ਕੈਟੇਗਰੀ

ਤੁਹਾਡੀ ਰਾਇ

New Directory Entries


ਬਲਰਾਜ ਸਿੰਘ ਸਿੱਧੂ (ਐਸ.ਪੀ.)
ਸਿੱਖ ਰਾਜ ਦੇ ਅੰਬਰ ਦੇ ਮਨਹੂਸ ਸਿਤਾਰੇ, ਡੋਗਰੇ ਭਰਾ
ਸਿੱਖ ਰਾਜ ਦੇ ਅੰਬਰ ਦੇ ਮਨਹੂਸ ਸਿਤਾਰੇ, ਡੋਗਰੇ ਭਰਾ
Page Visitors: 27

ਸਿੱਖ ਰਾਜ ਦੇ ਅੰਬਰ ਦੇ ਮਨਹੂਸ ਸਿਤਾਰੇ, ਡੋਗਰੇ ਭਰਾ

ਬਲਰਾਜ ਸਿੰਘ ਸਿੱਧੂ ਐਸ.ਪੀ.( ਪੰਡੋਰੀ )
 ਖਾਲਸਾ ਰਾਜ ਦੀ ਮੁਕੰਮਲ ਤਬਾਹੀ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਇਹਨਾਂ ਤਿੰਨ ਭਰਾਵਾਂ ਦੇ ਬਾਪ ਦਾ ਨਾਮ ਮੀਆਂ ਕਿਸ਼ੋਰੀ ਸਿੰਘ ਸੀ। ਇਹ ਜੰਮਵਾਲ ਰਾਜਪੂਤ ਖਾਨਦਾਨ ਨਾਲ ਸਬੰਧ ਰੱਖਦੇ ਸਨ ਜਿਸ ਦੀ ਨੀਂਹ 1703 ਈ. ਵਿੱਚ ਰਾਜਾ ਧਰੁਵਦੇਵ ਨੇ ਜੰਮੂ 'ਤੇ ਕਬਜ਼ਾ ਕਰ ਕੇ ਰੱਖੀ ਸੀ। ਧਰੁਵਦੇਵ ਦੇ ਬੇਟੇ ਰਣਜੀਤ ਦੇਵ ਨੇ 1728 ਤੋਂ 1780 ਈਸਵੀ ਤੱਕ ਸਾਸ਼ਨ ਕੀਤਾ। ਉਸ ਦੀਆਂ ਲਗਾਤਾਰ ਸਿੱਖ ਮਿਸਲਾਂ ਨਾਲ ਲੜਾਈਆਂ ਚੱਲਦੀਆਂ ਰਹੀਆਂ। ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸ. ਚੜ•ਤ ਸਿੰਘ ਦੀ ਮੌਤ 1774 ਈ. ਵਿੱਚ ਜੰਮੂ ਹਮਲੇ ਦੌਰਾਨ ਬੰਦੂਕ ਫਟਣ ਨਾਲ ਹੋਈ ਸੀ। ਰਣਜੀਤ ਸਿੰਘ ਦੇ ਪਿਤਾ ਸ. ਮਹਾਂ ਸਿੰਘ ਨੇ ਵੀ ਵੀ ਜੰਮੂ 'ਤੇ ਕਈ ਹਮਲੇ ਕੀਤੇ ਸਨ। ਰਣਜੀਤ ਦੇਵ ਸੁਧਾਰਵਾਦੀ ਸੀ। ਉਹ ਪਹਿਲਾ ਭਾਰਤੀ ਰਾਜਾ ਸੀ ਜਿਸ ਨੇ ਸਤੀ ਅਤੇ ਕੁੜੀ ਮਾਰਨ ਦੀ ਪ੍ਰਥਾ 'ਤੇ ਪਾਬੰਦੀ ਲਗਾਈ। ਰਣਜੀਤ ਦੇਵ ਦਾ ਬੇਟਾ ਬ੍ਰਿਜ ਦੇਵ ਤੇ ਉਸ ਦਾ ਬੇਟਾ ਸੰਪੂਰਨ ਸਿੰਘ ਸੀ। 1808 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੇ ਰਾਜਾ ਜੀਤ ਸਿੰਘ ਨੂੰ ਹਰਾ ਕੇ ਜੰਮੂ 'ਤੇ ਕਬਜ਼ਾ ਕਰ ਲਿਆ ਤੇ ਆਪਣੇ ਬੇਟੇ ਕੁੰਵਰ ਖੜਕ ਸਿੰਘ ਦੇ ਹਵਾਲੇ ਕਰ ਦਿੱਤਾ।
    ਪਰ ਪਹਾੜੀਆਂ ਨੇ ਮੀਆਂ ਦਿੱਦੋ ਜੰਮਵਾਲ ਦੀ ਅਗਵਾਈ ਹੇਠ ਬਗਾਵਤ ਕਰ ਦਿੱਤੀ। ਜਦੋਂ ਖੜਕ ਸਿੰਘ ਇਸ ਗੜਬੜ 'ਤੇ ਕੰਟਰੋਲ ਨਾ ਕਰ ਸਕਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਰਾਜਾ ਜੀਤ ਸਿੰਘ ਦੇ ਦੂਰ ਦੇ ਰਿਸ਼ਤੇਦਾਰ ਅਤੇ ਬਹੁਤ ਹੀ ਕਾਬਲ ਸੈਨਿਕ ਮੀਆਂ ਕਿਸ਼ੋਰ ਸਿੰਘ ਡੋਗਰੇ ਨੂੰ ਜੰੰਮੂ ਦੀ ਜਾਗੀਰ ਸੌਂਪ ਦਿੱਤੀ। ਇਲਾਕੇ ਦਾ ਭੇਤੀ ਹੋਣ ਕਾਰਨ ਕੁਝ ਹੀ ਦਿਨਾਂ ਵਿੱਚ ਕਿਸ਼ੋਰ ਸਿੰਘ ਨੇ ਮੀਆਂ ਦਿੱਦੋ ਨੂੰ ਕਠੂਏ ਨਜ਼ਦੀਕ ਹਰਾ ਕੇ ਮਾਰ ਦਿੱਤਾ ਤੇ ਜੰਮੂ ਵਿੱਚ ਸ਼ਾਂਤੀ ਸਥਾਪਤ ਕਰ ਦਿੱਤੀ। ਉਸ ਦੀ ਇਸ ਸਫਲਤਾ ਕਾਰਨ ਇਹ ਖਾਨਦਾਨ ਮਹਾਰਾਜੇ ਦਾ ਕ੍ਰਿਪਾ ਪਾਤਰ ਬਣ ਗਿਆ ਤੇ ਦਿਨੋਂ ਦਿਨ ਤਰੱਕੀ ਦੀਆਂ ਪੌੜੀਆਂ ਚੜ•ਦਾ ਗਿਆ। ਹੌਲੀ ਹੌਲੀ ਖਾਲਸਾ ਦਰਬਾਰ ਇੱਕ ਤਰਾਂ ਨਾਲ ਡੋਗਰਿਆਂ ਦੇ ਕਬਜ਼ੇ ਵਿੱਚ ਹੀ ਆ ਗਿਆ। 1822 ਈ. ਵਿੱਚ ਕਿਸ਼ੋਰ ਸਿੰਘ ਦੀ ਮੌਤ ਹੋ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਰਾਜੇ ਦਾ ਖਿਤਾਬ ਦੇ ਕੇ ਗੁਲਾਬ ਸਿੰਘ ਡੋਗਰੇ ਨੂੰ ਜੰਮੂ ਦਾ ਜਾਗੀਰਦਾਰ ਬਣਾ ਦਿੱਤਾ। ਮਹਾਰਾਜੇ ਨੇ ਆਪਣੀ ਹੱਥੀਂ ਇਸ ਦਾ ਰਾਜ ਤਿਲਕ ਕੀਤਾ ਸੀ। ਗੁਲਾਬ ਸਿੰਘ ਹੁਰੀਂ ਤਿੰਨੇ ਭਰਾ ਅੱਤ ਦੇ ਤੇਜ਼ ਤਰਾਟ ਤੇ ਜ਼ੁਬਾਨ ਦੇ ਸ਼ਹਿਦ ਨਾਲੋਂ ਵੀ ਮਿੱਠੇ ਸਨ।
ਗੁਲਾਬ ਸਿੰਘ ਡੋਗਰਾ--- ਭਾਵੇਂ ਸਾਰੇ ਡੋਗਰਾ ਭਰਾਵਾਂ ਨਾਲੋਂ ਧਿਆਨ ਸਿੰਘ ਜਿਆਦਾ ਮਸ਼ਹੂਰ ਹੈ, ਪਰ ਇਸ ਪਰਿਵਾਰ ਦੀ ਤਰੱਕੀ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਗੁਲਾਬ ਸਿੰਘ ਡੋਗਰਾ ਹੈ। ਉਸੇ ਦੀ ਸਿਫਾਰਸ਼ ਕਾਰਨ ਧਿਆਨ ਸਿੰਘ ਅਤੇ ਸੁਚੇਤ ਸਿੰਘ ਨੂੰ ਖਾਲਸਾ ਦਰਬਾਰ ਵਿੱਚ ਨੌਕਰੀ ਪ੍ਰਾਪਤ ਹੋਈ। ਇਸ ਦਾ ਜਨਮ 17 ਅਕਤੂਬਰ 1792 ਈ. ਨੂੰ ਜੰਮੂ ਵਿੱਚ ਹੋਇਆ ਸੀ। ਇਸ ਦੀ ਪਤਨੀ ਦਾ ਨਾਮ ਨਿਹਾਲ ਕੌਰ ਅਤੇ ਪੁੱਤਰ ਦਾ ਨਾਮ ਰਣਬੀਰ ਸਿੰਘ ਸੀ। ਉਹ 1809 ਈ. ਨੂੰ ਖਾਲਸਾ ਫੌਜ ਵਿੱਚ ਭਰਤੀ ਹੋਇਆ ਤੇ ਆਪਣੀ ਕਾਬਲੀਅਤ ਸਦਕਾ ਜਲਦੀ ਹੀ 12000 ਸਲਾਨਾ ਜਾਗੀਰ ਦਾ ਮਾਲਕ ਅਤੇ 250 ਘੋੜਸਵਾਰਾਂ ਦਾ ਕਮਾਂਡਰ ਬਣਾ ਦਿੱਤਾ ਗਿਆ।
  ਗੁਲਾਬ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਹੀ ਵਫਾਦਾਰੀ ਨਾਲ ਸੇਵਾ ਕੀਤੀ ਤੇ ਬਦਲੇ ਵਿੱਚ ਵੱਡੇ ਇਨਾਮ ਪ੍ਰਾਪਤ ਕੀਤੇ। ਉਸ ਨੇ ਖਾਲਸਾ ਫੌਜ ਵੱਲੋਂ ਅਨੇਕਾਂ ਲੜਾਈਆਂ ਵਿੱਚ ਹਿੱਸਾ ਲਿਆ। 1821 ਵਿੱਚ ਉਸ ਨੇ ਰਾਜੌਰੀ ਅਤੇ ਕਿਸ਼ਤਵਾੜ ਨੂੰ ਖਾਲਸਾ ਰਾਜ ਵਿੱਚ ਮਿਲਾਇਆ ਤੇ ਡੇਰਾ ਗਾਜ਼ੀ ਖਾਨ ਦੀ ਜਿੱਤ ਵਿੱਚ ਵਿੱਚ ਅਹਿਮ ਰੋਲ ਨਿਭਾਇਆ। 1824 ਵਿੱਚ ਸਮਾਰਥਾ ਦਾ ਕਿਲ•ਾ ਜਿਤਿਆ ਤੇ 1827 ਵਿੱਚ ਹਰੀ ਸਿੰਘ ਨਲਵਾ ਦੀ ਕਮਾਂਡ ਹੇਠ ਸਾਦੂ ਦੀ ਜੰਗ ਵਿੱਚ ਸੱਯਦ ਅਹਿਮਦ ਸ਼ਾਹ ਬਰੇਲਵੀ ਨੂੰ ਹਰਾਇਆ। ਹੌਲੀ ਹੌਲੀ ਉਹ ਖਾਲਸਾ ਦਰਬਾਰ ਦਾ ਇੱਕ ਸਭ ਤੋਂ ਤਾਕਤਵਰ ਸਰਦਾਰ ਬਣ ਗਿਆ। ਉਸ ਨੂੰ 3 ਪੈਦਲ ਰੈਜਮੈਂਟਾਂ, 15 ਛੋਟੀਆਂ ਅਤੇ 40 ਵੱਡੀਆਂ ਤੋਪਾਂ ਰੱਖਣ ਦੀ ਆਗਿਆ ਸੀ (ਕਰੀਬ 6000 ਸੈਨਿਕ)। 1831 ਵਿੱਚ ਮਹਾਰਾਜੇ ਨੇ ਮਿਆਣੀ ਦੀਆਂ ਲੂਣ ਦੀ ਖਾਣਾਂ, ਭੇਰਾ, ਜੇਹਲਮ, ਰੋਹਤਾਸ ਅਤੇ ਗੁਜਰਾਤ ਦੀ ਜਾਗੀਰ ਵੀ ਗੁਲਾਬ ਸਿੰਘ ਡੋਗਰੇ ਨੂੰ ਬਖਸ਼ ਦਿੱਤੀ।
  ਮਹਾਰਾਜਾ ਰਣਜੀਤ ਸਿੰਘ ਦੀ ਮੌਤ (1839 ਈ.) ਤੋਂ ਬਾਅਦ ਲਾਹੌਰ ਦਰਬਾਰ ਸਾਜਿਸ਼ਾਂ ਦਾ ਅਖਾੜਾ ਬਣ ਗਿਆ ਤੇ ਤਿੰਨੇ ਡੋਗਰਾ ਭਰਾ ਇਸ ਸ਼ਤਰੰਜ ਦੇ ਮੋਹਰੀ ਖਿਡਾਰੀ। ਗੁਲਾਬ ਸਿੰਘ ਜੰਮੂ ਵਿੱਚ ਅਤੇ ਧਿਆਨ ਸਿੰਘ ਪ੍ਰਧਾਨ ਮੰਤਰੀ ਵਜੋਂ ਨਿਰੰਕੁਸ਼ ਹੋ ਗਏ। 1840 ਵਿੱਚ ਮਹਾਰਾਜਾ ਖੜਕ ਸਿੰਘ ਅਤੇ ਕੁੰਵਰ ਨੋਨਿਹਾਲ ਸਿੰਘ ਨੂੰ ਮਹਾਰਾਜੇ ਕੋਲ ਪਹੁੰਚਾ ਦਿੱਤਾ ਗਿਆ। ਛੱਜਾ ਡਿੱਗਣ ਕਾਰਨ ਕੁੰਵਰ ਨੌਨਿਹਾਲ ਸਿੰਘ ਦੇ ਨਾਲ ਮਰਨ ਵਾਲਾ ਮੀਆਂ ਊਧਮ ਸਿੰਘ ਗੁਲਾਬ ਸਿੰਘ ਦਾ ਪੁੱਤਰ ਸੀ। ਮਹਾਰਾਜਾ ਸ਼ੇਰ ਸਿੰਘ ਦੇ ਰਾਜ ਪ੍ਰਾਪਤੀ ਵੇਲੇ ਵੀ ਬਹੁਤ ਵੱਡੀ ਖੇਡ ਖੇਡੀ ਗਈ। ਧਿਆਨ ਸਿੰਘ ਸ਼ੇਰ ਸਿੰਘ ਦੀ ਅਤੇ ਗੁਲਾਬ ਸਿੰਘ ਰਾਣੀ ਚੰਦ ਕੌਰ ਦੀ ਮਦਦ ਕਰ ਰਿਹਾ ਸੀ। ਸ਼ੇਰ ਸਿੰਘ ਦੀ ਜਿੱਤ ਤੋਂ ਬਾਅਦ ਧਿਆਨ ਸਿੰਘ ਦੀ ਦਖਲਅੰਦਾਜ਼ੀ ਕਾਰਨ ਹੀ ਗੁਲਾਬ ਸਿੰਘ ਘੇਰੇ ਵਿੱਚੋਂ ਸੁਰੱਖਿਅਤ ਬਚ ਕੇ ਨਿਕਲ ਸਕਿਆ। ਉਹ ਲਾਹੌਰ ਦਾ ਤਕਰੀਬਨ ਸਾਰਾ ਖਜ਼ਾਨਾ ਆਪਣੇ ਨਾਲ ਜੰਮੂ ਲੈ ਗਿਆ।
  ਇਸ ਤੋਂ ਬਾਅਦ ਅਗਲੇ ਕੁਝ ਸਾਲਾਂ ਵਿੱਚ ਉਸ ਨੇ ਮੰਗਲਾ ਕਿਲਾ ਜਿੱਤ ਲਿਆ ਤੇ ਹਰੀ ਸਿੰਘ ਨਲਵਾ ਦੀ ਮੌਤ ਤੋਂ ਬਾਅਦ ਬਾਗੀ ਹੋਏ ਹਜ਼ਾਰਾ ਦੇ ਕਬਾਇਲੀ ਬਾਗੀਆਂ ਨੂੰ ਸਖਤੀ ਨਾਲ ਦਬਾਇਆ। ਉਸ ਦੇ ਕਮਾਂਡਰ ਜ਼ੋਰਾਵਰ ਸਿੰਘ ਨੇ ਹਿਮਾਲੀਆ ਟੱਪ ਕੇ ਸੁਰੂ ਘਾਟੀ ਅਤੇ ਕਾਰਗਿਲ (1835), ਲੱਦਾਖ (1836-40) ਅਤੇ ਬਾਲਟੀਸਤਾਨ (1840) 'ਤੇ ਕਬਜ਼ਾ ਜਮਾ ਲਿਆ। ਉਸ ਨੇ 1841 ਵਿੱਚ ਤਿੱਬਤ ਦੇ ਵੱਡੇ ਹਿੱਸੇ 'ਤੇ ਵੀ ਕਬਜ਼ਾ ਕਰ ਲਿਆ।
  ਸ਼ੇਰ ਸਿੰਘ ਦੇ ਮਹਾਰਾਜਾ ਬਣਨ ਤੋਂ ਬਾਅਦ ਉਸ ਨੇ ਲਾਹੌਰ ਦਰਬਾਰ ਦੀਆਂ ਸਾਜਿਸ਼ਾਂ ਤੋਂ ਆਪਣੇ ਆਪ ਨੂੰ ਵੱਖ ਰੱਖਿਆ ਤੇ ਅੰਗਰੇਜ਼ਾਂ ਨਾਲ ਗੱਲ ਬਾਤ ਸ਼ੁਰੂ ਕਰ ਲਈ। ਹੌਲੀ ਹੌਲੀ ਮਹਾਰਾਜਾ ਸ਼ੇਰ ਸਿੰਘ (1842), ਧਿਆਨ ਸਿੰਘ ਡੋਗਰਾ (1842), ਸੁਚੇਤ ਸਿੰਘ ਡੋਗਰਾ (1844) ਅਤੇ ਹੀਰਾ ਸਿੰਘ ਡੋਗਰਾ (1844) ਆਦਿ ਕਤਲ ਕਰ ਦਿੱਤੇ ਗਏ। 1844 ਈ. ਵਿੱਚ ਖਾਲਸਾ ਫੌਜ ਨੇ ਜੰਮੂ ਉੱਪਰ ਚੜ•ਾਈ ਕਰ ਦਿੱਤੀ। ਗੁਲਾਬ ਸਿੰਘ ਨੇ ਸੰਧੀ ਕਰ ਲਈ ਅਤੇ 27 ਲੱਖ ਰੁਪਈਆ ਹਰਜ਼ਾਨਾ ਭਰ ਕੇ ਜਾਨ ਛੁਡਾਈ। ਪਹਿਲੀ ਐਂਗਲੋ-ਸਿੱਖ ਜੰਗ (1845-46) ਵਿੱਚ ਉਸ ਨੇ ਅੰਗਰੇਜ਼ਾਂ ਦੀ ਹਰ ਤਰਾਂ ਨਾਲ ਖੁਲ• ਕੇ ਮਦਦ ਕੀਤੀ। ਉਸ ਦੀਆਂ ਇਹਨਾਂ ਸੇਵਾਵਾਂ ਬਦਲੇ ਲਾਹੌਰ ਸੰਧੀ (1846) ਅਧੀਨ ਅੰਗਰੇਜ਼ਾਂ ਨੇ ਜੰਮੂ ਅਤੇ ਕਸ਼ਮੀਰ 75 ਲੱਖ ਰੁ. ਬਦਲੇ ਗੁਲਾਬ ਸਿੰਘ ਦੇ ਹਵਾਲੇ ਕਰ ਦਿੱਤਾ।
  ਆਖਰਕਾਰ ਉਸ ਦਾ ਮਹਾਰਾਜਾ ਬਣਨ ਦਾ ਚਿਰਾਂ ਦਾ ਸੁਪਨਾ ਪੂਰਾ ਹੋ ਗਿਆ। ਦਸੰਬਰ 1846 ਈ. ਨੂੰ ਇੱਕ ਸ਼ਾਨਦਾਰ ਸਮਾਰੋਹ ਵਿੱਚ ਜੰੰਮੂ ਵਿਖੇ ਉਸ ਨੂੰ ਰਾਜ ਤਿਲਕ ਕੀਤਾ ਗਿਆ। ਜੰਮੂ-ਕਸ਼ਮੀਰ ਭਾਰਤ ਦੀ ਸਭ ਤੋਂ ਵੱਡੀ ਸਟੇਟ ਸੀ। ਉਸ ਦੀ 30 ਜੂਨ 1857 ਵਿੱਚ 65 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਸ ਦੇ ਵਾਰਸ 1947 ਤੱਕ ਕਸ਼ਮੀਰ 'ਤੇ ਰਾਜ ਕਰਦੇ ਰਹੇ।
ਧਿਆਨ ਸਿੰਘ ਡੋਗਰਾ - ਧਿਆਨ ਸਿੰਘ ਚਾਹੇ ਗੁਲਾਬ ਸਿੰਘ ਨਾਲੋਂ ਛੋਟਾ ਸੀ ਪਰ ਉਸ ਨਾਲੋਂ ਕਿਤੇ ਵੱਧ ਚੁਸਤ ਚਲਾਕ ਅਤੇ ਸਾਜ਼ਿਸ਼ੀ ਸੀ। ਖਾਲਸਾ ਰਾਜ ਦੀ ਤਬਾਹੀ ਵਿੱਚ ਸਭ ਤੋਂ ਵੱਡਾ ਹੱਥ ਇਸੇ ਦਾ ਹੈ। ਇਸ ਦਾ ਜਨਮ 22 ਅਗਸਤ 1796 ਈ. ਨੂੰ ਜੰਮੂ ਦੇ ਨਜ਼ਦੀਕ ਇੱਕ ਪਿੰਡ ਵਿੱਚ ਹੋਇਆ। ਜਦੋਂ 1812 ਵਿੱਚ ਇਹ 16 ਸਾਲ ਦਾ ਸੀ ਤਾਂ ਗੁਲਾਬ ਸਿੰਘ ਨੇ ਇਸ ਨੂੰ ਰੋਹਤਾਸਗੜ• ਵਿਖੇ ਮਹਾਰਾਜੇ ਸਾਹਮਣੇ ਪੇਸ਼ ਕੀਤਾ। ਇਸ ਨੂੰ 60 ਰੁ. ਮਹੀਨਾ 'ਤੇ ਮਹਾਰਾਜੇ ਦੇ ਨਿੱਜੀ ਸਟਾਫ ਵਿੱਚ ਸਿਪਾਹੀ ਭਰਤੀ ਕਰ ਲਿਆ ਗਿਆ। ਪਰ ਧਿਆਨ ਸਿੰਘ ਦੇ ਸ਼ਾਨਦਾਰ ਵਿਅਕਤੀਤਵ, ਚਤੁਰਾਈ, ਗੱਲਬਾਤ ਦੇ ਅੰਦਾਜ਼, ਚਾਲ ਢਾਲ ਅਤੇ ਕੰਮ ਨਿਪਟਾਉਣ ਦੀ ਨਿਪੁੰਨਤਾ ਕਾਰਨ ਉਹ ਜਲਦੀ ਹੀ ਮਹਾਰਾਜੇ ਦੀ ਨਜ਼ਰੀਂ ਚੜ• ਗਿਆ। 1818 ਵਿੱਚ ਉਸ ਨੂੰ ਜਮਾਂਦਾਰ ਖੁਸ਼ਹਾਲ ਸਿੰਘ ਦੀ ਜਗ•ਾ ਡਿਉੜੀਦਾਰ ਬਣਾ ਦਿੱਤਾ ਗਿਆ ਤੇ ਉਸ ਦੀ ਮਹਾਰਾਜੇ ਤੱਕ ਸਿੱਧੀ ਪਹੁੰਚ ਹੋ ਗਈ। 
  ਸਵੇਰੇ ਦਾਤਣ ਕਰਨ ਤੋਂ ਲੈ ਕੇ ਰਾਤ ਸੌਣ ਤੱਕ ਉਹ ਮਹਾਰਾਜੇ ਦੇ ਨਾਲ ਨਾਲ ਰਹਿੰਦਾ ਸੀ ਤੇ ਕਈ ਵਾਰ ਮਹਾਰਾਜੇ ਦੇ ਤੰਬੂ ਦੇ ਬਾਹਰ ਹੀ ਸੌਂ ਜਾਂਦਾ ਸੀ। ਉਹ ਮਹਾਰਾਜੇ ਤੋਂ ਬਾਅਦ ਖਾਲਸਾ ਰਾਜ ਦਾ ਸਭ ਤੋਂ ਤਾਕਤਵਰ ਵਿਅਕਤੀ ਸੀ। ਕੋਈ ਚਿੱਠੀ ਪੱਤਰ ਜਾਂ ਵਿਅਕਤੀ ਉਸ ਦੀ ਆਗਿਆ ਤੋਂ ਬਿਨਾਂ ਮਹਾਰਾਜੇ ਸਾਹਮਣੇ ਪੇਸ਼ ਨਹੀਂ ਸੀ ਕੀਤਾ ਜਾ ਸਕਦਾ। ਉਹ ਵਾਹਿਦ ਸਖਸ਼ ਸੀ ਜੋ ਮਹਾਰਾਜੇ ਦੇ ਜਨਾਨਖਾਨੇ ਵਿੱਚ ਪ੍ਰਵੇਸ਼ ਕਰ ਸਕਦਾ ਸੀ ਤੇ ਦਰਬਾਰ ਵਿੱਚ ਬਿਨਾਂ ਆਗਿਆ ਬੋਲ ਸਕਦਾ ਸੀ। ਖੜਕ ਸਿੰਘ, ਨੌਨਿਹਾਲ ਸਿੰਘ ਅਤੇ ਹੀਰਾ ਸਿੰਘ ਡੋਗਰੇ ਤੋਂ ਬਾਅਦ ਸਿਰਫ ਉਸ ਨੂੰ ਮਹਾਰਾਜੇ ਦੀ ਸੋਨੇ ਦੀ ਕੁਰਸੀ 'ਤੇ ਬੈਠਣ ਦਾ ਅਧਿਕਾਰ ਸੀ। ਉਸ 'ਤੇ ਮਹਾਰਾਜੇ ਵੱਲੋਂ ਬੇਅੰਤ ਬਖਸ਼ਿਸ਼ਾਂ ਕੀਤੀਆਂ ਗਈਆਂ। ਉਸ ਨੂੰ ਜੰੰਮੂ ਇਲਾਕੇ ਵਿੱਚ ਵੱਡੀਆਂ ਜਾਗੀਰਾਂ ਬਖਸ਼ੀਆਂ ਗਈਆਂ ਤੇ 20 ਜੂਨ 1827 ਨੂੰ ਰਾਜਾਰਜਗਾਨ ਰਾਜਾ ਕਲਾ ਬਹਾਦਰ ਦਾ ਖਿਤਾਬ ਦਿੱਤਾ ਗਿਆ। ਉਸ ਦੀ ਤਾਕਤ ਦਾ ਸਿਖਰ ਉਦੋਂ ਆਇਆ ਜਦੋਂ ਅੰਤਿਮ ਸਾਹਾਂ 'ਤੇ ਪਏ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਦਰਬਾਰੀਆਂ, ਸਰਦਾਰਾਂ ਅਤੇ ਫੌਜੀ ਕਮਾਂਡਰਾਂ ਦੀ ਹਜ਼ਰੀ ਵਿੱਚ ਕੁੰਵਰ ਖੜਕ ਸਿੰਘ ਨੂੰ ਆਪਣਾ ਉੱਤਰਾਧਿਕਾਰੀ ਅਤੇ ਰਾਜਾ ਧਿਆਨ ਸਿੰਘ ਨੂੰ ਉਸ ਦਾ ਵਜ਼ੀਰੇ ਆਜ਼ਮ ਘੋਸ਼ਿਤ ਕਰ ਦਿੱਤਾ। ਮਹਾਰਾਜੇ ਨੇ ਧਿਆਨ ਸਿੰਘ ਨੂੰ ਨਾਇਬ ਸਲਤਨਤੇ ਅਜ਼ਮਤ, ਖੈਰਖਵਾਹ ਸਾਮੀਮੀ ਦੌਲਤੇ ਸਿਰਕਾਰੀਕੁਬਰਾ, ਵਜ਼ੀਰੇਆਜ਼ਮ, ਦਸਤੂਰੇਮੁਅੱਜ਼ਮ, ਮੁਖਤਾਰੇਮੁਲਕ ਦਾ ਖਿਤਾਬ ਬਖਸ਼ਿਆ।
  28 ਜੂਨ 1839 ਨੂੰ ਮਹਾਰਾਜੇ ਦੇ ਅੰਤਿਮ ਸੰਸਕਾਰ ਮੌਕੇ ਧਿਆਨ ਸਿੰਘ ਨੇ ਬਹੁਤ ਪਾਖੰਡ ਕੀਤੇ। ਉਸ ਨੇ ਕਈ ਵਾਰ ਭੱਜ ਕੇ ਚਿਤਾ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਜੇ ਕਿਤੇ ਉਸ ਨੂੰ ਕੋਈ ਨਾ ਰੋਕਦਾ ਤੇ ਉਹ ਸੱਚੀਂ ਸੜ ਬਲ ਜਾਂਦਾ ਤਾਂ ਅੱਜ ਪੰਜਾਬ ਦਾ ਇਤਿਹਾਸ ਕੁਝ ਹੋਰ ਹੋਣਾ ਸੀ। ਪਰ ਖਾਲਸਾ ਰਾਜ ਦੀ ਬਦਕਿਸਮਤੀ ਕਿ ਉਸ ਨੂੰ ਮੰਤਰੀਆਂ ਅਤੇ ਰਾਣੀਆਂ ਨੇ ਅਜਿਹਾ ਕਰਨ ਤੋਂ ਰੋਕ ਲਿਆ। ਖੜਕ ਸਿੰਘ ਮਹਾਰਾਜਾ ਬਣ ਗਿਆ ਪਰ ਉਸ ਨੇ ਧਿਆਨ ਸਿੰਘ ਦੇ ਪਰ ਕੁਤਰਨੇ ਅਤੇ ਆਪਣੇ ਰਿਸ਼ਤੇਦਾਰ ਚੇਤ ਸਿੰਘ ਬਾਜਵਾ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ। ਤਾਕਤ ਖੁੱਸਦੀ ਵੇਖ ਕੇ ਧਿਆਨ ਸਿੰਘ ਨੇ ਚੇਤ ਸਿੰਘ ਬਾਜਵਾ ਦੇ ਕਤਲ ਦੀ ਸਕੀਮ ਘੜ ਲਈ। ਉਸ ਨੇ ਖੜਕ ਸਿੰਘ ਦੇ ਅੰਗਰੇਜ਼ਾਂ ਨਾਲ ਮਿਲੇ ਹੋਣ ਦੀ ਅਫਵਾਹ ਫੈਲਾ ਦਿੱਤੀ ਤੇ ਨੌਨਿਹਾਲ ਸਿੰਘ ਅਤੇ ਰਾਣੀ ਚੰਦ ਕੌਰ ਨੂੰ ਆਪਣੇ ਨਾਲ ਮਿਲਾ ਲਿਆ। 9 ਅਕਤੂਬਰ 1839 ਨੂੰ ਉਸ ਨੇ ਨੌਨਿਹਾਲ ਸਿੰਘ, ਸੁਚੇਤ ਸਿੰਘ ਡੋਗਰੇ, ਜਨਰਲ ਗਾਰਡਨਰ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਚੇਤ ਸਿੰਘ ਬਾਜਵਾ ਦਾ ਕਤਲ ਕਰ ਕੇ ਦਰਬਾਰ ਵਿੱਚ ਉਸ ਖੂਨੀ ਖੇਡ ਦੀ ਸ਼ੁਰੂਆਤ ਕੀਤੀ ਜੋ ਉਸ ਦੀ ਖੁਦ ਦੀ ਜਾਨ ਲੈ ਕੇ ਵੀ ਸ਼ਾਂਤ ਨਾ ਹੋਈ।
  ਖੜਕ ਸਿੰਘ ਅਤੇ ਨੌਨਿਹਾਲ ਦੀ ਕ੍ਰਮਵਾਰ 4 ਅਤੇ 5 ਨਵੰਬਰ 1840 ਨੂੰ ਮੌਤ ਹੋ ਗਈ। ਧਿਆਨ ਸਿੰਘ ਨੇ ਸਾਜਿਸ਼ ਖੇਡ ਕੇ ਸ਼ੇਰ ਸਿੰਘ ਨੂੰ ਮਹਾਰਾਜਾ ਬਣਾ ਦਿੱਤਾ ਤੇ ਆਪ ਉਸ ਦਾ ਵਜ਼ੀਰ ਬਣ ਗਿਆ। ਆਖਰ ਉਸ ਦੇ ਪਾਪਾਂ ਦਾ ਘੜਾ ਭਰ ਗਿਆ। ਅਜੀਤ ਸਿੰਘ ਅਤੇ ਲਹਿਣਾ ਸਿੰਘ ਸੰਧਾਵਾਲੀਆਂ ਨੇ 15 ਸਤੰਬਰ 1843 ਨੂੰ ਮਹਾਰਾਜਾ ਸ਼ੇਰ ਸਿੰਘ ਅਤੇ ਧਿਆਨ ਸਿੰਘ ਡੋਗਰੇ ਦਾ ਕਤਲ ਕਰ ਦਿੱਤਾ। 21 ਦਸੰਬਰ 1844 ਨੂੰ ਸ. ਸ਼ਾਮ ਸਿੰਘ ਅਟਾਰੀ ਨੇ ਹੀਰਾ ਸਿੰਘ ਡੋਗਰੇ ਨੂੰ ਖਜ਼ਾਨਾ ਲੈ ਕੇ ਜੰਮੂ ਵੱਲ ਭੱਜਦੇ ਸਮੇਂ ਪੰਡਿਤ ਜੱਲ•ੇ ਸਮੇਤ ਮਾਰ ਕੇ ਇਸ ਪਾਪੀ ਦਾ ਖਾਨਦਾਨ ਸਮੂਲ ਖਤਮ ਕਰ ਦਿੱਤਾ।
  ਧਿਆਨ ਸਿੰਘ ਡੋਗਰਾ ਅੰਗਰੇਜ਼ਾਂ ਨੂੰ ਬੇਹੱਦ ਨਫਰਤ ਕਰਦਾ ਸੀ। ਉਹ ਸਾਰੀ ਉਮਰ ਮਹਾਰਾਜੇ ਨੂੰ ਅੰਗਰੇਜ਼ਾਂ ਖਿਲਾਫ ਲੜਾਈ ਕਰਨ ਲਈ ਉਕਸਾਉਂਦਾ ਰਿਹਾ। ਮਹਾਰਾਜਾ ਸਿਰਫ ਇੱਕ ਵਾਰ ਉਸ ਨਾਲ ਨਰਾਜ਼ ਹੋਇਆ ਸੀ ਜਦੋਂ ਉਸ ਨੇ ਹਰੀ ਸਿੰਘ ਨਲਵਾ ਦੀਆਂ ਚਿੱਠੀਆਂ ਮਹਾਰਾਜੇ ਤੱਕ ਨਾ ਪਹੁੰਚਣ ਦਿੱਤੀਆਂ ਤੇ ਘੱਟ ਫੌਜ ਕਾਰਨ ਮਾਰਚ 1837 ਦੀ ਜਮਰੌਦ ਦੀ ਲੜਾਈ ਵਿੱਚ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ। ਬਾਅਦ ਵਿੱਚ ਸੱਚਾਈ ਪਤਾ ਲੱਗਣ 'ਤੇ ਸਵੇਰੇ ਦਾਤਣ ਕਰਦੇ ਸਮੇਂ ਮਹਾਰਾਜੇ ਨੇ ਗੁੱਸੇ ਵਿੱਚ ਆ ਕੇ ਪਾਣੀ ਵਾਲੀ ਗੜਵੀ ਧਿਆਨ ਸਿੰਘ ਨੂੰ ਮਾਰੀ ਜੋ ਉਸ ਦੀ ਲੱਤ 'ਤੇ ਲੱਗੀ।
ਸੁਚੇਤ ਸਿੰਘ ਡੋਗਰਾ - ਇਹ ਡੋਗਰਾ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ। ਉਸ ਦਾ ਜਨਮ 18 ਜਨਵਰੀ 1801 ਨੂੰ ਹੋਇਆ। ਉਸ ਨੂੰ ਵੀ ਗੁਲਾਬ ਸਿੰਘ ਨੇ ਛੋਟੀ ਉਮਰ ਵਿੱਚ ਹੀ ਦਰਬਾਰ ਵਿੱਚ ਭਰਤੀ ਕਰਵਾ ਦਿੱਤਾ। ਉਹ ਮਹਾਰਾਜੇ ਸਾਹਮਣੇ ਲੋਕਾਂ ਦੀਆਂ ਦਰਖਾਸਤਾਂ ਆਦਿ ਪੇਸ਼ ਕਰਨ ਲਈ ਆਪਣੇ ਭਰਾ ਧਿਆਨ ਸਿੰਘ ਦਾ ਸਹਾਇਕ ਨਿਯੁੱਕਤ ਕੀਤਾ ਗਿਆ। ਜਦੋਂ 1820 ਵਿੱਚ ਧਿਆਨ ਸਿੰਘ ਮੰਤਰੀ ਬਣ ਗਿਆ ਤਾਂ ਇਸ ਨੂੰ ਡਿਉੜੀਦਾਰ ਬਣਾ ਦਿੱਤਾ ਗਿਆ। 1822 ਵਿੱਚ ਮਹਾਰਾਜੇ ਨੇ ਇਸ ਨੂੰ ਵੀ ਰਾਜਾ ਦਾ ਖਿਤਾਬ ਦੇ ਕੇ ਸਾਂਬਾ, ਜਸਰੋਟਾ, ਅਟੱਲਗੜ•, ਕੋਠੀ ਅਤੇ ਨਾਦੌਣ ਦੀ ਜਾਗੀਰ ਦੇ ਦਿੱਤੀ ਅਤੇ ਮਹਾਰਾਜੇ ਦੀ ਸਭ ਤੋਂ ਸ਼ਾਨਦਾਰ ਘੋੜਸਵਾਰ ਰਸਾਲੇ, ਚਾਰਯਾਰੀ ਸਵਾਰਾਂ ਦਾ ਕਮਾਂਡਰ ਵੀ ਲਗਾ ਦਿੱਤਾ ਗਿਆ। ਉਸ ਨੇ ਪੇਸ਼ਾਵਰ ਆਦਿ ਕੁਝ ਯੁੱਧਾਂ ਵਿੱਚ ਵੀ ਹਿੱਸਾ ਲਿਆ ਪਰ ਉਹ ਬਹੁਤਾ ਸਮਾਂ ਦਰਬਾਰ ਵਿੱਚ ਹੀ ਰਹਿੰਦਾ ਸੀ ਤੇ ਮਹਾਰਾਜੇ ਦੇ ਨਿੱਜੀ ਕੰਮ ਕਰਦਾ ਸੀ।
  ਮਹਾਰਾਜੇ ਦੀ ਮੌਤ ਤੋਂ ਬਾਅਦ ਉਹ ਵੀ ਧਿਆਨ ਸਿੰਘ ਨਾਲ ਰਲ ਕੇ ਸਜਿਸ਼ਾਂ ਵਿੱਚ ਹਿੱਸਾ ਲੈਣ ਲੱਗ ਪਿਆ। ਚੇਤ ਸਿੰਘ ਬਾਜਵਾ ਦੇ ਕਤਲ ਵੇਲੇ ਉਹ ਨਾਲ ਹੀ ਸੀ। ਉਹ ਮਹਾਰਾਜਾ ਸ਼ੇਰ ਸਿੰਘ ਦਾ ਮੰਤਰੀ ਬਣ ਗਿਆ ਤੇ ਕੁੰਵਰ ਪ੍ਰਤਾਪ ਸਿੰਘ ਦੀ ਲਾਰਡ ਐਲਨਬਰੋ ਨਾਲ 1842 ਨੂੰ ਫਿਰੋਜ਼ਪੁਰ ਵਿਖੇ ਹੋਈ ਮਿਲਣੀ ਵੇਲੇ ਨਾਲ ਗਿਆ। ਸ਼ੇਰ ਸਿੰਘ, ਪ੍ਰਤਾਪ ਸਿੰਘ ਅਤੇ ਧਿਆਨ ਸਿੰਘ ਦੇ ਕਤਲ ਤੋਂ ਬਾਅਦ ਜਦੋਂ ਉਸ ਦੀ ਬਜਾਏ ਹੀਰਾ ਸਿੰਘ ਡੋਗਰਾ ਪ੍ਰਧਾਨ ਮੰਤਰੀ ਬਣ ਗਿਆ ਤਾਂ ਉਹ ਸੜ ਬਲ ਗਿਆ। ਗੁਲਾਬ ਸਿੰਘ ਡੋਗਰੇ ਦੇ ਵਰਜਣ ਦੇ ਬਾਵਜੂਦ ਉਸ ਨੇ ਮਹਾਰਾਣੀ ਜਿੰਦਾਂ ਦੇ ਭਰਾ ਜਵਾਹਰ ਸਿੰਘ ਨਾਲ ਮਿਲ ਕੇ ਹੀਰਾ ਸਿੰਘ ਡੋਗਰਾ ਦੇ ਖਿਲਾਫ ਸਜਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਹੀਰਾ ਸਿੰਘ ਡੋਗਰਾ ਉਸ ਦੀ ਜਾਨ ਦਾ ਦੁਸ਼ਮਣ ਬਣ ਗਿਆ। 5 ਦਸੰਬਰ 1843 ਨੂੰ ਗੁਲਾਬ ਸਿੰਘ ਉਸ ਨੂੰ ਜੰਮੂ ਲੈ ਗਿਆ ਪਰ ਉਸ ਨੇ ਲਾਹੌਰ ਚਿੱਠੀ ਪੱਤਰੀ ਜਾਰੀ ਰੱਖੀ। ਕੁਝ ਛੋਟੇ ਫੌਜੀ ਅਫਸਰਾਂ ਵੱਲੋਂ ਮਿਲ ਰਹੇ ਹਾਂ ਪੱਖੀ ਜਵਾਬਾਂ ਕਾਰਨ ਉਹ ਉਤਸ਼ਾਹ ਵਿੱਚ ਆ ਗਿਆ ਤੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਲਈ ਥੋੜ•ੀ ਜਿਹੀ ਫੌਜ ਲੈ ਕੇ 26 ਮਾਰਚ 1844 ਨੂੰ ਲਾਹੌਰ ਪਹੁੰਚ ਗਿਆ।
  ਦੁਸ਼ਮਣ ਚਾਚੇ ਨੂੰ ਮਾਰ ਹੇਠ ਆਇਆ ਵੇਖ ਕੇ ਹੀਰਾ ਸਿੰਘ ਡੋਗਰੇ ਨੇ 27 ਮਾਰਚ ਨੂੰ ਉਸ ਦਾ ਡੇਰਾ ਘੇਰ ਲਿਆ ਤੇ ਗੋਲਾਬਾਰੀ ਕਰ ਕੇ ਕਤਲ ਕਰ ਦਿੱਤਾ। ਹਮਜਿਨਸੀ ਹੋਣ ਕਾਰਨ ਸੁਚੇਤ ਸਿੰਘ ਦੇ ਕੋਈ ਔਲਾਦ ਨਹੀਂ ਸੀ ਪਰ ਉਸ ਨੇ ਕਰੋੜਾਂ ਦਾ ਖਜ਼ਾਨਾ ਜਮ•ਾਂ ਕੀਤਾ ਹੋਇਆ ਸੀ ਜੋ ਉਸ ਦੀਆਂ ਜਾਗੀਰਾਂ ਸਮੇਤ ਹੀਰਾ ਸਿੰਘ ਦੇ ਹੱਥ ਆ ਗਿਆ।
                   ਬਲਰਾਜ ਸਿੰਘ ਸਿੱਧੂ ਐਸ.ਪੀ.
                   ਪੰਡੋਰੀ ਸਿੱਧਵਾਂ 9501100062
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.