ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
< ਅਸੀਂ ਕਿਧਰ ਜਾ ਰਹੇ ਹਾਂ? >
< ਅਸੀਂ ਕਿਧਰ ਜਾ ਰਹੇ ਹਾਂ? >
Page Visitors: 2665

< ਅਸੀਂ ਕਿਧਰ ਜਾ ਰਹੇ ਹਾਂ? >
ਆਓ ਅਸੀਂ ਇਸ ਲੇਖ ਰਾਹੀਂ ਆਪਾ ਪੜਚੋਲੀਏ ਕਿ ਅਸੀਂ ਜਿਆਦਾਤਰ ਜੋ ਕਰਮ ਗੁਰਮਤਿ ਦੇ ਨਾਂ ਥੱਲੇ ਕਰ ਰਹੇ ਹਾਂ, ਕੀ ਉਹ ਗੁਰਮਤਿ ਅਨੁਸਾਰ ਠੀਕ ਵੀ ਹਨ ਜਾਂ ਨਹੀ?
1) ਗੁਰਮਤਿ ਸਪਸ਼ਟ ਸ਼ਬਦਾਂ ਵਿੱਚ ਦਸਦੀ ਹੈ ਕਿ ਜਦੋ ਜੀਵ ਇਸ ਸੰਸਾਰ ਤੋਂ ਚਲਾਣਾ ਕਰ ਜਾਂਦਾ ਹੈ ਤਾਂ ਉਸ ਦੀ ਆਤਮਾ ਲਈ ਦੋ ਹੀ ਰਸਤੇ ਹਨ ਜਾਂ ਤਾਂ ਪ੍ਰਮਾਤਮਾ ਵਿੱਚ ਲੀਨ (ਅਭੇਦ) ਹੋ ਜਾਣਾ ਜਾਂ ਅਗਲੀ ਕਿਸੇ ਜੂਨ ਵਿੱਚ ਪੈ ਜਾਣਾ। ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਪਿਤਰ ਲੋਕ ਦੀ ਕੋਈ ਹੋਂਦ ਹੀ ਨਹੀ ਹੈ। ਗੁਰੂ ਸਾਹਿਬ ਨੇ ਤਾਂ ਪੰਡਤਾਂ ਦੇ ਇਸ ਕਰਮਕਾਂਡ, ਸਰਾਧ ਬਾਰੇ ਸਪਸ਼ਟ ਕਿਹਾ ਸੀ ਕਿ ਇਹ ਜੋ ਭੋਜਨ-ਕਪੜੇ ਆਦਿ ਵਸਤਾਂ ਆਪਣੇ ਪਿਤਰਾਂ ਨਮਿਤ ਪੰਡਤਾਂ ਨੂੰ ਦਾਨ ਕਰਦੇ ਹੋ ਇਹ ਸਿਰਫ ਪੰਡਤਾਂ ਦੀ ਉਦਰਪੂਰਤੀ ਦਾ ਹੀ ਸਾਧਨ ਬਣਦੀਆਂ ਹਨ, ਕੋਈ ਵੀ ਵਸਤੂ ਅੱਗੇ ਨਹੀ ਜਾਂਦੀ ਹੈ।ਪਰ ਅਜ ਅਸੀਂ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਵੇਖੀਏ ਤਾਂ ਉਹਨਾਂ ਪੰਡਤਾਂ ਦੀ ਜਗਾ ਤੇ ਕੁੱਝ ਗ੍ਰੰਥੀਆਂ (ਸਾਰੇ ਨਹੀ) ਨੇ ਲੈ ਲਈ ਹੈ। ਉਹ ਸਰਾਧਾਂ ਦੇ ਦਿਨਾਂ ਵਿੱਚ ਸਿੱਖਾਂ ਦੇ ਘਰੋਂ ਭੋਜਨ ਛਕਦੇ ਹਨ, ਹੋਰ ਵਸਤੂਆਂ ਵਸੂਲ ਕਰਦੇ ਹਨ ਅਤੇ ਕਿਸੇ ਪ੍ਰਾਣੀ ਦੇ ਦੁਸਹਿਰੇ ਦੀ ਰਸਮ (ਸਤਾਰਵੀਂ) ਤੇ ਬਿਸਤਰਾ ਕਪੜੇ, ਭਾਂਡੇ ਇਥੋਂ ਤਕ ਕਿ ਜੁਤੀਆਂ ਵੀ ਵਸੂਲ ਕਰਦੇ ਹਨ। ਜੇ ਅੱਜ ਕਿਸੇ ਸਿੱਖ ਪ੍ਰਵਾਰ ਨੂੰ ਇਸ ਤੋਂ ਮਨਾ ਕੀਤਾ ਜਾਵੇ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਅਸੀਂ ਕਿਹੜਾ ਪੰਡਤਾਂ ਨੂੰ ਛਕਾਉਂਦੇ ਹਾਂ, ਅਸੀਂ ਤਾਂ ਗੁਰਸਿੱਖਾਂ ਨੂੰ ਹੀ ਛਕਾਉਂਦੇ ਹਾਂ।
ਪਰ ਸੋਚਣ ਵਾਲੀ ਗਲ ਹੈ ਕਿ ਜੇ ਇਹੀ ਕਰਮ ਪੰਡਤਾਂ ਰਾਹੀਂ ਕੀਤਾ ਗਿਆ ਗਲਤ ਹੈ ਤਾਂ ਗ੍ਰੰਥੀ ਸਿੰਘਾਂ ਰਾਹੀਂ ਉਹ ਠੀਕ ਕਿਸ ਤਰ੍ਹਾਂ ਹੋ ਸਕਦਾ ਹੈ ? ਇਸ ਕਰਮ ਨੂੰ ਗੁਰਮਤਿ ਦੀ ਕਸਵਟੀ ਤੇ ਪਰਖੋ ਤੇ ਸੋਚੋ ਕਿ ਅਸੀਂ ਕਿਧਰ ਜਾ ਰਹੇ ਹਾਂ ?
2) ਗੁਰੂ ਨਾਨਕ ਸਾਹਿਬ ਨੇ ਥਾਲ ਵਿੱਚ ਦੀਵੇ ਜਗਾ ਕੇ ਪ੍ਰਮਾਤਮਾ ਦੀ ਆਰਤੀ ਉਤਾਰਨ ਤੋਂ ਪੰਡਤਾਂ ਨੂੰ ਰੋਕਿਆ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਧਨਾਸਰੀ ਰਾਗ ਵਿੱਚ ਦਰਜ ਸ਼ਬਦ
ਗਗਨ ਮਹਿ ਥਾਲ ਰਵਿ ਚੰਦੁ ਦੀਪਕ ਬਨੇ … …। “
 ਰਾਹੀਂ ਪੰਡਤਾਂ ਦੇ ਇਸ ਫੋਕਟ ਕਰਮ ਦਾ ਭਾਂਡਾ ਭੰਨਦੇ ਹੋਏ ਸਮਝਾਇਆ ਸੀ ਕਿ ਪ੍ਰਮਾਤਮਾ ਦੀ ਆਰਤੀ ਤਾਂ ਉਸਦੀ ਸਾਜੀ ਹੋਈ ਕੁਦਰਤ ਆਪੇ ਹੀ ਵਖ-ਵਖ ਢੰਗਾਂ ਦੁਆਰਾ ਕਰ ਰਹੀ ਹੈ।ਪਰ ਅੱਜ ਵੇਖਣ ਵਿੱਚ ਆ ਰਿਹਾ ਹੈ ਕਿ ਸਾਡੇ ਸਿੱਖ ਪਰਿਵਾਰਾਂ ਵਿੱਚ ਵੀ ਅਖੰਡ ਪਾਠ/ ਸਹਿਜ ਪਾਠ ਦੇ ਮੌਕੇ ਤੇ ਥਾਲ ਵਿੱਚ ਦੀਵੇ ਜਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਆਰਤੀ ਉਤਾਰੀ ਜਾਂਦੀ ਹੈ। ਕਿੰਨੇ ਅਫਸੋਸ ਦੀ ਗਲ ਹੈ ਕਿ ਆਰਤੀ ਉਤਾਰਦੇ ਸਮੇਂ ਗੁਰੂ ਨਾਨਕ ਸਾਹਿਬ ਦਾ ਉਕਤ ਸ਼ਬਦ ਹੀ (ਜਿਸ ਰਾਹੀਂ ਉਹਨਾਂ ਨੇ ਇਸ ਫੋਕਟ ਕਰਮ ਦਾ ਖੰਡਨ ਕੀਤਾ ਹੈ) ਮੁੱਖ ਤੌਰ ਤੇ ਉਚਾਰਨ ਕੀਤਾ ਜਾਂਦਾ ਹੈ।
ਇਹ ਗੁਰਬਾਣੀ ਦੇ ਉਕਤ ਸ਼ਬਦ ਦੇ ਅਰਥਾਂ ਅਤੇ ਗੁਰਮਤਿ ਸਿਧਾਂਤਾ ਪ੍ਰਤੀ ਅਵੇਸਲਾਪਨ ਨਹੀ ਤਾਂ ਹੋਰ ਕੀ ਹੈ ?
 ਜਿਹੜੇ ਵੀ ਸਿੰਘ, ਗ੍ਰੰਥੀ, ਪ੍ਰਚਾਰਕ, ਸੰਤ ਇਸ ਪ੍ਰਥਾ ਦੀ ਹਮਾਇਤ ਕਰਦੇ ਹਨ, ਉਹ ਗੁਰਮਤਿ ਸਿਧਾਂਤਾ ਨੂੰ ਸਾਹਮਣੇ ਰੱਖ ਕੇ ਸੋਚਣ ਕਿ ਉਹ ਆਪਣੀ ਉਦਰਪੂਰਤੀ ਲਈ ਸਿੱਖਾਂ ਨੂੰ ਕਿਧਰ ਲੈ ਜਾ ਰਹੇ ਹਨ। ਕੀ ਜਿਸ ਚਿਕੜ ਵਿਚੋਂ ਗੁਰੂ ਸਾਹਿਬ ਨੇ ਸਾਨੂੰ ਕਢਿਆ ਸੀ ਇਹ ਆਪ ਅਤੇ ਆਪਣੇ ਪਿੱਛੇ ਲੱਗਣ ਵਾਲਿਆਂ ਨੂੰ ਨਾਲ ਲੈ ਕੇ ਉਧਰ ਹੀ ਨਹੀ ਜਾ ਰਹੇ ?
3) “ਸਿਖ ਰਹਿਤ ਮਰਯਾਦਾ” ਵਿੱਚ ਇਹ ਸਪਸ਼ਟ ਹੈ ਕਿ ਕਿਸੇ ਅਨਮਤੀਏ ਦਾ ਵਿਆਹ ਅਨੰਦ ਦੀ ਰੀਤ (ਅਨੰਦ ਕਾਰਜ) ਨਾਲ ਨਹੀ ਹੋ ਸਕਦਾ, ਕਿਉਂਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੀ ਨਹੀਂ ਉਹ ਇਸ ਦਾ ਯੋਗ ਸਤਿਕਾਰ ਨਹੀ ਕਰ ਸਕਦਾ।ਪਰ ਅੱਜ ਵੇਖਣ ਵਿੱਚ ਆਉਂਦਾ ਹੈ ਕਿ ਸਾਡੇ ਬਹੁਤ ਸਾਰੇ ਗ੍ਰੰਥੀ ਸਿੰਘ ਕੁੱਝ ਪੈਸਿਆਂ ਦੇ ਲਾਲਚ ਵਿੱਚ ਅਨਮਤੀਆਂ ਦੇ ਵਿਆਹ ਵੀ ਆਨੰਦ ਦੀ ਰੀਤੀ ਨਾਲ ਕਰ ਰਹੇ ਹਨ। ਉਥੇ ਫਿਰ ਜੋ ਹਾਲਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦੀ ਹੁੰਦੀ ਹੈ ਉਹ ਕਿਸੇ ਤੋਂ ਗੁੱਝੀ ਹੋਈ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੱਧੇ ਤੋਂ ਵੱਧ ਲੋਕ ਨੰਗੇ ਸਿਰ ਫਿਰਦੇ ਹਨ, ਕਈ ਸਿਗਰਟਾਂ, ਬੀੜੀਆਂ ਪੀਣ ਵਾਲੇ ਸ਼ਰਾਬ ਦੇ ਨਸ਼ੇ ਵਿੱਚ ਫਿਰ ਰਹੇ ਹੁੰਦੇ ਹਨ। ਇਸ ਬੇਅਦਬੀ ਲਈ ਅਨਮਤੀਆਂ ਨੂੰ ਦੋਸ਼ੀ ਨਹੀ ਸਮਝਿਆ ਜਾ ਸਕਦਾ ਕਿਉਂਕਿ ਉਹਨਾਂ ਲਈ ਆਨੰਦ ਕਾਰਜ ਇੱਕ ਰਸਮ ਹੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਹ ਰਸਮ ਪੂਰੀ ਕਰਨ ਲਈ ਹੀ ਲਿਆਂਦਾ ਗਿਆ ਹੈ।
ਜ਼ਰਾ ਸੋਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਘਟਾਉਣ ਅਤੇ ਇਸ ਬੇਅਦਬੀ ਲਈ ਜਿੰਮੇਵਾਰ ਕੌਣ ਹੈ?
4) ਉਪਰੋਕਤ ਦਰਸਾਈਆਂ ਗਈਆਂ ਘਟਨਾਵਾਂ ਕੇਵਲ ਇਸ਼ਾਰੇ ਮਾਤਰ ਹਨ, ਇਹੋ ਜਿਹੀਆਂ ਹੋਰ ਅਨੇਕਾਂ ਉਦਾਹਰਣਾਂ ਸਾਡੇ ਆਲੇ ਦੁਆਲੇ ਰੋਜ਼ਾਨਾਂ ਘਟ ਰਹੀਆਂ ਹਨ, ਜਿਨ੍ਹਾਂ ਬਾਰੇ ਗੁਰਮਤਿ ਦੀ ਕਸਵੱਟੀ ਲਾ ਕੇ ਗੁਰਮਤਿ/ ਮਨਮਤਿ ਰੂਪੀ ਕਰਮਾਂ ਨੂੰ ਪਰਖਣ ਦੀ ਜ਼ਰੂਰਤ ਹੈ।ਅੰਤ ਵਿੱਚ ਗ੍ਰੰਥੀ ਸਿੰਘਾਂ, ਪ੍ਰਚਾਰਕਾਂ ਅਤੇ ਸੰਗਤਾਂ ਅੱਗੇ ਸਨਿਮਰ ਬੇਨਤੀ ਹੈ ਕਿ ਉਹ ਕੋਈ ਵੀ ਐਸਾ ਕਰਮ ਕਰਨ ਤੋਂ ਪਹਿਲਾਂ ਉਸਨੂੰ ਗੁਰਮਤਿ ਦੀ ਕਸਵੱਟੀ ਤੇ ਪਰਖ ਲੈਣ। ਇਸ ਤਰਾਂ ਕਰਨ ਨਾਲ ਗੁਰਮਤਿ ਦੇ ਸਿਧਾਂਤਾ ਤੋਂ ਲਾਂਭੇ ਜਾਣ ਦੀ ਸ਼ੰਕਾ ਹੀ ਨਹੀਂ ਰਹੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਵਿੱਚ ਵੀ ਵਾਧਾ ਹੋਵੇਗਾ ਜਿਸ ਨਾਲ ਅਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ/ ਬਖਸ਼ਿਸ਼ਾਂ ਦੇ ਪਾਤਰ ਵੀ ਬਣੇ ਰਹਾਂਗੇ।
==========-
ਸੁਖਜੀਤ ਸਿੰਘ,ਕਪੂਰਥਲਾ
ਗੁਰਮਤਿ ਪ੍ਰਚਾਰਕ
98720-76876, 01822-276876

 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.