ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
- = # ਜਨ ਭਏ ਖਾਲਸੇ # = -
- = # ਜਨ ਭਏ ਖਾਲਸੇ # = -
Page Visitors: 2699

  -  =  #  ਜਨ ਭਏ ਖਾਲਸੇ  #  =  -
ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮਨਾਉਦਿਆਂ ਇਹ ਜਾਨਣ ਦੀ ਲੋੜ ਹੈ ਕਿ ਇੱਕ ਆਮ ਸਾਧਾਰਨ ਮਨੁੱਖ ਤੋਂ ਆਦਰਸ਼ਕ ਇਨਸਾਨ ਖਾਲਸਾ-ਸਿੱਖ ਤੋਂ ਸਿੰਘ-ਜਨ ਭਏ ਖਾਲਸੇ ਤੱਕ ਦਾ ਸਫਰ, ਜੋ 1699 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੰਪੁਰਨ ਹੋਇਆ, ਉਸ ਦੀ ਅਰੰਭਤਾ ਕਿਵੇਂ ਹੋਈ?
ਸਾਹਿਬ ਸ਼੍ਰੀ ਗੁਰੂ ਨਾਨਕ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤਕ ਦੇ ਗੁਰੂ ਇਤਿਹਾਸ ਨੂੰ ਜੇ ਧਿਆਨ ਨਾਲ ਵਾਚਿਆ ਜਾਵੇ ਤਾਂ ਇੱਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਭਾਵੇਂ ਖਾਲਸਾ ਪੰਥ ਦੀ ਰਚਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਪਰ ਨੀਂਹ ਗੁਰੂ ਨਾਨਕ ਸਾਹਿਬ ਨੇ ਹੀ ਰੱਖ ਦਿੱਤੀ ਸੀ। ਮਗਰਲੇ ਅੱਠ ਗੁਰੂ ਸਾਹਿਬਾਨ ਨੇ ਉਸ ਨੀਂਹ ਉਪਰ ਖਾਲਸਾ ਪੰਥ ਰੂਪੀ ਮਹੱਲ ਦੀ ਉਸਾਰੀ ਕੀਤੀ ਅਤੇ ਦਸਵੇਂ ਗੁਰੂ ਜੀ ਨੇ ਉਸ ਮਹੱਲ ਨੂੰ ਸੰਵਾਰ-ਸ਼ਿੰਗਾਰ ਕੇ ਅੰਤਿਮ ਰੂਪ ਬਖਸ਼ਿਆ। ਜਿਸ ਦਰਖਤ ਤੋਂ ਖਾਲਸਾ ਰੂਪੀ ਫਲ ਦੀ ਪ੍ਰਾਪਤੀ 1699 ਦੀ ਵਿਸਾਖੀ ਵਾਲੇ ਦਿਨ ਹੋਈ ਉਸ ਦਾ ਬੀਜ ਗੁਰੂ ਨਾਨਕ ਸਾਹਿਬ ਨੇ ਹੀ ਬੀਜਿਆ, ਜਿਵੇਂ ਕਿ ਪ੍ਰਸਿੱਧ ਵਿਦਵਾਨ ਡਾ. ਗੋਕਲ ਚੰਦ ਨਾਰੰਗ “ਦੀ ਟਰਾਂਸਫਾਰਮੇਸ਼ਨ ਆਫ ਸਿਖਿਜ਼ਮ” ਵਿੱਚ ਲਿਖਦੇ ਹਨ,
 “ਜਿਸ ਦਰਖਤ ਨੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਲ ਦਿਤਾ ਉਸਦੀ ਬਿਜਾਈ ਗੁਰੂ ਨਾਨਕ ਜੀ ਨੇ ਕੀਤੀ ਸੀ। ਬਾਕੀ ਅੱਠ ਗੁਰੂ ਸਾਹਿਬਾਨ ਨੇ ਉਸਨੂੰ ਸਿੰਜਿਆ ਸੀ।
 ਜਿਹੜੀ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਦਿੱਤੀ, ਉਸ ਦਾ ਫੌਲਾਦ ਗੁਰੂ ਨਾਨਕ ਜੀ ਨੇ ਤਿਆਰ ਕੀਤਾ ਸੀ”
 ਭਾਵ ਪਹਿਲਾਂ ਆਤਮਾ ਵਿੱਚ ਫੌਲਾਦ ਪੈਦਾ ਕੀਤਾ ਗਿਆ, ਪਿਛੋਂ ਗਾਤਰੇ ਵਿੱਚ ਤਲਵਾਰ ਪਹਿਨਾਈ ਗਈ। ਇਸੇ ਸਬੰਧ ਵਿੱਚ ਲਾਲਾ ਦੌਲਤ ਗਾਏ ਆਰੀਆ ਦੇ ਵਿਚਾਰ ਵੀ ਵਾਚਣਯੋਗ ਹਨ,
 “ਜਿਸ ਦਰਖਤ ਨੂੰ ਗੁਰੂ ਨਾਨਕ ਜੀ ਨੇ ਆਪਣੇ ਖੂਨ ਕਾ ਪਾਣੀ ਔਰ ਹੱਡੀਓ ਕਾ ਖਾਦ ਦੇ ਕਰ ਜਮੀਨ ਸੇ ਉਠਾਇਆ ਥਾ, ਜਿਸਕੋ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਲਹੂ ਸੇ ਸੀਂਚ ਕਰ ਜਰਾ ਬੜਾਇਆ ਥਾ, ਉਸ ਕੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਬੇਟੋ ਔਰ ਹਜ਼ਾਰੋ ਅਕੀਦਤਮੰਦ ਸਿੱਖੋਂ ਕੇ ਖੂਨ ਕੇ ਲਬਾਲਬ ਹੁਨਰੋਂ ਸੇ ਐਸਾ ਬਲਵਾਨ ਚੜਾਇਆ, ਜੋ ਆਖਰ ਮੇਂ ਫਲ ਲਾਇਆ”
ਸ਼ਪਸ਼ਟ ਹੈ ਖਾਲਸਾ ਪੰਥ ਦੀ ਸਾਜਨਾ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ, ਜਿਵੇਂ ਭਾਈ ਗੁਰਦਾਸ ਜੀ ਲਿਖਦੇ ਹਨ-
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ ।  (ਵਾਰ ੧–ਪਉੜੀ ੪੫)
ਸਬਦਿ ਜਿਤੀ ਸਿਧਿ ਮੰਡਲੀ, ਕੀਤੋਸ ਅਪਣਾ ਪੰਥੁ ਨਿਰਾਲਾ  ।  (ਵਾਰ-੧–ਪਉੜੀ ੩੧)
ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਇਹੀ ਨਿਰਮਲ ਪੰਥ ਗੁਰੂ ਰਾਮਦਾਸ ਜੀ ਦੇ ਸਮੇਂ ਗੁਰੂ-ਸੰਗਤ ਰੂਪੀ ਪੰਥ ਦੇ ਰੂਪ ਵਿੱਚ ਸਾਹਮਣੇ ਆਇਆ, ਜਿਵੇਂ ਗੁਰੂ ਰਾਮਦਾਸ ਜੀ ਦੀ ਉਸਤਤ ਕਰਦੇ ਹੋਏ ਭੱਟ ਕੀਰਤ ਜੀ ਉਚਾਰਣ ਕਰਦੇ ਹਨ-
ਇਕ ਉਤਮ ਪੰਥੁ ਸੁਨਿਓ ਗੁਰ ਸੰਗਤਿ, ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇੱਕ ਅਰਦਾਸਿ ਭਾਟ ਕੀਰਤਿ ਕੀ, ਗੁਰ ਰਾਮਦਾਸ ਰਾਖਹੁ ਸਰਣਾਈ
॥  (ਗੁਰੂ ਗ੍ਰੰਥ ਸਾਹਿਬ- ੧੪੦੬)
 ਇਸ ਚਲ ਰਹੇ ‘ਨਾਨਕ ਨਿਰਮਲ ਪੰਥ’ ਵਿੱਚ 9 ਗੁਰੂ ਸਾਹਿਬਾਨ ਨੇ ਆਪਣੇ-ਆਪਣੇ ਵਖ-ਵਖ ਗੁਣ ਭਰ ਦਿਤੇ. ਗੁਰੂ ਨਾਨਕ ਸਾਹਿਬ ਨੇ ਸ਼ਬਦ ਦਾ ਗਿਆਨ, ਗੁਰੂ ਅੰਗਦ ਸਾਹਿਬ ਨੇ ਗੁਰੂ ਦੇ ਹੁਕਮ ਨੂੰ ਹਰ ਹਾਲਤ ਵਿੱਚ ਸਤਿ ਕਰਕੇ ਮੰਨਣ, ਤੀਜੇ ਗੁਰੁ ਅਮਰਦਾਸ ਜੀ ਨੇ ਸਰੀਰਕ ਉਮਰ ਦੀ ਪ੍ਰਵਾਹ ਨਾ ਕਰਦੇ ਹੋਏ ਵੀ ਗੁਰੂ ਸੇਵਾ ਅਤੇ ਸਾਂਝੀ ਸੰਗਤ-ਸਾਂਝੀ ਪੰਗਤ ਰਾਹੀਂ ਇਕਸਾਰਤਾ ਦਾ ਗੁਣ, ਗੁਰੂ ਰਾਮਦਾਸ ਜੀ ਨੇ ਨਿਮਰਤਾ-ਨਿਰਮਾਣਤਾ ਦਾ ਗੁਣ, ਗੁਰੂ ਅਰਜਨ ਪਾਤਸ਼ਾਹ ਜੀ ਨੇ ਸਚ ਉਪਰ ਦ੍ਰਿੜਤਾ ਲਈ ਸ਼ਹਾਦਤ ਦਾ ਗੁਣ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਮੀਰੀ-ਪੀਰੀ, ਰਾਜ-ਯੋਗ, ਭਗਤੀ-ਸ਼ਕਤੀ, ਸੰਤ-ਸਿਪਾਹੀ ਦੇ ਗੁਣ ਭਰ ਦਿਤੇ। ਸਤਵੇਂ ਪਾਤਸ਼ਾਹ ਨੇ ਨਿਰਵੈਰਤਾ ਅਤੇ ਗੁਰੂ ਸਿਧਾਂਤਾ ਦੀ ਪਹਿਰੇਦਾਰੀ ਲਈ ਜੇਕਰ ਪੁਤਰ ਵੀ ਪਾਸੇ ਕਰਨਾ ਪੈ ਜਾਵੈ ਤਾਂ ਸੰਕੋਚ ਨਾ ਕਰਨ ਵਾਲੀ ਪ੍ਰਪਕਤਾ ਦਾ ਗੁਣ, ਅਠਵੇਂ ਗੁਰੂ ਜੀ ਨੇ ਕਿਸੇ ਵੀ ਹਾਲਤ ਵਿੱਚ ਜਾਲਮ ਅਗੇ ਨਾਂ ਝੁਕਣ ਅਤੇ ਜੁਲਮ ਦੀ ਈਨ ਨਾਂ ਮੰਨਣ ਦਾ ਗੁਣ, ਨੌਵੇ ਪਾਤਸ਼ਾਹ ਨੇ ਆਪਣੇ ਧਰਮ ਦੀ ਰਖਵਾਲੀ ਦੇ ਨਾਲ ਨਾਲ ਦੂਸਰੇ ਦੇ ਧਰਮ ਦੀ ਸੁਤੰਤਰਤਾ ਲਈ ਆਪਾ ਕੁਰਬਾਨ ਕਰਨ ਦੇ ਗੁਣ ਭਰ ਦਿਤੇ।
 ਜਦੋ ਇਹਨਾ ਗੁਣਾ ਨਾਲ ਭਰਪੂਰ ਜਨ ਸਧਾਰਨ ਮਨੁਖ ‘ਗੁਣੀ ਨਿਧਾਨ’ ਬਣ ਗਿਆ ਤਾਂ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ-ਸੰਗਤ ਵਾਲੇ ਪੰਥ ਨੂੰ ਖਾਲਸਾ ਰੂਪ ਵਿੱਚ ਰੂਪਮਾਨ ਕਰਕੇ ਸੰਸਾਰ ਦੇ ਸਨਮੁਖ ਪੇਸ ਕੀਤਾ।
ਇਸ ਤੋਂ ਸ਼ਪਸ਼ਟ ਹੈ ਕਿ ਇਹੀ ਗੁਰੂ ਸੰਗਤਿ ਰੂਪੀ ਪੰਥ ਹੁਣ ਖਾਲਸਾ ਪੰਥ ਬਣ ਗਿਆ। ਸਮਾਜ ਨੂੰ ਪੂਰੀ ਤਰਾਂ ਬਦਲਣ ਲਈ ਲੰਮੇ ਸਮੇਂ ਦੀ ਲੋੜ ਸੀ। ਇਸ ਕਰਕੇ ਸਾਰਾ ਕੰਮ ਗੁਰੂ ਨਾਨਕ ਜੀ ਨੇ ਦਸ ਜਾਮਿਆਂ (ਸਰੀਰਾਂ) ਵਿੱਚ ਸੰਪੂਰਨ ਕੀਤਾ।
  1699 ਦੀ ਵਿਸਾਖੀ ਵਾਲੇ ਦਿਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਚੇਚੇ ਹੁਕਮਨਾਮੇ ਭੇਜ ਕੇ ਦੂਰ ਦੁਰਾਡੇ ਤੋਂ ਸੰਗਤਾਂ ਨੂੰ ਅਨੰਦਪੁਰ ਸਾਹਿਬ ਆਉਣ ਲਈ ਸੱਦਾ-ਪੱਤਰ ਭੇਜੇ। ਇਤਿਹਾਸਕਾਰਾਂ ਅਨੁਸਾਰ ਉਸ ਦਿਨ ਲਗਭਗ ਅੱਸੀ ਹਜਾਰ ਦੀ ਹਾਜ਼ਰੀ ਸੀ। ਹਾਜਰ ਸੰਗਤਾਂ ਨਾਲ ਖਚਾ-ਖਚ ਭਰੇ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਅੱਜ ਆਪਣੇ ਅਦੁੱਤੀ ਰੰਗ ਵਿੱਚ ਓਤ-ਪੋਤ ਜਲਾਲ ਨਾਲ ਸਟੇਜ ਤੇ ਆਏ ਅਤੇ ਕਿਰਪਾਨ ਨੂੰ ਮਿਆਨ ਵਿਚੋਂ ਕੱਢ ਦੇ ਲਿਸ਼ਕਦੀ ਤਲਵਾਰ ਹੱਥ ਵਿੱਚ ਲੈ ਕੇ ਉੱਚੇ ਚਬੂਤਰੇ ਉਪਰ ਖੜੇ ਹੋ ਕੇ ਭਰੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਉੱਚੀ ਸੁਰ ਵਿੱਚ ਮੰਗ ਕੀਤੀ-
ਹੈ ਕੋਈ ਸਿੱਖ ਬੇਟਾ।
ਜੋ ਕਰੇ ਸੀਸ ਭੇਟਾ।
 ਸੰਗਤਾਂ ਵਿੱਚ ਇੱਕ ਡੂੰਘੀ ਖਾਮੋਸ਼ੀ ਛਾ ਗਈ। ਇਹ ਕਿਸੇ ਵੱਡੇ ਇਤਿਹਾਸਕ ਫੈਸਲੇ ਦਾ ਸਮਾਂ ਸੀ, ਜਿਸ ਲਈ ਪੂਰੀ ਕੌਮ 230 ਸਾਲ (1469-1699) ਤੋਂ ਤਿਆਰੀ ਕਰ ਰਹੀ ਸੀ। ਖਾਲਸਾ ਪੰਥ ਦੀ ਸਾਜਨਾ ਲਈ ਕਲਗੀਧਰ ਪਾਤਸ਼ਾਹ ਨੇ ਸੀਸ ਤਲੀ ਤੇ ਰੱਖ ਕੇ ਗੁਰੂ ਅਰਪਨ ਕਰਨ ਦਾ ਇਹ ਅਲੌਕਿਕ ਸਮਾਂ ਰਚ ਧਰਿਆ ਸੀ। ਗੁਰੂ ਗੋਬਿੰਦ ਸਿੰਘ ਵਲੋਂ ਐਸੀ ਮੰਗ ਕਰਨਾ ਅੱਜ ਗੁਰੂ ਨਾਨਕ ਪਾਤਸ਼ਾਹ ਅਤੇ ਉਹਨਾਂ ਦੇ ਉਤਰ-ਅਧਿਕਾਰੀ ਗੁਰੂ ਸਾਹਿਬਾਨ ਵਲੋਂ ਪਾਏ ਪੂਰਨਿਆਂ ਤੇ ਚੱਲਣ ਵਾਲੀ ਸਿੱਖ ਕੌਮ ਦੀ ਪਰਖ ਕਰਨ ਦਾ ਮਾਨੋ ਸਿਖਰਲਾ ਸਮਾਂ ਆ ਗਿਆ ਸੀ। ਅੱਜ ਉਹ ਸਮਾਂ ਸੀ, ਜਿਸ ਬਾਰੇ ਗੁਰਬਾਣੀ ਪਹਿਲਾਂ ਹੀ ਸੰਕੇਤ ਦੇ ਰਹੀ ਸੀ-
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ
॥     (ਸਲੋਕ ਵਾਰਾ ਤੇ ਵਧੀਕ, ਮਹਲਾ ੧-੧੪੧੨)
ਭਗਤਾ ਕੀ ਚਾਲ ਨਿਰਾਲੀ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥
ਲਬੁ ਲੋਭੁ ਅਹੁੰਕਾਰ ਤਜਿ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ॥
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ
॥    (ਰਾਮਕਲੀ ਮਹਲਾ ੩, ਅਨੰਦ-੯੧੮)
ਪਹਿਲਾ ਮਰਣਿ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ
॥ (ਸਲੋਕ ਮਹਲਾ ੫-੧੧੦੨)
   ਕਲਗੀਧਰ ਦੀ ਅਪਾਰ ਬਖਸ਼ਿਸ਼ ਅੱਜ ਗੁਰੂ ਦੀ ਮੰਗ ਤੇ ਬੇਝਿਜਕ ਸੀਸ ਭੇਟਾ ਕਰਨ ਵਾਲਿਆਂ ਨੂੰ ਨਸੀਬ ਹੋਣੀ ਸੀ। ਗੁਰੂ ਗੋਬਿੰਦ ਸਿੰਘ ਜੀ ਵਲੋਂ ਇਸ ਤਰਾਂ ਪੰਜ ਵਾਰ ਮੰਗ ਕਰਨ ਤੇ ਵਾਰੀ ਵਾਰੀ ਪੰਜ ਗੁਰਸਿੱਖ, ਲਾਹੌਰ ਤੋ ਭਾਈ ਦਇਆ ਰਾਮ, ਦਿੱਲੀ ਤੋਂ ਭਾਈ ਧਰਮ ਦਾਸ, ਜਗਨ ਨਾਥ ਪੁਰੀ ਤੋਂ ਭਾਈ ਹਿੰਮਤ ਰਾਏ, ਦੁਆਰਕਾ ਤੋਂ ਭਾਈ ਮੁਹਕਮ ਚੰਦ, ਬਿਦਰ ਤੋਂ ਭਾਈ ਸਾਹਿਬ ਚੰਦ ਪੇਸ਼ ਹੋਏ ਅਤੇ ਆਪਣੇ-2 ਸੀਸ ਗੁਰੂ ਨੂੰ ਭੇਟਾ ਕਰ ਦਿੱਤੇ।
ਦਸਮ ਪਾਤਸ਼ਾਹ ਨੇ ਸੀਸ ਭੇਟ ਕਰਨ ਵਾਲੇ ਗੁਰਸਿੱਖਾਂ ਨੂੰ ਆਪਣੇ ਹੱਥੀਂ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਖਾਲਸਾ ਰੂਪ ਵਿੱਚ ਦੁਨੀਆ ਦੇ ਸਨਮੁੱਖ ਪੇਸ਼ ਕੀਤਾ। ਉਹਨਾਂ ਦੇ ਨਾਮ ਵੀ ਬਦਲ ਦਿੱਤੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ।
ਫਿਰ ਗੁਰੂ ਜੀ ਨੇ ਇਹਨਾਂ ਪੰਜਾਂ ਪਿਆਰਿਆਂ ਪਾਸੋਂ ਯਾਚਨਾ ਕਰਦੇ ਹੋਏ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣ ਗਏ ਅਤੇ ਨਾਲ ਹੀ ਅੱਗੇ ਤੋਂ ਅੰਮ੍ਰਿਤ ਦੀ ਦਾਤ ਦੇਣ ਦਾ ਅਧਿਕਾਰ ਹਮੇਸ਼ਾ ਲਈ ਪੰਜ ਪਿਆਰਿਆ ਦੀ ਝੋਲੀ ਵਿੱਚ ਪਾ ਦਿੱਤਾ।
 ਦਸਮ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਕੇਵਲ ਸਤਿਗੁਰੂ ਕਿਹਾ ਹੀ ਨਹੀਂ, ਇਸ ਨੂੰ ਅਮਲੀ ਰੂਪ ਵਿੱਚ ਪ੍ਰਤੱਖ ਕਰ ਕੇ ਵੀ ਵਿਖਾਇਆ। ਜਦੋਂ ਚਮਕੌਰ ਦੀ ਗੜੀ ਵਿੱਚ ਸਰਬੱਤ ਖਾਲਸਾ ਨੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੇ ਅਧਿਕਾਰ ਅਨੁਸਾਰ ਆਪਣੇ ਗੁਰੂ ਹੋਣ ਦੇ ਹੱਕ ਦੀ ਵਰਤੋਂ ਕਰਦੇ ਹੋਏ ਹੁਕਮ ਕੀਤਾ-
“ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦਾ ਹੁਕਮ ਹੈ ਤੁਸੀਂ ਸ਼ਹੀਦੀ ਨਹੀਂ ਪਾਉਗੇ, ਤੁਸੀਂ ਸ਼ਹੀਦ ਹੋ ਗਏ ਤਾਂ ਅਸੀਂ ਸਰਬੱਤ ਖਾਲਸਾ ਰਲ ਕੇ ਵੀ ਇੱਕ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਕਰ ਸਕਾਂਗੇ, ਜੇ ਤੁਸੀਂ ਸਹੀ ਸਲਾਮਤ ਨਿਕਲ ਗਏ ਤਾਂ ਤੁਸੀਂ ਸਾਡੇ ਵਰਗੇ ਅਨੇਕਾਂ ਖਾਲਸੇ ਹੋਰ ਪੈਦਾ ਕਰ ਲਵੋਗੇ। ਇਸ ਲਈ ਸਰਬੱਤ ਖਾਲਸੇ ਦਾ ਹੁਕਮ ਹੈ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਜਾਉਗੇ”
ਸਰਬੱਤ ਖਾਲਸੇ ਦੇ ਇਸ ਹੁਕਮ ਅੱਗੇ ਸੀਸ ਝੁਕਾਉਂਦੇ ਹੋਏ ਦਸਮ ਪਾਤਸ਼ਾਹ ਨੇ ਅਪਣੀ ਕਲਗੀ-ਸ਼ਸ਼ਤਰ ਭਾਈ ਜੀਵਨ ਸਿੰਘ ਨੂੰ ਭੇਟ ਕਰ ਕੇ ਚਮਕੌਰ ਦੀ ਗੜੀ ਨੂੰ ਛੱਡ ਗਏ।
(ਮੈਕਾਲਿਫ-ਸਿੱਖ ਰਿਲੀਜਨ)
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਦਾ ਸਬੰਧ ਸਿੱਧਾ ਅਕਾਲ ਪੁਰਖ ਨਾਲ ਜੋੜਿਆ ਕਿਉਂਕਿ ਖਾਲਸੇ ਦੀ ਸਾਜਨਾ ਹੋਈ ਹੀ ਅਕਾਲ ਪੁਰਖ ਦੇ ਹੁਕਮ ਨਾਲ ਸੀ । ਕਿਤੇ ਵੀ ਇਹ ਨਹੀਂ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹੈ ਸਗੋਂ ਅੰਮ੍ਰਿਤ ਦੀ ਦਾਤ ਦੇ ਕੇ ਇਹੀ ਕਿਹਾ ਕਿ ਬੋਲ-
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਖਾਲਸੇ ਦਾ ਸਿੱਧਾ ਸਬੰਧ ਅਕਾਲ ਪੁਰਖ ਨਾਲ ਜੋੜਨਾ ਜਰੂਰੀ ਸੀ ਕਿਉਕਿ ਭਗਤ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਪਹਿਲਾਂ ਹੀ ਸ਼ਪਸ਼ਟ ਕੀਤਾ ਹੈ-
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ (ਸੋਰਠਿ ਕਬੀਰ ਜੀ - ੬੫੫)
ਦਸਮ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਰਹਿਤਾਂ ਦ੍ਰਿੜ ਕਰਾਈਆਂ ਅਤੇ ਕੁਰਹਿਤਾਂ ਤੋਂ ਬਚਣ ਦੇ ਸ਼ਪਸ਼ਟ ਆਦੇਸ਼ ਦਿੱਤੇ ਤਾਂ ਜੋ ਖਾਲਸੇ ਦਾ ਨਿਆਰਾਪਣ ਹਰ ਸੂਰਤ ਵਿੱਚ ਕਾਇਮ ਰਹਿ ਸਕੇ-
ਬੱਜਰ ਕੁਰਹਿਤਾਂ
  1. ਕੇਸਾਂ ਦੀ ਬੇਅਦਬੀ ਨਹੀਂ ਕਰਨੀ ।
 2. ਕੁੱਠਾ ਨਹੀਂ ਖਾਣਾ ।
 3. ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਸੰਗ ਨਹੀਂ ਕਰਨਾ ।
 4. ਤੰਬਾਕੂ ਨਹੀਂ ਵਰਤਣਾ ।ਗੁਰੂ ਗੋਬਿੰਦ ਸਿੰਘ ਜੀ ਨੇ ਆਮ ਮਨੁੱਖ ਭਾਵ ਜਨ ਨੂੰ ਖਾਲਸੇ ਦੀ ਪਦਵੀ ਤੱਕ ਲਿਜਾ ਕੇ ਗੁਰੂ ਨਾਨਕ ਆਗਮਨ (1469 ਈਸਵੀ) ਤੋਂ ਅਰੰਭ ਹੋਈ ਸਿੱਖ ਲਹਿਰ ਨੂੰ 1699 ਦੀ ਵਿਸਾਖੀ ਵਾਲੇ ਦਿਨ ਸੰਪੂਰਨਤਾ ਬਖਸ਼ਿਸ਼ ਕੀਤੀ।
ਦੁਨੀਆਂ ਦੇ ਇਤਿਹਾਸ ਅੰਦਰ ਕਿਸੇ ਰਹਿਬਰ ਨੇ ਆਪਣੇ ਹੱਥੀਂ ਸਾਜਿਆਂ ਨੂੰ ਇਤਨਾ ਮਾਣ ਨਹੀਂ ਬਖਸ਼ਿਆ, ਜਿਤਨਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤਾ। ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਖਾਲਸੇ ਨੂੰ ਇੱਕ ਆਦਰਸ਼ਕ ਇਨਸਾਨ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਸਨ, ਇਸ ਲਈ ਖਾਲਸੇ ਦੀ ਪ੍ਰੀਭਾਸ਼ਾ-ਕਰਮ ਵਿਧੀ ਵੀ ਬਿਲਕੁਲ ਸਪਸ਼ਟ ਕਰ ਦਿਤੀ ।
 ਲੋੜ ਹੈ ਕਿ ਅਸੀਂ ਜਨ ਤੋਂ ਖਾਲਸੇ ਦੇ ਸੰਕਲਪ ਨੂੰ ਸਮਝਦੇ ਹੋਏ ਆਪਾ ਪੜਚੋਲੀਏ ਅਤੇ ਵੇਖਣ ਦਾ ਯਤਨ ਕਰੀਏ ਕਿ ਅਸੀਂ ਦਸਵੇਂ ਗੁਰੂ ਜੀ ਦੇ ਸਾਜੇ ਖਾਲਸੇ ਦੀ ਕਸਵੱਟੀ ਤੇ ਕਿਤਨਾ ਕੁ ਖਰਾ ਉਤਰਦੇ ਹਾਂ।
ਜੇ  ਆਪਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ 1469 ਤੋਂ 1708 ਈਸਵੀ ਤੱਕ ਦੇ 239 ਸਾਲ ਦੇ ਗੁਰ ਇਤਿਹਾਸ ਨੂੰ ਆਪਣੇ ਪੱਲੇ ਬੰਨ ਕੇ ਜੀਵਨ ਦਾ ਇੱਕ ਹਿੱਸਾ ਬਣਾ ਲਈਏ ਤਾਂ ਅਸੀ ਵੀ “ਜਨ ਭਏ ਖਾਲਸੇ” ਤੱਕ ਦੇ ਸਫਰ ਨੂੰ ਗੁਰੂ ਸਿਧਾਤਾਂ ਦੀ ਰੋਸ਼ਨੀ ਵਿੱਚ ਨਿਰਵਿਘਨਤਾ ਸਹਿਤ ਸੰਪੂਰਨ ਕਰ ਸਕਦੇ ਹਾਂ।
**************
ਸੁਖਜੀਤ ਸਿੰਘ ਕਪੂਰਥਲਾ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.