ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ
ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ
Page Visitors: 2828

ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ
    ਪੰਜ ਦਰਿਆਵਾ ਦੇ ਪਾਣੀਆ ਦੀ ਧਰਤੀ ਪੰਜਾਬ ਦੇ ਚੱਪੇ-ਚੱਪੇ ਨੂੰ ਗੁਰੂ ਸਾਹਿਬਾਨ ਦੇ ਚਰਨਾ ਦੀ ਛੋਹ ਪ੍ਰਾਪਤ ਹੈ। ਇਥੇ ਗੁਰੂ ਸਾਹਿਬਾਨ ਨੇ ਧਰਮ ਨੂੰ ਪ੍ਰੈਕਟੀਕਲ ਰੂਪ ਵਿੱਚ ਜਿਊ ਕੇ ਮਨੁੱਖਤਾ ਦੇ ਸਾਹਮਣੇ ਨਿਵੇਕਲਾ ਅਤੇ ਵਿਲੱਖਣ ਸਿਧਾਂਤ ਪੇਸ਼ ਕੀਤਾ। ਪੰਜਾਬ ਦੀ ਧਰਤੀ, ਪੰਜਾਬ ਦੇ ਸਭਿਆਚਾਰ ਵਿੱਚੋ ਦਸ ਗੁਰੂ ਸਾਹਿਬਾਨ ਨੂੰ ਕਿਸੇ ਰੂਪ ਵਿੱਚ ਕਦੀ ਵੀ ਮਨਫੀ ਨਹੀ ਕੀਤਾ ਜਾ ਸਕਦਾ ਹੈ। ਇਸੇ ਲਈ ਤਾਂ ਪੰਜਾਬੀ ਦਾ ਅਲਬੇਲਾ ਕਵੀ ਪ੍ਰੋਫੈਸਰ ਪੂਰਨ ਸਿੰਘ ਆਪਣੀ ਕਲਮ ਤੋ ਲਿਖਦਾ ਹੈ-
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ।

ਇਸੇ ਪੰਜਾਬ ਦੀ ਧਰਤੀ ਉਪਰ ਬਾਬੇ ਨਾਨਕ ਨੇ ‘ਨਾ ਕੋ ਹਿੰਦੂ ਨਾ ਮੁਸਲਮਾਨ` ਦੇ ਨਾਹਰੇ ਨਾਲ ਸਮੁੱਚੀ ਮਨੁੱਖਤਾ ਦੇ ਉਧਾਰ ਲਈ `ਚੜਿਆ ਸੋਧਣ ਧਰਤ ਲੋਕਾਈ` ਵਾਲੇ ਉਦਾਸੀਆ ਦੇ ਮਿਸ਼ਨ ਦੀ ਆਰੰਭਤਾ ਕੀਤੀ। ਇਥੇ ਹੀ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਨੀਂਹ ਸਾਂਈ ਮੀਆ ਮੀਰ ਜੀ ਦੇ ਹੱਥੋ ਰਖਵਾ ਕੇ, ਚਾਰੇ ਦਿਸ਼ਾਵਾ ਵਿੱਚ ਚਾਰ ਦਰਵਾਜੇ ਰੱਖ ਕੇ ਮਨੁੱਖਤਾ ਦੀ ਇਕਸਾਰਤਾ ਦਾ ਪ੍ਰਤੱਖ ਸਬੂਤ ਪੇਸ਼ ਕੀਤਾ ਗਿਆ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉਪਰ 1699 ਦੀ ਵਿਸਾਖੀ ਵਾਲੇ ਦਿਨ ਆਦਰਸ਼ਕ ਖਾਲਸਾ ਪੰਥ ਦੀ ਸਾਜਨਾ ਕਰਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ, ਇਲਾਕਿਆ ਦੀਆ ਹੱਦਬੰਦੀਆ ਨੂੰ ਖਤਮ ਕਰਕੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਅਮਲੀ ਜਾਮਾ ਪਹਿਨਾ ਕੇ ਦਿਖਾ ਦਿਤਾ। ਇਸੇ ਪੰਜਾਬ ਦੀ ਧਰਤੀ ਉਪਰ ਦੁਨੀਆ ਦੇ ਇਤਿਹਾਸ ਦੀ ਬੇਜੋੜ ਅਤੇ ਅਸਾਂਵੀ ਜੰਗ `ਚਮਕੌਰ ਸਾਹਿਬ`ਦੇ ਇਤਿਹਾਸਕ ਅਸਥਾਨ ਤੇ ਲੜੀ ਗਈ। ਜਾਲਮਾ ਦੇ ਜੁਲਮ ਸਾਹਮਣੇ ਬਾਲ ਉਮਰ ਦੀ ਪ੍ਰਵਾਹ ਨਾ ਕਰਦੇ ਹੋਏ ਜਿਊਂਦੇ ਜੀਅ ਨੀਹਾਂ ਵਿੱਚ ਆਪਾ ਚਿਣਵਾ ਕੇ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜਾਦਿਆਂ ਵਲੋਂ ‘ਨਿਕੀਆ ਜਿੰਦਾ ਵੱਡਾ ਸਾਕਾ` ਦਾ ਇਤਿਹਾਸ ਸਿਰਜ ਕੇ ਵਿਖਾ ਦਿੱਤਾ। ਗੁਰੂ ਸਾਹਿਬ ਵਲੋ ਬਾਣੀ ਅਤੇ ਬਾਣੇ ਦੀਆ ਬਖਸ਼ਿਸ਼ਾ ਨਾਲ ਨਿਵਾਜੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਖਾਲਸੇ ਨੇ ਬਹੁਤ ਵੱਡੀ ਤੇ ਤਾਕਤਵਰ ਮੁਗਲ ਸਲਤਨਤ ਨਾਲ ਲੋਹਾ ਲੈ ਕੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿੱਤੀ। ਪਹਿਲਾ ਖਾਲਸਾ ਰਾਜ ਕਾਇਮ ਕਰਕੇ ਵਿਖਾ ਦਿੱਤਾ।
‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ` ਨੂੰ ਸਾਰਥਕ ਕਰਦੇ ਹੋਏ ਗੁਰੂ ਸਾਹਿਬਾਨ ਤੋ ਬਾਦ ਵੀ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਸ. ਹਰੀ ਸਿੰਘ ਨਲੂਆ, ਸ. ਸ਼ਾਮ ਸਿੰਘ ਅਟਾਰੀ ਆਦਿ ਵਲੋ ਗੁਰੂ ਸਾਹਿਬਾਨ ਦੇ ਪਾਏ ਪੂਰਨਿਆ ਤੇ ਚਲ ਕੇ
ਬੇਗਮਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹਿ ਠਾਉ।। “ (੩੪੫)
 ਵਾਲਾ ਸੁਚੱਜਾ ਸਮਾਜ ਸਿਰਜ ਕੇ ਮਨੁੱਖਤਾ ਦੇ ਭਲੇ ਵਾਲੇ ਰਾਜ ਦਾ ਮਾਡਲ ਪੇਸ਼ ਕੀਤਾ ਗਿਆ।”
 ਸਰਬ ਧਰਮ ਮਹਿ ਸ੍ਰੇਸਟ ਧਰਮ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।। “ (੨੬੬)
ਵਾਲੇ ਗੁਰੂ ਫੁਰਮਾਣਾ ਦੀ ਰੋਸ਼ਨੀ ਵਿੱਚ ਚਲਦਿਆ ਗੁਰੂ ਨਾਨਕ ਸਾਹਿਬ ਵਲੋ ਦਿੱਤੇ ਗਏ ਮੁੱਢਲੇ ਸਿਧਾਂਤ ‘ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ`ਵਾਲਾ ਰੋਲ ਮਾਡਲ ਪੰਜਾਬ ਦੀ ਧਰਤੀ ਤੇ ਪ੍ਰੈਕਟੀਕਲ ਰੂਪ ਵਿੱਚ ਕਮਾ ਕੇ ਵਿਖਾਇਆ ਗਿਆ।
ਗੁਰੂ ਸਾਹਿਬਾਨ ਵਲੋ ਦਰਸਾਈ ਜੀਵਨ ਜਾਚ
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ।। “ (੧੪੨੭)
 ਤੇ ਚਲਦਿਆ ਹੋਇਆ ਪੰਜਾਬੀ ਅਣਖੀਲੇ ਸੁਭਾਉ ਦੇ ਮਾਲਕ ਬਣ ਗਏ, ਇਸ ਦੀ ਤਰਜਮਾਨੀ ਕਰਦੇ ਹੋਏ ਪੰਜਾਬੀ ਦਾ ਅਲਬੇਲਾ ਕਵੀ ਪ੍ਰੋ. ਪੂਰਨ ਸਿੰਘ ਹੋਰ ਲਿਖ ਜਾਂਦਾ ਹੈ-
ਇਹ ਬੇਪਰਵਾਹ ਪੰਜਾਬ ਦੇ
ਮੌਤ ਨੂੰ ਮਖੌਲਾ ਕਰਨ
ਮਰਨ ਤੋਂ ਨਹੀ ਡਰਦੇ।
ਪਿਆਰ ਨਾਲ ਇਹ ਕਰਨ ਗੁਲਾਮੀ
ਪਰ ਟੈਂ ਨਾ ਮੰਨਣ ਕਿਸੇ ਦੀ।
ਖਲੋ ਜਾਣ ਮੋਢੇ ਤੇ ਡਾਂਗਾ ਉਲਾਰ ਕੇ।

ਪਰ ਜਦੋ ਅਸੀ ਪੰਜਾਬੀਆ ਦੇ ਪੁਰਾਤਨ ਇਤਿਹਾਸਕ ਵਿਰਸੇ ਨੂੰ ਮੌਜੂਦਾ ਹਾਲਾਤ ਦੀ ਤੁਲਨਾ ਵਿੱਚ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਬੜੀ ਸਪਸ਼ਟ ਤਸਵੀਰ ਉਭਰ ਕੇ ਸਾਹਮਣੇ ਆਉਦੀ ਹੈ ਕਿ ਪੰਜਾਬੀਆ ਨੂੰ ਕੋਈ ਵੀ ਗੈਰ ਜਬਰਦਸਤੀ ਗੁਲਾਮ ਨਹੀ ਬਣਾ ਸਕਿਆ, ਪਰ ਅੱਜ ਅਸੀ ਆਪਣੇ ਬਣਾਏ ਮੱਕੜੀ ਦੇ ਜਾਲੇ ਵਾਂਗ ਆਪਣੇ ਹੱਥੀ ਸਹੇੜੀਆਂ ਬੁਰਾਈਆਂ ਦੇ ਪੂਰੀ ਤਰ੍ਹਾ ਗੁਲਾਮ ਬਣ ਚੁੱਕੇ ਹਾਂ।
 ‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੋਂ` ਵਾਲੇ ਸ਼ਾਨਾਮੱਤੇ ਵਿਰਸੇ ਦਾ ਪੱਲਾ ਛੱਡ ਕੇ ਸਾਡੇ ਪੱਲੇ ਖੁਨਾਮੀ ਅਤੇ ਖੁਆਰੀ ਹੀ ਪੈ ਰਹੀ ਹੈ। ਇਸ ਦਾ ਕਾਰਣ ਸਾਡੇ ਵਲੋ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਚਿਤਾਵਨੀ ਨੂੰ ਭੁੱਲ ਜਾਣਾ ਹੀ ਹੈ।
ਜਬ ਲਗ ਖਾਲਸਾ ਰਹੈ ਨਿਆਰਾ ।
ਤਬ ਲਗ ਤੇਜ ਦੀਉ ਮੈ ਸਾਰਾ ।
ਜਬ ਇਹ ਗਹੈ ਬਿਪਰਨ ਕੀ ਰੀਤ ।
ਮੈ ਨ ਕਰਉ ਇਨ ਕੀ ਪ੍ਰਤੀਤ

ਅਸੀ ਕਿਥੋ ਤੁਰੇ ਸੀ, ਕਿਥੇ ਪਹੁੰਚ ਗਏ? ਗੁਰੂ ਸਿਧਾਂਤਾ ਦਾ ਪੱਲਾ ਛੱਡਣ ਕਰਕੇ ਅਜ ਸਾਡੀ ਹਾਲਤ
 “ਅੰਮ੍ਰਿਤ ਕਉਰਾ ਬਿਖਿਆ ਮੀਠੀ” (892)
 ਵਾਲੀ ਹੋ ਗਈ। ਅਜ ਦੇ ਬਹੁਗਿਣਤੀ ਮਨੁੱਖ ਆਪਣੇ ਮਿੱਤਰ, ਰਿਸ਼ਤੇਦਾਰ, ਪਤਨੀ, ਭਰਾਵਾਂ ਆਦਿ ਦੀ ਨਜਾਇਜ ਗਲ ਮੰਨ ਕੇ ਸ਼ਰਾਬ ਵੀ ਪੀ ਲੈਦੇ ਹਨ, ਪ੍ਰੰਤੂ ਗੁਰੂ ਦੀ ਜਾਇਜ ਗਲ ਮੰਨ ਕੇ ਅੰਮ੍ਰਿਤ ਛਕਣ ਲਈ ਤਿਆਰ ਨਹੀ ਹੋ ਰਹੇ।
ਗੁਰੂ ਸਾਹਿਬਾਨ ਦੇ ਚਰਨਾ ਦੀ ਛੋਹ ਪ੍ਰਾਪਤ ਅਤੇ ਸਿੱਖ ਸ਼ਹੀਦਾ ਦੇ ਖੂਨ ਨਾਲ ਰੰਗੀ ਪੰਜਾਬ ਦੀ ਪਵਿੱਤਰ ਧਰਤੀ ਜਿਥੇ ਅੰਮ੍ਰਿਤ ਦੀ ਦਾਤ ਵੰਡੀ ਗਈ, ਅਜ ਪੰਜ ਦਰਿਆਵਾ ਵਾਲੇ ਪੰਜਾਬ ਵਿੱਚ ਸ਼ਰਾਬ ਰੂਪੀ ਛੇਵਾ ਦਰਿਆ ਵਗ ਰਿਹਾ ਹੈ। ਇਸ ਗਿਰਾਵਟ ਲਈ ਜਿੰਮੇਵਾਰ ਕੌਣ? ਵਲ ਇਸ਼ਾਰਾ ਕਰਦਾ ਹੋਇਆ ਇੱਕ ਕਵੀ ਬਾਬਾ ਨਾਨਕ ਨੂੰ ਸੰਬੋਧਨ ਕਰਕੇ ਲਿਖਦਾ ਹੈ-
ਐ ਬਾਬਾ, ਪੰਜਾਬ ਤੇਰੇ ਨੂੰ ਗਈ ਸਿਆਸਤ ਖਾ।
ਏਥੇ ਵਗਦਾ ਏ ਬਸ, ਨਸ਼ਿਆ ਦਾ ਇਕੋ ਹੀ ਦਰਿਆ।

ਅਜ ਸਾਡੇ ਵਲੋ ਧਰਮ ਦੇ ਨਾਮ ਤੇ ਕੀਤੇ ਜਾ ਰਹੇ ਬਹੁਗਿਣਤੀ ਸਮਾਜਕ ਸਮਾਗਮ ਆਰੰਭ ਤਾਂ ਗੁਰਬਾਣੀ ਦੇ ਪਾਠ, ਕੀਰਤਨ ਨਾਲ ਹੁੰਦੇ ਹਨ ਪ੍ਰੰਤੂ ਸਮਾਪਤੀ ਸ਼ਰਾਬ ਦੇ ਪਿਆਲੇ ਤੇ ਜਾ ਕੇ ਹੁੰਦੀ ਹੈ। ਕੋਈ ਸਮਾਂ ਸੀ ਜਦੋ ਸ਼ਰਾਬ ਪੀਣ ਵਾਲੇ ਥੋੜੇ ਸਨ ਅਤੇ ਉਹ ਵੀ ਲੁਕ ਛਿਪ ਕੇ ਪਰਦੇ ਅੰਦਰ ਪੀਂਦੇ ਸਨ, ਪਰ ਅਜ ਵਿਆਹਾ ਸ਼ਾਦੀਆ/ਸਮਾਜਿਕ ਸਮਾਗਮਾਂ ਸਮੇ ਵਧੀਆ ਤੋ ਵਧੀਆ ਬ੍ਰਾਂਡ ਦੀ ਸ਼ਰਾਬ ਪੀਣਾ-ਪਿਲਾਉਣਾ ਇੱਕ ਸਟੇਟਸ ਸਿੰਬਲ ਵਜੋ ਸਾਹਮਣੇ ਆ ਰਿਹਾ ਹੈ। ਅੰਮ੍ਰਿਤ ਦੇ ਵਪਾਰੀਆ ਵਲੋ ਸ਼ਰਾਬ ਨਾਲ ਸਾਂਝ ਪਾਉਣ ਵਾਲੇ ਪੰਜਾਬੀਆ ਬਾਰੇ ‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇਂ` ਕਹਿਣਾ ਕਿਸੇ ਵੀ ਤਰ੍ਹਾ ਸਾਰਥਕ ਨਹੀ ਹੈ। ਅਜ ਤਾਂ ਸਭਿਆਚਾਰ ਦੇ ਨਾਮ ਤੇ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ` ਚਲ ਰਹੇ ਗੀਤ ਗੁਰੂ ਸਾਹਿਬਾਨ ਵਲੋ ਉਸਾਰੇ ਸਮਾਜ ਵਿਰੁੱਧ ਸਿੱਧੇ ਰੂਪ ਵਿੱਚ ਬਗਾਵਤ ਦਾ ਝੰਡਾ ਬੁਲੰਦ ਕਰ ਰਹੇ ਹਨ। ਅੱਜ ਅੰਮ੍ਰਿਤ ਦੇ ਵਪਾਰੀ ਸਿੱਖ ਵੀ ਛੂਛੇ ਮਦਿ ਦੇ ਗੁਲਾਮ ਬਨਣ ਵਿੱਚ ਦੂਜਿਆ ਤੋ ਪਿਛੇ ਨਹੀ ਰਹੇ।
ਗੁਰੂ ਸਾਹਿਬ ਵਲੋਂ ਗੁਰਬਾਣੀ ਰਾਹੀਂ ਦਿੱਤੀ ਗਈ ਸਮਾਜਿਕ-ਪਰਿਵਾਰਕ ਜੀਵਨ ਜਾਚ
 “ਜੀਵਤ ਪਿਤਰ ਨ ਮਾਨੈ ਕੋਊ” (332) ਅਤੇ
 “ਕਾਹੇ ਪੂਤ ਝਗਰਤ ਹਉ ਸੰਗਿ ਬਾਪ” (1200)
 ਵਾਲੀ ਚਿਤਾਵਨੀ ਨੂੰ ਅਸੀ ਮੂਲੋਂ ਹੀ ਵਿਸਾਰਦੇ ਜਾ ਰਹੇ ਹਾਂ। ਪੰਜਾਬ ਦੀ ਧਰਤੀ ਤੇ ਜਿਵੇ ਜਿਵੇ ਪੈਸੇ ਅਤੇ ਸੁਖ ਸਹੂਲਤਾਂ ਦੀ ਬਹੁਤਾਤ ਹੋਈ, ਉਸੇ ਉਸੇ ਤਰ੍ਹਾ ਪੰਜਾਬ ਦੀ ਧਰਤੀ ਤੇ ਬਿਰਧ ਆਸ਼ਰਮ ਖੁੱਲ ਜਾਣੇ ਅਤੇ ਚੱਲ ਜਾਣੇ ਗੁਰਬਾਣੀ ਹੁਕਮਾਂ ਦੀ ਪਾਲਣਾ ਪ੍ਰਤੀ ਸਾਡੀ ਅਗਿਆਨਤਾ ਦਾ ਪ੍ਰਤੱਖ ਸਬੂਤ ਹੈ।
ਸਾਡੇ ਪੰਜਾਬੀ ਸਭਿਆਚਾਰ ਵਿੱਚ ਵਿਆਹਾਂ ਖੁਸ਼ੀਆਂ ਦੇ ਸਮੇ ਸਿਠਣੀਆ, ਸੁਹਾਗ, ਘੋੜੀਆ, ਗਿੱਧੇ, ਭੰਗੜੇ, ਬੋਲੀਆ ਆਦਿ ਦੀ ਪ੍ਰਧਾਨਤਾ ਹੁੰਦੀ ਸੀ, ਪਰ ਅਜੋਕੇ ਸਮੇ ਬਹੁਗਿਣਤੀ ਗਾਇਕ ਦਾਅਵੇਦਾਰੀਆ ਤਾਂ ਪੰਜਾਬੀ ਸਭਿਆਚਾਰ ਦੀ ਸੇਵਾ ਦੀਆ ਕਰਦੇ ਹਨ। ਪਰ ਉਹ ਕੈਸਾ ਸਭਿਆਚਾਰ ਪੇਸ਼ ਕਰ ਰਹੇ ਹਨ, ਸਾਡੇ ਸਾਰਿਆ ਦੇ ਸਾਹਮਣੇ ਹੀ ਹੈ। ਅਸੀ ਉਸ ਪੁਰਾਤਨ ਇਤਿਹਾਸਕ ਵਿਰਸੇ ਦੀ ਛਾਂ ਵਿੱਚ ਪਲ ਕੇ ਵੱਡੇ ਹੋਏ ਹਾਂ ਜਿਥੇ “ਪਰ ਬੇਟੀ ਕੋ ਬੇਟੀ ਜਾਨੈ ਪਰ ਇਸਤਰੀ ਕੋ ਮਾਤ ਬਖਾਨੈ” ਦਾ ਉਪਦੇਸ਼ ਦਿੱਤਾ ਗਿਆ, ਜਿਥੇ ਦੂਸਰਿਆ ਦੀਆ ਬਹੂ ਬੇਟੀਆ ਆਪਣੀਆ ਜਾਨਾ ਤੇ ਹੂਲ ਕੇ ਖਾਲਸੇ ਵਲੋਂ ਜਰਵਾਣਿਆ ਤੋ ਛੁਡਵਾ ਕੇ ਇਜਤਾਂ ਸਮੇਤ ਘਰੋ ਘਰੀ ਸੁਰੱਖਿਅਤ ਪਹੁੰਚਾਈਆਂ ਗਈਆਂ। ਪਰ ਅਜ ਦਾ ਪੰਜਾਬੀ ਗਾਇਕ ਗਾ ਰਿਹਾ ਹੈ-
ਔਹ ਵੇਖੋ ਸੜਕਾ ਤੇ ਅੱਗ ਤੁਰੀ ਜਾਂਦੀ ਏ
ਗਾਉਣ ਵਾਲੇ ਨੂੰ ਸ਼ਾਇਦ ਇਹ ਵੀ ਭੁੱਲ ਗਿਆ ਹੈ ਕਿ ਸੜਕ ਤੇ ਤੁਰੀ ਜਾਂਦੀ ਇਸ ਅੱਗ ਵਿੱਚ ਉਸਦੀ ਆਪਣੀ ਧੀ ਭੈਣ ਵੀ ਹੋ ਸਕਦੀ ਹੈ। ਪੰਜਾਬੀ ਸਭਿਆਚਾਰ ਦੇ ਨਾਮ ਤੇ ਸੇਵਾ ਕਰ ਰਹੇ ਅਜੋਕੇ ਗਾਇਕਾ ਦੇ ਅਜਿਹੇ ਬੇਹੂਦਾ-ਬੇਤੁਕੇ ਬੋਲ ਸਮਾਜ ਨੂੰ ਕੀ ਸਿਖਿਆ ਦੇ ਰਹੇ ਹਨ-
ਕੀ ਹੋਇਆ ਜੇ ਨੱਚਦੀ ਦੀ ਬਾਂਹ ਫੜ ਲਈ, ਡਾਕਾ ਤੇ ਨਹੀ ਮਾਰਿਆ
ਐਸਾ ਗਾਉਣ ਵਾਲੇ ਭਲੇਮਾਣਸ ਨੂੰ ਜਰਾ ਸਖਤਾਈ ਨਾਲ ਪੁੱਛਣ ਦੀ ਲੋੜ ਹੈ ਕਿ ‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ` ਦੀ ਧਰਤੀ ਉਪਰ ਕਿਸੇ ਬਿਗਾਨੀ ਧੀ ਭੈਣ ਦੀ ਸ਼ਰੇਆਮ ਬਾਂਹ ਫੜ ਲੈਣ ਨੂੰ ਡਾਕਾ ਹੀ ਆਖਿਆ ਜਾਵੇਗਾ, ਹੋਰ ਕੀ ਆਖੀਏ? ਅਜ ਦੇ ਪੈਲੇਸ ਸਭਿਆਚਾਰ ਨੇ ਸਾਡੇ ਵਿਆਹਾ ਸਮੇ ਸਾਡੀ ਆਪਸੀ ਭਾਈਚਾਰਕ ਸਾਂਝ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ। ਪੈਲੇਸ ਵਿੱਚ ਡੀ. ਜੇ. ਤੇ ਚਲ ਰਹੇ ਗੀਤ
ਤੂੰ ਨਹੀ ਬੋਲਦੀ ਰਕਾਨੇ ਤੂੰ ਨਹੀ ਬੋਲਦੀ, ਤੇਰੇ ਚੋਂ ਤੇਰਾ ਯਾਰ ਬੋਲਦਾ
ਦੇ ਬੋਲਾ ਉਪਰ ਸ਼ਰਮ ਹਯਾ ਦੀਆ ਸਾਰੀਆ ਹੱਦਾ ਉਲੰਘ ਕੇ, ਗੀਤ ਦੀ ਸ਼ਬਦਾਵਲੀ ਵਲੋ ਬੇਧਿਆਨੇ ਹੋ ਕੇ ਆਪਣੀਆ ਹੀ ਧੀਆ ਭੈਣਾ ਦੇ ਨਾਲ ਸ਼ਰੇਆਮ ਨੱਚ ਨੱਚ ਕੇ ਨੋਟਾਂ ਦੀ ਵਰਖਾ ਕਰ ਕਰ ਕੇ ਪਤਾ ਨਹੀ ਕਿਹੜੇ ਪੰਜਾਬੀ ਸਭਿਆਚਾਰ ਦਾ ਵਿਖਾਵਾ ਅਸੀ ਕਰ ਰਹੇ ਹਾਂ? ‘ਲਕ ਟਵੰਟੀ ਏਟ ਕੁੜੀ ਦਾ, ਫੋਰਟੀ ਸੈਵਨ ਵੇਟ ਕੁੜੀ ਦਾ` ਅਜ ਦੇ ਗੀਤ ਸਾਨੂੰ ਕੀ ਸਿਖਾ ਰਹੇ ਹਨ? ਭਾਈ ਘਨਈਆ ਜੀ, ਭਗਤ ਪੂਰਨ ਸਿੰਘ ਦੇ ਵਾਰਸਾਂ ਨੂੰ ਅਜੋਕੇ ਗਾਇਕ “ਕੋਈ ਬੰਦਾ ਬੁੰਦਾ ਮਾਰਣਾ ਤਾਂ ਦੱਸ” ਗਾ ਕੇ ਕੀ ਦੱਸਣਾ ਚਾਹੁੰਦੇ ਹਨ? ਕੋਈ ਸਮਾਂ ਸੀ, ਸਾਡੀਆ ਬੱਚੀਆਂ ਸਹੇਲੀਆਂ ਨਾਲ ਹੱਥਾ ਦੀ ਕਰਿੰਗੜੀ ਪਾ ਕੇ ਖੁਸ਼ੀ ਵਿੱਚ ਖੀਵੀਆ ਹੋ ਕੇ ਨੱਚਦੀਆ, ਘੁੰਮਦੀਆ, ਗਾਉਂਦੀਆ ਸਨ-
ਕਿਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ।
ਦੁਪੱਟਾ ਮੇਰੇ ਭਾਈ ਦਾ ਫਿਟੇ ਮੂੰਹ ਜਵਾਈ ਦਾ।

ਪਰ ਅਜ ਉਹ ਸਭ ਕੁਝ, ਪੱਗ, ਦੁਪੱਟਾ ਕਿਥੇ ਚਲਾ ਗਿਆ? ਲਗਦਾ ਹੈ ਜੇ ਅਜ ਸਾਡੀਆ ਬੱਚੀਆ ਨੇ ਕਿਕਲੀ ਪਾ ਕੇ ਗਾਉਣਾ ਹੋਵੇ ਤਾਂ ਬੋਲ ਬਦਲ ਕੇ ਇਸ ਤਰ੍ਹਾ ਗਾਉਣਾ ਪਵੇਗਾ-
ਕਿਕਲੀ ਕਲੀਰ ਦੀ, ਬੋਦੀ ਮੇਰੇ ਵੀਰ ਦੀ।
ਉਸਤਰਾ ਨਾਈ ਦਾ, ਕੀ ਬਣੂ ਲੋਕਾਈ ਦਾ।

ਕਦੇ ਇਸ ਪੰਜਾਬ ਦੀ ਧਰਤੀ ਤੇ “ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ, ਵੈਰੀਆ ਨੇ ਲੁਟ ਲਿਆ ਅਜ ਤੇਰਾ ਮਾਲ ਓਏ” ਦਾ ਵਾਸਤਾ ਪਾ ਕੇ ਗੁਲਾਮੀ ਤੋ ਅਜਾਦੀ ਵਲ ਜਾਣ ਦਾ ਹਲੂਣਾ ਦਿੱਤਾ ਸੀ, ਪਰ ਅਜ ਅਸੀ ਫੈਸ਼ਨਾ ਦੀ ਗੁਲਾਮੀ ਵਿੱਚ ਪੈ ਕੇ ਸਿੱਖਾ ਦੀ ਸਰਦਾਰੀ ਦੀ ਪ੍ਰਤੀਕ ਦਸਤਾਰ ਨੂੰ ਗਵਾ ਕੇ ਪਗੜੀ ਨੂੰ ਦਾਗ ਲੱਗਣ ਅਤੇ ਕਲੀਨ ਸ਼ੇਵ ਹੋ ਕੇ ਮੁੱਛ ਨੂੰ ਨੀਵਾਂ ਨਾ ਹੋਣ ਦੇਣ ਵਾਲੀ ਪੰਜਾਬੀ ਅਣਖ ਦਾ ਪੂਰੀ ਤਰ੍ਹਾ ਯੱਭ ਹੀ ਮੁਕਾ ਦਿੱਤਾ ਹੈ।
ਇਸ ਸਭ ਕੁੱਝ ਲਈ ਦੋਸ਼ ਕਿਸਨੂੰ ਦੇਈਏ, ਗੁਰੂ ਸਾਹਿਬ ਨੇ ਤਾਂ ਪਹਿਲਾ ਹੀ ਸਪਸ਼ਟ ਕੀਤਾ ਹੋਇਆ ਹੈ-
ਦਦੈ ਦੋਸੁ ਨ ਦੇਊ ਕਿਸੇ ਦੋਸੁ ਕਰੰਮਾ ਆਪਣਿਆ।।
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ
।। (ਆਸਾ ਮਹਲਾ ੧-੪੩੩)
ਆਉ ਅਜੇ ਵੀ ਡੁੱਲੇ ਬੇਰਾ ਦਾ ਕੁੱਝ ਨਹੀ ਵਿਗੜਿਆ। ਸਵੇਰ ਦਾ ਭੁਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁਲਿਆ ਨਹੀ ਕਹਿੰਦੇ। ਗੁਰੂ ਸਾਹਿਬਾਨ ਦੇ ਦਰਸਾਏ ‘ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ` ਵਾਲੇ ਮਾਰਗ ਦੇ ਪਾਂਧੀ ਬਣ ਕੇ ਅਸੀ ਰਲ ਮਿਲ ਕੇ ਫਿਰ ‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ` ਵਾਲਾ ਪੰਜਾਬ ਪੁਨਰ-ਸੁਰਜੀਤ ਕਰ ਲਈਏ। ਜੇਕਰ ਅਸੀ ਅਜੇ ਵੀ ਨਾ ਸੰਭਲੇ ਤਾਂ ਪਹਿਲਾ ਹੀ ਬਹੁਤ ਦੇਰ ਹੋ ਚੁੱਕੀ ਹੈ, ਹੋਰ ਦੇਰ ਕਰਨ ਤੇ ਸਾਨੂੰ ਆਪਣੇ ਹਸ਼ਰ ਸਬੰਧੀ ਚੇਤਾਵਨੀ ਯਾਦ ਰਖਣੀ ਚਾਹੀਦੀ ਹੈ।
ਸੰਭਲ ਜਾਉ ਐ ਪੰਜਾਬ ਵਾਲੋ, ਮੁਸੀਬਤ ਆਨੇ ਵਾਲੀ ਹੈ।
ਤੁਮਹਾਰੀ ਬਰਬਾਦੀਓ ਕੀ ਦਾਸਤਾਨ ਭੀ ਨ ਹੋਗੀ, ਦਾਸਤਾਨੋ ਮੇਂ।

ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.