ਕੈਟੇਗਰੀ

ਤੁਹਾਡੀ ਰਾਇ



ਅਮਰ ਜੀਤ ਸਿੰਘ (ਡਾ.)
ਅਖੌਤੀ ਜਥੇਦਾਰ ਗੁਰਬਚਨ ਸਿੰਘ ਬਨਾਮ ਸਰਬਰਾਹ ਅਪਰਾਧੀ ਅਰੂੜ ਸਿੰਘ !
ਅਖੌਤੀ ਜਥੇਦਾਰ ਗੁਰਬਚਨ ਸਿੰਘ ਬਨਾਮ ਸਰਬਰਾਹ ਅਪਰਾਧੀ ਅਰੂੜ ਸਿੰਘ !
Page Visitors: 2789

ਅਖੌਤੀ ਜਥੇਦਾਰ ਗੁਰਬਚਨ ਸਿੰਘ ਬਨਾਮ ਸਰਬਰਾਹ ਅਪਰਾਧੀ ਅਰੂੜ ਸਿੰਘ !
ਸਿੱਖ ਕੌਮ ਦੀ ‘ਸਾਂਝੀ ਯਾਦਾਸ਼ਤ’ ਵਿੱਚ ਜਿੱਥੇ ਬੀਤੀਆਂ ਪੰਜ ਸਦੀਆਂ ਦੇ ਨਾਇਕਾਂ ਦੀ ਯਾਦ ਹਮੇਸ਼ਾਂ ਤਰੋਤਾਜ਼ਾ ਰਹਿੰਦੀ ਹੈ ਉਵੇਂ ਹੀ ਸਿੱਖ ਇਤਿਹਾਸ ਦੇ ਗੱਦਾਰਾਂ ਨੂੰ ਵੀ ਸਿੱਖ ਉਂਗਲੀਆਂ ਦੇ ਪੋਟਿਆਂ ‘ਤੇ ਗਿਣ ਦਿੰਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਚਾਰ ਸਦੀਆਂ ਦੇ ਇਤਿਹਾਸ ਦੇ ਨਾਇਕਾਂ ਵਿੱਚ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਬਾਬਾ ਦੀਪ ਸਿੰਘ, ਅਕਾਲੀ ਫੂਲਾ ਸਿੰਘ ਅਤੇ ਵਰਤਮਾਨ ਸਮੇਂ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ‘ਚਮਕਦੇ ਸਿਤਾਰੇ’ ਹਨ। ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਅਕਾਲ ਤਖਤ ਦਾ ਸਰਬਰਾਹ ਅਰੂੜ ਸਿੰਘ ਇੱਕ ਗੱਦਾਰ ਵਜੋਂ ਉੱਭਰਦਾ ਹੈ ਕਿਉਂਕਿ ਉਸ ਨੇ ਜੱਲ੍ਹਿਆਂਵਾਲੇ ਬਾਗ ਦਾ ਖੂਨੀ ਕਾਂਡ ਵਰਤਾਉਣ ਵਾਲੇ ਜਨਰਲ ਡਾਇਰ ਨੂੰ ਅਕਾਲ ਤਖਤ ਤੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਸੀ।
ਜੂਨ ’84 ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਵਲੋਂ ਕੈਮਰਿਆਂ ਦੇ ਸਾਹਮਣੇ ਖੁੱਲ੍ਹ ਕੇ ਦਿੱਤਾ ਬਿਆਨ ‘ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ’ – ਉਸ ਨੂੰ ਗਦਾਰਾਂ ਦੀ ਲਿਸਟ ਵਿੱਚ ਲਿਆ ਖੜ੍ਹਾ ਕਰਦਾ ਹੈ। ਸਿੱਖ ਸੰਗਤਾਂ ਨੇ ਨਾਂ ਸਿਰਫ ਗਿ. ਕਿਰਪਾਲ ਸਿੰਘ ਨੂੰ ਜ਼ਲੀਲ ਕੀਤਾ ਬਲਕਿ ਉਸ ‘ਤੇ ਹਮਲਾ ਵੀ ਹੋਇਆ, ਜਿਸ ਵਿੱਚ ਉਹ ਜ਼ਖਮੀ ਹੋਇਆ।
ਜਥੇਦਾਰ ਰਣਜੀਤ ਸਿੰਘ ਵਲੋਂ ਟੌਹੜੇ ਨੂੰ ਨਰਕਧਾਰੀ ਭਵਨ ਜਾਣ ਦੇ ਬਾਵਜੂਦ ਦਿੱਤੀ ਗਈ ਮਾਫੀ!
ਜਥੇਦਾਰ ਪੂਰਨ ਸਿੰਘ ਵਲੋਂ ਆਰ. ਐਸ. ਐਸ. ਦੇ ਸੈਂਟਰ ਗੁਣੇ ਤੋਂ ‘ਫੈਕਸ’ ਰਾਹੀਂ ਨਾਨਕਸ਼ਾਹੀ ਕੈਲੰਡਰ ਦੇ ਖਿਲਾਫ ਕੀਤੀ ਗਈ ‘ਹੁਕਮਨਾਮਾ ਕਾਰਵਾਈ’ ਬੀਤੇ ਵਰ੍ਹਿਆਂ ਦੀ ‘ਕੌਮੀ ਸਾਂਝੀ ਯਾਦਾਸ਼ਤ’ ਦੀਆਂ ਕੁਝ ਅਹਿਮ ਘਟਨਾਵਾਂ ਹਨ।
  ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ‘ਟਰੈਕ ਰਿਕਾਰਡ’ ਪਹਿਲੇ ਦਿਨ ਤੋਂ ਹੀ ਸ਼ੱਕ ਦੇ ਘੇਰੇ ਵਿੱਚ ਰਿਹਾ ਹੈ। ਜਥੇਦਾਰ ਵਲੋਂ ਕੁੰਭ ਮੇਲੇ ਸਮੇਤ ਹਿੰਦੂ ਸਮਾਗਮਾਂ ‘ਤੇ ਜਾਣਾ, ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣਾ, ਬਾਦਲ ਨੂੰ ‘ਫਖਰ-ਏ-ਕੌਮ’ ਤੇ ‘ਪੰਥ ਰਤਨ’ ਵਰਗੇ ਸਨਮਾਨਾਂ ਨਾਲ ਨਿਵਾਜਣਾ, ਗੁਰਬਖਸ਼ ਸਿੰਘ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੇ ਵਰਤ ਨੂੰ ਸਾਬੋਤਾਜ ਕਰਨਾ ਅਤੇ ਬਾਪੂ ਸੂਰਤ ਸਿੰਘ ਦੇ ਵਰਤ ਨੂੰ ਬਿਲਕੁਲ ਅਣਗੌਲ਼ਿਆਂ ਕਰਨਾ ਆਦਿ ਇਸ ਲਾਲਚੀ ਜਥੇਦਾਰ ਦੀਆਂ ਕੁਝ-ਕੁ ਗੈਰ-ਪੰਥਕ ਕਾਰਵਾਈਆਂ ਹਨ।
  ਪਿਛਲੇ ਦਿਨੀਂ ਜਿਸ ਤਰੀਕੇ ਨਾਲ ਬੰਦ-ਕਮਰਾ ਕਾਰਵਾਈ ਕਰਕੇ, ਜਥੇਦਾਰਾਂ ਨੇ ਸੌਦਾ ਸਾਧ ਨੂੰ ਬਿਨ ਮੰਗਿਆਂ ‘ਮਾਫੀ ਦੇਣ’ ਦਾ ਬੱਜਰ ਗੁਨਾਹ ਕੀਤਾ, ਉਸ ਨੇ ਦੁਨੀਆਂ ਭਰ ਵਿੱਚ ਬੈਠੀ ਸਿੱਖ ਕੌਮ ਨੂੰ ਸਕਤੇ ਵਿੱਚ ਲੈ ਆਂਦਾ ਹੈ। ਜ਼ਾਹਰ ਹੈ ਕਿ ਇਹ ਕੁਕਰਮ, ਸੁਖਬੀਰ ਬਾਦਲ ਦੇ ਸਿੱਧੇ ਹੁਕਮਾਂ ਥੱਲੇ ਕੀਤਾ ਗਿਆ। 2007 ਵਿੱਚ ਸੌਦਾ ਸਾਧ ਦੇ ਖਿਲਾਫ, ਅਕਾਲ ਤਖਤ ਤੋਂ ਜਾਰੀ ਗੁਰਮਤੇ ‘ਤੇ ਅਮਲ ਕਰਦਿਆਂ ਭਾਈ ਕੰਵਲਜੀਤ ਸਿੰਘ ਸੰਗਰੂਰ, ਭਾਈ ਹਰਮਿੰਦਰ ਸਿੰਘ ਡੱਬਵਾਲੀ ਤੇ ਭਾਈ ਬਲਕਾਰ ਸਿੰਘ ਜਾਮਾਰਾਏ ਨੇ ਸ਼ਹੀਦੀਆਂ ਪਾਈਆਂ, ਸੈਂਕੜੇ ਜ਼ਖਮੀ ਹੋਏ ਅਤੇ ਸੈਂਕੜਿਆਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ। ਪੰਜਾਬ, ਰਾਜਸਥਾਨ, ਹਰਿਆਣਾ ਸਮੇਤ ਕਈ ਸਟੇਟਾਂ ਵਿੱਚ, ਸੌਦਾ ਸਾਧ ਦੀਆਂ ਨਾਮ-ਚਰਚਾਵਾਂ ਨੂੰ ਰੋਕਣ ਲਈ ਸਿੱਖ ਸੰਗਤਾਂ ਨੇ ਥਾਂ-ਥਾਂ ਮੋਰਚੇ ਲਾਏ ਅਤੇ ਕਈ ਥਾਈਂ ਖੂਨੀ ਝੜਪਾਂ ਹੋਈਆਂ ਪਰ ਜਥੇਦਾਰਾਂ ਦੀ ਇਸ ਤਾਜ਼ਾ ਕਰਤੂਤ ਨੇ ਕੌਮ ਨੂੰ ਅਰੂੜ ਸਿੰਘ ਵਾਕਿਆ ਮੁੜ ਯਾਦ ਕਰਵਾ ਦਿੱਤਾ ਹੈ।
  ਸਿੱਖ ਸੰਗ
ਤਾਂ ਵਿੱਚ ਇਹ ਸਵਾਲ ਹੈ ਕਿ ਇਹ ਅਚਾਨਕ ਕਿਉਂ ਤੇ ਕਿਵੇਂ ਹੋਇਆ? ਯਾਦ ਰਹੇ, ਪੰਜਾਬ ਦੇ ਸਾਬਕਾ ਡੀ. ਜੀ. ਪੀ. ਸ਼ਸ਼ੀ ਕਾਂਤ ਨੇ ਇਹ ਇੰਕਸ਼ਾਫ ਕੀਤਾ ਸੀ ਕਿ 2007 ਵਿੱਚ ਸੌਦਾ ਸਾਧ ਵਲੋਂ ਕੀਤੀ ਗਈ ਕਾਰਵਾਈ, ਅਸਲ ਵਿੱਚ ਸੁਖਬੀਰ ਬਾਦਲ ਦੇ ਹੁਕਮਾਂ ‘ਤੇ ਪੰਜਾਬ ਦੀ ਖੁਫੀਆ ਏਜੰਸੀ ਵਲੋਂ ਕੀਤਾ ਅਪਰੇਸ਼ਨ ਹੀ ਸੀ। ਸ਼ਸ਼ੀ ਕਾਂਤ ਅਨੁਸਾਰ, ਸੌਦਾ ਸਾਧ ਵਲੋਂ ਦਸਮੇਸ਼ ਪਿਤਾ ਵਰਗਾ ਪਾਇਆ ਲਿਬਾਸ ਅਤੇ ਅੰਮ੍ਰਿਤ ਦੇ ਨਾਂ ਥੱਲੇ ਜਾਮੇ-ਇਨਸਾਂ ਤਿਆਰ ਕਰਨ ਵਿੱਚ ਖੁਫੀਆ ਏਜੰਸੀਆਂ ਦਾ ਹੀ ਰੋਲ ਸੀ। ਸਲਾਬਤਪੁਰ ਡੇਰੇ ਵਿੱਚ ਕੀਤੇ ਗਏ ਇਸ ਡਰਾਮੇ ਦੀਆਂ ਫੋਟੋਆਂ ਵੀ ਏਜੰਸੀਆਂ ਨੇ ਖਿੱਚੀਆਂ ਸਨ ਅਤੇ ਫੇਰ ਅਖਬਾਰਾਂ ਵਿੱਚ (ਸਮੇਤ ਅਜੀਤ ਦੇ) ਵੱਡੇ-ਵੱਡੇ ਇਸ਼ਤਿਹਾਰ ਲਵਾਉਣ ਦੇ ਬਿੱਲਾਂ ਦਾ ਭੁਗਤਾਣ ਵੀ ਖੁਫੀਆ ਪੈਸੇ ਨਾਲ ਹੀ ਕੀਤਾ ਗਿਆ ਸੀ। ਇਸ ਅਪਰੇਸ਼ਨ ਦਾ ਕਾਰਣ ਸੀ 2005 ਦੀਆਂ ਅਸੰਬਲੀ ਚੋਣਾਂ ਦੌਰਾਨ, ਸੌਦਾ ਸਾਧ ਦੇ ਚੇਲਿਆਂ ਵਲੋਂ ਕਾਂਗਰਸ ਨੂੰ ਵੋਟਾਂ ਪਾਉਣਾ। ਹੁਣ ਸੌਦਾ ਸਾਧ ਨੂੰ ‘ਸਬਕ’ ਸਿਖਾ ਦਿੱਤਾ ਗਿਆ ਹੈ ਅਤੇ 2017 ਦੀਆਂ ਅਸੰਬਲੀ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੁਣ ਸੁਖਬੀਰ ਬਾਦਲ ਵਲੋਂ 2005 ਵਿੱਚ ਅਰੰਭੇ ਡਰਾਮੇ ਦਾ ਡਰਾਪਸੀਨ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਵੀ ਧਿਆਨ ਰਹੇ ਕਿ ਸੌਦਾ ਸਾਧ ਨੇ ਹਰਿਆਣਾ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਖੁੱਲ ਕੇ ਬੀ. ਜੇ. ਪੀ. ਦੀ ਹਮਾਇਤ ਕੀਤੀ ਸੀ। ਹੁਣ ਬੀ. ਜੇ. ਪੀ. ਪੰਜਾਬ ਵਿੱਚ ‘ਆਜ਼ਾਦਾਨਾ ਚੋਣ’ ਲੜਨ ਲਈ ਆਪਣੇ ਪਰ ਤੋਲ ਰਹੀ ਹੈ। ਇਸ ਲਈ ਅਤਿ ਜ਼ਰੂਰੀ ਸੀ ਕਿ ਸੌਦਾ ਸਾਧ ਨਾਲ ‘ਸੌਦੇਬਾਜ਼ੀ’ ਫੌਰਨ ਕੀਤੀ ਜਾਂਦੀ।
 ਸੌਦਾ ਸਾਧ ਦੀ ਫਿਲਮ ‘ਤੇ ਪੰਜਾਬ ਵਿੱਚ ਪਾਬੰਦੀ ਨਾ ਲਾਉਣਾ (ਜਿਵੇਂ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਝਾਰਖੰਡ ਵਿੱਚ ਲਾਈ ਗਈ ਹੈ), ਸੌਦਾ ਸਾਧ ਦੇ ਚੇਲਿਆਂ ਵਲੋਂ ਤਿੰਨ ਦਿਨ ਮਾਲਵੇ ਵਿੱਚ ਰੇਲਾਂ ਤੇ ਬੱਸਾਂ ਰੋਕਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨਾ, ਜਥੇਦਾਰਾਂ ਦੇ ‘ਦੰਭੀ ਐਲਾਨ’ ਤੋਂ ਬਾਅਦ ਇਸ ਫਿਲਮ ਦਾ ਸਿਨਮਾਘਰਾਂ ਵਿੱਚ ਫੌਰਨ ਪ੍ਰਦਰਸ਼ਨ ਸਾਬਤ ਕਰਦਾ ਹੈ ਕਿ ਇਸ ਅਖੌਤੀ ਹੁਕਮਨਾਮੇ ਦੀ ਹਕੀਕਤ ਕੀ ਹੈ।ਕੌਮ ਵਿੱਚ ਗੁੱਸੇ ਦੀ ਲਹਿਰ ਨੂੰ ਵੇਖਦਿਆਂ ਜਥੇਦਾਰ ਲੁਕੇ ਹੋਏ ਹਨ, ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਜ਼ਬਰਦਸਤੀ (ਬਿਨਾਂ ਕਿਸੇ ਨੂੰ ਬੋਲਣ ਦਾ ਮੌਕਾ ਦਿੱਤਿਆਂ) ਸਹਿਮਤੀ ਲੈਣ ਦਾ ਨਾਟਕ ਰਚਿਆ ਗਿਆ ਹੈ, ਦੇਸ਼-ਵਿਦੇਸ਼ ਦੇ ਟੁੱਕੜਬੋਚ ਬਾਦਲਕਿਆਂ ਵਲੋਂ ਬਿਆਨਬਾਜ਼ੀਆਂ ਦਾ ਸਿਲਸਿਲਾ ਜਾਰੀ ਹੈ ਪਰ ਬਾਦਲਕਿਆਂ ਦੇ ਚਿਹਰਿਆਂ ‘ਤੇ ਹਵਾਈਆਂ ਉੱਡੀਆਂ ਨਜ਼ਰ ਆਉਂਦੀਆਂ ਹਨ ਤੇ ਬੁੱਲ੍ਹਾਂ ‘ਤੇ ਸਿੱਕਰੀ ਜੰਮੀ ਹੋਈ ਹੈ।
  ਪੰਥਕ ਜਥੇਬੰਦੀਆਂ ਵਲੋਂ ਪੰਜਾਬ ਬੰਦ ਹੋ ਚੁੱਕਾ ਹੈ, ਇਸ ਅਖੌਤੀ ਹੁਕਮਨਾਮੇ ਦੀ ਕਾਪੀ ਪਾੜੀ ਗਈ ਹੈ, ਅਕਾਲ ਤਖਤ ਸੈਕਟਰੀਏਟ ਦੇ ਬਾਹਰ ਧਰਨਾ ਦਿੱਤਾ ਗਿਆ ਹੈ, ਦੀਵਾਲੀ ਤੇ ਸਰਬੱਤ ਖਾਲਸਾ ਸੱਦ ਕੇ ਜਥੇਦਾਰਾਂ ਨੂੰ ਲਾਹ ਕੇ ਨਵੇਂ ਜਥੇਦਾਰ ਬਣਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਬਾਦਲਕਿਆਂ ਨੇ ਸਿੱਖ ਕੌਮ ਦੇ ਰੋਹ ਨੂੰ ਤਾੜਦਿਆਂ ਜਥੇਦਾਰ ਤੋਂ ਐਲਾਨ ਕਰਵਾਇਆ ਹੈ ਕਿ ਉਹ ਹੁਕਮਨਾਮੇ ਨੂੰ ‘ਰੀਵਿਊ’ ਕਰਨ ਲਈ, ਇੱਕ ਕਮੇਟੀ ਬਣਾਉਣ ਨੂੰ ਤਿਆਰ ਹਨ, ਜਿਸ ਲਈ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ‘ਸੁਝਾਅ’ ਲਿਖ ਕੇ ਭੇਜਣ। ਇਹ ਕਮੇਟੀ ਬਣਾਉਣਾ, ਇਸ ਵੇਲੇ ਕੌਮ ਵਿੱਚ ਜਾਗੇ ਰੋਹ ਦੀ ਗਤੀ ਨੂੰ ਤੋੜਨਾ ਹੈ। ਯਾਦ ਰਹੇ ਕਿ ਅਕਾਲ ਤਖਤ ਜਾਂ ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ ਬਣਾਈਆਂ ਜਾਂ ਐਲਾਨੀਆਂ ਕਮੇਟੀਆਂ ਦਾ ਕੀ ਹਸ਼ਰ ਹੋਇਆ?
 ਪਿਛਲੇ ਕੁਝ ਵਰ੍ਹਿਆਂ ਦੌਰਾਨ ਬਣੀਆਂ ਕਮੇਟੀਆਂ ਦਾ ਹਸ਼ਰ ਦੇਖੀਏ। ਨਾਨਕਸ਼ਾਹੀ ਕੈਲੰਡਰ ‘ਤੇ ਵਿਚਾਰ ਕਰਨ ਲਈ ਮਾਹਿਰਾਂ ਦੀ ਕਮੇਟੀ ਬਣਾਉਣ ਤੋਂ ਪਹਿਲਾਂ ਹੀ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣਾ, ਹਾਈਕੋਰਟ ਨੂੰ ਸਿੱਖ ਦੀ ਪ੍ਰੀਭਾਸ਼ਾ ‘ਤੇ ਪ੍ਰੋ. ਅਨੁਰਾਗ ਸਿੰਘ (ਉਦੋਂ ਚੇਅਰਮੈਨ ਸਿੱਖ ਇਤਿਹਾਸ ਰਿਸਰਚ ਬੋਰਡ) ਵਲੋਂ ਗਲਤ ਐਫੀਡੇਵਿਟ ਦੀ ਪੜਤਾਲ ਲਈ ਬਣਾਈ ਕਮੇਟੀ ਦੀ ਰਿਪੋਰਟ ਕਦੀ ਸਾਹਮਣੇ ਨਾ ਆਉਣਾ, ਦਰਬਾਰ ਸਾਹਿਬ ਵਿੱਚ ਬੀਬੀਆਂ ਦੇ ਕੀਰਤਨ ਕਰਨ ਤੇ ਸੇਵਾ ਕਰਨ ਸਬੰਧੀ ਬਣਾਈ ਗਈ ਕਮੇਟੀ ਦੀ ਰਿਪੋਰਟ ਨੂੰ ਦਫਨ ਕਰਨਾ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਜਥੇਦਾਰੀ ਤੋਂ ਲਾਂਭੇ ਕਰਨ ਤੋਂ ਬਾਅਦ ਐਲਾਨੀ ਗਈ ਕਮੇਟੀ, ਜਿਸ ਨੇ ਜਥੇਦਾਰਾਂ ਦੀ ਨਿਯੁਕਤੀ ਤੇ ਬਰਖਾਸਤਗੀ ਦੇ ਨਿਯਮ ਬਣਾਉਣੇ ਸਨ, ਅਜੇ ਤੱਕ ਹੋਂਦ ਵਿੱਚ ਨਾ ਲਿਆਉਣਾ, ਇਸ ‘ਕਮੇਟੀ ਚੱਕਰਵਿਊ’ ਦੀਆਂ ਕੁਝ ਸੱਜਰੀਆਂ ਉਦਾਹਰਣਾਂ ਹਨ।
 ਸੋ, ਸਿੱਖ ਸੰਗਤਾਂ ਇਸ ‘ਕਮੇਟੀ ਚੱਕਰਵਿਊ’ ਨੂੰ ਪੂਰੀ ਤਰ੍ਹਾਂ ਨਕਾਰਦਿਆਂ, ਸਰਬੱਤ ਖਾਲਸਾ ਰਾਹੀਂ ਪੰਥਕ ਫੈਸਲੇ ਲੈਣ ਦੀ ਮਰਿਯਾਦਾ ਨੂੰ ਮੁੜ ਸੁਰਜੀਤ ਕਰਨ, ਇਸ ਲਈ ਭਾਵੇਂ ਜਿੰਨੀ ਮਰਜ਼ੀ ਕੁਰਬਾਨੀ ਕਰਨੀ ਪਵੇ, ਜਿਵੇਂ ਅਰੂੜ ਸਿੰਘ ਦੀ ਕਰਤੂਤ ਤੋਂ ਬਾਅਦ, ਸਿੱਖ ਕੌਮ ਨੇ ਗੁਰਦੁਆਰਿਆਂ ਨੂੰ ਸਰਕਾਰੀ ਮਹੰਤਾਂ ਦੇ ਜੂਲੇ ‘ਚੋਂ ਕੱਢਣ ਲਈ, ਗੁਰਦੁਆਰਾ ਸੁਧਾਰ ਲਹਿਰ ਵਿੱਢੀ ਸੀ, ਠੀਕ 95 ਸਾਲ ਬਾਅਦ ਅੱਜ ਸਿੱਖ ਕੌਮ ਵਲੋਂ ਇਹ ਮਹਿਸੂਸ ਕੀਤਾ ਜਾਣ ਲੱਗਾ ਹੈ ਕਿ ਹੁਣ ਗੁਰਦੁਆਰਿਆਂ ਨੂੰ ਆਰ. ਐਸ. ਐਸ. ਦੇ ਹੱਥਠੋਕੇ
ਅਕਾਲੀ-ਮਹੰਤਾਂ ਤੋਂ ਆਜ਼ਾਦ ਕਰਵਾਉਣ ਦਾ ਸਮਾਂ ਆ ਪਹੁੰਚਿਆ ਹੈ।
ਇਸ ਕੌਮੀ ਰੋਹ ਨੂੰ ਉਲਟ ਦਿਸ਼ਾ ਵੱਲ ਤੋਰਨ ਲਈ ਏਜੰਸੀਆਂ ਕਈ ਹੱਥਕੰਡੇ ਵਰਤਣਗੀਆਂ। ਹਿੰਸਕ ਕਾਰਵਾਈਆਂ ਦਾ ਸਹਾਰਾ ਲੈ ਕੇ, ਸਿੱਖ ਨੌਜਵਾਨਾਂ ‘ਤੇ ਦਮਨ ਚੱਕਰ ਤੇਜ਼ ਕੀਤਾ ਜਾਵੇਗਾ। ਇਸ ਲਹਿਰ ਵਿੱਚ ਸਰਕਾਰੀ ਪਿੱਠੂ ਵਾੜ ਕੇ ਫੇਰ ਕਿਨਾਰਾਕਸ਼ੀ ਕਰਵਾਉਣ ਦਾ ਹਥਿਆਰ ਵੀ ਵਰਤਿਆ ਜਾਵੇਗਾ। ਵਿਰੋਧੀ ਸੁਰ ਵਾਲਿਆਂ ਨੂੰ ‘ਕੱਟੜਵਾਦੀ, ਅੱਤਵਾਦੀ, ਪੰਜਾਬ ਦਾ ਅਮਨ ਭੰਗ ਕਰਨ ਵਾਲੇ, ਵਰਗੇ ਲਕਬਾਂ ਨਾਲ ਹਿੰਦੂਤਵੀ ਮੀਡੀਏ ਵਲੋਂ ਪ੍ਰਚਾਰਿਆ ਜਾਵੇਗਾ। ਪਰ ਵੇਖਣਾ ਇਹ ਹੈ ਕਿ ਪੰਥਕ ਜਥੇਬੰਦੀਆਂ ਕਿਵੇਂ ਸਿਰ ਜੋੜ ਬੈਠ ਕੇ, ਇਸ ਪੰਥਕ ਉਭਾਰ ਨੂੰ, ਠੋਸ ਸਿਆਸੀ ਦਿਸ਼ਾ-ਨਿਰਦੇਸ਼ ਲਈ ਵਰਤਦੀਆਂ ਹਨ ?
ਵੀਹਵੀਂ-ਇੱਕੀਵੀਂ ਸਦੀ ਦਾ ਸਾਡਾ ਇਤਿਹਾਸ ਦੱਸਦਾ ਹੈ ਕਿ ਅਸੀਂ ਕਦੇ ਵੀ ਮੌਕਾ ਗਵਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੱਤਾ। 1920ਵਿਆਂ ਦੀ ਗੁਰਦੁਆਰਾ ਸੁਧਾਰ ਲਹਿਰ ਦੀ ਜਿੱਤ, ਹਿੰਦੂ ਕਾਂਗਰਸ ਦੀ ‘ਰਾਸ਼ਟਰਵਾਦੀ ਨੀਤੀ’ ਵਿੱਚ ਜਜ਼ਬ ਕਰਨਾ, 1947 ਦੌਰ ਵਿੱਚ, ਆਪਣੀ ਹੋਣੀ ਆਪ ਘੜਨ ਦਾ ਹੱਕ ਛੱਡ ਕੇ ਕਾਂਗਰਸ ਦੀ ਝੋਲੀ ਵਿੱਚ ਡਿੱਗਣਾ, ਐਮਰਜੈਂਸੀ ਦੇ ਖਿਲਾਫ ਮੋਰਚੇ ਦੌਰਾਨ ਦਿੱਲੀ ਦੀ ਪੰਜਾਬ ਨੂੰ ਵੱਖਰਾ ਰੁਤਬਾ ਦੇਣ (ਧਾਰਾ 370) ਦੀ ਪੇਸ਼ਕਸ਼ ਨੂੰ ਠੁਕਰਾਉਣਾ, ਜੂਨ ’84 ਤੋਂ ਬਾਅਦ ਘਬਰਾਈ ਰਾਜੀਵ ਸਰਕਾਰ ਸਾਹਮਣੇ ਲੌਂਗੋਵਾਲ ਦਾ ਆਤਮ-ਸਮਰਪਣ ਕਰਕੇ ਸਿੱਖ ਕੌਮ ਲਈ ਕੁਝ ਹਾਸਲ ਕਰ ਸਕਣ ਦੇ ਮੌਕੇ ਨੂੰ ਗਵਾਉਣਾ ਆਦਿ ਮੁੱਖ-ਧਾਰਾ ਅਕਾਲੀ ਸਿਆਸਤ ਦੇ ਬੱਜਰ-ਗੁਨਾਹ ਹਨ। ਪਰ 1984 ਤੋਂ ਬਾਅਦ ਸੰਘਰਸ਼ਸ਼ੀਲ ਪੰਥਕ ਧਿਰਾਂ (ਜੁਝਾਰੂਆਂ ਸਮੇਤ) ਵਿੱਚ ਆਪਸੀ ਬੇ-ਵਿਸ਼ਵਾਸੀ ਤੇ ਨਾ-ਇਤਫਾਕੀ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ। ਸਾਨੂੰ ਬੀਤੇ ਦੀਆਂ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਲੋੜ ਹੈ। ਜਥੇਦਾਰਾਂ ਵਲੋਂ ਬਾਦਲ ਦੇ ਹੁਕਮਾਂ ‘ਤੇ ਕੀਤੇ ਗਏ ਇਸ ‘ਬੱਜਰ-ਗੁਨਾਹ’ ਨੇ ਕੌਮ ਵਿੱਚ ਇਨ੍ਹਾਂ ਦੇ ਖਿਲਾਫ ਇੱਕ ‘ਭਾਵਨਾਤਮਕ ਰੋਹ ਦੀ ਸਾਂਝ’ ਪੈਦਾ ਕੀਤੀ ਹੈ।
 ਇਹ ਹੁਣ ਪੰਥਪ੍ਰਸਤ ਸਿੱਖ ਜਥੇਬੰਦੀਆਂ ਦਾ ਫਰਜ਼ ਹੈ ਕਿ ਇਸ ਕੌਮੀ ਰੋਹ ਨੂੰ ਠੀਕ ਸਿਆਸੀ ਦਿਸ਼ਾ ਦੇ ਕੇ ਜਿੱਥੇ ਅਕਾਲ ਤਖਤ ਨੂੰ ਅਕਾਲੀ ਮਸੰਦਾਂ ਤੋਂ ਆਜ਼ਾਦ ਕਰਵਾਉਣ, ਉੱਥੇ ਕੌਮੀ ਘਰ ਖਾਲਿਸਤਾਨ ਦੇ ਸੰਘਰਸ਼ ਨੂੰ ਵੀ ਅਗਵਾਈ ਦੇਣ।

ਡਾ.ਅਮਰਜੀਤ ਸਿੰਘ
………………
ਟਿੱਪਣੀ:- ਫਿਲਹਾਲ ਗੱਲ ਸਿਰਫ ‘ਸਰਬੱਤ-ਖਾਲਸਾ’ਦੀ ਹੋਣੀ ਚਾਹੀਦੀ ਹੈ, ਉਸ ਦੇ ਹਰ ਪੱਖ ਤੇ ਵਿਚਾਰ ਕਰਦਿਆਂ, ਉਨ੍ਹਾਂ ਨੂੰ ਲਾਗੂ ਕਰਦਿਆਂ ਕਈ ਦਹਾਕੇ ਲੱਗ ਜਾਣੇ ਹਨ । ਉਸ ਤੋਂ ਵੀ ਪਹਿਲਾਂ 2017 ਦੀਆਂ ਚੋਣਾਂ ਬਾਰੇ ਪੂਰੀ ਵਿਉਂਤਬੰਦੀ ਹੋਣੀ ਚਾਹੀਦੀ ਹੈ, ਕਿਉਂਕਿ ਆਪ ਦਾ ਇਨਕਲਾਬ, ਪੰਜਾਬ ਤੋਂ ਹੀ ਸ਼ੁਰੂ ਹੋਇਆ ਹੈ ਅਤੇ ਬੀ.ਜੇ.ਪੀ. ਨੂੰ ਇਹ ਫਿਕਰ ਸਤਾ ਰਹੀ ਹੈ ਕਿ, ਦਿੱਲੀ ਵਾਲਾ ਸਾਕਾ ਪੰਜਾਬ ਵਿਚ ਫਿਰ ਦੁਹਰਾ ਹੋਵੇਗਾ। (ਇਸ ਲਈ ਉਸ ਨੇ ਦਿੱਲੀ ਦੀ ਚੋਣ ਵਿਚਾਲੇ ਹੀ ਕੇਜਰੀਵਾਲ ਨਾਲੋਂ ਬੇਦੀ ਨੂੰ ਦਿੱਲੀ ਲਈ ਵਧੀਆ ਮੁੱਖ-ਮੰਤ੍ਰੀ ਕਹਣ ਵਾਲਿਆਂ ਦੀ ਟੀਮ ਬਣਾ ਕੇ ਉਸ ਨੂੰ ਪੰਜਾਬ ਵਿੱਚ ਆਪ (A.A.P.) ਦੇ ਨਵੇਂ ਸੰਸਕਰਣ ਵਜੋਂ , ਆਪ ਨੂੰ ਰੋਕਣ ਲਈ ਭੇਜ ਦਿੱਤਾ ਹੈ) ਇਸ ਬਾਰੇ ਵਿਉਂਤਬੰਦੀ ਕਰਨ ਲਈ ਸੁਹਿਰਦ ਸਿੱਖਾਂ ਦੀ ਟੀਮ ਬਣਨੀ ਚਾਹੀਦੀ ਹੈ, ਜੋ ਖਾਸ ਖਿਆਲ ਰੱਖੇ ਕਿ ਸਿੱਖਾਂ ਦੀਆਂ ਵੋਟਾਂ ਕਿਸੇ ਤਰ੍ਹਾਂ ਵੀ ਨਾ ਕੱਟ ਹੋਣ। ਸਿੱਖਾਂ ਦੀਆਂ ਵੋਟਾਂ ਤੋੜਨ ਦੇ ਚਾਹਵਾਨਾਂ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਸਮਾ ਆਉਣ ਤੇ ਉਨ੍ਹਾਂ ਦਾ ਯੋਗ ਸਵਾਗਤ ਕੀਤਾ ਜਾਵੇ ।
  ਖਾਲਸਾ ਰਾਜ ਬਾਰੇ, ਆਪਣੇ ਘਰ ਬਾਰੇ ਵਿਉਂਤ ਬੰਦੀ ਸਦੀਆਂ ਦਾ ਸਮਾ ਮੰਗਦੀ ਹੈ, ਉਸ ਨੂੰ ਬਨਾਉਣ ਵਾਲੇ ਵੀ ਗੁਰਬਾਣੀ ਵਿਚਲੇ ਖਾਲਸਾ ਰਾਜ ਤੋਂ ਭਲੀ ਭਾਂਤ ਜਾਣੂ ਹੋਣੇ ਚਾਹੀਦੇ ਹਨ। ਖਾਲਸਾ ਰਾਜ ਹਿੰਦੁਸਤਾਨ, ਪਾਕਿਸਤਾਨ ਵਰਗਾ ਹੀ ਕੋਈ ਖਾਲਿਸਤਾਨ ਨਹੀਂ ਹੋ ਸਕਦਾ, ਦੁਨੀਆਂ ਦੇ ਸਾਰੇ ਨਿਮਾਣੇ ਲੋਕ ਉਸ ਦੇ ਭਾਈਵਾਲ ਹੋਣਗੇ, ਤਾਂ ਹੀ ਖਾਲਸਾ ਰਾਜ ਕਾਮਯਾਬ ਹੋਵੇਗਾ, ਬਾਕੀ ਤਾਂ ਕੋਈ ਵੀ ਰਾਜ ਚਿਰ-ਸਥਾਈ ਨਹੀਂ ਹੋ ਸਕਦਾ।
 ਅਸੀਂ ਆਪਣੀਆਂ ਮਨ-ਮੱਤਾਂ ਬਹੁਤ ਚਲਾ ਲਈਆਂ ਹਨ, ਹੁਣ ਹਰ ਵਿਉਂਤ-ਬੰਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਧੀਨ ਹੋਣੀ ਚਾਹੀਦੀ ਹੈ । (ਬਾਕੀ ਬਹੁਤ ਕੁਝ ਫਿਰ)

                      ਅਮਰ ਜੀਤ ਸਿੰਘ ਚੰਦੀ
                                 6-10-15  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.