ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਬੁੱਢੇ ਐਕਟਰ ਮੰਗਲ ਢਿੱਲੋਂ ਦੀ ‘ਗੁਰਬਾਣੀ ਦੇ ਕੌਤਕ’ ਫਿਲਮ?
ਬੁੱਢੇ ਐਕਟਰ ਮੰਗਲ ਢਿੱਲੋਂ ਦੀ ‘ਗੁਰਬਾਣੀ ਦੇ ਕੌਤਕ’ ਫਿਲਮ?
Page Visitors: 2587

ਬੁੱਢੇ ਐਕਟਰ ਮੰਗਲ ਢਿੱਲੋਂ ਦੀ ‘ਗੁਰਬਾਣੀ ਦੇ ਕੌਤਕ’ ਫਿਲਮ?
ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਇਸ ਵੀਚਾਰਧਾਰਾ ਨੂੰ ਖਤਮ ਕਰਨ ਲਈ ਬਾਹਮਣ ਤੇ ਮੁੱਲਾਂ ਮੌਲਾਣੇ, ਜੋਗੀ ਅਤੇ ਇਨ੍ਹਾਂ ਦਾ ਹੋਰ ਸਾਰਾ ਕੋੜਮਾ ਇਕੱਠਾ ਹੋ ਗਿਆ। ਪਹਿਲੇ ਗੁਰੂ ਦੇ ਦੋ ਪੁੱਤਰ ਇਸ ਵੀਚਾਰਧਾਰਾ ਤੋਂ ਬਾਗੀ, ਦੂਜੇ ਦੇ, ਤੀਜੇ ਅਤੇ ਚੌਥੇ ਦੇ ਇਕ ਪੁੱਤਰ ਗੁਰੂ ਅਰਜਨ ਪਾਤਸ਼ਾਹ ਨੂੰ ਛੱਡ ਕੇ ਬਾਕੀ ਦੇ ਸੱਭ ਬਾਗੀ। ਜਾਣੀ ਕਿ ਇਕ ਰੱਬ, ਮਨੁੱਖਤਾ ਇਕ ਹੈ, ਸਾਰੇ ਬਰਾਬਰ ਹਨ, ਸਾਰੇ ਇਕੋ ਦੇ ਜਾਏ ਹਨ ਦੇ ਸਿਧਾਂਤ ਨੂੰ ਖਤਮ ਕਰਨ ਲਈ ਛੇਵੇਂ ਅਤੇ ਸੱਤਵੇਂ ਗੁਰੂ ਦੇ ਘਰੀਂ ਵੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਗੁਰੂ ਕਾਲ ਵਿਚ ਵੀ ਵਿਪ੍ਰੀਤੀ ਲੋਕਾਂ ਨੇ ਸਿੱਖ ਵੀਚਾਰਧਾਰਾ ਦਾ ਰੱਜ ਕੇ ਨੁਕਸਾਨ ਕੀਤਾ ਪਰ ਇਸ ਨੂੰ ਖਤਮ ਨਹੀਂ ਕਰ ਸਕੇ। ਮਿਸਲਾਂ ਵੇਲੇ ਤਾਂ ਗੁਰਧਾਮਾਂ ਦੇ ਇਨ੍ਹਾਂ ਵਾਸਤੇ ਦਰਵਾਜੇ ਹੀ ਨਹੀਂ ਸਨ ਖੁੱਲੇ ਸਗੋਂ ਇਹ ਲੋਕ, ਇਨ੍ਹਾਂ ਧਰਮ ਅਸਥਾਨਾਂ ਦੇ, ਮਾਲਕ ਹੀ ਬਣ ਗਏ ਸਨ। ਮਹਾਂਰਾਜੇ ਰਣਜੀਤ ਸਿੰਘ ਦੇ ਸਮੇਂ ਵੀ ਸਿੱਖ ਯੋਧੇ ਰਣਖੇਤਰ ਵਿਚ ਲੜਦੇ ਰਹੇ ਮਰਦੇ ਰਹੇ ਪਰ ਸਿੱਖ ਵੀਚਾਰਧਾਰਾ ਵਿਚ ਆਏ ਨਿਘਾਰ ਬਾਰੇ ਅੱਖ ਪੁੱਟ ਕੇ ਨਹੀਂ ਵੇਖ ਸਕੇ। 1947 ਵੇਲੇ ਹੀ ਪੰਜਾਬ ਨੂੰ ਦੋ ਹਿਸਿਆਂ ਵਿਚ ਵੰਡ ਕੇ, ਅੱਧਾ ਓਧਰ ਅਤੇ ਅੱਧਾ ਓਧਰ, ਸਿੱਖ ਧਰਮ ਦਾ ਨਾਸ ਮਾਰਨ ਦੀ ਰਣਨੀਤੀ ਤਿਆਰ ਕਰ ਲਈ ਗਈ ਸੀ। ਫਿਰ ਪੰਜਾਬੀ ਸੂਬਾ ਬਣਾ ਕੇ, ਪੰਜਾਬੀ ਦੀ ਹੱਦ ਨੂੰ ਹੋਰ ਸੀਮਤ ਕਰਕੇ, ਪੰਜਾਬੀ ਬੋਲਦੇ ਸ਼ਹਿਰ ਤੇ ਪਿੰਡ ਪੰਜਾਬ ਨੂੰ ਨਾ ਦੇ ਕੇ, ਪੰਜਬੀਆਂ ਦੇ ਗਲ ਤੇ ਹੋਰ ਚਾਕੂ ਚਲਾਇਆ।
20ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਅੱਜ ਤਕ ਵਿਚ ਪੰਜਾਬ ਵਿਚ ਸਾਧਾਂ ਦੀਆਂ ਹੇੜਾਂ ਪੈਦਾ ਕਰਕੇ ਲੋਕਾਂ ਦਾ ਪੈਸਾ ਧੇਲਾ ਲੁਟਿਆ, ਇਜਤ ਆਬਰੂ ਲੁੱਟੀ, ਲੋਕਾਂ ਨੂੰ ਬੇਗੈਰਤ ਬਣਾਇਆ, ਵਿਦਿਆ ਰਹਿਤ ਕੀਤਾ, ਭਾਈਚਾਰਕ ਸੰਬੰਧ ਖਤਮ ਕੀਤੇ ਤੇ ਪੰਜਾਬੀ ਰਹਿਣੀ ਬਹਿਣੀ ਖਤਮ ਕੀਤੀ। ਹੋਰ ਵੀ ਜਿਤਨਾ ਕੁੱਝ ਕੀਤਾ ਜਾ ਸਕਦਾ ਸੀ ਕੀਤਾ। 1906 ਤੋਂ ਪਹਿਲਾਂ ਸੰਤਾਂ ਦੇ ਵੱਗ ਦੇ ਨਾਮ ਹੇਠ ਕੋਈ ਲੋਟੂ-ਜਮਾਤ ਕਾਬਜ਼ ਨਹੀਂ ਸੀ। ਇਸੇ ਸਾਲ ਪੰਜਾਬ ਵਿਚ ਸੰਤਾਂ ਦੇ ਨਾਮ ਹੇਠ ਪੰਜ ਅਤਰੇ/ ਅਉਤਰੇ ( ਅਤਰਾ ਚੀਮਨਿਆਂ ਵਾਲਾ, ਅਤਰਾ ਰੇਰੂ ਵਾਲਾ ਜਿੱਥੋ ਰਾੜਾ ਸਾਹਿਬ ਬਣਿਆ, ਅਤਰਾ ਘੁਣਸਾਂ ਵਾਲਾ, ਅਤਰਾ ਅੱਤਲੇ ਵਾਲਾ ਅਤੇ ਅਤਰਾ ਜਲਾਲਾਬਾਦੀ ਵਿਸਟ ਵਾਲਾ)ਪੈਦਾ ਕੀਤੇ। ਸਿੱਖੀ ਨੂੰ ਖਤਮ ਕਰਨ ਲਈ ਚਿੱਟਾ ਚੋਲਾ, ਮੂੰਗੀ ਦੀ ਦਾਲ, ਹੱਥ ਮਾਲਾ ਤੇ ਪੈਰੀਂ ਖੜਾਵਾਂ ਪਾ ਦਿੱਤੀਆਂ ਗਈਆਂ। ਇਹ ਅੱਖਰੋਂ ਕੋਰੇ ਸਾਧ ਪੈਦਾ ਕਰਕੇ ਸਿੱਖਾਂ ਨੂੰ ਭਰਮਾਇਆ ਗਿਆ, ਅੰਧ-ਵਿਸ਼ਵਾਸ਼ ਦਾ ਜਾਲ ਵਿਛਾਇਆ ਗਿਆ, ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਗਿਆ। ਸਿੱਖੀ ਨੂੰ ਖਤਮ ਕਰਨ ਲਈ ਜੇਲ੍ਹ ਵਿਚ ਭਾਈ ਰਣਧੀਰ ਸਿੰਘ ਨੂੰ ਫਿਟ ਕਰਕੇ ਅਖੰਡ ਕੀਰਤਨੀਆਂ ਦਾ ਜੱਥਾ ਕਾਇਮ ਕਰਕੇ ਸਿੱਖੀ ਦੀ ਤਬਾਹੀ ਕੀਤੀ। ਤਿਹਾੜ ਜੇਲ੍ਹ ਵਿਚ ਸੇਵਾ ਸਿੰਘ ਤਰਮਾਲਾ ਨੂੰ ਫਿਟ ਕਰਕੇ ‘ਗੁਰਮੁਖ ਸੇਵਾ ਸਿੰਘ’ ਬਣਾ ਕੇ ‘ਬ੍ਰਹਮ ਗਿਆਨੀ’ ਪੁਣੇ ਦੀਆਂ ਲੋਕਾਂ ਵਿਚ ਡਿਗਰੀਆਂ ਵੰਡੀਆਂ ਗਈਆਂ। ਰਾਪੁਰਬੱਲਾਂ ਵਾਲੇ ਮਾਰੇ ਸਾਧ ਦੀ ਮੁਰਦਾਰ ਨੂੰ ਇਟਲੀ ਵਿਚੋਂ ਵਾਪਸ ਲਿਆਉਣ ਲਈ ਬਾਦਲ ਕਿਆਂ ਨੇ ਸਪੈਸ਼ਲ ਹਵਾਈ ਜ਼ਹਾਜ ਭੇਜ ਕੇ ਜਨਤਾ ਦੇ ਪੈਸੇ ਦਾ ਨੁਕਸਾਨ ਹੀ ਨਹੀਂ ਕੀਤਾ ਸਗੋਂ ਉਸਦੇ ਚੇਲਿਆਂ ਨੂੰ ਹਵਾ ਦੇ ਕੇ ਅਰਬਾਂ ਖਰਬਾਂ ਦੀ ਸਰਕਾਰੀ ਤੇ ਪ੍ਰਈਵੇਟ ਜ਼ਾਇਦਾਦ ਦਾ ਨੁਕਸਾਨ ਕਰਵਾਇਆ।
ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ 1990ਵਿਆਂ ਵਿਚ ਚੰਡੀਗੜ੍ਹ ਵਿਚ ਹਰਦਿਆਲ ਸਿੰਘ, ਸਾਬਕਾ ਆਈ.ਏ.ਐਸ ਪੈਦਾ ਕੀਤਾ ਜੋ ‘ਦੂਖ ਨਿਵਾਰਣ ਕੈਂਪ’ ਲਾਉਂਦਾ ਹੈ ਤੇ ਲੋਕਾਂ ਨੂੰ ਲੁੱਟਦਾ ਹੈ। ਟੋਰਾਂਟੋ ’ਚ ਆਏ ਨੂੰ ਅਸੀਂ, ਪ੍ਰਿੰਸੀਪਲ ਬਾਜਵਾ ਨੇ ਤੇ ਮੈਂ, ਸਵਾਲ ਕੀਤੇ ਪਰ ਇਹ ਇਕ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਿਆ। ਪ੍ਰਿੰਸੀਪਲ ਬਾਜਵਾ ਦੀ ਰਿਸ਼ੇਦਾਰੀ ਵਿਚੋਂ ਇਕ ਔਰਤ ਦੀ ਦਵਾਈ ਛਡਵਾ ਦਿੱਤੀ ਤੇ ਸ਼ਬਦਾਂ ਦੇ ਰਟਨ ਨਾਲ ਠੀਕ ਹੋਣ ਦੀ ਤਸੱਲੀ ਦੇ ਕੇ ਇਹ ਆਪ ਪੈਸੇ ਲੈ ਕੇ ਤੁਰਦਾ ਬਣਿਆ ਤੇ ਉਹ ਚੱਲਦੀ ਵਸੀ। ਮੈਂ ਇਸ ਨੂੰ ਸਵਾਲ ਕੀਤਾ ਸੀ ਕਿ ਜਿਸ ਗੁਰੂ ਨੇ ਆਪ ਇਸ ਗ੍ਰੰਥ ਨੂੰ ਭਾਈ ਗੁਰਦਾਸ ਕੋਲੋਂ ਲਿਖਵਾਇਆ ਕੀ ਉਨ੍ਹਾ ਨੂੰ ਇਸ ਗੱਲ ਦਾ ਪਤਾ ਨਹੀਂ ਚੱਲਿਆ ਕਿ ਮੈਂ ਆਪ ਫਲਾਣੇ ਸ਼ਬਦ ਦੀ ‘ਤੋਤਾ ਰਟਨੀ’ ਕਰਾਂ ਤਾਂ ਕਿ ਲਹੌਰ ਵਿਚ ਦਿੱਤੇ ਜਾਣ ਵਾਲੇ ਕਸ਼ਟਾਂ ਤੋਂ ਅਤੇ ਸ਼ਹਾਦਤ ਤੋਂ ਬੱਚ ਸਕਾਂ। ਇਸ ਹਰਦਿਆਲ ਸਿੰਘ ਕੋਲ ਕੋਈ ਜਵਾਬ ਨਹੀਂ ਸੀ। ਇਸ ਦੀ ਆਪਣੀ ਲੜਕੀ ਵੀ ਆਈ.ਏ.ਐਸ. ਹੈ। ਇਸੇ ਲੜੀ ਦੇ ਅਧੀਨ ਹਨ ਸਾਰੇ ਨਾਨਕਸਰੀਏ, ਅਸ਼ੂਤੋਸ਼ੀਏ, ਨੂਰ ਮਹਿਲੀਏ, ਟਕੇਸਾਲੀਏ ਤੇ ਪੰਜਾਬ ਦੇ ਸਾਰੇ ਪਿੰਡਾਂ  ਵਿਚ ਘਰ ਕਰੀ ਬੈਠੀਆਂ ਪੁੱਛਾਂ ਦੇਣ ਵਾਲੀਆਂ ਚੁੜੇਲਾਂ/ਔਰਤਾਂ ਤੇ ਛੋਟੇ ਛੋਟੇ ਪੱਧਰ ਦੇ ਸਾਧ ਜਿਨ੍ਹਾ ਦੀ ਗਿਣਤੀ ਸਾਰੇ ਪਿੰਡਾਂ ਦੀ ਗਿਣਤੀ ਨਾਲੋਂ ਘੱਟ ਤੋਂ ਘੱਟ ਪੰਜ ਗੁਣਾ ਹੈ। ਇਸੇ ਹਰਦਿਆਲ ਸਿੰਘ ਦੀ ਪਹਿਲੀ ਤੇ ਦੂਜੀ ਕੈਸਿਟ ਸੁਣੋ ਜਿਸ ਵਿਚ ਇਹ ਆਪ ਕਹਿੰਦਾ ਹੈ ਕਿ ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਬੇਨਤੀ ਕੀਤੀ ਕਿ ਮੈਨੂੰ ਤਾਪ ਨਾਲ ਸੰਬੰਧਿਤ ਪੰਗਤੀਆਂ ਚੁਣ ਕੇ ਦਿਓ। ਮੈਂ ਇਨ੍ਹਾਂ ਪੰਗਤੀਆਂ ਦਾ ਲੋਕਾਂ ਕੋਲੋਂ ਰਟਨ ਕਰਵਾ ਕੇ ਮੈਂ ਉਨ੍ਹਾਂ ਦੇ ਦੁੱਖ ਦੂਰ ਕਰਨਾ ਚਾਹੁੰਦਾ ਹਾਂ। ਪਰ ਅਕਾਲ ਤਖਤ ਵਲੋਂ ਉਤਰ ਮਿਲਿਆ ਕਿ ਇਹ ਗੁਰਮਤਿ ਨਹੀਂ। ਸੇਵਾ ਸਿੰਘ ਤਰਮਾਲੇ ਵਾਂਗੂ ਜਦੋਂ ਹੀ ਹਰਦਿਆਲ ਸਿੰਘ ਨੇ ਲਫਾਫਾ ਜਮਾ ਕਰਵਾਇਆ ਤਾਂ ਹਰਦਿਆਲ ਸਿੰਘ ਦਾ ਸਾਰਾ ਕੁੱਝ ਗੁਰਮਤਿ ਦੇ ਅਨਕੂਲ ਹੋ ਗਿਆ।
ਲਓ! ਹੁਣ ਸੁਣੋ ਮੰਗਲ ਢਿਲੋਂ ਦੀ ਕਹਾਣੀ। ਇਹ ਬੰਦਾ 2000 ਜਾਂ 2001 ਵਿਚ ਕੈਨੇਡਾ ਆਇਆ। ਇਸ ਨੇ ਸਿੱਖ ਧਰਮ ਬਾਰੇ ਇਕ ਫਿਲਮ ਵਿਖਾਈ ਤੇ ਬਾਅਦ ਵਿਚ ਇਕ ਚਿੱਟੀ ਚਾਦਰ ਵਿਛਾ ਦਿੱਤੀ ਤੇ ਨਾਲ ਹੀ ਬੇਨਤੀ ਕੀਤੀ ਕਿ ਦਿਲ ਖੋਲ੍ਹ ਕੇ ਦਾਨ ਦਿਓ ਤਾਂਕਿ ਮੇਰਾ ਖਰਚਾ ਪੂਰਾ ਹੋ ਸਕੇ। ਉਹ ਫਿਲਮ ਨਾ ਕੋਈ ਬਹੁਤੀ ਚੰਗੀ ਸੀ ਨਾ ਹੀ ਸਿੱਖੀ ਦਾ ਕੋਈ ਖਾਸ ਨੁਕਸਾਨ ਕਰਦੀ ਸੀ। ਪਰ ਇਸ ਨੇ ਗੁਰਦਵਾਰਿਆਂ ਵਿਚ ਪ੍ਰੋਜੈਕਟਰਾਂ ਰਾਹੀ ਆਪਣੀ ਡਾਕੂਮੈਂਟਰੀ ਫਿਲਮ ਦਿਖਾ ਕੇ ਭਾਂਪ ਲਿਆ ਕੇ ਸਿੱਖਾਂ ਕੋਲੋਂ ਪੈਸਾ ਕਿਵੇਂ ਬਟੋਰਿਆ ਜਾ ਸਕਦਾ ਹੈ। ਹੁਣ ਇਹ ਬੁੱਢਾ ਹੋ ਗਿਆ ਹੈ ਤੇ ਫਿਲਮਾਂ ਵਿਚ ਹੋ ਸਕਦਾ ਹੈ ਕਿ ਕਮਾਈ ਘੱਟ ਗਈ ਹੋਵੇ। ਇਹ ਵੀ ਚੰਡੀਗੜ੍ਹ ਵਾਲੇ ਹਰਦਿਆਲ ਸਿੰਘ ਵਾਂਗੂ ‘ਗੁਰਬਾਣੀ ਦੇ ਕੌਤਕ’ ਫਿਲਮ ਵਿਚ ਇਹੀ ਸਾਬਤ ਕਰਦਾ ਹੈ ਕਿ ਫਲਾਣਾ ਸ਼ਬਦ ਫਲਾਣੀ ਬਿਮਾਰੀ ਦਾ ਇਲਾਜ਼ ਕਰਦਾ ਹੈ ਤੇ ਫਲਾਣਾ ਫਲਾਣੀ ਬਿਮਾਰੀ ਦਾ। ਗੁਰੂ ਬਾਬੇ ਨਾਨਕ ਨੂੰ ਇਨ੍ਹਾਂ ਕੌਤਕਾਂ ਬਾਰੇ ਪਤਾ ਨਹੀਂ ਚੱਲਿਆ, ਜਿਸ ਨੇ ਆਪ ਗੁਰਬਾਣੀ ਲਿਖੀ ਤੇ ਹੋਰ ਭਗਤਾਂ ਦੀਆਂ ਰਚਨਾਵਾਂ ਨੂੰ ਇੱਕਠਾ ਕੀਤਾ। ਇਸ ਕਰਕੇ ਹੀ ਤਾਂ ਉਹ ਸਾਰੀ ਉਮਰ ਠੇਡੇ ਖਾਂਦਾ ਖਾਂਦਾ 35,000 ਕਿਲੋਮੀਟਰ ਦਾ ਲੰਬਾ ਸਫਰ ਤਹਿ ਕਰ ਗਿਆ। ਨਾ ਗੁਰੂ ਅੰਗਦ ਪਾਤਸ਼ਾਹ ਨੂੰ ਪਤਾ ਚੱਲਿਆ, ਨਾ ਗੁਰੂ ਅਮਰਦਾਸ ਨੂੰ ਨਾ ਗੁਰੂ ਰਾਮਦਾਸ ਨੂੰ ਨਾ ਹੀ ਗੁਰੂ ਅਰਜਨ ਪਾਤਸ਼ਾਹ ਨੂੰ ਜਿਸ ਨੇ ਸਿੱਖ ਸਿਧਾਂਤ ਨੂੰ ਰਲੇ ਤੋਂ ਬਚਾਉਣ ਲਈ ‘ਗੁਰੂ ਗ੍ਰੰਥ’ ਦੀ ਬੀੜ ਤਿਆਰ ਕਰਵਾਈ। ਗੁਰੂ ਹਰਗੋਬਿੰਦ ਸਾਹਿਬ ਐਵੇਂ ਹੀ ਲੜਾਈਆਂ ਲੜਦੇ ਰਹੇ। ਕਿਸੇ ਸ਼ਬਦ ਦਾ ਰਟਨ ਕਰਦੇ ਤੇ ਮੁਗਲੀਆ ਹਕੂਮਤ ਦਾ ਦਿਮਾਗ ਬਦਲ ਦਿੰਦੇ। ਗੁਰੂ ਤੇਗ ਬਹਾਦਰ ਪਿਤਾ ਜੀ ਨੂੰ ਕੀ ਲੋੜ ਪਈ ਸੀ 26-27 ਸਾਲ ਪੈਦਲ ਤੁਰ ਕੇ ਪ੍ਰਚਾਰ ਕਰਨ ਦੀ ਅਤੇ ਸ਼ਹਾਦਤ ਦੇਣ ਦੀ। ਅਰਾਮ ਨਾਲ ਬਾਬੇ ਬਕਾਲੇ ਭੋਰੇ ਵਿਚ ਅੱਜ ਕੱਲ੍ਹ ਦੇ ਸਾਧਾਂ ਵਾਂਗਰ ਲੋਕਾਂ ਤੋਂ ਆਪਣੇ ‘ਚਰਨ ਘੁਟਵਾਉਂਦੇ’ ਤੇ ਐਸ਼ ਕਰਦੇ। ਇਹੀ ਕੁੱਝ ਤਾਂ ਔਰੰਗਜ਼ੇਬ ਵੀ ਚਾਹੁੰਦਾ ਸੀ ਕਿ ਸਿੱਖ ਲਹਿਰ ਮੇਰੇ ਰਾਜ-ਭਾਗ ਲਈ ਖਤਰਨਾਕ ਹੈ ਇਸ ਨੂੰ ਕਿਵੇਂ ਨੱਥ ਪਾਈ ਜਾਵੇ। ਮੰਗਲ ਸਿੰਘ ਢਿਲੋਂ ਵੀ ਇਸੇ  ਕੜੀ ਦਾ ਇਕ ਹਿੱਸਾ ਸਮਝਿਆ ਜਾਣਾ ਚਾਹੀਦਾ ਹੈ। ਮੰਗਲ ਢਿਲੋਂ ਦਾ ਪਿੰਡ ਵਾਂਦਟ ਜਟਾਣਾ ਹੈ ਜਿੜਾ ਜ਼ਿਲਾ ਬਠਿੰਡਾ ਵਿਚ ਪੈਂਦਾ ਹੈ। ਇਸ ਦਾ ਬਾਪ ਕੱਕਾ ਸ਼ਰਾਬੀ ਤੇ ਉਹ ਵੀ ਘੱਰ ਦੀ ਕੱਢੀ ਨਾਲ। ਇਸਦੇ ਨਾਨਕੇ ਪਿੰਡ ਪੰਜਗਰਾਈਂ ਜ਼ਿਲਾ ਫਰੀਦ ਕੋਟ ਹਨ ਤੇ ਨਾਨਕੇ ਆਪਣਾ ਕੋਈ ਵੱਖਰਾ ਜਿਹਾ ਪੰਥ ਚਲਾ ਕੇ ਬੈਠੇ ਹਨ ਇਸ ਕਰਕੇ ਹੀ ਮੰਗਲ ਢਿਲੋਂ ਨੂੰ ਸਿੱਖੀ ਦਾ ਭੋਰਾ ਵੀ ਗਿਆਨ ਨਹੀਂ ਤੇ ਸਰਕਾਰੀ ਏਜੰਡੇ ਮੁਤਾਬਕ ਹੁਣ ਗੁਰਬਾਣੀ ਦਾ ਅਥਰਵਣ ਵੇਦ ਬਣਾਉਣ ਲੱਗਾ ਹੋਇਆਂ ਹੈ। ਇਹ ਉਸ ਵੇਦ ਦਾ ਨਾਮ ਹੈ ਜਿਸ ਵਿਚ ਸਿਰਫ ਟੂਣੇ ਟਾਮਣ ਹੀ ਲਿਖੇ ਹਨ।ਮੰਗਲ ਢਿਲੋਂ ਅੱਜ ਕੱਲ੍ਹ ਅਮਰੀਕਾ ਦੀ ਕੈਲੇਫੌਰਨੀਆ ਸਟੇਟ ਵਿਚ ਗੁਰਦਵਾਰਿਆਂ ਵਿਚ ਸਿੱਖਾਂ ਨੂੰ ਭਰਮਜਾਲ ਵਿਚ ਫਸਾਉਣ ਲਈ, ‘ਗੁਰਬਾਣੀ ਦੇ ਕੌਤਕ’ ਫਿਲਮ ਦਿਖਾ ਕੇ ਡਾਲਰਾਂ ਦਾ ਹੂੰਜਾ ਫੇਰਨ ਲਈ ਸਰਗਰਮ ਹੈ। ਦੇਖੋ ਸਿੱਖ ਉਸ ਦੇ ਜਾਲ ਵਿਚ ਫਸਦੇ ਹਨ ਜਾਂ ਨਹੀਂ।
ਗੁਰਬਾਣੀ ਕਿਸੇ ਸਮਾਜ ਨੂੰ ਚੰਗਾ ਬਣਾਉਣ ਵਾਸਤੇ ਇਕ ਸਿਧਾਂਤ ਹੈ ਜੋ ਕਿਸੇ ਸਰਕਾਰ ਨੂੰ, ਕਿਸੇ ਸਾਮਰਾਜ ਨੂੰ ਤੇ ਪ੍ਰਚੱਲਤ ਰੀਤੀ ਰਿਵਾਜਾਂ ਨੂੰ ਮੁਆਫਕ ਨਹੀਂ। ਇਸੇ ਕਰਕੇ ਗੁਰਬਾਣੀ ਦੇ ਅਰਥ ਬਦਲ ਕੇ ਲੋਕਾਂ ਨੂੰ ਗੁਮਰਾਹ ਕਰਕੇ ਅੱਜ ਜ਼ਮਾਨੇ ਦੀ ਸਰਕਾਰ ਸਿੱਖਾਂ ਨੂੰ ਮਾਰ ਕੇ ਨਹੀਂ ਸਗੋਂ ਜਿਉਂਦਿਆਂ ਰੱਖ ਕੇ ਮਾਰਨਾ ਜ਼ਿਆਦਾ ਪਸੰਦ ਕਰਦੀ ਹੈ ਤੇ ਇਲਜ਼ਾਮ ਵੀ ਕੋਈ ਨਹੀਂ ਲੱਗਦਾ। ਗੁਰਬਾਣੀ ਸਿਰ ਦੁਖਦੇ ਦੀ, ਗੋਡਿਆਂ ਗਿਟਿਆਂ ਦੀ, ਨੂੰਹ ਸੱਸ ਦੀ ਲੜਾਈ ਦੀ, ਨੂੰਹ ਪੁੱਤਰ ਦੀ ਲੜਾਈ ਦੀ, ਜ਼ਮੀਨ ਜਾਇਦਾਦ ਦੀ ਵੰਡ ਦੀ, ਡਿਗਦੇ ਘਰ ਦੀ ਕੰਧ ਦੀ ਮੁਰੰਮਤ ਕਰਨ ਲਈ ਜਾਂ ਕਾਰ ਦੇ ਟਾਇਰ ਨੂੰ ਪੈਂਚਰ (ਪੰਕਚਰ) ਲਾਉਣ ਲਈ ਆਦਿ ਬਿਮਾਰੀਆਂ ਦੇ ਇਲਾਜ ਵਾਸਤੇ ਨਹੀਂ ਲਿਖੀ ਗਈ ਸਗੋਂ ਨਿਹੱਥਿਆਂ ਦੇ ਹੱਥਾਂ ਲਈ, ਨਿਆਸਰਿਆਂ ਦੇ ਆਸਰੇ ਲਈ, ਭੂਖਿਆਂ ਦੇ ਪੇਟ ਦੀ ਅੱਗ ਬੁਝਾਉਣ ਲਈ ਅਤੇ ਖੋਹੇ ਗਏ ਹੱਕਾਂ ਦੀ ਰਾਖੀ ਲਈ ਹੱਥਾਂ ਵਿਚ ਖੰਡੇ ਫੜਾਉਣ ਲਈ ਲਿਖੀ ਗਈ ਹੈ। ਜੇਕਰ ਗੁਰਬਾਣੀ ਪੜ੍ਹ ਕੇ ਵੀ ਸਿੱਖਾਂ ਨੇ ਕਿਸੇ ਕੋਲੋਂ ਜੁਤੀਆਂ ਹੀ ਖਾਣੀਆਂ ਹਨ ਤਾਂ ਫਿਰ ਉਹ ਇਹ ਦੱਸਣ ਕਿ ਗੁਰੂ ਸਾਹਿਬਾਨ ਨੇ ਸਾਨੂੰ ਜੰਗੀ ਤਿਆਰੀ ਕਰਵਾ ਕਿ ਸਾਡੇ ਨਿਤਾਣਿਆ ਦੇ ਹੱਥੀਂ ਖੰਡੇ ਕਿਉਂ ਫੜਾਏ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ
# 647 9665 3132, 810 449 1079

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.