ਕੈਟੇਗਰੀ

ਤੁਹਾਡੀ ਰਾਇ



ਰਾਜਿੰਦਰ ਸਿੰਘ , ਖਾਲਸਾ ਪੰਚਾਇਤ
ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ (ਭਾਗ ਪਹਿਲਾ)
ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ (ਭਾਗ ਪਹਿਲਾ)
Page Visitors: 2841

 

                  ੴਸਤਿਗੁਰਪ੍ਰਸਾਦਿ ॥
ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ (ਭਾਗ ਪਹਿਲਾ) 
ਫਿਲਮਾਂ ਅਤੇ ਟੈਲੀਵਿਜ਼ਨ ਅੱਜ ਦੇ ਯੁੱਗ ਦਾ ਇਕ ਬਹੁਤ ਅਸਰਦਾਰ ਮੀਡੀਆ ਹੈ। ਇਸ ਦੀ ਵਰਤੋਂ ਨਾਲ ਸਮਾਜ ਵਿੱਚ ਵੱਡੀਆਂ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ। ਇਹ ਤਬਦੀਲੀਆਂ ਦੋਵੇਂ ਤਰ੍ਹਾਂ ਦੀਆਂ ਹੋ ਸਕਦੀਆਂ ਹਨ, ਭਾਵ ਜੇ ਇਹ ਮੀਡੀਆ ਜ਼ਿਮੇਂਵਾਰੀ ਨਾਲ ਆਪਣਾ ਫਰਜ਼ ਨਿਭਾਵੇ ਤਾਂ ਸਮਾਜ ਦੀ ਉਸਾਰੀ ਦਾ ਵੱਡਾ ਕਾਰਜ ਹੋ ਸਕਦਾ ਹੈ ਜਿਥੇ ਕਈ ਸਮਾਜਿਕ ਬੁਰਾਈਆਂ ਖਿਲਾਫ ਸਮਾਜ ਨੂੰ ਚੇਤੰਨ ਕੀਤਾ ਜਾ ਸਕਦਾ ਹੈ, ਉਥੇ ਉਨ੍ਹਾਂ ਖਿਲਾਫ ਇਕ ਸੰਘਰਸ਼ ਵਿੱਡਿਆ ਜਾ ਸਕਦਾ ਹੈ, ਇਕ ਜ਼ਿੰਮੇਂਵਾਰ, ਅਤੇ ਨੇਮੀ(ਧਸਿਚਪਿਲਨਿੲਦ) ਨਸਲ ਤਿਆਰ ਕਰਨ ਦਾ ਆਧਾਰ ਤਿਆਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਗ਼ੈਰ ਜ਼ਿਮੇਂਵਾਰੀ ਨਾਲ ਕੀਤੀ ਵਰਤੋਂ ਸਮਾਜ ਨੂੰ ਰਸਾਤਲ ਵੱਲ ਲੈ ਕੇ ਜਾ ਸਕਦੀ ਹੈ
ਜੇ ਭਾਰਤੀ ਸਮਾਜ ਵੱਲ ਝਾਤੀ ਮਾਰੀਏ ਤਾਂ ਇਸ ਮੀਡੀਆ ਨੇ ਵਧੇਰੇ ਬਰਬਾਦੀ ਹੀ ਕੀਤੀ ਹੈ। ਅੱਜ ਦੇਸ਼ ਵਾਸੀਆਂ ਦੇ ਆਚਰਨ ਵਿੱਚ ਜੋ ਵੱਡੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ, ਉਸ ਵਿੱਚ ਵੱਡਾ ਯੋਗਦਾਨ ਇਸ ਮੀਡੀਆ ਦਾ ਹੀ ਹੈ। ਇਸ ਨੇ ਮਨਚਲੇ ਨੌਜੁਆਨਾਂ ਨੂੰ ਜਿਥੇ ਲੈਲਾ ਮਜਨੂੰ ਬਣਨਾ ਸਿਖਾਇਆ ਹੈ, ਉਥੇ ਔਲਾਦ ਨੂੰ ਮਾਤਾ ਪਿਤਾ ਤੋਂ ਬਾਗ਼ੀ ਹੋਣਾ, ਵਿਆਹ ਤੋਂ ਪਹਿਲਾਂ ਪਿਆਰ ਦੀਆਂ ਪੀਂਘਾਂ ਝੂਲਣੀਆਂ, ਮਾਤਾ-ਪਿਤਾ ਦੀ ਮਿਹਨਤ ਦੀ ਕਮਾਈ ਐਯਾਸ਼ੀਆਂ ਵਿੱਚ ਬਰਬਾਦ ਕਰਨਾ ਅਤੇ ਧੀਆਂ ਨੂੰ ਮਾਤਾ ਪਿਤਾ ਦੀ ਇਜ਼ਤ ਪੈਰਾਂ ਵਿੱਚ ਰੋਲ ਕੇ ਘਰੋਂ ਭਜਣਾ ਸਿਖਾਇਆ ਹੈ ਚੋਰੀ, ਠੱਗੀ, ਡਾਕਾ, ਰਿਸ਼ਵਤਖੋਰੀ, ਸਮੱਗਲਿੰਗ, ਨਸ਼ੇੜੀਪੁਣਾ, ਕਤਲੋਗਾਰਤ, ਲੁੱਟ ਮਾਰ, ਮਾਸੂਮ ਲੜਕੀਆਂ ਦੀ ਇਜ਼ਤ ਲੁੱਟਣੀ, ਔਰਤਾਂ ਤੇ ਜ਼ੁਲਮ ਢਾਹੁਣਾ, ਮੁਤੱਸਬੀ ਅਤੇ ਜਨੂੰਨੀ ਦੰਗੇ ਕਰਾਉਣੇ, ਦੇਸ਼ ਧਰੋਹੀ, ਕਿਹੜੀ ਉਹ ਟਰੇਨਿੰਗ ਹੈ, ਜੋ ਫਿਲਮਾਂ ਅਤੇ ਟੈਲ਼ੀਵਿਜ਼ਨ ਦੇ ਮਹਾਨ ਮੀਡੀਆ ਨੇ ਭਾਰਤ ਦੇਸ਼ ਦੇ ਵਾਸੀਆਂ ਨੂੰ ਨਹੀਂ ਦਿੱਤੀ?
ਤਕਰੀਬਨ ਢਾਈ ਘੰਟੇ ਦੀ ਫਿਲਮ ਵਿੱਚ ਸਵਾ ਦੋ ਘੰਟੇ ਤਾਂ ਉਪਰੋਕਤ ਦੁਸ਼-ਕਰਮਾਂ ਦੀ ਭਰਮਾਰ ਰਹਿੰਦੀ ਹੈ, ਤੇ ਆਖਿਰੀ ਪੰਦਰਾਂ ਮਿੰਟਾਂ ਵਿੱਚ ਹੀਰੋ ਕੋਲੋਂ ਵਿਲਨ ਨੂੰ ਕੁਟਵਾ ਕੇ ਜਾਂ ਪੁਲੀਸ ਕੋਲੋਂ ਪਕੜਵਾ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫਿਲਮ ਨੇ ਬੜਾ ਉਸਾਰੂ ਸੁਨੇਹਾ ਦਿੱਤਾ ਹੈ ਹੁਣ ਇਸ ਗੱਲ ਦਾ ਨਿਰਣਾ ਹਰ ਸੂਝਵਾਨ ਵਿਅਕਤੀ ਕਰ ਸਕਦਾ ਹੈ ਕਿ ਸਮਾਜ ਦੀ ਮਾਨਸਿਕਤਾ ਤੇ ਵਧੇਰੇ ਪ੍ਰਭਾਵ ਉਸ ਚੀਜ਼ ਦਾ ਪਵੇਗਾ ਜੋ ਸਵਾ ਦੋ ਘੰਟੇ ਵੇਖੀ ਹੈ ਜਾਂ ਉਸ ਦਾ ਜੋ ਪੰਦਰਾਂ ਮਿੰਟ? ਫੇਰ ਅੱਜ ਕਲ ਦੇ ਟੀ.ਵੀ. ਕੋਲ ਤਾਂ ਸਮੇਂ ਦੀ ਵੀ ਕੋਈ ਪਾਬੰਦੀ ਹੀ ਨਹੀਂ, ਇਕ ਇਕ ਸੀਰੀਅਲ ਚਾਰ-ਪੰਜ ਸਾਲ ਜਾਂ ਵਧੇਰੇ ਵੀ ਚੱਲੀ ਜਾਂਦਾ ਹੈ। ਪਰ ਹਾਂ ਪੱਖੀ ਅਤੇ ਨਾਂਹ ਪੱਖੀ ਸਮਗਰੀ ਵਿਖਾਉਣ ਦੀ ਔਸਤ ਤਕਰੀਬਨ ਉਹੀ ਫਿਲਮਾਂ ਵਾਲੀ ਹੁੰਦੀ ਹੈ
ਮੈਨੂੰ ਨਿੱਜੀ ਜੀਵਨ ਵਿੱਚੋਂ ਇਕ ਗੱਲ ਸਾਂਝੀ ਕਰਨ ਤੇ ਦਿਲ ਕਰਦਾ ਹੈ। ਆਪਣੇ ਲੈਕਚਰਾਂ, ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਕੈਂਪਾਂ ਜਾਂ ਕਲਾਸਾਂ ਵਿੱਚ, ਮੈਂ ਅਕਸਰ ਕਿਹਾ ਕਰਦਾ ਸਾਂ ਕਿ ਚੰਗੇ ਗੁਣ ਸਿੱਖਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸਕੂਲਾਂ ਕਾਲਜਾਂ ਅਤੇ ਧਰਮਸਾਲਾਂ ਵਿੱਚ ਜਾਣਾ ਪੈਂਦਾ ਹੈ, ਪਰ ਬੁਰਾਈ ਆਪੇ ਆ ਜਾਂਦੀ ਹੈ। ਆਪੇ ਹੀ ਮਾੜੀ ਸੰਗਤ ਵਿੱਚੋਂ ਕੁਝ ਬੱਚੇ ਜੂਆ ਖੇਡਣਾ ਸਿੱਖ ਜਾਂਦੇ ਹਨ ਤੇ ਆਪੇ ਹੀ ਸ਼ਰਾਬ ਪੀਣੀ ਤੇ ਹੋਰ ਬੁਰੀਆਂ ਆਦਤਾਂ। ਬਿਲਕੁਲ ਉਂਝੇ ਜਿਵੇਂ ਬਿਮਾਰੀ ਆਪੇ ਆ ਜਾਂਦੀ ਹੈ ਪਰ ਠੀਕ ਹੋਣ ਵਾਸਤੇ ਹਸਪਤਾਲ ਜਾਣਾ ਪੈਂਦਾ ਹੈ, ਵੱਡੇ ਖਰਚੇ ਕਰਨੇ ਪੈਂਦੇ ਹਨ। ਬੁਰੀਆਂ ਆਦਤਾਂ ਸਿੱਖਣ ਲਈ ਕੋਈ ਸਕੂਲ ਕਾਲਜ ਨਹੀਂ ਖੋਲ੍ਹੇ ਗਏ।
ਇਹੀ ਗੱਲ ਮੈਂ ਪਿਛਲੇ ਦਿਨੀਂ ਬੱਚਿਆਂ ਦੇ ਇਕ ਕੈਂਪ ਵਿੱਚ ਆਖੀ। ਪਰ ਗੱਲ ਕਰਦੇ ਮੈਨੂੰ ਆਪ ਹੀ ਮਹਿਸੂਸ ਹੋਇਆ ਕਿ ਅੱਜ ਦੇ ਹਾਲਾਤ ਵਿੱਚ ਇਹ ਸੱਚ ਨਹੀਂ ਹੈ। ਸੋ ਮੈਂ ਆਪੇ ਹੀ ਆਪਣੇ ਆਪ ਨੂੰ ਦਰੁਸਤ ਕਰਦੇ ਹੋਏ ਕਿਹਾ ਕਿ ਬੱਚਿਓ ਮੈਂ ਕੁਝ ਗਲਤ ਬਿਆਨੀ ਕਰ ਗਿਆ ਹਾਂ ਕਿ ਇਨ੍ਹਾਂ ਬੁਰਾਈਆਂ ਨੂੰ ਸਿਖਾਉਣ ਵਾਸਤੇ ਕੋਈ ਸਕੂਲ ਕਾਲਜ ਨਹੀਂ ਖੋਲ੍ਹੇ ਗਏ, ਬੇਸ਼ਕ ਇਹ ਪਹਿਲਾਂ ਨਹੀਂ ਸਨ ਹੁੰਦੇ ਪਰ ਹੁਣ ਤਾਂ ਇਹ ਸਕੂਲ ਕਾਲਜ ਤੁਹਾਡੇ ਘਰ ਵਿੱਚ ਹੀ ਖੁਲ੍ਹ ਗਏ ਹਨ, ‘ਟੀ.ਵੀ. ਦੇ ਰੂਪ ਵਿੱਚਇਨ੍ਹਾਂ ਕੋਲੋਂ ਵਧੇਰੇ ਬਚਣ ਦੀ ਲੋੜ ਹੈ। ਵੱਡਾ ਸੁਆਲ ਤਾਂ ਇਹ ਹੈ ਕਿ ਜਦੋਂ ਇਹ ਟੀ. ਵੀ. ਨਹੀਂ ਸਨ, ਬੁਰਾਈਆਂ ਤਾਂ ਉਦੋਂ ਵੀ ਆ ਘੇਰਦੀਆਂ ਸਨ। ਜਦੋਂ ਇਹ ਟ੍ਰੇਨਿੰਗ ਦੇ ਵੱਡੇ ਮਾਧਿਅਮ ਹੁਣ ਸਾਡੇ ਘਰਾਂ ਵਿੱਚ ਹੀ ਸਥਾਪਤ ਹੋ ਗਏ ਹਨ, ਤਾਂ ਹੁਣ ਸਮਾਜ ਦਾ ਕੀ ਬਣੇਗਾ? ਇਹ ਸੁਆਲ ਸੁਭਾਵਕ ਸਾਮ੍ਹਣੇ ਆਵੇਗਾ ਕਿ ਜਦੋਂ ਬੁਰਾਈਆਂ ਪਹਿਲਾਂ ਵੀ ਆ ਹੀ ਜਾਂਦੀਆਂ ਸਨ ਤਾਂ ਮੈਂ ਇਸ ਦਾ ਕਸੂਰਵਾਰ ਇਸ ਮੀਡੀਆ ਨੂੰ ਕਿਉਂ ਠਹਿਰਾ ਰਿਹਾ ਹਾਂ? ਜਦੋਂ ਅਸੀਂ ਸਮਾਜ ਦੇ ਕਿਰਦਾਰ ਵਿੱਚ ਆ ਰਹੀ ਗਿਰਾਵਟ ਦੀ ਦਰ ਦਾ ਸਰਵੇਖਣ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਦਾ ਜੁਆਬ ਆਪੇ ਮਿਲ ਜਾਵੇਗਾ ।
ਅਸਲ ਵਿੱਚ ਇਸ ਮੀਡੀਆ ਦਾ ਪ੍ਰਭਾਵ ਇਤਨਾ ਮਜ਼ਬੂਤ ਹੈ ਕਿ ਸੌਖੇ ਕੋਈ ਵਿਅਕਤੀ ਇਸ ਤੋਂ ਬੱਚ ਨਹੀਂ ਸਕਦਾ। ਵਿਅਕਤੀ ਤਾਂ ਕੀ, ਇਹ ਤਾਂ ਪੂਰੇ ਸਮਾਜ ਦਾ ਹੀ ਮੁਹਾਂਦਰਾ ਬਦਲ ਦੇਂਦਾ ਹੈ ਪਰ ਇਹ ਪ੍ਰਭਾਵ ਹੈ ਬੜਾ ਚੁਪ-ਚੁਪੀਤਾ (ਸ਼ਲਿੲਨਟ) ਅਤੇ ਸਹਿਜ (ਸ਼ਲੋਾ), ਇਸ ਲਈ ਇਸ ਬਦਲਾਵ ਨੂੰ ਮਹਿਸੂਸ ਕਰਨਾ ਸੌਖਾ ਨਹੀਂ। ਇੰਝ ਕਹਿ ਲਓ ਕਿ ਇਹ ਸਮਾਜ ਵਾਸਤੇ ਇਕ ਮਿੱਠਾ ਹਲਕਾ ਜ਼ਹਿਰ ਹੈ। ਜਿਵੇਂ ਕੋਈ ਮਨੁੱਖ ਕਿਸੇ ਚੀਜ਼ ਦੀ ਮਿਠਾਸ ਕਾਰਨ ਉਸ ਵਸਤੂ ਦਾ ਰਸ ਮਾਣੀ ਜਾਏ, ਇਸ ਗੱਲ ਤੋਂ ਅਨਜਾਣ ਕਿ ਉਸ ਵਿੱਚ ਹਲਕਾ ਜ਼ਹਿਰ ਰਲਿਆ ਹੋਇਆ ਹੈ ਜੋ ਹੌਲੀ ਹੌਲੀ ਉਸ ਦੇ ਸਰੀਰ ਨੂੰ ਅੰਦਰੋ-ਅੰਦਰੀਂ ਖੋਖਲਾ ਕਰੀ ਜਾ ਰਿਹਾ ਹੈ। ਉਸ ਨੂੰ ਚੇਤਨਤਾ ਉਦੋਂ ਹੀ ਆਵੇਗੀ ਜਦੋਂ ਉਹ ਆਪਣੇ ਹੁਣ ਦੇ ਸਰੀਰ ਦੀ ਤੁਲਨਾ ਪੁਰਾਣੇ ਨਰੋਏ ਸਰੀਰ ਨਾਲ ਕਰੇਗਾ ਅਤੇ ਸੱਚਾਈ ਉਦੋਂ ਹੀ ਪਤਾ ਲਗੇਗੀ ਜਦੋਂ ਕਿਤੇ ਉਹ ਡਾਕਟਰੀ ਜਾਂਚ ਕਰਾਵੇਗਾ ਕਿ ਉਹ ਤਾਂ ਅੰਦਰੋ ਅੰਦਰੀ ਖੋਖਲਾ ਹੋ ਗਿਆ ਹੈ ਅਤੇ ਜੇ ਫੌਰੀ ਇਲਾਜ ਨਾ ਕਰਾਇਆ ਤਾਂ ਚੰਦ ਦਿਨਾਂ ਦਾ ਮਹਿਮਾਨ ਰਹਿ ਗਿਆ ਹੈ
ਬਲਕਿ ਇਲਾਜ ਤੋਂ ਵੀ ਪਹਿਲਾਂ ਉਸ ਨੂੰ ਉਸ ਮਿੱਠੇ ਜ਼ਹਿਰ ਦੀ ਪਛਾਣ ਕਰਕੇ ਉਸ ਤੋਂ ਖਹਿੜਾ ਛੁਡਾਉਣਾ ਜ਼ਰੂਰੀ ਹੋਵੇਗਾ। ਇਸੇ ਤਰ੍ਹਾਂ ਇਸ ਫਿਲਮਾਂ ਅਤੇ ਟੀ.ਵੀ. ਦੇ ਪ੍ਰਭਾਵ ਨੂੰ ਵੀ ਸਹਿਜੇ ਹੀ ਮਹਿਸੂਸ ਨਹੀਂ ਕੀਤਾ ਜਾ ਸਕਦਾ। ਇਸ ਨੂੰ ਮਹਿਸੂਸ ਕਰਨ ਲਈ ਪਿਛੋਕੜ ਵਿੱਚ ਜਾ ਕੇ ਅਜੋਕੇ ਸਮਾਜਿਕ ਢਾਂਚੇ ਨਾਲ ਤੁਲਨਾ ਕਰਨੀ ਪਵੇਗੀ, ਤਾਂ ਹੀ ਸੱਚਾਈ ਨੂੰ ਪਛਾਣਿਆ ਜਾ ਸਕੇਗਾ।
ਭਾਰਤ ਦੀ ਵੰਡ ਤੋਂ ਬਾਅਦ, ਪਾਕਿਸਤਾਨ ਵਿੱਚ ਰਹਿ ਗਏ ਪੰਜਾਬ ਚੋਂ ਉਜੜ ਕੇ ਆਉਣ ਤੋਂ ਬਾਅਦ ਅਸੀਂ ਅੰਮ੍ਰਿਤਸਰ ਆ ਵਸੇ ਮੇਰੀ ਪੜ੍ਹਾਈ ਵੀ ਉਥੇ ਹੀ ਹੋਈ ਅਤੇ ਬਚਪਨ ਤੋਂ ਜੁਆਨੀ ਦੀਆਂ ਪੌੜੀਆਂ ਵੀ ਉਥੇ ਹੀ ਚੜ੍ਹੀਆਂ। ਬਚਪਨ ਦੇ ਮਾਸੂਮ ਮਨ ਤੇ ਉਸ ਸਮੇਂ ਦੀਆਂ ਕੁਝ ਯਾਦਾਂ ਉਕਰੀਆਂ ਹੋਈਆਂ ਹਨ, ਇਸ ਤੁਲਨਾ ਲਈ ਮੈਂ ਉਨ੍ਹਾਂ ਵਿੱਚੋਂ ਕੁਝ ਨੂੰ ਵਰਤਣਾ ਚਾਹੁੰਦਾ ਹਾਂ। ਉਸ ਵੇਲੇ ਮੈਂ ਸ਼ਾਇਦ ਹਾਈ ਸਕੂਲ ਵਿੱਚ ਪੜ੍ਹਦਾ ਸਾਂ, ਮੇਰੇ ਨਾਲ ਪੜ੍ਹਦੇ ਕਿਸੇ ਦੋਸਤ ਦੇ ਵੱਡੇ ਭਰਾ ਦੀ ਸ਼ਾਦੀ ਦੀ ਪਾਰਟੀ ਸੀ। ਉਸ ਨੇ ਮੇਰੇ ਸਮੇਤ ਕੁਝ ਚੋਣਵੇਂ ਦੋਸਤਾਂ ਨੂੰ ਬੁਲਾਇਆ ਹੋਇਆ ਸੀ। ਅਸੀਂ ਪਾਰਟੀ ਦੇ ਮੌਜ ਮੇਲੇ ਵਿੱਚ ਮਸਤ ਸਾਂ ਕਿ ਇਕ ਵੱਡੀ ਸਾਰੀ ਕਾਰ ਪੰਡਾਲ ਦੇ ਗੇਟ ਤੇ ਆਕੇ ਰੁਕੀ ਅਤੇ ਇਕ ਬੜਾ ਹੀ ਮਸਤ ਮੌਲਾ ਕਿਸਮ ਦਾ ਲਾਪਰਵਾਹ ਜਿਹਾ ਬੰਦਾ ਉਸ ਚੋਂ ਉਤਰਿਆ। ਡਰਾਈਵਰ ਉਸ ਨੂੰ ਉਤਾਰ ਕੇ ਕਾਰ ਅੱਗੇ ਲੈ ਗਿਆ। ਇਥੇ ਇਹ ਦਸ ਦੇਣਾ ਵੀ ਯੋਗ ਹੋਵੇਗਾ ਕਿ ਉਸ ਸਮੇਂ ਕਾਰਾਂ ਕੁਝ ਵਿਰਲੇ ਧਨਾਡ ਬੰਦਿਆਂ ਕੋਲ ਹੀ ਹੁੰਦੀਆਂ ਸਨ, ਫਿਰ ਇਹੋ ਜਿਹੀ ਵੱਡੀ(ਵਿਦੇਸ਼ੀ) ਕਾਰ ਤਾਂ ਸਾਰੇ ਸ਼ਹਿਰ ਵਿੱਚ ਇਕ ਅੱਧੀ ਹੀ ਹੁੰਦੀ ਸੀ। ਉਸ ਦੀ ਕਾਰ ਅਤੇ ਉਸ ਦੇ ਅੰਦਾਜ਼ ਨੇ ਤਕਰੀਬਨ ਸਭ ਦਾ ਧਿਆਨ ਆਪਣੇ ਵੱਲ ਖਿਚ ਲਿਆ। ਮੇਜ਼ਬਾਨਾਂ ਨੇ ਅਗੇ ਹੋ ਕੇ ਉਸ ਨੂੰ ਜੀ ਆਇਆਂ ਆਖਿਆ। ਪਲਾਂ ਵਿੱਚ ਹੀ ਹਾਲ ਵਿੱਚ ਇਹ ਕਾਨਾਫੂਸੀ ਸ਼ੁਰੂ ਹੋ ਗਈ, “...ਇਹ ਗੋਪ ਹੈ”, ...ਗੋਪ ਕੌਣ?, ...ਬੜਾ ਵੱਡਾ ਸਮਗਲਰ ਹੈਮੈਂ ਵੇਖਿਆ, ਇਹ ਸੁਣਦਿਆਂ ਹੀ ਬਹੁਤੇ ਲੋਕਾਂ ਦੇ ਚਿਹਰਿਆਂ ਤੇ ਉਸ ਵਿਅਕਤੀ ਪ੍ਰਤੀ ਇਕ ਨਫਰਤ ਜਿਹੀ ਪ੍ਰਗਟ ਹੁੰਦੀ, ਉਹ ਟੇਢੀ ਜਿਹੀ ਅੱਖ ਨਾਲ ਉਸ ਵੱਲ ਵੇਖਦੇ ਤੇ ਫੇਰ ਮੂੰਹ ਫੇਰ ਕੇ ਆਪਣੀਆਂ ਗੱਲਾਂ ਵਿੱਚ ਲੱਗ ਜਾਂਦੇ। ਮੇਜ਼ਬਾਨ ਉਸ ਨੂੰ ਕਈ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਾਉਂਦੇ ਪਰ ਮਿਲਣ ਵਾਲਾ ਰਸਮੀਂ ਜਿਹਾ ਮਿਲ ਕੇ ਪਾਸੇ ਹੋ ਜਾਂਦਾ। ਥੋੜ੍ਹੀ ਦੇਰ ਬਾਅਦ ਉਹ ਇਕੱਲਾ ਜਿਹਾ ਹੀ ਰਹਿ ਗਿਆ ਸੀ ਤੇ ਕੁਝ ਦੇਰ ਬਾਅਦ ਉੱਥੋਂ ਵਾਪਸ ਚਲਾ ਗਿਆ।
ਹੁਣ ਤਕਰੀਬਨ ਸਾਲ-ਡੇਢ ਸਾਲ ਪਹਿਲੇ ਦੀ ਇਕ ਯਾਦ ਸਾਂਝੀ ਕਰਨੀ ਚਾਹਾਂਗਾਂ। ਇਕ ਬੜੇ ਅਮੀਰ ਸੱਜਣ ਦੀ ਪਾਰਟੀ ਦਾ ਸੱਦਾ ਆਇਆ ਹੋਇਆ ਸੀ। ਪਰਿਵਾਰ ਅਮੀਰ ਹੋਣ ਦੇ ਨਾਲ ਬਹੁਤ ਪ੍ਰਭਾਵਸ਼ਾਲੀ ਵੀ ਸੀ। ਪਾਰਟੀ ਤੇ ਪਹੁੰਚੇ ਤਾਂ ਕਾਫੀ ਰਈਸ, ਵੱਡੇ ਸਰਕਾਰੀ ਅਫਸਰ ਅਤੇ ਰਾਜਸੀ ਨੇਤਾ ਵੀ ਉਥੇ ਆਏ ਹੋਏ ਸਨ, ਇੰਝ ਕਹਿ ਲਓ ਕਿ ਸ਼ਹਿਰ ਦੀ ਕਰੀਮ ਉਥੇ ਹਾਜ਼ਰ ਸੀ। ਇਕ ਜਗ੍ਹਾ ਤੇ ਕੁਝ ਵਿਸ਼ੇਸ਼ ਪਰਭਾਵਸ਼ਾਲੀ ਲੋਕ ਇਕੱਠੇ ਬੈਠੇ ਹੋਏ ਸਨ। ਇਨ੍ਹਾਂ ਵਿੱਚੋਂ ਕੁਝ ਰਾਜਸੀ ਨੇਤਾ ਅਤੇ ਸ਼ਹਿਰ ਦੇ ਧਨਾਡ ਵੀ ਸ਼ਾਮਿਲ ਸਨ, ਜਿਨ੍ਹਾਂ ਵਿੱਚੋਂ ਕੁਝ ਬਾਰੇ ਬਹੁਤੇ ਲੋਕ ਜਾਣਦੇ ਸਨ ਕਿ ਉਨ੍ਹਾਂ ਦੀ ਕਮਾਈ ਕਿਸ ਗਲਤ ਰਸਤੇ ਤੋਂ ਆਉਂਦੀ ਹੈ। ਉਹ ਸਾਰੇ ਹੱਸਦੇ ਖੇਡਦੇ ਮੌਜ ਮਸਤੀ ਕਰ ਰਹੇ ਸਨ, ਉਨ੍ਹਾਂ ਕਾਲਾ ਬਜ਼ਾਰੀਆਂ ਬਾਰੇ ਬਹੁਤੇ ਲੋਕਾਂ ਨੂੰ ਪਤਾ ਸੀ ਪਰ ਫਿਰ ਵੀ ਬਹੁਤੇ ਬਾਕੀ ਮਹਿਮਾਨ ਵੀ ਉਨ੍ਹਾਂ ਨੂੰ ਉਚੇਚੇ ਮਿਲਣ ਲਈ ਜਾਂਦੇ ਅਤੇ ਕੋਸ਼ਿਸ਼ ਕਰਦੇ ਕਿ ਕੁਝ ਸਮਾਂ ਉਨ੍ਹਾਂ ਦੇ ਨਾਲ ਬਿਤਾਉਣ ਦਾ ਮਾਨ ਹਾਸਲ ਕਰ ਸਕਣ। ਇਹ ਹੈ ਸਾਡੇ ਫਿਲਮਾਂ ਅਤੇ ਟੈਲੀਵਿਜ਼ਨ ਮੀਡੀਏ ਦੀ ਕਰਾਮਾਤ। ਤੁਸੀਂ ਆਖੋਗੇ ਕਿ ਇਹ ਤਾਂ ਸਾਡੇ ਸਮਾਜ ਵਿੱਚ ਆਇਆ ਨਿਘਾਰ ਹੈ, ਇਸ ਵਿੱਚ ਇਸ ਮੀਡੀਏ ਦਾ ਕੀ ਕਸੂਰ, ਇਸ ਵਾਸਤੇ ਮੈਂ ਇਸ ਮੀਡੀਏ ਨੂੰ ਕਿਉਂ ਜ਼ਿਮੇਵਾਰ ਠਹਿਰਾ ਰਿਹਾ ਹਾਂ

 

ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਮੋਬਾਇਲ: 9876104726

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.