ਕੈਟੇਗਰੀ

ਤੁਹਾਡੀ ਰਾਇ



ਗੁਰਿੰਦਰ ਸਿੰਘ ਮੇਹਿੰਦੀਰਤਾ
ਕਾਂਗਰਸ ਦੀ ਪੋਲ ਖੋਲ੍ਹਣ ਆਏ ਸੁਖਬੀਰ ਸਿੰਘ ਬਾਦਲ ਆਪਣੀਆਂ ਅੰਦਰੂਨੀ ਪੋਲਾਂ ਹੀ ਖੋਲ੍ਹ ਗਏ
ਕਾਂਗਰਸ ਦੀ ਪੋਲ ਖੋਲ੍ਹਣ ਆਏ ਸੁਖਬੀਰ ਸਿੰਘ ਬਾਦਲ ਆਪਣੀਆਂ ਅੰਦਰੂਨੀ ਪੋਲਾਂ ਹੀ ਖੋਲ੍ਹ ਗਏ
Page Visitors: 2477

ਕਾਂਗਰਸ ਦੀ ਪੋਲ ਖੋਲ੍ਹਣ ਆਏ ਸੁਖਬੀਰ ਸਿੰਘ ਬਾਦਲ ਆਪਣੀਆਂ ਅੰਦਰੂਨੀ ਪੋਲਾਂ ਹੀ ਖੋਲ੍ਹ ਗਏ
ਸੋਦਾ ਸਾਧ ਦੇ ਪ੍ਰੇਮੀ ਦੇ ਘਰ ਉੱਚੇਚੇ ਤੌਰ `ਤੇ ਪੁੱਜੇ ਸੁਖਬੀਰ ਸਿੰਘ ਬਾਦਲ ਤੇ ਸਾਥੀ
ਲੱਚਰਤਾ ਵਾਲੇ ਪ੍ਰੋਗਰਾਮਾਂ ਤੇ ਕਰਮ-ਕਾਂਡ ਵਾਲੇ ਜੋੜ ਮੇਲੇ ਦਾ ਕੀਤਾ ਉਦਘਾਟਨ
ਨੁਕਰਾ ਘੋੜਾ ਤਾਂ ਦੇਖਿਆ ਪਰ ਬੇਅਦਬੀ ਕਾਂਡ ਦੇ ਪੀੜਤ ਦੇ ਘਰ ਨਹੀਂ ਗਏ
ਅਕਾਲੀ ਦਲ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਖਿਲਾਫ ਸ਼ੁਰੂ ਕੀਤੀਆਂ ਗਈਆਂ ਪੋਲ ਖੋਲ੍ਹ ਰੈਲੀਆਂ ਦੀ ਲੜੀ ਤਹਿਤ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਪੁੱਜੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੱਤਰਕਾਰਾਂ ਦੇ ਸਨਮੁੱਖ ਹੋਣ ਦੀ ਜੁਰਅੱਤ ਨਾ ਕਰ ਸਕੇ ਪਰ ਵਿਰੋਧੀਆਂ ਦੀ ਪੋਲ ਖੋਲ੍ਹਦੇ ਖੋਲ੍ਹਦੇ ਆਪਣੀਆਂ ਹੀ ਪੋਲਾਂ ਖੋਲ੍ਹਣ ਦੀਆਂ ਗਲਤੀਆਂ ਕਰ ਬੈਠੇ, ਕਿਉਂਕਿ ਰੈਲੀ ਦੀ ਸਮਾਪਤੀ ਤੋਂ ਬਾਅਦ ਉਹ ਤਿੰਨ ਅਜਿਹੀਆਂ ਥਾਵਾਂ `ਤੇ ਗਏ, ਜੋ ਭਵਿੱਖ `ਚ ਜਿੱਥੇ ਅਕਾਲੀ ਦਲ ਬਾਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਜਵਾਬਦੇਹ ਬਣਾ ਸਕਦੀਆਂ ਹਨ ਉੱਥੇ ਉਨਾਂ ਗੱਲਾਂ ਦਾ ਪਾਰਟੀ ਲਈ ਪ੍ਰੇਸ਼ਾਨੀ ਦਾ ਸਬੱਬ ਬਣਨਾ ਵੀ ਸੁਭਾਵਿਕ ਹੈ। ਪ੍ਰੈਸ ਕਾਨਫਰੰਸ ਤੋਂ ਟਾਲਾ ਵਟਣ ਕਾਰਨ ਸੁਖਬੀਰ ਸਿੰਘ ਬਾਦਲ ਤੋਂ ਪੱਤਰਕਾਰ ਕੋਈ ਸਵਾਲ ਨਾ ਪੁੱਛ ਸਕੇ ਪਰ ਬੇਅਦਬੀ ਕਾਂਡ ਤੋਂ ਦੁਖੀ ਸ਼ਰਧਾਲੂਆਂ ਜਾਂ ਪੰਥਦਰਦੀਆਂ ਨੂੰ ਵੀ ਬਾਦਲ ਦੇ ਨੇੜੇ ਤੱਕ ਨਾ ਜਾਣ ਦਿੱਤਾ ਗਿਆ।
ਕੁੱਝ ਪੰਥਦਰਦੀਆਂ ਨੇ ਹੈਰਾਨੀ ਜਾਹਰ ਕੀਤੀ ਕਿ ਸੋਦਾ ਸਾਧ ਦੇ ਪ੍ਰੇਮੀ ਕੇਵਲ ਸਿੰਘ ਦੇ ਘਰ ਜਾਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਇਹ ਤਸੱਲੀ ਕਰਨ ਦੀ ਜਰੂਰਤ ਹੀ ਕਿਉਂ ਨਾ ਸਮਝੀ ਕਿ ਕੀ ਕੇਵਲ ਸਿੰਘ ਪ੍ਰੇਮੀ ਨੇ ਸੋਦਾ ਸਾਧ ਦਾ ਖਹਿੜਾ ਛੱਡ ਦਿੱਤਾ ਹੈ? ਕੀ ਕੇਵਲ ਸਿੰਘ ਪ੍ਰੇਮੀ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਲੱਗ ਪਿਆ ਹੈ?
ਦੂਜੀ ਘਟਨਾ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੱਲੋਂ ਨੇੜਲੇ ਪਿੰਡ ਹਰੀਨੋਂ ਵਿਖੇ ਖਲੀਫਾ ਬਾਬਾ ਮੋਹਨ ਚਿਸ਼ਤੀ ਦੇ ਸਲਾਨਾ ਜੋੜ ਮੇਲੇ ਦਾ ਉਦਘਾਟਨ ਕਰਨ ਦੀ ਵਾਪਰੀ, ਕਿਉਂਕਿ ਮਹਿਜ ਇੱਕ ਦਿਨ ਪਹਿਲਾਂ ਕੁੱਝ ਪੰਥਦਰਦੀਆਂ, ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਹਰੀਨੌਂ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੁੱਝ ਮੋਹਤਬਰਾਂ ਨੇ ਵਿਰੋਧ ਕਰਨ ਦਾ ਕਹਿ ਕੇ ਦੋਸ਼ ਲਾਇਆ ਸੀ ਕਿ ਸਲਾਨਾ ਜੋੜ ਮੇਲੇ ਮੌਕੇ ਲੱਚਰਤਾ ਦਾ ਪਸਾਰਾ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਮਨਤਾਰ ਸਿੰਘ ਬਰਾੜ ਵੱਲੋਂ ਅਜਿਹੇ ਮੇਲਿਆਂ ਦਾ ਉਦਘਾਟਨ ਕਰਨਾ ਅਫਸੋਸਨਾਕ ਹੈ।
   ਉਨਾ ਰੋਸ ਪ੍ਰਗਟਾਇਆ ਕਿ ਇਸ ਬਾਬੇ ਵੱਲੋਂ ਕਥਿੱਤ ਤੌਰ `ਤੇ ਜਾਦੂ-ਟੂਣਾ, ਧਾਗੇ-ਤਵੀਤ, ਅਨੇਕਾਂ ਤਰਾਂ ਦੇ ਕਰਮਕਾਂਡ ਅਰਥਾਤ ਗੁਰਬਾਣੀ ਦੇ ਫਲਸਫੇ ਅਰਥਾਤ ਸਿਧਾਂਤਾਂ ਦੇ ਉਲਟ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ, ਫਿਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਟੀਮ ਦਾ ਉੱਥੇ ਪੁੱਜਣਾ ਸਮਝ ਤੋਂ ਬਾਹਰ ਹੈ। ਜਦੋਂ ਉਕਤ ਬਾਬੇ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਲੱਚਰਤਾ ਵਾਲਾ ਕੋਈ ਵੀ ਗਾਇਕ ਨਹੀਂ ਬੁਲਾਵੇਗਾ ਤਾਂ ਵਿਰੋਧ ਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ।
   ਤੀਜੀ ਘਟਨਾ ਨੇੜਲੇ ਪਿੰਡ ਵਾੜਾ ਦਰਾਕਾ ਵਿਖੇ ਜਸਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਦੇ ਘਰ ਇੱਕ ਉਤਮ ਕਿਸਮ ਦਾ ਨੁਕਰਾ ਘੋੜਾ ਦੇਖਣ ਦੀ ਵਾਪਰੀ, ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਘੋੜਾ ਦੇਖਣ ਦਾ ਸ਼ੌਂਕ ਤਾਂ ਪੈਦਾ ਹੋ ਗਿਆ ਪਰ ਮਹਿਜ ਕੁੱਝ ਕੁ ਗਜਾਂ ਦੀ ਦੂਰੀ `ਤੇ ਸਥਿੱਤ ਬੇਅਦਬੀ ਕਾਂਡ ਮੌਕੇ ਪੁਲਸੀਆ ਅੱਤਿਆਚਾਰ ਦਾ ਸ਼ਿਕਾਰ ਹੋਏ ਭਾਈ ਰਣਜੀਤ ਸਿੰਘ ਟੋਨੀ ਦੇ ਘਰ ਜਾਣ ਦੀ ਖੇਚਲ ਨਾ ਕੀਤੀ ਗਈ।
  ਜਿਕਰਯੋਗ ਹੈ ਕਿ ਭਾਈ ਰਣਜੀਤ ਸਿੰਘ 14 ਅਕਤੂਬਰ 2015 ਨੂੰ ਸਥਾਨਕ ਬੱਤੀਆਂ ਵਾਲੇ ਚੋਂਕ `ਚ ਉਸ ਵੇਲੇ ਪੁਲਸੀਆ ਅੱਤਿਆਚਾਰ ਦਾ ਸ਼ਿਕਾਰ ਹੋ ਗਏ ਸਨ, ਜਦ ਸ਼ਾਂਤਮਈ ਧਰਨੇ `ਤੇ ਬੈਠੀਆਂ ਸੰਗਤਾਂ ਵੱਲੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ।
ਉਕਤ ਮਾਮਲੇ ਦਾ ਦੁਖਦਾਇਕ ਪਹਿਲੂ ਇਹ ਵੀ ਹੈ ਕਿ ਭਾਈ ਰਣਜੀਤ ਸਿੰਘ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜਮ ਹੋਣ ਕਾਰਨ ਇਤਿਹਾਸਿਕ ਗੁਰਦਵਾਰਾ ਗੰਗਸਰ ਜੈਤੋ ਦੇ ਮੁੱਖ ਗ੍ਰੰਥੀ ਸਨ ਤੇ ਪੁਲਿਸ ਦੇ ਅੰਨ੍ਹੇ ਤਸ਼ੱਦਦ ਕਾਰਨ ਦੋ ਮਹੀਨੇ ਮੰਜੇ ਜੋਗੇ ਹੀ ਰਹਿ ਗਏ, ਨੌਕਰੀ ਛੱਡਣੀ ਪਈ, ਕੋਈ ਅਕਾਲੀ ਆਗੂ ਜਾਂ ਸ਼੍ਰ੍ਰੋਮਣੀ ਕਮੇਟੀ ਦਾ ਅਹੁਦੇਦਾਰ ਸਾਰ ਲੈਣ ਨਾ ਆਇਆ ਅਤੇ ਅੱਜ ਕਰੀਬ ਢਾਈ ਸਾਲਾਂ ਬਾਅਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਦੀ ਆਮਦ ਮੌਕੇ ਨੁਕਰਾ ਘੋੜਾ ਤਾਂ ਦੇਖਣਾ ਪਰ ਇੱਕ ਪੰਥਦਰਦੀ ਪੀੜਤ ਦੀ ਸਾਰ ਨਾ ਲੈਣ ਵਾਲੀਆਂ ਗੱਲਾਂ ਪੰਥਕ ਹਲਕਿਆਂ `ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਗੁਰਿੰਦਰ ਸਿੰਘ ਕੋਟਕਪੂਰਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.