ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਪੰਜਵਾਂ-ਜੀਵਨ ਮੁਕਤੀ) (ਭਾਗ ਪਹਲਾ) ਆਪੁ ਪਛਾਣੈ ਮਨੁ ਨਿਰਮਲੁ ਹੋਇ ॥ ਜੀਵਨ ਮੁਕਤਿ ਹਰਿ ਪਾਵੈ ਸੋਇ ॥
(ਵਿਸ਼ਾ-ਪੰਜਵਾਂ-ਜੀਵਨ ਮੁਕਤੀ) (ਭਾਗ ਪਹਲਾ) ਆਪੁ ਪਛਾਣੈ ਮਨੁ ਨਿਰਮਲੁ ਹੋਇ ॥ ਜੀਵਨ ਮੁਕਤਿ ਹਰਿ ਪਾਵੈ ਸੋਇ ॥
Page Visitors: 2984

                       (ਵਿਸ਼ਾ-ਪੰਜਵਾਂ-ਜੀਵਨ ਮੁਕਤੀ)
                              (ਭਾਗ ਪਹਲਾ)      
   ਆਪੁ ਪਛਾਣੈ ਮਨੁ ਨਿਰਮਲੁ ਹੋਇ ॥ ਜੀਵਨ ਮੁਕਤਿ ਹਰਿ ਪਾਵੈ ਸੋਇ ॥    (੧੬੧)

 ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥ ਗੁਰ ਸੇਵਾ ਤੇ ਮਨੁ ਪਤੀਆਇ ॥        
  ਸੇ ਧਨਵੰਤ ਹਰਿ ਨਾਮੁ ਕਮਾਇ ॥ ਪੂਰੇ ਗੁਰ ਤੇ ਸੋਝੀ ਪਾਇ
॥ 1 ॥
  ਹਰਿ ਹਰਿ ਨਾਮ ਜਪਹੁ ਮੇਰੇ ਭਾਈ ॥ ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥ 1 ॥ ਰਹਾਉ ॥
  ਆਪੁ ਪਛਾਣੈ ਮਨੁ ਨਿਰਮਲੁ ਹੋਇ ॥ ਜੀਵਨ ਮੁਕਤਿ ਹਰਿ ਪਾਵੈ ਸੋਇ ॥
  ਹਰਿ ਗੁਣ ਗਾਵੈ ਮਤਿ ਊਤਮ ਹੋਇ ॥ ਸਹਜੇ ਸਹਜਿ ਸਮਾਵੈ ਸੋਇ
॥ 2 ॥
  ਦੂਜੈ ਭਾਇ ਨ ਸੇਵਿਆ ਜਾਇ ॥ ਹਉਮੈ ਮਾਇਆ ਮਹਾ ਬਿਖੁ ਖਾਇ ॥
  ਪੁਤਿ ਕੁਟੰਂਬਿ ਗ੍ਰਿਹਿ ਮੋਹਿਆ ਮਾਇ ॥ ਮਨਮੁਖਿ ਅੰਧਾ ਆਵੈ ਜਾਇ
॥ 3 ॥
  ਹਰਿ ਹਰਿ ਨਾਮੁ ਦੇਵੈ ਜਨੁ ਸੋਇ ॥ ਅਨਦਿਨੁ ਭਗਤਿ ਗੁਰ ਸਬਦੀ ਹੋਇ ॥
  ਗੁਰਮਤਿ ਵਿਰਲਾ ਬੂਝੈ ਕੋਇ ॥ ਨਾਨਕ ਨਾਮਿ ਸਮਾਵੈ ਸੋਇ
॥ 4 ॥       (161)

     ॥ ਰਹਾਉ ॥ ਹੇ ਮੇਰੇ ਭਾਈ , ਗੁਰਮੁਖ ਹੋ ਕੇ , ਗੁਰੂ ਦੇ ਦੱਸੇ ਅਨੁਸਾਰ , ਸ਼ਬਦ ਦੀ ਵਿਚਾਰ ਆਸਰੇ , ਪ੍ਰਭੂ ਦਾ ਨਾਮ ਹਰ ਵੇਲੇ ਸਿਮਰਦੇ ਰਹੁ । ਇਹ ਆਪਾਂ  “ ਨਾਮ , ਕੀਰਤਨ , ਸਿਮਰਨ , ਜਪੁ “  ਵਿਚ ਵਿਚਾਰ ਚੁੱਕੇ ਹਾਂ ਕਿ ਪ੍ਰਭੂ ਦਾ ਨਾਮ , ਉਸ ਦਾ ਹੁਕਮ , ਉਸ ਦੀ ਰਜ਼ਾ ਹੀ ਹੈ ਅਤੇ ਸਿਮਰਨ , ਪਰਮਾਤਮਾ ਦੇ ਹੁਕਮ ਵਿਚ ਚਲਣਾ ਹੀ ਹੈ । ਇਸ ਤੋਂ ਇਲਾਵਾ (ਗੁਰਮਤ ਅਨੁਸਾਰ) ਸਿਮਰਨ ਦੀਆਂ ਸਾਰੀਆਂ ਵਿਧੀਆਂ , ਵਿਖਾਵਾ ਅਤੇ ਢੋਂਗ ਤੋਂ ਵੱਧ ਕੁਝ ਵੀ ਨਹੀਂ ਹੈ ।
           ਗੁਰਮੁਖ ਦੀ ਸੇਵਾ , ਭਗਤੀ ਦੀ ਮਿਹਨਤ ਪਰਮਾਤਮਾ ਕਬੂਲ ਕਰ ਲੈਂਦਾ ਹੈ । ਗੁਰਮੁਖ ਵਲੋਂ ਕੀਤੀ ਸੇਵਾ , ਗੁਰੂ ਦੀ ਸੇਵਾ , ਸ਼ਬਦ ਦੀ ਵਿਚਾਰ ਹੀ ਹੈ ,

                                         ਗੁਰ ਕੀ ਸੇਵਾ ਸਬਦੁ ਬੀਚਾਰੁ ॥     (223)

 ॥ 1 ॥     ਜਿਨ੍ਹਾਂ ਬੰਂਦਿਆਂ ਨੇ ਗੁਰ , ਸ਼ਬਦ ਦੇ ਦੱਸੇ ਰਾਹ ਉਤੇ ਤੁਰ ਕੇ , ਦੱਸੇ ਅਨੁਸਾਰ ਪਰਮਾਤਮਾ ਦਾ ਨਾਮ ਸਿਮਰਿਆ ਹੈ , ਕਰਤਾਰ ਦੇ ਹੁਕਮ ਅਨੁਸਾਰ ਜੀਵਨ ਬਤੀਤ ਕੀਤਾ ਹੈ , ਜਦ ਮੈਂ ਉਨ੍ਹਾਂ ਕੋਲੋਂ ਸਿਮਰਨ ਦੀ ਜਾਚ ਪੁਛਦਾ ਹਾਂ , ਤਾਂ ਉਹ ਦਸਦੇ ਹਨ ਕਿ ਗੁਰੂ ਦੀ ਦੱਸੀ ਹੋਈ ਸੇਵਾ ਨਾਲ , ਸ਼ਬਦ ਦੀ ਵਿਚਾਰ ਆਸਰੇ ਹੀ ਮਨੁੱਖ ਦਾ ਮਨ ਪ੍ਰਭੂ ਸਿਮਰਨ ਵਿਚ ਪਤੀਜਦਾ ਹੈ , ਮੰਨਦਾ ਹੈ । ਇਹ ਸੋਝੀ ਪੂਰੇ ਗੁਰੂ , ਸ਼ਬਦ ਗੁਰੂ ਤੋਂ ਹੀ ਹਾਸਲ ਹੁੰਦੀ ਹੈ ਕਿ ਹਰੀ ਦਾ ਨਾਮ , ਸਿਮਰਨ ਵਾਲੇ , ਹਰੀ ਦੀ ਰਜ਼ਾ ਵਿਚ ਚੱਲਣ ਵਾਲੇ , ਪਰਮਾਤਮਾ ਦੇ ਨਾਮ ਦੀ ਕਮਾਈ ਕਰ ਕੇ , ਧਨਵਾਨ , ਅਮੀਰ ਹੋ ਜਾਂਦੇ ਹਨ । ਏਥੇ ਇਹ ਗੱਲ ਸਮਝਣ ਵਾਲੀ ਹੈ ਕਿ , ਅਮੀਰ ਉਹ ਬੰਦੇ ਨਹੀਂ ਹੁੰਦੇ , ਜਿਨ੍ਹਾਂ ਕੋਲ ਜ਼ਿਆਦਾ ਦੌਲਤ ਹੋਵੇ , ਬਲਕਿ ਉਹ ਹੁੰਦੇ ਹਨ , ਜਿਨ੍ਹਾਂ ਦੀ ਤ੍ਰਿਸ਼ਨਾ ਮਾਇਆ ਵਲੋਂ ਰੱਜ ਗਈ ਹੋਵੇ ।

  ॥ 2 ॥    ਗੁਰੂ ਦੀ ਦਿੱਤੀ ਮੱਤ ਅਨੁਸਾਰ ਜਿਹੜਾ ਬੰਦਾ , ਅਪਣੇ ਜੀਵਨ ਦੀ ਪੜਚੋਲ ਕਰਦਾ ਰਹਿੰਦਾ ਹੈ , ਉਸ ਦਾ ਮਨ ਨਿਰਮਲ , ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ । ਉਹ ਇਸ ਜੀਵਨ ਵਿਚ ਹੀ , ਇਸ ਜਨਮ ਵਿਚ ਹੀ ਮਾਇਆ ਦੇ ਬੰਧਨਾਂ ਤੋਂ , ਮਾਇਆ ਦੀ ਲਾਲਸਾ ਤੋਂ ਮੁਕਤ ਹੋ ਜਾਂਦਾ ਹੈ । ਜੋ ਹਰ ਵੇਲੇ ਅਕਾਲਪੁਰਖ ਦੇ ਗੁਣ ਗਾਉਂਦਾ ਰਹਿੰਦਾ ਹੈ , ਕਰਤਾਰ ਦੇ ਗੁਣਾਂ ਦੀ ਵਿਚਾਰ ਕਰਦਾ ਰਹਿੰਦਾ ਹੈ , ਉਸ ਦੀ ਮੱਤ , ਉਸ ਦੀ ਬੁੱਧੀ ਬਿਬੇਕ ਪੂਰਨ ਹੋ ਜਾਂਦੀ ਹੈ । ਇਸ ਤਰ੍ਹਾਂ ਕਰਦੇ ਕਰਦੇ , ਸਹਿਜੇ-ਸਹਿਜੇ ਉਹ ਸਹਿਜ ਵਿਚ , ਆਤਮਕ ਅਡੋਲਤਾ ਵਿਚ ਸਮਾ ਜਾਂਦਾ ਹੈ , ਉਸ ਦੇ ਮਨ ਦੀ ਭਟਕਨਾ ਖਤਮ ਹੋ ਜਾਂਦੀ ਹੈ ।

 ॥ 3 ॥    ਹੇ ਮੇਰੇ ਭਾਈ , ਦੂਸਰੇ ਭਾਇ , ਮਾਇਆ ਦੇ ਮੋਹ ਵਿਚ , ਮਾਇਆ ਨਾਲ ਪਿਆਰ ਪਾਇਆਂ , ਪ੍ਰਭ ਨੂੰ ਸੇਵਿਆ ਨਹੀਂ ਜਾ ਸਕਦਾ , ਪ੍ਰਭੂ ਦੀ ਸੇਵਾ ਨਹੀਂ ਹੋ ਸਕਦੀ , ਵਾਹਿਗੁਰੂ ਦੇ ਹੁਕਮ ਵਿਚ ਨਹੀਂ ਚਲਿਆ ਜਾ ਸਕਦਾ । ਮਾਇਆ ਦੇ ਮੋਹ ਵਿਚ , ਹਉਮੈ ਦਾ ਬਹੁਤ ਤੇਜ਼ ਜ਼ਹਰ ਹੈ , ਮਾਇਆ ਨਾਲ ਪਿਆਰ ਪਾਉਣ ਵਾਲਾ , ਇਸ ਆਤਮਕ ਮੌਤ ਦੇਣ ਵਾਲੀ ਜ਼ਹਰ ਨੂੰ ਖਾਂਦਾ ਰਹਿੰਦਾ ਹੈ , ਜੋ ਉਸ ਨੂੰ ਆਤਮਕ ਮੌਤੇ ਮਾਰ ਦਿੰਦੀ ਹੈ । ਮਾਇਆ ਦੇ ਮੋਹ ਦਾ ਕੋਈ ਇਕ ਰੂਪ ਨਹੀਂ ਹੈ , ਅਕਾਲਪੁਰਖ ਨੂੰ ਛੱਡ ਕੇ ਦੁਨੀਆਂ ਦੀ ਹਰ ਚੀਜ਼ ਦਾ ਪਿਆਰ , ਮਾਇਆ ਦਾ ਮੋਹ ਹੈ । ਜਿਵੇਂ ਪੁਤ੍ਰ ਨਾਲ ਪਿਆਰ ਵੀ , ਮਾਇਆ ਨਾਲ ਮੋਹ ਦਾ ਇਕ ਰੂਪ ਹੀ ਹੈ , ਜੋ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਚੰਬੜਿਆ ਸੀ , ਇੰਦਰਾ ਗਾਂਧੀ ਨੂੰ ਵੀ ਚਿੰਬੜਿਆ ਹੋਇਆ ਸੀ , ਤੇ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਚੰਬੜਿਆ ਹੋਇਆ ਹੈ । ਪਰਵਾਰ ਨਾਲ ਮੋਹ ਵੀ ਮਾਇਆ ਦੇ ਮੋਹ ਦਾ ਇਕ ਰੂਪ ਹੀ ਹੈ । ਘਰ , ਹਵੇਲੀ , ਮਹੱਲ ਅਤੇ ਸੰਗੇਮਰਮਰ ਦੇ ਡੇਰਿਆਂ ਦਾ ਮੋਹ ਵੀ , ਮਾਇਆ ਮੋਹ ਦਾ ਇਕ ਰੂਪ ਹੀ ਹੈ , ਜੋ ਅੱਜ ਕਲ ਦੇ ਸੰਤਾਂ , ਮਹਾਂਪੁਰਖਾਂ , ਬ੍ਰਹਮਗਿਆਨੀਆਂ ਨੂੰ ਚੰਬੜਿਆ ਹੋਇਆ ਹੈ । ਇਹ ਮਾਇਆ ਅਜਿਹੇ ਬਹੁਤ ਸਾਰ ਰੂਪ ਧਾਰ ਕੇ , ਬੰਦੇ ਨੂੰ ਠੱਗਦੀ ਰਹਿੰਦੀ ਹੈ । ਮਾਇਆ ਦੇ ਮੋਹ ਵਿਚ ਫਸਿਆ ਬੰਦਾ ਅੰਨ੍ਹਾ ਹੋਇਆ ਅਪਣੇ ਮਨ ਦੇ ਕਹੇ ਅਨੁਸਾਰ ਚਲ ਕੇ , ਜਨਮ ਮਰਨ ਦੇ ਚੱਕਰ ਵਿਚ ਪਿਆ ਰਹਿੰਦਾ ਹੈ ।            

  ॥ 4 ॥    ਵਾਹਿਗੁਰੂ ਜਿਸ ਤੇ ਮਿਹਰ ਕਰ ਕੇ ਅਪਣੇ ਨਾਮ ਦੀ , ਅਪਣੇ ਹੁਕਮ ਵਿਚ ਚੱਲਣ ਦੀ ਦਾਤ ਬਖਸ਼ਦਾ ਹੈ , ਉਸ ਨੂੰ ਸ਼ਬਦ ਗੁਰੂ ਨਾਲ ਜੋੜਦਾ ਹੈ । ਉਹ ਬੰਦਾ ਸਮਝ ਜਾਂਦਾ ਹੈ ਕਿ ਸ਼ਬਦ ਵਿਚਾਰ ਆਸਰੇ ਹੀ , ਹਰ ਵੇਲੇ ਕਰਤਾਰ ਦੀ ਭਗਤੀ ਹੋ ਸਕਦੀ ਹੈ । ਉਹ ਸ਼ਬਦ ਦੀ ਸਿਖਿਆ ਅਨੁਸਾਰ ਚੱਲ ਕੇ ਪ੍ਰਭੂ ਦਾ ਜਨ , ਦਾਸ , ਸੇਵਕ ਬਣ ਜਾਂਦਾ ਹੈ ।
ਇਹ ਗੱਲ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ , ਜੋ ਗੁਰੂ ਦੀ ਮੱਤ ਅਨੁਸਾਰ ਅਪਣਾ ਜੀਵਨ ਢਾਲਦਾ ਹੈ ।
    ਹੇ ਨਾਨਕ , ਅਜਿਹਾ ਮਨੁੱਖ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ , ਕਰਤਾਰ ਦੀ ਰਜ਼ਾ ਵਿਚ ਅਡੋਲ ਟਿਕਿਆ ਰਹਿੰਦਾ ਹੈ ।
 ਇਵੇਂ ਜਿਹੜਾ ਬੰਦਾ , ਗੁਰੂ ਵਲੋਂ ਦਿੱਤੀ ਮੱਤ ਅਨੁਸਾਰ , ਅਪਣੇ ਜੀਵਨ ਦੀ ਪੜਚੋਲ ਕਰਦਾ ਰਹਿੰਦਾ ਹੈ , ਉਹ ਇਸ ਜੀਵਨ ਵਿਚ ਹੀ , ਮਨੁੱਖਾ ਜੂਨੀ ਵਿਚ ਹੀ , ਮਾਇਆ ਦੀ ਲਾਲਸਾ ਤੋਂ ਮੁਕਤ ਹੋ ਜਾਂਦਾ ਹੈ । ਇਹੀ ਜੀਵਨ ਮੁਕਤੀ ਹੈ ।

                                                ਅਮਰ ਜੀਤ ਸਿੰਘ ਚੰਦੀ

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.