ਕੈਟੇਗਰੀ

ਤੁਹਾਡੀ ਰਾਇ



ਗੁਰਦਰਸ਼ਨ ਸਿੰਘ ਢਿੱਲੋਂ (ਡਾ)
ਕੀ ਸਿੱਖਾਂ ਦੀ ਹੋਂਦ ਕਾਇਮ ਰਹਿ ਸਕਦੀ ਹੈ ?
ਕੀ ਸਿੱਖਾਂ ਦੀ ਹੋਂਦ ਕਾਇਮ ਰਹਿ ਸਕਦੀ ਹੈ ?
Page Visitors: 2766

ਕੀ ਸਿੱਖਾਂ ਦੀ ਹੋਂਦ ਕਾਇਮ ਰਹਿ ਸਕਦੀ ਹੈ ?
ਇਹ ਸਵਾਲ ਮੈਨੂੰ ਵਾਰ ਵਾਰ ਬਹੁਤ ਪ੍ਰੇਸ਼ਾਨ ਕਰ ਰਿਹਾ ਹੈ। ਬਹੁਤ ਸਾਰੇ ਸਿੱਖਾਂ ਅਤੇ ਗ਼ੈਰ-ਸਿੱਖਾਂ ਨਾਲ ਗੱਲਬਾਤ ਕਰ ਕੇ ਇਸ ਸਵਾਲ ਦਾ ਜਵਾਬ ਤੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਬਹੁਤਾ ਤਸੱਲੀਬਖ਼ਸ਼ ਜਵਾਬ ਕਿਸੇ ਪਾਸਿਉਂ ਨਹੀਂ ਮਿਲਿਆ। ਇਕ ਗੱਲ ਨਾਲ ਆਮ ਸਹਿਮਤੀ ਜ਼ਰੂਰ ਬਣੀ ਹੈ ਕਿ ਪੰਥ ‘ਤੇ ਸੰਕਟ ਪਹਿਲਾਂ ਵੀ ਆਏ ਹਨ। ਦਰਬਾਰ ਸਾਹਿਬ ਪਹਿਲਾਂ ਵੀ ਕਈ ਵਾਰੀ ਢੱਠਾ ਹੈ ਪਰ 1984 ਵਰਗਾ ਘਲੂਘਾਰਾ ਕਦੇ ਨਹੀਂ ਸੀ ਹੋਇਆ। ਜੇ ਸਿੱਖਾਂ ਦੇ 1984 ਦੇ ਕਲਤੋ-ਗ਼ਾਰਤ ਤੇ ਨਜ਼ਰ ਮਾਰੀਏ ਤਾਂ ਲਗਦਾ ਹੈ ਕਿ ਏਨੇ ਵੱਡੇ ਪੈਮਾਨੇ ਤੇ ਐਡੇ ਆਕਾਰ ਤੇ ਇਸ ਉਨਾਂ ਦਾ ਵਰਤਾਰਾ ਪਹਿਲਾਂ ਕਦੇ ਨਹੀਂ ਹੋਇਆ। ਇਸ ਸਾਰੇ ਘਟਨਾਕ੍ਰਮ ‘ਚ ਭਾਰਤ ਦੀ ਬਹੁ-ਗਿਣਤੀ ਤੋਂ ਇਲਾਵਾ ਬਾਹਰ ਬੈਠੀਆਂ ਸ਼ਕਤੀਆਂ (ਬਰਤਾਨੀਆ, ਸੋਵੀਅਤ ਯੂਨੀਅਨ ਆਦਿ) ਦੀ ਸ਼ਮੂਲੀਅਤ ਵੀ ਸੀ।ਬਹੁਤ ਸਾਰੇ ਸਿੱਖ ਵਿਚਾਰਵਾਨ ਇਸ ਗੱਲ ਨਾਲ ਸਹਿਮਤੀ ਰਖਦੇ ਹਨ ਕਿ ਇਹ ਸਾਰਾ ਵਰਤਾਰਾ ਸਿੱਖੀ ਅਤੇ ਸਿੱਖਾਂ ਨੂੰ ਮਲੀਆਮੇਟ ਕਰਨ ਦੀ ਇਕ ਸੋਚੀ ਸਮਝੀ ਚਾਲ ਹੈ ਅਤੇ ਇਸ ਵਿਚ ਕਿਸੇ ਕਿਸਮ ਦੀ ਰੋਕ ਨਹੀਂ ਲੱਗ ਸਕਦੀ। ਇਹ ਸਾਰਾ ਕੁੱਝ ਪੂਰੇ ਜ਼ੋਸ਼-ਖ਼ਰੋਸ਼ ਨਾਲ ਬਿਨਾਂ ਕਿਸੇ ਹਿਲ-ਹੁਜਤ ਦੇ ਅਤੇ ਬਿਨਾਂ ਕਿਸੇ ਢਿਲ ਤੋਂ ਜਾਰੀ ਰਹੇਗਾ। ਇਸ ਦਾ ਉਪਰਲਾ ਸਰੂਪ ਥੋੜਾ ਬਹੁਤ ਬਦਲ ਸਕਦਾ ਹੈ ਪਰ  ਅੰਤਰੀਵ ਉਹੀ ਹੈ ਅਤੇ ਉਹੀ ਰਹੇਗਾ।
1947 ਵਿਚ ਹਿੰਦੂ ਅਤੇ ਮੁਸਲਮਾਨ ਆਜ਼ਾਦ ਹੋ ਗਏ ਅਤੇ ਉਨਾਂ ਦੇ ਹੱਥ ਵਿਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਸੱਤਾ ਆ ਗਈ। ਸਿੱਖਾਂ ਦਾ ਬਟਵਾਰਾ ਹੋ ਗਿਆ, ਜਿਸ ਵਿਚ ਉਨਾਂ ਦੀ ਸਾਰੀ ਆਬਾਦੀ ਦਾ ਢਾਈ ਫ਼ੀ ਸਦੀ ਮਾਰਿਆ ਗਿਆ ਅਤੇ 40 ਫ਼ੀ ਸਦੀ ਅਪਣਾ ਘਰ-ਬਾਰ, ਜ਼ਮੀਨ-ਜਾਇਦਾਦ ਤੇ ਗੁਰਦਵਾਰੇ ਛੱਡ ਕੇ, ਉਜੜ ਕੇ ਸੜਕਾਂ ‘ਤੇ ਰੁਲਣ ਲੱਗੇ ਅਤੇ ਰਫ਼ਿਊਜ਼ੀ ਅਖਵਾਉਣ ਲੱਗੇ। 1947 ਵਿਚ ਭਾਰਤੀ ਹੁਕਮਰਾਨਾਂ ਨੇ ਇਸ ਮੁਲਕ ਦੇ ਕੰਮਕਾਜ ਨੂੰ ਚਲਾਉਣ ਲਈ ਚਾਣਕਿਆ ਦੇ ‘ਅਰਥ ਸ਼ਾਸਤਰ’ ਨੂੰ ਆਧਾਰ ਬਣਾਇਆ। ਚਾਣਕਿਆ ਦਾ ਦੂਸਰਾ ਨਾਂ ਕੌਟਲਿਆ ਸੀ। ਉਸ ਵੇਲੇ ਦੇ ਹੁਕਮਰਾਨ ਗਾਂਧੀ, ਨਹਿਰੂ ਤੇ ਪਟੇਲ ਕਹਿਣ ਨੂੰ ਭਾਵੇਂ ਸੈਕੁਲਰ ਸਨ ਪ੍ਰੰਤੂ ਅੰਦਰੋਂ ਪੂਰੇ ਕੱਟੜਵਾਦੀ ਹਿੰਦੂ ਸਨ। ਉਨਾਂ ਨੇ ਚੁਪ-ਚਪੀਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 1947 ਤੋਂ ਪਹਿਲਾਂ ਜਿਥੇ ਅਬੈਂਸੀਆਂ ਸਨ, ਉਸ ਖਿੱਤੇ ਨੂੰ ਡਿਪਲੋਮੈਟਿਕ ਐਨਕਲੇਵ ਕਹਿੰਦੇ ਸਨ, ਉਸ ਦਾ ਨਾਂ ਬਦਲ ਕੇ ਚਾਣਕਿਆਪੁਰੀ ਰੱਖ ਦਿਤਾ ਅਤੇ ਜੋ ਸੜਕ ……… ਨੂੰ ਜਾਂਦੀ ਹੈ ਉਸ ਦਾ ਨਾਂ ਕੌਟਲਿਆ ਮਾਰਗ ਰੱਖ ਦਿਤਾ। ਇਹ ਗੱਲ ਬੜੀ ਹੀ ਮਹੱਤਵਪੂਰਨ ਤੇ ਉਸ ਤੋਂ ਵੀ ਵੱਧ, ਸੰਕੇਤਕ ਹੈ।
ਇਥੇ ਖ਼ਾਸ ਤੌਰ ਤੇ ਪਾਠਕਾਂ ਨੂੰ ਦਸਣਾ ਬਣਦਾ ਹੈ ਕਿ ਇਥੇ ਅਸਲੀਅਤ ਵਿਚ ਕੀ ਹੋਇਆ ਅਤੇ ਇਸ ਦਾ ਕੀ ਸੰਦੇਸ਼ ਹੈ। ਕਿਸੇ ਸਮਾਜ ਨੂੰ ਚਾਲਾਉਣ ਦਾ ਆਧਾਰ ਕੁੱਝ ਬੁਨਿਆਦੀ ਅਸੂਲਾਂ ‘ਤੇ ਹੁੰਦਾ ਹੈ, ਜਿਵੇਂ ਕਿ ਆਪਸ ਵਿਚ ਕਿਸ ਤਰਾਂ ਵਿਚਰਨਾ ਹੈ ਅਤੇ ਸਰਕਾਰ ਦਾ ਕੰਮਕਾਜ ਕਿਨਾਂ ਕਦਰਾਂ-ਕੀਮਤਾਂ ‘ਤੇ ਅਧਾਰਤ ਹੋਣਾ ਚਾਹੀਦਾ ਹੈ ਆਦਿ। ਮਨੂੰ ਸਮਰਿਤੀ ਹਿੰਦੂ ਸਮਾਜ ਨੂੰ ਚਾਰ ਵਰਣਾਂ ਵਿਚ ਵੰਡਦੀ ਹੈ ਅਤੇ ਜਾਤਾਂ ਦੇ ਅਧਾਰ ‘ਤੇ ਊਚ-ਨੀਚ ਦਾ ਨਿਰਣਾ ਕਰਦੀ ਹੈ। ਇਸੇ ਤਰਾਂ ‘ਅਰਥ-ਸ਼ਾਸਤਰ’ ਸਮਾਜ ਅਤੇ ਸਰਕਾਰ-ਦਰਬਾਰ ਵਿਚ ਕਿਸ ਤਰਾਂ ਦਾ ਕਾਰ-ਵਿਹਾਰ ਚਲਣਾ ਚਾਹੀਦਾ ਹੈ, ਉਸ ਦਾ ਪ੍ਰਮਾਣ ਉਲੀਕ ਹੈ। ਕੀ ਸਰਕਾਰ ਵਿਚ ਕੰਮ ਕਰਾਉਣ ਲਈ ਰਿਸ਼ਵਤ ਦੇਣੀ ਜਾਇਜ਼ ਹੈ? ਕੀ ਖਾਣ ਵਾਲੇ ਪਦਾਰਥਾਂ ਵਿਚ ਮਿਲਾਵਟ ਕਰਨੀ ਠੀਕ ਹੈ? ਕਿਸੇ ਨਾਲ ਠੱਗੀ, ਹੇਰਾ-ਫ਼ੇਰੀ, ਝੂਠ, ਬੇਈਮਾਨੀ ਕਰ ਕੇ ਅਪਣਾ ਕੰਮ ਕਢਣਾ ਬਣਦਾ ਹੈ? ਇਸ ਕਿਸਮ ਦੀਆਂ ਸਾਰੀਆਂ ਧੋਖੇਧੜੀਆਂ ਦੀ ਪੂਰਨ ਖੁਲ ‘ਅਰਥ-ਸ਼ਾਸਤਰ’ ਵਿਚ ਦਿਤੀ ਹੋਈ ਹੈ। ਇਸੇ ਕਰ ਕੇ ਹੁਣੇ ਹੁਣੇ ਮਹਾਰਾਸ਼ਟਰ ਵਿਚ ਹੋਈਆਂ ਅਸੈਂਬਲੀ ਚੋਣਾਂ ਵਿਚ ਬੀਜੇਪੀ ਦੇ ਵੱਡੇ ਨੇਤਾ ਨਿਤਿਨ ਗਡਕਰੀ ਜੋ ਇਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ, ਖੁਲੇ ਤੌਰ ਤੇ ਵੋਟਾਂ ਨੂੰ ਪੈਸੇ ਨਾਲ ਖ਼ਰੀਦਣ ਨੂੰ ਜਾਇਜ਼ ਠਹਿਰਾਇਆ ਸੀ। ਉਸ ਨੇ ਖੁਲੇ ਤੌਰ ਤੇ ਕਿਹਾ ਸੀ ਕਿ ਹਿੰਦੂ ਧਰਮ ਵਿਚ ਲਕਸ਼ਮੀ ਦੇਵੀ ਹੈ ਅਤੇ ਇਸ ਦੇ ਨਾਂ ਤੇ ਮੰਦਰ ਹਨ ਅਤੇ ਉਹ ਇਸ ਦੀ ਪੂਜਾ ਨੂੰ ਉਚਿਤ ਸਮਝਦੇ ਹਨ। ਅਰਥ-ਸ਼ਾਸਤਰ ਦਾ ਆਧਾਰਤ ਅਸੂਲ ਹੈ ਕਿ ਜਦੋਂ ਵੱਡੀ ਮੱਛੀ, ਛੋਟੀ ਮੱਛੀ ਨੂੰ ਖਾ ਕੇ ਜੀਊਂਦੀ ਹੈ ਤਾਂ ਕਮਜ਼ੋਰ ਤੇ ਨਿਰਧਨ ਨੂੰ ਲੁਟਣਾ-ਮਾਰਨਾ ਵੀ ਜਾਇਜ਼ ਹੈ। ਇਸ ਨੂੰ ਹਿੰਦੂ ਵਿਦਵਾਨਾਂ ‘ਮੱਛੀ ਕਲਚਰ’ ਕਹਿੰਦੇ ਫ਼ਖ਼ਰ ਨਾਲ ਸਨਮਾਨਦੇ ਹਨ। ਸਿੱਖ ਧਰਮ ਇਸ ਦੇ ਬਿਲਕੁਲ ਉਲਟ ਹੈ ਅਤੇ ਉਹ ਭੈੜੇ ਅਤੇ ਕਦਰਾਂ -ਕੀਮਤਾਂ ਤੋਂ ਵਾਂਝੇ ਸਾਧਨਾਂ ਨੂੰ ਅਪਣੇ ਟੀਚੇ ਪ੍ਰਾਪਤ ਕਰਨ ਦੀ ਆਗਿਆ ਨਹੀਂ ਦਿੰਦਾ। ਗੁਰੂ ਸਾਹਿਬਾਨ ਦਾ ਫ਼ਰਮਾਨ ਹੈ :
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ
ਇਹੀ ਕਾਰਨ ਹੈ ਕਿ ਸਾਡੀ ਸਾਰੀ ਚਿੰਤਾ ਦਾ ਕਿ ਸਾਡਾ ਵਾਸਤਾ ਅੱਜ ਕਿਨਾਂ ਲੋਕਾਂ ਨਾਲ ਪੈ ਗਿਆ, ਇਨਾਂ ਦੀ ਸਾਰੀ ਦੀ ਸਾਰੀ ਸਮਾਜਕ ਅਵਸਥਾ ਮਨੂੰ ਸਮਰਿਤੀ ਅਤੇ ਅਰਥ ਸ਼ਾਸਤਰ ਦੇ ਬੁਨਿਆਦੀ ਅਸੂਲਾਂ ਤੇ ਆਧਾਰਤ ਹੈ। ਇਨਾਂ ਦੀ ਜੀਵਨ ਸ਼ੈਲੀ ਇਸ ਕਿਸਮ ਦੀਆਂ ਗ਼ੈਰ-ਮਨੁੱਖੀ ਪ੍ਰਸਥਿਤੀਆਂ ਤੇ ਚਲਦੀ ਹੈ ਅਤੇ ਸਿੱਖਾਂ ਦੀ ਜੀਵਨ ਜਾਂਚ ਇਸ ਦੇ ਬਿਲਕੁਲ ਉਲਟ, ਨੈਤਿਕ ਕਦਰਾਂ ਕੀਮਤਾਂ ‘ਤੇ ਆਧਾਰਤ ਹੈ।
ਉਪਰ ਦਿਤੇ ਵਿਸਥਾਰ ਦੀ ਇਸ ਕਰ ਕੇ ਜ਼ਰੂਰਤ ਸੀ ਤਾਕਿ ਅਸੀ ਇਸ ਗੱਲ ਦੀ ਪਹਿਚਾਣ ਕਰ ਲਈਏ ਕਿ ਸਾਡਾ ਹੁਣ ਕਿਸ ਜ਼ਹਿਨੀਅਤ ਦੇ ਲੋਕਾਂ ਨਾਲ ਵਾਸਤਾ ਪੈ ਰਿਹਾ ਹੈ ਅਤੇ ਅਸੀ ਉਨਾਂ ਨਾਲ ਕਿਵੇਂ ਵਿਚਰਣਾ ਹੈ। ਸਿੱਖ  ਸਮਾਜ ਵਿਚੋਂ ਇਕ ਭਾਰੂ ਟੋਲਾ ਅਪਣੇ ਧਾਰਮਕ ਤੇ ਸਮਾਜਕ ਕਦਰਾਂ-ਕੀਮਤਾਂ ਨੂੰ ਤਿਆਗ ਕੇ ਗ਼ੈਰ-ਸਿੱਖਾਂ ਜਹੀ ਰਾਜਨੀਤੀ ਵਲ ਨੂੰ ਚਲ ਪਏ ਹਨ। ਉਨਾਂ ਲਈ ਸਵਾਰਥ, ਪ੍ਰਵਾਰਵਾਦ, ਰਿਸ਼ਵਤਖ਼ੋਰੀ, ਝੂਠ-ਫ਼ਰੇਬ ਅਤੇ ਅਪਣੇ ਜਾਤੀ ਮੁਫ਼ਾਦ ਹੀ ਪ੍ਰਮੁੱਖ ਹਨ।
ਇਹ ਟੋਲਾ ਭੁੱਲ ਗਿਆ ਹੈ ਕਿ ਸਿੱਖੀ ਨੀਵੀਆਂ ਦਾ ਧਰਮ ਹੈ ਅਤੇ ਇਹ ਦੀ ਮਾਨਸਕਤਾ ਅਤੇ ਇਹਦਾ ਇਤਿਹਾਸ ਨੀਵਿਆਂ ਨੂੰ ਉੱਚਾ ਕਰਨ ਦਾ ਉਪਰਾਲਾ ਹੈ। ਗੁਰੂ ਜੀ ਫ਼ਰਮਾਉਂਦੇ ਹਨ:
ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂੰ ਅਤਿ ਨੀਚੁ॥
ਨਾਨਕੁ ਤਿਨਕੈ ਸੰਗਿ ਸਾਥੁ, ਵਡਿਆ ਸਿਉ ਕਿਆ ਰੀਸ॥
ਜਿਥੇ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸ਼ੀਸ਼

ਬਾਬੇ ਨਾਨਕ ਦੀ ਸਾਂਝ ਨੀਵੀਂ ਤੋਂ ਨੀਵੀਂ ਜਾਤ ਦੇ ਬੰਦਿਆਂ ਨਾਲ ਹੈ ਜਿਨਾਂ ਨੂੰ ਵੱਡਿਆਂ ਦੀ ਰੀਸ ਕਰਨ ਦੀ ਚਿੰਤਾ ਨਹੀਂ। ਸਮਾਜ ਵਿਚ ਰੱਬ ਦੀ ਰਹਿਮਤ ਉਥੇ ਹੈ ਜਿਥੇ ਨੀਵਿਆਂ ਦੀ ਪਾਲਣਾ ਹੁੰਦੀ ਹੈ। ਸਿੱਖ ਧਰਮ ਦਾ ਉਦੇਸ਼ ਜਾਤਾਂ, ਭੇਖਾਂ ਨੂੰ ਮਿਟਾ ਕੇ ਇਕ ਸਮਾਨਬੱਧ ਇਨਸਾਨ ਪੈਦਾ ਕਰਨਾ ਹੈ।
ਅੱਜ ਕੀ ਹੋ ਰਿਹਾ ਹੈ? ਬਿਲਕੁਲ ਗੁਰੂ ਨਾਨਕ ਦੇ ਆਦੇਸ਼ ਦੇ ਵਿਰੁਧ। ਆਉ, ਇਸ ਸਾਰੀ ਵਿਵਸਥਾ ਵਿਰੁਧ ਇਕ ਸੰਘਰਸ਼ ਦਾ ਆਰੰਭ ਕਰੀਏ। ਕਿਤੇ ਮੌਕਾ ਗਵਾ ਨਾ ਬੈਠੀਏ ਤੇ ਪਿੱਛੋਂ ਪਛਤਾਈਏ। ਗੁਰੂ ਨਾਨਕ ਦੇ ਆਦੇਸ਼ ਨੂੰ ਖ਼ਤਮ ਕਰਨ ਵਾਲੀਆਂ ਸ਼ਕਤੀਆਂ ਦੀ ਪਹਿਚਾਣ ਕਰ ਕੇ ਉਨਾਂ ਵਿਰੁਧ ਲਾਮਬੰਦ ਹੋਣਾ ਜ਼ਰੂਰੀ ਅਤੇ ਲਾਜ਼ਮੀ ਹੈ। ਬਹੁਤ ਅਰਸੇ ਤੋਂ ਆਰ.ਐਸ.ਐਸ. ਮੌਕੇ ਦੀ ਤਾੜ ਵਿਚ ਹੈ ਕਿ ਪੰਜਾਬ ਵਿਚ ਘੁਸਪੈਠ ਕਰ ਕੇ ਸਿੱਖ ਸਿਧਾਂਤਾਂ, ਸਿੱਖ ਅਦਾਰਿਆਂ, ਸਿੱਖ ਸੰਸਥਾਵਾਂ ਅਤੇ ਡੇਰਿਆਂ ਤੇ ਕਾਬੂ ਪਾ ਕੇ ਸਿੱਖਾਂ ਦੀ ਧਾਰਮਕ ਤੇ ਸਮਾਜਕ ਅਜ਼ਾਦਾਨਾ ਹਸਤੀ ਨੂੰ ਖ਼ਤਮ ਕਰ ਦਿਤਾ ਜਾਵੇ। ਇਸ ਕੋਸ਼ਿਸ਼ ਵਿਚ ਉਨਾਂ ਨੇ ਕਾਫ਼ੀ ਕਾਮਯਾਬੀ ਵੀ ਹਾਸਲ ਕਰ ਲਈ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਪਣੀ ਸਿਆਸੀ ਸਾਂਝ ਬੀਜੇਪੀ ਨਾਲ ਪਾਈ ਹੋਈ ਹੈ ਅਤੇ ਉਨਾਂ ਨੂੰ ਪੰਜਾਬ ਵਿਚ ਬਹੁਤ ਅਹਿਮ ਸਿਆਸੀ ਅਤੇ ਸਮਾਜਕ ਸੰਸਥਾਵਾਂ ਤੇ ਬਿਠਾ ਦਿਤਾ ਹੈ ਅਤੇ ਉਹ ਉਨਾਂ ਸੰਸਥਾਵਾਂ ਰਾਹੀਂ ਅਪਣਾ ਏਜੰਡਾ ਲਾਗੂ ਕਰ ਰਹੇ ਹਨ। ਸਿੱਖ ਕੌਮ ਨੇ ਬੜੇ ਅਰਸੇ  ਬਾਅਦ ਅਪਣਾ ਕੈਲੰਡਰ ਬਣਾਇਆ ਤੇ ਲਾਗੂ ਕੀਤਾ ਸੀ। ਇਹ ਕੈਲੰਡਰ ਅੱਜ ਦੇ ਯੁਗ ਦੇ ਪ੍ਰਮਾਣਿਕ ਜਾਣਕਾਰੀ ਤੇ ਨਿਰਧਾਰਤ ਸੀ, ਜਿਸ ਦੀ ਸਾਰੀ ਵਿਵਸਥਾ ਸੂਰਜ ਨੂੰ ਆਧਾਰ ਮੰਨ ਕੇ ਕੀਤੀ ਗਈ ਸੀ। ਪ੍ਰੰਤੂ ਇਸ ਦੀ ਹੋਂਦ ਆਰ.ਐਸ.ਐਸ. ਨੂੰ ਨਹੀਂ ਭਾਉਂਦੀ ਸੀ ਅਤੇ ਉਨਾਂ ਨੇ ਇਸ ਦੇ ਵਿਰੋਧ ਵਿਚ ਬਾਦਲ ਸਾਹਿਬ ਅਤੇ ਡੇਰਿਆਂ ਨੂੰ ਨਾਲ ਲਾ ਕੇ ਇਸ ਵਿਚ ਅਦਲਾ-ਬਦਲੀਆਂ ਕਰਵਾ ਦਿਤੀਆਂ ਅਤੇ ਇਸ ਦਾ ਸਰੂਪ ਹੀ ਖ਼ਤਮ ਕਰ ਦਿਤਾ।
ਇਸੇ ਤਰਾਂ ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਮੈਨੇਜਿੰਗ ਕਮੇਟੀ ਦੇ ਜਨਰਲ ਸਕੱਤਰ ਦਾ ਅਹੁਦਾ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਦਿਵਾ ਦਿਤਾ ਜੋ ਕਿ ਬੀਜੇਪੀ ਦੇ ਅੰਮ੍ਰਿਤਸਰ ਜ਼ਿਲੇ ਦੇ ਪ੍ਰਧਾਨ ਹਨ। ਇਥੇ ਇਹ ਗੱਲ ਖ਼ਾਸ ਤੌਰ ਤੇ ਵਰਨਣਯੋਗ ਹੈ ਕਿ ਇਸ ਕਾਲਜ ਦੇ ਪ੍ਰਧਾਨ ਬਾਦਲ ਸਾਹਿਬ ਦੇ ਕੁੜਮ ਸਤਿਆਜੀਤ ਸਿੰਘ ਮਜੀਠੀਆ ਹਨ। ਹੁਣੇ-ਹੁਣੇ ਕੁੱਝ ਅਰਸਾਂ ਪਹਿਲਾਂ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਚਾਰ ਵਾਰ ਪੰਜਾਬ ਵਿਚ ਆਏ ਅਤੇ ਛੋਟੇ ਸ਼ਹਿਰਾਂ ਵਿਚ ਮਾਨਸਾ, ਸੁਨਾਮ ਆਦਿ ਅਪਣੀਆਂ ਸ਼ਾਖ਼ਾਵਾਂ ਸਥਾਪਤ ਕੀਤੀਆਂ। ਇਸੇ ਲੜੀ ਵਿਚ ਬੀਜੇਪੀ ਦੇ ਵੱਡੇ ਨੇਤਾ ਐਲ.ਕੇ. ਅਡਵਾਨੀ ਦਿੱਲੀ ਤੋਂ ਆ ਕੇ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਢਿਲੋਂ ਨੂੰ ਮਿਲੇ ਅਤੇ ਉਸ ਦੇ ਨਾਲ ਹੀ ਕੁੱਝ ਦਿਨਾਂ ਉਪਰੰਤ ਗੁਰਵਿੰਦਰ ਸਿੰਘ ਢਿਲੋਂ ਬਠਿੰਡਾ ਜਾ ਕੇ ਦਾਦੂਵਾਲ ਨੂੰ ਮਿਲਿਆ। ਸੱਚਾ ਸੌਦਾ ਡੇਰੇ ਦੇ ਰਾਮ ਰਹੀਮ ਸਿੰਘ ਨੇ ਖੁਲ ਕੇ ਹਰਿਆਣਾ ਇਲੈਕਸ਼ਨਾਂ ਵਿਚ ਬੀਜੇਪੀ ਦੀ ਮਦਦ ਕੀਤੀ। ਇਸ ਦੇ ਨਾਲ ਹੀ ਦੁਸ਼ਹਿਰੇ ਵਾਲੇ ਦਿਨ ਫ਼ਰੀਦਕੋਟ ਦੇ ਇਕ ਛੋਟੇ ਜਿਹੇ ਕਸਬੇ ਜੈਤੋਂ ਵਿਚ ਆਰ.ਐਸ.ਐਸ. ਵਾਲਿਆਂ ਨੇ ਬਗ਼ੈਰ ਸਰਕਾਰੀ ਇਜ਼ਾਜਤ ਤੋਂ ਨੰਗੇ ਹਥਿਆਰਾਂ ਨਾਲ ਇਕ ਬਹੁਤ ਵੱਡਾ ਜਲੂਸ ਕਢਿਆ। ਜਦ ਇਸ ਬਾਰੇ ਸ਼ਿਕwieq  ਦਰਜ ਕਰਵਾਈ ਗਈ ਤਾਂ ਬਾਦਲ ਸਰਕਾਰ ਨੇ ਇਸ ਲਈ ਕੋਈ ਐਕਸ਼ਨ ਨਹੀਂ ਲਿਆ।
14-11-2014 ਨੂੰ ਬਾਦਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਦਾ ਜਾਇਜ਼ਾ ਪ੍ਰੈੱਸ ਨੂੰ ਪੇਸ਼ ਕਰਦਿਆਂ ਬਾਦਲ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਉਹ ਹੁਣ ਉਹ ਪੰਥਕ ਏਜੰਡਾ ਅਪਨਾਉਣ ਜਾ ਰਹੇ ਹਨ। ਇਸ ਬਿਆਨ ਦਾ ਮਤਲਬ ਹੈ ਕਿ ਇਸ ਤੋਂ ਪਹਿਲਾਂ ਇਨਾਂ ਕੋਲ ਪੰਥ ਵਿਰੋਧੀ ਏਜੰਡਾ ਸੀ, ਜਿਸ ਨੂੰ ਬਦਲ ਕੇ ਉਹ ਪੰਥਕ ਮੁੱਦਿਆਂ ਤੇ ਵਾਪਸ ਆਉਣਾ ਚਾਹੁੰਦੇ ਹਨ। ਕੀ ਅਸੀ ਇਨਾਂ ਨੂੰ ਪੁੱਛ ਸਕਦੇ ਹਾਂ ਕਿ ਮੋਗਾ ਵਿਚ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਹੋਈ ਕਾਨਫ਼ਰੰਸ ਵਿਚ ਅਕਾਲੀ ਦਲ ਦਾ 1920 ਵਾਲਾ ਸਰੂਪ ਪੂਰਨ ਤੌਰ ਤੇ ਬਦਲ ਕੇ ਇਸ ਨੂੰ ਪੰਜਾਬੀ ਪਾਰਟੀ ਕਿਉਂ ਬਣਾ ਦਿਤਾ ਸੀ। ਬਾਦਲ ਸਾਹਿਬ ਨੇ ਨਾ ਕਦੇ ਪਾਣੀਆਂ ਦਾ ਮਸਲਾ ਉਠਾਇਆ ਅਤੇ ਨਾ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ ਅਤੇ ਨਾ ਚੰਡੀਗੜ ਦੀ ਅਤੇ ਨਾ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ। ਇਨਾਂ ਤੋਂ ਇਲਾਵਾ ਮੌਕਾ ਪੈਣ ਤੇ 1984 ਦੇ ਸਿੱਖਾਂ ਦੇ ਕਤਲੋਗਾਰਤ ਦੀ ਰਸਮੀ ਜਹੀ ਗੱਲ ਕਰ ਕੇ ਫੇਰ ਸਾਰਾ ਸਾਲ ਇਸ ਮਸਲੇ ਤੇ ਚੁੱਪੀ ਸਾਧ ਲੈਣੀ ਹੀ ਬਾਦਲ ਅਕਾਲੀ ਦਲ ਦੀ ਰਸਮੀ ਕਾਰਾਵਾਈ ਬਣ ਕੇ ਰਹਿ ਗਈ ਹੈ। ਹੁਣ ਜਦੋਂ ਬੀਜੇਪੀ ਵਾਲੇ ਬਾਦਲ ਸਾਹਿਬ ਦੀ ਨੋਕ-ਝੋਕ ਕਰਦੇ ਹਨ ਤਾਂ ਇਨਾਂ ਨੂੰ ਅਚਨਚੇਤ ਸਿੱਖ ਮੁੱਦਿਆਂ ਦਾ ਖ਼ਿਆਲ ਆ ਜਾਂਦਾ ਹੈ। ਕੀ ਬਾਦਲ ਸਾਹਿਬ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ 200 ਸਿੱਖ ਨੌਜਵਾਨ ਅਦਾਲਤਾਂ ਵਲੋਂ ਦਿਤੀਆਂ ਸਜ਼ਾਵਾਂ ਭੁਗਤਣ ਦੇ ਬਾਵਜੂਦ ਵੱਖ ਵੱਖ ਜੇਲਾਂ ਵਿਚ ਸੜ ਰਹੇ ਹਨ ਅਤੇ ਉਨਾਂ ਦੀ ਬਾਤ ਪੁੱਛਣ ਵਾਲਾ ਕੋਈ ਨਹੀਂ।
ਸਿੱਖਾਂ ਦੀ ਬਦਕਿਸਮਤੀ ਹੈ ਕਿ ਨਾ ਤਾਂ ਉਨਾਂ ਨੂੰ ਸਰਕਾਰਾਂ ਨੇ ਰਾਹਤ ਦਿਤੀ ਅਤੇ ਨਾ ਹੀ ਅਦਾਲਤਾਂ ਨੇ। ਹੁਣੇ ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰਾਜਿੰਦਰ ਸੱਚਰ ਨੇ ਅੰਗਰੇਜ਼ੀ ਟ੍ਰਿਬਿਊਨ 8 ਨਵੰਬਰ 2014 ਦੇ ਅੰਕ ਵਿਚ ਇਕ ਆਰਟੀਕਲ ਲਿਖ ਕੇ ਦਸਿਆ ਹੈ ਕਿ ਕਿਸ ਤਰਾਂ 1984 ਦੇ ਸਿੱਖਾਂ ਦੇ ਕਤਲੋਗਾਰਤ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਦਾ ਮਸਲਾ ਉਨਾਂ ਦੇ ਦਿੱਲੀ ਬੈਂਚ ਅੱਗੇ ਪੇਸ਼ ਹੋਇਆ ਅਤੇ ਰਾਤੋ ਰਾਤ ਉਨਾਂ ਦੇ ਬੈਂਚ ਦਾ ਰੋਸਟਰ ਹੀ ਬਦਲਾ ਦਿਤਾ ਗਿਆ। ਬਿਲਕੁਲ ਇਸੇ ਤਰਾਂ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸੰਧਾਵਾਲੀਆ ਦੀ ਪ੍ਰਧਾਨਗੀ ਵਾਲੇ ਬੈਂਚ ਅੱਗੇ ਪੇਸ਼ ਹੋਇਆ ਤਾਂ ਅਗਲੇ ਦਿਨ ਹੀ ਚੀਫ਼ ਜਸਟਿਸ ਦੀ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਬਦਲੀ ਕਰ ਦਿਤੀ ਗਈ। ਸਿੱਖਾਂ ਲਈ ਇਸ ਮੁਲਕ ਦੀ ਕਾਨੂੰਨੀ ਪ੍ਰਣਾਲੀ ਤੋਂ ਇਨਸਾਫ਼ ਲੈਣਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਵੀ ਲਗਦਾ ਹੈ। ਇਥੇ ਖ਼ਾਸ ਤੌਰ ਤੇ ਇਹ ਵਰਨਣ ਕਰਨਾ ਬਣਦਾ ਹੈ। ਇਸ ਮੁਲਕ ਵਿਚ 200 ਸਿੱਖ ਬੰਦੀਆਂ ਵਿਚੋਂ ਸੱਤ ਐਸੇ ਹਨ ਜਿਨਾਂ 24 ਸਾਲਾਂ ਤੋਂ ਵੱਧ ਕੈਦ ਕੱਟ ਚੁਕੇ ਹਨ, ਜੋ ਕਿ ਇਕ ਕਿਸਮ ਦਾ ਰਿਕਾਰਡ ਹੀ ਹੈ। ਕੀ ਪੰਜਾਬ ਦੇ ਮੁੱਖ ਮੰਤਰੀ ਜੋ ਕਿ ਹੁਣ ਪੰਥਕ ਏਜੰਡਾ ਲੈਣ ਜਾ ਰਹੇ ਹਨ, ਉਹ ਇਨਾਂ ਕੈਦੀਆਂ ਤੇ ਵੀ ਕੋਈ ਰਹਿਮ ਦੀ ਨਜ਼ਰ ਕਰਨਗੇ ਜਾਂ ਇਨਾਂ ਨੂੰ ਤਾਂ ਸਾਰੀ ਜ਼ਿੰਦਗੀ ਜੇਲਾਂ ਵਿਚ ਮਰ ਮੁਕਨਾ ਪਵੇਗਾ। ਇਸ ਦੇ ਉਲਟ ਸੱਜੇ ਪੱਖੀ ਹਿੰਦੂ ਜਥੇਬੰਦੀਆਂ ਦੇ ਦਾਰਾ ਸਿੰਘ ਨਾਮੀ ਹਤਿਆਰੇ ਉੜੀਸਾ ਵਿਚ ਇਕ ਆਸਟਰੇਲੀਆ ਮਿਸ਼ਨਰੀ ਨੂੰ ਉਸ ਦੇ ਦੋ ਮਾਸੂਮ ਬੱਚਿਆਂ ਸਮੇਤ ਇਕ ਜੀਪ ਵਿਚ ਅੱਗ ਲਗਾ ਕੇ ਸਾੜ ਦਿਤਾ ਸੀ ਅਤੇ ਉਸ ‘ਤੇ ਮੁਕੱਦਮਾ ਦਾਇਰ ਹੋਇਆ, ਪ੍ਰੰਤੂ ਕੁੱਝ ਮਹੀਨਿਆਂ ਦੀ ਕੈਦ ਤੋਂ ਬਾਅਦ ਉਹ ਬਾਹਰ ਆ ਗਿਆ। ਇਹ ਕਿਸ ਤਰਾਂ ਦੀ ਨਿਆਂ ਪ੍ਰਣਾਲੀ ਹੈ?
ਆਉ, ਆਪਾਂ ਲਾਮਬੰਦ ਹੋ ਕੇ ਇਕ ਹੱਕ, ਸੱਚ ਦੀ ਲੜਾਈ ਲੜੀਏ ਅਤੇ ਅਪਣੀ ਆਵਾਜ਼ ਬੁਲੰਦ ਕਰੀਏ ਤਾਕਿ ਕਿਸੇ ਨਾਲ ਕੋਈ ਬੇਇਨਸਾਫ਼ੀ  ਨਾ ਹੋਵੇ ਅਤੇ ਹਰ ਇਕ ਨੂੰ ਉਸ ਦਾ ਹੱਕ ਮਿਲੇ। ਪੰਜਾਬ ਵਿਚ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਨਸ਼ਿਆਂ ਦੀ ਜਕੜ ਵਿਚ ਆਏ ਨੌਜਵਾਨ ਅਤੇ ਉਨਾਂ ਦੇ ਪ੍ਰਵਾਰ ਉਜੜ ਰਹੇ ਹਨ। ਇਸ ਦਾ ਫ਼ਿਕਰ ਕਿਸ ਨੂੰ ਹੈ? ਜਦਕਿ ਪੰਜਾਬ ਦੇ ਕੁੱਝ ਵਜ਼ੀਰਾਂ ‘ਤੇ ਨਸ਼ਿਆਂ ਦੇ ਧੰਦੇ ਵਿਚ ਸ਼ਾਮਲ ਹੋਣ ਤੇ ਸ਼ੱਕ ਦੀ ਉਂਗਲੀ ਉਠਾਈ ਜਾ ਰਹੀ ਹੈ। ਜ਼ਰੂਰਤ ਹੈ ਕਿ ਲੋਕ ਇੱਕਠੇ ਹੋਣ ਅਤੇ ਲੋਕਤਾਤ੍ਰਿਕ ਸਾਧਨਾਂ ਰਾਹੀਂ ਇਕ ਅਜਿਹੀ ਲਹਿਰ ਬਣਾਉਣ ਜਿਸ ਦੇ ਸਾਹਮਣੇ ਇਹ ਸਮਾਜਕ ਬੁਰਾਈਆਂ ਟਿਕ ਨਾ ਸਕਣ। ਸੋਚ ਕੇ ਵੇਖੋ, ਪੰਜਾਬ ਦੀ ਕੀ ਦੁਰਦਸ਼ਾ ਹੋ ਰਹੀ ਹੈ। ਆਰਥਕ ਸੰਕਟ ਇੰਨਾ ਗੰਭੀਰ ਹੈ ਕਿ ਮੁਲਾਜ਼ਮਾਂ ਨੂੰ ਤਨਖ਼ਾਹ ਦੇਣੀ ਮੁਸ਼ਕਲ ਹੋ ਰਹੀ ਹੈ। ਇਨਾਂ ਸਾਰੇ ਸਮਾਜਕ, ਧਾਰਮਕ ਅਤੇ ਆਰਥਕ ਸੰਕਟਾਂ ਪਿੱਛੇ ਕਸੂਰਵਾਰ ਕੌਣ ਹੈ? ਰਾਜਸੀ ਆਗੂਆਂ ਤੋਂ ਵੱਧ ਕਸੂਰਵਾਰ ਦਬੀ ਮਾਨਸਕਤਾ ਵਾਲੇ ਉਹ ਵੋਟਰ ਹਨ ਜੋ ਵਾਰ-ਵਾਰ ਇਨਾਂ ਆਗੂਆਂ ਦੇ ਸ਼ਿੰਕਜੇ ਵਿਚੋਂ ਆਜ਼ਾਦ ਹੋਣ ਦਾ ਸਾਹਸ ਨਹੀਂ ਰਖਦੇ। ਅੱਜ ਅਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। ਜਾਗਰੂਕ ਹੋਣ ਦੀ ਲੋੜ ਹੈ। ਸ਼ਾਹ ਮੁਹੰਮਦ ਨੇ ਠੀਕ ਹੀ ਕਿਹਾ ਸੀ, ‘ਸ਼ਾਹ ਮੁਹੰਮਦਾ ਅੰਤ ਨੂੰ ਉਹੀ ਹੋਣੈ ਜੋ ਕਰੇਗਾ ਖ਼ਾਲਸਾ ਪੰਥ ਮੀਆਂ।’ ਅੱਜ ਪੰਜਾਬ ਦੀ ਸਿਆਸਤ ‘ਤੇ ਕਾਲੇ ਬੱਦਲ ਛਾਏ ਹੋਏ ਹਨ। ਹੰਭਲਾ ਮਾਰ ਕੇ ਉਨਾਂ ਨੂੰ ਦੂਰ ਕਰੋ।।
 ਡਾ. ਗੁਰਦਰਸ਼ਨ ਸਿੰਘ ਢਿੱਲੋਂ
ਸੇਵਾਮੁਕਤ ਪ੍ਰੋ. ਆਫ਼ ਹਿਸਟਰੀ,
ਪੰਜਾਬ ਯੂਨੀਵਰਸਟੀ ਚੰਡੀਗੜ।
ਮੋਬਾਈਲ : 98151-43911

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.