ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) (ਭਾਗ ਚੋਥਾ ) ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥ (1352)
(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) (ਭਾਗ ਚੋਥਾ ) ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥ (1352)
Page Visitors: 3040

            (ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?)
                                         (ਭਾਗ ਚੋਥਾ )     
           ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥  (1352)
 (ੳ)   ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥
         ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥
         ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥1॥ਰਹਾਉ॥
         ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
         ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥1॥
         ਨਾਨਕੁ ਜਨੁ ਕਹਤ ਬਾਤ ਬਿਨਸਿ ਜੈਹੈ ਤੇਰੋ ਗਾਤੁ ॥
         ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ
॥2॥1॥        (1352)
     ਵਿਆਖਿਆ;-
         ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥
         ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥
         ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥1॥ਰਹਾਉ॥
     ਹੇ ਭਾਈ , ਰਾਮ ਦਾ ਨਾਮ ਸਿਮਰਿਆ ਕਰ , ਹਰੀ ਦਾ ਨਾਮ ਸਿਮਰਿਆ ਕਰ । (ਗੁਰਬਾਣੀ ਢੋਲਕੀਆਂ-ਚਿਮਟਿਆਂ ਨਾਲ ਜਾਂ ਵਾਜੇ-ਤਬਲੇ ਨਾਲ ਵਾਹਿਗੁਰੂ ਦਾ ਨਾਮ ਸਿਮਰਨ ਦੀ ਗੱਲ ਨਹੀਂ ਕਰਦੀ , ਬਲਕਿ ਸਿੱਧੇ ਲਫਜ਼ਾਂ ਵਿਚ , ਕਰਤਾਰ ਦੀ ਰਜ਼ਾ ‘ਚ ਚੱਲਣ ਨੂੰ ਹੀ ਉਸ ਦਾ ਨਾਮ ਸਿਮਰਨਾ ਸਮਝਾਉਂਦੀ ਹੈ) ਇਹ ਸਿਮਰਨ ਹੀ ਤੇਰੇ ਕੰਮ ਆਵੇਗਾ ।
ਤੂੰ ਮਾਇਆ ਦਾ ਮੋਹ ਤਿਆਗ ਦੇਹ ਅਤੇ ਪਰਮਾਤਮਾ ਦੀ ਸਰਨ ਲਈ ਰੱਖ । ਇਨ੍ਹਾਂ ਦੁਨਿਆਵੀ ਸੁਖਾਂ ਨੂੰ ਨਾਸ਼ਵੰਤ ਸਮਝ , ਇਹ ਸਾਰਾ ਜਗਤ ਪਸਾਰਾ ਮਾਇਆ ਦੇ ਅਧੀਨ ਹੈ , ਇਹ ਇਕ ਦਿਨ ਤੇਰਾ ਸਾਥ ਛੱਡ ਜਾਣ-ਵਾਲਾ ਹੈ ।
         ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
         ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥1॥
     ਹੇ ਭਾਈ , ਤੂੰ ਕਾਹਦੇ ਉੱਤੇ ਮਾਣ ਕਰਦਾ ਹੈਂ ? ਸਾਰੀ ਦੁਨੀਆ ਦਾ ਰਾਜ ਵੀ , ਰੇਤ ਦੀ ਕੰਧ ਵਰਗਾ ਹੈ , ਪਤਾ ਨਹੀਂ ਕਦ ਖਿੱਲਰ ਜਾਣਾ ਹੈ । ਇਸ ਧਨ ਨੂੰ ਵੀ ਸੁਪਨੇ ਵਿਚ ਮਿਲੇ ਪਦਾਰਥ ਵਾਙ ਸਮਝ , ਜਿਸ ਨੇ ਅਸਲੀਅਤ ਸਾਮ੍ਹਣੇ ਆਉਂਦਿਆਂ ਹੀ ਤੇਰਾ ਸਾਥ ਛੱਡ ਜਾਣਾ ਹੈ ।
         ਨਾਨਕੁ ਜਨੁ ਕਹਤ ਬਾਤ ਬਿਨਸਿ ਜੈਹੈ ਤੇਰੋ ਗਾਤੁ ॥
         ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥2॥1॥        (1352)
     ਹੇ ਭਾਈ , ਨਿਮਾਣਾ ਨਾਨਕ ਤੈਨੂੰ ਇਹ ਗੱਲ ਸਮਝਾਉਂਦਾ ਹੈ ਕਿ ਤੇਰਾ ਇਹ ਸਰੀਰ ਵੀ ਤੇਰਾ ਸਾਥ ਛੱਡ ਜਾਵੇਗਾ , ਇਕ ਦਿਨ ਨਾਸ ਹੋ ਜਾਵੇਗਾ । ਜਿਵੇਂ ਤੇਰੀ ਜ਼ਿੰਦਗੀ ਦੇ ਪਿਛਲੇ ਦਿਨ , ਇਕ ਇਕ ਪਲ ਕਰ ਕੇ ਬੀਤ ਗਏ ਹਨ , ਤੇਰੀ ਮੌਜੂਦਾ ਜ਼ਿੰਦਗੀ ਵੀ ਇਵੇਂ ਹੀ ਬੀਤਦੀ ਜਾ ਰਹੀ ਹੈ । ਇਸ ਬਾਕੀ ਸਮੇ ਵਿਚ ਤੂੰ ਵਾਹਿਗੁਰੂ ਦਾ ਸਿਮਰਨ ਕਰ ਲੈ ।
                  …………………………………………………..
           ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥   (1159)
        (ਅ)   ਗੁਰ ਸੇਵਾ ਤੇ ਭਗਤਿ ਕਮਾਈ ॥
                 ਤਬ ਇਹ ਮਾਨਸ ਦੇਹੀ ਪਾਈ ॥
               ਇਸ ਦੇਹੀ ਕਉ ਸਿਮਰਹਿ ਦੇਵ ॥
                 ਸੋ ਦੇਹੀ ਭਜੁ ਹਰਿ ਕੀ ਸੇਵ ॥1॥
                 ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥
                 ਮਾਨਸ ਜਨਮ ਕਾ ਏਹੀ ਲਾਹੁ ॥1॥ਰਹਾਉ॥
                 ਜਬ ਲਗੁ ਜਰਾ ਰੋਗੁ ਨਹੀ ਆਇਆ ॥
                 ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
                 ਜਬ ਲਗੁ ਬਿਕਲ ਭਈ ਨਹੀ ਬਾਨੀ ॥
                 ਭਜਿ ਲੇਹਿ ਰੇ ਮਨ ਸਾਰਿਗਪਾਨੀ ॥2॥
                 ਅਬ ਨ ਭਜਸਿ ਭਜਸਿ ਕਬ ਭਾਈ ॥
                 ਆਵੈ ਅੰਤੁ ਨ ਭਜਆ ਜਾਈ ॥
                 ਜੋ ਕਿਛੁ ਕਰਹਿ ਸੋਈ ਅਬ ਸਾਰੁ ॥
                 ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥3॥
                 ਸੋ ਸੇਵਕੁ ਜੋ ਲਾਇਆ ਸੇਵ ॥
                 ਤਿਨ ਹੀ ਪਾਏ ਨਿਰੰਜਨ ਦੇਵ ॥
                 ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ ॥
                 ਬਹੁਰਿ ਨ ਆਵੈ ਜੋਨੀ ਬਾਟ ॥4॥
                 ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥
                 ਘਟ ਭੀਤਰਿ ਤੂ ਦੇਖੁ ਬਿਚਾਰਿ ॥
                 ਕਹਤ ਕਬੀਰੁ ਜੀਤਿ ਕੈ ਹਾਰਿ ॥
                 ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ
॥5॥1॥9॥   (1159)
   ਵਿਆਖਿਆ;-
        ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥
        ਮਾਨਸ ਜਨਮ ਕਾ ਏਹੀ ਲਾਹੁ ॥1॥ਰਹਾਉ॥
    ਹੇ ਭਾਈ , ਗੋਬਿੰਦ ਨੂੰ , ਹਰੀ ਨੂੰ , ਵਾਹਿਗੁਰੂ ਨੂੰ ਸਿਮਰੋ , ਇਹ ਗੱਲ ਭੁੱਲ ਨਹੀਂ ਜਾਣੀ ਕਿ ਇਹ ਸਿਮਰਨ ਹੀ , ਮਨੁੱਖਾ ਜਨਮ ਦਾ ਲਾਹਾ ਹੈ , ਅਸਲੀ ਖੱਟੀ ਹੈ , ਅਸਲੀ ਕਮਾਈ ਹੈ ।
        ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥
        ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥1॥
    ਗੁਰ (ਸ਼ਬਦ) ਦੀ ਸੇਵਾ (ਗੁਰ ਦੀ ਸੇਵਾ , ਉਸ ਦੇ ਸ਼ਬਦ ਦੀ ਵਿਚਾਰ ਕਰਨਾ ਹੀ ਹੈ । ਗੁਰ ਕੀ ਸੇਵਾ ਸਬਦੁ ਬੀਚਾਰੁ ॥  (223) ) ਅਤੇ ਉਸ ਵਲੋਂ ਮਿਲੇ ਗਿਆਨ ਦੀ ਰੌਸ਼ਨੀ ਵਿਚ , ਜੇ ਤੂੰ ਪ੍ਰਭੂ ਦੀ ਭਗਤੀ ਦੀ ਕਮਾਈ ਕਰੇਂ , ਤਾਂ ਹੀ ਸਮਝ ਕਿ ਤੈਨੂੰ ਮਨੁੱਖਾ ਦੇਹੀ ਮਿਲੀ ਹੈ , ਤੂੰ ਮਨੁੱਖਾ ਦੇਹੀ ਦਾ ਸਦ-ਉਪਯੋਗ ਕਰ ਰਿਹਾ ਹੈਂ । ਇਸ ਦੇਹੀ ਨੂੰ ਤਾਂ ਦੇਵਤੇ ਵੀ ਲੋਚਦੇ ਹਨ । ਤੈਨੂੰ ਇਹ ਸਰੀਰ ਮਿਲਿਆ ਹੈ ਤਾਂ , ਤੂੰ ਉਸ ਸਰੀਰ ਨਾਲ ਹਰੀ ਦਾ ਭਜਨ ਕਰ , ਉਸ ਦੀ ਸੇਵਾ ਕਰ ।
        ਜਬ ਲਗੁ ਜਰਾ ਰੋਗੁ ਨਹੀ ਆਇਆ ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
        ਜਬ ਲਗੁ ਬਿਕਲ ਭਈ ਨਹੀ ਬਾਨੀ ॥ ਭਜਿ ਲੇਹਿ ਰੇ ਮਨ ਸਾਰਿਗਪਾਨੀ ॥2॥
    ਇਸ ਤੋਂ ਪਹਿਲਾਂ ਕਿ , ਬੁਢੇਪੇ ਦੀ ਬਿਮਾਰੀ ਤੈਨੂੰ ਆ ਘੇਰੇ , ਇਸ ਤੋਂ ਪਹਿਲਾਂ ਕਿ ਤੇਰੀ ਜ਼ਬਾਨ ਥਿੜਕਣ ਲੱਗ ਜਾਵੇ , ਇਸ ਤੋਂ ਪਹਿਲਾਂ ਕਿ ਸਮਾ ਤੇਰੇ ਸਰੀਰ ਦਾ ਨਿਵਾਲਾ ਬਣਾ ਲਵੇ , ਹੇ ਮਨ ਤੂੰ ਰੱਬ ਦੀ ਭਗਤੀ ਕਰ ਲੈ ।
        ਅਬ ਨ ਭਜਸਿ ਭਜਸਿ ਕਬ ਭਾਈ ॥ ਆਵੈ ਅੰਤੁ ਨ ਭਜਆ ਜਾਈ ॥
        ਜੋ ਕਿਛੁ ਕਰਹਿ ਸੋਈ ਅਬ ਸਾਰੁ ॥ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥3॥
    ਹੇ ਭਾਈ , ਜੇ ਇਸ ਵੇਲੇ ਵੀ ਤੂੰ ਉਸ ਦਾ ਸਿਮਰਨ ਨਹੀਂ ਕਰੇਂਗਾ , ਤਾਂ ਫਿਰ ਕਦੋਂ ਕਰੇਂਗਾ ? ਜਦ ਤੇਰਾ ਅੰਤ ਸਮਾ ਆ ਗਿਆ , ਫਿਰ ਤਾਂ ਤੇਰੇ ਕੋਲੋਂ ਸਿਮਰਨ ਨਹੀਂ ਹੋਣਾ । ਤੂੰ ਆਪਣੇ ਮਨੁੱਖਾ ਜਨਮ ਨੂੰ ਸਵਾਰਨ ਲਈ ਜੋ ਕੁਝ ਵੀ ਕਰਨਾ ਚਾਹੁੰਦਾ ਹੈਂ , ਉਹ ਹੁਣੇ , ਏਸੇ ਉਮਰ (ਜਵਾਨੀ) ਵਿਚ ਹੀ ਕਰ ਲੈ । ਇਹ ਸਮਾ ਬੀਤ ਜਾਣ ਮਗਰੋਂ , ਤੇਰੇ ਪੱਲੇ ਪਛਤਾਵੇ ਤੋਂ ਛੁੱਟ ਕੁਝ ਨਹੀਂ ਰਹਿ ਜਾਣਾ , ਅਤੇ ਤੂੰ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਨਹੀਂ ਹੋ ਸਕਣਾ ।
        ਸੋ ਸੇਵਕੁ ਜੋ ਲਾਇਆ ਸੇਵ ॥ ਤਿਨ ਹੀ ਪਾਏ ਨਿਰੰਜਨ ਦੇਵ ॥
        ਗੁਰ ਮਿਲਿ ਤਾ ਕੱੇ ਖੁਲ੍ਹੇ ਕਪਾਟ ॥ ਬਹੁਰਿ ਨ ਆਵੈ ਜੋਨੀ ਬਾਟ ॥4॥
    ਜਿਸ ਨੂੰ ਪ੍ਰਭੂ ਆਪ ਹੀ ਆਪਣੀ ਸੇਵਾ ਨਾਲ , ਆਪਣੀ ਰਜ਼ਾ ਵਿਚ ਚੱਲਣ ਨਾਲ ਜੋੜਦਾ ਹੈ , ਉਹੀ ਉਸ ਦਾ ਸੇਵਕ ਬਣਦਾ ਹੈ , ਉਸ ਦੇ ਹੁਕਮ ਵਿਚ ਚਲਦਾ ਹੈ , ਉਸ ਨੂੰ ਹੀ ਕਰਤਾਰ ਮਿਲਦਾ ਹੈ । ਗੁਰ ਨੂੰ ਮਿਲ ਕੇ , ਸ਼ਬਦ ਦੀ ਵਿਚਾਰ ਆਸਰੇ , ਉਸ ਦੇ ਮਨ ਦੇ ਕਪਾਟ ਖੁਲ੍ਹ ਜਾਂਦੇ ਹਨ , ਅਤੇ ਉਹ ਬੰਦਾ , ਮੁੜ ਕੇ ਜਨਮ-ਮਰਨ ਦੇ ਗੇੜ ਵਿਚ ਨਹੀਂ ਆਉਂਦਾ ।     
        ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
        ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥5॥1॥9॥   (1159)
   ਕਬੀਰ ਆਖਦਾ ਹੈ , ਹੇ ਭਾਈ ਮੈਂ ਤੈਨੂੰ ਬਹੁਤ ਤਰੀਕਿਆਂ ਨਾਲ ਪੁਕਾਰ-ਪੁਕਾਰ ਕੇ ਦੱਸ ਰਿਹਾ ਹਾਂ , ਤੂੰ ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ , ਇਹ ਮਨੁੱਖਾ ਜਨਮ ਹੀ ਤੇਰੇ ਲਈ , ਕਰਤਾਰ ਨੂੰ ਮਿਲਣ ਦਾ ਮੌਕਾ ਹੈ , ਇਹੀ ਤੇਰੀ ਵਾਰੀ ਹੈ । ਇਹ ਹੁਣ ਤੇਰੀ ਮਰਜ਼ੀ ਹੈ ਕਿ ਤੂੰ ਮਨੁੱਖਾ ਜ਼ਿੰਦਗੀ ਦੀ ਇਸ ਬਾਜ਼ੀ ਨੂੰ ਜਿੱਤ ਕੇ ਜਾਣਾ ਹੈ ਜਾਂ ਹਾਰ ਕੇ ਜਾਣਾ ਹੈ ?
                                                 ਅਮਰ ਜੀਤ ਸਿੰਘ ਚੰਦੀ
                                                       13-9-2014

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.