ਕੈਟੇਗਰੀ

ਤੁਹਾਡੀ ਰਾਇ



ਗੁਰਦਰਸ਼ਨ ਸਿੰਘ ਢਿੱਲੋਂ (ਡਾ)
ਸਿੱਖ ਮਜ਼ਲੂਮ ਹੈ ਅਤੇ ਦੋਸ਼ੀ ਵੀ ! (Sikh is a victim and a accused)
ਸਿੱਖ ਮਜ਼ਲੂਮ ਹੈ ਅਤੇ ਦੋਸ਼ੀ ਵੀ ! (Sikh is a victim and a accused)
Page Visitors: 2967

ਸਿੱਖ ਮਜ਼ਲੂਮ ਹੈ ਅਤੇ ਦੋਸ਼ੀ ਵੀ ! (Sikh is a victim and a accused)
ਡਾ. ਗੁਰਦਰਸ਼ਨ ਸਿੰਘ ਢਿਲੋਂ
ਦੇਸ਼ ਦੇ ਬਟਵਾਰੇ (1947) ਤੋਂ ਹੁਣ ਤਕ, ਸਿੱਖਾਂ ਦੇ ਹਾਲਾਤ ਦੀ ਥੋੜੇ ਸ਼ਬਦਾਂ ਵਿਚ ਵਿਆਖਿਆ ਕਰਨੀ ਹੋਵੇ ਤਾਂ ਉਪਰ ਲਿਖੇ ਸਿਰਲੇਖ ਵਿਚ ਹੀ ਲਿਖਿਆ ਜਾਂ ਦਸਿਆ ਜਾ ਸਕਦਾ ਹੈ। ਸਿੱਖਾਂ ਤੇ ਬੇ-ਰਹਿਮ ਕਤਲੇਆਮ (ruthless massacres ) ਹੋਏ ਹਨ। ਇਸ ਤਰ੍ਹਾਂ ਦੇ ਸ਼ਾਇਦ ਹੀ ਕਿਸੇ ਮਨੁੱਖੀ ਅੱਖ ਨੇ ਕਦੇ ਵੇਖੇ ਹੋਣ, ਨਾ ਹੀ ਕਿਸੇ ਮਨੁੱਖੀ ਹਿਰਦੇ ਦੇ ਤਸੱਵਰ ਵਿਚ ਆਏ ਹੋਣਗੇ ਅਤੇ ਸ਼ਾਇਦ ਹੀ ਕਿਸੇ ਮਨੁੱਖ ਦੀ ਜ਼ਬਾਨ ਬਿਆਨ ਕਰ ਸਕੀ ਹੋਵੇਗੀ। ਜੇਕਰ 1947 ਦੀ ਘਟਨਾ ਨੂੰ ਸਹੀ ਅੱਖਰਾਂ ਵਿਚ ਬਿਆਨ ਕਰਨਾ ਹੋਵੇ ਤਾਂ ਸਿੱਖਾਂ ਲਈ ਤਾਂ ਇਹ ਸਿਰਫ਼ ਕਟਾ-ਵੱਢੀ ਹੀ ਸੀ। ਮੈਂ ਉਸ ਵੇਲੇ ਸਕੂਲ ਵਿਚ ਜਾਣਾ ਸ਼ੁਰੂ ਕੀਤਾ ਸੀ ਅਤੇ ਸਕੂਲ ਦੇ ਅਧਿਆਪਕ 15 ਅਗੱਸਤ, 1947 ਨੂੰ ਆਜ਼ਾਦੀ ਦਿਵਸ ਕਹਿ ਕੇ ਸਾਨੂੰ ਪੜ੍ਹਾਇਆ ਕਰਦੇ ਸਨ। ਪਿੰਡ ਵਿਚ ਸਾਡੇ ਘਰ ਵਿਚ ਇਕ ਬਹੁਤ ਸਿੱਧਾ ਸਾਦਾ ਅਨਪੜ੍ਹ ਮੁੰਡਾ ਕੰਮ ਕਰਦਾ ਸੀ ਅਤੇ ਉਹ ਹਮੇਸ਼ਾ ਇਨ੍ਹਾਂ ਦਿਨਾਂ ਨੂੰ ਕਟਾ-ਵੱਢੀ ਵਾਲਾ ਦਿਨ ਕਹਿ ਕੇ ਗੱਲ ਕਰਿਆ ਕਰਦਾ ਸੀ। ਕਹਿਣ ਤੋਂ ਭਾਵ ਇਹ ਹੈ ਕਿ 1947 ਦੇ ਕਤਲੇਆਮ ਨੇ ਸਿੱਖ ਮਾਨਸਿਕਤਾ ’ਤੇ ਏਨਾ ਗਹਿਰਾ ਦੁਖਦਾਇਕ ਪ੍ਰਭਾਵ ਛੱਡ ਦਿਤਾ ਸੀ ਕਿ ਉਹ ਦੇਸ਼ ਦੀ ਆਜ਼ਾਦੀ ਨੂੰ ਆਜ਼ਾਦੀ ਨਹੀਂ ਸੀ ਮੰਨਦੇ।
  ਮੇਰੀ ਜ਼ਿੰਦਗੀ ਦੇ ਸਕੂਲ ਤੋਂ ਕਾਲਜ ਤੇ ਫਿਰ ਯੂਨੀਵਰਸਟੀ ਤਕ ਦੇ ਸਫ਼ਰ ਵਿਚ ਜੋ ਕੁੱਝ ਪੜ੍ਹਾਇਆ ਗਿਆ ਜਾਂ ਪੜ੍ਹਿਆ, ਉਸ ਵਿਚ ਇਹੀ ਸੁਣਿਆ ਤੇ ਪੜ੍ਹਿਆ ਕਿ 15 ਅਗੱਸਤ, 1947 ਭਾਰਤ ਦੀ ਆਜ਼ਾਦੀ ਦਾ ਮਹੱਤਵਪੂਰਨ ਦਿਵਸ ਹੈ। ਐਮ.ਏ. ਕਰਨ ਉਪਰਂਤ ਜਦੋਂ ਮੈਂ ਇਤਿਹਾਸ ਦੀ ਖੋਜ ਸ਼ੁਰੂ ਕੀਤੀ ਤਾਂ ਹੌਲੀ ਹੌਲੀ ਮੈਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਸਿੱਖਾਂ ਲਈ ਤਾਂ ਇਹ ਕਟਾ-ਵੱਢੀ ਹੀ ਸੀ, ਜਿਸ ਵਿਚ ਉਨ੍ਹਾਂ ਦੀ ਕੁਲ ਆਬਾਦੀ ਦਾ ਦੋ ਫ਼ੀ ਸਦੀ ਇਸ ਕਤਲੋਗਾਰਤ ਵਿਚ ਮਾਰਿਆ ਗਿਆ ਅਤੇ 40 ਫ਼ੀ ਸਦੀ ਅਪਣਾ ਘਰ-ਬਾਰ ਛੱਡ ਕੇ ਉੱਜੜ ਗਿਆ ਅਤੇ ਭਾਰਤ ਦੀਆਂ ਸੜਕਾਂ ’ਤੇ ਰੁਲਣ ਲੱਗਾ। ਇਹ ਜੋ ਕੁੱਝ ਹੋਇਆ, ਉਸ ਲਈ ਕੌਣ ਜ਼ਿੰਮੇਵਾਰ ਹੈ? ਇਸ ਬਟਵਾਰੇ ਲਈ ਕਾਂਗਰਸ ਪਾਰਟੀ ਦੇ ਨੇਤਾ ਗਾਂਧੀ, ਨਹਿਰੂ ਅਤੇ ਪਟੇਲ ਹੀ ਜ਼ਿੰਮੇਵਾਰ ਹਨ। ਇਸ ਦੀ ਸਚਾਈ ਦੇ ਠੋਸ ਸਬੂਤ ਮੌਕੂਲ ਹਨ। ਮੌਲਾਨਾ ਆਜ਼ਾਦੀ ਦੀ ਬਹੁ-ਚਰਚਿਤ ਕਿਤਾਬ (India Wins Freedom) ਭਾਗ ਪਹਿਲਾ ਅਤੇ ਦੂਜਾ ਤੋਂ ਇਲਾਵਾ ਬੀਜੇਪੀ ਦੇ ਨੇਤਾ ਜਸਵੰਤ ਸਿੰਘ ਦੀ ਕਿਤਾਬ (Jinnah India-Partition-Independence ) ਵਿਚ ਇਸ ਸਚਾਈ ਦੀ ਹਾਮੀ ਭਰੀ ਗਈ ਹੈ। ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਦਵਾਨਾਂ ਨੇ ਬਹੁਤ ਮਾਕੂਲ ਤੱਥਾਂ ਨਾਲ ਇਹ ਸਾਬਤ ਕੀਤਾ ਹੈ ਕਿ ਭਾਰਤੀ ਉਪਦੀਪ ਦਾ ਬਟਵਾਰਾ ਹਿੰਦੂ ਲੀਡਰਾਂ ਦੀਆਂ ਸੌੜੀਆਂ ਤੇ ਤੰਗ ਦਿਲੀ ਦੀ ਸੋਚ ਕਾਰਨ ਹੋਇਆ ਹੈ। ਉਹ ਇਕ ਐਸਾ ਦੇਸ਼ ਚਾਹੁੰਦੇ ਸਨ ਜਿਸ ਵਿਚ ਹਿੰਦੂਆਂ ਦੀ ਭਾਰੀ ਬਹੁ-ਸੰਮਤੀ ਹੋਵੇ ਅਤੇ ਉਹ ਅਪਣਾ ਬੋਲ-ਬਾਲਾ ਅਪਣੇ ਧਰਮ ਮੁਤਾਬਕ ਕਾਇਮ ਕਰ ਸਕਣ। ਸਿੱਖਾਂ ਦੇ ਲੀਡਰ ਬੇਸਮਝ ਸਨ ਅਤੇ ਹਿੰਦੂ ਲੀਡਰਾਂ ਦੀਆਂ ਡੂੰਘੀਆਂ ਚਾਲਾਂ ਨੂੰ ਸਮਝਣ ਦੇ ਕਾਬਲ ਹੀ ਨਹੀਂ ਸਨ। ਸਿੱਖ ਲੀਡਰਾਂ ਨੇ ਅਪਣੇ ਕੌਮ ਦੇ ਹਿਤਾਂ ਦੀ ਰਖਿਆ ਕਰਨ ਦੀ ਬਜਾਏ ਅਪਣੀ ਕੌਮ ਦਾ ਭਵਿੱਖ ਕਾਂਗਰਸੀ ਹਿੰਦੂ ਲੀਡਰਾਂ ਦੇ ਹਵਾਲੇ ਕਰ ਦਿਤਾ ਅਤੇ ਉਨ੍ਹਾਂ ਦੇ ਝੂਠੇ ਵਾਅਦਿਆਂ ’ਤੇ ਕੌਮ ਨੂੰ, ਉਨ੍ਹਾਂ ਦੇ ਸਪੁਰਦ ਕਰ ਦਿਤਾ।
  1947 ਦੇ ਸਿੱਖਾਂ ਦੇ ਉਜਾੜੇ ਅਤੇ ਕਤਲੋਗਾਰਤ ਤੋਂ ਬਾਅਦ ਇਕ ਐਸੀ ਦਰਦਨਾਕ ਕਹਾਣੀ ਸ਼ੁਰੂ ਹੁੰਦੀ ਹੈ, ਜਿਸ ਦਾ ਲੇਖਾ-ਜੋਖਾ ਕਰਨਾ ਮੁਸ਼ਕਿਲ ਹੀ ਨਹੀਂ, ਬਲਕਿ ਨਾ-ਮੁਮਕਿਨ ਵੀ ਹੈ। ਸਿੱਖ ਲੀਡਰਾਂ ਨੇ 1947 ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਵਾਏ ਤਾਂ ਨਹਿਰੂ ਨੇ ਇਕ ਲਾਈਨ ਵਿਚ ਜਵਾਬ ਦਿਤਾ ਕਿ ‘ਹੁਣ ਵਕਤ ਬਦਲ ਗਿਆ ਹੈ।’ ਇਹ ਜਵਾਬ ਸੁਣ ਕੇ ਸਿੱਖ ਲੀਡਰਾਂ ਨੂੰ ਅਹਿਸਾਸ ਹੋ ਗਿਆ ਕਿ ਹਿੰਦੂ ਲੀਡਰਾਂ ਦੀ ਬੇ-ਵਫ਼ਾਈ ਉਨ੍ਹਾਂ ਦੀ ਮਾਨਸਕਤਾ ਦਾ ਹੀ ਮੁਜ਼ਾਹਰਾ ਹੈ।
  ਸਿੱਖ, 1947 ਤੋਂ ਬਾਅਦ ਦੂਜੀ ਗ਼ੁਲਾਮੀ ਦੇ ਦੌਰ ਵਿਚ ਫੱਸ ਗਏ। ਸਿੱਖ ਗੁੰਝਲਦਾਰ ਸਿਆਸਤ ਦੀ ਸ਼ਤਰੰਜ ਦੀ ਖੇਡ ਵਿਚ ਬੁਰੀ ਤਰ੍ਹਾਂ ਪਿਟ ਗਏ। ਸਿੱਖ ਨੇਤਾਵਾਂ ਨੂੰ ਅਪਣੀ ਨਾਦਾਨੀ ਦਾ ਅਹਿਸਾਸ 1948 ਵਿਚ ਹੋਇਆ ਜਦ ਆਬਾਦੀ ਦੀ ਅਦਲਾ-ਬਦਲੀ (migration) ਦੇ ਆਧਾਰ ’ਤੇ ਬਣੀ ਇਜ਼ਰਾਈਲ ਸਟੇਟ ਬਣ ਕੇ ਦੁਨੀਆਂ ਸਾਹਮਣੇ ਆ ਗਈ। ਇਕ ਆਈ.ਸੀ.ਐਸ. ਅਫ਼ਸਰ ਸਰ ਪੈਡੰਰਲ ਮੂਨ ਜੋ ਕਿ ਸਿੱਖਾਂ ਨਾਲ ਥੋੜੀ ਬਹੁਤ ਹਮਦਰਦੀ ਰਖਦਾ ਸੀ, ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਇਸ ਮਹਾਂਦੀਪ ਦੇ ਹੁਕਮਰਾਨ (Transfer of power ) ਬਦਲ ਜਾਣਗੇ ਤਾਂ ਉਨ੍ਹਾਂ ਨੂੰ ਬਹੁਤ ਭਿਆਨਕ ਸਥਿਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸਰ ਪੈਡੰਰਨ ਮੂਨ ਦੇਸ਼ ਦੇ ਬਟਵਾਰੇ ਸਮੇਂ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਸਨ ਅਤੇ ਉਨ੍ਹਾਂ ਨੇ ਸਥਾਨਕ ਅਕਾਲੀ ਨੇਤਾਵਾਂ ਨੂੰ ਅਪਣੇ ਕੋਲ ਬੁਲਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਉਣ ਵਾਲਾ ਸਮਾਂ ਉਨ੍ਹਾਂ ਦੀ ਕੌਮ ਲਈ ਬਹੁਤ ਘਾਤਕ ਹੋਵੇਗਾ।
   ਤਾਂ ਇਕ ਅਕਾਲੀ ਜਥੇਦਾਰ ਨੇ ਕਿ੍ਰਪਾਨ ਦੇ ਹੱਥੇ ਨੂੰ ਹੱਥ ਲਾ ਕੇ ਕਿਹਾ ਕਿ ਸਾਡੇ ਕੋਲ ਕਿ੍ਰਪਾਨ ਹੈ ਅਤੇ ਅਸੀ ਅਪਣੀ ਰਖਿਆ ਇਸ ਨਾਲ ਕਰ ਲਵਾਂਗੇ। ਇਸ ਦੇ ਉੱਤਰ ਵਿਚ ਪੈਡੰਰਲ ਮੂਨ ਨੇ ਤੁਰਤ ਜਵਾਬ ਦਿਤਾ ਕਿ ‘ਜਥੇਦਾਰ ਜੀ, ਜਦੋਂ ਤੁਸੀ ਅਪਣਾ ਹੱਥ ਕਿ੍ਰਪਾਨ ਦੇ ਹੱਥੇ ਵਲ ਵਧਾਉਗੇ ਤਾਂ ਉਸੇ ਵੇਲੇ ਦੁਹਾਡੀ ਛਾਤੀ ਵਿਚ ਗੋਲੀ ਵੱਜੇਗੀ ਅਤੇ ਤੁਸੀ ਧੜੱਮ ਨਾਲ ਜ਼ਮੀਨ ’ਤੇ ਡਿੱਗ ਜਾਉਗੇ ਤੇ ਤੁਹਾਡੀ ਕਹਾਣੀ ਖ਼ਤਮ ਹੋ ਜਾਵੇਗੀ।’ ਇਹ ਆਉਣ ਵਾਲੀ ਅਸਲੀਅਤ ਸੀ ਜਿਸ ਬਾਰੇ ਇਕ ਹਮਦਰਦ ਅੰਗਰੇਜ਼ ਅਫ਼ਸਰ ਸਿੱਖਾਂ ਨੂੰ ਚਿਤਾਵਨੀ ਦੇ ਰਿਹਾ ਸੀ। ਭਾਵੇਂ ਅੰਗਰੇਜ਼ੀ ਰਾਜ ਵੀ ਸਿੱਖਾਂ ਅਤੇ ਸਿੱਖੀ ਦਾ ਵਿਰੋਧੀ ਹੀ ਸੀ। ਕਹਿਣ ਦਾ ਭਾਵ ਹੈ ਕਿ ਜਿਹੜੀਆਂ ਕੌਮਾਂ ਦੇ ਲੀਡਰ ਬੇਸਮਝ ਹੁੰਦੇ ਹਨ, ਉਹ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਬਾਹੀ ਦੇ ਰਾਹ ’ਤੇ ਪਾ ਕੇ ਮੁਕਾ ਦੇਂਦੇ ਹਨ।
   ਸਿੱਖਾਂ ਦੀ ਦੁਰਦਸ਼ਾ ਐਸੀ ਹੈ ਕਿ 1947 ਤੋਂ ਮਗਰੋਂ ਸਿੱਖ ਦੇਸ਼ ਦੀ ਹਕੂਮਤ ਤੋਂ ਭਿਖਾਰੀਆਂ ਵਾਂਗ ਮੰਗਾਂ ਹੀ ਮੰਗਦੇ ਆ ਰਹੇ ਹਨ ਅਤੇ ਹਰ ਵਾਰ ਕੋਈ ਮੰਗ ਮਨਾਉਣ ਦੀ ਬਜਾਏ, ਦੋ-ਤਿੰਨ ਕਦਮ ਪਿੱਛੇ ਹੀ ਚਲੇ ਜਾਂਦੇ ਹਨ। ਦੇਸ਼ ਵਿਚ ਬੋਲੀ ਦੇ ਆਧਾਰ ’ਤੇ ਸੂਬੇ ਬਣੇ ਪਰ ਪੰਜਾਬੀ ਬੋਲੀ ਦੇ ਆਧਾਰ ’ਤੇ ਦਿੱਲੀ ਵਾਲਿਆਂ ਨੇ ਸੂਬਾ ਬਣਾਉਣ ਤੋਂ ਇਨਕਾਰ ਕਰ ਦਿਤਾ। ਪੰਡਿਤ ਨਹਿਰੂ ਨੇ ਇਕ ਵਾਰੀ ਇੰਗਲੈਂਡ ਦੇ ਮਸ਼ਹੂਰ ਅਖ਼ਬਾਰ (‘Times, London’ ) ਨੂੰ ਇਕ ਮੁਲਾਕਾਤ ਵਿਚ ਕਿਹਾ ਕਿ ‘‘ਮੈਂ ਕਿਸੇ ਵੀ ਕੀਮਤ ’ਤੇ ਪੰਜਾਬੀ ਸੂਬਾ ਨਹੀਂ ਸਵੀਕਾਰ ਕਰਾਂਗਾ, ਚਾਹੇ ਮੈਨੂੰ ਭਾਰਤ ਅੰਦਰ ਸਿਵਲ ਵਾਰ ਹੀ ਕਿਉ ਨਾ ਕਰਵਾਉਣੀ ਪਵੇ।’’ ਇਥੇ ਖ਼ਾਸ ਤੌਰ ’ਤੇ ਵਰਨਣਯੋਗ ਹੈ ਕਿ ਪੰਜਾਬ ਦੇ ਹਿੰਦੂਆਂ ਨੇ 1961 ਦੀ ਮਰਦਮਸ਼ੁਮਾਰੀ ਦੌਰਾਨ ਜੋ ਅਪਣੀ ਮਾਂ-ਬੋਲੀ ਪੰਜਾਬੀ ਦੀ ਬਜਾਏ ਹਿੰਦੀ ਲਿਖਵਾਈ ਸੀ, ਉਹ ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਇਸ਼ਾਰੇ ’ਤੇ ਹੀ ਕੀਤਾ ਸੀ। ਉਸ ਵੇਲੇ ਪੰਜਾਬ ਵਿਚ ਸਿਰ-ਕੱਢ ਕਾਂਗਰਸੀ ਨੇਤਾ ਲਾਲਾ ਜਗਤ ਨਾਰਾਇਣ ਨੂੰ ਨਹਿਰੂ ਦੀ ਪੂਰੀ ਹਮਾਇਤ ਸੀ ਕਿ ਉਹ ਪੰਜਾਬ ਦੇ ਹਿੰਦੂਆਂ ਵਿਚ ਜ਼ੋਰਦਾਰ ਪ੍ਰਚਾਰ ਕਰਨ ਤਾਕਿ 1961 ਦੀ ਮਰਦਮਸ਼ੁਮਾਰੀ ਵਿਚ ਹਿੰਦੂ ਅਪਣੀ ਮਾਂ-ਬੋਲੀ ਪੰਜਾਬੀ ਨੂੰ ਛੱਡ ਕੇ ਹਿੰਦੀ ਲਿਖਵਾ ਦੇਣ ਤਾਕਿ ਪੰਜਾਬੀ ਸੂਬੇ ਦੀ ਮੰਗ ਹਮੇਸ਼ਾ ਲਈ ਖ਼ਤਮ ਹੋ ਜਾਵੇ ਅਤੇ ਸਿੱਖਾਂ ਦੀ ਬਹੁ-ਗਿਣਤੀ ਵਾਲਾ ਸੂਬਾ ਕਦੇ ਵੀ ਹੋਂਦ ਵਿਚ ਆ ਹੀ ਨਾ ਸਕੇ।
  ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਦੇ ਪਵਿੱਤਰ ਅਸਥਾਨ ਤੋਂ ਇਕ ਸ਼ਾਂਤ-ਮਈ ਲੋਕ ਤੰਤਰਿਕ ਢੰਗ ਨਾਲ ਅੰਦੋਲਨ ਸ਼ੁਰੂ ਕੀਤਾ, ਜਿਸ ਵਿਚ ਤਕਰੀਬਨ ਦੋ ਲੱਖ ਤੋਂ ਵੱਧ ਸਿੱਖ ਜੇਲ੍ਹਾਂ ਵਿਚ ਗਏ ਅਤੇ ਇਕ ਦਰਜਨ ਦੇ ਕਰੀਬ ਸ਼ਹੀਦ ਹੋ ਗਏ। ਇਹ ਮੋਰਚਾ ਵੀ ਦਿੱਲੀ ਵਿਚ ਬੈਠੇ ਹੁਕਮਰਾਨਾ ਦੀ ਆਤਮਾ ਨੂੰ ਝੰਜੋੜ ਨਾ ਸਕਿਆ। ਇਸ ਤੋਂ ਇਲਾਵਾ ਸਿੱਖਾਂ ਨੇ ਭਾਰਤ-ਪਾਕਿਸਤਾਨ ਦੀ 1965 ਦੀ ਲੜਾਈ ਵਿਚ ਭਾਰਤ ਪ੍ਰਤੀ ਅਪਣੀ ਸੁਹਿਰਦਤਾ (Loyalty) ਸਿੱਧ ਕਰਨ ਲਈ ਹਜ਼ਾਰਾਂ ਜਾਨਾਂ ਵਾਰ ਦਿਤੀਆਂ ਅਤੇ ਪੰਜਾਬ ਦੀ ਧਰਤੀ ’ਤੇ ਵਸਦੇ ਸਿੱਖਾਂ ਨੇ ਧਨ, ਮਨ ਅਤੇ ਤਨ ਨਾਲ ਸਰਹੱਦ ’ਤੇ ਲੜਦੇ ਫ਼ੌਜੀਆਂ ਦੀਆਂ ਸੇਵਾਵਾਂ ਕੀਤੀਆਂ। ਪਰ ਇਸ ਗੱਲ ਦੇ ਬਾਵਜੂਦ ਸਿੱਖ ਦਿੱਲੀ ਦੇ ਹੁਕਮਰਾਨਾਂ ਦਾ ਮਨ ਨਹੀਂ ਜਿੱਤ ਸਕੇ।
   ਪੰਜਾਬੀ ਸੂਬੇ ਦਾ ਮੋਰਚਾ ਦਿਨ-ਬ-ਦਿਨ ਜ਼ੋਰ ਫੜਦਾ ਗਿਆ ਅਤੇ ਇਸ ਦਾ ਦੇਸ਼-ਪ੍ਰਦੇਸ਼ਾਂ ਵਿਚ ਪ੍ਰਚਾਰ ਹੋਣ ਲੱਗਾ। ਪੰਡਿਤ ਨਹਿਰੂ ਦੀ ਮੌਤ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਅਤੇ ਉਸ ਤੋਂ ਬਾਅਦ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਬਣੀ। ਇਸ ਮੌਕੇ ਭਾਰਤੀ ਕਾਂਗਰਸ ਦੇ ਪ੍ਰਧਾਨ ਤਾਮਿਲਨਾਡੂ ਦੇ ਨੇਤਾ ਕਾਮਰਾਜ ਬਣੇ ਅਤੇ ਉਹ ਪੰਜਾਬ ਪ੍ਰਤੀ ਏਨਾ ਤੰਗ ਦਿਲੀ ਵਾਲਾ ਨਜ਼ਰੀਆ ਨਹੀਂ ਸੀ ਰਖਦੇ ਅਤੇ ਉਹ ਚਾਹੁੰਦੇ ਸਨ ਕਿ ਸਿੱਖਾਂ ਦੀ ਮੰਗ ਜਾਇਜ਼ ਅਤੇ ਵਿਧਾਨਕ ਹੈ, ਇਸ ਨੂੰ ਮੰਨ ਲੈਣਾ ਚਾਹੀਦਾ ਹੈ। ਕਾਮਰਾਜ ਨੇ ਕਾਂਗਰਸ ਅੰਤਿ੍ਰਮ ਕਮੇਟੀ ਵਿਚ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਅਤੇ ਸਰਕਾਰ ਨੂੰ ਇਸ ’ਤੇ ਅਮਲ ਕਰਨ ਲਈ ਕਹਿ ਦਿਤਾ। ਪਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤੰਗਦਿਲੀ ਵਾਲੀ ਮਾਨਸਕਤਾ ਨੇ ਵੇਖਿਆ ਕਿ ਹੁਣ ਇਸ ਮੰਗ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਉਸ ਨੇ ਇਸ ਹੋਣ ਵਾਲੇ ਸੂਬੇ ਦੀਆਂ ਪ੍ਰਾਪਤੀਆਂ ਨੂੰ ਤਹਿਸ-ਨਹਿਸ ਕਰਨ ਦੀ ਨੀਤੀ ਅਪਣਾ ਲਈ। ਉਸ ਨੇ ਸੋਚੀ-ਸਮਝੀ ਚਾਲ ਮੁਤਾਬਕ ਇਸ ਹੋਣ ਵਾਲੇ ਸੂਬੇ ਨੂੰ ਪੂਰਨ ਤੌਰ ’ਤੇ ਲੰਗੜਾ-ਲੂਲ੍ਹਾ ਬਣਾ ਦਿਤਾ। ਇਹ ਸਾਰੀ ਦਾਸਤਾਂ ਇੰਦਰਾ ਗਾਂਧੀ ਦੀ ਸਵੈ ਜੀਵਨੀ ‘ਮਾਈ ਟਰੁਥ’ ( (My Truth) ਵਿਚ ਬੜੇ ਵਿਸਥਾਰ ਵਿਚ ਲਿਖੀ ਹੋਈ ਹੈ। ਉਸ ਨੇ ਖੁਲ੍ਹ ਕੇ ਲਿਖਿਆ ਹੈ ਕਿ ਉਸ ਦੇ ਪਿਤਾ ਨੇ ਪੰਜਾਬੀ ਸੂਬੇ ਦੀ ਮੰਗ ਦੀ ਪੁਰਜ਼ੋਰ ਮੁਖ਼ਾਲਫ਼ਤ ਕੀਤੀ ਸੀ ਅਤੇ ਉਹ ਹੁਣ ਅਪਣੇ ਪਿਤਾ ਦੇ ਦੱਸੇ ਮਾਰਗ ਮੁਤਾਬਕ ਇਸ ਨੂੰ ਤਬਾਹ ਕਰਨ ਲਈ ਵਚਨ-ਵੱਧ ਸੀ।
   ਸਿੱਖ ਕੌਮ ਦੀ ਦਾਸਤਾਂ ਐਸੀ ਦਰਦਨਾਕ ਹੈ ਕਿ ਇਨ੍ਹਾਂ ਦੇ ਦਿੱਲੀ ਵਾਲੇ ਵੀ ਦੁਸ਼ਮਣ ਅਤੇ ਇਨ੍ਹਾਂ ਦੇ ਅਖੌਤੀ ਨੇਤਾ ਵੀ ਇਨ੍ਹਾਂ ਦੀਆਂ ਜੜ੍ਹਾਂ ਵੱਢਣ ਵਾਲੇ ਅਤੇ ਅੰਦਰੋਂ ਅੰਦਰ ਅਪਣੀ ਕੁਰਸੀ ਬਚਾਉਣ ਲਈ ਦਿੱਲੀ ਵਾਲਿਆਂ ਦੇ ਚਹੇਤੇ ਬਣੇ ਰਹੇ। ਪੰਜਾਬੀ ਸੂਬੇ ਬਾਰੇ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ( Punjab Reorganisation Bill-1966) ਬਿਲ-1966 ਪਾਰਲੀਮੈਂਟ ਵਿਚ ਪੇਸ਼ ਹੋਇਆ ਤਾਂ ਅਕਾਲੀ ਪਾਰਟੀ ਦਾ ਨੇਤਾ ਇਕ ਅਨਪੜ੍ਹ ਸਾਧ (ਸੰਤ) ਫ਼ਤਿਹ ਸਿੰਘ ਸੀ। ਇਹ ਸਾਧ ਭਾਰਤੀ ਵਿਧਾਨ ਬਾਰੇ ਬਿਲਕੁਲ ਅਨਜਾਣ ਸੀ। ਜਦੋਂ ਇਹ ਬਿਲ ਪਾਰਲੀਮੈਂਟ ਵਿਚ ਵਿਚਾਰ ਅਧੀਨ ਸੀ ਤਾਂ ਇਹ ਸਾਧ ਅਪਣੇ ਸਾਥੀਆਂ ਨਾਲ ਇੰਗਲੈਂਡ ਦੇ ਦੌਰੇ ’ਤੇ ਗਿਆ ਹੋਇਆ ਸੀ। ਇੰਦਰਾ ਗਾਂਧੀ ਨੇ ਇਸ ਬਿਲ ਵਿਚ ਤਿੰਨ ਧਾਰਾਵਾਂ ਪਾ ਦਿਤੀਆਂ (78, 79 ਅਤੇ 80), ਜਿਨ੍ਹਾ ਮੁਤਾਬਕ ਪੰਜਾਬ ਦੇ ਦਰਿਆਵਾਂ ਦਾ ਵਿਕਾਸ, ਵੰਡ ਅਤੇ ਦਰਿਆਵਾਂ ਦੇ ਹੈੱਡ-ਵਰਕਸ ਦਾ ਕੰਟਰੋਲ ਪੰਜਾਬ ਦੇ ਅਧਿਕਾਰ ਖੇਤਰ ਵਿਚੋਂ ਕੱਢ ਕੇ ਸੈਂਟਰ ਨੇ ਅਪਣੇ ਅਧੀਨ ਲੈ ਲਿਆ।
   ਇਸ ਤਰ੍ਹਾਂ ਪੰਜਾਬ ਦੀ ਆਰਥਕਤਾ ਨੂੰ ਖ਼ਤਮ ਕਰ ਦਿਤਾ ਗਿਆ। ਇਨ੍ਹਾਂ ਧਾਰਾਵਾਂ ਦੇ ਅਧੀਨ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ 75 ਫ਼ੀ ਸਦੀ ਪਾਣੀ ਹਿੰਦੂ ਰਾਜਾਂ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਭੇਜ ਦਿਤਾ ਗਿਆ। ਇਹ ਤਿੰਨੇ ਸੂਬੇ ਪੰਜਾਬ ਦੇ ਦਰਿਆਵਾਂ ਦੇ ਪਾਣੀ ਦੇ ਹੱਕਦਾਰ ਨਹੀਂ ਕਿਉਕਿ ਇਹ ਸੂਬੇ ਨਾਨ-ਰਾਇਪੇਰੀਅਨ ਹਨ (Non-riparian)। ਇਥੇ ਇਕ ਗੱਲ ਖ਼ਾਸ ਤੌਰ ’ਤੇ ਵਰਨਣਯੋਗ ਹੈ ਕਿ ਜਿਸ ਮਿਕਦਾਰ ਨਾਲ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਵਿਚ ਲਿਜਾਇਆ ਗਿਆ ਹੈ, ਉਸੇ ਮਿਕਦਾਰ ਵਿਚ ਪੰਜਾਬ ਦੀ ਪਣ-ਬਿਜਲੀ (Hydel power ) ਵੀ ਇਨ੍ਹਾਂ ਸੂਬਿਆਂ ਵਿਚ ਭੇਜੀ ਜਾ ਰਹੀ ਹੈ। ਪੰਜਾਬ ਦੇ ਲੋਕ ਇਨ੍ਹਾਂ ਦਰਿਆਵਾਂ ਦੇ ਹੜ੍ਹਾਂ ਦਾ ਨੁਕਸਾਨ ਝਲਦੇ ਹਨ, ਪਰ ਹਰਿਆਣਾ, ਰਾਜਸਥਾਨ ਅਤੇ ਦਿੱਲੀ, ਪੰਜਾਬ ਦੇ ਪਾਣੀਆਂ ਤੇ ਪਨ-ਬਿਜਲੀ ਦੀ ਖ਼ੁਸ਼ਹਾਲੀ ਦਾ ਅਨੰਦ ਮਾਣਦੇ ਹਨ।
   ਪੰਜਾਬ ਦੇ ਕਿਸਾਨ ਲੱਖਾਂ ਟਿਊਬਵੈੱਲਾਂ ਦੇ ਪਾਣੀ ਤੇ ਨਿਰਭਰ ਹਨ, ਜਦਕਿ ਇਸੇ ਹੀ ਧਰਤੀ ਦਾ ਪਾਣੀ ਹਰ ਸਾਲ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਗ਼ਰੀਬ ਕਿਸਾਨ ਪਾਣੀ ਦੇ ਹੇਠਲੇ ਪੱਧਰ ਤਕ ਜਾਣ ਲਈ ਅਰਬਾਂ ਰੁਪਏ ਖ਼ਰਚ ਕਰਦੇ ਹਨ।
   ਪੰਜਾਬ ਦੇ ਦਰਿਆਈ ਪਾਣੀਆਂ ਦੀ ਦਰਦਨਾਕ ਦਾਸਤਾਂ ਬਹੁਤ ਹੀ ਦੁਖਦਾਈ ਹੈ। ਇਸ ਵਿਚ ਜਿਥੇ ਕਾਂਗਰਸ ਲੀਡਰਾਂ ਪ੍ਰਤਾਪ ਸਿੰਘ ਕੈਰੋਂ, ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ ਇਤਆਦਿਕ ਜ਼ਿੰਮੇਵਾਰ ਹਨ, ਉਥੇ ਅਕਾਲੀ ਆਗੂ ਫ਼ਤਿਹ ਸਿੰਘ, ਗੁਰਨਾਮ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਅਤੇ ਹਰਚੰਦ ਸਿੰਘ ਲੌਂਗੋਵਾਲ ਵਰਗੇ ਬੇਈਮਾਨ ਅਤੇ ਸੁਆਰਥੀ ਵੀ ਓਨੇ ਹੀ ਜ਼ਿੰਮੇਵਾਰ ਹਨ। ਇਨ੍ਹਾਂ ਸਾਰੇ ‘ਨੇਤਾਵਾਂ’ ਵਿਚੋਂ ਇਹ ਦਸਣਾ ਆਸਾਨ ਨਹੀਂ ਕਿ ਜ਼ਿਆਦਾ ਬੇਈਮਾਨ ਕੌਣ ਹੈ ਅਤੇ ਕੌਣ ਘੱਟ ਹੈ। ਜੇਕਰ ਦੁਨੀਆਂ ਦੇ ਇਤਿਹਾਸ ਵਿਚ ਕੌਮਾਂ ਦੇ ਨੇਤਾਵਾਂ ਦਾ ਸਹੀ ਮੁਲਾਂਕਣ ਕਰਨਾ ਹੋਵੇ ਤਾਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਦੇ ਅਖੌਤੀ ਲੀਡਰਾਂ ਨਾਲੋਂ ਸ਼ਾਇਦ ਹੀ ਕੋਈ ਹੋਰ ਵੱਧ ਬੇਈਮਾਨ ਹੋਵੇ ਜਿਨ੍ਹਾਂ ਨੇ ਅਪਣੇ ਹੀ ਲੋਕਾਂ ਨਾਲ ਏਡੀ ਵੱਡੀ ਧੋਖਾਧੜੀ ਕੀਤੀ ਹੋਵੇ, ਜਿੰਨੀ ਕਿ ਇਨ੍ਹਾਂ ਨੇ ਕੀਤੀ ਹੈ। ਸਪਣੀਆਂ ਅਪਣੇ ਹੀ ਬੱਚਿਆਂ ਨੂੰ ਖਾ ਜਾਂਦੀਆਂ ਹਨ। ਮੇਰੇ ਵਿਚਾਰ ਵਿਚ ਇਨ੍ਹਾਂ ਦੀ ਤੁਲਨਾ ਸਪਣੀਆਂ ਨਾਲ ਹੀ ਕੀਤੀ ਜਾ ਸਕਦੀ ਹੈ।
   ਅੱਜ ਵੇਖੀਏ ਕਿ ਪੰਜਾਬ ਵਿਚ ਆਮ ਤੌਰ ’ਤੇ ਅਤੇ ਸਿੱਖਾਂ ਨਾਲ ਖ਼ਾਸ ਤੌਰ ’ਤੇ ਕੀ ਬੀਤ ਰਿਹਾ ਹੈ। ਬਾਦਲ ਬਹੁਤ ਲੰਮੇ ਅਰਸੇ ਤੋਂ ਪੰਜਾਬ ਦੀ ਸਿਆਸਤ ’ਤੇ ਛਾਏ ਹੋਏ ਹਨ। ਇਸ ਦੇ ਨਤੀਜੇ ਵਜੋਂ ਅੱਜ ਪੰਜਾਬ ਦੀ ਜੋ ਦੁਰਦਸ਼ਾ ਹੋਈ ਹੈ, ਉਸ ਨੂੰ ਵੇਖ ਕੇ ਰੋਣਾ ਆਉਦਾ ਹੈ ਅਤੇ ਹੁਣ ਪੰਜਾਬ ਦਾ ਕੋਈ ਭਵਿੱਖ ਨਜ਼ਰ ਨਹੀਂ ਆਉਦਾ। ਚਾਰੇ ਪਾਸੇ ਹਨੇਰਾ ਹੀ ਹਨੇਰਾ ਹੈ। ਪੰਜਾਬ ਦੀ ਸੱਤਾ ’ਤੇ ਕਾਬਜ਼ ਰਹਿਣ ਲਈ ਸ਼ੁਰੂ ਤੋਂ ਹੀ ਬਾਦਲ ਨੇ ਬੀਜੇਪੀ ਨਾਲ ਸਾਂਝ ਪਾ ਲਈ ਅਤੇ ਵਾਰ-ਵਾਰ ਇਹ ਗੱਲ ਦਹੁਰਾਈ ਜਾ ਰਹੀ ਹੈ ਅਕਾਲੀ ਦਲ ਦਾ ਅਤੇ ਬੀਜੇਪੀ ਦਾ ਨਹੰੁ-ਮਾਸ ਵਾਲਾ ਰਿਸ਼ਤਾ ਹੈ। ਕਦੇ ਕਦੇ ਇਸ ਗੱਲ ਨੂੰ ਹੋਰ ਵਧਾ ਕੇ ਕਿਹਾ ਜਾਂਦਾ ਹੈ ਕਿ ਇਹ ਰਿਸ਼ਤਾ ਪਤੀ-ਪਤਨੀ ਵਾਲਾ ਹੈ। ਗੱਲ ਇਥੇ ਤਕ ਪਹੁੰਚ ਗਈ ਹੈ ਕਿ ਬਾਦਲ ਸਾਹਿਬ ਨੇ ਅਪਣੇ ਪੁੱਤਰ ਨੂੰ ਕਹਿ ਦਿਤਾ ਹੈ ਕਿ ਮੇਰੇ ਮਰਨ ਉਪ੍ਰੰਤ ਵੀ ਬੀਜੇਪੀ ਨਾਲ ਰਿਸ਼ਤਾ ਕਾਇਮ ਰਖਣਾ ਹੋਵੇਗਾ। 
   ਬਾਦਲ ਸਾਹਿਬ ਦਾ ਇਹ ਐਲਾਨਨਾਮਾ ਸਿੱਧ ਕਰਦਾ ਹੈ ਕਿ ਉਹ ਅਕਾਲੀ ਦਲ ਨੂੰ ਵਿਰਸੇ ਵਿਚ ਮਿਲੀ ਜਾਇਦਾਦ ਸਮਝਦੇ ਹਨ ਅਤੇ ਉਹ ਇਸ ਜਾਇਦਾਦ ਜਿਸ ਨੂੰ ਚਾਹੁਣ ਦੇ ਸਕਦੇ ਹਨ। ਇਥੇ ਸਵਾਲ ਉਠਦਾ ਹੈ ਕਿ ਅਕਾਲੀ ਦਲ ਪੰਥ ਦੀ ਵਿਰਾਸਤ ਨਹੀਂ ਰਹੀ ਅਤੇ ਇਕ ਪ੍ਰਵਾਰ ਦੀ ਜਾਇਦਾਦ ਬਣ ਕੇ ਰਹਿ ਗਈ ਹੈ। ਅੱਜ ਪੰਥ ਦਾ ਕੋਈ ਵਾਲੀ ਵਾਰਸ ਨਹੀਂ ਰਿਹਾ। ਇਨ੍ਹਾ ਕਾਰਨਾਂ ਕਰ ਕੇ ਹੀ ਸਾਡੇ ਮੁੱਦੇ ਰੁਲ ਗਏ ਅਤੇ ਨਾਲ ਹੀ ਪੰਥ ਵੀ ਰੁਲ ਗਿਆ। ਬਾਦਲ ਸਾਹਿਬ ਤੋਂ ਰੁਲ ਰਿਹਾ ਪੰਥ ਕੁੱਝ ਸਵਾਲ ਪੁਛਣਾ ਚਾਹੁੰਦਾ ਹੈ :
1.   ਕੀ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਸੀ ਜਾਂ ਪ੍ਰਵਾਰਕ ਪਾਰਟੀ? ਕੀ ਜਿਸ ਪ੍ਰਵਾਰ ਦੇ ਹਵਾਲੇ ਅਕਾਲੀ ਦਲ ਨੂੰ ਸੌਂਪ ਦਿਤਾ ਗਿਆ, ਉਨ੍ਹਾਂ ਵਿਚ ਬਾਦਲ ਸਾਹਿਬ ਦੇ ਦਾਮਾਦ ਤੇ ਪਿਤਾ ਜੀ ਅਤੇ ਦਾਦਾ ਜੀ ਦਾ ਕਿਹੜੀ ਪਾਰਟੀ ਨਾਲ ਰਿਸ਼ਤਾ ਸੀ? ਇਸੇ ਤਰ੍ਹਾਂ ਜਿਥੇ ਬਾਦਲ ਸਾਹਿਬ ਨੇ ਅਪਣੇ ਬੇਟੇ ਦੀ ਸ਼ਾਦੀ ਕੀਤੀ ਹੈ, ਉਸ ਪ੍ਰਵਾਰ ਦਾ ਕਿਹੜੀ ਪਾਰਟੀ ਨਾਲ ਰਿਸ਼ਤਾ ਸੀ?
2.   ਕੀ ਬਾਦਲ ਸਾਹਿਬ ਦਸਣਗੇ ਕਿ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਦੇਵੀ ਲਾਲ ਤੋਂ ਐਸ.ਵਾਈ.ਐਲ. ਨਹਿਰ ਪੁੱਟਣ ਲਈ ਚੈੱਕ ਨਹੀਂ ਸੀ ਲਿਆ? ਐਸ.ਵਾਈ.ਐਲ. ਦੀ ਹੋਂਦ ਪੰਜਾਬ ਦੇ ਆਰਥਕ ਉਜਾੜੇ ਦੀ ਪ੍ਰਤੀਕ ਹੈ। ਕੀ ਬਾਦਲ ਸਾਹਿਬ ਇਸ ਗੱਲ ਦਾ ਜਵਾਬ ਦੇਣਗੇ ਕਿ ਰਾਜੀਵ-ਲੌਂਗੋਵਾਲ ਅਕਾਰਡ ਵਿਚ ਅਕਾਲੀਆਂ ਨੇ ਐਸ.ਵਾਈ.ਐਲ. ਆਪ ਪੁੱਟ ਕੇ ਦੇਣ ਦਾ ਵਾਅਦਾ ਨਹੀਂ ਸੀ ਕੀਤਾ?
3.    ਕੀ ਬਾਦਲ ਸਾਹਿਬ ਦਸਣਗੇ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਨਹੁੰ-ਮਾਸ/ਪਤੀ-ਪਤਨੀ ਦੇ ਰਿਸ਼ਤੇ ਵਾਲੀ ਪਾਰਟੀ ਦੀ ਦਰਬਾਰ ਸਾਹਿਬ ’ਤੇ ਬਲਿਊ ਸਟਾਰ ਵਾਲੇ ਘੱਲੂਘਾਰੇ ਵਿਚ ਕੀ ਭੂਮਿਕਾ ਸੀ?
4.    ਕੀ ਬਾਦਲ ਸਾਹਿਬ ਇਹ ਖੁਲਾਸਾ ਕਰਨਗੇ ਕਿ ਜੂਨ, 1984 ਤੋਂ ਪਹਿਲਾਂ ਬਾਦਲ ਅਤੇ ਹੋਰ ਅਕਾਲੀਆਂ ਦੀਆਂ ਦਿੱਲੀ ਸਰਕਾਰ ਦੇ ਉੱਚੇ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਵੱਖ-ਵੱਖ ਜਗ੍ਹਾ ’ਤੇ ਵੱਖ ਵੱਖ ਤਰੀਕਾਂ ਨੂੰ 8 ਮੀਟਿੰਗਾਂ ਨਹੀਂ ਹੋਈਆਂ? ਜੇ ਮੀਟਿੰਗਾਂ ਹੋਈਆਂ ਹਨ ਤਾਂ ਉਨ੍ਹਾਂ ਵਿਚ ਕੀ ਹੋਇਆ?
5.    ਕੀ ਬਾਦਲ ਸਾਹਿਬ ਸਪੱਸ਼ਟ ਕਰਨਗੇ ਕਿ ਉਨ੍ਹਾ ਦੇ ਪਤੀ-ਪਤਨੀ ਵਾਲੇ ਰਿਸ਼ਤੇ ਦੀ ਪਾਰਟੀ ਨੇ ਇੰਦਰਾ ਗਾਂਧੀ ’ਤੇ ਜ਼ੋਰ ਪਾ ਕੇ ਦਰਬਾਰ ਸਾਹਿਬ ’ਤੇ 1984 ਵਾਲਾ ਘੱਲੂਘਾਰਾ ਨਹੀਂ ਕਰਾਇਆ?
 ਬਾਦਲ ਸਾਹਿਬ ਐਲ.ਕੇ. ਅਡਵਾਨੀ ਦੀ ਸਵੈ-ਜੀਵਨੀ ( My Country My Life ) ਪੜ੍ਹ ਕੇ ਜਾਂ ਕਿਸੇ ਤੋਂ ਪੜ੍ਹਵਾ ਕੇ ਵੇਖ ਲੈਣ ਕਿ ਤੁਹਾਡੇ ਪਤੀ ਦਰਬਾਰ ਸਾਹਿਬ ’ਤੇ ਹਮਲੇ ਬਾਰੇ ਕਿਹੜੀ ਪ੍ਰਤੀਕਿਰਿਆ ਕਰ ਰਹੇ ਹਨ?
6.    ਕੀ ਬਾਦਲ ਸਾਹਿਬ ਦਸਣਗੇ ਕਿ ਉਨ੍ਹਾਂ ਦੇ ਪਤੀ ਵਾਲੀ ਪਾਰਟੀ ਵਾਲਿਆਂ ਨੇ 1984 ਦੇ ਘੱਲੂਘਾਰੇ ਤੋਂ ਬਾਅਦ ਫ਼ੌਜੀ ਅਤੇ ਨੀਮ ਫ਼ੌਜੀ ਦਲਾਂ ਵਿਚ ਖ਼ੁਸ਼ੀ ਨਾਲ ਲੱਡੂ ਵੰਡੇ ਸੀ ਜਾਂ ਨਹੀਂ?
7.    ਕੀ ਬਾਦਲ ਸਾਹਿਬ ਤੋਂ ਪੁੱਛ ਸਕਦੇ ਹਾਂ ਕਿ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਤਾਂ ਨਵੰਬਰ-1984 ਦੇ ਨਰਸੰਘਾਰ ਨੂੰ ਨਸਲਕੁਸ਼ੀ (Genocide) ਕਿਹਾ ਹੈ ਅਤੇ ਕੀ ਉਹ ਉਸ ਮੁੱਦੇ ਨੂੰ ਲੈ ਕੇ ਪੰਜਾਬ ਅਸੈਂਬਲੀ ਵਿਚ ਇਸ ਨੂੰ ਨਸਲਕੁਸ਼ੀ ਕਹਿ ਕੇ ਇਕ ਰੈਜ਼ੂਲੇਸ਼ਨ ਪਾਸ ਕਰ ਸਕਣਗੇ? ਕੀ ਇਸ ਨਾਲ ਇਹ ਵੀ ਸਪੱਸ਼ਟ ਕਰ ਦਿਉਗੇ ਕਿ ਉਸ ਵਿਚ ਬੀਜੇਪੀ/ਆਰ.ਐਸ.ਐਸ. ਦਾ ਰੋਲ ਵੀ ਕਾਂਗਰਸ ਪਾਰਟੀ ਦੇ ਰੋਲ ਵਰਗਾ ਹੀ ਸੀ?
   ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਦੇ ਫ਼ਰਵਰੀ 2, 2002 ਵਿਚ ਛਪੀ ਇਕ ਖ਼ਬਰ ਮੁਤਾਬਕ ਦਿੱਲੀ ਪੁਲਿਸ ਨੇ 14 ਮੁਕੱਦਮੇ (FIR’s) ਦਾਇਰ ਕੀਤੇ ਹਨ ਜਿਨ੍ਹਾਂ ਵਿਚ 49 ਬੀਜੇਪੀ ਅਤੇ ਆਰ.ਐਸ.ਐਸ. ਵਰਕਰਾਂ ਦਾ ਸਿੱਖਾਂ ਦੇ ਉਤੇ ਹੋਏ ਕਤਲੋਗਾਰਤ ਵਿਚ ਪੂਰੀ ਮਿਲੀ-ਭੁਗਤ ਸੀ। ਇਸ ਵਿਚ ਦੋਸ਼ੀਆਂ ਦੇ ਨਾਂ ਵੀ ਦਿਤੇ ਹੋਏ ਹਨ। ਇਸ ਖ਼ਬਰ ਦੀ ਪੁਸ਼ਟੀ 30 ਦਸੰਬਰ, 2014 ਦੇ ਅੰਗਰੇਜ਼ੀ ਟਿ੍ਰਬਿਊਨ ਨੇ ਵੀ ਕੀਤੀ ਹੈ।
8.    ਕੀ ਬਾਦਲ ਸਾਹਿਬ ਦਸਣਗੇ ਕਿ ਪੰਜਾਬ ਵਿਚ ਏਨੇ ਵੱਡੇ ਮਿਕਦਾਰ ਤੇ ਨਸ਼ਿਆਂ ਦਾ ਜੋ ਕਾਰੋਬਾਰ ਹੈ, ਉਸ ਵਿਚ ਉਨ੍ਹਾਂ ਦੇ ਮੰਤਰੀਆਂ ਦੀ ਕੀ ਭੂਮਿਕਾ ਹੈ। ਨਸ਼ੇ ਰੋਕੂ ਸਮਾਜਕ ਜਥੇਬੰਦੀਆਂ ਮੁਤਾਬਕ ਪੰਜਾਬ ਦੇ 10 ਨੌਜਵਾਨਾਂ ਵਿਚੋਂ 7 ਬੁਰੀ ਤਰ੍ਹਾਂ ਨਸ਼ਿਆਂ ਦੀ ਲਪੇਟ ਵਿਚ ਕਿਉ ਹਨ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ?
9.    ਪੰਜਾਬ ਵਿਚ ਵਿਦਿਆ ਪ੍ਰਣਾਲੀ ਅਤੇ ਸਿਹਤ ਸੇਵਾਵਾਂ ਦਾ ਨਿਘਾਰ ਹੁੰਦਾ ਜਾ ਰਿਹਾ ਹੈ? ਇਸ ਲਈ ਅਸੀ ਕਿਸ ਨੂੰ ਜ਼ਿੰਮੇਵਾਰ ਠਹਿਰਾਈਏ?
10.    ਪੰਜਾਬ ਦੀ ਆਰਥਕਤਾ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ। ਸਰਕਾਰ ਕੋਲ ਪੈਨਸ਼ਨਾਂ ਤੇ ਤਨਖ਼ਾਹਾਂ ਦੇਣ ਲਈ ਸਾਧਨ ਨਹੀਂ। ਇਕ ਅਕਾਲੀ ਮੰਤਰੀ ਦੀ ਮਿਲੀ-ਭੁਗਤ ਨਾਲ ਰੇਤਾ-ਬਜਰੀ ਤੇ ਮਾਫ਼ੀਆ ਦਾ ਕੰਟਰੋਲ ਹੈ। ਲੋਕਾਂ ਨੂੰ ਮਕਾਨ ਬਣਾਉਣ ਲਈ ਰੇਤਾ ਬਜਰੀ ਖ਼ਰੀਦਣ ਦੀ ਗੰਜਾਇਸ਼ ਨਹੀਂ। ਇਸ ਸੰਧਰਭ ਵਿਚ ਮੈਨੂੰ ਸ਼ੈਕਸਪੀਅਰ ਦਾ ਇਕ ਕਥਨ ਯਾਦ ਆਉਦਾ ਹੈ : ‘‘ਜਦੋਂ ਹੁਕਮਰਾਨ ਆਪ ਚੋਰਾਂ ਵਾਲਾ ਕਿਰਦਾਰ ਅਪਣਾ ਲੈਣ ਤਾਂ ਚੋਰਾਂ ਉਤੇ ਕੀ ਰੋਕ।’’ (“Thievs for their robbery have authority, when Judges steal themselves.”) ਪੜ੍ਹੇ-ਲਿਖੇ ਨੌਜਵਾਨ ਬੇਰੁਜ਼ਗਾਰ ਹਨ। ਬਾਦਲ ਸਾਹਿਬ ਦਸਣਗੇ ਕਿ ਇਨ੍ਹਾਂ ਹਾਲਾਤ ਵਿਚ ਲੋਕ ਕੀ ਕਰਨ? ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਜਿਵੇਂ ਕਿ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (SGPC), ਸਿੱਖਾਂ ਦੇ ਤਖ਼ਤ ਇਤਿਆਦਿਕ ਸਾਰੇ ਅਦਾਰੇ ਬਾਦਲ ਸਾਹਿਬ ਨੇ ਅਪਣੇ ਕਬਜ਼ੇ ਵਿਚ ਕਰ ਲਏ ਹਨ ਅਤੇ ਉਨ੍ਹਾਂ ਨੂੰ ਉਹ ਅਪਣੇ ਜ਼ਾਤੀ ਮੁਫ਼ਾਦ ਲਈ ਵਰਤ ਰਹੇ ਹਨ। ਗੱਲ ਇਥੋਂ ਤਕ ਵੱਧ ਗਈ ਹੈ ਕਿ ਐਸ.ਜੀ.ਪੀ.ਸੀ. ਦੇ ਸਾਧਨਾਂ ਵਿਚੋਂ ਪੈਸੇ ਕੱਢ ਕੇ ਅਪਣੇ ਅਤੇ ਸਾਕ ਸਬੰਧੀਆਂ ਦੇ ਨਾਂ ’ਤੇ ਟਰੱਸਟ ਬਣਾ ਕੇ ਪੱਕੇ ਤੌਰ ’ਤੇ ਅਪਣੀ ਜ਼ਾਤੀ ਪ੍ਰਾਪਟੀ ਵਿਚ ਤਬਦੀਲ ਕਰ ਲਏ ਗਏ ਹਨ। ਕੀ ਬਾਦਲ ਸਾਹਿਬ ਦਸਣਗੇ ਕਿ ਇਸ ਧਾਂਦਲੀ ਲਈ ਸਿੱਖ ਕਿਸ ਨੂੰ ਜ਼ਿੰਮੇਵਾਰ ਠਹਿਰਾਉਣ?ਸਵਾਲ ਹੋਰ ਵੀ ਬਹੁਤ ਹਨ, ਪਰ ਜਗ੍ਹਾ ਦੀ ਘਾਟ ਕਾਰਨ ਹੋਰ ਲਿਖਣਾ ਹਾਲ ਦੀ ਘੜੀ ਮੁਸ਼ਕਲ ਹੈ।

- ਡਾ. ਗੁਰਦਰਸ਼ਨ ਸਿੰਘ ਢਿੱਲੋਂ,
ਸਾਬਕਾ ਪ੍ਰੋਫ਼ੈਸਰ ਆਫ਼ ਹਿਸਟਰੀ,ਪੰਜਾਬ ਯੂਨੀਵਰਸਟੀ, ਚੰਡੀਗੜ੍ਹ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.