ਕੈਟੇਗਰੀ

ਤੁਹਾਡੀ ਰਾਇ



ਹਰਜਾਪ ਸਿੰਘ ਔਜਲਾ
ਡਾਕਟਰ ਮਨਮੋਹਨ ਸਿੰਘ ਦੀ ਅਮਰੀਕਾ ਨੂੰ ਅਲਵਿਦਾਈ
ਡਾਕਟਰ ਮਨਮੋਹਨ ਸਿੰਘ ਦੀ ਅਮਰੀਕਾ ਨੂੰ ਅਲਵਿਦਾਈ
Page Visitors: 2771

 

ਡਾਕਟਰ ਮਨਮੋਹਨ ਸਿੰਘ ਦੀ ਅਮਰੀਕਾ ਨੂੰ ਅਲਵਿਦਾਈ
ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਪਣੇ ਕਾਰਜਕਾਲ ਦੇ ਤਕਰੀਬਨ ਸਾਢੇ 9 ਸਾਲ ਪੂਰੇ ਕਰ ਚੁੱਕੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਦੇ ਸੰਬੰਧ ਦੁਨੀਆ ਦੀ ਸਭ ਤੋਂ ਅਮੀਰ ਆਰਥਿਕ ਸ਼ਕਤੀ ਅਮਰੀਕਾ ਨਾਲ ਗੂੜ੍ਹੇ ਹੋ ਗਏ ਹਨ। ਇਹ ਪ੍ਰਧਾਨ ਮੰਤਰੀ ਦੋਸਤੀ ਬਣਾਉਂਦੇ ਹਨ, ਢਾਉਂਦੇ ਨਹੀਂ ਹਨ। ਚੀਨ ਤੇ ਪਾਕਿਸਤਾਨ ਚੋਰੀ ਛੁਪੇ ਭਾਰਤ ਦੀ ਸਲਾਮਤੀ ਕੌਂਸਲ ਦੀ ਪੱਕੀ ਮੈਂਬਰੀ ਵਾਸਤੇ ਕੋਸ਼ਿਸ਼ ਦੀ ਮੁਖਾਲਿਫਤ ਕਰ ਰਹੇ ਹਨ। ਲੇਕਿਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਐਨੇ ਸ਼ਾਂਤ ਸੁਭਾਅ ਦੇ ਹਨ ਕਿ ਉਹ ਕਿਸੇ ਦੀ ਇਸ਼ਤਿਆਲ ਵਿਚ ਨਹੀਂ ਆਉਂਦੇ। ਉਹ ਆਪਣੀ ਧੁੰਨ ਦੇ ਮੁਤਾਬਕ ਭਾਰਤ ਵਾਸਤੇ ਸੰਯੁਕਤ ਰਾਸ਼ਟਰ ਸੰਘ ਦੀ ਸਲਾਮਤੀ ਕੌਂਸਲ ਦੀ ਪੱਕੀ ਮੈਂਬਰੀ ਵਾਸਤੇ ਬਦਸਤੂਰ ਯਤਨਸ਼ੀਲ ਹਨ। ਅਮਰੀਕਾ ਨੂੰ ਭਾਰਤ ਦੀ ਇਸ ਖੂਬੀ ਦਾ ਪਤਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁੱਸ਼ ਛੋਟੇ ਅਤੇ ਬਰਾਕ ਓਬਾਮਾ ਡਾ. ਮਨਮੋਹਨ ਸਿੰਘ ਜ਼ਾਤੀ ਤੌਰ ਤੇ ਰਿਣੀ ਹਨ। ਬਰਾਕ ਓਬਾਮਾ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਦਾਨਿਸ਼ਵਰ, ਮੁਦੱਬਰ ਨੇਤਾ ਮੰਨਦੇ ਹਨ। ਮਈ 2014 ਵਿਚ ਭਾਰਤ ਵਿਚ ਪਾਰਲੀਮਾਨੀ ਚੋਣਾਂ ਹੋ ਰਹੀਆਂ ਹਨ ਅਤੇ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੇ 10 ਸਾਲ ਪੂਰੇ ਹੋ ਚੁੱਕੇ ਹੋਣਗੇ। ਬਹੁਤੇ ਇਮਕਾਨ ਤਾਂ ਇਹ ਹਨ ਕਿ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਛੋਟੀ ਉਮਰ ਦਾ ਹੋਵੇਗਾ। ਇਸ ਤੱਥ ਦੇ ਮੱਦੇਨਜ਼ਰ ਡਾ. ਮਨਮੋਹਨ ਸਿੰਘ ਹੋਰਾਂ ਦੀ ਸਤੰਬਰ 2013 ਦੀ ਅਮਰੀਕਾ ਯਾਤਰਾ ਅਮਰੀਕਾ ਦੀ ਸਰਕਾਰ ਨੂੰ ਅਲਵਿਦਾ ਕਹਿਣ ਦੀ ਯਾਤਰਾ ਹੀ ਸਮਝੀ ਜਾ ਸਕਦੀ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਵ੍ਹਾਈਟ ਹਾਊਸ ਵਿਚ ਡਾ. ਮਨਮੋਹਨ ਸਿੰਘ ਬੜਾ ਮਾਣ ਸਨਮਾਨ ਕੀਤਾ। ਉਨ੍ਹਾਂ ਦੇ ਨਾਲ ਪਰਸਪਰ ਸੰਬੰਧਾਂ ਦੀਆਂ ਅਤੇ ਵਿਸ਼ਵ ਦੇ ਭੱਖਦੇ ਮਸਲਿਆਂ ਬਾਰੇ ਵਿਚਾਰਾਂ ਬੜੇ ਸਤਿਕਾਰ ਅਤੇ ਖਲੂਸ ਨਾਲ ਕੀਤੀਆਂ। ਪਿੱਛੋਂ ਭਾਰਤ ਵਚ ਕੁਝ ਨਾਗਵਾਰ ਘਟਨਾਵਾਂ ਵਾਪਰੀਆਂ ਸਨ। ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਭਾਰਤੀ ਸੁਰੱਖਿਆ ਦੇ 12 ਕਰਮਚਾਰੀ ਮਾਰ ਦਿੱਤੇ ਸਨ। ਲੇਕਿਨ ਇਕ ਸ਼ਾਂਤ ਅਤੇ ਅਡੋਲ ਪ੍ਰਧਾਨ ਮੰਤਰੀ ਨੇ ਅਡੋਲ ਰਹਿ ਕੇ ਅਮਰੀਕੀ ਰਾਸ਼ਟਰਪਤੀ ਨਾਲ ਹਰ ਇਕ ਵਪਾਰਕ, ਫੌਜੀ ਅਤੇ ਕੂਟਨੀਤਿਕ ਮਾਮਲੇ ਤੇ ਵਿਚਾਰ ਚਰਚਾ ਕੀਤੀ। ਦੋਹਾਂ ਦੇਸ਼ਾਂ ਵੱਲੋਂ ਜਾਰੀ ਕੀਤੀ ਸੰਯੁਕਤ ਘੋਸ਼ਣਾ ਅਨੁਸਾਰ ਬਰਾਕ ਓਬਾਮਾ ਗੱਲਬਾਤ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ।
27
ਸਤੰਬਰ ਦੇ ਵ੍ਹਾਈਟ ਹਾਊਸ ਦੇ ਕਾਰਜਕਰਮ ਤੋਂ ਅਗਲੇ ਹੀ ਦਿਨ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦਾ ਸੰਯੁਕਤ ਰਾਸ਼ਟਰ ਸੰਘ ਦੇ ਸਾਲਾਨਾ ਅਧਿਵੇਸ਼ਨ ਵਿਚ ਸੰਬੋਧਨ ਸੀ। ਆਪਣੀ ਤਕਰੀਰ ਵਿਚ ਪ੍ਰਧਾਨ ਮੰਤਰੀ ਨੇ ਸਲਾਮਤੀ ਕੌਂਸਲ ਦੇ ਵਿਸਥਾਰ ਦੀ ਵਕਾਲਤ ਕੀਤੀ ਅਤੇ ਭਾਰਤ ਦੀ ਪੱਕੀ ਮੈਂਬਰੀ ਵਾਸਤੇ ਪੁਰਜ਼ੋਰ ਮੰਗ ਕੀਤੀ। ਵਿਕਸਿਤ ਦੇਸ਼ਾਂ ਨੂੰ ਬੇਨਤੀ ਕੀਤੀ ਕਿ ਉਹ ਵਿਕਾਸਸ਼ੀਲ ਦੇਸ਼ਾਂ ਦੀ ਵੀ ਬਾਂਹ ਫੜਨ ਅਤੇ ਉਨ੍ਹਾਂ ਦੀ ਉਨਤੀ ਵਿਚ ਹਿੱਸਾ ਪਾਉਣ। ਉਨ੍ਹਾਂ ਨੇ ਅੱਤਵਾਦ ਨੂੰ ਨੱਥ ਪਾਉਣ ਲਈ ਸਾਰੇ ਦੇਸ਼ਾਂ ਦੇ ਯੋਗਦਾਨ ਦੀ ਬੇਨਤੀ ਕੀਤੀ ਅਤੇ ਪਾਕਿਸਤਾਨ ਨੂੰ ਅੱਤਵਾਦ ਦਾ ਕੇਂਦਰੀ ਬਿੰਦੂ ਕਰਾਰ ਦਿੱਤਾ। ਉਨ੍ਹਾਂ ਨੇ ਸੀਰੀਆ ਅਤੇ ਈਰਾਨ ਦੀਆਂ ਸਮੱਸਿਆਵਾਂ ਦੇ ਸ਼ਾਂਤੀਪੂਰਵਕ ਅਤੇ ਕੂਟਨੀਤਿਕ ਹੱਲ ਦੀ ਵਕਾਲਤ ਕੀਤੀ। ਡਾ. ਮਨਮੋਹਨ ਸਿੰਘ ਨੇ ਅਫਰੀਕੀ ਦੇਸ਼ਾਂ ਦੇ ਵਿਕਾਸ ਵਾਸਤੇ ਵੀ ਪ੍ਰਤੀਬੱਧਤਾ ਜਤਾਈ। 29 ਸਤੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਸੀ। ਪਾਕਿਸਤਾਨੀ ਅੱਤਵਾਦੀਆਂ ਦੁਆਰਾ ਜੰਮੂ ਇਲਾਕੇ ਵਿਚ ਕੀਤੀ ਗਈ ਹਿੰਸਾ ਦੇ ਕਾਰਨ ਕਈ ਲੋਕ ਮਸ਼ਵਰਾ ਦੇ ਰਹੇ ਸਨ ਕਿ ਪ੍ਰਧਾਨ ਮੰਤਰੀ ਨੂੰ ਇਹ ਮੁਲਾਕਾਤ ਨਹੀਂ ਕਰਨੀ ਚਾਹੀਦੀ। ਪਰ ਪ੍ਰਧਾਨ ਮੰਤਰੀ ਕੂਟਨੀਤਿਕਾਂ ਨੂੰ ਇਕ ਹੋਰ ਮੌਕਾ ਦੇਣ ਦੇ ਪੱਖ ਵਿਚ ਸਨ। ਇਸੇ ਵਰ੍ਹੇ ਪਾਕਿਸਤਾਨ ਚ ਜਦੋਂ ਚੋਣਾਂ ਹੋਈਆਂ ਸਨ ਤਾਂ ਉਸ ਸਮੇਂ ਨਵਾਜ਼ ਸ਼ਰੀਫ ਨੇ ਚੋਣਾਂ ਸਮੇਂ ਵਾਅਦੇ ਕੀਤੇ ਸਨ ਕਿ ਉਹ ਭਾਰਤ ਨਾਲ ਸੰਬੰਧ ਸੁਧਾਰਨਗੇ ਅਤੇ ਡਾ. ਮਨਮੋਹਨ ਸਿੰਘ ਇਹ ਜਾਨਣਾ ਚਾਹੁੰਦੇ ਸਨ ਕਿ ਨਵਾਜ਼ ਸ਼ਰੀਫ ਕਿੱਥੋਂ ਤੱਕ ਜਾਣ ਨੂੰ ਤਿਆਰ ਹਨ।
ਉਨ੍ਹਾਂ ਵਿਚ ਆਪਸੀ ਵਿਚਾਰ ਵਟਾਂਦਰਾ ਬੜੇ ਤਹੱਮਲ ਅਤੇ ਖਲੂਸ ਨਾਲ ਹੋਇਆ। ਫੈਸਲਾ ਹੋਇਆ ਕਿ ਕਸ਼ਮੀਰ ਵਿਚ ਗੋਲੀਬਾਰੀ ਦੀ ਰੋਕਥਾਮ ਲਈ ਦੋਹਾਂ ਦੇਸ਼ਾਂ ਦੇ ਮਿਲਟਰੀ ਓਪਰੇਸ਼ਨਜ਼ ਦੇ ਦਫਤਰ ਸਰਗਰਮ ਭੂਮਿਕਾ ਨਿਭਾਉਣਗੇ। ਅੱਤਵਾਦ ਤੇ ਠੱਲ੍ਹ ਪਾਉਣ ਦੇ ਯਤਨ ਪਾਕਿਸਤਾਨ ਸਾਫ ਦਿਲੀ ਨਾਲ ਕਰੇਗਾ। ਦੋਹਾਂ ਪ੍ਰਧਾਨ ਮੰਤਰੀਆਂ ਨੇ ਇਕ ਦੂਜੇ ਨੂੰ ਆਪਣੇ-ਆਪਣੇ ਦੇਸ਼ ਆਉਣ ਲਈ ਨਿਯੌਤਾ ਦਿੱਤਾ, ਜੋ ਕਿ ਦੋਹਾਂ ਵੱਲੋਂ ਸਵਿਕਾਰ ਕਰ ਲਏ ਗਏ। ਪਰ ਤਰੀਕਾਂ ਹਾਲੇ ਤੈਅ ਨਹੀਂ ਕੀਤੀਆਂ। ਕੁੱਲ ਮਿਲਾ ਕੇ ਇਹ ਫੇਰੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਲਵਿਦਾਇਗੀ ਯਾਤਰਾ ਸੀ।
ਹਰਜਾਪ ਸਿੰਘ ਔਜਲਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.