ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਗਿਆਨੀ
ਇਤਿਹਾਸਕ ਵਿਵਾਦ ‘ਮਿਸ਼ਨਰੀ ਬਨਾਮ ਟਕਸਾਲੀ’ ਜਾਂ ‘ਸਾਧ ਬਨਾਮ ਸਿੱਖ’ ਸੋਚ ?
ਇਤਿਹਾਸਕ ਵਿਵਾਦ ‘ਮਿਸ਼ਨਰੀ ਬਨਾਮ ਟਕਸਾਲੀ’ ਜਾਂ ‘ਸਾਧ ਬਨਾਮ ਸਿੱਖ’ ਸੋਚ ?
Page Visitors: 2694

ਇਤਿਹਾਸਕ ਵਿਵਾਦ ‘ਮਿਸ਼ਨਰੀ ਬਨਾਮ ਟਕਸਾਲੀ’ ਜਾਂ ‘ਸਾਧ ਬਨਾਮ ਸਿੱਖ’ ਸੋਚ ?
ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com)
25 ਮਾਰਚ 2017 ਨੂੰ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲ਼ਿਆਂ ਵੱਲੋਂ ਆਪਣੇ ਕਥਾ ਦੇ ਚੱਲਦੇ ਪ੍ਰਸੰਗ ’ਚ ਇਹ ਕਹਿਣਾ ਕਿ ਗੁਰੂ ਤੇਗ ਬਹਾਦਰ ਜੀ 26 ਸਾਲ (ਬਕਾਲੇ) ਭੋਰੇ ’ਚ ਨਹੀਂ ਬੈਠੇ ਰਹੇ ਬਲਕਿ ਉੱਤਰ ਪੂਰਬ ਭਾਰਤ ’ਚ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਸਨ, ਵਿਚਾਰਾਂ ਨਾਲ਼ ਸਿੱਖ ਕੌਮ ’ਚ ਇੱਕ ਹੋਰ ਵਿਵਾਦ ਨੇ (ਭਾਈ ਰਣਜੀਤ ਸਿੰਘ ਤੇ ਟਕਸਾਲ ਵਿੱਚ) ਜਨਮ ਲੈ ਲਿਆ ਹੈ। ਕਈ ਗੁਰੂ ਪਿਆਰਿਆਂ ਨੇ ਸੁਝਾਵ ਦਿੱਤੇ ਕਿ ਇੱਕ ਪਿਤਾ ਦੀ ਔਲਾਦ ਆਪਸ ਵਿੱਚ ਝਗੜਦੀ ਚੰਗੀ ਨਹੀਂ ਲੱਗਦੀ, ਇਸ ਲਈ ਆਪਸੀ ਮਤਭੇਦ ਮਿਲ ਬੈਠ ਹੱਲ ਕਰ ਲੈਣੇ, ਸਿਆਣਪ ਹੁੰਦੀ ਹੈ। ਗੁਰਬਾਣੀ ਵੀ ਵਚਨ ਕਰਦੀ ਹੈ ਕਿ
‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥’’ (ਮ: ੫/੧੧੮੫), ਪਰ ਗੁਰਮਤਿ ਦੀ ਇਸੇ ਤੁਕ ’ਚ ਦੋ ਸ਼ਬਦ ਸ਼ਾਮਲ ਹਨ ‘ਦੁਬਿਧਾ’ ਤੇ ‘ਲਿਵ’, ਜਿਨ੍ਹਾਂ ਦੇ ਮਤਲਬ ਆਪਣੇ ਆਪਣੇ ਅਨੁਸਾਰ ਕੱਢੇ ਜਾ ਰਹੇ ਹਨ। ਇੱਕ ਧੜਾ ਕਹਿੰਦਾ ‘ਦੁਬਿਧਾ’ ਭਾਈ ਰਣਜੀਤ ਸਿੰਘ ਪਾ ਰਿਹਾ ਹੈ ਤੇ ਦੂਜਾ ਕਹਿੰਦਾ ਹੈ ਕਿ ‘ਦੁਬਿਧਾ’ ਬਣੀ ਪਈ ਹੈ ਜਿਸ ਨੂੰ ਕੱਢਣਾ ਜ਼ਰੂਰੀ ਹੈ; ਇਹੀ ਅਜੋਕੇ ਟਕਰਾਅ ਦਾ ਮੂਲ ਕਾਰਨ ਹੈ।
ਸਰਬੱਤ ਖਾਲਸਾ (2015) ਰਾਹੀਂ ਕੇਸਗੜ੍ਹ ਤਖ਼ਤ ਦੇ ਥਾਪੇ ਗਏ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਜੋ ਵਿਚਾਰ-ਚਰਚਾ ਕਰਨ ਦਾ ਫ਼ਾਰਮੂਲ ਲੱਭਿਆ ਉਹ ਸ਼ਾਂਤੀ ਜੀ ਬਜਾਏ ਮਾਹੌਲ ਨੂੰ ਹੋਰ ਤਣਾਅ ਵੱਲ ਲੈ ਜਾਣ ਵਾਲ਼ਾ ਰਿਹਾ, ਜਿਸ ਕਾਰਨ ਪੰਜ-ਪੰਜ ਸਿੰਘਾਂ ਦੁਆਰਾ ਮਿਲ-ਬੈਠਣ ਵਾਲ਼ਾ ਤਰੀਕਾ ਵਿਫਲ ਹੋ ਗਿਆ। ਅਜਿਹੇ ਤਰੀਕੇ ਅਮਰੀਕ ਸਿੰਘ ਕਈ ਵਾਰ ਪਹਿਲਾਂ ਵੀ ਅਜ਼ਮਾ ਚੁੱਕਾ ਹੈ। ਸੋਸ਼ਲ ਮੀਡਿਆ ਰਾਹੀਂ ਕੌਣ ਹਾਰਿਆ ਤੇ ਕੌਣ ਜਿੱਤਿਆ ਚਰਚਾ ਜ਼ੋਰ-ਸ਼ੋਰ ਨਾਲ਼ ਚੱਲ ਰਹੀ ਹੈ।
ਜੋ ਬੰਦੇ ਮਿਲ ਬੈਠਣ ਦਾ ਸੁਝਾਅ ਦੇ ਰਹੇ ਹਨ ਉਨ੍ਹਾਂ ਮੁਤਾਬਕ ਟਕਰਾਅ ਇੱਕ ਦੋ ਮੁੱਦਿਆਂ ਉੱਤੇ ਹੈ, ਜਿਸ ਨੂੰ ਮਿਲ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ, ਪਰ ਮੇਰੀ ਰਾਏ ਇਨ੍ਹਾਂ ਤੋਂ ਬਿਲਕੁਲ ਭਿੰਨ ਹੈ। ਅਗਰ ਸਿੱਖ ਕੌਮ ਅਜਿਹੇ ਵਿਵਾਦਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਕੁਝ ਸਾਰਥਿਕ ਕਦਮ ਪੁੱਟਣੇ ਜ਼ਰੂਰੀ ਹਨ। ਇਸ ਸੰਬੰਧੀ ਕੁਝ ਸੁਝਾਅ ਦੇਣਾ, ਮੈਂ ਆਪਣਾ ਫ਼ਰਜ਼ ਸਮਝਦਾ ਹਾਂ।
ਵਿਸ਼ੇ ਦੀ ਅਰੰਭਤਾ ਹੋ ਰਹੀ ਚਰਚਾ ਦੇ ਇਸ ਪੱਖ ਤੋਂ ਕਰਦਾ ਹਾਂ ਕਿ ਇਹ ਟਕਰਾਅ ਮਿਸ਼ਨਰੀਆਂ ਤੇ ਟਕਸਾਲੀਆਂ ਵਿੱਚ ਹੈ ਜਾਂ ਪੁਰਾਣੀ ਤੇ ਨਵੀਂ ਸੋਚ ਵਿੱਚ ਹੈ। ਮੈਨੂੰ ਲੱਗਦਾ ਹੈ ਕਿ ਇਹ ਦੋਵੇਂ ਤਰਕ, ਵਿਵਾਦ ਨੂੰ ਬੜਾ ਹਲਕੇ ’ਚ ਲੈ ਰਹੇ ਹਨ। ਸੋਚੋ, ਇਹ ਵਿਸ਼ਾ ਮਿਸ਼ਨਰੀਆਂ ਤੇ ਟਕਸਾਲੀਆਂ ਤੋਂ ਇਲਾਵਾ ਕਿਸੇ ਹੋਰ ਸਿੱਖ ਜਥੇਬੰਦੀ ਲਈ ਕੋਈ ਮਾਇਨਾ ਨਹੀਂ ਰੱਖਦਾ ? ਜਾਂ ਜੋ ਹਵਾਲੇ ਭੱਟ ਵਹੀਆਂ ਵਿੱਚੋਂ ਦਿੱਤੇ ਜਾ ਰਹੇ ਹਨ ਉਸ ਨੂੰ ਨਵੀਂ ਸੋਚ ਕਿਵੇਂ ਕਿਹਾ ਜਾ ਸਕਦਾ ਹੈ ? ਅਗਰ ਭਾਈ ਰਣਜੀਤ ਸਿੰਘ ਲਿਖਤੀ ਮਾਫ਼ੀ ਮੰਗ ਲੈਣ ਜਾਂ ਦ੍ਰਿੜ੍ਹਤਾ ਨਾਲ਼ ਪਹਿਰਾ ਦਿੰਦਿਆਂ ਸ਼ਹੀਦ ਵੀ ਹੋ ਜਾਣ ਤਾਂ ਕੀ ਇਹ ਟਕਰਾਅ ਖ਼ਤਮ ਹੋ ਜਾਏਗਾ ?
ਭਾਈ ਅਜਨਾਲਾ 50-60 ਹਮਖ਼ਿਆਲੀਆਂ ਸਮੇਤ, ਤਿੰਨ ਸਵਾਲਾਂ (ਗੁਰੂ ਤੇਗ ਬਹਾਦਰ ਜੀ ਦੀ ਭੋਰੇ ’ਚ ਬੈਠ ਕੇ ਕੀਤੀ ਭਗਤੀ ਦਾ ਖੰਡਨ, ਦਰਬਾਰ ਸਾਹਿਬ ਦੇ ਸਰੋਵਰ ਜਲ ਨੂੰ ਅੰਮ੍ਰਿਤ ਨਾ ਕਹਿਣਾ ਤੇ ਸੰਤਾਂ ਦਾ ਨਿਰਾਦਰ) ਦੇ ਜਵਾਬ ਲੈਣ ਲਈ ਪਰਮੇਸ਼ਰ ਦੁਆਰ ਅੱਗੇ ਜਾ ਬੈਠਾ, ਪਰ ਇਸ ਟਕਰਾਅ ਦੇ ਕੀ ਇਹੀ ਤਿੰਨ ਕਾਰਨ ਹਨ ? ਅਗਾਂਹ ਵੀ ਗੁਰਮਤਿ ਦੇ ਪ੍ਰਚਾਰ ਦੌਰਾਨ ਕੁਝ ਹੋਰ ਬੋਲਿਆ ਜਾਏਗਾ, ਜੋ ਅਗਲੇ ਟਕਰਾਅ ਦਾ ਕਾਰਨ ਬਣੇਗਾ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਦਰਅਸਲ, ਸਿੱਖ ਕੌਮ ਪਾਸ ਗੁਰੂ ਸਿਧਾਂਤ ਦੀ ਸੰਭਾਲ਼ ਤਾਂ ਗੁਰੂ ਜੀ ਸਰੀਰਕ ਜਾਮੇ ਵਿੱਚ ਹੀ ਕਰ ਗਏ ਸਨ ਤੇ ਇਤਿਹਾਸ, ਜੋ ਕਿਸੇ ਕੌਮ ਦਾ ਸਰਮਾਇਆ ਹੁੰਦਾ ਹੈ, ਅਸੀਂ ਸੰਭਾਲ਼ਨਾ ਸੀ, ਪਰ ਜੰਗਾਂ-ਯੁੱਧਾਂ ਤੇ ਯੋਗ ਲਿਖਾਰੀਆਂ ਦੀ ਕਮੀ ਕਾਰਨ ਨਹੀਂ ਸੰਭਾਲ਼ ਸਕੇ ਜਾਂ ਕਹਿ ਦੇਈਏ ਕਿ ਗੁਰਮਤਿ ਵਿਰੋਧੀ ਤਾਕਤਾਂ ਸਾਡੇ ਸੁਨਹਿਰੇ ਇਤਿਹਾਸ ਨੂੰ ਧੁੰਦਲਾ ਕਰਨ ’ਚ ਸਫਲ ਹੋ ਗਈਆਂ। ਅੱਜ ਥੋੜ੍ਹੀ ਬਹੁਤੀ ਸ਼ਰਧਾ ਰੱਖਣ ਵਾਲ਼ਾ ਸਿੱਖ ਵੀ, ਜਿਸ ਨੂੰ ਅਸਲੀਅਤ ਬਾਰੇ ਪੂਰਨ ਜਾਣਕਾਰੀ ਨਹੀਂ ਹੁੰਦੀ, ਕੇਵਲ ਸ਼ਰਧਾ ਵੱਸ ਗ਼ਲਤ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਆਪਣੀ ਸ਼ਕਤੀ ਨੂੰ ਪੰਥ ਵਿਰੋਧੀ ਭੁਗਤਾ ਕੇ ਖ਼ੁਸ਼ ਹੋ ਜਾਂਦਾ ਹੈ। ਆਧੁਨਿਕ ਯੁੱਗ ਵਿੱਚ ਗੁਰਮਤਿ ਪ੍ਰਚਾਰ ਲਈ ਠੋਸ ਤੇ ਦੀਰਘਕਾਲੀ ਰਣਨੀਤੀ ਚਾਹੀਏ, ਜੋ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਅਜੋਕੇ ਸਿੱਖ ਲੀਡਰਾਂ ਨੇ ਬਣਨ ਨਹੀਂ ਦਿੱਤੀ ਤੇ ਪੰਥਕ ਸ਼ਕਤੀ ਆਪ ਮੁਹਾਰੀ ਹੋ ਕੇ ਖਿਲਰ ਰਹੀ ਹੈ, ਜਿਸ ਦਾ ਲਾਭ ਗੁਰਮਤਿ ਵਿਰੋਧੀ ਤਾਕਤਾਂ ਲੈ ਰਹੀਆਂ ਹਨ।
ਮੇਰੀ ਸਮਝ ਮੁਤਾਬਕ ਉਕਤ ਟਕਰਾਅ ‘ਮਿਸ਼ਨਰੀ ਬਨਾਮ ਟਕਸਾਲੀ’ (ਜਾਂ ਨਵੀਂ ਤੇ ਪੁਰਾਣੀ) ਸੋਚ ਨਹੀਂ ਬਲਕਿ ‘ਸਿੱਖ ਬਨਾਮ ਸਾਧ ਸੋਚ’ ਹੈ। ‘ਸਾਧ ਸੋਚ’ ਉਹੀ ਸੋਚ ਹੈ, ਜੋ ਨਿਰਮਲਿਆਂ ਦੇ ਰੂਪ ’ਚ ਲੰਮੇ ਸਮੇਂ ਤੱਕ ਗੁਰੂ ਘਰਾਂ ਉੱਤੇ ਕਾਬਜ਼ ਰਹੀ। ਇਸੇ ਸਮੇਂ ਭੱਖ-ਅਭੱਖ ਇਤਿਹਾਸ ਕਬੂਲ ਕੀਤਾ ਗਿਆ। ਹਿੰਦੂ ਪੰਡਿਤਾਂ ਨਾਲ਼ ਨੇੜਤਾ ਇਨ੍ਹਾਂ ਦੁਆਰਾ ਸੁਣਾਈਆਂ ਜਾਂਦੀਆਂ ਸਾਖੀਆਂ ਕਿ ਗੁਰੂ ਜੀ ਨੇ ਪੰਜ ਨਿਰਮਲੇ ਸਿੱਖਾਂ ਨੂੰ ਵਾਰਾਨਸੀ ਸੰਸਿਤ ਪੜ੍ਹਨ ਲਈ ਭੇਜਿਆ, ਤੋਂ ਸ਼ੁਰੂ ਹੁੰਦੀ ਹੈ। ਪੰਡਿਤਾਂ (ਆਰ. ਐੱਸ. ਐੱਸ.) ਨਾਲ਼ ਇਨ੍ਹਾਂ ਦਾ ਟਕਰਾਅ ਰਾਜਨੀਤਿਕ ਹੈ, ਸਿਧਾਂਤਕ ਨਹੀਂ; ਵਰਨਾ ਇਨ੍ਹਾਂ ਦੀਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਨੂੰ ਦੇਵ ਅਵਤਾਰ ਨਾ ਲਿਖਿਆ ਹੁੰਦਾ ਅਤੇ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਨਾ ਕੀਤਾ ਜਾਂਦਾ। ਰਾਜਨੀਤਿਕ ਸੋਚ ਆਰਜ਼ੀ (ਥੋੜ੍ਹੇ ਸਮੇਂ ਨੂੰ ਮੁੱਖ ਰੱਖ ਕੇ ਬਣਾਈ) ਹੁੰਦੀ ਹੈ ਜਦ ਕਿ ਸਿਧਾਂਤਕ ਪੱਖ ਦੀਰਘਕਾਲੀ ਕਾਇਮ ਰਹਿੰਦਾ ਹੈ; ਜਿੱਥੇ ਇਹ ਸਾਧ ਪੰਡਿਤਾਂ ਦੇ ਵਧੇਰੇ ਨਜ਼ਦੀਕ ਹਨ। ਇਸ ਵਿਚਾਰ ਨਾਲ਼ ਇਨ੍ਹਾਂ ਸਾਧਾਂ ਨੂੰ ਬੁਰਾ ਵੀ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਬ੍ਰਾਹਮਣਾਂ ਤੋਂ ਪ੍ਰਭਾਵਤ ਹੋ ਕੇ ਇਨ੍ਹਾਂ ਖ਼ੁਦ ਹੀ ਅਜਿਹਾ ਸਿੱਖ ਇਤਿਹਾਸ ਲਿਖਿਆ ਹੈ।
ਇੰਦਰਾ ਗਾਂਧੀ ਨੇ ਇਸ ਕਮਜ਼ੋਰੀ ਦਾ ਲਾਭ ਉੱਠਾਇਆ, ਜਦ ਬਾਬਾ ਜਰਨੈਲ ਸਿੰਘ ਨੂੰ ਆਪਣੇ ਨਾਲ਼ ਮਿਲਾ ਕੇ ਸਿੱਖ ਸੋਚ ਵਿਰੁਧ ਖੜ੍ਹਾ ਕੀਤਾ। ਬਾਬਾ ਜੀ ਦੀ ਸ਼ਹੀਦੀ, ਸਾਧ ਸੋਚ ਨੂੰ ਨਵੀਂ ਊਰਜਾ ਦੇ ਗਈ। ਜੂਨ 1984 ਸਾਕੇ ਨਾਲ਼ ਸੰਬੰਧਿਤ ਲਿਖਤਾਂ ’ਚ ਇਹ ਸੰਕੇਤ ਮਿਲਦੇ ਹਨ ਕਿ ਬਾਬਾ ਜਰਨੈਲ ਸਿੰਘ ਜੀ ਦਾ ਮਕਸਦ ਕੌਮ ’ਚ ਵੰਡ ਪਾਊ ਸੋਚ ਤੋਂ ਉਪਰ ਉੱਠ ਕੇ ਕੇਵਲ ਪੰਥਕ ਏਕਤਾ ਰਹਿ ਗਿਆ ਸੀ, ਜਿਸ ਕਾਰਨ ਉਨ੍ਹਾਂ ਆਪਣੀ ਟਕਸਾਲ ਦੀ ਮਰਿਆਦਾ ਨੂੰ ਦਰਕਿਨਾਰ ਕਰਦਿਆਂ ਅਕਾਲ ਤਖ਼ਤ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦੀ ਹਮਾਇਤ ਕਰ ਦਿੱਤੀ ਸੀ ਭਾਵ ਬਾਬਾ ਜਰਨੈਲ ਸਿੰਘ ਜੀ ਪੈਦਾ ਸਾਧ ਹੋਏ ਸਨ ਪਰ ਸ਼ਹੀਦੀ ਸਿੱਖ ਬਣ ਕੇ ਦਿੱਤੀ। ਫਿਰ ਵੀ ਉਨ੍ਹਾਂ ਦੀ ਸ਼ਹੀਦੀ ਨੂੰ ਇਸ ਸਾਧ ਸੋਚ ਨੇ ਸਿੱਖ ਕੌਮ ਲਈ ਨਹੀਂ ਬਲਕਿ ਆਪਣੇ ਹੱਕ ਵਿੱਚ ਭੁਗਤਾਇਆ ਹੈ। ਅਗਰ ਬਾਬਾ ਜਰਨੈਲ ਸਿੰਘ ਜੀ, ਆਪਣੇ ਵਿਚਾਰ ਬਦਲ ਕੇ ਵੀ ਇਨ੍ਹਾਂ ਲਈ ਸਤਿਕਾਰਮਈ ਬਣੇ ਹੋਏ ਹਨ ਤਾਂ ਭਾਈ ਰਣਜੀਤ ਸਿੰਘ ਦੇ ਵਿਚਾਰ ਬਦਲਣ ਨਾਲ਼ ਘਬਰਾਹਟ (ਪਰੇਸ਼ਾਨੀ) ਕਿਉਂ ? ਅਗਰ ਕੱਲ ਕਿਸੀ ਕਾਰਨ ਭਾਈ ਰਣਜੀਤ ਸਿਘ ਜੀ ਨੂੰ ਕੁਝ ਹੋ ਜਾਏ ਤਾਂ ਉਹ ਦਿਨ ਦੂਰ ਨਹੀਂ ਹੋਏਗਾ ਜਦ ਇਨ੍ਹਾਂ ਦੀ ਸ਼ਹੀਦੀ ਵਿੱਚੋਂ ਵੀ ਊਰਜਾ ਲਈ ਜਾਏਗੀ। ਇਹ ਨੀਤੀ ਆਰ. ਐੱਸ. ਐੱਸ. ਦੀ ਹੈ ਜਿਨ੍ਹਾਂ ਮਹਾਤਮਾ ਗਾਂਧੀ ਨੂੰ ਮਰਵਾ ਕੇ ਵੀ ਉਸ ਨੂੰ ਆਪਣਾ ਆਦਰਸ਼ ਮੰਨ ਲਿਆ। ਇੱਥੋਂ ਤੱਕ ਕਿ ਗੀਤਾ ਦੇ 18 ਅਧਿਆਇ ਉਪਰੰਤ 19ਵਾਂ ਅਧਿਆਇ ਮਹਾਤਮਾ ਗਾਂਧੀ ਬਾਬਤ ਲਿਖਿਆ ਵੀ ਮਿਲਦਾ ਹੈ।
ਸਿੱਖ ਕੌਮ ਨੇ ਇਸ ਸਾਧ ਅਤੇ ਪੰਡਿਤ ਸੋਚ ਦੀ ਰਾਜਨੀਤਿਕ (ਵਕਤੀ) ਲੜਾਈ ਰਾਹੀਂ ਆਪਣਾ ਬਹੁਤ ਭਾਰੀ ਨੁਕਸਾਨ ਕਰਵਾ ਲਿਆ ਹੈ, ਪਰ ਇਨ੍ਹਾਂ ਦੀ ਸਿਧਾਂਤਕ (ਦੀਰਘਕਾਲੀ) ਏਕਤਾ ਨੇ ਅਕਾਲੀ ਲੀਡਰਾਂ ਨੂੰ ਵੀ ਆਪਣੇ ਸਾਥ ਮਿਲਾ ਲਿਆ। ਹੁਣ ਇਨ੍ਹਾਂ ਵਿਰੁਧ ਲੜੀ ਜਾ ਰਹੀ ਲੜਾਈ ਕੇਵਲ ਭਾਈ ਰਣਜੀਤ ਸਿੰਘ ਜੀ ਦੀ ਨਹੀਂ ਰਹੀ ਤੇ ਨਾ ਹੀ ਉਹ ਇਕੱਲੇ ਇਸ ਵਿੱਚ ਜਿੱਤ ਸਕਦੇ ਹਨ। ਅਗਰ ਸਿੱਖ ਕੌਮ ਆਪਸੀ ਮਤਭੇਦ ਭੁਲਾ ਕੇ ਪੰਥਕ ਏਕਤਾ ਦੇ ਨਾਂ ਤੇ ਕਦਮ ਪੁੱਟੇ ਤਾਂ ਕੁਝ ਸਫਲਤਾ ਮਿਲਣ ਦੀ ਉਮੀਦ ਹੈ। ਇਨ੍ਹਾਂ ਕਦਮਾਂ ਬਾਬਤ ਮੇਰੀ ਰਾਇ ਹੈ:
(1). ਹਰ ਉਹ ਮਸਲਾ, ਜਿਸ ਨੂੰ ਆਧਾਰ ਬਣਾ ਕੇ ਇਹ ਲੋਕ ਸਿੱਖ ਸੰਗਤ ਵਿੱਚ ਆਪਣਾ ਪ੍ਰਭਾਵ ਕਾਇਮ ਕਰਨ ਵਿੱਚ ਸਫਲ ਹੋ ਜਾਂਦੇ ਹਨ, ਨੂੰ ਕੁਝ ਸਮੇਂ ਲਈ ਭੁਲਾਉਣਾ ਪਏਗਾ; ਜਿਵੇਂ ਕਿ ਸਿੱਖ ਰਹਿਤ ਮਰਿਆਦਾ ਦਾ ਵਿਰੋਧ ਕਿਉਂਕਿ ਇਹੀ ਇੱਕ ਕੜੀ ਹੈ, ਜੋ ਸਾਨੂੰ ਇਕੱਠਾ ਕਰ ਸਕਦੀ ਹੈ। ਗੁਰੂ ਸਿਧਾਂਤ ਅਤੇ ਜ਼ਮੀਨੀ ਹਾਲਾਤਾਂ ਦਰਮਿਆਨ ਕੋਈ ਮਰਿਆਦਾ ਨਿਰਧਾਰਿਤ ਕਰਨਾ ਹੀ ਢੁੱਕਵਾਂ ਸ਼ਸਤਰ ਮੰਨਿਆ ਜਾ ਸਕਦਾ ਹੈ, ਜਿਸ ਵਿੱਚ ਜ਼ਮੀਨੀ ਹਾਲਾਤਾਂ ਦੇ ਤੇਜ਼ੀ ਨਾਲ਼ ਹੋ ਰਹੇ ਬਦਲ ਮੁਤਾਬਕ ਜ਼ਰੂਰੀ ਤਬਦੀਲੀ ਲਈ ਹੋਣ ਵਾਲ਼ੀ ਦੇਰੀ ਵੀ ਨੁਕਸਾਨ ਦਾਇਕ ਰਹੇਗੀ। ਸਿੱਖ ਰਹਿਤ ਮਰਿਆਦਾ ’ਚ ਆਖ਼ਰੀ ਬੰਦ ‘ਗੁਰਮਤਾ ਕਰਨ ਦੀ ਵਿਧੀ’ ਦਰਜ ਹੈ, ਜੋ ਨਵੇਂ ਰਸਤੇ ਭਾਵ ਮਰਿਆਦਾ ’ਚ ਸੁਧਾਰ ਦਾ ਰਾਹ ਖੋਲ੍ਹਦੀ ਹੈ। ਦੁਰਭਾਗ ਕਹੀਏ ਕਿ ਜੋ ਸਾਧ ਸੋਚ ਇਸ ਮਰਿਆਦਾ ਨੂੰ ਹੀ ਨਹੀਂ ਮੰਨਦੀ ਉਹੀ ਇਸ ਦੇ ਹਵਾਲੇ ਰਾਹੀਂ ਸਿੱਖ ਸੰਗਤਾਂ ਨੂੰ ਗੁਮਰਾਹ ਕਰਕੇ ਸਾਨੂੰ ਮਰਿਆਦਾ ਵਿਰੋਧੀ ਗਰਦਾਨਦੀ ਆ ਰਹੀ ਹੈ।
(2). ਗੁਰੂ ਘਰ ਦੀਆਂ ਸਟੇਜਾਂ ਰਾਹੀਂ ਗੁਰਬਾਣੀ ’ਚੋਂ ਕੋਈ ਇੱਕ ਵਿਸ਼ਾ ‘ਸਾਧ ਸੋਚ’ ਤੇ ‘ਸਿੱਖ ਸੋਚ’ ਨੂੰ ਚੁਣ ਕੇ ਦੇਣਾ ਚਾਹੀਦਾ ਹੈ ਤਾਂ ਜੋ ਸਹੀ ਤੇ ਗ਼ਲਤ ਯੋਗਤਾ (ਤੇ ਕਮਾਈ) ਦਾ ਸੰਗਤ ਨਿਰਣਾ ਕਰ ਸਕੇ। ਇਸ ਸੁਝਾ ਨੀਤੀ ’ਚ ਪ੍ਰਚਾਰਕਾਂ ਨੂੰ ਸਖ਼ਤ ਹਦਾਇਤ ਕੀਤੀ ਜਾਏ ਕਿ ਹਰ ਬੁਲਾਰਾ ਕੇਵਲ ਸੰਗਤ ਦੇ ਰੂ-ਬਰੂ ਰਹੇਗਾ, ਨਾ ਕਿ ਕਿਸੇ ਵਿਰੋਧੀ ਖ਼ਿਆਲ ਵਾਲ਼ੇ ਪ੍ਰਚਾਰਕ ਜਾਂ ਜਥੇਬੰਦੀ ਦੇ।
(3). ਸਾਧ ਤੇ ਸਿੱਖ ਸੋਚ ਨੂੰ ਵੱਧ ਤੋਂ ਵੱਧ ਗੁਰੂ ਸ਼ਬਦ ਵਿਚਾਰ ਦੇ ਨੇੜੇ ਰੱਖਣਾ ਚਾਹੀਦਾ ਹੈ, ਨਾ ਕਿ ਗੁਰੂ ਇਤਿਹਾਸ ਜਾਂ ਸਿੱਖ ਇਤਿਹਾਸ ਦੇ।
(2). ਬੇਲੋੜੇ ਤੇ ਅਰਥਹੀਣ ਵਿਵਾਦਾਂ ਨੂੰ ਜਨਮ ਨਹੀਂ ਦੇਣਾ ਚਾਹੀਦਾ, ਜਿਨ੍ਹਾਂ ਤੋਂ ਸਾਧ ਲਾਭ ਉਠਾਉਣ; ਜਿਵੇਂ ਅੰਮ੍ਰਿਤਪਾਨ, ਸਿਮਰਨ, ਆਦਿ ਵਿਸ਼ਿਆਂ ’ਤੇ ਟਿੱਪਣੀ ਕਰਨਾ।
ਅੰਮ੍ਰਿਤਪਾਨ, ਗੁਰੂ ਯੂਨੀਵਰਸਿਟੀ ’ਚ ਦਾਖ਼ਲਾ ਹੈ, ਗੁਰੂ ਪ੍ਰਤੀ ਸਮਰਪਿਤ ਭਾਵਨਾ ਹੈ। ਅਗਰ ਕੋਈ ਬੱਚਾ ਪੇਪਰਾਂ ’ਚ ਅਸਫਲ ਰਹਿ ਜਾਏ ਉਸ ਦੇ ਦਾਖ਼ਲੇ ਉੱਤੇ ਕਿੰਤੂ (ਇਤਰਾਜ਼) ਕਰਨ ਵਾਲ਼ੇ, ਵਾਰ-ਵਾਰ ਫ਼ੇਲ੍ਹ ਹੋ ਰਹੇ ਆਪਣੇ ਬੱਚਿਆਂ ਨੂੰ ਮੁੜ-ਮੁੜ ਸਕੂਲ ਵਿੱਚ ਦਾਖ਼ਲ ਕਿਉਂ ਕਰਵਾਉਂਦੇ ਹਨ ? ਗੁਰਮਤਿ ਦਾ ਅੰਮ੍ਰਿਤਪਾਨ; 30 ਸਾਲ ਦੀ ਉਮਰ ’ਚ ਈਸਾ ਮਸੀਹ ਦੁਆਰਾ ਯੂਹੰਨ (ਜੌਨ) ਪਾਸੋਂ ਬਪਤਿਸਮਾ (ਅੰਮ੍ਰਿਤ ਜਲ) ਗ੍ਰਹਿਣ ਕਰਨ ਵਾਙ ਨਹੀਂ, ਜਿੱਥੇ ਤੁਰੰਤ ਈਸਾ ਉੱਤੇ ਰੂਹ-ਉਲ-ਕੁਦਸ (ਭਾਵ ਰੱਬ ਦੀ ਆਤਮਾ) ਕਬੂਤਰ ਦੀ ਸ਼ਕਲ ’ਚ ਉੱਤਰ ਗਈ ਸੀ।
(3). ਸਿੱਖੀ ਸੋਚ ਵਾਲ਼ੇ ਪੱਖ ਵੱਲੋਂ ਆਪ ਸੰਜਮ ’ਚ ਰਹਿ ਕੇ ਸੋਸ਼ਲ ਮੀਡੀਆ ’ਤੇ ਸਾਧ ਪੱਖ ਦੁਆਰਾ ਵਰਤੀ ਜਾ ਰਹੀ ਅਸੱਭਿਅਕ ਭਾਸ਼ਾ ਨੂੰ ਵੱਧ ਤੋਂ ਵੱਧ ਉਜਾਗਰ ਕਰਨਾ ਚਾਹੀਦਾ ਹੈ ਤਾਂ ਜੋ ਨਕਲੀ ਸੰਤਗਿਰੀ ਜ਼ਾਹਰ ਹੋਵੇ। ਤਰਕ ਦਾ ਜਵਾਬ ਤਰਕ ਨਾਲ਼ ਦੇਣ ਦੀ ਬਜਾਇ ਤਰਕ ਉੱਤੇ ਸਵਾਲ ਕਰਨੇ ਚਾਹੀਦੇ ਹਨ
(4). ਸੰਤ ਲਿਬਾਸ ਪਹਿਨ ਕਰ ਗੁਰਮਤਿ ਦਾ ਪ੍ਰਚਾਰ ਕਰਨਾ ਲਾਭਕਾਰੀ ਹੋ ਸਕਦਾ ਹੈ।
(5). ਹਮਖ਼ਿਆਲੀ ਜਥੇਬੰਦੀਆਂ ਦੇ ਨੇੜੇ ਰਹਿ ਕੇ ਹਾਲਾਤਾਂ ਮੁਤਾਬਕ ਸਮੇਂ ਸਮੇਂ ਯੋਗ ਰਣਨੀਤੀ ਬਣਾਉਣੀ ਸਾਡੀ ਏਕਤਾ ਨੂੰ ਮਜ਼ਬੂਤ ਕਰੇਗੀ।
ਸਾਧ ਸੋਚ ਨੇ ਸਿੱਖ ਸੰਗਤ ਉੱਤੇ ਰਾਜਨੀਤਿਕ (ਆਰਜ਼ੀ) ਮੁੱਦਿਆਂ ਰਾਹੀਂ ਆਪਣਾ ਵਧੇਰੇ ਪ੍ਰਭਾਵ ਪਾਇਆ ਹੈ, ਜਿਸ ਵਿਚ ਨੌਜਵਾਨੀ ਨੂੰ ਜਜ਼ਬਾਤੀ ਕਰਨਾ, ਕਾਰਗਰ ਹਥਿਆਰ ਰਿਹਾ ਹੈ। ਕੇਵਲ ਜਜ਼ਬਾਤੀ ਹੋਇਆ ਬੰਦਾ ਕੌਮੀ ਸਿਧਾਂਤ ਦੇ ਲਾਭ-ਨੁਕਸਾਨ ਦਾ ਅਨੁਮਾਨ ਨਹੀਂ ਲਗਾ ਸਕਦਾ। ਇਹੀ ਤਰੁਟੀ ਭਾਈ ਗੁਰਦਾਸ ਜੀ ਦੇ ਸੰਕੇਤ ‘ਸਤਿਗੁਰ ਨਾਨਕ ਪ੍ਰਗਟਿਆ’ ਕ੍ਰਾਂਤੀਕਾਰੀ ਲਹਿਰ ਉਪਰੰਤ ਗੁਰਮਤਿ ਦੀ ਵਿਲੱਖਣਤਾ (‘ਮਿਟੀ ਧੁੰਧੁ’) ਨੂੰ ਮੁੜ ਅੰਧਕਾਰ (‘ਧੁੰਧੁ’, ਪ੍ਰਚਲਿਤ ਅਰਥਹੀਣ ਰਵਾਇਤਾਂ) ਵੱਲ ਲੈ ਜਾਣ ਦਾ ਕਾਰਨ ਬਣਦੀ ਜਾ ਰਹੀ ਹੈ।
ਗੁਰੂ ਸ਼ਬਦ ਵਿਚਾਰ ਨੂੰ ਆਧਾਰ ਬਣਾ ਕੇ ਕੀਤੀ ਜਾਂਦੀ ਵਿਚਾਰਾਂ ਦੀ ਸਾਂਝ ਦਾ ਹਰ ਕੋਈ ਗੁਰੂ ਪਿਆਰਾ ਸਤਿਕਾਰ ਕਰੇਗਾ। ਮੈਂ ਵੀ ਭਾਈ ਰਣਜੀਤ ਸਿੰਘ ਜੀ ਦਾ ਸਤਿਕਾਰ ਕਰਦਾ ਹਾਂ, ਜੋ ਬਾਬਾ ਜਰਨੈਲ ਸਿੰਘ ਜੀ ਵਾਙ ਸਮੇਂ ਰਹਿੰਦਿਆਂ ‘ਸਾਧ’ ਤੋਂ ‘ਸਿੱਖ’ਬਣ ਗਏ ਹਨ। ਬਾਬਾ ਜਰਨੈਲ ਸਿੰਘ ਅਗਰ ਅੱਜ ਜੀਵਤ ਹੁੰਦੇ ਤਾਂ ਸਾਧ ਸੋਚ; ਸਿੱਖ ਬਣ ਕੇ ਰਾਜਨੀਤਿਕ ਬੰਦਿਆਂ ਦੇ ਚਰਨੀਂ ਨਾ ਬੈਠਦੀ। ਸਾਡੇ ਰਾਜਨੀਤਿਕ ਬੰਦਿਆਂ ਨੇ ਇੰਦਰਾ ਗਾਂਧੀ ਵਾਙ ਇਨ੍ਹਾਂ ‘ਸਾਧਾਂ’ ਨੂੰ ਵਰਤ ਕੇ ਸੰਨ 2016 ’ਚ ਨਵਰਾਤ੍ਰਿਆਂ ਸਮੇਂ ਚੰਡੀ ਦੀ ਕਥਾ ਬੰਗਲਾ ਸਾਹਿਬ (ਦਿੱਲੀ) ਤੋਂ ਕਰਵਾ ਲਈ, ਤਾਂ ਜੋ ਜਾਗਰੂਕ ਸਿੱਖ ਇਸ ਦਾ ਵਿਰੋਧ ਕਰਨ, ਜਿਨ੍ਹਾਂ ਦੀ ਕੱਟੜਤਾ ਵਿਖਾ ਕੇ ਬਾਕੀ ਸਿੱਖ ਸੰਗਤ ਨੂੰ ਵਰਗਲਾਇਆ ਜਾ ਸਕੇ। ਫ਼ਰਵਰੀ 2017 ’ਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਚੁਣਾਵ ’ਚ ਇਹ ਹਥਿਆਰ ਕੰਮ ਆਇਆ ਕਿ ਦਸਮ ਗ੍ਰੰਥ ’ਚੋਂ ‘ਨਿਤਨੇਮ’ ਤੇ ਗੁਰਬਾਣੀ ’ਚੋਂ ‘ਭੱਟ ਬਾਣੀ’ ਨੂੰ ਖ਼ਤਰਾ ਹੈ, ਜਦ ਕਿ ‘ਚੰਡੀ ਦੀ ਵਾਰ’ ਨਾਲ਼ ਅਸਹਿਮਤੀ ਰੱਖਣ ਵਾਲੇ ਜਿਆਦਾਤਰ ਸਿੱਖ ਅਜਿਹਾ ਨਹੀਂ ਸੋਚਦੇ। ਸੰਗਤਾਂ ਉੱਤੇ ਇਸ ਕੂੜ ਪ੍ਰਚਾਰ ਦਾ ਪ੍ਰਭਾਵ ਪਿਆ।
ਮੋੜ (ਬਠਿੰਡਾ) ਵਿਖੇ ਚੁਣਾਵ ਦੌਰਾਨ ਹੋਇਆ ਬੰਬ ਧਮਾਕਾ ਵੀ ਇੱਕ ਰਾਜਨੀਤਿਕ ਸਟੰਟ ਸੀ, ਜਿਸ ਰਾਹੀਂ ਵਿਰੋਧੀ ਧਿਰ ਨੂੰ ਕੱਟੜ ਹਮਾਇਤੀ ਵਿਖਾ ਕੇ ਲਾਭ ਉਠਾਉਣਾ ਰਿਹਾ। ਸਿੱਖ ਨੂੰ ਫ਼ਿਰਕੂ ਪੇਸ਼ ਕਰਨ ’ਚ ਸਾਡੇ ਆਪਣਿਆਂ ਦਾ ਹੱਥ ਹੈ, ਜਿਨ੍ਹਾਂ ਦੇ ਮੋਹਰੇ ਬਣ ਜਾਂਦੇ ਹਨ: ‘ਸਾਧ’। ਇਹੀ ਕਾਰਨ ਹੈ ਕਿ ਹੁਣ ਇੰਨਾ ਵਾਦ-ਵਿਵਾਦ ਹੋਣ ਉਪਰੰਤ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਦੇ ਜਥੇਦਾਰ ਮੌਨ ਧਾਰੀ ਬੈਠੇ ਹਨ।
ਸਿੱਖ ਇਤਿਹਾਸ ਦੀ ਲਿਖਤ ’ਚ ਊਣਤਾਈਆਂ ਵੇਖੀਏ ਤਾਂ ਭਾਈ ਰਣਜੀਤ ਸਿੰਘ ਜੀ ਦੁਆਰਾ ਉਠਾਏ ਗਏ ਹੁਣ ਤੱਕ ਤਮਾਮ ਮੁੱਦੇ ਬਹੁਤ ਹੀ ਸੀਮਤ ਹਨ, ਫਿਰ ਵੀ ਇੰਨਾ ਹੰਗਾਮਾ ? ਮੈਂ ਭਾਈ ਰਣਜੀਤ ਸਿੰਘ ਜੀ ਨੂੰ ਵੀ ਸੁਝਾਅ ਦੇਣਾ ਉਚਿਤ ਸਮਝਦਾ ਹਾਂ:
 ਲੰਮੀ ਨੀਂਦਰ ਤੋਂ ਬਾਅਦ; ਸਮੇਂ ਤੋਂ ਪਹਿਲਾਂ ਤੇ ਜ਼ਰੂਰਤ ਤੋਂ ਵਧੀਕ ਬੋਲੇ ਗਏ ਸੱਚ ਨੂੰ ਹਜ਼ਮ ਨਾ ਕਰ ਸਕਣ ਦੀ ਸਥਿਤੀ ’ਚ ਸਚ ਨੂੰ ਕੂੜ ਸਾਬਤ ਕਰਨਾ ਆਸਾਨ ਹੋ ਜਾਂਦਾ ਹੈ ਕਿਉਂਕਿ ‘‘ਵਿਣੁ ਗਾਹਕ ਗੁਣ ਵੇਚੀਐ ਤਉ ਗੁਣੁ ਸਹਘੋ ਜਾਇ ॥’’ (ਮ: ੧/੧੦੮੬)
ਇੱਕ ਸਮਾਜ ਚਿੰਤਕ ਕਵੀ ਜਾਰਜ ਹਰਬਰਟ (1593-1633) ਨੇ ਕਿਹਾ ਸੀ ਕਿ ਤੂਫ਼ਾਨ ਨਾਲ਼ ਦਰਖ਼ਤ ਦੀਆਂ ਜੜ੍ਹਾਂ ਮਜਬੂਤ ਹੁੰਦੀਆਂ ਹਨ। ਹੁਣ ਵੇਖਣ ਹੈ ਕਿ ਕੀ ਸਿੱਖ; ਆਪਣੀਆਂ ਜੜ੍ਹਾਂ ਪੁਖ਼ਤਾ ਕਰ (ਸ਼ਬਦ ਵਿਚਾਰ ਨੂੰ ਹਿਰਦੇ ਦ੍ਰਿੜ੍ਹ ਕਰ) ਇਤਿਹਾਸ ਦੀ ਕਾਲਪਨਿਕ ਟੇਕ ਲੈਣ ਵਾਲ਼ੀ ਸਾਧ ਸੋਚ ਨੂੰ ਖਦੇੜ ਸਕਦੇ ਹਨ ?

 


 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.