ਕੈਟੇਗਰੀ

ਤੁਹਾਡੀ ਰਾਇ



ਹਰਪ੍ਰੀਤ ਕੌਰ ਖਾਲਸਾ
8 ਮਾਰਚ ਨੂੰ ਮਹਿਲਾ ਦਿਵਸ ’ਤੇ ਵਿਸ਼ੇਸ਼ (ਭਾਗ ੧)
8 ਮਾਰਚ ਨੂੰ ਮਹਿਲਾ ਦਿਵਸ ’ਤੇ ਵਿਸ਼ੇਸ਼ (ਭਾਗ ੧)
Page Visitors: 2608

8 ਮਾਰਚ ਨੂੰ ਮਹਿਲਾ ਦਿਵਸ ’ਤੇ ਵਿਸ਼ੇਸ਼ (ਭਾਗ ੧)
ਮਾਦਾ ਭਰੂਣ ਹੱਤਿਆ ਦੇ ਵਿਰੋਧੀਆਂ ਨੂੰ ਜਨਮੀਆਂ ਹੋਈਆਂ ਲੜਕੀਆਂ ਦੇ ਜਿਉਣ ਅਤੇ ਉਹਨਾ ਦੀ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ ।
ਇਸਤਰੀਆਂ ਪ੍ਰਤੀ ਆਪਣੀ ਸੋਚ ਬਦਲੇ ਤੋਂ ਵਗੈਰ ਕੀ 8 ਮਾਰਚ ਨੂੰ ਇੱਕ ਸਾਲ ਬਾਅਦ ਮਹਿਲਾ ਦਿਵਸ ਮਨਾ ਕੇ ਹੀ ਇਸਤਰੀ ਨੂੰ ਬਰਾਬਰਤਾ ਦਿੱਤੀ ਜਾ ਸਕਦੀ ਹੈ ? ਬਿਲਕੁਲ ਵੀ ਨਹੀਂ ! ਇਹੀ ਕਾਰਨ ਹੈ ਕਿ ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹੱਤਿਆਵਾਂ ਕਾਰਨ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਕੀਤੇ ਜਾ ਰਹੇ ਵੱਡੇ ਵੱਡੇ ਅਡੰਬਰ ਬੇਅਰਥ ਹੋ ਰਹੇ ਹਨ । ਕੇਂਦਰ ਸਰਕਾਰਾਂ, ਸੂਬਾ ਸਰਕਾਰਾਂ, ਪ੍ਰਸ਼ਾਸ਼ਨ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਆਦਿ ਮੰਨ ਲਉ ਕਿ ਹਰ ਇੱਕ ਹੀ ਮਾਦਾ ਭਰੂਣ ਹੱਤਿਆ ਦਾ ਵਿਰੋਧ ਅਤੇ ਇਸਤਰੀ ਨੂੰ ਬਰਾਬਰ ਦੇ ਹੱਕ ਦੇਣ ਦੀ ਵਕਾਲਤ ਕਰ ਰਿਹਾ ਹੈ, ਪਰ ਫਿਰ ਵੀ ਲੜਕੀਆਂ ਦੀ ਗਿਣਤੀ ਘੱਟ ਹੀ ਹੈ ।
 ਸਾਡੇ ਮਰਦ ਪ੍ਰਧਾਨ ਦੇਸ਼ ਵਿੱਚ ਇਸਤਰੀ ਜਾਤੀ ਦੁਰਦਸ਼ਾ ਕਿਸੇ ਤੋਂ ਲੁਕੀ ਛਿੱਪੀ ਨਹੀਂ ਹੈ ਅਤੇ ਨਾ ਹੀ  ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਸਾਡੇ ਦੇਸ਼ ਵਿੱਚ ਕੋਈ ਨਵੀਂ ਪੈਦਾ ਹੋਈ ਹੈ । ਇਹ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ । ਅਜੋਕੇ ਸਮੇਂ ਵਿੱਚ ਇਸਦਾ ਸਿਰਫ ਢੰਗ ਹੀ ਬਦਲਿਆ ਹੈ । ਮਾਦਾ ਭਰੂਣ ਹੱਤਿਆ ਦਾ ਮੁੱਖ ਕਾਰਣ ਇਸਤਰੀ ਦੀ ਨਾ ਬਰਾਬਰੀ ਹੀ ਹੈ ।
 ਕਹਿਣ ਨੂੰ ਤਾਂ ਭਾਵੇਂ ਇਸਤਰੀ ਨੂੰ ਬਰਾਬਰਤਾ ਦਾ ਹੱਕ ਪ੍ਰਾਪਤ ਹੈ, ਪਰ ਅਸਲੀਅਤ ਇਸ ਦੇ ਉਲਟ ਹੈ, ਇਸਤਰੀ ਨਾਲ ਤਾਂ ਇੱਥੋਂ ਦੇ ਕਹੇ ਜਾਂਦੇ ਧਾਰਮਿਕ ਰਹਿਬਰਾਂ ਨੇ ਵੀ ਘੱਟ ਨਹੀਂ ਗੁਜਾਰੀ । ਮਹਾਂਭਾਰਤ ਦੇ ਨਾਇਕਾਂ ਨੇ ਆਪਣੀ ਪਤਨੀ ਦਰੋਪਤਾਂ ਨੂੰ ਆਪਣੀ ਵਸਤੂ ਸਮਝ ਕੇ ਜੂਏ ਵਿੱਚ ਹੀ ਹਾਰ ਦਿੱਤਾ ਸੀ, ਕਹੇ ਜਾਂਦੇ ਰਾਮ ਚੰਦਰ ਅਵਤਾਰ ਨੇ ਆਪਣੀ ਘਰ ਵਾਲੀ ਸੀਤਾ ਨੂੰ ਆਪਣੇ ਘਰੋਂ ਹੀ ਕੱਢ ਦਿੱਤਾ ਸੀ, ਤੁਲਸੀ ਜੀ ਰਮਾਇਣ ਵਿੱਚ ਲਿਖਦੇ ਹਨ ਕਿ ਢੋਰ, ਸੂਦਰ, ਪਸ਼ੂ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ । ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜਾ । ਬੇਸ਼ੱਕ ਸਾਡੇ ਹਿੰਦੂ ਸਮਾਜ ਵਿੱਚ ਦੇਵੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ, ਪਰ ਸਭ ਤੋਂ ਵੱਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਵਿੱਚ ਹੀ ਹੋਇਆ ਹੈ । ਮੁਸਲਿਮ ਸਮਾਜ ਵਿੱਚ ਵੀ ਔਰਤਾਂ ਨੂੰ ਬਰਾਬਰਤਾ ਦਾ ਹੱਕ ਹਾਸਲ ਨਹੀਂ ਹੈ ।
 ਸਿੱਖ ਮੱਤ ਦੇ ਮੋਢੀ ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ :-
 ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ ॥
 ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
 ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ ॥
 ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
॥.......॥(ਪੰਨਾ ਨੰ: 473)॥
 ਪ੍ਰੋ: ਸਾਹਿਬ ਸਿੰਘ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਲਿਖਿਆ ਹੈ ਕਿ ਇਸਤਰੀ ਤੋਂ ਜਨਮ ਲਈਂਦਾ ਹੈ, ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਾਸਤਾ ਚੱਲਦਾ ਹੈ, ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਂਦੀ ਹੈ, ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ, ਜਿਸ ਇਸਤਰੀ ਜਾਤੀ ਤੋਂ ਰਾਜੇ ਭੀ ਜੰਮਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ । (ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ ਪੰਨਾ ਨੰ: 680) ॥
 ਪਰ ਅਜੋਕੀ ਸਿੱਖ ਮੱਤ ਵੀ ਬਾਬੇ ਨਾਨਕ ਦੇ ਸ਼ਬਦਾਂ ਨੂੰ ਰੱਟੇ ਲਾਕੇ ਪੜ੍ਹਨ ਤੱਕ ਹੀ ਸੀਮਿਤ ਹੈ,  ਅਸਲੀਅਤ ਵਿੱਚ ਬਰਾਬਰਤਾ ਔਰਤਾਂ ਨੂੰ ਸਿੱਖ ਮੱਤ ਵਿੱਚ ਵੀ ਨਹੀਂ ਮਿਲ ਰਹੀ । ਜਿਵੇਂਕਿ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਇਸਤਰੀ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਾ ਕਰਨਾ, ਹਰਿਮੰਦਰ ਸਾਹਿਬ ਵਿਖੇ ਸਿੱਖ ਬੀਬੀਆਂ ਨੂੰ ਕੀਰਤਨ ਨਾ ਕਰਨ ਦੇਣਾ, ਗੁਰਦੁਆਰਿਆਂ ਵਿੱਚ ਪੁੱਤਰ ਪ੍ਰਾਪਤੀ ਦੀਆਂ ਅਰਦਾਸਾਂ ਕਰਨੀਆਂ, ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਉਣੇ, ਅਨੰਦ ਕਾਰਜਾਂ ਸਮੇਂ ਲੜਕੀ ਦਾ ਪੱਲਾ ਲੜਕੇ ਹੱਥ ਫੜਾਉਣਾ, ਲੜਕੀ ਨੂੰ ਲੜਕੇ ਦੇ ਖੱਬੇ ਹੱਥ ਬਹਾਉਣਾ ਆਦਿ ਰਸਮਾਂ ਨਾ ਬਰਾਬਰੀ ਦੀਆਂ ਪਰਤੱਖ ਉਦਹਾਰਣਾਂ ਹਨ ।
 ਬੇਸ਼ੱਕ ਕੁੱਝ ਗਿਣਤੀ ਦੀਆਂ ਔਰਤਾਂ ਨੇ ਆਪਣੀ ਯੋਗਤਾ ਸਦਕਾ ਉੱਚ ਮੁਕਾਮ ਹਾਸਿਲ ਕੀਤੇ ਹਨ, ਪਰ ਮਰਦ ਪ੍ਰਧਾਨ ਸਮਾਜ ਇਸਤਰੀ ਨੂੰ ਆਪਣੀ ਗੁਲਾਮ ਤੋਂ ਵੱਧ ਕੁੱਝ ਵੀ ਨਹੀਂ ਸਮਝਦਾ । ਸਾਡੇ ਲੋਕਾਂ ਦੇ ਚਹੇਤੇ ਮਸ਼ਹੂਰ ਕਲਾਕਾਰ ਵੀ ਔਰਤਾਂ ਦੀ ਨਿਰਾਦਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ, ਕੋਈ ਕਲਾਕਾਰ ਗਾ ਰਿਹਾ ਹੁੰਦਾ ਹੈ ਕਿ ਮੁੱਢ ਕਦੀਮੋ ਹੁੰਦੀਆਂ ਰੰਨਾਂ ਬਦਕਾਰਾਂ ਜਾਂ ਕੀ ਏ ਰੰਨਾਂ ਦਾ ਇਤਬਾਰ, ਕੋਈ ਗਾ ਰਿਹਾ ਹੁੰਦਾ ਹੈ ਸੜਕਾਂ ਤੇ ਅੱਗ ਤੁਰੀ ਜਾਂਦੀ ਏ । ਜਿਸ ਤਰ੍ਹਾਂ ਇਸਤਰੀ ਨੂੰ ਅਜੋਕੇ ਗਾਣਿਆਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸਨੂੰ ਸੁਣ ਕੇ ਤਾਂ ਸ਼ੈਤਾਨ ਵੀ ਸ਼ਰਮਾਉਣ ਲੱਗ ਪੈਂਦੇ ਹਨ ।ਹੁਣ ਤਾਂ ਮਾਰਕੀਟ ਵਿੱਚ ਅਜਿਹੇ ਗੀਤ ਆ ਚੁਕੇ ਹਨ ਜਿੰਨਾ ਨੂੰ ਲਿਖਦਿਆਂ ਵੀ ਸ਼ਰਮ ਆਉਦੀ ਹੈ, ਵੇਸ਼ਵਾਪੁਣੇ ਦਾ ਧੰਦਾ ਕਰਦੀਆਂ ਔਰਤਾਂ ਪਤਾ ਨਹੀਂ ਕਿਸ ਮਜਬੂਰੀ ਬੱਸ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੁੰਦੀਆਂ ਹਨ, ਪਰ ਉਨ੍ਹਾਂ ਦੇ ਵੀ ਅੱਡੇ (ਟਿਕਾਣੇ) ਹੁੰਦੇ ਹਨ ਜਿੱਥੇ ਉਹ ਮਰਦਾਂ ਦੀ ਹਵਸ ਪੂਰੀ ਕਰਦੀਆਂ ਦਿਨ ਕਟੀ ਕਰਦੀਆਂ ਹਨ ।
 ਪਰ ਅਜੋਕੇ ਕਮੀਣੇ ਕਲਾਕਾਰਾਂ ਨੇ ਤਾਂ ਚਿੱਟੇ ਸੂਟ ਤੇ ਦਾਗ ਪੈ ਗਏ, ਗਲੀਆਂ ਦੇ ਵਿੱਚ ਗਾਰਾ ਜਿਹੇ (ਜਾਂ ਹੁਣ ਹੋਰ ਵੀ ਲੱਚਰ) ਗੀਤ ਗਾ ਕੇ ਔਰਤਾਂ ਨੂੰ ਗਲੀ ਗਲੀ ਫਿਰਦੀਆਂ ਵੇਸ਼ਵਾਵਾਂ ਦੇ ਰੂਪ ਵਿੱਚ ਪੇਸ਼ ਕਰਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਦੇ ਚਿੱਟੇ ਪਹਿਰਾਵੇ ਨੂੰ ਵੀ ਕਲੰਕਿਤ ਕਰਕੇ ਰੱਖ ਦਿੱਤਾ ਹੈ । ਚਿੱਟੇ ਕੱਪੜੇ ਸਾਦਗੀ ਦਾ ਪ੍ਰਤੀਕ ਹੁੰਦੇ ਹਨ, ਪਰ ਜਦ ਹੁਣ ਕੁੜੀਆਂ ਚਿੱਟੇ ਕੱਪੜੇ ਪਾ ਕੇ ਕਿਸੇ ਪਾਸੇ ਜਾਣਗੀਆਂ ਜਾਂ ਅਜਿਹੇ ਗਾਣਿਆਂ ਦੇ ਚਲਦੇ ਬੱਸਾਂ ਵਿੱਚ ਸਫਰ ਕਰਨਗੀਆਂ ਤਾਂ ਉਨ੍ਹਾਂ ਦਾ ਕੀ ਪ੍ਰਭਾਵ ਜਾਏਗਾ । ਅਜੋਕੇ ਕਲਾਕਾਰਾਂ ਨੂੰ ਹਰੇਕ ਲੜਕੀ ਬਦਚਲਣ ਜਾਂ ਮਾਸ਼ੂਕ ਹੀ ਨਜ਼ਰ ਆਉਂਦੀ ਹੈ, ਜੇ ਇੰਨ੍ਹਾਂ ਨੂੰ ਹਰ ਲੜਕੀ ਵਿੱਚੋਂ ਆਪਣੀ ਧੀ, ਭੈਣ ਜਾਂ ਮਾਂ ਨਜ਼ਰ ਆਉਂਦੀ ਹੋਵੇ ਤਾਂ ਇਹ ਔਰਤ ਜਾਤੀ ਨੂੰ ਅਪਮਾਨਿਤ ਕਰਦੇ ਅਜਿਹੇ ਗੀਤ ਸ਼ਾਇਦ ਨਾ ਗਾਉਣ ।
 ਇਸਤਰੀ ਜਾਤੀ ਦੀ ਥਾਂ ਥਾਂ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ । ਬੱਸਾਂ, ਟਰੈਕਟਰਾਂ ਤੇ ਚੱਲਦੇ ਅਸ਼ਲੀਲ ਗਾਣੇ ਜਿੰਨ੍ਹਾਂ ਰਾਹੀਂ ਔਰਤਾਂ ਨੂੰ ਅੱਤ ਨਿੰਦਣ ਯੋਗ ਅਤੇ ਘਟੀਆ ਕਿਰਦਾਰ ਵਾਲੀਆਂ ਪੇਸ਼ ਕੀਤਾ ਗਿਆ ਹੁੰਦਾ ਹੈ । ਮਰਦ ਮਨੁੱਖ ਅੰਦਰੋਂ ਖਤਮ ਹੋਈ ਇਨਸਾਨੀਅਤ ਦੇ ਸੂਚਕ ਹਨ, ਸਾਡੀਆਂ ਸਰਕਾਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਜੋ ਇਸਤਰੀ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦੀਆਂ ਹਨ, ਉਹ ਇਸਤਰੀ ਦੀ ਨਿਰਾਦਰੀ ਕਰਨ ਵਾਲੇ ਬੱਸਾਂ ਵਿੱਚ ਨਜਾਇਜ ਤੌਰ ਤੇ ਚੱਲਦੇ ਗੰਦੇ ਗਾਣਿਆਂ ਨੂੰ ਵੀ ਬੰਦ ਨਹੀਂ ਕਰਵਾ ਸਕਦੇ, ਕਲਾਕਾਰਾਂ ਅਤੇ ਕੈਸੇਟ ਕੰਪਨੀਆਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੈ ।   
   ਸਿੱਖ ਮੱਤ ਹੀ ਇੱਕ ਐਸੀ ਮੱਤ ਸੀ ਜਿਸ ਦੇ ਬਾਨੀਆਂ ਨੇ ਔਰਤ ਦੇ ਹੱਕ ਵਿੱਚ ਅਵਾਜ ਉਠਾਈ ਸੀ । ਕਦੇ ਸਿੱਖ ਹੁੰਦੇ ਸਨ ਜੋ ਜੰਗਲ ਬੇਲਿਆਂ ਵਿੱਚ ਰਹਿੰਦੇ ਹੋਏ ਵੀ ਦੇਸੀ ਵਿਦੇਸ਼ੀ ਜਰਵਾਣਿਆਂ ਤੋਂ ਔਰਤਾਂ ਉਤੇ ਕੀਤੇ ਜਾਂਦੇ ਅੱਤਿਆਚਾਰਾਂ ਵਿਰੁੱਧ ਮੈਦਾਨ ਵਿੱਚ ਨਿਤਰਦੇ ਹੁੰਦੇ ਸਨ, ਉਹ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਔਰਤਾਂ ਉਪਰ ਜੁਲਮ ਕਰਨ ਵਾਲੇ ਜਾਲਮਾਂ ਨੂੰ ਸੋਧ ਕੇ ਬੰਦੀ ਬਣਾਈਆਂ ਔਰਤਾਂ ਨੂੰ ਜਾਲਮਾਂ ਦੇ ਪੰਜਿਆਂ ਵਿੱਚੋਂ ਛੁਡਵਾ ਕੇ ਸਤਿਕਾਰ ਸਹਿਤ ਉਨ੍ਹਾਂ ਨੂੰ ਘਰੋਂ ਘਰੀਂ ਪਹੁੰਚਾ ਕੇ ਆਉਂਦੇ ਸਨ । ਪਰ ਅਜੋਕੇ ਸਿੱਖਾਂ (ਜੋ ਇਸਤਰੀ ਨੂੰ ਅੱਤ ਘਟੀਆ ਚਰਿੱਤਰਾਂ ਵਿੱਚ ਪੇਸ਼ ਕਰਨ ਵਾਲੀ ਅਸ਼ਲੀਲ ਕਵਿਤਾ (ਅਖੌਤੀ ਦਸ਼ਮ ਗ੍ਰੰਥ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਜੀ ਦਾ ਮੂੰਹ ਚਿੜਾ ਰਹੇ ਹਨ) ਤੋਂ ਔਰਤਾਂ ਪ੍ਰਤੀ ਧੀ ਭੈਣ ਵਾਲੀ ਸਾਂਝ ਜਾਂ ਔਰਤਾਂ ਨੂੰ ਬਰਾਬਰਤਾ ਮਿਲਣ ਦੀ ਆਸ ਰੱਖਣੀ ਵੀ ਮੂਰਖਤਾ ਤੋਂ ਵੱਧ ਕੁੱਝ ਨਹੀਂ ਹੋਵੇਗਾ ।
   ਸ਼ਾਇਦ ਕੋਈ ਵੀਰ ਜਾਂ ਭੈਣ ਇਹ ਸੋਚੇਗਾ ਕਿ ਮਹਿਲਾ ਦਿਵਸ ਬਾਰੇ ਲੇਖ ਵਿੱਚ ਅਖੌਤੀ ਦਸ਼ਮ ਗ੍ਰੰਥ ਕਿਉਂ ਵਾੜ ਲਿਆ ਹੈ ।  ਇਸ ਬਾਰੇ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ ਗ੍ਰੰਥ ਵਿੱਚ ਇਸਤਰੀਆਂ ਨੂੰ ਬਦਨਾਮ ਕਰਦੀਆਂ 400 ਤੋਂ ਵੱਧ ਕਹਾਣੀਆਂ ਲਿਖੀਆਂ ਹੋਈਆਂ ਹਨ । ਜਿੰਨ੍ਹਾਂ ਦਾ ਨਾਮ ਵੀ ਤ੍ਰਿਆ ਚਰਿਤ੍ਰ ਲਿਖਿਆ ਹੋਇਆ ਹੈ । ਕਿਸੇ ਵੀਰ-ਭੈਣ ਨੂੰ ਸ਼ੱਕ ਹੋਵੇ ਉਹ ਖੁਦ ਅਖੌਤੀ ਦਸ਼ਮ ਗ੍ਰੰਥ ਨੂੰ ਪੜ੍ਹ ਕੇ ਵੇਖ ਸਕਦਾ ਹੈ । ਇਸਤਰੀਆਂ ਪ੍ਰਤੀ ਜਿੰਨੀ ਲੱਚਰਤਾ ਗੁਰੁ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਲਿਖੀ ਹੋਈ ਹੈ, ਇੰਨੀ ਲੱਚਰਤਾ ਤਾਂ ਅਜੋਕੇ ਮਾੜੇ ਤੋਂ ਮਾੜੇ ਕਲਾਕਾਰਾਂ ਨੇ ਵੀ ਪੇਸ਼ ਨਹੀਂ ਕੀਤੀ ਹੋਣੀ ।
   ਇਸ ਲਈ ਇਹ ਅਖੌਤੀ ਦਸ਼ਮ ਗ੍ਰੰਥ ਇਸਤਰੀ ਜਾਤੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ । ਜਿੱਥੇ ਇਸਤਰੀਆਂ ਦੇ ਮਾਨ-ਸਨਮਾਨ ਜਾਂ ਹੱਕਾਂ ਦੀ ਗੱਲ ਹੋਵੇਗੀ ਉੱਥੇ ਇਸਤਰੀਆਂ ਨੂੰ ਘਟੀਆ ਕਿਰਦਾਰ ਵਾਲੀਆਂ ਬਣਾ ਕੇ ਅਪਮਾਨਿਤ ਕਰਨ ਵਾਲੇ ਇਸ ਗ੍ਰੰਥ ਨੂੰ ਅੱਖੋਂ ਓਹਲੇ ਕਰਨਾ ਠੀਕ ਨਹੀਂ ਹੈ । ਸਕੂਲਾਂ, ਕਾਲਜਾਂ ਵਿੱਚ ਜਾਂਦੀਆਂ ਕੁੜੀਆਂ ਨੂੰ ਸੜਕਾਂ ਅਤੇ ਬੱਸਾਂ ਵਿੱਚ ਗਲਤ ਅਨਸਰਾਂ ਵੱਲੋਂ ਕੀਤੀ ਜਾਂਦੀ ਛੇੜ ਛਾੜ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ, ਕੁੜੀਆਂ ਦੇ ਮਾਪਿਆਂ ਨੂੰ ਇੱਜਤਦਾਰ ਹੁੰਦੇ ਹੋਏ ਵੀ ਬੇਗੈਰਤੀ ਜਿੰਦਗੀ ਜਿਉਣੀ ਪੈਂਦੀ ਹੈ, ਜਿੰਨਾ ਚਿਰ ਲੜਕੀਆਂ ਸਕੂਲ ਕਾਲਜਾਂ ਜਾਂ ਕਿਸੇ ਆਪਣੇ ਹੋਰ ਕੰਮ ਤੋਂ ਵਾਪਿਸ ਘਰ ਨਹੀਂ ਪਹੁੰਚਦੀਆਂ, ਉਨਾ ਚਿਰ ਮਾਪਿਆਂ ਦੀ ਜਾਨ ਫੜੀ ਰਹਿੰਦੀ ਹੈ, ਆਪਣੀ ਧੀ ਨੂੰ ਪਾਲ ਪਲੋਸ ਕੇ ਪੜਾਉਣ ਉਪਰੰਤ ਉਸਦਾ ਦਾਨ ਕਰਨ ਲਈ ਵੀ ਧੀ ਵਾਲਿਆਂ ਨੂੰ ਪੁੱਤ ਵਾਲਿਆਂ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ, ਆਪਣੀ ਧੀ ਦੇਣ ਦੇ ਨਾਲ ਨਾਲ ਪੁੱਤ ਵਾਲਿਆਂ ਵੱਲੋਂ ਕੀਤੀ ਜਾਂਦੀ ਹਰ ਨਜਾਇਜ ਮੰਗ ਵੀ ਪੂਰੀ ਕਰਨੀ ਪੈਂਦੀ ਹੈ, ਪੁੱਤ ਵਾਲਿਆਂ ਦੀ ਹਰ ਮੰਗ ਪੂਰੀ ਕਰਨ ਦੇ ਬਾਵਜੂਦ ਵੀ ਲੜਕੀ ਆਪਣੇ ਸਹੁਰੇ ਘਰ ਬੇਗਾਨੀ ਹੀ ਰਹਿੰਦੀ ਹੈ ।
 ਅਜੋਕੇ ਬੇਕਾਰੇ ਅਤੇ ਨਸ਼ੇੜੀ ਲੜਕਿਆਂ ਪਿੱਛੇ ਲਾਈਆਂ ਲੜਕੀਆਂ ਨੂੰ ਸਾਰੀ ਜਿੰਦਗੀ ਹੀ ਤਿਲ ਤਿਲ ਪਲ ਪਲ ਮਰਨਾ ਪੈਂਦਾ ਹੈ, ਅਖੀਰ ਮੌਤ ਹੀ ਉਨ੍ਹਾਂ ਨੂੰ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਂਦੀ ਹੈ । ਪਰ ਦੁੱਖ ਦੀ ਗੱਲ ਹੈ ਕਿ ਮਰਦ ਔਰਤ ਨੂੰ ਮਰਨ ਵੀ ਨਹੀਂ ਦਿੰਦਾ ਅਤੇ ਜਿਉਣ ਵੀ ਨਹੀਂ ਦਿੰਦਾ, ਭਾਵ ਕਿ ਔਰਤ ਨੂੰ ਬਰਾਬਰਤਾ ਦੇ ਹੱਕ ਦੇਣ ਦਾ ਰੌਲਾ ਪਾਉਣ ਵਾਲਾ ਮਰਦ ਪ੍ਰਧਾਨ ਸਮਾਜ ਨਾ ਤਾਂ ਔਰਤ ਨੂੰ ਮਰਨ ਦਾ ਹੱਕ ਦਿੰਦਾ ਹੈ ਤੇ ਨਾ ਜਿਉਣ ਦਾ ।
ਹਰਪ੍ਰੀਤ ਕੌਰ ਖਾਲਸਾ             
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.