ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) (ਭਾਗ ਪੰਜਵਾਂ) ਸਾਧੋ ਕਉਨ ਜੁਗਤਿ ਅਬ ਕੀਜੈ ॥ (902)
(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) (ਭਾਗ ਪੰਜਵਾਂ) ਸਾਧੋ ਕਉਨ ਜੁਗਤਿ ਅਬ ਕੀਜੈ ॥ (902)
Page Visitors: 3120

              (ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) 

                                    (ਭਾਗ ਪੰਜਵਾਂ)      

                      ਸਾਧੋ ਕਉਨ ਜੁਗਤਿ ਅਬ ਕੀਜੈ ॥ (902)

  (ੳ)   ਸਾਧੋ ਕਉਨ ਜੁਗਤਿ ਅਬ ਕੀਜੈ ॥ 

          ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥1॥ ਰਹਾਉ॥

          ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹਿ ਕਛੁ ਗਿਆਨਾ ॥

          ਕਉਨੁ ਨਾਮੁ ਜਗੁ ਜਾ ਕੈ ਸਿਮਰੈ ਪਾਵੈ ਪਦੁ ਨਿਰਬਾਨਾ ॥1॥

          ਭਏ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥

          ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥2॥

          ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿ ਧਾਰੈ ॥

          ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ ॥3॥2॥            (902)

      ਵਿਆਖਿਆ:- 

           ਸਾਧੋ ਕਉਨ ਜੁਗਤਿ ਅਬ ਕੀਜੈ ॥ 

          ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥1॥ ਰਹਾਉ॥ 

      ਹੇ ਸਾਧੋ , ਹੇ ਸਤ-ਸੰਗੀਉ ਹੁਣ (ਮਨੁੱਖਾ ਜੂਨ ਵਿਚ) ਕਿਹੜਾ ਢੰਗ ਵਰਤਿਆ ਜਾਵੇ ? ਜਿਸ ਨਾਲ ਮਨੁੱਖ ਵਿਚੋਂ ਸਾਰੀ ਖੋਟੀ ਮੱਤ ਬਿਨਸ ਜਾਵੇ , ਖਤਮ ਹੋ ਜਾਵੇ , ਅਤੇ ਮਨ ਪ੍ਰਭੂ ਦੀ ਭਗਤੀ ਵਿਚ ਲੀਨ ਹੋ ਜਾਵੇ । 

          ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹਿ ਕਛੁ ਗਿਆਨਾ ॥

          ਕਉਨੁ ਨਾਮੁ ਜਗੁ ਜਾ ਕੈ ਸਿਮਰੈ ਪਾਵੈ ਪਦੁ ਨਿਰਬਾਨਾ ॥1॥ 

      ਮਨ ਤਾਂ ਮਾਇਆ ਦੇ ਮੋਹ ਵਿਚ ਵਿਚ ਹੀ ਉਲਝਿਆ ਰਹਿੰਦਾ ਹੈ , ਮਨੁੱਖ ਜ਼ਰਾ ਵੀ ਸਿਆਣਪ ਨਾਲ ਇਹ ਨਹੀਂ ਵਿਚਾਰਦਾ ਕਿ , ਉਹ ਕਿਹੜਾ ਨਾਮ ਹੈ ? ਜਿਸ ਦਾ ਸਿਮਰਨ ਕੀਤਿਆਂ , ਇਹ ਸੰਸਾਰ ਵਾਸ਼ਨਾਵਾਂ ਤੋਂ ਮੁਕਤ , ਆਤਮਕ ਅਵਸਥਾ (ਜੀਵਨ-ਮੁਕਤੀ) ਹਾਸਲ ਕਰ ਲੈਂਦਾ ਹੈ ? 

          ਭਏ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥

          ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥2॥ 

      ਹੇ ਭਾਈ , ਸੰਤ-ਜਨ-ਸਤਸੰਗੀ ਜਦੋਂ ਕਿਸੇ ਸਤਸੰਗਤ ਵਿਚ ਆਉਣ ਵਾਲੇ ਤੇ ਦਿਆਲ ਹੁੰਦੇ ਹਨ , ਤਾਂ ਉਸ ਤੇ ਕ੍ਰਿਪਾ ਕਰ ਕੇ ਉਸ ਨੂੰ ਇਹ ਸਮਝਾਉਂਦੇ ਹਨ ਕਿ . ਜੋ ਬੰਦਾ ਪਰਮਾਤਮਾ ਦੀ ਸਿਫਤ ਸਾਲਾਹ ਨਾਲ ਜੁੜ ਗਿਆ , ਸਮਝੋ ਉਸ ਨੇ ਸਾਰੇ ਹੀ ਧਾਰਮਿਕ ਕੰਮ ਕਰ ਲਏ । 

          ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿ ਧਾਰੈ ॥

          ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ ॥3॥2॥            (902) 

      ਹੇ ਨਾਨਕ ਆਖ , ਹੇ ਭਾਈ , ਜੋ ਮਨੁੱਖ ਦਿਨ-ਰਾਤ ਵਿਚ , ਇਕ ਪਲ ਲਈ ਵੀ ਕਰਤਾਰ ਦੀ ਰਜ਼ਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ , ਉਹ ਬੰਦਾ ਆਪਣਾ ਮਨੁੱਖਾ ਜੀਵਨ ਸਫਲ ਕਰ ਲੈਂਦਾ ਹੈ ।

   (ਇਹ ਇਵੇਂ ਨਹੀਂ ਹੈ ਕਿ , ਬੰਦਾ ਇਕ ਪਲ ਲਈ ਤਾਂ ਆਪਣੇ ਮਨੋਂ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਹੋ ਜਾਂਦਾ ਹੈ , ਅਤੇ ਬਾਕੀ  24  ਘੰਟੇ ਵਿਸ਼ੇ-ਵਿਕਾਰਾਂ ਵਿਚ ਲੱਗਾ ਰਹਿੰਦਾ ਹੈ , ਤਾਂ ਉਸ ਦਾ ਮਨੁੱਖਾ ਜੀਵਨ ਸਫਲ ਹੋ ਜਾਵੇਗਾ । ਬਲਕਿ ਇਵੇਂ ਹੈ , ਜਿਵੇਂ ਇਕ ਲੰਮੀ ਯਾਤਰਾ , ਇਕ ਕਦਮ ਨਾਲ ਸ਼ੁਰੂ ਹੁੰਦੀ ਹੈ , ਜੇ ਬੰਦਾ ਇਕ ਕਦਮ ਪੁੱਟ ਕੇ , ਵਾਪਸ ਮੁੜ ਆਵੇ ਤਾਂ ਉਹ ਮੰਜ਼ਿਲ ਤੇ ਕਿਵੇਂ ਪਹੁੰਚੇਗਾ ? ਮੰਜ਼ਿਲ ਤੇ ਉਹ ਤਦ ਹੀ ਪਹੁੰਚੇਗਾ ਜੇ ਉਸ ਕਦਮ ਮਗਰੋਂ ਵੀ ਉਹ ਯਾਤਰਾ ਜਾਰੀ ਰੱਖੇ । ਇਵੇਂ ਹੀ ਵਾਹਿਗੁਰੂ ਦੇ ਮਿਲਾਪ ਦੀ ਗੱਲ , ਇਕ ਪਲ ਤੋਂ ਹੀ ਸ਼ੁਰੂ ਹੁੰਦੀ ਹੈ , ਪਰ ਉਹ ਪਿਆਰ ਪਰਵਾਨ ਤਦ ਹੀ ਚੜ੍ਹਦਾ ਹੈ , ਮਿਲਾਪ ਤਦ ਹੀ ਹੁੰਦਾ ਹੈ ,ਜੇ ਬੰਦਾ ਲਗਾਤਾਰ ਰੱਬ ਨਾਲ ਮਿਲਾਪ ਦਾ ਯਤਨ ਕਰਦਾ ਰਹੇ ।) ਇਵੇਂ ਜੋ ਬੰਦਾ ਕਰਤਾਰ ਦੇ ਮਿਲਾਪ ਦਾ ਯਤਨ ਲਗਾਤਾਰ ਕਰਦਾ ਰਹੇ , ਉਸ ਮਨੁੱਖ ਦੇ ਮਨ ਵਿਚੋਂ ਮੌਤ ਦਾ ਡਰ ਦੂਰ ਹੋ ਜਾਂਦਾ ਹੈ , ਅਤੇ ਉਹ ਆਪਣਾ ਜਨਮ ਸਵਾਰ ਲੈਂਦਾ ਹੈ ।

                        ……………………………………..

                           ਪ੍ਰਾਨੀ ਨਾਰਾਇਨ ਸੁਧਿ ਲੇਹਿ ॥     (902)

 (ਅ)    ਪ੍ਰਾਨੀ ਨਾਰਾਇਨ ਸੁਧਿ ਲੇਹਿ ॥ 

          ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥1॥ਰਹਾਉ॥

          ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥

          ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥1॥

          ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥

          ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥2॥

          ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥

          ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥3॥3॥81॥     (902)

     ਵਿਆਖਿਆ:-

          ਪ੍ਰਾਨੀ ਨਾਰਾਇਨ ਸੁਧਿ ਲੇਹਿ ॥ 

          ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥1॥ਰਹਾਉ॥ 

      ਹੇ ਭਾਈ ਅਕਾਲ-ਪੁਰਖ ਦੀ ਯਾਦ ਤੋਂ ਬਿਨਾ , ਤੇਰੀ ਉਮਰ ਦਿਨੇ ਰਾਤ ਇਕ ਇਕ ਪਲ ਕਰ ਕੇ ਘਟਦੀ ਜਾ ਰਹੀ ਹੈ , ਅਤੇ ਸਰੀਰ ਵਿਅਰਥ ਹੀ ਖਤਮ ਹੋ ਰਿਹਾ ਹੈ । ਤੂੰ ਨਾਰਾਇਣ , ਕਰਤਾਰ ਦੀ ਯਾਦ ਆਪਣੇ ਹਿਰਦੇ ਵਿਚ ਵਸਾਅ ਕੇ ਰੱਖ ।  

           ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥

          ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥1॥ 

     ਜੀਵ ਵੀ ਪਤਾ ਨਹੀਂ ਕਿਸ ਭੈੜੀ ਮੱਤ ਵਿਚ ਫਸਿਆ ਹੋਇਆ ਹੈ ਕਿ , ਬਾਲਪਨ , ਬਚਪਨਾ ਤਾਂ ਇਸ ਨੇ ਅਗਿਆਨਤਾ ਦੀ ਹਾਲਤ ਵਿਚ ਹੀ ਬਿਤਾ ਦਿੱਤਾ । ਤਰਨਾਪੋ , ਜਵਾਨੀ ਆਈ ਤਾਂ ਇਸ ਨੇ ਸਾਰੀ ਜਵਾਨੀ ਵਿਸ਼ੇ-ਵਿਕਾਰਾਂ ਵਿਚ ਹੀ ਗਵਾ ਦਿੱਤੀ । ਹੁਣ ਬੁੱਢਾ ਹੋ ਗਿਆ ਹੈ , ਪਰ ਅਜੇ ਵੀ ਨਹੀਂ ਸਮਝਦਾ ਪਿਆ । 

          ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥

         ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥2॥

    ਹੇ ਪ੍ਰਾਣੀ , ਜਿਸ ਠਾਕੁਰ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਹੈ , ਤੂੰ ਉਸ ਨੂੰ ਕਿਉਂ ਵਿਸਾਰ ਰਿਹਾ ਹੈਂ ? ਜਿਸ ਕਰਤਾਰ ਦਾ ਸਿਮਰਨ ਕਰਨ ਦੇ ਨਾਲ , ਮਾਇਆ ਦੇ ਬੰਧਨਾਂ ਤੋਂ ਖਲਾਸੀ ਹੁੰਦੀ ਹੈ , ਤੂੰ ਉਸ ਨੂੰ ਨਿਮਖ ਭਰ , ਪਲ ਭਰ ਵੀ ਨਹੀਂ ਸਿਮਰਿਆ । 

          ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥

         ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥3॥3॥81॥     (902)

    ਹੇ ਪ੍ਰਾਣੀ , ਤੂੰ ਮਾਇਆ ਦਾ ਏਨਾ ਮਾਣ ਕਿਉਂ ਕਰ ਰਿਹਾ ਹੈਂ ? ਇਹ ਤਾਂ ਕਿਸੇ ਦੇ ਵੀ ਨਾਲ ਨਹੀਂ ਜਾਂਦੀ ।

      ਨਾਨਕ ਆਖਦਾ ਹੈ , ਹੇ ਭਾਈ , ਵਾਹਿਗੁਰੂ ਦਾ ਸਿਮਰਨ ਕਰਦਾ ਰਹੁ , ਅੰਤ ਵੇਲੇ ਉਹ ਹੀ ਤੇਰਾ ਸਹਾਈ ਹੋਵੇਗਾ , ਤੇਰੀ ਮਦਦ ਕਰੇਗਾ ।

                 ....................................................................

                ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥   (43)

        (ੲ)   ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥

                ਸੋ ਪ੍ਰਭੁ ਚਿਤਿ ਨ ਆਇਓ ਛੁਟੇਗੀ ਬੇਬਾਣਿ ॥

                ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣ ॥1॥

                ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥

                ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥1॥ਰਹਾਉ॥

               ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥

               ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥

               ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥2॥

               ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥

               ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥

               ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥3॥        pYrI

               ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥

               ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥

               ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥4॥3॥       (43)

        ਵਿਆਖਿਆ:-

                ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥

                ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥1॥ਰਹਾਉ॥

     ਹੇ ਪ੍ਰਾਣੀ , ਤੂੰ ਇਸ ਜਗਤ ਵਿਚ ਕੁਝ ਲਾਹਾ ਲੈਣ ਆਇਆ ਹੈਂ , ਕੁਝ ਕਮਾਈ ਕਰਨ ਆਇਆ ਹੈਂ । ਤੇਰੀ ਜ਼ਿੰਦਗੀ ਦੀ ਇਹ ਰਾਤ ਹੌਲੀ-ਹੌਲੀ ਕਰ ਕੇ ਮੁਕਦੀ ਜਾ ਰਹੀ ਹੈ , ਅਤੇ ਤੂੰ ਅਗਿਆਨਤਾ ਵੱਸ , ਪਤਾ ਨਹੀਂ ਕਿਸ ਖੁਆਰੀ ਵਾਲੇ ਕੰਮ ਵਿਚ ਉਲਝਿਆ ਹੋਇਆ ਹੈਂ ।    

                 ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥

                 ਸੋ ਪ੍ਰਭੁ ਚਿਤਿ ਨ ਆਇਓ ਛੁਟੇਗੀ ਬੇਬਾਣਿ ॥

                 ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣ ॥1॥

     ਹਰ ਰੋਜ਼ ਨੇਮ ਨਾਲ , ਇਸ ਸਰੀਰ ਨੂੰ ਪਾਲੀ-ਪੋਸੀਦਾ ਹੈ , ਪਰ ਜ਼ਿੰਦਗੀ ਦਾ ਮਕਸਦ ਸਮਝੇ ਬਗੈਰ , ਇਹ ਮੂਰਖ ਅਤੇ ਇਆਣਾ ਹੀ ਰਹਿੰਦਾ ਹੈ । ਜਿਸ ਵਾਹਿਗੁਰੂ ਨੇ ਇਸ ਨੂੰ ਸੰਸਾਰ ਵਿਚ ਲਾਹਾ ਲੈਣ ਨੂੰ ਭੇਜਿਆ ਹੈ , ਉਹ ਇਸ ਨੂੰ ਕਦੇ ਚੇਤੇ ਨਹੀਂ ਆਉਂਦਾ , ਅਤੇ ਅੰਤ ਵੇਲੇ ਉਸ (ਪਾਲੇ-ਪੋਸੇ) ਸਰੀਰ ਨੂੰ ਸਿਵੇ ਵਿਚ ਸਾੜ ਦਿੱਤਾ ਜਾਂਦਾ ਹੈ , ਕਬਰ ਵਿਚ ਦੱਬ ਦਿੱਤਾ ਜਾਂਦਾ ਹੈ ਜਾਂ ਕਿਸੇ ਜੰਗਲ-ਬੀਆਬਾਨ ਵਿਚ ਸੁੱਟ ਦਿੱਤਾ ਜਾਂਦਾ ਹੈ ।

  ਹੇ ਪ੍ਰਾਣੀ ਅਜੇ ਵੀ ਵੇਲਾ ਹੈ , ਸਤਿਗੁਰ (ਸ਼ਬਦ) ਵਿਚ ਮਨ ਜੋੜ ਕੇ ਪ੍ਰਭੂ ਦਾ ਸਿਮਰਨ ਕਰ ਕੇ , ਸਦੀਵੀ ਆਨੰਦ ਮਾਣ । 

                 ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥

                 ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥

                 ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥2॥

      ਪਸੂ-ਪੰਛੀਆਂ ਨੂੰ ਮੌਤ ਨਹੀਂ ਦਿਸਦੀ , ਇਸ ਲਈ ਉਹ ਹਮੇਸ਼ਾ ਕਲੋਲਾਂ ਕਰਦੇ ਰਹਿੰਦੇ ਹਨ । ਇਵੇਂ ਹੀ ਮਾਇਆ ਦੇ ਜਾਲ ਵਿਚ ਫਸਿਆ ਬੰਦਾ , ਮੌਤ ਨੂੰ ਵਿਸਾਰ ਕੇ ਪਸੂ-ਪੰਛੀਆਂ ਦਾ ਸਾਥੀ ਬਣ ਗਿਆ ਹੈ । ਇਸ ਮਾਇਆ ਦੇ ਜਾਲ ਵਿਚੋਂ ਬਚੇ , ਉਹੀ ਪ੍ਰਾਣੀ ਮਿਲਦੇ ਹਨ , ਜਿਹੜੇ ਸੱਚੇ ਨਾਮ ਨੂੰ , ਹਰੀ ਦੀ ਰਜ਼ਾ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰਖਦੇ ਹਨ ।

                 ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥

                 ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥

                 ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥3॥

     ਹੇ ਪ੍ਰਾਣੀ , ਜਿਹੜਾ ਘਰ ਛੱਡ ਕੇ ਤੂੰ ਹਮੇਸ਼ਾ ਲਈ ਚਲੇ ਜਾਣਾ ਹੈ , ਜਿਸ ਨਾਲ ਤੇਰਾ ਦੁਬਾਰਾ ਮੇਲ ਨਹੀਂ ਹੋਣਾ , ਉਸ ਘਰ ਨਾਲ ਤੇਰਾ ਮਨੋਂ ਮੋਹ ਹੈ , ਅਤੇ ਜਿਸ ਘਰ ਨਾਲ ਤੇਰਾ ਸਦੀਵੀ ਵਾਹ ਪੈਣਾ ਹੈ , ਉਸ ਬਾਰੇ ਤੈਨੂੰ ਰਤਾ ਭਰ ਵੀ ਫਿਕਰ ਨਹੀਂ ।

     ਮਾਇਆ ਦੇ ਜਾਲ ਵਿਚ ਫਸੇ , ਉਹੀ ਬੰਦੇ ਮੁਕਤ ਹੁੰਦੇ ਹਨ , ਜੋ ਗੁਰ (ਸ਼ਬਦ) ਦੀ ਚਰਨੀਂ ਪੈਕੇ , ਉਸ ਦੇ ਸ਼ਬਦ ਦੀ ਵਿਚਾਰ ਕਰਦੇ ਹਨ ।

                 ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥

                 ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥

                 ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥4॥3॥       (43)

    ਸ਼ਬਦ ਗੁਰੂ ਤੋਂ ਬਗੈਰ , ਹੋਰ ਕੋਈ ਅਜਿਹਾ ਨਹੀਂ ਦਿਸਦਾ , ਜੋ ਬੰਦੇ ਨੂੰ ਮੋਹ-ਮਾਇਆ ਦੇ ਜਾਲ ‘ਚੋਂ ਬਚਾ ਸਕੇ ।

   ਮੈਂ ਤਾਂ ਚਾਰੇ ਪਾਸੇ ਭਾਲ ਕੇ , ਹਾਰ-ਥੱਕ ਕੇ ਗੁਰੂ ਦੀ ਸਰਨ ਵਿਚ ਆ ਗਿਆ ਹਾਂ ।  

  ਹੇ ਨਾਨਕ ਆਖ , ਸੱਚੇ ਪਾਤਸ਼ਾਹ , ਸ਼ਬਦ ਗੁਰੂ ਨੇ ਮੈਨੂੰ ਸੰਸਾਰ ਸਾਗਰ ਵਿਚੋਂ ਕੱਢ ਕੇ ਡੁਬਣੋਂ ਬਚਾ ਲਿਆ ਹੈ ।

                                                       ਅਮਰ ਜੀਤ ਸਿੰਘ ਚੰਦੀ 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.