ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਬਾਰ੍ਹਵਾਂ) ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ ॥
(ਵਿਸ਼ਾ-ਛੇਵਾਂ, ਆਵਾ ਗਵਣ ) (ਭਾਗ ਬਾਰ੍ਹਵਾਂ) ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ ॥
Page Visitors: 2853

              (ਵਿਸ਼ਾ-ਛੇਵਾਂ, ਆਵਾ ਗਵਣ )
                  (ਭਾਗ  ਬਾਰ੍ਹਵਾਂ)      
        ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ ॥
ਸ਼ਬਦ:  ਘਰਿ ਰਹੁ ਰੇ ਮਨ ਮੁਗਧ ਇਆਨੇ ॥ ਰਾਮੁ ਜਪਹੁ ਅੰਤਰਗਤਿ ਧਿਆਨੇ ॥
      ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ
॥ 1 ॥       (1030)
      ਜਿਸੁ  ਬਿਸਰਿਐ ਜਮ ਜੋਹਣਿ ਲਾਗੈ ॥ ਸਭਿ ਸੁਖ ਜਾਹਿ ਦੁਖਾ ਫੁਨਿ ਆਗੈ ॥
      ਰਾਮ ਨਾਮੁ ਜਪਿ ਗੁਰਮੁਖਿ ਜੀਅੜੇ ਏਹੁ ਪਰਮ ਤਤੁ ਵੀਚਾਰਾ ਹੇ
॥ 2 ॥
      ਹਰਿ ਹਰਿ ਨਾਮੁ ਜਪਹੁ ਰਸੁ ਮੀਠਾ ॥ ਗੁਰਮੁਖਿ ਹਰਿ ਰਸੁ ਅੰਤਰਿ ਡੀਠਾ ॥
      ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ
॥ 3 ॥
      ਰਾਮ ਨਾਮੁ ਗੁਰ ਬਚਨੀ ਬੋਲਹੁ ॥ ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥
      ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ
॥ 4 ॥
      ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥ ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥
      ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ
॥ 5 ॥
      ਸਤਿਗੁਰੁ ਪੁਰਖੁ ਦਾਤਾ ਵਡ ਦਾਣਾ ॥ ਜਿਸੁ ਅੰਤਰਿ ਸਾਚੁ ਸੁ ਸਬਦਿ ਸਮਾਣਾ ॥
      ਜਿਸ ਕਉ ਸਤਿਗੁਰੁ ਮੇਲਿ ਮਿਲਾਏ ਤਿਸੁ ਚੂਕਾ ਜਮ ਭੈ ਭਾਰਾ ਹੇ
॥ 6 ॥
      ਪੰਚ ਤਤੁ ਮਿਲਿ ਕਾਇਆ ਕੀਨੀ ॥ ਤਿਸ ਮਹਿ ਰਾਮ ਰਤਨੁ ਲੈ ਚੀਨੀ ॥
      ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ
॥ 7 ॥
      ਸਤ ਸੰਤੋਖਿ ਰਹਹੁ ਜਨ ਭਾਈ ॥ ਖਿਮਾ ਗਹਹੁ ਸਤਿਗੁਰ ਸਰਣਾਈ ॥
      ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ
॥ 8 ॥
      ਸਾਕਤ ਕੂੜ ਕਪਟ ਮਹਿ ਟੇਕਾ ॥ ਅਹਿਨਿਸਿ ਨਿੰਦਾ ਕਰਹਿ ਅਨੇਕਾ ॥
      ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ
॥ 9 ॥
      ਸਾਕਤ ਜਮ ਕੀ ਕਾਣਿ ਨ ਚੂਕੈ ॥ ਜਮ ਕਾ ਡੰਡੁ ਨ ਕਬਹੂ ਮੂਕੈ ॥
      ਬਾਕੀ ਧਰਮ ਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਪਾਰਾ ਹੇ
॥ 10 ॥
      ਬਿਨੁ ਗੁਰ ਸਾਕਤੁ ਕਹਹੁ ਕੋ ਤਰਿਆ ॥ ਹਉਮੈ ਕਰਤਾ ਭਵਜਲਿ ਪਰਿਆ ॥
      ਬਿਨੁ ਗੁਰੁ ਪਾਰੁ ਨ ਪਾਵੈ ਕੋਈ ਹਰਿ ਜਪੀਐ ਪਾਰਿ ਉਤਾਰਾ ਹੇ
॥ 11 ॥
      ਗੁਰ ਕੀ ਦਾਤਿ ਨ ਮੇਟੈ ਕੋਈ ॥ ਜਿਸੁ ਬਖਸੇ ਤਿਸੁ ਤਾਰੇ ਸੋਈ ॥
      ਜਨਮ ਮਰਣ ਦੁਖੁ ਨੇੜਿ ਨ ਆਵੈ ਮਨਿ ਸੋ ਪ੍ਰਭੁ ਅਪਰ ਅਪਾਰਾ ਹੇ
॥ 12 ॥
      ਗੁਰ ਤੇ ਭੂਲੇ ਆਵਹੁ ਜਾਵਹੁ ॥ ਜਨਮਿ ਮਰਹੁ ਫੁਨਿ ਪਾਪ ਕਮਾਵਹੁ ॥
      ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ
॥ 13 ॥
      ਦੁਖੁ ਸੁਖੁ ਪੁਰਬ ਜਨਮ ਕੇ ਕੀਏ ॥ ਸੋ ਜਾਣੈ ਜਿਨਿ ਦਾਤੈ ਦੀਏ ॥
      ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ
॥ 14 ॥
      ਹਉਮੈ ਮਮਤਾ ਕਰਦਾ ਆਇਆ ॥ ਆਸਾ ਮਨਸਾ ਬੰਧਿ ਚਲਾਇਆ ॥
      ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ
॥ 15 ॥
      ਹਰਿ ਕੀ ਭਗਤਿ ਕਰਹੁ ਜਨ ਭਾਈ ॥ ਅਕਥੁ ਕਥਹੁ ਮਨੁ ਮਨਹਿ ਸਮਾਈ ॥
      ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ
॥ 16 ॥
      ਹਰਿ ਗੁਰ ਪੂਰੇ ਕੀ ਓਟ ਪਰਾਤੀ ॥ ਗੁਰਮੁਖਿ ਹਰਿ ਲਿਵ ਗੁਰਮੁਖਿ ਜਾਤੀ ॥
      ਨਾਨਕ ਰਾਮ ਨਾਮਿ ਮਤਿ ਊਤਮ ਹਰਿ ਬਖਸੇ ਪਾਰਿ ਉਤਾਰਾ ਹੇ
॥ 17 ॥ 4 ॥ (1031)

   ॥1॥  ਘਰਿ ਰਹੁ ਰੇ ਮਨ ਮੁਗਧ ਇਆਨੇ ॥ ਰਾਮੁ ਜਪਹੁ ਅੰਤਰਗਤਿ ਧਿਆਨੇ ॥
       ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ ॥ 1 ॥
      ਹੇ ਨਾ-ਸਮਝ , ਮੂਰਖ ਮਨ , ਆਪਣੇ ਨਿੱਜ-ਘਰ ਦੇ ਵਿਚ ਹੀ ਟਿਕਿਆ ਰਹੁ । ਆਪਣੇ ਅੰਦਰ ਹੀ ਟਿਕਿਆ ਰਹਿ ਕੇ , ਪ੍ਰਭੂ ਵਿਚ ਧਿਆਨ ਜੋੜ ਕੇ , ਸਭ ਥਾਈਂ ਰਮੇ ਹੋਏ ਰਾਮ ਦਾ ਨਾਮ ਜਪ , ਉਸ ਦੀ ਰਜ਼ਾ ਵਿਚ ਚਲ । ਮਾਇਆ ਦਾ ਲਾਲਚ ਛੱਡ ਕੇ ,ਉਸ ਪ੍ਰਭੂ ਨਾਲ ਜੁੜਿਆ ਰਹੁ , ਜੋ ਪਰੇ ਤੋਂ ਵੀ ਪਰੇ ਹੈ । ਇਸ ਤਰ੍ਹਾਂ ਤੂੰ ਮਾਇਆ-ਮੋਹ ਤੋਂ ਛੁਟਕਾਰੇ ਦਾ ਰਾਹ ਲੱਭ ਲਵੇਂਗਾ ।
   ॥2॥  ਜਿਸੁ  ਬਿਸਰਿਐ ਜਮ ਜੋਹਣਿ ਲਾਗੈ ॥ ਸਭਿ ਸੁਖ ਜਾਹਿ ਦੁਖਾ ਫੁਨਿ ਆਗੈ ॥
        ਰਾਮ ਨਾਮੁ ਜਪਿ ਗੁਰਮੁਖਿ ਜੀਅੜੇ ਏਹੁ ਪਰਮ ਤਤੁ ਵੀਚਾਰਾ ਹੇ ॥ 2 ॥
     ਜਿਸ ਪਰਮਾਤਮਾ ਨੂੰ ਭੁੱਲਣ ਕਾਰਨ ਆਤਮਕ ਮੌਤ , ਤੇਰੀ ਟੋਹ ਲੈਣ ਲਗ ਪੈਂਦੀ ਹੈ, ਸਾਰੇ ਸੁਖ ਦੂਰ ਹੋ ਜਾਂਦੇ ਹਨ , ਉਨ੍ਹਾਂ ਦੀ ਥਾਂ , ਜੀਵਨ ਵਿਚ ਦੁਖ ਹੀ ਦੁਖ ਵਾਪਰਦੇ ਹਨ। ਹੇ ਮੇਰੇ ਜੀਅੜੇ , ਹੇ ਮੇਰੀ ਜਿੰਦੇ , ਗੁਰਮੁਖਿ ਹੋ ਕੇ , ਸ਼ਬਦ ਵਿਚਾਰ ਆਸਰੇ ਮਿਲੇ ਗਿਆਨ ਦੀ ਰੌਸ਼ਨੀ ਵਿਚ ਰਾਮ ਦਾ ਨਾਮ ਜਪ । ਇਹੀ ਸਾਰੇ ਵਿਚਾਰਾਂ ਦਾ ਸ੍ਰੇਸ਼ਟ ਵਿਚਾਰ ਹੈ ।
   ॥3॥  ਹਰਿ ਹਰਿ ਨਾਮੁ ਜਪਹੁ ਰਸੁ ਮੀਠਾ ॥ ਗੁਰਮੁਖਿ ਹਰਿ ਰਸੁ ਅੰਤਰਿ ਡੀਠਾ ॥
        ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ ॥ 3 ॥
     ਹੇ ਜਿੰਦੇ , ਸਦਾ ਕਰਤਾਰ ਦਾ ਨਾਮ ਜਪਿਆ ਕਰ , ਉਸ ਦੇ ਹੁਕਮ ਵਿਚ ਚਲਿਆ ਕਰ , ਉਸ ਆਸਰੇ ਹੀ ਤੈਨੂੰ ਉਸ ਦੇ ਮਿੱਠੇ ਸੁਆਦ ਦਾ ਪਤਾ ਲੱਗੇਗਾ । ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲਣ ਨਾਲ , ਇਸ ਰਸ ਦੇ ਆਨੰਦ ਨੂੰ ਆਪਣੇ ਅੰਦਰ ਹੀ ਮਾਣ ਲਈਦਾ ਹੈ । ਹੇ ਭਾਈ ਦਿਨ-ਰਾਤ , ਹਰ ਵੇਲੇ ਉਸ ਪਰਮਾਤਮਾ ਦੇ ਨਾਮ ਰੰਗ ਵਿਚ ਰੰਗੇ ਰਹੁ , ਉਸ ਦੀ ਰਜ਼ਾ ਨੂੰ ਹੀ ਸਰਵ-ਸ੍ਰੇਸ਼ਟ ਕਰ ਕੇ ਮੰਨੋ । ਇਹ ਰਜ਼ਾ ਦਾ ਰੰਗ ਹੀ ਸ੍ਰੇਸ਼ਟ ਜਪ , ਸ੍ਰੇਸ਼ਟ ਤਪ ਅਤੇ ਸ੍ਰੇਸ਼ਟ ਸੰਜਮ ਹੈ ।
   ॥4॥  ਰਾਮ ਨਾਮੁ ਗੁਰ ਬਚਨੀ ਬੋਲਹੁ ॥ ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥
        ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ ॥ 4 ॥
     ਹੇ ਭਾਈ , ਗੁਰ (ਸ਼ਬਦ) ਦੀ ਸਿਖਿਆ ਅਨੁਸਾਰ , ਰਾਮ ਦਾ ਨਾਮ ਜਪੋ , ਪ੍ਰਭੂ ਦੇ ਹੁਕਮ ਦੀ ਪਾਲਣਾ ਕਰੋ । ਸਤਸੰਗ ਵਿਚ ਜੁੜ ਕੇ , ਇਸ ਆਨੰਦ ਮਈ ਰਸ ਦੀ ਖੋਜ ਕਰੋ । ਸ਼ਬਦ ਗੁਰੂ ਦੀ ਮੱਤ ਅਨੁਸਾਰ ਚਲ ਕੇ , ਉਹ ਆਤਮਕ ਠਿਕਾਣਾ ਲੱਭੋ , ਜਿੱਥੇ ਪਹੁੰਚ ਕੇ ਮੁੜ ਜਨਮ-ਮਰਨ ਦੇ ਗੇੜ ਵਿਚ ਨਾ ਪੈਣਾ ਪਵੇ ।
   ॥5॥  ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥ ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥
        ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ ॥ 5 ॥
     ਹਰੀ ਦੇ ਗੁਣਾਂ ਨਾਲ ਸਾਂਝ ਪਾਵੋ , ਇਹ ਪ੍ਰਭੂ ਦੇ ਤੀਰਥ ਦਾ ਇਸ਼ਨਾਨ ਹੈ , ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰੋ । ਤੱਤ ਦੀ ਵਿਚਾਰ ਕਰ ਕੇ , ਉਸ ਤੱਤ , ਹਰੀ ਨਾਲ ਹੀ ਲਿਵ ਜੋੜੋ , ਉਸ ਨਾਲ ਹੀ ਪਿਆਰ ਪਾਵੋ । ਹਰੀ ਦਾ , ਰਾਮ ਦਾ ਪਿਆਰਾ ਨਾਮ ਸਿਮਰੋ , ਫਿਰ ਅਖੀਰਲੇ ਸਮੇ , ਮਰਨ ਵੇਲੇ ਤੁਹਾਨੂੰ ਮੌਤ ਦਾ ਡਰ ਪਰੇਸ਼ਾਨ ਨਹੀਂ ਕਰੇਗਾ ।
   ॥6॥  ਸਤਿਗੁਰੁ ਪੁਰਖੁ ਦਾਤਾ ਵਡ ਦਾਣਾ ॥ ਜਿਸੁ ਅੰਤਰਿ ਸਾਚੁ ਸੁ ਸਬਦਿ ਸਮਾਣਾ ॥
        ਜਿਸ ਕਉ ਸਤਿਗੁਰੁ ਮੇਲਿ ਮਿਲਾਏ ਤਿਸੁ ਚੂਕਾ ਜਮ ਭੈ ਭਾਰਾ ਹੇ ॥ 6 ॥
     ਸਤਿਗੁਰੁ ਪੁਰਖੁ , ਅਕਾਲ ਪੁਰਖ , ਸਭ ਨੂੰ ਦਾਤਾਂ ਦੇਣ ਵਾਲਾ , ਬਹੁਤ ਸਿਆਣਾ ਹੈ । ਜਿਸ ਦੇ ਹਿਰਦੇ ਵਿਚ ਸਦਾ ਕਾਇਮ ਰਹਣ ਵਾਲਾ ਪ੍ਰਭੂ ਵਸਦਾ ਹੈ , ਉਹ ਹਮੇਸ਼ਾ ਸ਼ਬਦ ਵਿਚਾਰ ਵਿਚ ਜੁੜਿਆ ਰਹਿੰਦਾ ਹੈ , ਲੀਨ ਰਹਿੰਦਾ ਹੈ । ਜਿਸ ਨੂੰ ਅਕਾਲ ਪੁਰਖ ਆਪ , ਆਪਣੇ ਨਾਲ ਮੇਲ ਕੇ , ਆਪਣੇ ਨਾਲ ਹੀ ਇਕ-ਮਿਕ ਕਰ ਲੈਂਦਾ ਹੈ , ਉਸ ਦੇ ਸਿਰ ਤੋਂ ਜਮਾ ਦਾ ਭਾਰ , ਦੂਰ ਹੋ ਜਾਂਦਾ ਹੈ । ਉਸ ਦਾ ਸਾਰਾ ਲੇਖਾ-ਜੋਖਾ ਖਤਮ ਹੋ ਜਾਂਦਾ ਹੈ ।
   ॥7॥  ਪੰਚ ਤਤੁ ਮਿਲਿ ਕਾਇਆ ਕੀਨੀ ॥ ਤਿਸ ਮਹਿ ਰਾਮ ਰਤਨੁ ਲੈ ਚੀਨੀ ॥
        ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥ 7 ॥
     ਪਰਮਾਤਮਾ ਨੇ ਪੰਜਾਂ ਤੱਤਾਂ ਦਾ ਸੁਮੇਲ ਕਰ ਕੇ , ਜਿਹੜੀ ਕਾਇਆ , ਜਿਹੜਾ ਸਰੀਰ ਸਿਰਜਿਆ ਹੈ , ਉਸ ਦੇ ਅੰਦਰ ਹੀ , ਉਹ ਅਮੋਲਕ ਵਸਤ ਹੈ , ਜਿਸ ਨੂੰ ਭਾਲਣਾ , ਜਿਸ ਨੂੰ ਲੱਭਣਾ , ਜਿਸ ਨਾਲ ਇਕ ਮਿਕ ਹੋਣਾ ਹੀ ਬੰਦੇ ਦੇ ਜੀਵਨ ਦਾ ਮਕਸਦ ਹੈ ।
     ਏਥੇ ਥੋੜੀ ਜਿਹੀ ਵਿਚਾਰ , ਹਰੀ ਦੇ ਨਿਵਾਸ-ਅਸਥਾਨ , ਹਰੀ ਦੇ ਮੰਦਰ ਬਾਰੇ ਕਰ ਲੈਣੀ ਵੀ ਲਾਹੇਵੰਦ ਹੋਵੇਗੀ । ਵਾਹਿਗੁਰੂ ,  ਸ੍ਰਿਸ਼ਟੀ ਦੇ ਕਣ ਕਣ ਵਿਚ ਵਸਦਾ ਹੈ , ਉਸ ਅਦ੍ਰਿਸ਼ ਨੂੰ ਵੇਖਣ ਦਾ ਢੰਗ ਵੀ ਸਿਰਫ ਗੁਰਮਤਿ ਨੇ ਹੀ ਦੱਸਿਆ ਹੈ । “ ੴ  ” ਵਿਚ “ 1 ”  ਉਸ ਦਾ ਮੂਲ , ਉਸ ਦੇ ਕੇਵਲ ਤੇ ਕੇਵਲ ਇਕ ਹੀ ਹੋਣ ਦਾ ਪਰਤੀਕ ਹੈ । ਜਦ ਕਿ  “
ਓਂਕਾਰ ” ਇਸ ਗੱਲ ਦਾ ਪਰਤੀਕ ਹੈ ਕਿ ਸ੍ਰਿਸ਼ਟੀ ਦੀ ਹਰ ਚੀਜ਼ , ਹਰ ਆਕਾਰ , ਉਸ ਦਾ ਆਪਣਾ ਹੀ ਆਕਾਰ ਹੈ , ਉਸ ਨੂੰ ਇਨ੍ਹਾਂ ਆਕਾਰਾਂ ਵਿਚੋਂ ਹੀ ਮਹਿਸੂਸ ਕੀਤਾ ਜਾ ਸਕਦਾ ਹੈ ।
     ਪਰ ਜਿਵੇਂ ਆਪਾਂ ਵਿਚਾਰ ਰਹੇ ਹਾਂ ਕਿ ਇਸ ਸ੍ਰਿਸ਼ਟੀ ਰਚਨਾ ਦੀ ਖੇਡ ਵਿਚ ਬੰਦੇ ਦੇ ਜੀਵਨ ਦਾ ਮਕਸਦ , ਪ੍ਰਭੂ ਨਾਲ ਇਕ ਮਿਕ ਹੋਣਾ ਹੈ । ਬੰਦਾ ਪ੍ਰਭੂ ਨਾਲ ਤਦ ਹੀ ਇਕ-ਮਿਕ ਹੋ ਸਕਦਾ ਹੈ ਜੇ ਉਹ ਪਰਮਾਤਮਾ ਨੂੰ ਲੱਭ ਲਵੇ । ਪਰਮਾਤਮਾ ਸਰਬ ਵਿਆਪਕ ਹੈ , ਪਰ ਨਿਰਾਕਾਰ ਹੋਣ ਕਾਰਨ , ਉਹ ਸਾਰੀ ਸ੍ਰਿਸ਼ਟੀ ਤੇ ਭਾਲਿਆਂ ਵੀ ਕਿਤੇ ਨਹੀਂ ਲੱਭਣਾ ।
ਗੁਰਮਤਿ ਸੇਧ ਦਿੰਦੀ ਹੈ ਕਿ ,
         ਘਰਿ ਰਹੁ ਰੇ ਮਨ ਮੁਗਧ ਇਆਨੇ ॥ ਰਾਮੁ ਜਪਹੁ ਅੰਤਰਗਤਿ ਧਿਆਨੇ ॥ (੧੦੩੦)         
     ਇਸ ਨੂੰ ਹੀ ਹੋਰ ਸਪੱਸ਼ਟ ਕਰਦਆਂ ਕਿਹਾ ਹੈ ,
         ਹਰਿ ਮੰਦਰੁ ਇਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ (1346)
     ਇਹ ਸਰੀਰ ਹੀ ਹਰੀ ਦਾ ਮੰਦਰ , ਹਰੀ ਦੇ ਰਹਣ ਦੀ ਥਾਂ , ਉਸ ਦਾ ਨਿਵਾਸ-ਅਸਥਾਨ ਹੈ । ਪਰ ਸਰੀਰ ਵਿਚੋਂ ਇਹ ਅਮੋਲਕ ਰਤਨ (ਵਾਹਿਗੁਰੂ) , ਸ਼ਬਦ ਦੇ ਗਿਆਨ ਆਸਰੇ ਹੀ ਪਰਗਟ ਹੁੰਦਾ ਹੈ ।                 ਅਤੇ ,
         ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥
         ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥11॥         (1346)
     ਹਰੀ ਦੇ ਮੰਦਰ ਵਿਚ , ਇਸ ਸਰੀਰ ਵਿਚ ਉਹੀ ਕਰਤਾਰ ਵਸਦਾ ਹੈ , ਜੋ ਸਭ ਥਾਂ , ਸਭ ਜੀਵਾਂ ਵਿਚ ਬਿਨਾ ਕਿਸੇ ਭਿੰਨ-ਭੇਦ ਦੇ , ਬਿਨਾ ਕਿਸੇ ਵਾਧ-ਘਾਟ ਦੇ ਵੱਸ ਰਿਹਾ ਹੈ । ਹੇ ਨਾਨਕ ਉਸ ਦੀ ਖੱਟੀ ਖੱਟਣ ਦਾ ਵਪਾਰ , ਸ਼ਬਦ ਗੁਰੂ ਦੀ ਸਿਖਿਆ ਆਸਰੇ ਹੀ ਕੀਤਾ ਜਾ ਸਕਦਾ ਹੈ , ਇਹ ਸੌਦਾ , ਇਹ ਵਪਾਰ ਹੀ ਸੱਚਾ ਵਪਾਰ ਹੈ । ਇਸ ਨਾਲ ਕੀਤੀ ਕਮਾਈ ਹੀ
, ਹਮੇਸ਼ਾ ਬੰਦੇ ਦੇ ਨਾਲ ਨਿਭਣ ਵਾਲੀ ਹੁੰਦੀ ਹੈ ।
     ਸੋ ਇਹ ਸਰੀਰ ਹੀ ਹਰੀ ਦਾ ਮੰਦਰ (ਮਕਾਨ) ਹੈ , ਜਿਸ ਵਿਚੋਂ ਹਰੀ ਨੂੰ ਲੱਭਿਆ ਜਾ ਸਕਦਾ ਹੈ । ਇਸ ਤੋਂ ਇਲਾਵਾ , ਸ੍ਰਿਸ਼ਟੀ ਵਿਚ ਕੋਈ ਅਜਿਹਾ ਅਸਥਾਨ ਨਹੀਂ ਹੈ , ਜਿਥੋਂ ਵਾਹਿਗੁਰੂ ਨੂੰ ਲੱਭਿਆ ਜਾ ਸਕੇ । ਇਸ ਲਈ ਦੁਨੀਆ ਵਿਚ ਭਟਕਣ ਦੀ ਥਾਂ , ਇਸ ਸਰੀਰ ਵਿਚੋਂ ਹੀ ਪਰਮਾਤਮਾ ਦੀ ਭਾਲ ਕਰਨੀ ਚਾਹੀਦੀ ਹੈ ।  ਦਰਬਾਰ ਸਾਹਿਬ ਨੂੰ  “ ਹਰਿਮੰਦਰ ” ਦਾ ਨਾਮ ਦੇ ਕੇ , ਉਸ ਵਿਚ ਹੀ ਹਰਿ ਕੀ ਪੌੜੀ ਆਦਿ ਮਿੱਥ ਕੇ ਪੁਜਾਰੀ ਲਾਣੇ ਨੇ , ਸਿੱਖਾਂ ਨੂੰ ਇਹ ਭੁਲੇਖਾ ਪਾਇਆ ਹੋਇਆ ਹੈ ਕਿ ਮੱਕੇ ਵਿਚਲੇ ਅੱਲ੍ਹਾ ਵਾਙ , ਇਸ ਹਰਿਮੰਦਰ ਵਿਚ ਹੀ ਹਰੀ ਵਸਦਾ ਹੈ । ਇਸ ਆਸ਼ੇ ਦੀਆਂ ਕਈ ਕਹਾਣੀਆਂ ਵੀ ਘੜੀਆਂ ਹੋਈਆਂ ਹਨ ।
    ( ਆਤਮ , ਆਤਮਾ ਦਾ ਬਹੁ ਵਚਨ ਹੋਣ ਨਾਤੇ ) ਆਤਮਾਵਾਂ , ਪਰਮਾਤਮਾ ਦਾ ਹੀ ਰੂਪ ਹਨ ਅਤੇ ਪਰਮਾਤਮਾ , ਆਤਮਾਵਾਂ ਦਾ ਮੂਲ ਹੈ , ਦੋਵਾਂ ਵਿਚ ਭੋਰਾ ਜਿੱਨਾ ਵੀ ਫਰਕ ਨਹੀਂ , ਦੋਵੇਂ ਇਕ ਰੂਪ ਹਨ । ਅਜਿਹੇ ਹਰੀ ਨੂੰ ਸ਼ਬਦ ਵਿਚਾਰ ਆਸਰੇ ਹੀ ਪਾਇਆ ਜਾ ਸਕਦਾ ਹੈ।
   ॥8॥  ਸਤ ਸੰਤੋਖਿ ਰਹਹੁ ਜਨ ਭਾਈ ॥ ਖਿਮਾ ਗਹਹੁ ਸਤਿਗੁਰ ਸਰਣਾਈ ॥
        ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥ 8 ॥
     ਹੇ ਭਾਈ , ਸੱਚੇ ਦਿਲੋਂ ਸੰਤੋਖੀ ਰਹਿ ਕੇ ਜੀਵਨ ਬਤੀਤ ਕਰੋ । ਸ਼ਬਦ ਗੁਰੂ ਦੀ ਸ਼ਰਨ ਲੈ ਕੇ , ਉਸ ਦੇ ਗਿਆਨ ਅਨੁਸਾਰ , ਖਿਮਾ ਦਾ ਗੁਣ ਧਾਰਨ ਕਰੋ । ਪਹਿਲਾਂ ਆਪਣੀ ਆਤਮਾ ਦੀ ਆਵਾਜ਼ ਨੂੰ ਪਛਾਣੋ , ਫਿਰ ਉਸ ਆਸਰੇ , ਪਰਮਾਤਮਾ ਨੂੰ ਸਮਝਣ ਦਾ ਉਪਰਾਲਾ ਕਰੋ । ਸ਼ਬਦ ਗੁਰੂ ਦੀ ਸੰਗਤ , ਸਤਸੰਗਤ ਵਿਚ ਜੁੜਿਆਂ ਇਹੀ ਸਿੱਟਾ ਨਿਕਲਦਾ ਹੈ ।
   ॥9॥  ਸਾਕਤ ਕੂੜ ਕਪਟ ਮਹਿ ਟੇਕਾ ॥ ਅਹਿਨਿਸਿ ਨਿੰਦਾ ਕਰਹਿ ਅਨੇਕਾ ॥
        ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ ॥ 9 ॥
     ਸਾਕਤ , ਸ਼ਕਤੀ ਦੇ ਪੁਜਾਰੀ , ਮਾਇਆ ਮੋਹ ਵਿਚ ਫਸੇ ਬੰਦਿਆਂ ਦੀ ਟੇਕ , ਆਸਰਾ ਦੁਨਿਆਵੀ ਪਦਾਰਥਾਂ ਤੇ ਹੀ ਹੁੰਦਾ ਹੈ । ਏਸੇ ਆਹਰ ਵਿਚ ਉਹ , ਦੂਸਰਿਆਂ ਦੀ ਅਨੇਕ ਢੰਗਾਂ ਨਾਲ ਨਿੰਦਾ ਜਰਦੇ ਰਹਿੰਦੇ ਹਨ । ਅਜਿਹੇ ਬੰਦੇ ਪ੍ਰਭੂ ਦਾ ਸਿਮਰਨ ਕੀਤੇ ਬਗੈਰ , ਉਸ ਦੀ ਰਜ਼ਾ ਅਨੁਸਾਰ ਚੱਲੇ ਬਗੈਰ , ਇਸ ਸੰਸਾਰ ਤੇ ਆਉਂਦੇ ਅਤੇ ਜਾਂਦੇ ਰਹਿੰਦੇ ਹਨ , ਜੰਮਦੇ ਅਤੇ ਮਰਦੇ ਰਹਿੰਦੇ ਹਨ । ਇਸ ਤਰ੍ਹਾਂ ਉਹ ਗਰਭ ਦੀਆਂ ਜੂਨਾਂ , ਪੈਦਾ ਹੋਣ ਦੇ ਨਰਕ ਵਿਚ ਹੀ ਪਏ ਰਹਿੰਦੇ ਹਨ ।
   ॥10॥  ਸਾਕਤ ਜਮ ਕੀ ਕਾਣਿ ਨ ਚੂਕੈ ॥ ਜਮ ਕਾ ਡੰਡੁ ਨ ਕਬਹੂ ਮੂਕੈ ॥
         ਬਾਕੀ ਧਰਮ ਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਫਾਰਾ ਹੇ ॥ 10 ॥
     ਇਸ ਤਰ੍ਹਾਂ ਸਾਕਤ ਬੰਦਿਆਂ ਦੇ ਮਨ ਵਿਚੋਂ ਜਮ ਦਾ , ਮਰਨ ਦਾ ਡਰ ਕਦੇ ਮੁਕਦਾ ਨਹੀਂ, ਜਮ ਦੀ ਸਜ਼ਾ , ਉਨ੍ਹਾਂ ਦੇ ਸਿਰ ਤੋਂ ਨਹੀਂ ਟਲਦੀ , ਜਨਮ ਮਰਨ ਦਾ ਗੇੜ ਲੱਗਾ ਹੀ ਰਹਿੰਦਾ ਹੈ । ਧਰਮ-ਰਾਜ (ਰੱਬ) ਦੇ ਕਰਜ਼ੇ ਦਾ ਬਾਕੀ , ਕੀਤੇ ਕਰਮਾਂ ਦੇ ਲੇਖੇ ਅਨੁਸਾਰ ਜੋ ਸਜ਼ਾ ਭੁਗਤਣੀ ਬਾਕੀ ਰਹਿ ਜਾਂਦੀ ਹੈ , ਉਸ ਕਰਜ਼ੇ ਦਾ ਅਸਹਿ ਭਾਰ , ਉਨ੍ਹਾਂ ਦੇ ਸਿਰ ਟਿਕਿਆ ਹੀ ਰਹਿੰਦਾ ਹੈ , ਉਹ ਕਰਜ਼ਾ ਉਨ੍ਹਾਂ ਕੋਲੋਂ ਵਸੂਲਿਆ ਹੀ ਜਾਂਦਾ ਹੈ ।
   ॥11॥  ਬਿਨੁ ਗੁਰ ਸਾਕਤੁ ਕਹਹੁ ਕੋ ਤਰਿਆ ॥ ਹਉਮੈ ਕਰਤਾ ਭਵਜਲਿ ਪਰਿਆ ॥
         ਬਿਨੁ ਗੁਰ ਪਾਰੁ ਨ ਪਾਵੈ ਕੋਈ ਹਰਿ ਜਪੀਐ ਪਾਰਿ ਉਤਾਰਾ ਹੇ ॥ 11 ॥
     ਸ਼ਬਦ ਗੁਰੂ ਦੀ ਸਿਖਿਆ ਬਗੈਰ , ਮਾਇਆ ਮੋਹ ਵਿਚ ਫਸਿਆ ਬੰਦਾ , ਮਾਇਆ ਮੋਹ ਦੇ ਅਥਾਹ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ । ਉਹ ਤਾਂ ਮਾਇਆ ਦੇ ਹੰਕਾਰ ਵਿਚ , ਹਉਮੈ ਅਧੀਨ ਮੈਂ-ਮੈਂ ਕਰਦਾ ਸੰਸਾਰ ਸਮੁੰਦਰ ਦੀ ਘੁਮਣ-ਘੇਰੀ , ਆਵਾ-ਗਵਣ ਵਿਚ ਹੀ ਡੁਬਿਆ ਰਹਿੰਦਾ ਹੈ । ਸ਼ਬਦ ਗੁਰੂ ਤੋਂ ਗਿਆਨ ਹਾਸਲ ਕਰ ਕੇ , ਉਸ ਅਨੁਸਾਰ ਜੀਵਨ ਢਾਲੇ ਬਗੈਰ , ਕੋਈ ਵੀ ਬੰਦਾ ਇਸ ਘੁਮਣ-ਘੇਰੀ ਤੋਂ ਪਾਰ ਨਹੀਂ ਹੋ ਸਕਦਾ । ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ , ਉਸ ਦੀ ਰਜ਼ਾ ਵਿਚ ਹੀ ਚਲਣਾ ਚਾਹੀਦਾ ਹੈ , ਇਸ ਤਰ੍ਹਾਂ ਹੀ ਇਸ ਅਥਾਹ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ ।
   ॥12॥  ਗੁਰ ਕੀ ਦਾਤਿ ਨ ਮੇਟੈ ਕੋਈ ॥ ਜਿਸੁ ਬਖਸੇ ਤਿਸੁ ਤਾਰੇ ਸੋਈ ॥
         ਜਨਮ ਮਰਣ ਦੁਖੁ ਨੇੜਿ ਨ ਆਵੈ ਮਨਿ ਸੋ ਪ੍ਰਭੁ ਅਪਰ ਅਪਾਰਾ ਹੇ ॥ 12 ॥
     ਸ਼ਬਦ ਗੁਰੂ ਤੋਂ ਹਾਸਲ ਕੀਤੇ ਗਿਆਨ ਦੀ ਦਾਤ ਨੂੰ ਕੋਈ ਮਿਟਾ ਨਹੀਂ ਸਕਦਾ । ਜੋ ਕਰਤਾਰ , ਸ਼ਬਦ ਗੁਰੂ ਨਾਲ ਜੋੜਨ ਦੀ , ਉਸ ਤੋਂ ਗਿਆਨ ਹਾਸਲ ਕਰਨ ਦੀ ਬਖਸ਼ਿਸ਼ ਕਰਦਾ ਹੈ , ਉਹੀ ਇਸ ਭਵਜਲ ਵਿਚੋਂ ਬਾਹਰ ਕੱਢ ਕੇ , ਪਾਰ ਲੰਘਾਅ ਦਿੰਦਾ ਹੈ । ਜਿਸ ਮਨੁੱਖ ਤੇ, ਉਹ ਸਭ ਤੋਂ ਵੱਡਾ ਪਰਮਾਤਮਾ , ਇਹ ਬਖਸ਼ਿਸ਼ ਕਰ ਦਿੰਦਾ ਹੈ , ਜਨਮ ਮਰਨ ਦਾ ਦੁਖ ਉਸ
ਦੇ ਨੇੜੇ ਨਹੀਂ ਢੁਕਦਾ । ਉਹ ਜਨਮ –ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ।
   ॥13॥  ਗੁਰ ਤੇ ਭੂਲੇ ਆਵਹੁ ਜਾਵਹੁ ॥ ਜਨਮਿ ਮਰਹੁ ਫੁਨਿ ਪਾਪ ਕਮਾਵਹੁ ॥
         ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ ॥ 13 ॥
     ਹੇ ਭਾਈ , ਜੇ ਸ਼ਬਦ ਗੁਰੂ ਦੇ ਗਿਆਨ ਤੋਂ ਵਾਂਝੇ ਰਹੋਗੇ ਤਾਂ ਸੰਸਾਰ ਵਿਚ ਮੁੜ-ਮੁੜ ਕੇ ਆਉਂਦੇ ਜਾਂਦੇ ਰਹੋਗੇ , ਜੰਮਦੇ-ਮਰਦੇ ਰਹੋਗੇ । ਜਨਮ ਲੈ ਕੇ ਪਾਪ-ਕਰਮ ਕਰਦੇ ਰਹੋਗੇ , ਪਰਮਾਤਮਾ ਦੇ ਹੁਕਮ ਦੀ ਅਵੱਗਿਆ ਕਰਦੇ ਰਹੋਗੇ , ਮਰ ਕੇ ਫਿਰ ਜੰਮਦੇ ਰਹੋਗੇ ।     ਸ਼ਕਤੀ ਦੇ , ਮਾਇਆ ਦੇ ਪੁਜਾਰੀ , ਗਫਲਤ ਦੀ ਨੀਂਦ ਵਿਚ ਹੀ ਟਿਕੇ ਰਹਿੰਦੇ ਹਨ , ਉਸ ਵਿਚੋਂ ਜਾਗ ਕੇ ਸੁਚੇਤ ਨਹੀਂ ਹੁੰਦੇ । ਫਿਰ ਜਦ ਉਨ੍ਹਾਂ ਨੂੰ ਕੋਈ ਦੁੱਖ ਵਿਆਪਦਾ ਹੈ , ਤਾਂ ਉਹ ਰਾਮ-ਰਾਮ , ਅਲਾਹ-ਅਲਾਹ , ਵਾਹਿਗੁਰੂ-ਵਾਹਿਗੁਰੂ ਰੱਬ-ਰੱਬ ਕਰਦੇ ਹਨ ।
   ॥14॥  ਦੁਖੁ ਸੁਖੁ ਪੁਰਬ ਜਨਮ ਕੇ ਕੀਏ ॥ ਸੋ ਜਾਣੈ ਜਿਨਿ ਦਾਤੈ ਦੀਏ ॥
         ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ ॥ 14 ॥
     ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ , ਲੋਕ ਦੁਖ-ਸੁਖ ਭੋਗਦੇ ਹਨ । ਇਨ੍ਹਾਂ ਦੇ ਆਉਣ ਅਤੇ ਦੂਰ ਹੋਣ ਦੇ ਨਿਯਮ-ਕਾਨੂਨਾਂ ਬਾਰੇ , ਉਹ ਪਰਮਾਤਮਾ ਹੀ ਜਾਣਦਾ ਹੈ , ਜਿਸ ਨੇ ਇਹ ਦੁਖ-ਸੁਖ ਭੋਗਣ ਨੂੰ ਦਿੱਤੇ ਹਨ । ਹੇ ਪ੍ਰਾਣੀ , ਤੂੰ ਆਪਣੇ ਕੀਤੇ ਕਰਮਾਂ ਦੇ ਆਧਾਰ ਤੇ ਮਿਲੀ ਕਰੜੀ ਸਜ਼ਾ ਨੂੰ ਆਪ ਹੀ ਸਹਾਰ , ਆਪ ਹੀ ਭੋਗ , ਇਸ ਬਾਰੇ ਤੂੰ ਕਿਸੇ ਦੂਸਰੇ ਨੂੰ , ਦੋਸ਼ ਨਹੀਂ ਦੇ ਸਕਦਾ ।
   ॥15॥  ਹਉਮੈ ਮਮਤਾ ਕਰਦਾ ਆਇਆ ॥ ਆਸਾ ਮਨਸਾ ਬੰਧਿ ਚਲਾਇਆ ॥
         ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ ॥ 15 ॥
     ਜੀਵ ਜਨਮ ਜਨਮਾਂਤਰਾਂ ਤੋਂ ਮੈਂ-ਮੇਰੀ ਅਤੇ ਮਾਇਆ-ਮੋਹ ਅਧੀਨ , ਮਾਇਕ ਸੋਚਾਂ ਹੀ ਸੋਚਦਾ ਚਲਿਆ ਆ ਰਿਹਾ ਹੈ । ਏਸੇ ਕਾਰਨ ਹੀ ਆਸਾਂ ਅਤੇ ਮੰਸਾਵਾਂ , ਦਿਲ ਵਿਚ ਹੀ ਲੈ ਕੇ ਇਸ ਜਹਾਨ ਤੋਂ ਚਲੇ ਜਾਂਦਾ ਹੈ , ਮਰ ਜਾਂਦਾ ਹੈ । ਇਵੇਂ ਮੇਰੀ-ਮੇਰੀ ਕਰਦਾ , ਇਸ ਜਹਾਨ ਤੋਂ ਕੀ ਲੈ ਕੇ ਜਾਂਦਾ ਹੈ ? ਇਕੱਠੇ ਕੀਤੇ ਦੁਨਿਆਵੀ ਪਦਾਰਥ ਤਾਂ ਨਾਲ ਜਾਂਦੇ ਨਹੀਂ , ਉਨ੍ਹਾਂ ਪਦਾਰਥਾਂ ਤੋਂ ਵਿਛੜਨ ਵੇਲੇ , ਉਸ ਦੇ ਪੱਲੇ ਵਿਕਾਰਾਂ ਦੀ ਸੁਆਹ ਹੀ ਹੁੰਦੀ ਹੈ , ਜੋ ਉਸ ਦੇ ਆਤਮਕ ਜੀਵਨ ਲਈ ਜ਼ਹਰ ਬਣ ਕੇ , ਉਸ ਦੇ ਆਤਮਕ ਜੀਵਨ ਨੂੰ ਖਤਮ ਕਰ ਦਿੰਦੀ ਹੈ ।
   ॥16॥  ਹਰਿ ਕੀ ਭਗਤਿ ਕਰਹੁ ਜਨ ਭਾਈ ॥ ਅਕਥੁ ਕਥਹੁ ਮਨੁ ਮਨਹਿ ਸਮਾਈ ॥
         ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ ॥ 16 ॥
     ਹੇ ਭਾਈ ਜਨੋ , ਹਰੀ ਦੀ ਭਗਤੀ ਕਰੋ , ਉਸ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰੋ , ਜਿਸ ਦੇ ਗੁਣਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ । ਇਵੇਂ ਮਨ ਆਪਣੇ ਅਸਲੀ ਸਰੂਪ ਵਿਚ ਆਪਣੇ ਆਪ ਹੀ ਸਮਾ ਜਾਵੇਗਾ , ਉਸ ਨਾਲ ਇਕ-ਮਿਕ ਹੋ ਜਾਵੇਗਾ । ਇਸ ਨੂੰ ਹੀ ਗੁਰਬਾਣੀ ਇਵੇਂ ਵੀ ਸਮਝਾਉਂਦੀ ਹੈ ,
               ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ ॥          (441)
     ਹੇ ਭਾਈ , ਇਸ ਭਟਕਦੇ ਮਨ ਨੂੰ ਰੋਕ ਕੇ ਆਪਣੇ ਘਰ , ਸਰੀਰ ਵਿਚ ਹੀ ਰਖੋ ,ਜਿੱਥੇ ਪਰਮਾਤਮਾ ਦਾ ਨਿਵਾਸ ਹੈ । ਫਿਰ ਦੁਖ ਦੂਰ ਕਰਨ ਵਾਲਾ , ਉਸ ਮਨ ਨੂੰ ਆਪਣੇ ਨਾਲ ਇਕ ਮਿਕ ਕਰ ਕੇ , ਤੁਹਾਡਾ ਜਨਮ-ਮਰਨ ਦਾ ਦੁਖ , ਸਦੀਵੀ ਤੌਰ ਤੇ ਕੱਟ ਦੇਵੇਗਾ , ਖਤਮ ਕਰ ਦੇਵੇਗਾ ।
   ॥17॥  ਹਰਿ ਗੁਰ ਪੂਰੇ ਕੀ ਓਟ ਪਰਾਤੀ ॥ ਗੁਰਮੁਖਿ ਹਰਿ ਲਿਵ ਗੁਰਮੁਖਿ ਜਾਤੀ ॥
         ਨਾਨਕ ਰਾਮ ਨਾਮਿ ਮਤਿ ਊਤਮ ਹਰਿ ਬਖਸੇ ਪਾਰਿ ਉਤਾਰਾ ਹੇ ॥ 17 ॥ 4 ॥ (1031)
     ਜਿਸ ਬੰਦੇ ਨੇ ਗੁਰ , ਸ਼ਬਦ ਗੁਰੂ ਦੀ ਓਟ ਲੈ ਕੇ , ਉਸ ਦੇ ਗਿਆਨ ਦੀ ਰੋਸ਼ਨੀ ਵਿਚ , ਹਰੀ ਦੇ ਆਸਰੇ ਦੀ ਵਡਿਆਈ ਬਾਰੇ ਜਾਣ ਲਿਆ , ਹੇ ਨਾਨਕ , ਪਰਮਾਤਮਾ ਨਾਲ ਸੁਰਤ ਜੋੜਨ ਕਾਰਨ , ਉਸ ਬੰਦੇ ਦੀ ਮੱਤ ਸ੍ਰੇਸ਼ਟ ਹੋ ਜਾਂਦੀ ਹੈ , ਪਰਮਾਤਮਾ ਉਸ ਉਤੇ ਮਿਹਰ ਕਰ ਕੇ , ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ , ਉਸ ਦਾ ਜਨਮ-ਮਰਨ ਦਾ ਗੇੜ ਕੱਟ ਦਿੰਦਾ ਹੈ । ਪਰ ਗੁਰਮੁਖਿ ( ਜੋ ਸ਼ਬਦ ਗੁਰੂ ਨਾਲ ਜੁੜਿਆ ਹੋਇਆ ਹੈ ) ਦੀ ਸੰਗਤ ਕਰ ਕੇ , ਆਪ ਗੁਰਮੁਖਿ ਹੋ ਕੇ ਹੀ , ਕਿਸੇ ਵਿਰਲੇ ਨੇ ਪਰਮਾਤਮਾ ਵਿਚ ਸੁਰਤ ਜੋੜਨੀ ਸਿੱਖੀ ਹੈ , ਪਰਮਾਤਮਾ ਨਾਲ ਪਿਆਰ ਪਾਉਣ ਦਾ ਢੰਗ ਸਿਖਿਆ ਹੈ ।

                                ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.