(ਭਾਗ ਗਿਆਰਵਾਂ)
ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ
ਸ਼ਬਦ
ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ ॥
ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਨ ਲਭ੍ਹਤੇ ॥19॥ (1361)
ਜੋ ਮਨੁੱਖ ਸਾਧ ਸੰਗਤਿ ਵਿਚ ਜਾ ਕੇ ਪਰਮਾਤਮਾ ਦੀ ਸਿਫਤਿ-ਸਾਲਾਹ ਦੀ ਬਾਣੀ ਉਚਾਰਦੇ ਹਨ (ਉਹਨਾਂ ਦਾ) ਉੱਧਾਰ ਹੋ ਜਾਂਦਾ ਹੈ ।
ਹੇ ਨਾਨਕ ! ਉਹਨਾਂ ਨੂੰ (ਇਸ) ਸੰਸਾਰ-ਸਮੁੰਦਰ ਵਿਚ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ ।
ਸਵਾਲ :- ਜੋ ਮਨੁੱਖ ਸਾਧ ਸੰਗਤਿ ਵਿਚ ਜਾਂਦੇ ਹੀ ਨਹੀਂ , ਜਾਂ ਸਾਧ ਸੰਗਤ ਵਿਚ ਜਾ ਕੇ ਵੀ , ਗੁਰਬਾਣੀ ਦੀ ਵਿਚਾਰ ਕਰਨ ਨਾਲੋਂ , ਆਪਣੀ ਮਨਮਤਿ ਦਾ ਪਰਚਾਰ ਕਰਦੇ ਹਨ , ਉਨ੍ਹਾਂ ਦਾ ਕੀ ਹੁੰਦਾ ਹੈ ?
ਆਉ ਆਪਾਂ ਇਨ੍ਹਾਂ ਵਿਚਾਰਿਆਂ ਗਿਆਰਾਂ ਸ਼ਬਦਾਂ ਵਿਚੋਂ , ਪੁਨਰਪਿ ਜਨਮ ਨਾਲ ਸਬੰਧਤ , ਸਾਰੀਆਂ ਤੁਕਾਂ ਤੇ ਇਕ ਵਾਰ ਫਿਰ ਝਾਤ ਪਾ ਲਈਏ ।
ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥4॥1॥ (162)
(ਜੇ ਪ੍ਰਭੂ ! ਸਭ ਥਾਂ) ਤੇਰਾ (ਹੀ) ਹੁਕਮ (ਵਰਤ ਰਿਹਾ) ਹੈ , (ਹਰ ਥਾਂ) ਤੂੰ ਆਪ ਹੀ (ਮੌਜੂਦ) ਹੈਂ –(ਜਿਸ ਮਨੁੱਖ ਦੇ ਅੰਦਰ ਇਹ ਨਿਸਚਾ ਬਣ ਜਾਏ ਉਸ ਨੂੰ) ਭੁਲੇਖਾ ਕਿੱਥੇ ਰਹਿ ਜਾਂਦਾ ਹੈ ? ਹੇ ਨਾਨਕ ! (ਜਿਨ੍ਹਾਂ ਮਨੁਖਾਂ ਦੇ ਅੰਦਰੋਂ ਅਨੇਕਤਾ ਦਾ ਭੁਲੇਖਾ ਦੂਰ ਹੋ ਜਾਂਦਾ ਹੈ ਉਹਨਾਂ ਦੀ ਸੁਰਤਿ ਪਰਮਾਤਮਾ ਦੀ ਜੋਤ ਵਿਚ ਮਿਲੀ ਰਹਿੰਦੀ ਹੈ ਜਿਵੇਂ ਹਵਾ ਪਾਣੀ ਆਦਿਕ ਹਰੇਕ) ਤੱਤ (ਆਪਣੇ) ਤੱਤ ਨਾਲ ਮਿਲ ਜਾਂਦਾ ਹੈ । ਅਜੇਹੇ ਮਨੁੱਖ ਮੁੜ-ਮੁੜ ਜਨਮ ਵਿਚ ਨਹੀਂ ਆਉਂਦੇ ।
ਅਨਾਥਹ ਨਾਥ ਕਰੇ ਬਲਿ ਜਾਉ ॥
ਪੁਨਰਪਿ ਜਨਮੁ ਨਾਹੀ ਗੁਣ ਗਾਉ ॥5॥ (224)
ਮਨੁੱਖ ਨਿਰਭਉ ਪਰਮਾਤਮਾ ਦਾ ਨਾਮ ਜਪ ਕੇ (ਮਾਇਆ ਦੇ ਹੱਲਿਆਂ ਵਲੋਂ ਨਿਰਭਉ ਹੋ ਕੇ) ਵਾਸ਼ਨਾ-ਰਹਿਤ (ਸੁੱਧ) ਹੋ ਜਾਂਦਾ ਹੈ । ਉਹ ਨਿਖਸਮਿਆਂ ਨੂੰ ਖਸਮ ਵਾਲਾ ਬਣਾ ਦੇਂਦਾ ਹੈ (ਉਹ ਹੈ ਅਸਲ ਜੋਗੀ , ਤੇ ਅਜਿਹੇ ਜੋਗੀ ਤੋਂ) ਮੈਂ ਕੁਰਬਾਨ ਹਾਂ । ਉਸ ਨੂੰ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ , ਉਹ ਸਦਾ ਪ੍ਰਭੂ ਦੀ ਸਿਫਤਿ-ਸਾਲਾਹ ਕਰਦਾ ਹੈ ।
ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥4॥2॥ (335)
(ਇਸ ਅੰਦਰਲੀ ਕਿੰਗੁਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ । ਹੇ ਕਬੀਰ ! ਆਖ-ਜੋ ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ ।
ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ ॥1॥ (383)
ਹੇ ਸਭ ਦੇ ਦਿਲ ਦੀ ਜਾਨਣ ਵਾਲੇ ਪ੍ਰਭੂ ! ਮੇਹਰ ਕਰ (ਤੇ ਮੈਨੂੰ ਗੁਰੂ ਦੀ ਸੰਗਤਿ ਮਿਲਾ) । (ਹੇ ਭਾਈ ! ) ਗੁਰੂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ , ਤੇ ਫਿਰ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ ।
ਕਹੁ ਕਬੀਰ ਜਿਸੁ ਸਤਿਗੁਰ ਭੇਟੈ ਪੁਨਰਪਿ ਜਨਮਿ ਨ ਆਵੈ ॥4॥2॥ (476)
(ਪਰ ਜੀਵਾਂ ਦੇ ਕੀਹ ਵੱਸ ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ , ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ , ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ । ਹੇ ਕਬੀਰ ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ , ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ ।
ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥4॥ (503)
ਹੇ (ਮੇਰੀ) ਸਿਖਿਆ ਸੁਣਨ ਵਾਲੇ ਭਾਈ ! ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ-(ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਧਾਰਨ ਕਰ , ਇਸ ਤਰ੍ਹਾਂ ਤੂੰ) ਮਾਇਆ ਦੇ ਬੰਧਨ ਤਿਆਗ ਸਕੇਂਗਾ । ਜਿਸ ਮਨੁੱਖ ਦੇ ਮਨ ਵਿਚ ਸੋਚ-ਮੰਡਲ ਵਿਚ ਪਰਮਾਤਮਾ ਦੀ ਲਿਵ ਲਗ ਜਾਂਦੀ ਹੈ ਉਸ ਨੂੰ ਮੁੜ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੁੰਦਾ ।
ਪੁਨਰਪਿ ਜਨਮੁ ਨਾਹੀ ਜਨ ਸੰਗਤਿ ਜੋਤੀ ਜੋਤਿ ਮਿਲਾਈ ॥7॥ (505)
ਪਰਮਾਤਮਾ (ਮਾਨੋ) ਪਵਿਤ੍ਰ ਜਲ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ , ਉਸ ਦਾ) ਮਨ (ਇਸ ਪਵਿਤ੍ਰ ਜਲ ਵਿਚ) ਇਸ਼ਨਾਨ ਕਰਨ ਜੋਗਾ ਬਣ ਜਾਂਦਾ ਹੈ । ਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਤਿਗੁਰੂ ਪਿਆਰਾ ਲੱਗਦਾ ਹੈ ਉਸ ਦਾ ਮਨ (ਇਸ ਪਵਿਤ੍ਰ ਜਲ ਵਿਚ) ਚੁੱਭੀ ਲਾਂਦਾ ਹੈ । ਸਾਧ ਸੰਗਤਿ ਵਿਚ ਰਹਿ ਕੇ ਉਸ ਨੂੰ ਮੁੜ ਮੁੜ ਜਨਮ ਨਹੀਂ ਹੁੰਦਾ, (ਕਿਉਂਕਿ ਗੁਰੂ) ਉਸ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ ।
ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥4॥
(ਹੇ ਭਾਈ !) ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਉ , (ਇਹ ਨਾਮ ਰਸ ਪੀਂਤਿਆਂ) ਸਭ ਤੋਂ ਉੱਚਾ ਆਤਮਕ ਆਨੰਦ ਮਿਲਦਾ ਹੈ , ਅਤੇ ਆਪਣੇ ਘਰ ਵਿਚ ਟਿਕਾਣਾ ਹੋ ਜਾਂਦਾ ਹੈ । (ਭਾਵ , ਸੁੱਖਾਂ ਦੀ ਖਾਤ੍ਰ ਮਨ ਬਾਹਰ ਭਟਕਣੋਂ ਹੱਟ ਜਾਂਦਾ ਹੈ) । (ਹੇ ਭਾਈ !) ਜਨਮ ਮਰਨ ਦਾ ਚੱਕ੍ਰ ਨਾਸ ਕਰਨ ਵਾਲੇ ਪ੍ਰਭੂ ਦੀ ਸਿਫਤਿ ਸਾਲਾਹ ਕਰਨੀ ਚਾਹੀਦੀ ਹੈ, (ਇਸ ਤਰ੍ਹਾਂ) ਮੁੜ ਮੁੜ ਜਨਮ (ਮਰਨ) ਨਹੀਂ ਹੁੰਦਾ ।
ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥4॥4॥
(ਹੇ ਭਾਈ !) ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪਹਿਲਾਂ) ਵਿਕਾਰਾਂ ਵਲੋਂ ਮਰੋ । ਜਦੋਂ ਇਸ ਤਰ੍ਹਾਂ ਮਰੋਗੇ , ਤਾਂ ਫਿਰ ਆਤਮਕ ਜੀਵਨ ਵਾਲੇ ਪਾਸੇ ਜੀਊ ਪਵੋਗੇ । ਫਿਰ ਕਦੇ ਜਨਮ (ਮਰਨ ਦਾ ਗੇੜ) ਨਹੀਂ ਹੋਵੇਗਾ । ਹੇ ਕਬੀਰ ! ਆਖ-ਜੋ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ , ਉਹ ਅਫੁਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ।
ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ ॥18॥ (433)
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆਪਣਾ ਆਪ ਪਰਗਟ ਕਰ ਦੇਵੇ , ਉਹ ਮਨੁੱਖ ਉਸ ਦੀ ਸਿਫਤਿ ਸਾਲਾਹ ਕਰਨ ਲੱਗ ਪੈਂਦਾ ਹੈ । (ਉਸ ਦੀ ਪ੍ਰੀਤ ਤੇ ਰੀਝ ਕੇ) ਕਰਤਾਰ ਆਪ ਹੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ (ਉਸ ਦੀ ਸੁਰਤਿ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ) ਉਸ ਮਨੁੱਖ ਨੂੰ ਮੁੜ ਮੁੜ ਜਨਮ ਨਹੀਂ ਮਿਲਦਾ ( ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ । ਪਰ ਹੇ ਮਨ ! ਨਿਰੇ ਪੜ੍ਹ ਜਾਣ ਨਾਲ ਪੰਂਡਿਤ ਬਣ ਜਾਣ ਨਾਲ ਇਹ ਦਾਤਿ ਨਸੀਬ ਨਹੀਂ ਹੁੰਦੀ )
ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਨ ਲਭ੍ਹਤੇ ॥19॥ (1361)
ਜੋ ਮਨੁੱਖ ਸਾਧ ਸੰਗਤਿ ਵਿਚ ਜਾ ਕੇ ਪਰਮਾਤਮਾ ਦੀ ਸਿਫਤਿ-ਸਾਲਾਹ ਦੀ ਬਾਣੀ ਉਚਾਰਦੇ ਹਨ (ਉਹਨਾਂ ਦਾ) ਉੱਧਾਰ ਹੋ ਜਾਂਦਾ ਹੈ।
ਹੇ ਨਾਨਕ ! ਉਹਨਾਂ ਨੂੰ (ਇਸ) ਸੰਸਾਰ-ਸਮੁੰਦਰ ਵਿਚ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ ।
ਅਮਰ ਜੀਤ ਸਿੰਘ ਚੰਦੀ