚੇ ਸਹਾਰੇ ਤੋਂ, ਨਹੀਂ ਟਿਕਦਾ ਨਹੀਂ ਰੁਕਦਾ
ਭਟਕਣਾਂ ਏਸ ਦੀ ਕਹਿੰਦੀ, ਕਿ ਆਵਾਜ਼ਾਰ ਹੈ ਮਨ
ਮਰਜ਼ੀ ਆਪਣੀ ਕਰਕੇ ਤੂੰ ਮਰਨੇਹਾਰ ਕਿਓਂ ਹੁੰਨੈ
ਗੁਰੂ ਰਹਿਮਤ ਦੇ ਅੰਮ੍ਰਿਤ ਨੂੰ ਹੀ ਹਿਰਦੇ ਧਾਰ ਲੈ ਮਨ
‘ਢੇਸੀ’ ਵੀ ਸੰਭਲ ਜਾਵੇ ਤਾਂ ਕਹਿਣਾਂ ਨਾ ਪਵੇ ਏਹਨੂੰ
ਜੋ ਸਭਨਾਂ ਨੂੰ ਨਸੀਹਤ ਕਰ ਰਿਹੈ ਬੇਕਾਰ ਹੈ ਮਨ