ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਗਿਆਨੀ (ਪੰਜਾਬ)
ਬਾਲਾ ਸਾਖੀ , ਗੁਰਬਾਣੀ ਦੀ ਕਸੌਟੀ ਤੇ
ਬਾਲਾ ਸਾਖੀ , ਗੁਰਬਾਣੀ ਦੀ ਕਸੌਟੀ ਤੇ
Page Visitors: 3393

   ਬਾਲਾ ਸਾਖੀ , ਗੁਰਬਾਣੀ ਦੀ ਕਸੌਟੀ ਤੇ
ਮੈਨੂੰ ਸਿੱਖ ਕੌਮ ਦੇ ਪੰਜ ਤਖ਼ਤਾਂ ਸਮੇਤ ਕਈ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾ ਪ੍ਰਾਪਤ ਹੋਇਆ।ਇੱਕ ਗੱਲ ਮੈਂ ਜੋ ਸਾਰੇ ਗੁਰਦੁਆਰਿਆਂ ਵਿੱਚ ਨੋਟ ਕੀਤੀ,ਉਹ ਸੀ ਸਿੱਖ ਰਹਿਤ ਮਰਿਯਾਦਾ (ਕੌਮੀ ਏਕਤਾ) ਦੀ ਅਣਹੋਂਦ।ਇੱਕ ਗੁਰੂ,ਇੱਕ ਨਿਰਾਕਾਰ ਪ੍ਰਮਾਤਮਾ, ਨਿਸ਼ਾਨ ਸਾਹਿਬ ਦਾ ਇੱਕ ਕੌਮੀ ਚਿੰਨ੍ਹ,ਇੱਕ ਅਕਾਲ ਤਖ਼ਤ (ਸੁਪਰੀਮ ਕੋਰਟ) ਪਰ ਮਰਿਯਾਦਾਵਾਂ ਅਨੇਕਾਂ!
  ਉਕਤ ਬਿਆਨ ਕੀਤੇ ਸਿਧਾਂਤ ਤੋਂ ਇਲਾਵਾ ਹਰ ਇੱਕ ਗੁਰਦੁਆਰਾ ਸਾਹਿਬ ਅੰਦਰ ਗੁਰੂ ਨਾਨਕ ਜੀ ਅਤੇ ਭਾਈ ਮਰਦਾਨਾ ਜੀ ਦੀ ਤਸਵੀਰ ਦੇ ਨਾਲ-ਨਾਲ ਬਾਲਾ ਨਾਮੀ ਵਿਅਕਤੀ ਦੀ ਮੌਜ਼ਦਗੀ ਦਿਖਾਈ ਗਈ ਹੈ।ਜਿਸ ਤੋਂ ਪ੍ਰਭਾਵਤ ਹੋ ਕੇ ਮੇਰੇ ਮਨ ਵਿੱਚ ਬਾਲਾ ਜੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਇਛਾ ਜਾਗੀ।ਮੈਨੂੰ ਪ੍ਰਾਪਤ ਹੋਈ ਭਾਈ ਚਤਰ ਸਿੰਘ,ਜੀਵਨ ਸਿੰਘ ਅੰਮ੍ਰਿਤਸਰ ਤੋਂ ਛਪੀ ਛੱਤੀਵੀਂ ਐਡੀਸ਼ਨ ਸਤੰਬਰ 2002 ਬਾਲਾ ਜੀ ਵਾਲੀ ਜਨਮ ਸਾਖੀ।(ਜਿਸ ਵਿੱਚ ਗੁਰੂ ਨਾਨਕ ਜੀ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਦਾ ਜ਼ਿਕਰ ਕੀਤਾ, ਮੰਨਿਆ ਜਾਂਦਾ ਹੈ) ਜਿਸ ਦੇ ਕੁਲ ਪੰਨੇ 792 ਹਨ।ਇਤਨਾ ਬਾਰੀਕੀ ਨਾਲ ਇਸ ਦਾ ਜ਼ਿਕਰ ਮੈ ਇਸ ਲਈ ਕਰ ਰਿਹਾ ਹਾਂ ਕਿਉਂਕਿ ਇਸ ਸਾਖੀ ਵਿੱਚ ਜਿਨ੍ਹਾਂ ਘਟਨਾਵਾਂ ਦਾ ਜ਼ਿਕਰ ਅਸੀਂ ਗੁਰੂ ਨਾਨਕ ਜੀ ਦੇ ਜੀਵਨ ਨਾਲ ਕਰਦੇ ਹਾਂ, ਦਾ ਪੰਨਾ ਨੰਬਰ ਸਮੇਤ ਉਸ ਦੀ ਅਸਲੀਅਤ ਸਿਖ ਸਮਾਜ ਨਾਲ ਸਾਂਝੀ ਕਰਨਾ ਚਾਹਾਗਾਂ।ਇਸ ਸਾਖੀ ਅਨੁਸਾਰ ਬਾਲਾ, ਗੁਰੂੁ ਨਾਨਕ ਜੀ ਦੇ ਜਨਮ ਸੰਮਤ 1526 ਕੱਤਕ ਦੀ ਪੂਰਨਮਾਸੀ ਤੋਂ ਪਹਿਲਾਂ ਦੇ ਪੈਦਾ ਹੋਏ ਹਨ ਅਤੇ ਗੁਰੂ ਅੰਗਦ ਜੀ ਨੂੰ ਸੰਮਤ 1597 (ਸੰਨ 1540) ਵਿੱਚ ਸਾਖੀਆਂ ਸੁਣਾ ਰਹੇ ਹਨ, ਸਾਬੁਤ ਕਰਦਾ ਹੈ ਕਿ ਗੁਰੂ ਨਾਨਕ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਵੀ ਬਾਲਾ ਜੀ ਜੀਊਂਦੇ ਸਨ।
  ਗੁਰੂ ਨਾਨਕ ਜੀ ਦੇ ਜੋਤੀ-ਜੋਤਿ ਸਮਾਉਣ ਤੋਂ 35 ਸਾਲ ਬਾਅਦ (1574 ਈਸਵੀ ਵਿੱਚ) ਗੁਰੂ ਰਾਮਦਾਸ ਜੀ ਗੁਰਗੱਦੀ 'ਤੇ ਬਿਰਾਜਮਾਨ ਹੋਏ।ਉਸ ਤੋਂ ਉਪਰੰਤ ਹੀ ਗੁਰੂ ਰਾਮਦਾਸ ਜੀ ਨੇ ਬਾਣੀ ਰਚਨਾ ਕੀਤੀ।ਜਿਨ੍ਹਾਂ ਦੇ ਸ਼ਬਦ
"ਮਾਤਾ ਪ੍ਰੀਤਿ ਕਰੇ, ਪੁਤੁ ਖਾਇ॥ਮੀਨੇ ਪ੍ਰੀਤਿ ਭਈ ਜਲਿ ਨਾਇ॥ਮ:4/164॥
ਨੂੰ ਬਾਲਾ ਜੀ ਆਪਣੀ ਸਾਖੀ ਦੇ ਪੰਨਾ 350 'ਤੇ ਗੁਰੂ ਰਾਮਦਾਸ ਜੀ ਦੇ ਉਚਾਰਨ ਤੋਂ 35 ਸਾਲ ਪਹਿਲਾਂ ਹੀ ਸੰਨ 1540 ਵਿੱਚ ਇਹ ਸ਼ਬਦ ਗੁਰੂ ਅੰਗਦ ਜੀ ਨੂੰ ਸੁਣਾ ਰਿਹਾ ਹੈ।
ਗੁਰੂ ਨਾਨਕ ਜੀ ਦੇ ਜੋਤੀ-ਜੋਤਿ ਸਮਾਉਣ ਤੋਂ 42 ਸਾਲ ਬਾਅਦ (1581 ਈਸਵੀ ਵਿੱਚ)ਗੁਰੂ ਅਰਜੁਨ ਜੀ ਗੁਰਗੱਦੀ 'ਤੇ ਬਿਰਾਜਮਾਨ ਹੋਏ।ਜਿਸ ਤੋਂ ਬਾਅਦ ਗੁਰੂ ਜੀ ਨੇ ਬਾਣੀ ਰਚੀ।ਜਿਹਨਾ ਰਚਨਾਵਾਂ ਵਿੱਚੋਂ
 1. "ਈਂਧਨ ਤੇ ਬੈਸੰਤਰ ਭਾਗੈ॥ਮਾਟੀ ਕਉ ਜਲੁ ਦਹ ਦਿਸੁ ਤਿਆਗੈ॥" ਮ:5/900॥(ਬਾਲਾ ਸਾਖੀ ਪੰਨਾ-138),
2. "ਡਰਪੈ ਧਰਤਿ ਅਕਾਸੁ ਨਖ੍ਹਤਰਾ,ਸਿਰ ਊਪਰਿ ਅਮਰੁ ਕਰਾਰਾ॥" ਮ:5/998॥ (ਬਾਲਾ ਸਾਖੀ ਪੰਨਾ-417),
3. "ਘੜੀ ਮੁਹਤ ਕਾ ਪਾਹੁਣਾ, ਕਾਜ ਸਵਾਰਣਹਾਰ॥"ਮ:5/43॥(ਬਾਲਾ ਸਾਖੀ ਪੰਨਾ-446),
4. ਅਲਹ ਅਗਮ ਖੁਦਾਈ ਬੰਦੇ॥ਛੋਡਿ ਖਿਆਲ ਦੁਨੀਆ ਕੇ ਧੰਦੇ॥" ਮ:5/1083॥ (ਬਾਲਾ ਸਾਖੀ ਪੰਨਾ-446),
5. "ਵਾਸੁਦੇਵ ਸਰਬਤ੍ਰ ਮੈ, ਊਨ ਨ ਕਤਹੂ ਠਾਇ॥"ਮ:5/259॥ (ਬਾਲਾ ਸਾਖੀ ਪੰਨਾ-591),
6. "ਸਾਧ ਕੀ ਮਹਿਮਾ ਬੇਦ ਨ ਜਾਨਹਿ॥" ਮ:5/ਸੁਖਮਣੀ/272॥ (ਬਾਲਾ ਸਾਖੀ ਪੰਨਾ-643),
7. "ਮੋਹਨੀ ਮੋਹਿ ਲੀਏ ਤ੍ਰੈ ਗੁਨੀਆ॥ਲੋਭਿ ਵਿਆਪੀ ਝੂਠੀ ਦੁਨੀਆ॥" ਮ:5/1004॥ (ਬਾਲਾ ਸਾਖੀ ਪੰਨਾ-660)
ਆਦਿ ਤੋਂ ਇਲਾਵਾ ਗੁਰੂ ਅਮਰਦਾਸ ਜੀ ਦੁਆਰਾ ਉਚਾਰਨ ਕੀਤੀ ਬਾਣੀ
"ਗੁਰਿ ਮਿਲਿਐ ਮਨੁ ਰਹਸੀਐ,ਜਿਉ ਵੁਠੈ ਧਰਣਿ ਸੀਗਾਰੁ॥"ਮ:3/1279॥ (ਬਾਲਾ ਸਾਖੀ ਪੰਨਾ-616)
ਆਦਿ ਸ਼ਬਦ ਤਾਂ ਬਾਲਾ ਜੀ ਸੰਨ 1540 ਵਿੱਚ ਹੀ ਗੁਰੂ ਅੰਗਦ ਜੀ ਨੂੰ ਸੁਣਾ ਰਿਹਾ ਹੈ।ਜਦ ਗੁਰੂ ਨਾਨਕ ਜੀ ਨੂੰ ਜੋਤੀ-ਜੋਤਿ ਸਮਾਏ ਕੇਵਲ ਇੱਕ ਸਾਲ ਹੀ ਹੋਇਆ ਸੀ।ਜੇਕਰ ਇਹ ਸਾਰੇ ਸ਼ਬਦ ਬਾਲਾ ਜੀ ਦੇ ਉਚਾਰਨ ਕੀਤੇ ਹੋਏ ਹਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਮਹਾਂਪੁਰਖਾਂ ਦੀ ਬਾਣੀ ਵਿੱਚ ਬਾਲਾ ਜੀ ਦਾ ਨਾਮ ਕਿਉਂ ਦਰਜ ਨਹੀਂ ? ਜਦ ਕਿ ਗੁਰੂ ਨਾਨਕ ਜੀ ਦੇ ਸਮਕਾਲੀ ਭਾਈ ਮਰਦਾਨਾ ਜੀ, ਭਾਈ ਲਾਲੋ ਜੀ, ਮੁਲਾ ਖਤਰੀ ਅਤੇ ਰਾਜਾ ਬਾਬਰ ਵਰਗਿਆਂ ਦਾ ਜ਼ਿਕਰ ਬਾਣੀ ਵਿੱਚ ਦਰਜ ਹੈ।
ਬਾਲਾ ਜੀ ਤਾਂ ਆਪਣੀ ਲਿਖੀ ਸਾਖੀ ਦੇ ਪੰਨਾ 698 'ਤੇ ਗੁਰਸਿੱਖ ਲਈ ਹਦਾਇਤ ਕਰ ਰਹੇ ਹਨ ਕਿ ਗੁਰੂ ਹੁਕਮ ਅਨੁਸਾਰ ਸੁਭ੍ਹਾ ਜਪੁ,ਸ਼ਾਮ ਸੋ ਦਰੁ ਰਹਿਰਾਸ,ਰਾਤ ਨੂੰ ਆਰਤੀ ਸੋਹਿਲਾ ਅਤੇ ਤੀਸਰੇ ਪਾਤਿਸ਼ਾਹ ਦੀ ਬਾਣੀ ਅਨੰਦ ਸਾਹਿਬ ਪੜ੍ਹਨੀ ਸਿੱਖ ਲਈ ਜ਼ਰੂਰੀ ਹੈ।
ਭਾਗ-2    ਬਾਲਾ ਸਾਖੀ ਦੇ ਪੰਨਾ 286 ਅਤੇ 288 ਉਤੇ ਸੂਰਜ,ਚੰਦਰਮਾ ਅਤੇ ਧਰਤੀ ਦੀ ਆਪਸੀ ਦੂਰੀ ਦਾ ਦਿੱਤਾ ਗਿਆ ਵੇਰਵਾ ਹੈ, ਜੋ ਕਿ ਬਾਲਾ ਜੀ ਅਨੁਸਾਰ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਦੱਸਿਆ ਹੈ:-
  ਗੁਰੂ ਨਾਨਕ ਜੀ ਅਨੁਸਾਰ ਦੂਰੀ      /                                 ਭੂਗੋਲ ਵਿਗਿਆਨ ਅਨੁਸਾਰ ਦੂਰੀ 

1. ਧਰਤੀ ਤੋਂ ਸੂਰਜ ਦੀ ਦੂਰੀ...         25000  ਯੋਜਨ                             15 ਕ੍ਰੋੜ ਕਿਲੋ ਮੀਟਰ

  (ਇੱਕ ਲੱਖ ਮੀਲ ਜਾਂ ਡੇਢ ਲੱਖ ਕਿ.ਮੀ.)

2.ਧਰਤੀ ਤੋਂ ਚੰਦ੍ਰਮਾ ਦੀ ਦੂਰੀ  50,000  ਯੋਜਨ (ਲਗਭਗ 3 ਲੱਖ ਕਿ. ਮੀ.)   3 ਲੱਖ 84 ਹਜਾਰ 403 ਕਿ.ਮੀ.

3.ਚੰਦ੍ਰਮਾ ਤੋਂ ਸੂਰਜ ਦੀ ਦੂਰੀ...        50,000 ਯੋਜਨ (ਲਗਭਗ 3 ਲੱਖ ਕਿ. ਮੀ.)      15 ਕ੍ਰੋੜ ਕਿ. ਮੀਟਰ

     ਸਾਖੀ ਪੰਨਾ ਨੰ.286 'ਤੇ ਗੁਰੂ ਨਾਨਕ ਜੀ,ਭਾਈ ਮਰਦਾਨਾ ਜੀ,ਗੋਰਖ ਨਾਥ ਅਤੇ ਬਾਲਾ ਜੀ ਜਦੋਂ ਸੂਰਜ ਤੋਂ ਵੀ 2000 ਯੋਜਨ (12,000 ਕਿ.ਮੀ.)ਉੱਪਰ ਗਏ ਤਾਂ ਉਹਨਾ ਨੂੰ ਚੰਦ੍ਰਮਾ ਅਤੇ ਸੂਰਜ ਵਿਖਾਈ ਦੇਣਾ ਬੰਦ ਹੋ ਗਿਆ।
 ਬਾਲਾ ਸਾਖੀ ਪੰਨਾ 322 'ਤੇ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ ਅਤੇ ਬਾਲਾ ਜੀ ਸੱਚਖੰਡ ਵਿੱਚ ਗਏ ਅਤੇ ਭਗਤ ਪ੍ਰਹਿਲਾਦ ਜੀ ਨਾਲ ਗੱਲਬਾਤ ਕੀਤੀ।ਪ੍ਰਹਿਲਾਦ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਤੁਹਾਨੂੰ ਕਲਿਯੁਗ ਵਿੱਚ ਸ਼੍ਰੀ ਰਾਮ ਚੰਦਰ ਜੀ ਨੇ ਵੱਡਾ ਭਗਤ ਬਣਾਇਆ ਹੈ।ਇਥੇ ਸੱਚਖੰਡ ਵਿੱਚ ਮੇਰੇ ਕੋਲ ਕੇਵਲ ਤਿੰਨ ਹੀ ਭਗਤ ਪਹੁੰਚ ਸਕਦੇ ਹਨ। 1. ਪਹਿਲਾਂ ਭਗਤ ਕਬੀਰ ਜੀ ਪਹੁੰਚੇ। 2. ਗੁਰੂ ਨਾਨਕ ਜੀ ਪਹੁੰਚੇ ਹਨ ਅਤੇ  3. ਪੰਜਾਬ ਦੇ ਬਟਾਲਾ ਸ਼ਹਿਰ ਦੇ ਜੱਟ (ਹਿੰਦਾਲ ਦਾ ਪੁੱਤਰ ਬਿਧੀ ਚੰਦ,ਅਖੌਤੀ ਬਾਲਾ) ਪਹੁੰਚੇਗਾ (ਜੋ ਕਿ ਉਸ ਸਮੇ ਭੀ ਗੁਰੂ ਜੀ ਦੇ ਨਾਲ ਹੀ ਸੀ ਜਿਸ ਦਾ ਦਿਹਾਂਤ 1648 ਈ. ਵਿੱਚ ਮੰਨਿਆਂ ਜਾਂਦਾ ਹੈ।ਗੁਰੂ ਨਾਨਕ ਜੀ ਤੋਂ ਵੱਡੇ ਅਤੇ ਦਿਹਾਂਤ 1648, ਕੁਲ ਉਮਰ 200 ਸਾਲ!)
  ਬਾਲਾ ਸਾਖੀ ਪੰਨਾ 325: ਸੱਚਖੰਡ ਵਿੱਚ ਹੀ ਗੁਰੂ ਨਾਨਕ ਜੀ,ਭਾਈ ਮਰਦਾਨਾ ਜੀ ਅਤੇ ਬਾਲਾ ਜੀ ਨੇ ਧ੍ਰੂ ਭਗਤ ਜੀ ਨਾਲ ਮੁਲਾਕਾਤ ਕੀਤੀ। ਧ੍ਰੂ ਭਗਤ (ਸੱਚਖੰਡ) ਪ੍ਰਿਥਵੀ ਤੋਂ 2 ਕ੍ਰੋੜ 34 ਲੱਖ ਕਿ.ਮੀ.ਦੂਰ ਹੈ।ਗੁਰੂ ਜੀ ਸੱਚਖੰਡ ਤੋਂ 6 ਲੱਖ ਕਿ. ਮੀ. ਹੋਰ ਅੱਗੇ ਨਿਰੰਕਾਰ ਪ੍ਰਭੂ ਦੇ ਦਰਵਾਰ ਵਿੱਚ ਗਏ।ਪਰ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਆਖ ਰਹੇ ਹਨ:
"ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ,ਤੂੰ ਆਪੇ ਸਰਬ ਸਮਾਣਾ॥"ਮ:1/73॥
ਇਥੇ ਪ੍ਰਭੂ ਦਰ ਪਹੁੰਚਣ ਤੋਂ ਬਾਅਦ ਗੁਰੂ ਜੀ ਬਾਲਾ ਜੀ ਨੂੰ ਪੁੱਛ ਰਹੇ ਹਨ ਕਿ ਹੁਣ ਆਪਾ ਅੱਗੇ ਕਿਧਰ ਨੂੰ ਜਾਣਾ ਹੈ?(ਬਾਲਾ ਸਾਖੀ ਪੰਨਾ 329)
 ਬਾਲਾ ਸਾਖੀ ਪੰਨਾ 129,655,669: ਗੁਰੂ ਨਾਨਕ ਜੀ, ਭਾਈ ਮਰਦਾਨਾ ਜੀ ਅਤੇ ਬਾਲਾ ਜੀ ਪੰਜ ਦਿਨ ਅਤੇ ਪੰਜ ਰਾਤ ਸਮੁੰਦਰ 'ਤੇ ਇਉਂ ਚਲਦੇ ਰਹੇ ਜਿਵੇਂ ਜੀਵ ਧਰਤੀ ਉੱਤੇ ਚਲਦੇ ਹਨ।
 ਬਾਲਾ ਸਾਖੀ ਪੰਨਾ 123: ਗੁਰੂ ਨਾਨਕ ਜੀ, ਭਾਈ ਮਰਦਾਨਾ ਜੀ ਅਤੇ ਬਾਲਾ ਜੀ ਨੇ ਲਗਭਗ 65 ਕਿ. ਮੀ. ਲੰਬੀ ਅਤੇ 8 ਕਿ. ਮੀ. ਚੌੜੀ ਮੱਛੀ ਦੀ ਪਿੱਠ 'ਤੇ ਚੜ੍ਹ ਕੇ ਸਫ਼ਰ ਕੀਤਾ।ਮੱਛੀ ਨੇ ਗੁਰੂ ਜੀ ਨੂੰ ਕਿਹਾ ਮੈ ਤੁਹਾਡਾ ਸਿੱਖ ਹਾਂ,ਜਦੋਂ ਤੁਸੀਂ ਮੈਨੂੰ ਕੰਮ ਕਰਨ ਨੂੰ ਆਖਦੇ ਹੁੰਦੇ ਸੀ,ਮੈ ਮਕਾਰੀ ਕਰਦਾ ਹੁੰਦਾ ਸੀ ਅਤੇ ਤੁਸੀਂ ਮੇਰੀ ਤੁਲਣਾ ਮੱਛੀ ਨਾਲ ਕੀਤੀ ਸੀ।ਜਿਸ ਦਾ ਮੈ ਫਲ ਭੋਗ ਰਿਹਾ ਹਾਂ।
ਬਾਲਾ ਸਾਖੀ ਪੰਨਾ 354,355: ਦਿੱਲੀ ਵਿੱਚ ਇੱਕ ਮਹਾਵਤ ਦਾ ਹਾਥੀ ਮਰ ਗਿਆ ਸੀ।ਰਾਜੇ ਨੂੰ ਪ੍ਰਭਾਵਤ ਕਰਨ ਲਈ ਪਹਿਲਾਂ ਹਾਥੀ ਜਿਉਂਦਾ ਕੀਤਾ ਫਿਰ ਦੁਵਾਰਾ ਮਾਰ ਦਿੱਤਾ।ਪਰ ਗੁਰਬਾਣੀ ਅੰਦਰ ਗੁਰੂ ਜੀ ਆਖ ਰਹੇ ਹਨ:
"ਹਰਿ ਬਿਨੁ, ਕੋਈ ਮਾਰਿ ਜੀਵਾਲਿ ਨ ਸਕੈ, ਮਨ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ॥594॥
 ਬਾਲਾ ਸਾਖੀ ਪੰਨਾ 291,415,438,537,654,685: ਗੁਰੂ ਨਾਨਕ ਜੀ ਬਾਰੇ ਉਕਤ ਸਾਖੀਆਂ ਬਾਲਾ ਜੀ ਪਾਸੋਂ ਸੁਣ ਕੇ ਗੁਰੂ ਅੰਗਦ ਜੀ ਹਫਤਾ-ਹਫਤਾ ਬੇਹੋਸ਼ ਹੋ ਜਾਂਦੇ ਸਨ।
 ਉਕਤ ਸਾਖੀਆਂ ਨੂੰ ਅਗਰ ਸੂਝਵਾਨ ਪਾਠਕ ਝੂਠ ਮੰਨਦੇ ਹਨ ਤਾਂ ਹੇਠਾਂ ਲਿਖੀਆਂ ਸਾਖੀਆਂ ਨੂੰ ਸੱਚ ਕਿਵੇਂ ਮੰਨਿਆ ਜਾ ਸਕਦਾ ਹੈ? ਕਿਉਂਕਿ ਇਹ ਸਾਖੀਆਂ ਭੀ ਬਾਲਾ ਸਾਖੀ ਵਿੱਚ ਹੀ ਦਰਜ਼ ਹਨ।  
ਬਾਲਾ ਸਾਖੀ ਪੰਨਾ 289: ਮਨੁੱਖ ਦਿਨ-ਰਾਤ ਵਿੱਚ 24,000 ਸੁਆਸ ਲੈਂਦਾ ਹੈ।(ਜਦਕਿ ਇਨਸਾਨ ਬੈਠਿਆਂ,ਚਲਦਿਆਂ,ਦੌੜਦਿਆਂ,ਦਮੇ ਦਾ ਰੋਗੀ,ਸਿਗਰੇਟ ਪੀਣ ਵਾਲਾ ਆਦਿ ਸੁਆਸ ਵੱਧ-ਘੱਟ ਲੈਂਦੇ ਹਨ)ਇਸ ਸਾਖੀ ਨੂੰ ਆਧਾਰ ਬਣਾ ਕੇ ਹੀ ਕੁਝ ਪ੍ਰਚਾਰਕ ਸੁਖਮਣੀ ਸਾਹਿਬ(24 ਅਸ਼ਟਪਦੀਆਂ)ਦਾ ਪਾਠ ਕਰਨ ਦੀ ਪ੍ਰੇਰਨਾ ਦੇਂਦੇ ਹਨ।
  ਬਾਲਾ ਸਾਖੀ ਪੰਨਾ 386: ਗੁਰੂ ਘਰਾਂ ਦੇ ਸਪੀਕਰਾਂ ਰਾਹੀਂ ਬਾਣੀ ਸੁਣਨ ਤੋਂ ਬਾਅਦ ਗੁਰੂ-ਘਰ ਆਉਣ ਵਾਲੇ ਭਗਤ ਦੇ ਪੈਰ ਵਿੱਚ ਕੰਡਾ ਲੱਗਿਆ ਜਦਕਿ ਚੋਰ ਨੂੰ ਮੋਹਰਾਂ ਦੀ ਥੈਲੀ ਮਿਲੀ।ਜਦਕਿ ਸਚਾਈ ਇਹ ਹੈ ਕਿ ਇਹ ਸਾਖੀ ਗੁਰੂ ਨਾਨਕ ਜੀ ਦੇ ਸਮੇ ਨਾਲ ਸਬੰਧਤ ਦੱਸੀ ਜਾ ਰਹੀ ਹੈ। ਜਦੋਂ ਗੁਰਦੁਆਰੇ ਅਤੇ ਸਪੀਕਰਾਂ ਦੀ ਹੋਂਦ ਹੀ ਨਹੀਂ ਸੀ।ਇਹ ਸਾਖੀ ਨੂੰ ਆਧਾਰ ਬਣਾ ਕੇ ਹੀ ਸਾਡੇ ਗੁਰੂ ਘਰਾਂ ਵਿੱਚ ਸਪੀਕਰਾਂ ਦੀ ਆਵਾਜ ਵੱਧਦੀ ਹੀ ਜਾ ਰਹੀ ਹੈ।ਗੁਰੂ  ਜੀ ਕਹਿ ਰਹੇ ਹਨ:
"ਮੁਲਾ ਮੁਨਾਰੇ ਕਿਆ ਚਢਹਿ,ਸਾਂਈ ਨ ਬਹਰਾ ਹੋਇ
ਬਾਲਾ ਸਾਖੀ ਪੰਨਾ 426: ਪ੍ਰਾਣੀ ਦੀ ਮੌਤ ਤੋਂ ਬਾਅਦ ਅਲਾਣੀਆਂ ਦਾ ਪਾਠ ਕੀਤਿਆਂ 18 ਕਿ. ਮੀ. ਤੱਕ ਪ੍ਰਾਣੀ ਮੁਕਤ ਹੋ ਜਾਂਦੇ ਹਨ।
ਬਾਲਾ ਸਾਖੀ ਪੰਨਾ 432: ਗੁਰੂ ਜੀ ਦੀ ਸੇਵਾ ਕਰਨ ਵਾਲੇ ਪਿੰਡ ਵਾਸੀਆਂ ਨੂੰ ਗੁਰੂ ਜੀ ਨੇ ਕਿਹਾ ਕਿ ਤੁਸੀਂ ਉਜੜ ਜਾਵੋ ਅਤੇ ਸੇਵਾ ਨਾ ਕਰਨ ਵਾਲਿਆਂ ਨੂੰ ਕਿਹਾ ਕਿ ਤੁਸੀਂ ਇਥੇ ਹੀ ਵਸਦੇ ਰਹੋ।
ਬਾਲਾ ਸਾਖੀ ਪੰਨਾ 441:ਭਗਤ ਝੰਡੇ ਦੇ ਘਰ ਕੁਛ ਸਾਧ ਆਏ ਪਰ ਝੰਡੇ ਕੋਲ ਸਾਧਾਂ ਨੂੰ ਭੋਜਨ ਸਕਾਉਣ ਲਈ ਕੁਝ ਨਹੀਂ ਸੀ।ਪਰ ਦੂਜੇ ਪਾਸੇ ਰਾਜੇ ਦਾ ਪਹਿਲਵਾਨ, ਜਿਸ ਨੂੰ ਢਾਹੁਣ ਦਾ ਇਨਾਮ 100 ਟਕਾ ਰੱਖਿਆ ਸੀ। ਝੰਡੇ ਨੇ ਉਸ ਪਹਿਲਵਾਨ ਨਾਲ ਰਾਜੇ ਦੀ ਮੌਜ਼ੂਦਗੀ ਵਿੱਚ ਕੁਸਤੀ ਲੜੀ ਅਤੇ ਰਾਜੇ ਦੇ ਪਹਿਲਵਾਨ ਨੂੰ ਝੰਡੇ ਨੇ ਢਾਹ ਲਿਆ। 100 ਟਕਾ ਰਾਜੇ ਤੋਂ ਇਨਾਮ ਲੈ ਕੇ ਝੰਡੇ ਨੇ ਸਾਧਾਂ ਦੀ ਸੇਵਾ ਕੀਤੀ। ਗੁਰੂ ਨਾਨਕ ਜੀ ਨੇ ਸ਼ਬਦ ਉਚਾਰਨ ਕੀਤਾ
" ਸੁਖੀ ਬਸੈ ਮਸਕੀਨੀਆ,ਆਪੁ ਨਿਵਾਰਿ ਤਲੇ॥ਬਡੇ ਬਡੇ ਅਹੰਕਾਰੀਆ,ਨਾਨਕ! ਗਰਬਿ ਗਲੇ॥"ਸੁਖਮਣੀ/278॥
ਇਹ ਸਾਖੀ ਤੋਂ ਅਸਾਂਨੂੰ ਇਹ ਸੇਧ ਮਿਲਦੀ ਹੈ ਕਿ
1. ਵਿਹਲੜ (ਪਾਖੰਡੀ) ਸਾਧਾਂ ਲਈ ਜਾਨ ਵੀ ਕੁਰਬਾਨ ਕਰ ਦੇਣੀ ਚਾਹੀਦੀ ਹੈ ਪਰ ਆਪਣੇ ਬੱਚਿਆਂ ਲਈ ਝੰਡੇ ਦੇ ਘਰ ਵਿੱਚ ਕੁਝ ਵੀ ਕਮਾਈ ਦੀ ਰਸਦ ਨਹੀਂ ਸੀ।
2. ਉਪਰੋਕਤ ਸਾਖੀ ਗੁਰੂ ਨਾਨਕ ਜੀ ਦੇ ਸਮੇ ਨਾਲ ਸਬੰਧਤ ਹੈ।ਜਿਸ ਨੂੰ ਬਾਲਾ; ਗੁਰੂ ਅੰਗਦ ਜੀ ਨੂੰ 1540 ਈ. ਵਿੱਚ ਸੁਣਾ ਰਿਹਾ ਹੈ ਪਰ ਇਸ ਸਾਖੀ ਨਾਲ ਸਬੰਧਤ ਸ਼ਬਦ ਪੰਜਵੇਂ ਪਾਤਿਸ਼ਾਹ ਜੀ ਦਾ ਸੁਖਮਣੀ ਸਾਹਿਬ ਦੀ 12ਵੀਂ ਅਸਟਪਦੀ ਦਾ ਸ਼ਲੋਕ ਹੈ। ਇਹ ਸਬਦ ਗੁਰੂ ਨਾਨਕ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਘੱਟੋ ਘੱਟ 40 ਸਾਲ ਬਾਅਦ ਵਿੱਚ ਉਚਾਰਨ ਕੀਤਾ ਗਿਆ ਹੈ। ਸਾਡੇ ਪਾਠੀ,ਕਥਾਕਾਰ ਫਿਰ ਵੀ ਇਹ ਉਪਰੋਕਤ ਸਾਖੀਆਂ ਰਾਹੀਂ ਸੰਗਤਾਂ ਵਿੱਚ ਅਗਿਆਨਤਾ ਵੰਡ ਰਹੇ ਹਨ।ਗੁਰਦੁਆਰਿਆਂ ਦੇ ਪ੍ਰਬੰਧਕ ਇਹਨਾ ਮੂਰਖਤਾ ਭਰੀਆਂ ਸਾਖੀਆਂ ਸੁਣਾੳੇਣ ਬਦਲੇ ਗੁਰੂ ਘਰ ਦੀਆਂ ਗੋਲਕਾਂ ਲੁਟਾ ਰਹੇ ਹਨ।
ਉਕਤ ਸਾਖੀ ਦੇ ਅਧਾਰ ’ਤੇ ਹੀ ਅਸੀਂ ਗੁਰੂ ਨਾਨਕ ਜੀ ਦਾ ਜਨਮ ਵਿਸਾਖ ਦੀ ਬਜਾਏ ਕੱਤਕ ਵਿੱਚ ਮੰਨਦੇ ਹਾਂ।
ਅਵਤਾਰ ਸਿੰਘ (ਗਿਆਨੀ),ਠੂਠੀਆਂ ਵਾਲੀ, ਮਾਨਸਾ 98140-35202

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.