ਕੈਟੇਗਰੀ

ਤੁਹਾਡੀ ਰਾਇ



ਪੰਡਿਤ ਰਾਓ ਧਰੇਨੰਵਰ
* ਪਵਿੱਤਰ ਪੰਜਾਬੀ ਮਾਂ ਬੋਲੀ *
* ਪਵਿੱਤਰ ਪੰਜਾਬੀ ਮਾਂ ਬੋਲੀ *
Page Visitors: 2829

 

* ਪਵਿੱਤਰ  ਪੰਜਾਬੀ  ਮਾਂ  ਬੋਲੀ * 
ਅੱਜ ਮੇਰੇ ਬੇਟੇ ਚੰਦਰੋਦਯਾ ਦਾ ਜਨਮ ਦਿਨ ਹੈ। ਇਸ ਦਿਨ ਮੇਰਾ ਬੇਟਾ 3 ਸਾਲ ਦਾ ਹੋਇਆ ਹੈ । 3 ਸਾਲ ਹੋਣ ਦੇ ਸਮੇਂ ਲਈ ਮੈਂ ਉਡੀਕ ਕਰ ਰਿਹਾ ਸੀ। ਉਡੀਕ ਦਾ ਸਮਾਂ ਹੁਣ ਖਤਮ ਹੋਇਆ। ਪਹਿਲੀ ਵਾਰ ਸਕੂਲ ਜਾਣ ਦੇ ਸਮੇ ਨੂੰ ਮਨਾਉਣ ਲਈ ਮੈਂ ਸਿਰਫ ਉਨ੍ਹਾਂ ਨੂੰ ਹੀ ਸੱਦਾ ਦਿੱਤਾ ਹੈ ਜੋ ਮੇਰੇ ਬੇਟੇ ਨੂੰ ਤੋਹਫੇ ਦੇ ਤੌਰ ਤੇ ਪੰਜਾਬੀ ਦੀ ਕਿਤਾਬ ਦੇਣਗੇ। ਮੈਂ ਉਨ੍ਹਾਂ ਲਈ ਆਪਣੇ ਘਰ ਦੇ ਦਰਵਾਜੇ ਬੰਦ ਕਰ ਦੇਵਾਂਗਾ ਜੇ ਕੋਈ ਬੰਦੂਕ ਜਾਂ ਗੁਡੀਆ ਤੁਹਫੇ ਦੇ ਤੌਰ 'ਤੇ ਲੈ ਕੇ ਆ ਜਾਣਗੇ।
ਮੈਂ ਆਪਣੇ ਬੇਟੇ ਨੂੰ ਪੰਜਾਬੀ ਸਕੂਲ ਸਿੱਖਿਆ ਬੋਰਡ ਦੇ ਵਿੱਚ ਦਾਖਲ ਕਰਾਉਣ ਲਈ ਫੈਸਲਾ ਕੀਤਾ ਹੈ ਤਾਂ ਕਿ ਉਹ ਪਵਿੱਤਰ ਪੰਜਾਬੀ-ਭਾਸਾ ਵਿੱਚ ਹੀ ਆਪਣਾ ਪੂਰਾ ਅਧਿਅਨ ਕਰ ਸਕੇ। ਬਹੁਤ ਲੋਕਾਂ ਨੇ ਮੈਨੂੰ ਸਲਾਹ ਦੇਣ ਲਈ ਯਤਨ ਕੀਤਾ ਕਿ ਤੁਸੀਂ ਕਰਨਾਟਕਾ ਤੋਂ ਹੋ, ਆਪਣੇ ਬੱਚੇ ਨੂੰ ਕੰਨੜ ਮਾਧਿਅਮ ਵਿੱਚ ਪੜ੍ਹਾਓ। ਉਨ੍ਹਾਂ ਲਈ ਮੇਰਾ ਜਵਾਬ ਇਹ ਸੀ ਕਿ ਮੈਂ ਆਪਣੇ ਬੱਚੇ ਨੂੰ ਸਿਰਫ ਪੰਜਾਬੀ ਮਾਧਿਅਮ ਵਿੱਚ ਹੀ ਪੜ੍ਹਾਵਾਂਗਾਂ , ਕਿਉਂਕਿ ਜਿੱਥੇ ਮੈਂ ਰਹਿੰਦਾ ਹਾਂ ਉੱਥੇ ਹੈ ਮੇਰਾ ਪ੍ਰਮਾਤਮਾ, ਜਿੱਥੇ ਦਾ ਖਾਣਾ ਮੈਂ ਖਾਂਦਾ ਉੱਥੇ ਦਾ ਗਾਣਾ ਮੈਂ ਗਾਉਂਦਾ ਹਾਂ । ਮੈਂ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਗੁਰੂ-ਪੀਰਾਂ ਦੀ ਪਵਿੱਤਰ ਪੰਜਾਬੀ- ਭਾਸ਼ਾ ਮੇਰੇ ਬੱਚੇ ਨੂੰ ਸਿਖਾਉਣਾ ਨਾ-ਸਿਰਫ ਮੇਰੇ ਲਈ, ਬਲਕਿ ਪੂਰੇ ਕਰਨਾਟਕਾ ਲਈ ਇੱਕ ਸੁਭਾਗ ਦੀ ਗੱਲ ਹੈ। ਮੈਂ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਮੈਂ ਪਵਿੱਤਰ ਪੰਜਾਬੀ-ਭਾਸ਼ਾ ਨੂੰ ਇੰਨਾਂ ਪਿਆਰ ਕਰਦਾ ਹਾਂ ਕਿ ਮੈਂ ਆਪਣੇ ਬੇਟੇ ਦੇ ਅੰਗ-ਅੰਗ ਵਿੱਚ ਸਾਹਿਬ ਸ੍ਰੀ ਗੁਰੂ ਅੰਗਦਦੇਵ ਜੀ ਦੀ ਜੁਬਾਨ ਭਰ ਦੇਵਾਂਗਾਂ। ਮੈਂ ਆਪਣੇ ਬੇਟੇ ਨੂੰ ਪਵਿੱਤਰ ਪੰਜਾਬੀ-ਭਾਸ਼ਾ ਦੀ ਸੇਵਾ ਵਿੱਚ ਇੰਝ ਲਗਾਵਾਂਗਾ ਜਿਵੇਂ ਰਾਜਾ ਅਸ਼ੋਕ ਨੇ ਆਪਣੇ ਬੱਚੇ ਨੂੰ ਬੁੱਧ-ਧਰਮ ਦੇ ਪ੍ਰਚਾਰ ਲਈ ਲਗਾਇਆ ਸੀ।
ਜੇਕਰ ਕੁਝ ਲੋਕ ਇਹ ਕਹਿਣਗੇ ਕਿ , ਤੁਸੀਂ ਤਾਂ ਸੁਆਰਥੀ ਹੋ , ਆਪਣੀ ਇੱਛਾ ਮੁਤਾਬਕ ਆਪਣੇ ਬੱਚੇ ਦੀ ਜ਼ਿੰਦਗੀ ਬਣਾ ਰਹੇ ਹੋ ਤਾਂ ਮੈਂ ਉਨ੍ਹਾਂ ਨੂੰ ਇਹ ਦੱਸਾਗਾਂ ਕਿ ਬਹੁਤ ਵੱਡੀ ਸਵਾਰਥਣ ਤਾਂ ਮਾਤਾ ਪਾਰਵਤੀ ਜੀ ਸਨ ਜਿਨ੍ਹਾਂ ਨੇ ਆਪਣੀ ਰਕਸ਼ਾ ਲਈ ਗਣਪਤੀ ਜੀ ਨੂੰ ਮਿੱਟੀ ਤੋਂ ਬਣਾਇਆ ਸੀ । ਫਿਰ
ਮੈਂ ਤਾਂ ਤੁਛ ਮਾਨਵ ਹਾਂ
, ਮੈਂ ਕਿਉਂ ਆਪਣੀ ਇੱਛਾ ਅਨੁਸਾਰ ਆਪਣੇ ਖੂਨ ਨੂੰ ਸਵਾਰ ਨਹੀਂ ਸਕਦਾ ।
ਅਸਲ ਵਿੱਚ ਮੈਂ ਤਾਂ ਵਿਆਹ ਹੀ ਨਹੀਂ ਕਰਵਾਉਣਾ ਸੀ । 34 ਸਾਲ ਦੀ ਉਮਰ ਤੱਕ ਬਿਨਾ ਵਿਆਹ
ਮੌਜ ਕਰਨ ਵਾਲਾ ਮੈਂ ਜਦ ਬਾਬਾ ਨਾਨਕ ਜੀ ਨੂੰ ਪੜ੍ਹਿਆ 
, ਤਦ ਮੈਂ ਸਮਝਿਆ ਕਿ ਬਿਨਾਂ ਵਿਆਹ ਮੁਕਤੀ ਨਹੀਂ । ਬਿਨਾ ਵਿਆਹ ਸ਼ਕਤੀ ਨਹੀਂ । ਉਸ ਉਪਰੰਤ ਮੈਂ ਵਿਆਹ ਕਰਵਾਉਣ ਲਈ ਤਿਆਰ ਹੋਇਆ । ਗੁਰੂ ਦੀ ਮਿਹਰ ਮੇਰੋ ਤੇ ਇੰਨੀ ਹੈ ਕਿ ਮੈਨੂੰ ਇਹੋ ਜਿਹਾ ਬੇਟਾ ਦਿੱਤਾ ਹੈ ਜਿਸ ਨੇ ਜਨਮ ਤੋਂ ਹੀ ਪਵਿੱਤਰ ਪੰਜਾਬੀ-ਭਾਸ਼ਾ ਸੁਣਨ ਦਾ ਸੁਭਾਗ ਪਾ ਲਿਆ ਹੈ । ਮੇਰੇ ਬੇਟੇ ਤੇ ਵੀ ਗੁਰੂ ਸਾਹਿਬ ਜੀ ਦੀ ਇੰਨੀ ਅਪਾਰ-ਕਿਰਪਾ ਹੋਈ ਹੈ ਕਿ ਏਕ-ਓਂਕਾਰ ਹੀ ਉਨ੍ਹਾਂ ਦਾ ਪਹਿਲਾ ਸ਼ਬਦ ਸੀ ਜੋ ਉਸ ਦੇ ਮੂੰਹ ਤੋਂ ਨਿਕਲਿਆ। ਆਪਣੇ ਬੇਟੇ ਨੂੰ ਜਦ ਮੈਂ ਉਨ੍ਹਾਂ ਚਾਰ ਸਾਹਿਬਜਾਦਿਆਂ ਦੀ ਦਾਂਸਤਾਨ ਸੁਣਾਉਂਦਾ ਹਾਂ ਜੋ ਆਪਣੇ ਹੀ ਪਿਤਾ ਦੇ ਸਾਹਮਣੇ ਜਾਨ ਖੋ ਬੈਠੇ, ਤਦ ਇਹ ਦਾਂਸਤਾਨ ਸੁਣਕੇ ਮੇਰਾ ਬੇਟਾ ਉਦਾਸ ਨਹੀਂ ਹੁੰਦਾ, ਬਲਕਿ ਦੋਨੋਂ ਪਲਕਾਂ ਉਠਾ ਕੇ ਪੁੱਛਣ ਦੀ ਕੋਸ਼ਿਸ਼ ਕਰਦਾ ਹੈ , ਕਿ ਕਿਸ ਨੇ ਕੀਤਾ ਕਤਲ ਉਨ੍ਹਾਂ ਦਾ, ਵਸ ਮੇਰੇ ਬੇਟੇ ਦੀਆਂ ਅੱਡੀਆਂ ਹੋਈਆਂ ਉਹ ਦੋਨੋ ਪਲਕਾਂ ਉਸ ਸਮੇਂ ਮੈਨੂੰ ਤਾਂ ਇੰਝ ਲਗਦੀਆਂ ਹਨ ਜਿਉਂ ਕਿ ਦੋ ਭੁੱਖੀਆਂ ਤਲਵਾਰਾਂ ਹੋਣ, ਜੋ ਕਤਲ ਕਰਨ ਲਈ ਕਾਤਲ ਨੂੰ ਲੱਭ ਰਹੀਆਂ ਹੋਣ। ਮੇਰੇ ਬੇਟੇ ਦੇ ਗੁੱਸੇ ਨੂੰ ਜਫਰਨਾਮਾ ਦਾ ਸੰਦੇਸ਼ ਸੁਣਾਂ ਕੇ ਮੈਂ ਸ਼ਾਂਤ ਕਰਵਾਉਂਦਾ ਹਾਂ । ਜਫਰਨਾਮਾ ਦੇ ਵਿੱਚ ਦੁਸ਼ਮਣ ਦੀ ਵੀ ਤਾਰੀਫ ਕਰਨ ਵਾਲੀ ਇਨਸਾਨੀਅਤ ਦੀ ਦਾਸਤਾਨ ਸੁਣਨ ਲਈ ਮੇਰਾ ਬੇਟਾ ਤਾਂ ਸਵੇਰ ਤੋਂ
ਸ਼ਾਮ ਤੱਕ ਉਡੀਕਦਾ ਹੈ । ਮੇਰਾ ਬੇਟਾ ਤਾਂ ਨਾ ਹੀ ਕੋਈ ਬੰਦੂਕ ਜਾਂ ਗੁਡੀਆ ਲਿਆਉਣ ਦੀ ਉਡੀਕ
ਨਹੀਂ ਕਰਦਾ
, ਬਲਕਿ ਗੁਰੂਆਂ-ਪੀਰਾਂ ਦੀਆਂ ਕਥਾਵਾਂ ਭਰੀ ਕੈਸਿਟ, ਸੀ.ਡੀ. ਅਤੇ ਚਿੱਤਰਾਂ ਭਰੀ ਇਤਿਹਾਸਕ ਕਿਤਾਬ ਦੀ ਉਡੀਕ ਕਰਦਾ ਹੈ । ਮੈਂ ਤਾਂ ਆਪਣੇ ਬੱਚਤੀ-ਪੈਸੇ ਨੂੰ ਆਪਣੇ ਬੇਟੇ ਦੀਆਂ
ਇਨ੍ਹਾਂ ਖੁਹਾਇਸ਼ਾਂ ਉੱਤੇ ਲਗਾ ਰਿਹਾ ਹਾਂ ਇਸ ਲਈ ਮੈਂ ਆਪਣੇ ਬੇਟੇ ਦੇ ਨਾਮ ਤੇ ਨਾ ਹੀ ਕੋਈ ਇੰਨਸ਼ੋਰੈਂਸ ਪਾਲਿਸੀ ਲਈ ਹੈ ਅਤੇ ਨਾ ਹੀ ਲਵਾਗਾਂ। ਅਮੀਰ ਪੰਜਾਬੀ-ਭਾਸ਼ਾ
, ਸੱਭਿਆਚਾਰ, ਗੁਰੂ- ਪੀਰਾਂ ਦੀ ਬਾਣੀ ਸੁਣਕੇ ਮੇਰਾ ਬੇਟਾ ਇੰਨਾ ਅਮੀਰ ਹੋਵੇਗਾ ਕਿ ਮੇਰੀਆਂ ਆਉਣ ਵਾਲੀਆਂ ਹਜਾਰਾਂ ਪੀੜ੍ਹੀਆਂ ਵੀ ਅਰਾਮ ਨਾਲ ਬੈਠ ਕੇ ਖਾ ਸਕਣਗੀਆਂ । ਤੁਸੀਂ ਹੀ ਦੱਸੋ ਮੈਨੂੰ, ਇਸ ਤੋਂ ਵੱਧ ਕੋਈ ਹੋਰ ਪਾਲਿਸੀ ਹੈ, ਦੁਨੀਆ ਵਿੱਚ ਤੁਸੀਂ ਮੈਨੂੰ ਇਹ ਵੀ ਦੱਸੋ ਕਿ ਜਦ ਮੈਂ ਪੰਜਾਬ ਦੀ ਰੋਟੀ ਖਾਦਾਂ, ਪੰਜਾਬ ਦਾ ਪਾਣੀ ਪੀਂਦਾਂ, ਪੰਜਾਬ ਦੀ ਹਵਾ ਲੈਂਦਾ ਹਾਂ ਤਾਂ ਫਿਰ ਪਵਿੱਤਰ ਪੰਜਾਬੀ-ਭਾਸ਼ਾ ਛੱਡ ਕੇ ਆਪਣੇ ਬੇਟੇ ਨੂੰ ਹੋਰ ਕਿਹੜੀ ਭਾਸ਼ਾ ਸਿਖਾਵਾਂ।
ਹੁਣ ਮੈਂ ਤੁਹਾਨੂੰ ਪੁੱਛਾਗਾਂ ਨਹੀਂ , ਪਵਿੱਤਰ ਪੰਜਾਬੀ ਮਾਂ-ਬੋਲੀ ਤੋਂ ਦੂਰ ਜਾਣ ਵਾਲੇ ਓ ਮੇਰੇ ਪੰਜਾਬੀਓ ! ਮੈਂ ਤਾਂ ਸਿਰਫ ਤੁਹਾਨੂੰ ਬੇਨਤੀ ਕਰਾਗਾਂ ਕਿ ਜਦ ਮੇਰੀ ਅਰਥੀ ਉਠੇਗੀ ਤਾਂ ਉਠਾਉਣ ਵਾਲੇ ਕਾਨੀਆਂ ਨੂੰ ਜਰੂਰ ਇਹ ਦੱਸਣਾ ਕਿ ਮੈਨੂੰ ਜਲਾਉਣਾ ਨਹੀਂ, ਮੈਨੂੰ ਦਫਨਾਉਣਾ ਹੈ, ਉਹ ਵੀ ਪੰਜਾਬ ਦੀ ਹੀ ਧਰਤੀ ਵਿੱਚ ਦਫਨਾਉਣਾਂ ਹੈ, ਕਿਉਂਕਿ ਮਰ ਜਾਣ ਤੋਂ ਬਾਦ ਵੀ ਮੈਂ ਪਵਿੱਤਰ ਪੰਜਾਬੀ ਨੂੰ ਸੁਣਨਾ ਚਾਹੁੰਦਾ ਹਾਂ। ਮਰ ਜਾਣ ਤੋਂ ਬਾਅਦ ਵੀ ਪੰਜਾਬ ਦੀ ਮਿੱਟੀ ਬਣਨਾ ਚਾਹੁੰਦਾ ਹਾਂ।
ਪੰਡਤਰਾਓ ਧਰੇਨੰਵਰ
ਸਹਾਇਕ ਪ੍ਰੋਫੈਸਰ
ਸਰਕਾਰੀ ਕਾਲਜ, ਸੈਕਟਰ-46, ਚੰਡੀਗੜ੍ਹ।
ਮੋ. 99883 51695

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.