ਕੈਟੇਗਰੀ

ਤੁਹਾਡੀ ਰਾਇ



Gurinderpal Singh Dhanoula
ਕੋਈ ਅਜਿਹਾ ਤਖਤ ਹੈ ਜਿਥੇ ਫਖਰ-ਏ-ਕੌਮ ਨੂੰ ਤਲਬ ਕੀਤਾ ਜਾ ਸਕਦਾ ਹੋਵੇ ..............?
ਕੋਈ ਅਜਿਹਾ ਤਖਤ ਹੈ ਜਿਥੇ ਫਖਰ-ਏ-ਕੌਮ ਨੂੰ ਤਲਬ ਕੀਤਾ ਜਾ ਸਕਦਾ ਹੋਵੇ ..............?
Page Visitors: 2853

ਕੋਈ ਅਜਿਹਾ ਤਖਤ ਹੈ ਜਿਥੇ ਫਖਰ-ਏ-ਕੌਮ ਨੂੰ ਤਲਬ ਕੀਤਾ ਜਾ ਸਕਦਾ ਹੋਵੇ ..............?
  ਗੁਰਿੰਦਰਪਾਲ ਸਿੰਘ ਧਨੌਲਾ

ਅਕਾਲ ਤਖਤ ਸਾਹਿਬ ਦੇ ਸੇਵਾਦਾਰ, ਜਥੇਦਾਰ ਅਤੇ ਸਰਬਰਾਹ ਬਹੁਤ ਇਤਿਹਾਸ ਵਿਚੋਂ ਪੜ੍ਹੇ ਹਨ ਅਤੇ ਹੁਣ ਪਿਛਲੇ ਚਾਰ ਦਹਾਕਿਆਂ ਤੋਂ ਅੱਖੀਂ ਵੇਖ ਰਹੇ ਹਾਂ। ਬਹੁਤ ਸਾਰੇ ਲੋਕਾਂ ਨੇ ਜਾਣੇ ਅਨਜਾਣੇ ਵਿਚ ਅਵੱਗਿਆਵਾਂ ਕੀਤੀਆਂ ਤੇ ਸਭ ਨੇ ਜਥੇਦਾਰ ਵੱਲੋਂ ਬੁਲਾਏ ਜਾਣ 'ਤੇ ਅਕਾਲ ਤਖਤ ਸਾਹਿਬ ਤੇ ਸਿਰ ਝੁਕਾਇਆ ਤੇ ਉਥੇ ਬੈਠੇ ਇਨਸਾਨ ਨੂੰ ਅਕਾਲ ਦਾ ਬੰਦਾ ਸਮਝਕੇ ਹੁਕਮ ਨੂੰ ਮੰਨਕੇ ਖੁਸ਼ੀ ਮਹਿਸੂਸ ਕੀਤੀ, ਬੇਸ਼ੱਕ ਓਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੀ ਕਿਉਂ ਨਾ ਹੋਵੇ ?

ਲੇਕਿਨ ਪਿਛਲੇ ਤਿੰਨ ਦਹਾਕਿਆਂ ਤੋਂ ਭਾਵੇਂ ਕੁੱਝ ਸਧਾਰਨ ਜਾਂ ਨਿਸ਼ਠਾਵਾਨ ਸਿੱਖ ਹੁਣ ਤੱਕ ਵੀ, ਬੇਸ਼ੱਕ ਉਹਨਾਂ ਨੂੰ ਪਤਾ ਵੀ ਹੈ ਕਿ ਉਹਨਾਂ ਨਾਲ ਅਜਿਹਾ ਕਿਉਂ ਤੇ ਕਿਸਦੀ ਸਲਾਹ ਨਾਲ ਹੋ ਰਿਹਾ ਹੈ, ਫਿਰ ਵੀ ਲਜ਼ ਮਰੰਦੇ ਭਾਣਾ ਮੰਨ ਜਾ ਰਹੇ ਹਨ।

ਅਕਾਲ ਤਖਤ ਸਾਹਿਬ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਸਿੱਖ ਪੰਥ ਅਤੇ ਕੌਮ ਪ੍ਰਤੀ ਸ਼ਾਨਦਾਰ ਸੇਵਾਵਾਂ ਬਦਲੇ ਉਹਨਾਂ ਨੂੰ ਫਖਰ-ਏ-ਕੌਮ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ? ਪਰ ਸ. ਬਾਦਲ ਦੀਆਂ ਪ੍ਰਾਪਤੀਆਂ ਦਾ ਖੁਲਾਸਾ ਅਕਾਲ ਤਖਤ ਸਾਹਿਬ ਤੋਂ ਨਹੀਂ ਕੀਤਾ ਗਿਆ ਕਿ ਕਿਹੜੀਆਂ ਮੱਲਾਂ ਸ. ਬਾਦਲ ਨੇ ਮਾਰੀਆਂ ਸਨ, ਜਿਸ ਬਦਲੇ ਇਨਾਂ ਵੱਡਾ ਖਿਤਾਬ ਦਿੱਤਾ ਗਿਆ ਹੈ? ਇਹ ਸਵਾਲ ਹਰ ਸਿੱਖ ਦੇ ਜਿਹਨ ਵਿੱਚ ਹੈ, ਕਿਸੇ ਦੀ ਪਹੁੰਚ ਨਹੀਂ, ਕੋਈ ਹਿੰਮਤ ਨਹੀਂ ਰੱਖਦਾ, ਕੋਈ ਠੀਕ ਸਮੇਂ ਦੀ ਉਡੀਕ ਵਿੱਚ ਹੈ, ਪਰ ਜਵਾਬ ਜਾਨਣ ਦੀ ਜਗਿਆਸਾ ਹਰ ਹਿਰਦੇ ਅੰਦਰ ਹੈ?

ਇਸ ਵਾਸਤੇ ਫਿਰ ਅੱਜ ਕਲਮ ਚੁੱਕਣ ਦਾ ਜੋਖਮ ਮੁੱਲ ਲਿਆ ਕਿ ਚਲੋ ਘੱਟੋ ਘੱਟ ਜਗਿਆਸਾ ਰੱਖਣ ਵਾਲੇ ਲੋਕਾਂ ਨੂੰ ਫਖਰ-ਏ-ਕੌਮ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਤਾਂ ਕਰਵਾ ਦਿੱਤਾ ਜਾਵੇ ? ਜਿਸ ਨਾਲ ਐਵੇਂ ਲੋਕ ਮੁਫਤ ਦੀ ਨੁਕਤਾਚੀਨੀ ਕਰਨੋ ਤਾਂ ਹਟ ਜਾਣਗੇ ਜਣਾ ਖਣਾ ਫਖਰ-ਏ-ਕੌਮ 'ਤੇ ਕਿੰਤੂ ਕਰੀ ਜਾਂਦਾ ਹੈ?

  1. 1978 ਵਿੱਚ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਨਿਰੰਕਾਰੀ ਅਮ੍ਰਿੰਤਸਰ ਸਾਹਿਬ ਵਿਖੇ ਵਿਸਾਖੀ ਵਾਲੇ ਦਿਨ ਤੇਰਾਂ ਸਿੰਘਾਂ ਨੂੰ ਸ਼ਹੀਦ ਕਰਕੇ ਆਰਾਮ ਨਾਲ ਪੰਜਾਬ ਵਿੱਚੋਂ ਨਿਕਲਕੇ ਦਿੱਲੀ ਆਪਣੀ ਦੀਦੀ ਇੰਦਰਾ ਗਾਂਧੀ ਕੋਲ ਪਹੁੰਚ ਗਏ। ਇਹ ਸੱਚ ਹੈ ਕਿ ਉਹਨਾਂ ਨੂੰ ਪੰਜਾਬ ਦੀ ਹੱਦ ਪਾਰ ਕਰਨ ਤੱਕ ਸ. ਬਾਦਲ ਦੀ ਪੁਲਿਸ ਨੇ ਪੂਰੀ ਰਾਖੀ ਵੀ ਕੀਤੀ ਕਿ ਕਿਤੇ ਰਸਤੇ ਵਿਚ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਦੇਵੇ ? ਫਿਰ ਜਿਹੜੀ ਐਫ.ਆਈ. ਆਰ. ਲਿਖੀ ਓਹ ਵੀ ਜਿਵੇ ਨਿਰੰਕਾਰੀਆਂ ਨੇ ਕਿਹਾ, ਓਵੇਂ ਹੀ ਲਿਖਵਾਈ ਗਈ? ਇਸ ਕਰਕੇ ਹੀ ਨਿਰੰਕਾਰੀ ਮੁਖੀ ਸਮੇਤ ਸਾਰੇ ਕਾਤਲ ਅਮ੍ਰਿਤਸਰ ਸਾਹਿਬ ਤੋਂ ਕੇਸ ਕਰਨਾਲ ਦੀ ਅਦਾਲਤ ਵਿਚ ਬਦਲੀ ਕਰਵਾਕੇ ਇੰਦਰਾ ਗਾਂਧੀ ਅਤੇ ਫਖਰੇ ਕੌਮ ਦੀ ਮਦਦ ਨਾਲ ਬਰੀ ਹੋ ਗਏ ?

  2. ਧਰਮਯੁਧ ਮੋਰਚੇ ਵਿਚ ਕੇਵਲ ਪੰਜਾਬ ਹੀ ਨਹੀਂ ਸਾਰੇ ਸੂਬਿਆਂ ਵਾਸਤੇ ਵੱਧ ਅਧਿਕਾਰ ਅਤੇ ਸਿੱਖਾਂ ਦੀਆਂ ਮੰਗਾਂ ਨੂੰ ਲੈਕੇ ਪਹਿਲੇ ਨੰਬਰ 'ਤੇ ਸਭ ਤੋਂ ਵੱਡੇ ਜਥੇ ਨਾਲ ਗ੍ਰਿਫਤਾਰੀ ਦੇ ਤੋਂ ਬਾਅਦ ਸ. ਬਾਦਲ ਸਾਹਬ ਜੂਨ 1984 ਦਾ ਫੌਜੀ ਹਮਲਾ ਹੋਣ ਤੋਂ ਕਈ ਮਹੀਨੇ ਪਹਿਲਾਂ ਹੀ ਦਰਬਾਰ ਸਾਹਿਬ ਆਉਣਾ ਛੱਡ ਗਏ?

  3. ਫੌਜੀ ਹਮਲੇ ਤੋਂ ਚੌਥੇ ਦਿਨ ਫੌਜੀਆਂ ਨੂੰ ਬਗਾਵਤ ਕਰਨ ਦੀ ਜਜ਼ਬਾਤੀ ਅਪੀਲ ਕਰਕੇ ਸ. ਬਾਦਲ ਇਸ ਵਾਸਤੇ ਗ੍ਰਿਫਤਾਰ ਹੋ ਗਏ ਕਿਉਂਕਿ ਕੌਮ ਦੇ ਜਜਬਾਤ ਲੂਹੇ ਪਏ ਸਨ ਅਤੇ ਬਾਹਰ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ? ਨਾਲੇ ਫੌਜ ਤੇ ਪ੍ਰਸਾਸ਼ਨ ਦੀਆਂ ਵਧੀਕੀਆਂ ਬਾਰੇ ਜਦੋਂ ਕੋਈ ਪੁੱਛੇ ਤਾਂ ਸਧਾਰਨ ਜਵਾਬ ਬਣ ਗਿਆ ਕਿ ਮੈਂ ਤਾਂ ਜੀ ਜੇਲ੍ਹ ਦੀ ਕਾਲ ਕੋਠੜੀ ਵਿੱਚ ਸੀ? ਭਾਵੇ ਸਰਕਾਰੀ ਸਰਪ੍ਰਸਤੀ ਹੇਠ ਕਾਜੂ ਹੀ ਖਾਂਦੇ ਰਹੇ ?

  4. ਤੀਜੀ ਵਾਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਸ. ਬਾਦਲ ਦੀ ਵੰਗਾਰ ਅਤੇ ਧਰਮ ਦੀ ਖਾਤਿਰ ਬੈਰਕਾਂ ਛੱਡਕੇ ਬਾਗੀ ਹੋਏ ਧਰਮੀ ਫੌਜੀ ਵੀਰ ਧੱਕੇ ਖਾਂਦੇ ਫਿਰਦੇ ਹਨ ਫਖਰ-ਏ-ਕੌਮ ਨੇ ਕੋਈ ਸਾਰ ਨਹੀਂ ਲਈ?

  5. ਬੇਸ਼ੱਕ ਸੁਰਜੀਤ ਸਿੰਘ ਬਰਨਾਲਾ ਨੇ ਵੀ ਅਕਾਲ ਤਖਤ 'ਤੇ ਸੱਦੇ ਜਾਣ ਵੇਲੇ ਪ੍ਰਵਾਹ ਨਾ ਕੀਤੀ, ਪਰ ਛੇਤੀ ਹੀ ਪੇਸ਼ ਹੋਕੇ ਭੁੱਲ ਬਖਸ਼ਾ ਲਈ , ਗਿਆਨੀ ਜ਼ੈਲ ਸਿੰਘ, ਸ.ਬੂਟਾ ਸਿੰਘ ਹੋਰ ਬਹੁਤ ਸਾਰੇ ਸਿੱਖ ਭਾਵੇਂ ਗਲਤੀ ਕਰ ਬੈਠੇ, ਪਰ ਗਲਤੀ ਮੰਨਕੇ ਗੁਰੂ ਦੀ ਸ਼ਰਨ ਵਿਚ ਆਏ। ਲੇਕਿਨ ਸ. ਬਾਦਲ ਨੇ 1994 ਵਿਚ ਅਕਾਲ ਤਖਤ ਵੱਲੋਂ ਕੀਤੇ ਏਕਤਾ ਯਤਨਾਂ ਨੂੰ ਠੁਕਰਾਕੇ ਆਪਣੀ ਆਜ਼ਾਦ ਹਸਤੀ ਕਾਇਮ ਰਖੀ ਅਤੇ ਅਕਾਲ ਤਖਤ ਦੇ ਸਾਹਮਣੇ ਹਿੱਕ ਤਾਨ ਕੇ ਖੜਾ ਹੋਇਆ ?

  6. ਖਾਲਸੇ ਦੇ ਤਿੰਨ ਸੌ ਸਾਲੇ 'ਤੇ 1999 ਦੀ ਵਿਸਾਖੀ ਦੇ ਸਾਰੇ ਸਮਾਗਮਾਂ ਨੂੰ ਆਰ.ਐਸ.ਐਸ. ਦੀ ਸਲਾਹ ਨਾਲ ਆਪਣੇ ਨਿੱਜੀ ਅਤੇ ਹਿੰਦੁਤਵ ਦੇ ਅਨਕੂਲ ਬਣਾਉਣ ਵਾਸਤੇ ਕਬਜਾ ਕਰਨ ਦੀ ਨੀਅਤ ਨਾਲ ਸਭ ਨੂੰ ਲਾਂਭੇ ਕਰਨ ਦੀ ਚਾਲ ਚੱਲੀ, ਤਾਂ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਿਰਫ ਸਮਾਗਮ ਤੱਕ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ ਤਾਂ ਫਖਰ-ਏ-ਕੌਮ ਨੇ ਜਥੇਦਾਰ ਨੂੰ ਹੀ ਹਟਾ ਦਿੱਤਾ?

  7. ਸਾਡੇ ਬਜੁਰਗਾਂ ਵੱਲੋਂ ਗੁਰਦਵਾਰਿਆਂ ਦੀ ਰਾਖੀ ਵਾਸਤੇ ਤਿਆਰ ਕੀਤੀ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਕੇ ਫਖਰ-ਏ-ਕੌਮ ਨੇ ਪੰਥਕ ਸਿਆਸਤ ਦਾ ਭੋਗ ਪਾ ਦਿੱਤਾ ਅਤੇ ਸਿਆਸਤ ਸੇਵਾ ਤੋਂ ਵਿਉਪਾਰਿਕ ਬਿਰਤੀ ਵਿਚ ਤਬਦੀਲ ਕਰ ਦਿੱਤੀ।

  8. 1997 ਵਿਚ ਤੀਸਰੀ ਵਾਰ ਮੁੱਖ ਮੰਤਰੀ ਦੀ ਕੁਰਸੀ ਸੰਭਾਲਦਿਆਂ ਹੀ ਭ੍ਰਿਸ਼ਟਾਚਾਰ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ ਸਿਰਫ ਆਪ ਨਹੀਂ ਸਾਰਾ ਪਰਿਵਾਰ ਹੀ ਭ੍ਰਿਸ਼੍ਰਾਚਾਰ ਦੇ ਵਿਚ ਘਿਰ ਗਿਆ। ਇਹ ਪਹਿਲਾ ਮੌਕਾ ਸੀ ਜਦੋਂ ਫਖਰ-ਏ-ਕੌਮ ਨੇ ਅਕਾਲੀ ਪ੍ਰਧਾਨ ਅਤੇ ਮੁੱਖ ਮੰਤਰੀ ਹੁੰਦੇ ਹੋਏ ਪੰਥ ਦੀ ਪੱਗ ਤੇ ਭ੍ਰਿਸ਼ਟਾਚਾਰ ਦਾ ਦਾਗ ਲਵਾਇਆ ਸੀ? ਬੇਸ਼ੱਕ ਦੁਬਾਰਾ ਤਾਕਤ ਦੇ ਸਾਬਣ ਨਾਲ ਦਾਗ ਧੋਣ ਵਿਚ ਕਾਮਯਾਬੀ ਹਾਸਲ ਕਰ ਲਈ ਹੈ?

  9. ਤਿੰਨ ਵਾਰ ਮੁੱਖ ਮੰਤਰੀ ਅਤੇ ਦੋ ਵਾਰ ਕੇਂਦਰੀ ਹਕੂਮਤ ਵਿਚ ਨੂੰਹ ਅਤੇ ਪੁੱਤਰ ਨੂੰ ਕੇਂਦਰੀ ਵਜ਼ੀਰ, ਹੁਣ ਖੁਦ ਮੁੱਖ ਮੰਤਰੀ, ਪੁੱਤਰ ਉੱਪ ਮੁੱਖ ਮੰਤਰੀ, ਜਵਾਈ, ਪੁੱਤਰ ਦਾ ਸਾਲਾ, ਕਿਸੇ ਸਮੇਂ ਆਪਣਾ ਭਤੀਜਾ ਵੀ ਮੰਤਰੀ ਅਤੇ ਹੋਰ ਸਾਰਾ ਕੋੜਮਾ ਹੀ ਸਰਕਾਰ ਵਿਚ ਹਿਸੇਦਾਰ, ਸ਼੍ਰੋਮਣੀ ਕਮੇਟੀ 'ਤੇ ਵੀ ਸਿੱਧਾ ਕਬਜਾ ਹੈ। ਜਥੇਦਾਰ ਸਾਹਿਬ ਵੀ ਕਹਿਣੇ ਵਿੱਚ ਚਲਦੇ ਹਨ, ਹੋਰ ਕਿਹੜੀ ਸ਼ਕਤੀ ਚਾਹੀਦੀ ਹੈ ਇਸ ਤੋਂ ਉੱਪਰ ? ਪਰ ਫਖਰੇ-ਏ-ਕੌਮ ਨੇ ਅੱਜ ਤੱਕ ਸੂਬਿਆਂ ਵਾਸਤੇ ਵੱਧ ਅਧਿਕਾਰ, ਪੰਜਾਬ ਦੇ ਪਾਣੀ, ਪੰਜਾਬੀ ਬੋਲਦੇ ਇਲਾਕੇ, ਫੌਜ ਦੀ ਭਰਤੀ, ਸਿੱਖ ਨੂੰ ਕੇਸਾਧਾਰੀ ਹਿੰਦੂ ਦੱਸਣ ਵਾਲੀ ਧਾਰਾ 25 ਬੀ, ਅਨੰਦ ਮੈਰਿਜ਼ ਐਕਟ, ਆਲ ਇੰਡੀਆ ਗੁਰਦਵਾਰਾ ਐਕਟ, ਇਹਨਾਂ ਸਾਰੇ ਮਸਲਿਆਂ ਬਾਰੇ ਕੀ ਕੀਤਾ ਹੈ ?

  10. ਸ. ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਸੌਦਾ ਸਾਧ ਨੇ ਸਲਾਬਤਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਇਆ ਅਤੇ ਕੜਾਹੇ ਵਿਚ ਰੂਹ ਅਫਜਾ ਘੋਲਕੇ ਅਮ੍ਰਿੰਤ ਛਕਾਉਣ ਦੀ ਸਾਡੀ ਧਾਰਮਿਕ ਰਵਾਇਤ ਦਾ ਮਖੌਲ ਉਡਾਇਆ। ਅੱਜ ਇਹ ਵੀ ਚਰਚਾ ਹੈ ਕਿ ਸਵਾਂਗ ਰਚਾਉਣ ਸਮੇਂ ਸੌਦਾ ਸਾਧ ਵੱਲੋਂ ਪਾਈ ਪੁਸ਼ਾਕ ਵੀ ਫਖਰ-ਏ-ਕੌਮ ਦੇ ਘਰ ਹੀ ਡਿਜ਼ਾਇਨ ਹੋਈ ਸੀ? ਪਰ ਉਸਤੇ ਚੱਜ ਨਾਲ ਕੇਸ ਵੀ ਦਰਜ਼ ਨਹੀਂ ਕੀਤਾ ਗਿਆ? 1978 ਵਿਚ ਨਿਰੰਕਾਰੀਆਂ ਨਾਲ ਵਰਤੀ ਰਿਆਇਤ ਇੱਥੇ ਵੀ ਬਰਕਰਾਰ ਰਹੀ?

  11. ਜਿਹੜੇ ਸਿੱਖਾਂ ਨੇ ਰੋਸ ਕੀਤਾ ਉਹਨਾਂ ਤੇ ਪੁਲਿਸ ਨੇ ਡੰਡੇ ਵਾਹੇ ਗੋਲੀਆਂ ਚਲਾਈਆਂ ਭਾਈ ਕੰਵਲਜੀਤ ਸਿੰਘ ਸੁਨਾਮ ਵਰਗੇ ਵਰਗੇ ਸ਼ਹੀਦ ਹੋ ਗਏ, ਪਰ ਫਖਰ-ਏ-ਕੌਮ ਨੇ ਕਿਸੇ ਪ੍ਰੇਮੀ ਤੇ ਠੀਕ ਤੇ ਢੁੱਕਵਾਂ ਪਰਚਾ ਦਰਜ਼ ਨਹੀਂ ਕੀਤਾ, ਸਭ ਬਰੀ ਹੋ ਰਹੇ ਹਨ ਜਾਂ ਹੋ ਜਾਣਗੇ ?

  12. ਇੱਕ ਬਿਹਾਰੀ ਬਾਬੂ ਆਸ਼ੁਤੋਸ਼ ਰੋਜ਼ ਸਿੱਖਾਂ ਦੀ ਧਾਰਮਿਕ ਮਰਿਯਾਦਾ ਵਿਚ ਜਹਿਰ ਘੋਲਣ ਦੀ ਗੁਸਤਾਖੀ ਕਰਦਾ ਰਿਹਾ, ਉਸਨੂੰ ਰੋਕਣਾ ਤਾਂ ਕੀ ਸੀ, ਸਗੋਂ ਫਖਰ-ਏ-ਕੌਮ ਦਾ ਪਰਿਵਾਰ ਉਸਦਾ ਸੇਵਕ ਬਣ ਗਿਆ? ਜਦੋਂ ਸਿੱਖਾਂ ਨੇ ਉਸਦੇ ਕੂੜ ਪ੍ਰਚਾਰ ਨੂੰ ਰੋਕਣਾ ਚਾਹਿਆ ਤਾਂ ਫਖਰ-ਏ-ਕੌਮ ਦੀ ਪੁਲਿਸ ਨੇ ਭਾਈ ਦਰਸ਼ਨ ਸਿੰਘ ਲੋਹਾਰਾ ਨੂੰ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਅਤੇ ਦਰਜਨਾਂ ਨੂੰ ਜਖਮੀ ਕਰ ਦਿੱਤਾ।

  13. ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕਵਾਉਣ ਵਾਸਤੇ ਰੋਸ ਪ੍ਰਗਟ ਕਰਨ ਲਈ ਜਦੋਂ ਸਿੱਖਾਂ ਨੇ ਅਮਨ ਮਈ ਤਰੀਕੇ ਪੰਜਾਬ ਬੰਦ ਕੀਤਾ ਤਾਂ ਫਖਰ-ਏ-ਕੌਮ ਦੀ ਪੁਲਿਸ ਨੇ ਭਾਈ ਜਸਪਾਲ ਸਿੰਘ ਚੌੜ ਸਿਧਵਾਂ ਨੂੰ ਕਿਸੇ ਦੇ ਘਰ ਵੜਕੇ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ। ਅਕਾਲ ਤਖਤ ਦੇ ਜਥੇਦਾਰ ਦੇ ਦਿੱਤੇ ਭਰੋਸੇ ਅਤੇ ਬਾਦਲ ਸਾਹਬ ਦੇ ਚੁੱਕੇ ਇਤਿਆਦੀ ਕਦਮ ਨਾਲ ਬਰਖਾਸਤ ਕਾਤਲ ਅਫਸਰ, ਅੱਜ ਫਿਰ ਨੌਕਰੀਆਂ 'ਤੇ ਮੌਜਾਂ ਲੈ ਰਹੇ ਹਨ?

  14. ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਸਬੰਧ ਵਿਚ ਅਦਾਰਾ ਪਹਿਰੇਦਾਰ ਵੱਲੋਂ ਕਰਵਾਏ ਕਰੋੜ ਦੇ ਕਰੀਬ ਦਸਤਖਤਾਂ ਅਤੇ ਸ਼੍ਰੋਮਣੀ ਕਮੇਟੀ ਦੀ ਅਪੀਲ ਤੇ ਰਾਸ਼ਟਰਪਤੀ ਵਲੋਂ ਨਜ਼ਰਸਾਨੀ ਵਾਸਤੇ ਭਾਰਤ ਦੇ ਗ੍ਰਹਿ ਵਿਭਾਗ ਨੂੰ ਭੇਜੀ ਫਾਇਲ ਉੱਪਰ ਜਦੋਂ ਪੰਜਾਬ ਸਰਕਾਰ ਨੇ ਸਿਫਾਰਸ਼ ਕਰਨੀ ਸੀ, ਤਾਂ ਫਖਰ-ਏ-ਕੌਮ ਨੇ ਬਿਨਾਂ ਕੁੱਝ ਲਿਖੇ ਓਹ ਫਾਇਲ ਵਾਪਿਸ ਭੇਜ ਦਿੱਤੀ ਹੈ?

  15. ਸ਼੍ਰੋਮਣੀ ਕਮੇਟੀ ਦਾ ਕੰਮ ਕਾਜ਼ ਆਪਣੇ ਨਿੱਜੀ ਸੀ.ਏ. ਕੋਹਲੀ ਨੂੰ ਧੱਕੇ ਨਾਲ ਦੇਕੇ ਉਸਨੂੰ ਗੁਰੂ ਰਾਮ ਦਾਸ ਜੀ ਦੇ ਖੀਸੇ ਵਿਚੋਂ ਲਗਭੱਗ ਇੱਕ ਕਰੋੜ ਕੱਢਣ ਦੀ ਇਜਾਜ਼ਤ ਫਖਰ-ਏ-ਕੌਮ ਨੇ ਦਿੱਤੀ ਹੋਈ ਹੈ, ਸਿੱਖਾਂ ਦੇ ਦਬਾਅ ਹੇਠ ਇੱਕ ਵਾਰ ਉਸਨੂੰ ਹਟਾ ਦਿੱਤਾ ਤੇ ਰਾਤੋ ਰਾਤ ਫਿਰ ਲਗਾ ਦਿੱਤਾ, ਜਿਸ ਬਾਰੇ ਕੋਈ ਐਗਜੈਕਟਿਵ ਦਾ ਮਤਾ ਪਾਉਣ ਦੀ ਲੋੜ ਨਹੀਂ ਸਮਝੀ ਗਈ?

  16. ਸਿੱਖਾਂ ਦੇ ਬੇਗੁਨਾਹ ਬੱਚਿਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਕੇ ਮਾਰਨ ਵਾਲੇ ਅਫਸਰ ਉਚੇ ਔਹਦਿਆਂ ਤੇ ਅਨੰਦ ਲੈ ਰਹੇ ਹਨ, ਇਸ ਲਿਹਾਜ਼ ਹੇਠ ਹੀ ਫਖਰ-ਏ-ਕੌਮ ਉਹਨਾਂ ਤੋਂ ਮਨਮਾਨੀਆਂ ਕਰਵਾ ਰਿਹਾ ਹੈ, ਸੌਦਾ ਸਾਧ ਦੇ ਖਿਲਾਫ਼ ਸਵਾਂਗ ਰਚਾਉਣ ਦੇ ਮਾਮਲੇ ਵਿਚ ਚਲਾਨ ਹੀ ਢੰਗ ਨਾਲ ਪੇਸ਼ ਨਹੀਂ ਹੋਣ ਦਿੱਤਾ? ਹਰ ਰੋਜ਼ ਪੁਲਿਸ ਤੋਂ ਆਪਣੇ ਵਿਰੋਧੀਆਂ ਨੂੰ ਛੱਲੀਆਂ ਵਾਂਗੂੰ ਕੁਟਵਾਉਂਦਾ ਹੈ, ਜਥੇਦਾਰਾਂ ਤੋਂ ਮਰਜ਼ੀ ਦੇ ਹੁਕਮਨਾਮੇ ਜਾਰੀ ਕਰਵਾਉਂਦਾ ਹੈ ?

ਆਹ ਸੋਲਾਂ ਕਲਾ ਸੰਪੂਰਨ ਸ. ਬਾਦਲ ਨੂੰ ਫਖਰ-ਏ-ਕੌਮ ਦਾ ਖਿਤਾਬ ਦਿੱਤਾ ਗਿਆ ਹੈ? ਲਿਖਣ ਨੂੰ ਹੋਰ ਬਹੁਤ ਕੁਝ ਹੈ ਲੇਕਿਨ ਏਨੇ ਨਾਲ ਜਗਿਆਸੂ ਲੋਕਾਂ ਨੂੰ ਸਮਝ ਆ ਜਾਵੇਗੀ ਕਿ ਏਡਾ ਵੱਡਾ ਖਿਤਾਬ, ਇਹਨਾਂ ਪ੍ਰਾਪਤੀਆਂ ਕਰਕੇ ਦੇਣਾ ਬਣਦਾ ਵੀ ਸੀ ? ਹੁਣ ਰਹੀ ਗੱਲ ਕਿਸੇ ਨੂੰ ਅਵੱਗਿਆ ਬਦਲੇ ਬੁਲਾਉਣ ਦੀ, ਸਾਡੇ ਜਥੇਦਾਰ ਸਾਹਿਬ ਨੂੰ ਕੁੱਝ ਗੱਲਾਂ ਤਾਂ ਅਖਬਾਰਾਂ ਤੋਂ ਵੀ ਪਤਾ ਲੱਗ ਜਾਂਦੀਆਂ ਹਨ? ਜੇ ਕਿਤੇ ਆਹ ਮੇਰਾ ਲੇਖ ਜਥੇਦਾਰ ਸਾਹਿਬ ਪੜ੍ਹਣ ਤਾਂ ਨਿਮਰਤਾ ਸਹਿਤ ਬੇਨਤੀ ਹੈ ਕਿ ਕੌਮ ਨੂੰ ਇੱਕ ਜਰੂਰ ਦੱਸ ਦਿਓ ਕਿਉਂਕਿ ਕੌਮ ਜਾਣਦੀ ਹੈ ਕਿ ਫਖਰ-ਏ-ਕੌਮ ਨੂੰ ਜਥੇਦਾਰ ਸਾਹਿਬ ਤਲਬ ਨਹੀਂ ਕਰ ਸਕਦੇ? ਉਸਦਾ ਰੁੱਤਬਾ ਹੀ ਬਹੁਤ ਵੱਡਾ ਹੈ, ਅਜਿਹਾ ਖਿਤਾਬ ਤਾਂ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜਾਂ ਕਿਸੇ ਹੋਰ ਸ਼ਹੀਦ ਨੂੰ ਵੀ ਮੇਰੀ ਕੌਮ ਨੇ ਨਹੀਂ ਦਿੱਤਾ, ਜਿੱਡਾ ਰੁਤਬਾ ਸ. ਪ੍ਰਕਾਸ਼ ਸਿੰਘ ਨੂੰ ਉਸਦੀਆਂ ਮਹਾਂ ਪ੍ਰਾਪਤੀਆਂ ਬਦਲੇ ਦਿੱਤਾ ਗਿਆ ਹੈ ? ਪਰ ਸਿੱਖ ਇਹ ਹੀ ਪੁਛਦੇ ਨੇ ਕਿ ਸਿਰਫ ਏਨਾਂ ਹੀ ਕੌਮ ਨੂੰ ਦੱਸ ਦਿਓ ਕਿ ਫਖਰ-ਏ-ਕੌਮ ਨੂੰ ਕਿਸ ਤਖਤ 'ਤੇ ਤਲਬ ਕੀਤਾ ਜਾ ਸਕਦਾ ਹੈ ...........? ਜਾਂ ਫਿਰ ਸਿੱਖ ਇਹੀ ਮੰਤਰ ਪੜ੍ਹਣਾ ਆਰੰਭ ਕਰ ਦੇਣ ''ਜਿਥੇ ਸਾਡਾ ਨੰਦ ਘੋਪ, ਉਥੇ ਬਿੱਲੀ ਮਰੀ ਦਾ ਕੀਹ ਦੋਸ਼''..............?

(With thanks from "Khalsa News"   A.J.S.Chandi.)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.