ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ
ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ
Page Visitors: 2587

ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ
ਜਿਨ ਕੌਮੋ ਕੋ ਅਪਣੀ ਵਿਰਾਸਤ ਕਾ ਅਹਿਸਾਸ ਨਹੀ ਹੋਤਾ।
ਉਨ ਕੌਮੋ ਕਾ ਕੋਈ ਇਤਿਹਾਸ ਨਹੀ ਹੋਤਾ।

ਸੰਸਾਰ ਦੇ ਇਤਿਹਾਸ ਅੰਦਰ ਸਿੱਖ ਇਤਿਹਾਸ ਇੱਕ ਮੀਲ ਪੱਥਰ ਵਾਂਗ ਪ੍ਰੱਤਖ ਰੂਪ ਵਿੱਚ ਚਮਕਦੇ ਹੋਏ ਸਿਤਾਰੇ ਦੀ ਤਰਾਂ ਹੈ। ‘ਨਾਨਕ ਨਿਰਮਲ ਪੰਥ` ਦੇ ਐਸੇ ਅਮੋਲਕ ਇਤਿਹਾਸਕ ਵਿਰਸੇ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖਦੇ ਹੋਏ ਇਸ ਵਿੱਚ ਦਾਖਲੇ ਲਈ
ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ
।। (ਸਲੋਕ ਮਹਲਾ ੧-1412)
ਦੀ ਜੋ ਸ਼ਰਤ ਰੱਖੀ, ਇਸੇ ਦੀ ਪ੍ਰੋੜਤਾ ਗੁਰੂ ਅਰਜਨ ਸਾਹਿਬ ਨੇ ਆਪਣੇ ਪਾਵਨ ਬਚਨ
ਪਹਿਲਾ ਮਰਣੁ ਕਬੂਲਿ ਜੀਵਨ ਕੀ ਛਡਿ ਆਸ।।
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ
।। (ਸਲੋਕ ਮਹਲਾ ੫-1102)
ਨਾਲ ਕੀਤੀ।
 ਵਿਚਾਰਵਾਨਾ ਦਾ ਮੱਤ ਹੈ ਕਿ “ਇਤਿਹਾਸ ਆਪਣੇ ਆਪ ਨੂੰ ਦੁਹਰਾਉਦਾ ਹੈ”। ਅਜੋਕੇ ਸਮੇ ਦੌਰਾਨ ਪ੍ਰਿੰਟ- ਇਲੈਕਟਰੋਨਿਕ ਮੀਡੀਏ ਰਾਹੀ ਸਿੱਖ ਹਿਰਦਿਆਂ ਵਿੱਚ ਸਿਖੀ ਸਿਧਾਂਤਾਂ ਤੇ ਪਹਿਰੇਦਾਰੀ ਵਾਲੇ ਅਮਲ ਨੂੰ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਦੇ ਉਪਰੋਕਤ ਪਾਵਨ ਬਚਨਾਂ ਦੇ ਪ੍ਰੈਕਟੀਕਲ ਰੂਪ ਵਿੱਚ ਵਰਤਦਾ ਪ੍ਰਤੱਖ ਵੇਖਿਆ ਜਾ ਸਕਦਾ ਹੈ।
ਆਉ ਜਰਾ ਸਿੱਖ ਸ਼ਹਾਦਤਾਂ ਦੇ ਇਤਿਹਾਸ ਦੇ ਉਨ੍ਹਾ ਕੁੱਝ ਕੁ ਸ਼ਾਨਾਮੱਤੇ ਪੰਨਿਆਂ ਨੂੰ ਦ੍ਰਿਸ਼ਟੀ ਗੋਚਰ ਕਰਨ ਦਾ ਯਤਨ ਕਰੀਏ ਜਿਥੇ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾ ਕੇ ਦਿਖਾ ਦਿਤਾ।
ਗੁਰੂ ਅਰਜਨ ਸਾਹਿਬ ਨੇ ਸਿੱਖ ਸ਼ਹਾਦਤਾ ਦੇ ਇਤਿਹਾਸ ਦੀ ਅਰੰਭਤਾ ਕਰਦੇ ਹੋਏ ਜਿਥੇ ਜਾਲਮਾਂ ਦੇ ਹੋਰ ਖੌਫਨਾਕ ਤਸੀਹੇ ਝੱਲੇ. ਉਸ ਦੇ ਨਾਲ ਨਾਲ ਉਬਲਦੀ ਦੇਗ ਦੇ ਪਾਣੀਆਂ ਵਿੱਚ ਅਡੋਲਤਾ ਨਾਲ ਉਬਾਲੇ ਖਾ ਕੇ ਵੀ “ਤੇਰਾ ਕੀਆ ਮੀਠਾ ਲਾਗੈ” (ਆਸਾ ਮਹਲਾ ੫-394) ਵਾਲੀ ਲਾਸਾਨੀ ਮਿਸਾਲ ਦੁਨੀਆਂ ਦੇ ਇਤਿਹਾਸ ਦਾ ਹਿਸਾ ਬਣਾ ਦਿਤੀ। ਪੰਚਮ ਪਾਤਸ਼ਾਹ ਦੇ ਪਾਏ ਹੋਏ ਇਨ੍ਹਾ ਪੂਰਨਿਆਂ ਉਪਰ ਚਲਦੇ ਹੋਏ ਭਾਈ ਦਿਆਲਾ ਜੀ ਨੇ ਵੀ ਚਲ ਕੇ ਦਿਖਾ ਦਿੱਤਾ। ਉਹ ਕਿਹੜੀ ਐਸੀ ਸ਼ਕਤੀ ਸੀ ਜਿਸ ਦੁਆਰਾ ਇਹ ਸੰਭਵ ਹੋ ਸਕਿਆ? ਭਾਈ ਦਿਆਲਾ ਜੀ ਨੇ ਦੇਗ ਵਿੱਚ ਬੈਠਣ ਤੋ ਪਹਿਲਾਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ-
‘ਹੇ ਗੁਰੂ ਅਰਜਨ ਜੀਓ, ਪਹਿਲਾਂ 1606 ਈਸਵੀ ਨੂੰ ਲਹੌਰ ਸ਼ਹਿਰ ਅੰਦਰ ਜਹਾਂਗੀਰ ਦੀ ਦੇਗ ਵਿੱਚ ਤੁਸੀਂ ਉਬਲੇ ਸੀ, ਹੁਣ 1675 ਈਸਵੀ ਨੂੰ ਦਿੱਲੀ ਸ਼ਹਿਰ ਅੰਦਰ ਔਰੰਗਜੇਬ ਦੀ ਦੇਗ ਵਿੱਚ ਵੀ ਤੁਸੀ ਹੀ ਉਬਲੋਗੇ`।
ਸਿੱਖ ਵਲੋਂ ਆਪਾ-ਭਾਵ ਛੱਡ ਕੇ ਪੂਰਨ ਤੌਰ ਤੇ ਗੁਰੂ ਨੂੰ ਸਮਰਪਣ ਕਰਦੇ ਹੋਏ ਇਤਿਹਾਸ ਦੁਆਰਾ ਆਪਣੇ ਆਪ ਨੂੰ ਦੁਹਰਾ ਕੇ ਦਿਖਾ ਦਿਤਾ । ਕੀ ਅਜੋਕੇ ਸਮੇ ਵੀ ਇਹੀ ਨਹੀ ਹੋ ਰਿਹਾ?
ਅਸੀ ਕੈਸੇ ਇਤਿਹਾਸਕ ਵਿਰਸੇ ਦੇ ਮਾਲਕ ਹਾਂ, ਇੱਕ ਕਵੀ ਦੀਆ ਸਤਰਾਂ ਬਾਖੂਬੀ ਬਿਆਨ ਕਰ ਜਾਦੀਆਂ ਹਨ।
ਬਾਜਾਂ ਵਾਲਿਆ ਤੇਰੇ ਹੌਂਸਲੇ ਸੀ, ਅੱਖਾਂ ਸਾਹਮਣੇ ਪੁੱਤ ਸ਼ਹੀਦ ਕਰਵਾ ਦਿੱਤੇ।
ਲੋਕੀਂ ਲੱਭਦੇ ਨੇ ਲਾਲ ਪੱਥਰਾਂ ਚੋਂ, ਤੂੰ ਤਾਂ ਪੱਥਰਾਂ `ਚ ਹੀ ਚਿਣਵਾ ਦਿੱਤੇ

  ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਸਰਬੰਸ ਦੀ ਕੁਰਬਾਨੀ ਦੇ ਕੇ ਸੰਸਾਰਕ-ਪ੍ਰਵਾਰਿਕ ਤੌਰ ਤੇ ਆਪਣੀ ਕੁਲ ਦਾ ਕੋਈ ਵੀ ਨਿਸ਼ਾਨ ਬਾਕੀ ਨਹੀ ਰੱਖਿਆ। ਲਾਹੌਰ ਸ਼ਹਿਰ-ਇਲਾਕੇ ਦੇ ਵਸਨੀਕਾਂ ਨੇ ਜਦੋਂ ਭਾਈ ਸੁਬੇਗ ਸਿੰਘ ਜੀ ਨੂੰ ਉਨਾ ਦੀ ਕੁਲ ਦਾ ਨਿਸ਼ਾਨ ਚਲਦਾ ਰੱਖਣ ਲਈ ਪੁੱਤਰ ਸ਼ਾਹਬਾਜ ਸਿੰਘ ਨੂੰ ਬਚਾ ਲੈਣ ਦਾ ਹੀਲਾ ਕਰਨ ਲਈ ਯਤਨ ਕਰਨ ਦੀ ਪ੍ਰਵਾਨਗੀ ਮੰਗੀ ਤਾਂ ਭਾਈ ਸੁਬੇਗ ਸਿੰਘ ਜੀ ਨੇ ਡੱਟ ਕੇ ਜਵਾਬ ਦਿੱਤਾ-
ਸਿੱਖਨ ਕਾਜ ਸੁ ਗੁਰੂ ਹਮਾਰੇ। ਸੀਸ ਦੀਓ ਨਿਜ ਸਣ ਪ੍ਰਵਾਰੇ।
ਹਮ ਕਾਰਨ ਗੁਰ ਕੁਲਹਿ ਗਵਾਈ। ਹਮ ਕੁਲ ਰਾਖੈ ਕੌਣ ਬਡਾਈ।

   ਭਾਈ ਸੁਬੇਗ ਸਿੰਘ ਸ਼ਾਹਬਾਜ ਸਿੰਘ ਪਿਉ-ਪੁੱਤਰ ਨੇ ਗੁਰੂ ਕਲਗੀਧਰ ਦੇ ਪਦ-ਚਿੰਨ੍ਹਾ ਤੇ ਚਲਦਿਆਂ 1745 ਈਸਵੀ ਵਿੱਚ ਇਤਿਹਾਸ ਨੂੰ ਦੁਹਰਾ ਕੇ ਦਿਖਾ ਦਿੱਤਾ। ਕੀ ਅਜ ਵੀ ਭਾਈ ਸੁਬੇਗ ਸਿੰਘ ਦੁਆਰਾ ਰਚੇ ਇਤਿਹਾਸ ਦਾ ਦੁਹਰਾਉ ਨਹੀ ਹੋ ਰਿਹਾ?
ਭਾਈ ਸੁਬੇਗ ਸਿੰਘ ਜੀ ਪਿੰਡ ਜੰਬਰ ਜਿਲਾ ਲਾਹੌਰ ਦੇ ਰਹਿਣ ਵਾਲੇ ਸਨ। ਉਨ੍ਹਾ ਦੀਆਂ ਮਹਾਨ ਸ਼ਹਾਦਤਾਂ ਉਪਰੰਤ ਸਿੱਖ ਹਲਕਿਆਂ ਅੰਦਰ ਸਤਿਕਾਰ ਵਜੋਂ ਇੱਕ ਅਖਾਣ ਪ੍ਰਚਲਿਤ ਹੋ ਗਿਆ-
ਥੱਲੇ ਧਰਤੀ ਉਤੇ ਅੰਬਰ।
ਵਿੱਚ ਫਿਰੈ ਸੁਬੇਗ ਸਿੰਘ ਜੰਬਰ।

ਉਸ ਸਮੇ ਹਰ ਪਾਸੇ ਜਿਵੇਂ ਪਿੰਡ ‘ਜੰਬਰ` ਧਰੂ ਧਾਰੇ ਵਾਂਗ ਚਮਕਿਆ, ਇੱਕ ਸਮਾਂ ਐਸਾ ਵੀ ਆਇਆ ਕਿ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਉਂਦੇ ਹੋਏ ਪਿੰਡ ‘ਰਾਜੋਆਣਾ` ਨੂੰ ਸੁਰਖੀਆਂ ਵਿੱਚ ਲੈ ਆਂਦਾ। ਪੁਰਾਤਨ ਪ੍ਰਚਲਿਤ ਅਖਾਣ ਅਨੁਸਾਰ ਉਸੇ ਤਰਜ ਤੇ ਅਖਾਣ ਗਾਇਆ ਗਿਆ-
ਥੱਲੇ ਧਰਤੀ ਉਤੇ ਅਕਾਸ਼ੀ ਤਾਣਾ।
ਵਿੱਚ ਫਿਰੇ ਬਲਵੰਤ ਸਿੰਘ ਰਾਜੋਆਣਾ

  1704 ਈਸਵੀ ਨੂੰ ਗੁਰੂ ਮਾਰੀ ਸਰਹਿੰਦ ਦੀ ਧਰਤੀ ਤੇ ਧਰਮ ਦੇ ਨਾਮ ਉਪਰ ਅਧਰਮ ਦੇ ਫਤਵੇ ਉਪਰ ਅਮਲ ਕਰਨ ਲਈ ਜਦੋਂ ਜਲਾਦ ਸ਼ਾਸ਼ਲ ਬੇਗ, ਬਾਸ਼ਲ ਬੇਗ ਸਾਹਿਬਜਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜਾਦਾ ਫਤਿਹ ਸਿੰਘ ਨੂੰ ਜਬਰਦਸਤੀ ਫੜ ਕੇ ਨੀਹਾਂ ਦੀ ਚਿਣਾਈ ਵਾਲੇ ਨਿਰਧਾਰਤ ਸਥਾਨ ਤੇ ਖੜੇ ਕਰਨ ਲਈ ਅੱਗੇ ਵਧੇ ਤਾਂ ਮਾਤਾ ਗੁਜਰੀ ਜੀ ਦੁਆਰਾ ਸਿੱਖੀ ਸਿਧਾਤਾਂ ਪ੍ਰਤੀ ਪ੍ਰਪੱਕਤਾ ਨਾਲ ਓਤ-ਪੋਤ ਛੋਟੇ-ਛੋਟੇ ਲਾਲਾਂ ਨੇ ‘ਨਿਕੀਆ ਜਿੰਦਾ-ਵੱਡਾ ਸਾਕਾ` ਵਰਤਾਉਦੇ ਹੋਏ ਦ੍ਰਿੜਤਾ ਪੂਰਵਕ ਜੋ ਆਖਿਆ, ਉਸ ਨੂੰ ਅੱਲਾ ਯਾਰ ਖਾਂ ਜ਼ੋਗੀ ਦੀ ਕਲਮ ਕਮਾਲ ਕਰਦੀ ਹੋਈ ਲਿਖਦੀ ਹੈ-
ਸਤਿਗੁਰ ਕੇ ਲਾਲ ਬੋਲੈ ਨਾ ਛੂਨਾ ਹਮਾਰੈ ਹਾਥ।
ਗੜਨੇ ਹਮ ਆਜ ਜਿੰਦਾ ਚਲੇਗੇ ਖੁਸ਼ੀ ਕੇ ਸਾਥ।
ਹਾਥੋ ਮੇ ਹਾਥ ਡਾਲ ਕੇ ਦੋਨੋ ਵੁਹ ਨੌ ਨਿਹਾਲ।
ਕਹਤੇ ਹੂਏ ਜੁਬਾਂ ਸੇ ਬੜੇ ਸਤਿ ਸ੍ਰੀ ਅਕਾਲ।
ਚਿਹਰੋ ਪਿ ਗਮ ਕਾ ਨਾਮ ਨਾ ਥਾ ਔਰ ਨਾ ਥਾ ਮਲਾਲ।
ਜਾ ਠਹਿਰੇ ਸਰ ਪੇ ਮੌਤ ਕੇ ਫਿਰ ਭੀ ਨਾ ਥਾ ਖਯਾਲ

    ਸਾਬਿਜਾਦਿਆਂ ਵਲੋਂ ਪਾਏ ਪੂਰਨਿਆਂ ਉਪਰ ਕੀ ਅਜੋਕੇ ਸਮੇ ਅੰਦਰ ਵੀ ਭਾਈ ਜਿੰਦਾ-ਸੁੱਖਾ ਆਦਿ ਵਰਗੇ ਨਿਡਰ ਸੂਰਮਿਆਂ ਵਲੋਂ ਖੁਸ਼ੀ-ਖਸ਼ੀ ਫਾਂਸੀ ਦੇ ਰੱਸੇ ਨੂੰ ਚੁੰਮਣ ਲਈ ਬੇਤਾਬ ਦਿਖਾਈ ਦੇਣਾ ਇਤਿਹਾਸ ਦਾ ਆਪਣੇ ਆਪ ਨੂੰ ਦੁਹਰਾਉਣਾ ਨਹੀ ਹੈ?
ਮੌਜੂਦਾ ਹਾਲਾਤ ਅੰਦਰ ਇਹ ਗੱਲ ਚਿਟੇ ਦਿਨ ਵਾਂਗ ਸਪਸ਼ਟ ਹੈ ਕਿ ਦੂਸਰੇ ਪ੍ਰਿੰਟ ਮੀਡੀਆ ਦੇ ਮੁਕਾਬਲਤਨ ਕਥਨੀ ਤੇ ਕਰਨੀ ਦੇ ਸੂਰਮਿਆਂ ਦੇ ਮਨ ਦੀਆਂ ਸਿੱਖੀ ਪ੍ਰਤੀ ਪੂਰਨ ਤੌਰ ਤੇ ਸਮਰਪਿਤ ਭਾਵਨਾਵਾਂ, ਸਿੱਖ ਸੰਗਤਾ ਦੇ ਤਪਦੇ ਹਿਰਦਿਆਂ ਦੀਆ ਭਾਵਨਾਵਾਂ ਦੀ ਹੂ-ਬਹੂ ਤਰਜਮਾਨੀ ਕਰਨ ਦੀ ਵਿਚਾਰਧਾਰਾ ਨੂੰ ਜਿਸ ਸਪਸ਼ਟਤਾ ਨਾਲ ਸੰਸਾਰ ਦੇ ਸਾਹਮਣੇ ਸਿੱਖੀ ਨੂੰ ਸਮਰਪਿਤ ਕੁੱਝ ਕੁ ਮੈਗਜੀਨਾਂ, ਅਖ਼ਬਾਰਾਂ, ਵੈਬਸਾਈਟਾਂ ਆਦਿ ਵਲੋਂ ਰੱਖਿਆ ਜਾ ਰਿਹਾ ਹੈ। ਇਹ ਯਤਨ ਸ਼ਲਾਘਾਯੋਗ ਜਰੂਰ ਹਨ ਪਰ ਵਿਰੋਧੀਆਂ ਦੇ ਮੁਕਾਬਲੇ ਬਹੁਤ ਘੱਟ ਹਨ। ਕੀਤੇ ਜਾ ਰਹੇ ਯਤਨ
ਸਚੁ ਸੁਣਾਇਸੀ ਸਚ ਕੀ ਬੇਲਾ` ਤੇ ਪੂਰੀ ਤਰਾਂ ਪਹਿਰੇਦਾਰੀ ਕਰਨ ਦੇ ਗੁਰਬਾਣੀ ਵਿੱਚ ਦਰਸਾਏ ਫਰਜ ਦੀ ਪੂਰਤੀ ਕਰਨਾ ਹੈ। ਇਸ ਗੱਲ ਵਿੱਚ ਵੀ ਕੋਈ ਅਤਿਕਥਨੀ ਨਹੀ ਹੋਵੇਗੀ ਕਿ ਜੇਕਰ ਉਪਰੋਕਤ ਵਲੋ ਇਹ ਜਿੰਮੇਵਾਰੀ ਨਾ ਨਿਭਾਈ ਜਾਦੀ ਤਾਂ ਸਿੱਖ ਕੌਮ ਅੰਦਰ ਇਸ ਸਮੇ ਦਿਖਾਈ ਦੇ ਰਹੀ ਚੇਤਨਤਾ ਦਾ ਪਸਾਰਾ ਵੀ ਨਾਂ ਹੁੰਦਾ।
     ਆਉਣ ਵਾਲੇ ਸਮੇਂ ਅੰਦਰ ਕਰਤਾਰ ਦੀ ਮਰਜ਼ੀ ਅਨੁਸਾਰ ਇਸ ਸਾਰੇ ਚਲ ਰਹੇ ਘਟਨਾ ਕ੍ਰਮ ਦਾ ਅੰਤਿਮ ਨਤੀਜਾ ਕੀ ਨਿਕਲੇਗਾ, ਇਹ ਅਜੇ ਭਵਿੱਖ ਦੀ ਬੁੱਕਲ ਵਿੱਚ ਅਲਿਪਤ ਹੈ। ਪਰ ਜੋ ਸੱਚ ਉਪਰ ਦ੍ਰਿੜਤਾ ਦਾ ਸਬਕ ਪ੍ਰੈਕਟੀਕਲ ਰੂਪ ਵਿੱਚ ਪੜਾਇਆ ਜਾ ਰਿਹਾ ਹੈ ਉਸ ਲਈ ਵਿਦਵਾਨ ਸ਼ਾਇਰ ‘ਫੈਜ ਅਹਿਮਦ ਫੈਜ਼` ਦੀਆ ਸਤਰਾਂ ਠੀਕ ਹੀ ਬਿਆਨ ਕਰਦੀਆ ਹਨ-
ਯਹ ਜਾਂ ਤੋ ਆਨੀ ਜਾਨੀ ਹੈ, ਇਸ ਜਾਂ ਕੀ ਕੋਈ ਬਾਤ ਨਹੀ।
ਜਿਸ ਧਜ ਸੇ ਕੋਈ ਮਕਤਲ ਮੇਂ ਗਯਾ, ਵੁਹ ਸ਼ਾਨ ਸਲਾਮਤ ਰਹਤੀ ਹੈ।

(ਸ਼ਾਨ) (ਕਤਲਗਾਹ)
===========
ਸੁਖਜੀਤ ਸਿੰਘ, ਕਪੂਰਥਲਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.