ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
‘ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ’
‘ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ’
Page Visitors: 2671

‘ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ’
ਦੁਨੀਆਂ ਦਾ ਹਰ ਮਨੁੱਖ ਅਪਣੀ ਜਿੰਦਗੀ ਅੰਦਰ ਬਚਪਨ, ਜਵਾਨੀ, ਬੁਢੇਪੇ ਦੇ ਹਰ ਪੜਾ ਵਿੱਚ ਹਰ ਸਮੇਂ ਆਸਰੇ ਦੀ ਭਾਲ ਵਿੱਚ ਰਹਿੰਦਾ ਹੈ। ਆਮ ਮਨੁੱਖ ਸੰਸਾਰੀ ਆਸਰੇ ਹੀ ਭਾਲਦਾ ਰਹਿੰਦਾ ਹੈ, ਪਰ ਕੋਈ ਵੀ ਆਸਰਾ ਉਸਨੂੰ ਸਦੀਵੀ ਤੌਰ ਤੇ ਨਾਲ ਨਿਭਣ ਵਾਲਾ ਪ੍ਰਤੀਤ ਨਹੀ ਹੁੰਦਾ। ਅੰਤ ਹਾਰ ਕੇ ਨਿਰਾਸ਼ਤਾ ਦੇ ਆਲਮ ਵਿੱਚ ਚਲਾ ਜਾਂਦਾ ਹੈ। ਪਰ ਗੁਰਮਤਿ ਸਾਨੂੰ ਦਸਦੀ ਹੈ
“ਮਾਨੁਖ ਕੀ ਟੇਕ ਬਿਰਥੀ ਸਭ ਜਾਨੁ” (੨੮੧)
 ਕੇ ਇੱਕ ਪ੍ਰਭੂ ਦੇ ਆਸਰੇ ਵਲ ਤੁਰ। ਜੇ ਤੂੰ ਇਸ ਪਾਸੇ ਧਿਆਨ ਦੇਵੇ ਤਾਂ ਪ੍ਰਮ ਪਿਤਾ ਪ੍ਰਮੇਸ਼ਰ ਦਾ ਸੁਭਾਉ ਹੈ ਕਿ ਉਹ ਹਮੇਸ਼ਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਆਇਆ ਹੈ ਅਤੇ ਕਰਦਾ ਹੀ ਰਹੇਗਾ। ਬੱਸ ਲੋੜ ਤਾਂ ਉਸ ਮਾਲਕ ਦੇ ਭਗਤ ਬਣ ਕੇ ਉਸ ਉਪਰ ਭਰੋਸੇ ਦੀ ਹੈ।
ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ ਕਿ ਜਿਨ੍ਹਾਂ ਨੇ ਵੀ ਭਗਤ ਬਣ ਕੇ ਭਰੋਸਾ ਕਾਇਮ ਰੱਖਿਆ, ਲੋੜ ਪੈਣ ਤੇ ਮਾਲਕ ਨੇ ਆਪਣੇ ਬਿਰਦ ਅਨੁਸਾਰ ਰਖਵਾਲਾ ਬਣ ਕੇ ਆਪਣੇ ਭਗਤਾਂ ਦੀ ਪੈਜ ਹਰ ਹਾਲਤ ਵਿੱਚ ਕਾਇਮ ਰੱਖੀ। ਜਿਵੇ ਗੁਰੂ ਰਾਮਦਾਸ ਜੀ ਦਾ ਪਾਵਨ ਬਚਨ ਹੈ-
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ।।
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ।।
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ।
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ
।।  (ਆਸਾ ਮਹਲਾ ੪-੪੫੧)
ਪ੍ਰਮੇਸ਼ਰ ਨੇ ਤਾਂ ਆਪਣੇ ਸੁਭਾਉ ਅਨੁਸਾਰ ਰਖਵਾਲੀ ਕਰਨੀ ਹੀ ਹੈ। ਪਰ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਸਹੀ ਅਰਥਾਂ ਵਿੱਚ ਉਸ ਮਾਲਕ ਦੇ ਭਗਤ ਬਣਕੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਸਕੀਏ। ਸਾਨੂੰ ਉਸ ਮਾਲਕ ਤੇ ਭਰੋਸਾ ਹੋਵੇ, ਅਸੀਂ ਉਸ ਮਾਲਕ ਦੀ ਪਾਤਰਤਾ ਦੇ ਯੋਗ ਬਣੀਏ। ਇਸ ਲਈ ਸਾਨੂੰ ਸਹੀ ਅਰਥਾਂ ਵਿੱਚ ਭਗਤ ਬਨਣ ਦੀ ਲੋੜ ਹੈ। ਰਹਰਾਸਿ ਸਾਹਿਬ ਦੀ ਬਾਣੀ ਵਿੱਚ ਅਸੀਂ ਨਿਤਨੇਮ ਵਜੋਂ ਰੋਜ਼ ਪੜਦੇ ਹਾਂ -
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ।। (ਰਾਗ ਆਸਾ ਮਹਲਾ ੪- ਸੋ ਪੁਰਖੁ-੧੧)
ਮਨੁੱਖ ਜੇਕਰ ਇੱਕ ਪ੍ਰਭੂ ਦਾ ਆਸਰਾ ਪਰਨਾ ਛੱਡ ਕੇ ਦਰ-ਦਰ ਤੇ ਭਟਕਦਾ ਫਿਰਦਾ ਹੋਵੇ ਤਾਂ ਪ੍ਰਭੂ ਨੂੰ ਉਲਾਹਮਾ ਦੇਣ ਦੀ ਲੋੜ ਨਹੀ। ਰੱਬ ਤਾਂ ਕਣ-ਕਣ ਵਿੱਚ ਵੱਸਿਆ ਹੋਇਆ ਮਨੁੱਖ ਦੇ ਜਨਮ ਤੋਂ ਵੀ ਪਹਿਲਾਂ ਤੋਂ ਲੈ ਕੇ ਜੀਵਨ ਦੇ ਅੰਤ ਤਕ ਰਖਵਾਲਾ ਬਣ ਕੇ ਪੈਰ-ਪੈਰ ਤੇ ਆਪਣਾ ਫਰਜ਼ ਨਿਭਾ ਰਿਹਾ ਹੈ, ਜੇ ਘਾਟ ਹੈ ਤਾਂ ਸਾਡੇ ਵਿੱਚ ਹੀ ਹੈ।
ਬਸ ਲੋੜ ਹੈ ਕਿ ਮਨੁੱਖ ਇਸ ਜੀਵਨ ਦੇ ਅੰਦਰ ਹੀ ਪ੍ਰਭੂ ਦਾ ਭਗਤ ਬਣ ਕੇ ਆਪਣੀ ਪਾਤਰਤਾ ਸਾਬਤ ਕਰੇ। ਮਨੁੱਖ ਸੋਚਦਾ ਹੈ ਕਿ ਮਾਲਕ ਦੀ ਭਗਤੀ ਦਾ ਫਲ ਬਾਅਦ ਵਿੱਚ ਮਿਲੇਗਾ ਤਾਂ ਇਹ ਉਸਦੀ ਭੁੱਲ ਹੈ। ਗੁਰਬਾਣੀ ਸਾਨੂੰ ਦਸੱਦੀ ਹੈ ਕਿ ਜਿਵੇਂ ਪਪੀਹਾ ਸਵਾਂਤੀ ਬੂੰਦ ਲਈ ਪੁਕਾਰ ਕਰਦਾ ਕਰਦਾ ਅੰਤ ਮੌਤ ਨੂੰ ਪ੍ਰਾਪਤ ਹੋ ਜਾਵੇ, ਮਰਨ ਤੋਂ ਬਾਅਦ ਉਸਨੂੰ ਜੇਕਰ ਸਮੁੰਦਰ ਦਾ ਸਮੁੱਚਾ ਪਾਣੀ ਵੀ ਸਵਾਂਤੀ ਬੂੰਦ ਰੂਪ ਵਿੱਚ ਪ੍ਰਾਪਤ ਹੋ ਜਾਵੇ ਤਾਂ ਪਪੀਹੇ ਦੇ ਕਿਸੇ ਕੰਮ ਨਹੀ। ਜੇ ਕੋਈ ਮਨੁੱਖ ਪਾਣੀ ਵਿੱਚ ਡੁੱਬ ਰਿਹਾ ਹੋਵੇ, ਬੇੜੀ ਦੀ ਲੋੜ ਤਾਂ ਡੁੱਬਣ ਤੋਂ ਬਚਣ ਲਈ ਹੈ, ਡੁੱਬਕੇ ਮਰਨ ਤੋਂ ਬਾਦ ਜੇਕਰ ਮਿਲ ਵੀ ਜਾਵੇ ਤਾਂ ਬੇੜੀ ਉਸ ਮਨੁੱਖ ਦੇ ਕਿਸੇ ਵੀ ਕੰਮ ਦੀ ਨਹੀ। ਇਸੇ ਤਰਾਂ ਮਨੁੱਖ ਨੂੰ ਪ੍ਰਮੇਸ਼ਰ ਦੀ ਬਖਸ਼ਿਸ਼ ਰੂਪੀ ਰਖਵਾਲੀ ਦੀ ਲੋੜ ਜੀਵਨ ਵਿੱਚ ਹੈ। ਇਸ ਪ੍ਰਥਾਇ ਬਿਲਾਵਲ ਰਾਗ ਵਿੱਚ ਭਗਤ ਸਧਨਾ ਜੀ ਫੁਰਮਾਣ ਕਰਦੇ ਹਨ-
ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ।।
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ।।
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ।।
ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ
।।  (ਬਾਣੀ ਸਧਨੇ ਕੀ-ਰਾਗੁ ਬਿਲਾਵਲੁ-੮੫੮)
ਪ੍ਰਮ ਪਿਤਾ ਪ੍ਰਮੇਸ਼ਰ ਦੇ ਗੁਣ
 “ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ” (੮੧੬)
 ਦੀ ਸਮਝ ਵੀ ਉਨ੍ਹਾਂ ਨੂੰ ਆਉਂਦੀ ਹੈ ਜੋ ਆਪਣੇ ਜੀਵਨ ਕਾਲ ਵਿੱਚ ਪ੍ਰਭੂ ਦੀ ਰਜ਼ਾ, ਭਾਣੇ ਵਿੱਚ ਚਲਦੇ ਹੋਏ ਜੀਵਨ ਬਤੀਤ ਕਰਦੇ ਹਨ। ਇਸ ਦੇ ਉਲਟ ਆਪਣੀ ਮੱਤ ਉਪਰ ਭਰੋਸਾ ਰੱਖ ਕੇ ਚਲਣ ਵਾਲੇ ਜੀਵਨ ਦੀ ਬਾਜ਼ੀ ਹਾਰ ਕੇ ਸੰਸਾਰ ਤੋਂ ਖਾਲੀ ਹੱਥ ਜਾਂਦੇ ਹਨ। ਇਸ ਲਈ ਲੋੜ ਉਸ ਰੱਬ ਦੀ ਸ਼ਰਣ ਵਿੱਚ ਜਾ ਕੇ ਭਗਤ ਕਬੀਰ ਜੀ ਵਾਂਗ
ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮਾਰੀ” (੮੫੫)
 ਪੁਕਾਰ ਕਰਨ ਦੀ ਹੈ। ਜਿਹੜੇ ਜੀਵ ਐਸੀ ਪੁਕਾਰ ਕਰਦੇ ਹਨ, ਉਸ ਦੇ ਪੂਰੀ ਹੋਣ ਦੀ ਸੰਭਾਵਨਾ ਤਾਂ ਹੀ ਬਣੇਗੀ ਜੇਕਰ ਕੀਤੀ ਜਾ ਰਹੀ ਪੁਕਾਰ ਕੇਵਲ ਇੱਕ ਅਕਾਲਪੁਰਖ ਦੇ ਦਰ ਤੇ ਹੋਵੇ। ਉਸ ਕੀਤੀ ਜਾ ਰਹੀ ਪੁਕਾਰ ਦੇ ਸੁਣੇ ਜਾਣ ਦਾ ਭਰੋਸਾ ਵੀ ਮਨ ਵਿੱਚ ਪ੍ਰਪੱਕ ਹੋਵੇ। ਜਿਹੜੇ ਇਸ ਭਰੋਸੇ ਨਾਲ ਅਰਦਾਸ ਕਰਦੇ ਹਨ, ਪ੍ਰਮੇਸ਼ਰ ਉਨ੍ਹਾਂ ਦੇ ਭਰੋਸੇ ਨੂੰ ਪੂਰਾ ਕਰਨ ਲਈ ਕੋਈ ਵੀ ਦੇਰੀ ਨਹੀ ਕਰਦਾ, ਸਗੋਂ ਤਤਕਾਲ ਹੀ ਉਨ੍ਹਾਂ ਦੀ ਮੰਗ ਦੀ ਪੂਰਤੀ ਕਰ ਦਿੰਦਾ ਹੈ। ਇਸ ਲਈ ਲੋੜ ਸੇਵਕ ਬਣ ਕੇ ਵਿਸ਼ਵਾਸ ਕਾਇਮ ਰੱਖਣ ਦੀ ਹੈ। ਇਸ ਸਬੰਧ ਵਿੱਚ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ-
ਸੇਵਕ ਕਉ ਨਿਕਟੀ ਹੋਇ ਦਿਖਾਵੈ।।
ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ
।। (ਆਸਾ ਮਹਲਾ ੫-੪੦੩)
ਐਸੇ ਮਨੁੱਖ ਦੀ ਜੀਵਨ ਅਵਸਥਾ ਵਿੱਚ ਪ੍ਰਮੇਸ਼ਰ ਦੇ ਸਦ ਰਖਵਾਲੇ ਹੋਣ ਦਾ ਭਰੋਸਾ ਬੱਝਣ ਨਾਲ ਜਿੰਦਗੀ ਵਿਚੋਂ ਸਾਰੇ ਡਰ-ਭਉ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ। ਪਾਵਨ ਫੁਰਮਾਣ ਹੈ-
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ।। (ਮਾਝ ਮਹਲਾ ੫-੧੦੩)
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਵਿੱਚ ਝਾਤੀ ਮਾਰ ਕੇ ਵੇਖੀਏ, ਤਾਂ ਇਕੋ ਘਟਨਾ ਵਿਚੋਂ ਦੋ ਪੱਖ ਸਾਹਮਣੇ ਆਉਂਦੇ ਹਨ। ਦੁਨੀ ਚੰਦ ਗੁਰੂ ਪਾਤਸ਼ਾਹ ਦੇ ਨਾਲ ਰਹਿ ਕੇ ਵੀ ਆਪਣਾ ਭਰੋਸਾ ਕਾਇਮ ਨਹੀ ਰੱਖ ਸਕਿਆ, ਇਤਿਹਾਸ ਵਿੱਚ ਤ੍ਰਿਸਕਾਰ ਦਾ ਪਾਤਰ ਬਣ ਗਿਆ। ਇਸ ਦੇ ਮੁਕਾਬਲੇ ਭਾਈ ਬਚਿੱਤਰ ਸਿੰਘ ਜਿਸਨੇ ਗੁਰੂ ਸਾਹਿਬ ਦੇ ਬਚਨਾਂ ਅਤੇ ਬਖਸ਼ਿਸ਼ ਉਪਰ ਆਪਣਾ ਭਰੋਸਾ ਕਾਇਮ ਰੱਖਿਆ, ਦਸ਼ਮੇਸ਼ ਪਿਤਾ ਨੇ ਵੀ ਉਸ ਰਾਹੀਂ ਐਸਾ ਮਹਾਨ ਕਾਰਨਾਮਾ ਕਰ ਕੇ ਵਿਖਾ ਦਿਤਾ ਕਿ ਭਾਈ ਬਚਿੱਤਰ ਸਿੰਘ ਇਤਿਹਾਸ ਦੇ ਪੰਨਿਆਂ ਵਿੱਚ ਸਤਿਕਾਰ ਦਾ ਪਾਤਰ ਬਣ ਗਿਆ।
ਐਸੀਆਂ ਇਤਿਹਾਸਿਕ ਘਟਨਾਵਾਂ ਤੋਂ ਪ੍ਰੇਰਣਾ ਲੈ ਕੇ ਲੋੜ ਹੈ ਕਿ ਅਸੀਂ ਵੀ ਗੁਰੂ ਸਾਹਿਬਾਨ ਦੇ ਬਚਨ
 “ਜਿਸ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ” (੪੩)
 ਉਪਰ ਆਪਣੇ ਭਰੋਸੇ ਨੂੰ ਕਾਇਮ ਰੱਖੀਏ। ਪਰ ਐਸਾ ਤਾਂ ਹੀ ਸੰਭਵ ਹੈ ਜੇ ਅਸੀਂ ਮਾਲਕ ਦੀ ਬੰਦਗੀ ਨਾਲ ਜੁੜ ਕੇ ਭਗਤੀ ਰੰਗ ਵਿੱਚ ਰੰਗੇ ਜਾਈਏ। ਆਉ ਅਸੀਂ ਵੀ ਅਰਦਾਸ ਦੀ ਪੂਰਤੀ ਵਾਲੇ ਭਰੋਸੇ ਨਾਲ ਜੋਦੜੀ ਕਰੀਏ ਤਾਂ ਜੋ ਸਾਡੇ ਜੀਵਨ ਵਿਚੋਂ ਵੀ ਹਰ ਤਰਾਂ ਦੇ ਦੁੱਖ, ਚਿੰਤਾ, ਝੋਰੇ ਪੂਰੀ ਤਰਾਂ ਖਤਮ ਹੋ ਜਾਣ-
ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸ।।
ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ
।। (ਬਿਲਾਵਲ ਮਹਲਾ ੫-੮੧੬)
=============
ਸੁਖਜੀਤ ਸਿੰਘ ਕਪੂਰਥਲਾ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.