ਕੈਟੇਗਰੀ

ਤੁਹਾਡੀ ਰਾਇ



Gurinderpal Singh Dhanoula
ਅੱਜ ਜਦੋਂ ਪੰਥ ਦੇ ਦੁਆਲੇ ਵਿਰੋਧੀਆਂ ਦਾ ਘੇਰਾ ਸਖਤ ਹੁੰਦਾ ਜਾ ਰਿਹਾ ਹੈ ਤਾਂ ਪੰਥ ਖਾਮੋਸ਼ ਕਿਉਂ ?
ਅੱਜ ਜਦੋਂ ਪੰਥ ਦੇ ਦੁਆਲੇ ਵਿਰੋਧੀਆਂ ਦਾ ਘੇਰਾ ਸਖਤ ਹੁੰਦਾ ਜਾ ਰਿਹਾ ਹੈ ਤਾਂ ਪੰਥ ਖਾਮੋਸ਼ ਕਿਉਂ ?
Page Visitors: 2807

ਅੱਜ ਜਦੋਂ ਪੰਥ ਦੇ ਦੁਆਲੇ ਵਿਰੋਧੀਆਂ ਦਾ ਘੇਰਾ ਸਖਤ ਹੁੰਦਾ ਜਾ ਰਿਹਾ ਹੈ ਤਾਂ ਪੰਥ ਖਾਮੋਸ਼ ਕਿਉਂ ?
ਪਿਛਲੇ ਕੁੱਝ ਦਿਨਾਂ ਵਿੱਚ ਵਾਪਰੀਆਂ ਘਟਨਾਵਾਂ ਜਾਂ ਲਗਾਤਾਰ ਵਰਤ ਰਹੇ ਵਰਤਾਰੇ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਕੁੱਪ ਰੋਹੀੜੇ ਦੇ ਮੈਦਾਨ ਤੋਂ ਵੀ ਔਖੀ ਘੜੀ ਆ ਗਈ ਜਾਪਦੀ ਹੈ ਕਿਉਂਕਿ ਉਸ ਵੇਲੇ ਦੁਸ਼ਮਨ ਸਾਹਮਣੇ ਸੀ ਅਤੇ ਕਿਸੇ ਵੀ ਅਨਹੋਣੀ ਦੇ ਮੁਕਾਬਲੇ ਵਾਸਤੇ ਖਾਲਸਾ ਪੰਥ ਤੱਤਪਰ ਸੀ । ਦੁਸ਼ਮਨ ਨਾਲ ਆਪਣਾ ਕੋਈ ਰਲਿਆ ਨਹੀ ਹੋਇਆ ਸੀ, ਲੇਕਿਨ ਅਜੋਕੇ ਸਮੇਂ ਵਿਚ ਤਾਂ ਇੰਜ ਮਹਿਸੂਸ ਹੋ ਰਿਹਾ ਹੈ ਕਿ ਪੱਤਾ ਪੱਤਾ ਸਿੱਖਾਂ ਦਾ ਵੈਰੀ ਬਣ ਚੁੱਕਾ ਹੈ ਦੁਸ਼ਮਨ ਤਾਂ ਦੁਸ਼ਮਨ ਹੈ ਹੀ, ਪਰ ਜਿਹੜੇ ਆਪਣੇ ਦਿਸਦੇ ਹੋਏ ਵੀ ਦੁਸ਼ਮਨਾਂ ਵਰਗੇ ਕੰਮ ਕਰ ਰਹੇ ਹਨ ਉਹਨਾਂ ਨੂੰ ਕਿਸ ਸ਼੍ਰੇਣੀ ਵਿੱਚ ਖੜ੍ਹਾ ਕੀਤਾ ਜਾਵੇ। ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੇ ਬੈਠੇ ਲੋਕਾਂ ਦੀ ਗੱਲ ਕਰਦੇ ਹਾ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਪੋਪ ਅਖਵਾਉਣ ਦੀ ਆਸ਼ਾ ਰਖਦੇ ਹਨ। ਪਰ ਇਹ ਕਦੇ ਨਹੀ ਸੋਚਦੇ ਕਿ ਅਸੀਂ ਪੋਪ ਵਰਗੀ ਕਾਰਜਸ਼ੈਲੀ ਕਿਵੇਂ ਬਣਾਉਣੀ ਹੈ ਅਤੇ ਇਹ ਵੀ ਨਹੀ ਸਮਝਦੇ ਕਿ ਅਸੀਂ ਜੋ ਕੁੱਝ ਕਰ ਰਹੇ ਹਾ, ਓਹ ਪੰਥ ਪ੍ਰਸਤੀ ਨਹੀ ਸਗੋਂ ਭਗਵੀ ਸੇਵਾ ਹੈ। ਬੜੀ ਮਿਹਨਤ ਨਾਲ ਸ. ਪਾਲ ਸਿੰਘ ਪੁਰੇਵਾਲ ਨੇ ਸਿੱਖ ਕੌਮ ਦਾ ਇੱਕ ਵਖਰਾ ਕੈਲੰਡਰ ਤਿਆਰ ਕੀਤਾ ਸੀ ਅਤੇ ਬੜੀਆਂ ਦੁਸ਼ਵਾਰੀਆਂ ਪਿਛੋਂ ਆਖਿਰ ਕਿਸੇ ਤਰੀਕੇ ਪ੍ਰਵਾਨ ਚੜ੍ਹ ਗਿਆ। ਬੇਸ਼ੱਕ ਸਿੱਖਾਂ ਵਿਚਲਾ ਸਾਧ ਲਾਣਾ ਓਦੋਂ ਵੀ ਵਿਰੋਧੀ ਸੀ। ਪਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਖਸ਼ੀ ਪ੍ਰਭਾਵ ਕਰਕੇ ਸਭ ਕੌੜਾ ਘੁੱਟ ਪੀ ਗਏ। ਲੇਕਿਨ ਕੈਲੰਡਰ ਨੂੰ ਖਤਮ ਕਰਨ ਦੀ ਅੱਗ ਸੁਲਘਦੀ ਰਹੀ ਤੇ ਅਖੀਰ ਕਮਜੋਰ ਸ਼੍ਰੋਮਣੀ ਕਮੇਟੀ ਦੇ ਕੁਪ੍ਰਬੰਧ ਕਰਕੇ ਭਾਂਬੜ ਬਣ ਗਈ ਅਤੇ ਕੈਲੰਡਰ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਹੁਣ ਜਦੋ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਲੈਕੇ ਕੌਮ ਵਿਚ ਦੁਬਿਧਾ ਬਣੀ ਹੈ ਤਾਂ ਪੋਪ ਦਾ ਸੁਪਨਾ ਲੈਣ ਵਾਲੇ ਜਥੇਦਾਰ ਬੱਚੇ ਦੀ ਸਲੇਟ ਤੇ ਲਿਖੇ ਅਖਰਾਂ ਤੋਂ ਵੀ ਪਹਿਲਾਂ ਆਪਣਾ ਲਿਖਿਆ ਮਿਟਾਕੇ ਨਵੀ ਇਬਾਰਤ ਲਿਖਦੇ ਹਨ। ਅਜਿਹਾ ਇੱਕ ਵਾਰ ਨਹੀ ਵਾਰ ਵਾਰ ਹੋ ਰਿਹਾ ਹੈ ਤੇ ਹਰ ਸਿੱਖ ਨੂੰ ਪਤਾ ਵੀ ਹੈ ਕਿ ਜਥੇਦਾਰ ਕਿਵੇ ਸਿੱਖਾਂ ਦਾ ਅਤੇ ਗੁਰੂ ਇਤਿਹਾਸ ਦਾ ਮਖੌਲ ਉਡਾ ਰਹੇ ਹਨ। ਸਰਬੰਸਦਾਨੀ ਦਾ ਜਨਮ ਦਿਹਾੜਾ ਮਜਾਕ ਦਾ ਪਾਤਰ ਬਣਾਕੇ ਰੱਖ ਦਿੱਤਾ ਹੈ।ਦੂਸਰੇ ਪਾਸੇ ਆਈਏ ਭਾਜਪਾ ਆਗੂ ਨਵਜੋਤ ਸਿੱਧੂ ਜਿਹੜਾ ਪਹਿਲਾਂ ਬਾਦਲਾਂ ਦੇ ਖਿਲਾਫ਼ ਪ੍ਰਚਾਰ ਕਰਕੇ ਬਾਦਲ ਵਿਰੋਧੀਆਂ ਅਤੇ ਪੰਜਾਬ ਦੇ ਭੋਲੇ ਭਾਲੇ ਸਿੱਖਾਂ ਦੇ ਜਜਬਾਤ ਇੱਕਠੇ ਕਰਕੇ ਪੰਥ ਦਰਦੀ ਬਣਦਾ ਰਿਹਾ ਅਤੇ ਹੁਣ ਆਪਣੀ ਮਤਰੇਈ ਮਾਂ ਆਰ.ਐਸ.ਐਸ. ਨੂੰ ਅਤੇ ਪੰਜਾਬ ਦੇ ਕਟੜਵਾਦੀ ਹਿੰਦੁਤਵ ਨੂੰ ਖੁਸ਼ ਕਰਨ ਵਾਸਤੇ ਗੁਰੂ ਅਰਜਨ ਪਾਤਸ਼ਾਹ ਤੇ ਬੜੀਆਂ ਘਟੀਆ ਅਤੇ ਅਪਮਾਨਜਨਕ ਟਿੱਪਣੀਆਂ ਕਰਕੇ ਆਪਣੀ ਔਕਾਤ ਜ਼ਾਹਰ ਕਰ ਰਿਹਾ ਹੈ ਤਾਂ ਕਿ ਆਮ ਸਿੱਖਾਂ ਨੂੰ ਅਹਿਸਾਸ ਕਰਵਾ ਦਿੱਤਾ ਜਾਵੇ ਕਿ ਗੁਰੂ ਕੋਈ ਵੱਡੀ ਚੀਜ ਨਹੀ, ਟਿਪਣੀ ਕੀਤੀ ਜਾ ਸਕਦੀ ਹੈ ਅਤੇ ਸਿੱਖ ਅਜਿਹਾ ਕਰਨ ਦੀ ਆਦਤ ਪਾ ਲੈਣ। ਫਿਰ ਸਿੱਖੀ ਸਪਿਰਟ ਦੀ ਫੂਕ ਨਿਕਲ ਜਾਵੇਗੀ, ਜਿਸ ਨਾਲ ਆਰ .ਐਸ.ਐਸ. ਦਾ ਰਸਤਾ ਆਸਾਨ ਹੋ ਜਾਵੇਗਾ।
ਹੁਣ ਜਥੇਦਾਰ ਜੇ ਸਿੱਧੂ ਨੂੰ ਬਲਾਉਣਗੇ ਵੀ ਤਾਂ ਸਵਾਲ ਖੜ੍ਹਾ ਹੋਵੇਗਾ ਕਿ ਫਿਰ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਹੁ ਚਾਵਲਾ ਜਿਹੜਾ ਸਿਰ ਤੇ ਲਾਲ ਚੁੰਨੀ ਲੈਕੇ ਮਾਤਾ ਦਾ ਭੁੱਚਰ ਬਣਕੇ ਦੁਰਗਾ ਮਾਤਾ ਦੇ ਜਗਰਾਤੇ ਵਿੱਚ ਭੇਟਾਂ ਗਾਉਂਦਾ ਹੈ ਜਾਂ ਸੁੱਚਾ ਸਿੰਹੁ ਲੰਗਾਹ ਇਕੋਤਰ ਸੌ ਰਮਾਇਣ ਦੇ ਪਾਠ ਕਰਵਾਉਂਦਾ ਹੈ ਜਾਂ ਬੀਬੀ ਹਰਸਿਮਰਤ ਸ਼ਿਵਲਿੰਗ ਦੀ ਪੂਜਾ ਕਰਦੀ ਹੈ ਜਾਂ ਫਿਰ ਸ਼੍ਰੋਮਣੀ ਕਮੇਟੀ ਕੁੰਭ ਦੇ ਮੇਲਿਆਂ ਦੇ ਲੰਗਰ ਦਾ ਪ੍ਰਬੰਧ ਕਰਦੀ ਹੈ ਤਾਂ ਜਥੇਦਾਰ ਸਿੱਧੂ ਨੂੰ ਹੱਥ ਪਾਉਣ ਤੋਂ ਪਹਿਲਾਂ ਸੌ ਵਾਰ ਸੋਚਣਗੇ ਕਿਉਂਕਿ ਇਹ ਸਾਰੇ ਕੁਕਰਮ ਭਗਵੇਂ ਬ੍ਰਗੇਡ ਨੇ ਪਹਿਲਾਂ ਇਸ ਕਰਕੇ ਕਰਵਾਏ ਸਨ ਤਾਂ ਕਿ ਜਦੋਂ ਓਹ ਸਿਧੇ ਰੂਪ ਵਿਚ ਗੁਰੂ ਸਹਿਬਾਨ ਜਾਂ ਸਿੱਖ ਇਤਿਹਾਸ ਤੇ ਵਾਰ ਕਰਨ ਤਾਂ ਜਥੇਦਾਰ ਹਾਸੋਹੀਣੀ ਸਥਿਤੀ ਵਿਚ ਫਸ ਜਾਣ। ਨਵਜੋਤ ਸਿੱਧੂ ਨੂੰ ਪੰਜਾਬ ਦੀ ਸਿਆਸਤ ਦਾ ਹੀਰੋ ਬਣਾਕੇ ਭਾਵ ਸਿੱਖਾਂ ਨੂੰ ਵੱਢਣ ਵਾਲੀ ਹਿੰਦੂਤਵੀ ਕੁਹਾੜੀ ਦਾ ਦਸਤਾ ਬਣਾਉਣ ਦੀ ਵਿਉਂਤਬੰਦੀ ਪਿਛਲੇ ਕਾਫੀ ਅਰਸੇ ਤੋਂ ਆਰ.ਐਸ.ਐਸ. ਵੱਲੋਂ ਕੀਤੀ ਗਈ ਹੈ। ਉਸਨੂੰ ਹਿੰਦੁਵਾਦੀ ਸੋਚ ਦੇ ਧਾਰਨੀ ਟੀ.ਵੀ. ਚੈਨਲਾਂ ਵੱਲੋਂ ਬੇਸ਼ੱਕ ਹਾਸੇ ਮਜਾਕ ਵਾਲੇ ਜੌਕਰ ਵਜੋਂ ਹੀ ਸਹੀ, ਲੇਕਿਨ ਇੱਕ ਕੱਟੀ ਦਾਹੜੀ ਵਾਲੇ ਸਿੱਖ ਕਰਕੇ ਸਿੱਧੂ ਨੂੰ ਬੜਾ ਹੀ ਉਭਾਰਿਆ ਹੈ ਅਤੇ ਹੁਣ ਉਸ ਦੀਆਂ ਵਾਗਾਂ ਖੁੱਲੀਆਂ ਛੱਡ ਦਿਤੀਆਂ ਹਨ ਕਿ ਇੱਕ ਪਾਸੇ ਬਾਦਲ ਦੇ ਖਿਲਾਫ਼ ਬੋਲਕੇ ਭਾਜਪਾ ਦਾ ਰਾਜਸੀ ਰਸਤਾ ਸਾਫ਼ ਕਰੀ ਜਾ ਰਿਹਾ ਹੈ, ਦੂਸਰੇ ਪਾਸੇ ਆਪਣੇ ਘਰ ਵਿਚ ਕਰੋੜਾਂ ਦੇ ਸ਼ਿਵਲਿੰਗ ਸਥਾਪਤ ਕਰਕੇ ਅਤੇ ਹੁਣ ਸ਼ਹੀਦਾਂ ਦੇ ਸਿਰਤਾਜ਼ ਗੁਰੂ ਅਰਜਨ ਪਾਤਸ਼ਾਹ ਖਿਲਾਫ਼ ਟਿੱਪਣੀਆਂ ਕਰਕੇ ਆਰ.ਐਸ.ਐਸ. ਦੇ ਸਿੱਖੀ ਨੂੰ ਨਿਗਲਣ ਵਾਲੇ ਅਜਗਰ ਨੂੰ ਖੁਸ਼ ਕਰੀ ਜਾ ਰਿਹਾ ਹੈ। ਸਾਡੇ ਵਿਰੋਧੀ ਦੇ ਦੋਵੇ ਹੱਥ ਲੱਡੂ ਹਨ, ਪਰ ਸਾਡੇ ਹਥ ਕੀਹ ਇਹ ਅਸੀਂ ਹਾਲੇ ਸੋਚਿਆ ਹੀ ਨਹੀ..?
ਬੇਸ਼ੱਕ ਇਹ ਸਾਰਾ ਕੁੱਝ ਬਾਦਲ ਪਰਿਵਾਰ ਦੀ ਰਾਜਸੀ ਲਾਲਸਾ ਭਿ੍ਰਸ਼ਟ ਸੋਚ ਦਾ ਨਤੀਜਾ ਹੈ। ਜਿਸ ਨੂੰ ਸਾਰੇ ਨਹੀ ਤਾਂ ਬਹੁਗਿਣਤੀ ਸਿੱਖ ਹੁਣ ਤੱਕ ਛੋਟੇ ਛੋਟੇ ਲਾਲਚਾਂ ਜਾਂ ਐਵੇ ਨਿਗੂਣੀਆਂ ਜਿਹੀਆਂ ਮਜਬੂਰੀਆਂ ਕਰਕੇ ਜਰਦੇ ਰਹੇ ਹਨ। ਜੇ ਕਦੇ ਕਿਸੇ ਨਾਲ ਗੱਲ ਕਰੋ ਤਾਂ ਸਧਾਰਨ ਤੇ ਸੁਖਾਲਾ ਜਵਾਬ ਸੀ ਕੀਹ ਕਰੀਏ ਜੀ ਬਾਦਲ ਤੋਂ ਬਿਨਾ ਹੋਰ ਹੈ ਵੀ ਕੌਣ ..? ਪਰ ਇਹ ਗੱਲ ਉਹਨਾਂ ਦੀ ਸੱਚ ਵੀ ਹੈ। ਕਿਸੇ ਨੇ ਵੀ ਆਪਣਾ ਪੰਥਕ ਮੁਹਾਂਦਰਾ ਨਹੀ ਬਣਾਇਆ। ਜਿਸ ਤੇ ਸਿੱਖ ਇਤਬਾਰ ਕਰ ਸਕਣ। ਪੰਥਕ ਕਹਾਉਣ ਵਾਲੇ ਵੀ ਈਰਖਾ ਦੀ ਅੱਗ ਵਿੱਚ ਹੀ ਭੁੱਜਦੇ ਰਹੇ ਹਨ। ਪੰਥ ਨਾਲੋ ਆਪਣੀ ਪਾਰਟੀ ਦੇ ਏਜੰਡੇ ਵਧੇਰੇ ਪਿਆਰੇ ਹੋ ਗਏ। ਕੋਈ ਆਖਦਾ ਹੈ ਕਿ ਮੇਰਾ ਫਲਾਣਾ ਆਗੂ ਆਦਰਸ਼ ਹੈ, ਕੋਈ ਆਖਦਾ ਹੈ ਕਿ ਬਾਕੀ ਸਾਰੇ ਸਰਕਾਰੀ ਹਨ, ਕਿਸੇ ਏਜੰਸੀ ਦੇ ਬੰਦੇ ਹਨ, ਅਸੀਂ ਪੰਥਕ ਅਤੇ ਕੁਰਬਾਨੀ ਵਾਲੇ ਹਾ। ਪਰ ਹੁਣ ਤਾਂ ਕਿਸੇ ਪਾਰਟੀ ਦੇ ਏਜੰਡੇ ਦੀ ਗੱਲ ਛੱਡੋ ਦੁਸ਼ਮਨ ਨੇ ਸਿੱਧਾ ਬਾਬੇ ਨਾਨਕ ਦੇ ਏਜੰਡੇ ਨੂੰ ਹੱਥ ਪਾ ਲਿਆ ਹੈ, ਪਰ ਅਸੀਂ ਹਾਲੇ ਵੀ ਸੁੱਤੇ ਪਏ ਹਾ।ਰੋਜ਼ ਕਿਤੇ ਨਾ ਕਿਤੇ ਪੰਥ ਦੇ ਨਾਮ ਤੇ ਇੱਕਠ ਹੁੰਦੇ ਹਨ, ਮੀਟਿੰਗਾਂ ਅਤੇ ਕਾਨਫਰੰਸਾਂ ਵਿਚ ਮਤੇ ਪੈ ਰਹੇ ਹਨ। ਨਵੀਆਂ ਜਥੇਬੰਦੀਆਂ ਬਣ ਰਹੀਆਂ ਹਨ। ਪਰ ਇਸ ਨਾਲ ਪੰਥ ਦੀ ਬਿਹਤਰੀ ਕਿਵੇ ਹੋਵੇਗੀ ..? ਬੰਦੇ ਤਾਂ ਓਹ ਹੀ ਹਨ, ਜਿਹਨਾਂ ਨੂੰ ਕੌਮ ਕਈ ਵਾਰ ਅਜ਼ਮਾ ਚੁੱਕੀ ਹੈ ਅਤੇ ਇਹ ਵੀ ਭੁਲੇਖਾ ਨਹੀ ਕਿ ਇਹ ਕੌਮ ਦੀ ਕਿਸ਼ਤੀ ਨੂੰ ਕਿਸੇ ਕਿਨਾਰੇ ਲਾਉਣਗੇ ..? ਫਿਰ ਰੋਜ਼ ਨਵੀ ਜਥੇਬੰਦੀ ਬਣਾਉਣ ਬਾਰੇ ਲੋਕ ਧਾਰਨਾ ਤਾਂ ਸਿਰਫ ਏਨੀ ਹੀ ਹੈ ਕਿ
‘‘ ਹੱਥ ਪੁਰਾਣੇ ਖੌਸੜੇ ਬਸੰਤੇ ਹੋਰੀ ਆਏ ’’
ਅੱਜ ਕੌਮ ਤੇ ਭੀੜ ਬਣੀ ਹੈ। ਜਿਹੜੇ ਆਪਣੇ ਆਪ ਨੂੰ ਪੰਥਕ ਆਖਕੇ ਪਿਛਲੇ ਬਹੁਤ ਸਾਲਾਂ ਤੋਂ ਕੌਮ ਨੂੰ ਜੋਕ ਵਾਂਗੂੰ ਚਿੰਬੜੇ ਹੋਏ ਹਨ, ਹੁਣ ਸਮਾਂ ਆ ਗਿਆ ਹੈ ਜਾਂ ਤਾਂ ਓਹ ਲਹੁ ਹੁਣ ਕੌਮ ਦੇ ਲੇਖੇ ਲਾਉਣ ਵਾਸਤੇ ਬਿਨਾਂ ਸ਼ਰਤ ਪੰਥਕ ਏਕੇ ਦਾ ਅਵਾਜਾ ਬੁਲੰਦ ਕਰਨ ਜਾਂ ਫਿਰ ਕੌਮ ਦਾ ਖਹਿੜਾ ਛੱਡ ਦੇਣ ਅਤੇ ਗੁਰੂ ਆਪੇ ਮਿਹਰ ਕਰੇਗਾ ਕੋਈ ਕੌਮੀ ਪਰਵਾਨਾ ਨਿਤ੍ਰੇਗਾ ਜਿਹੜਾ ਕੌਮ ਦੀ ਬੇੜੀ ਨੂੰ ਸੰਭਾਲ ਲਵੇਗਾ।
ਹੁਣ ਤੱਕ ਸਾਹਮਣੇ ਦਿਸਦੇ ਪੰਥਕ ਆਗੂ ਲੋਕਾਂ ਵੱਲੋਂ ਰੱਦ ਹੋ ਚੁੱਕੇ ਹਨ। ਕੌਮ ਦਾ ਭਰੋਸਾ ਉਹ ਜਿੱਤਣ ਵਿਚ ਕਾਮਯਾਬ ਨਹੀ ਹੋ ਸਕੇ ? ਇਹ ਨਹੀ ਕਿ ਓਹ ਸਾਰੇ ਨਲਾਇਕ ਹਨ, ਅਜਿਹਾ ਵੀ ਤਾਂ ਹੋ ਸਕਦਾ ਹੈ ਕਿ ਓਹ ਆਪਣੇ ਗੁਣ ਕੌਮ ਨੂੰ ਦੱਸ ਹੀ ਨਾ ਸਕੇ ਹੋਣ ਜਾਂ ਕੌਮ ਹੀ ਨਾ ਸਮਝ ਸਕੀ ਹੋਵੇ? ਪਰ ਇਹ ਜਰੁਰ ਹੈ ਕਿ ਹੁਣ ਕੌਮ ਦੀ ਗੱਡੀ ਨੂੰ ਖਿੱਚਣ ਵਾਸਤੇ ਭਰੋਸੇਮੰਦ ਇੰਜਨ ਦੀ ਲੋੜ ਹੈ। ਕਿੰਨਾਂ ਚੰਗਾ ਹੋਵੇਗਾ ਜੇ ਸਾਡੇ ਵਰਗੇ ਲੋਕ ਪਿਛੇ ਹਟ ਜਾਣ ਅਤੇ ਨਵੇਂ ਲੋਕਾਂ ਨੂੰ ਅਗਵਾਈ ਦਾ ਮੌਕਾ ਦਿੱਤਾ ਜਾਵੇ। ਸਾਨੂੰ ਕੌਮ ਨੇ ਬਹੁਤ ਝੱਲਿਆ ਹੈ ਹੁਣ ਰਹਿਮ ਕਰਨਾ ਚਾਹੀਦਾ ਹੈ। ਕੌਮ ਨੂੰ ਵੀ ਸੋਚ ਲੈਣਾ ਚਾਹੀਦਾ ਹੈ ਕਦੇ ਬਰ੍ਹਮਗਿਆਨੀ , ਕਦੇ ਪੰਥਕ ਅਗਿਆਨੀ ਅਤੇ ਕਦੇ ਆਮ ਆਦਮੀ ਪਾਰਟੀ ਅਤੇ ਹੁਣ ਤਾਜ਼ੀ ਤਾਜ਼ੀ ਭਾਜਪਾ ਦੀ ਚੜ੍ਹਤ ਵੇਖ ਕੇ ਜੁੱਤੀਆਂ ਲਾਹ ਕੇ ਮਗਰ ਨਾ ਭੱਜੇ। ਸਗੋਂ ਹੁਣ ਗੰਭੀਰਤਾ ਨਾਲ ਪੰਥ ਦੇ ਭਵਿਖ ਬਾਰੇ ਸੋਚੇ ਕਿ ਕੀਹ ਹੁਣ ਅਸੀਂ ਓਥੇ ਮੁੜਕੇ ਜਾਣਾ ਚਾਹੁੰਦੇ ਹਾਂ ? ਜਿਥੋਂ 1469 ਈ: ਵਿੱਚ ਬਾਬੇ ਨਾਨਕ ਨੇ ਸਾਨੂੰ ਕੱਢਣ ਦਾ ਮਿਸ਼ਨ ਆਰੰਭ ਕੀਤਾ ਸੀ। ਗੁਰੂ ਸਹਿਬਾਨ ਨੇ ਆਪ ਆਪਣੇ ਪਰਿਵਾਰਾਂ ਅਤੇ ਪਰਿਵਾਰਾਂ ਤੋਂ ਵੀ ਪਿਆਰੇ ਸਿੱਖਾਂ ਦੀਆਂ ਸ਼ਹਾਦਤਾਂ ਦੇਕੇ ਸਾਨੂੰ ਇਹ ਸਰੂਪ ਅਤੇ ਵਿਚਾਰਧਾਰਾ ਦਿੱਤੀ ਸੀ। ਜਿਸਨੂੰ ਖਤਮ ਕਰਨ  ਵਾਸਤੇ ਘੇਰਾ ਬੰਦੀ ਹੋ ਚੁੱਕੀ ਹੈ।
ਹੁਣ ਵੇਖੀ ਜਾੳੂਗੀ ਦਾ ਸਮਾਂ ਨਹੀ ਕਿਉਕਿ ਸਰ ਇਕਬਾਲ ਦੇ ਸ਼ੇਅਰ ‘‘
ਪਹਿਲੇ ਤੋ ਗੁਲਾਮੀ ਕਾ ਗਮ ਥਾ ਆਜ਼ਾਦ ਹੁਏ ਤੋ ਗਮ ਯੇਹ ਹੈ ਕਿ
 ਹਰ ਸ਼ਖ ਪੈ ਉੱਲੂ ਬੈਠਾ ਹੈ ਅੰਜਾਮ ਏ ਗੁਲਿਸਤਾਂ ਕਿਆ ਹੋਗਾ ’’

 ਅਨੁਸਾਰ ਸਿੱਖਾਂ ਨੂੰ ਹੁਣ ਕਿਸੇ ਪਦਵੀ, ਕਿਸੇ ਸਰਕਾਰ ਕਿਸੇ ਲੀਡਰ ਤੋਂ ਭਲੇ ਦੀ ਆਸ ਨਹੀ, ਹੁਣ ਆਪਣੇ ਸਿਧਾਂਤ ਆਪਣੀ ਵਿਚਾਰਧਾਰਾ ਨੂੰ ਬਚਾਉਣ ਵਾਸਤੇ ਕਮਰਕੱਸਾ ਕਰਨਾ ਚਾਹੀਦਾ ਹੈ। ਇੱਕ ਨਵੀ ਨਰੋਈ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਜਾਂ ਫਿਰ ਸਾਰੇ ਪੰਥਕ ਟੋਲੇ ਕੌਮ ਤੇ ਰਹਿਮ ਕਰਦੇ ਹੋਏ, ਪੰਥਕ ਜਥੇ ਬਣਕੇ ਪੰਥਕ ਏਕਤਾ ਨੂੰ ਬਿਨ੍ਹਾ ਸ਼ਰਤ ਨੇਪਰੇ ਚਾੜ੍ਹਕੇ ਕੁੱਪ ਰੋਹੀੜੇ ਦੇ ਯੁੱਧ ਦੀ ਤਿਆਰੀ ਕਰਨ, ਇਸ ਵਿਚੋਂ ਇੱਕ ਵਾਰ ਫਿਰ ਕਿਸੇ ਸ਼ੇਰ ਏ ਪੰਜਾਬ ਦੀ ਅਗਵਾਈ ਵਿਚ ਖਾਲਸਾ ਰਾਜ ਪ੍ਰਗਟ ਕੀਤਾ ਜਾ ਸਕਦਾ ਹੈ।
ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ
  93161 76519

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.