ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਗੁਰੂ ਨਾਲੋਂ ਟੁਟ ਕੇ ਭਟਕ ਰਿਹਾ ਹੈ ਸਿਖ
ਗੁਰੂ ਨਾਲੋਂ ਟੁਟ ਕੇ ਭਟਕ ਰਿਹਾ ਹੈ ਸਿਖ
Page Visitors: 2810

ਗੁਰੂ ਨਾਲੋਂ ਟੁਟ ਕੇ ਭਟਕ ਰਿਹਾ ਹੈ ਸਿਖ
 ਪੰਥ, ਜਥੇਦਾਰ, ਸਰਬੱਤ ਖ਼ਾਲਸਾ, ਪੰਜ ਪਿਆਰੇ, ਮਰਿਆਦਾ ਆਦਿ ਪ੍ਰੰਪਰਾਵਾਂ ਦੇ ਜਾਲ 'ਚ ਫਸਿਆ ਸਿੱਖ, ਗੁਰੂ ਨਾਲੋਂ ਟੁਟ ਕੇ, ਸਮਝ ਤੋਂ ਸੱਖਣਾ, ਦਿਸ਼ਾਹੀਣ ਹੋ ਕੇ ਭਟਕ ਰਿਹਾ ਹੈ

  ਪ੍ਰੋ. ਦਰਸ਼ਨ ਸਿੰਘ ਖ਼ਾਲਸਾ 

ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥


ਗੁਰੂ ਨਾਲੋਂ ਟੁਟ ਕੇ ਅੱਜ ਸਿੱਖ ਸੰਸਾਰ, ਸਮਝ ਤੋਂ ਸੱਖਣਾ ਦਿਸ਼ਾਹੀਣ ਹੋ ਕੇ ਭਟਕ ਰਿਹਾ ਹੈ। ਦਿਸ਼ਾ ਢੂੰਡਦਾ ਹੈ, ਪਰ ਇਹ ਨਹੀਂ ਜਾਣਦਾ ਕਿ ਦਿਸ਼ਾ ਤਾਂ ਗੁਰੂ ਨੇ ਦੇਣੀ ਸੀ, ਪਰ ਇਹ ਅਖੌਤੀ ਪੰਥ, ਗ੍ਰੰਥ, ਸੰਤ ਕੋਲੋਂ ਦਿਸ਼ਾ ਢੂੰਡ ਰਿਹਾ ਹੈ। ਕੁੱਛ ਸਿੱਖਾਂ ਨੇ ਪ੍ਰੰਪਰਾ ਦੇ ਨਾਮ ਹੇਠ ਆਪਣੇ ਲਈ ਆਪ ਭਿਆਨਕ ਜਾਲ ਬੁਣ ਲਏ ਹਨ, ਜਿਹਨਾਂ ਦੀ ਤੰਦ ਅੱਜ ਦੁਸ਼ਮਨ ਦੇ ਹੱਥ ਹੈ, ਸਿੱਖ ਉਸ ਜਾਲ ਵਿਚ ਆਪੇ ਫਸਿਆ ਫਟਫਟਾ ਰਿਹਾ ਹੈ। ਇਹ ਸਮਝ ਨਹੀਂ ਰਿਹਾ ਕੇ ਪ੍ਰੰਪਰਾ ਕੋਈ ਧਰਮ ਨਹੀਂ ਹੋਂਦੀ, ਜੇਹੜਾ ਕੰਮ ਅਸੀਂ ਕੁੱਛ ਸਮਾਂ ਲਗਾਤਾਰ ਕਰ ਲਈਏ ਜਾਂ ਸਾਡੇ ਕੋਲੋਂ ਕੋਈ ਕਰਾ ਲਵੇ, ਕੁੱਛ ਸਮੇਂ ਬਾਅਦ ਉਹ ਸਾਡੀ ਪ੍ਰੰਪਰਾ ਬਣ ਜਾਂਦੀ ਹੈ।

ਪ੍ਰੰਪਰਾ ਇੱਕ ਨਸ਼ਾ ਹੈ, ਜੇਹੜਾ ਅਸੀਂ ਛਡਣਾ ਨਹੀਂ ਚਾਹੁਂਦੇ, ਭਾਵੇਂ ਇਸ ਨਾਲ ਜੀਵਨ ਬਰਬਾਦ ਹੋ ਜਾਵੇ। ਅਸੀਂ ਉਸ ਬਰਬਾਦੀ ਨੂੰ ਪ੍ਰੰਪਰਾ ਲਈ ਕੁਰਬਾਨੀ ਕਹਿੰਦੇ ਹਾਂ, ਪ੍ਰੰਪਰਾ ਦਾ ਨਸ਼ਾ ਵੀ ਹਰ ਨਸ਼ੇ ਦੀ ਤਰਾਂ ਸਾਡੀ ਗਿਆਨ ਸ਼ਕਤੀ ਖਤਮ ਕਰ ਦੇਂਦਾ ਹੈ। ਗੁਰੂ ਨੇ ਐਸੇ ਪ੍ਰੰਪਰਾ ਦੇ ਜਾਲ ਨੂੰ ਭਾਵੇਂ ਉਹ ਬ੍ਰਾਹਮਣ ਦਾ ਜਨੇਉ ਜਾਂ ਗੁਰੂ ਦੀ ਆਪਣੀ ਬਣਾਈ ਮਸੰਦ ਪ੍ਰਥਾ ਸੀ, ਜਦੋਂ ਜੀਵਨ ਲਈ ਘਾਤਕ ਜਾਲ ਬਣ ਗਈ ਤਾਂ ਗਿਆਨ ਦੇ ਹਥੌੜੇ ਨਾਲ ਤੋੜ ਦਿਤਾ। ਕਿਉਂਕਿ ਜਦੋਂ ਅਸੀਂ ਉਸ ਜਾਲ ਵਿਚ ਫਸ ਜਾਂਦੇ ਹਾਂ, ਤਾਂ ਸਾਨੂੰ ਗੁਲਾਮ ਕਰਣ ਲਈ ਉਸ ਜਾਲ ਦੀ ਡੋਰ ਦੁਸ਼ਮਣ ਆਪਣੇ ਹੱਥ ਲੈ ਲੈਂਦਾ ਹੈ, ਫਿਰ ਅਸੀਂ ਉਸ ਜਾਲ ਵਿਚ ਬੈਠੇ ਹੀ ਉਸ ਨੂੰ ਦੁਸ਼ਮਣ ਤੋਂ ਆਜ਼ਾਦ ਕਰਾਣ ਦੇ ਫਜ਼ੂਲ ਸੰਘਰਸ਼ ਕਰਦੇ ਹਾਂ, ਪਰ ਉਸ ਜਾਲ ਨੂੰ ਤੋੜ ਕੇ ਹਮੇਸ਼ਾਂ ਦਾ ਖਤਰਾ ਖਤਮ ਨਹੀਂ ਕਰਦੇ, ਕਿਉਂਕਿ ਅਸੀਂ ਪ੍ਰੰਪਰਾ ਦੇ ਨਾਮ ਹੇਠ ਉਸ ਜਾਲ ਦੀ ਕੈਦ ਵਿਚ ਰਹਿਣ ਦੇ ਆਦੀ ਹੋ ਚੁਕੇ ਹਾਂ।
ਅੱਜ ਸਾਡੇ ਦੁਆਲੇ ਭਿਆਣਕ ਜਾਲ ਹੈ ਜਿਸਦੀਆਂ ਤਾਰਾਂ ਹਨ,

- ਪੰਥ ਦਾ ਹੁਕਮ,
- ਅਕਾਲ ਤਖਤ ਦੇ ਜੱਥੇਦਾਰ ਦਾ ਹੁਕਮ,
- ਸਰਬੱਤ ਖਾਲਸੇ ਦਾ ਹੁਕਮ,
- ਪੰਜ ਪਿਆਰਿਆਂ ਦਾ ਹੁਕਮ,
- ਸ਼੍ਰੋਮਣੀ ਕਮੇਟੀ ਵਲੋਂ ਨਿਸਚਿਤ ਕੀਤੇ ਕੁੱਛ ਮਨੁੱਖਾਂ ਵਲੋਂ ਸਾਜਿਸ਼ ਜਾਂ ਬੇਵੱਸ ਹਾਲਾਤਾਂ ਵਿੱਚ ਬਣਾਈ ਗਈ ਮਰੀਯਾਦਾ ਦਾ ਹੁਕਮ।

ਬਸ "ਮਨਮੁਖ ਹੋਏ ਬੰਦੇ ਦਾ ਬੰਦਾ", ਸਿੱਖ ਭੀ ਇਓਂ ਬੰਦਿਆਂ ਦਾ ਗ਼ੁਲਾਮ ਬਣ ਕੇ ਰਹਿ ਗਿਆ, ਗੁਰੂ ਕਹਿਂਦਾ ਹੈ
ਹੁਕਮ ਮਨਹੁ ਗੁਰੂ ਕੇਰਾ ਗਾਵਹੁ ਸੱਚੀ ਬਾਣੀ
ਪਰ ਕੋਈ ਨਹੀਂ ਕਹਿੰਦਾ ਗੁਰੂ ਦਾ ਹੁਕਮ ਮੰਨੋ। ਜਿਹਨਾ ਪ੍ਰੰਪਰਾਂਵਾਂ ਦੇ ਅਧੀਨ ਜੀਅ ਰਿਹਾ ਹੈ, ਉਹਨਾਂ ਨੂੰ ਜ਼ਰੂਰ ਸਮਝ, ਇਹਨਾ ਪ੍ਰੰਪਰਾ ਰੂਪ ਜਾਲ ਦੀ ਡੋਰ ਦੁਸ਼ਮਣ ਦੇ ਹੱਥ ਵਿਚ ਹੈ, ਇਹ ਪ੍ਰੰਪਰਾ ਅੱਜ ਦੁਰਵਰਤੋਂ ਕਾਰਨ ਆਪ ਬਦਨਾਮ ਹੋਕੇ ਖਤਮ ਹੋ ਰਹੀਆਂ ਹਨ ਅਤੇ ਕੌਮ ਨੂੰ ਸਿਵਿਆਂ ਦੇ ਰਾਹ ਪਾ ਰਹੀਆਂ ਹਨ, ਇਸ ਪ੍ਰੰਪਰਾ ਜਾਲ ਤੋਂ ਕਿਨਾਰਾ ਹੀ ਭਲਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਮਾਣਤ "ਪੰਥ" ਸ਼ਬਦ ਦੇ ਅਰਥਾਂ ਨੂੰ ਬਦਲ ਕੇ ਅੱਜ ਆਪੂੰ ਬਣੇ ਪੰਥਾਂ ਵਿਚੋਂ ਸਭ ਤੋਂ ਵਡਾ ਅਤੇ ਪ੍ਰਮਾਣਤ ਪੰਥ "ਬਾਦਲ ਪੰਥ" ਹੈ, ਜਿਸਨੂੰ ਇਸ ਜਾਲ ਦੀ ਦੂਜੀ ਮਜ਼ਬੂਤ ਤੰਦ ਅਕਾਲ ਤਖਤ ਦੇ ਜੱਥੇਦਾਰ ਵਲੋਂ ਪ੍ਰਮਾਣਿਕਤਾ ਮਿਲੀ ਹੋਈ ਹੈ, ਇਸੇ ਲਈ ਉਸਦੀ ਜ਼ਾਲਮ ਸਰਕਾਰ ਨੂੰ ਭੀ ਪੰਥਕ ਸਰਕਾਰ ਕਿਹਾ ਜਾ ਰਿਹਾ ਹੈ।

ਇਸ ਜਾਲ ਦੀ ਤੀਜੀ ਪ੍ਰੰਪਰਾ ਪ੍ਰਮਾਣਤ ਤੰਦ "ਸਰਬੱਤ ਖਾਲਸਾ",
ਮੈਂ ਸਰਬੱਤ ਖਾਲਸਾ ਦੇ ਵਿਰੁਧ ਨਹੀਂ ਹਾਂ, ਪਰ ਅੱਜ ਇਸ ਤੰਦ ਦੀ ਵੀਚਾਰ ਕਰ ਲਈਏ ਬੇਸ਼ਕ ਇਹ ਜਾਲ ਬੁਨਣ ਅਤੇ ਇਸ ਵਿੱਚ ਰਹਿਣ ਦੇ ਆਦੀ ,
ਕੁਛ ਲੋਕ ਮੈਨੂੰ ਬੁਰਾ ਭਲਾ ਆਖਣਗੇ ਕਿਉਂਕਿ ਇਸ ਵਰਤ ਰਹੇ ਤਲਵਾਰ ਦੇ ਯੁਗ ਵਿਚ ਮੈਂ ਵੀਚਾਰ ਦੀ ਗੱਲ ਛੇੜ ਬੈਠਾ ਹਾਂ ਕਿਉਂਕਿ ਮੇਰਾ ਗੁਰੂ ਕਹਿਂਦਾ ਹੈ
ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥ ਗ ਗ ਸ ਪੰਨਾ 122
ਸਰਬੱਤ ਖਾਲਸਾ ਦੋ ਲਫਜ਼ਾਂ ਦਾ ਸੁਮੇਲ ਹੈ, ਸਰਬੱਤ-ਸਮੂਚਾ / ਖਾਲਸਾ -ਜੀਵਨ ਰਹਿਤ ਕਰਕੇ ਗੁਰੂ ਨੂੰ ਪ੍ਰਭੂ ਨੂੰ ਪ੍ਰਵਾਣ
“ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥4॥
ਇਸ ਅਨੁਸਾਰ ਵੱਡੀ ਗਿਣਤੀ ਵਿੱਚ ਸਿਰਾਂ ਦੀ ਇਕੱਤਰਤਾ ਨਹੀਂ, ਬਲਕਿ ਇੱਕ ਗੁਰੂ, ਇੱਕ ਰੱਬ, ਇੱਕ ਗੁਰਮਤਿ ਰਹਿਤ ਨੂੰ ਪ੍ਰਣਾਏ ਹੋਏ ਗੁਰਸਿੱਖਾਂ ਦਾ ਸਮੂਚਾ ਸਮੂਹ ਹੀ ਸਰਬੱਤ ਖਾਲਸਾ ਹੋ ਸਕਦਾ ਹੈ।

ਹੁਣ ਜ਼ਰਾ ਪੜਚੋਲ ਕਰਕੇ ਦੇਖੋ ਆਏ ਦਿਨ ਇਨ੍ਹਾਂ ਕਹੇ ਜਾਂਦੇ ਸਰਬੱਤ ਖਾਲਸਿਆਂ ਵਿੱਚ 80 ਫੀਸਦੀ ਉਹ ਲੋਕ ਹੋਂਦੇ ਹਨ, ਜਿਹਨਾ ਨੂੰ ਗੁਰੂ ਜਾਂ ਗੁਰਬਾਣੀ ਰਹਿਤ ਤਾਂ ਕਿਤੇ ਰਹੀ, ਗੁਰੂ ਦੇ ਬਖਸ਼ੇ ਹੋਏ ਮੂਲ ਮੰਤਰ ਦਾ ਭੀ ਪਤਾ ਨਹੀਂ ਹੋਣਾ, ਸਿਰਫ ਜ਼ਿੰਦਾਬਾਦ ਮੁਰਦਾਬਾਦ ਕਹਿਣ ਵਾਲਿਆਂ ਦਾ ਇਕੱਠ, ਇਸੇ ਲਈ ਸਰਬੱਤ ਖਾਲਸਿਆਂ ਤੋਂ ਭੀ ਕੌਮ ਨੂੰ ਨਿਰਾਸ਼ਤਾ ਹੀ ਪੱਲੇ ਪੈ ਰਹੀ ਹੈ।

ਹੁਣ ਨੇੜੇ ਹੀ ਜ਼ਰਾ ਸੋਚ ਲਈਏ ਸਰਬੱਤ ਖਾਲਸੇ ਦੇ ਆਗੂਆਂ ਦੀ ਬੋਲੀ ਅਤੇ ਗੁਰਬਾਣੀ ਸੋਚ ਦਾ ਮਿਆਰ ਸਾਡੇ ਸਾਹਮਣੇ ਹੈ, ਜਿਸ ਵਿਚੋਂ ਫੈਸਲਿਆਂ ਨੇ ਜਨਮ ਲੈਣਾ ਹੈ ਕਿਉਂਕਿ ਗੁਰਮਤਿ ਤੋਂ ਅਨਜਾਣ ਲੱਖਾਂ ਲੋਕਾਂ ਦਾ ਇਕੱਠ ਤਾਂ ਸਿਰਫ ਜੈਕਾਰੇ ਲਾਉਣ ਵਾਲਾ ਹੀ ਹੋਂਦਾ ਹੈ। ਨਤੀਜਾ ਤਾਂ ਫੈਸਲੇ ਹੋਂਦੇ ਹਨ। ਬਾਦਲ ਪੰਥ ਦੇ ਸਾਜੇ ਹੋਏ ਜੱਥੇਦਾਰਾਂ ਦੇ ਮੁਕਾਬਲੇ ਇੱਕ ਦੂਜੇ ਪੰਥ ਨੇ ਭਾਈ ਹਵਾਰਾ ਦੀ ਕੁਰਬਾਨੀ ਨੂੰ ਢਾਲ ਬਣਾ ਕੇ ਅਪਣੇ ਧੜਿਆਂ ਨਾਲ ਸਬੰਧਤ ਗੁਰਬਾਣੀ ਗੁਰਮਤਿ ਦੀ ਸੋਚ ਅਤੇ ਬੋਲੀ ਤੋਂ ਸੱਖਣੇ ਅਜੋਕੀ ਸਿਆਸਤ ਦੀ ਵਰਤੋਂ ਲਈ ਜੱਥੇਦਾਰ ਨਿਸਚਿਤ ਕਰ ਦਿਤੇ

ਫਿਰ ਫਿਰ ਫਾਹੀ ਫਾਸੇ ਕਉਆ॥ ਫਿਰਿ ਪਛੁਤਾਨਾ ਅਬ ਕਿਆ ਹੂਆ ॥
ਫਾਥਾ ਚੋਗ ਚੁਗੈ ਨਹੀ ਬੂਝੈ ॥ ਸਤਗੁਰੂ ਮਿਲੈ ਤ ਆਖੀ ਸੂਝੈ ॥
ਜਿਉ ਮਛੁਲੀ ਫਾਥੀ ਜਮ ਜਾਲਿ ॥ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥


ਕੁਛ ਅਨਜਾਣ ਸਿੱਖ ਪਹਿਲੇ ਜਾਲ ਵਿਚ ਫਸੇ ਰਹਿ ਗਏ, ਕੁਛ ਇਸ ਨਵੇਂ ਜਾਲ ਵਿਚ ਆ ਗਏ।

ਜ਼ਰਾ ਸੋਚੋ ਇਸ ਸਰਬੱਤ ਖਾਲਸਾ ਵਿਚ ਸਿਰਫ ਤਿਨ ਜੱਥੇਦਾਰ ਹੀ ਕਿਉਂ ਚੁਣੇ ਗਏ, ਹਾਲਾਂਕਿ ਹੁਣ ਤੱਕ ਜਿਤਨੇ ਭੀ ਗੁਰਮਤਿ ਵਿਰੁਧ ਫੈਸਲੇ ਜੁਲਮ ਅਤੇ ਗੁਨਾਹ ਹੋਏ ਨੇ ਉਸ ਵਿੱਚ ਪਟਨੇ ਅਤੇ ਹਜ਼ੂਰ ਸਾਹਿਬ ਵਾਲੇ ਜੱਥੇਦਾਰ ਭੀ ਸ਼ਾਮਲ ਹਨ, ਓਥੇ ਤਾਂ ਪੰਜਾਬ ਨਾਲੋਂ ਕਿਤੇ ਜ਼ਿਆਦਾ ਗੁਰਮਤਿ ਦਾ ਘਾਣ ਹੋ ਰਿਹਾ ਹੈ, ਹਿੰਦੂ ਪਦਤੀ ਅਤੇ ਬ੍ਰਾਹਮਣਵਾਦ ਦਾ ਨੰਗਾ ਨਾਚ ਹੋ ਰਿਹਾ ਹੈ। ਬੇਨਕਾਬ ਹੋਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾ ਰਹੀ ਹੈ, ਉਹਨਾ ਵਲੋਂ ਕੀਤੇ ਜਾ ਰਹੇ ਗੁਰਮਤਿ ਘਾਣ ਨੂੰ ਕਿਵੇਂ ਕਿਉਂ ਅਤੇ ਕਿਸਦੇ ਹੁਕਮ ਨਾਲ ਪ੍ਰਵਾਣ ਕੀਤਾ ਗਿਆ, ਅਤੇ ਸਿਰਫ ਪੰਜਾਬ ਦੇ ਤਿੰਨ ਜੱਥੇਦਾਰਾਂ ਦਾ ਬਦਲ ਹੀ ਨਿਸਚਿਤ ਕੀਤਾ ਗਿਆ, ਕੀ ਹੁਣ ਅੱਗੇ ਤੋਂ ਤਿਨ ਜੱਥੇਦਾਰ ਹਰ ਫੈਸਲਾ ਲਿਆ ਕਰਣਗੇ?

ਕਿਤੇ ਇਹ ਤਾਂ ਨਹੀਂ ਉਹਨਾ ਤਖਤਾਂ ਤੇ ਪਹਿਲੇ ਹੀ ਆਰ.ਐਸ.ਐਸ ਸੋਚ ਦਾ ਕਬਜ਼ਾ ਹੈ, ਉਸੇ ਸੋਚ ਦੇ ਜੱਥੇਦਾਰ ਨਿਸਚਿਤ ਹਨ, ਉਹਨਾ ਨੂੰ ਬਦਲਣ ਦੀ ਲੋੜ ਨਹੀਂ, ਉਹਨਾ ਕੋਲੋਂ ਆਪ ਜਾਕੇ ਸਿਰਪਾਓ ਲੈਕੇ ਭਾਈ ਬੰਦੀ ਦੀ ਪ੍ਰਮਾਣਿਕਤਾ ਲੈਣੀ ਜ਼ਰੂਰੀ ਸੀ। ਉਹ ਹੋ ਗਈ, ਇਹ ਹੈ ਤੀਜੇ ਜਾਲ ਦਾ ਅੱਜ ਵਾਲਾ ਰੂਪ ਜਿਸ ਤੋਂ ਕੌਮ ਦੁਖੀ ਜ਼ਰੂਰ ਹੈ, ਪਰ ਤੋੜਨ ਦੀ ਹਿੰਮਤ ਨਹੀਂ।

ਜਾਲ ਦੀ ਚੌਥੀ ਪ੍ਰੰਪਰਾ ਪੰਜ ਪਿਆਰਿਆਂ ਦਾ ਹੁਕਮ। ਇਹ ਇੱਕ ਆਰਜ਼ੀ ਲੋੜ ਅਨੁਸਾਰ ਪ੍ਰਚਲਤ ਹੋਇਆ ਸੀ, ਪਰ ਅੱਜ ਸਾਡੇ ਦੁਆਲੇ ਬੜਾ ਮਜ਼ਬੂਤ ਜਾਲ ਬਣ ਗਿਆ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਨੇ ਪੰਜ ਦੇ ਲ਼ਫਜ਼ ਨੂੰ ਕੋਈ ਵੱਖਰੀ ਧਾਰਮਕ ਮਹਤਤਾ ਨਹੀਂ ਦਿਤੀ, ਗੱਲ ਗੁਣਾ ਅਵਗੁਣਾ ਦੀ ਹੈ, ਕਿਹਾ ਭਲਿਆ ਸੱਤ ਸੰਤੋਖ ਦਇਆ ਧਰਮ ਧੀਰਜ ਜੇ ਪੰਜ ਹਨ, ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਭੀ ਪੰਜ ਹਨ। ਇਸ ਲਈ ਜੇ ਜੀਵਨ ਵਿਚ ਪੰਜ ਗੁਣ ਲਿਆਉਣੇ ਹਨ, ਤਾਂ ਪੰਜ ਅਵਗੁਣ ਕੱਢਣੇ ਭੀ ਹਨ “ਪੰਚ ਮਨਾਏ ਪੰਚ ਰੁਸਾਏ ਪੰਚ ਵਸਾਏ ਪੰਚ ਗਵਾਏ”, ਪਰ ਸਾਡੇ ਲਈ ਜਾਲ ਬੁਨਣ ਵਾਲਿਆਂ ਨੇ ਅਪਣੀ ਮਰਜ਼ੀ ਦੇ ਪੰਜ ਮਨੁੱਖਾਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਸਤੇ ਇਤਹਾਸ ਦੀ ੳੋਟ ਵਿਚ ਸਿੱਖੀ ਨਾਲ, ਗੁਰੂ ਨਾਲ ਸਬੰਧਤ ਇਤਨੀਆਂ ਮਨਘੜਤ ਕਹਾਣੀਆਂ ਦਾ ਪ੍ਰਚਾਰ ਕੀਤਾ ਕੇ ਪੰਜਾ ਵਿੱਚ ਪ੍ਰਮੇਸ਼ਰ, ਪੰਜ ਗੁਰੂ ਰੂਪ ਹਨ ਤਾਂਕਿ ਇਹ ਜਾਲ ਕੇਵਲ ਪੰਜ ਮਨੁੱਖਾਂ ਨਾਲ ਬੁਣਿਆਂ ਜਾਣਾ ਸਰਬੱਤ ਖਾਲਸੇ ਨਾਲੋਂ ਸੌਖਾ ਹੈ। ਇਸ ਲਈ ਹਰ ਪੰਥ ਨੇ ਹਰ ਸੰਪਰਦਾ ਨੇ, ਹਰ ਅਸਥਾਨ ਨੇ ਆਪਣਾ ਆਪਣਾ ਜਾਲ ਬੁਣ ਲਿਆ ਅਤੇ ਜਦੋਂ ਮਰਜ਼ੀ ਹਰ ਕਿਸੇ ਨੂੰ, ਹਰ ਥਾਂਵੇ ਆਪਣੀ ਲੋੜ ਮੁਤਾਬਕ ਇਹ ਜਾਲ ਬੁਨਣ ਦਾ ਹੱਕ ਭੀ ਪ੍ਰਚਲਤ ਕਰ ਦਿੱਤਾ। ਇਸ ਲਈ ਜਿੱਥੇ ਕਿਤੇ ਜਦੋਂ ਮਰਜ਼ੀ ਪੰਜ ਪਿਆਰੇ ਸਾਜ ਲਏ ਜਾਂਦੇ ਹਨ। ਉਹ ਪੰਜ ਪਿਆਰੇ ਅਕਸਰ ਨੌਕਰ ਭੀ ਰੱਖ ਲਏ ਜਾਂਦੇ ਹਨ।

ਹੁਣ ਜ਼ਰਾ ਸੋਚੋ ਪੰਜ ਪਿਆਰੇ ਬਾਦਲ ਮਾਰਕਾ ਸ਼੍ਰੋਮਣੀ ਕਮੇਟੀ ਨੇ ਮੁਲਾਜ਼ਮ ਰੱਖੇ ਹੋਏ ਸਨ, ਉਹਨਾ ਦੇ ਜ਼ੁੱਰਤ ਵਾਲੇ ਕੁਛ ਫੈਸਲੇ ਬਾਦਲ ਵਿਰੋਧੀ ਕੁੱਛ ਲੋਕਾਂ ਨੇ ਖੁਸ਼ ਹੋਕੇ ਪ੍ਰਵਾਣ ਕਰ ਲਏ, ਕਈ ਵੀਰਾਂ ਨੇ ਇਹ ਭੀ ਐਲਾਣ ਕਰ ਦਿਤਾ ਕੇ ਅੱਗੋਂ ਤੋਂ ਏਹਨਾ ਦੀਆਂ ਤਨਖਾਵਾਂ ਅਸੀਂ ਦੇਵਾਂਗੇ, ਭਾਵ ਸਾਡੇ ਮੁਲਾਜ਼ਮ ਹੋਣਗੇ, ਜਿਹੜੇ ਪਹਿਲਾਂ ਤਨਖਾਹ ਦੇਂਦੇ ਸਨ, ਉਹਨਾਂ ਨੇ ਅਕਾਲ ਤਖਤ ਦੇ ਅਸਥਾਨ 'ਤੇ ਉਹਨਾਂ ਦਾ ਅਧਿਕਾਰ ਖਤਮ ਕਰ ਦਿੱਤਾ। ਹੁਣ ਉਹਨਾਂ ਵਲੋਂ ਦੂਜੀਆਂ ਜੱਥੇਬੰਦੀਆਂ ਦੇ ਸਾਥ ਵਿੱਚ ਇਕ ਹੋਰ "ਨਿਯੂ ਅੰਮ੍ਰਿਤਸਰ" ਦੇ ਇਲਾਕੇ ਵਿੱਚ ਜਗਾ ਲੈਕੇ ਆਪਣਾ ਵੱਖਰਾ ਸੈਕਟਰੀਏਟ ਬਣਾਇਆ ਗਿਆ ਹੈ।

ਜ਼ਰਾ ਸੋਚੋ ਪਹਿਲੇ ਜੱਥੇਦਾਰਾਂ ਨੇ ਅਕਾਲ ਤਖਤ ਅਸਥਾਨ ਤੋਂ ਵੱਖਰਾ ਇਕ ਬੰਦ ਕਾਲ ਕੋਠੜੀ ਨੂੰ ਸੈਕਟਰੀਏਟ ਦੱਸ ਕੇ ਅਕਾਲ ਤਖਤ ਦੇ ਨਾਮ ਹੇਠ ਪੇਸ਼ੀਆਂ ਹੁਕਮਨਾਮੇ ਸ਼ੁਰੂ ਕੀਤੇ ਸਨ, ਜੋ ਜਾਗਰਤ ਸਿੰਘਾਂ ਨੇ ਨਕਾਰ ਦਿਤੇ। ਹੁਣ ਇਹ ਪੰਜਾਂ ਪਿਆਰਿਆਂ ਵਲੋਂ ਇਕ ਹੋਰ ਵੱਖਰਾ ਸੈਕਟਰੀਏਟ ਬਾਹਰ ਨਿਯੂ ਅੰਮ੍ਰਿਤਸਰ ਇਲਾਕੇ ਵਿੱਚ ਬਣਾ ਲਿਆ ਗਿਆ, ਜਿਥੇ ਪੰਜਾਂ ਪਿਆਰਿਆਂ ਦੀ ਅਦਾਲਤ ਲੱਗੇਗੀ, ਓਥੇ ਪੇਸ਼ੀਆਂ ਹੋਣਗੀਆਂ, ਫੈਸਲੇ ਹੋਣਗੇ। ਕੁਛ ਲੋਕ ਇਸ ਜਾਲ ਵਿਚ ਫਸਨਗੇ ਔਰ ਇਹ ਜਾਲ ਤਾਂ ਬੜਾ ਸੌਖਾ ਬਣ ਸਕਦਾ ਹੈ, ਹਰ ਇਕ ਦੇ ਪੰਜ ਪਿਆਰੇ ਵਖਰੇ ਹਨ, ਉਹ ਆਪਣਾ ਸੈਕਟਰੀਏਟ ਬਣਾ ਸਕਦਾ ਹੈ। ਮੈਂ ਇਨ੍ਹਾਂ ਪ੍ਰੰਪਰਾਂਵਾਂ ਦੇ ਵਿਰੁਧ ਨਹੀਂ ਹਾਂ, ਪਰ ਦੁਸ਼ਮਣ ਹੱਥ ਡੋਰ ਜਾਣ ਕਰਕੇ, ਇਸ ਜਾਲ ਰਾਹੀਂ, ਜੋ ਕੌਮੀ ਨੁਕਸਾਨ ਹੋ ਰਿਹਾ ਹੈ ਉਸ ਤੋਂ ਚਿੰਤਤ ਹਾਂ।

ਜਾਲ ਤੋਂ ਅਗਲੀ ਗੱਲ ਜਾਲ ਤਾਂ ਫੜਨ ਦਾ ਵਸੀਲਾ ਤਰੀਕਾ ਹੈ, ਉਹ ਹਮੇਸ਼ਾਂ ਨਹੀਂ ਲਗਦਾ। ਫਾਹਣ ਲਈ ਲੋੜ ਅਨੁਸਾਰ ਕਦੀ ਕਦੀ ਲਾਇਆ ਜਾਂਦਾ ਹੈ। ਫਾਹੀ ਵਾਲ ਜਾਲ ਵਿੱਚ ਫਸਾਏ ਪੰਖੀ ਨੂੰ ਆਪਣੀ ਕੈਦ ਵਿੱਚ ਹਮੇਸ਼ਾਂ ਰੱਖਣ ਲਈ, ਉਸਨੂੰ ਜਾਲ ਵਿੱਚ ਫੜ ਕੇ ਪਿੰਜਰੇ ਵਿਚ ਪਾਉਂਦਾ ਹੈ। ਪਿੰਜਰੇ ਵਿੱਚ ਪੰਖੀ ਹਮੇਸ਼ਾਂ ਰਹਿਂਦਾ ਹੈ, ਪਿੰਜਰੇ ਵਿੱਚ ਪੰਖੀ ਦੀ ਜ਼ਿਂਦਗੀ ਉਸਦਾ ਸੌਂਣ ਜਾਗਣ, ਖਾਣ ਪੀਣ ਸਭ ਕੁਛ ਫਾਹੀਵਾਲ ਦੇ ਹੁਕਮ ਵਿਚ ਹੋ ਜਾਂਦਾ ਹੈ। ਸੋ ਪਿੰਜਰਾ ਪੰਖੀ ਲਈ ਜਾਲ ਤੋਂ ਬਾਅਦ ਹਮੇਸ਼ਾਂ ਦੀ ਪੱਕੀ ਗੁਲਾਮੀ ਹੈ।

ਸੋ ਉਪਰਲੇ ਜਾਲਾਂ ਵਿੱਚ ਫਸਾਉਣ ਤੋਂ ਬਾਅਦ ਹਮੇਸ਼ਾਂ ਆਪਣੇ ਹੁਕਮ ਵਿਚ ਰੱਖਣ ਲਈ ਅੰਗਰੇਜ਼ ਅਤੇ ਬ੍ਰਾਹਮਣਵਾਦ ਦੀ ਸਾਂਝੀ ਸਾਜ਼ਿਸ਼ ਨਾਲ ਸਿੱਖ ਸੋਚ ਨੂੰ ਬੇਬੱਸ ਕਰਕੇ, ਸ਼੍ਰੋਮਣੀ ਕਮੇਟੀ ਦੀ ਆਹਰਣ 'ਤੇ ਰੱਖ ਕੇ 14 ਸਾਲ ਵਿੱਚ ਤਿਆਰ ਕੀਤਾ ਗਿਆ ਰਹਿਤ ਮਰੀਯਾਦਾ ਦਾ ਪਿੰਜਰਾ ਹੈ, ਜਿਸ ਵਿਚ ਰਹਿਂਦਿਆਂ ਅਭੋਲ ਪੰਖੀ ਦੀ ਜੀਵਨ ਰਹਿਤ ਨਿਤਨੇਮ, ਅੰਮ੍ਰਿਤ, ਗੁਰੂ ਨਾਲ ਸਬੰਧ ਜੋੜਨ ਲਈ ਕੀਤੀ ਜਾਣ ਵਾਲੀ ਅਰਦਾਸ ਆਦਿ ਭੀ ਫਾਹੀਵਾਲ ਦੀ ਮਰਜ਼ੀ ਦੀ ਹੋ ਗਈ।

ਹੁਣ ਹਰ ਜਾਲ ਬਿਛਾਣ ਵਾਲੇ ਨੇ ਅਪਣੀ ਵਖਰੀ ਪਿੰਜਰੇ ਰੂਪ ਮਰੀਯਾਦਾ ਬਣਾਈ, ਅੱਜ ਹਰ ਫਾਹੀਵਾਲ ਦਾ ਅਪਣਾ ਪਿੰਜਰਾ ਹੈ, ਬਦਕਿਸਮਤ ਪੰਖੀ ਵੱਖ ਵੱਖ ਮਰੀਯਾਦਾ ਦੇ ਪਿੰਜਰਿਆਂ ਵਿਚ ਵੰਡੇ ਗਏ। ਕੁੱਛ ਸਮੇਂ ਬਾਅਦ ਇਹ ਪਿੰਜਰੇ ਪੰਖੀ ਲਈ ਪ੍ਰੰਪਰਾ ਬਣ ਗਏ, ਖੰਭ ਭੁੱਲ ਗਏ, ਉਡਾਰੀਆਂ ਭੁੱਲ ਗਈਆਂ। ਹੁਣ ਜੇ ਕੋਈ ਇਸ ਪਿੰਜਰੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸੇ ਦੇ ਹੱਥ ਨੂੰ ਚੁੰਝਾਂ ਮਾਰ ਮਾਰ ਜ਼ਖਮੀ ਕਰ ਦੇਂਦੇ ਹਨ। ਫਾਹੀਵਾਲਾਂ ਤੇ ਅਭੋਲ ਪੰਖੀਆਂ ਦਾ ਰਿਸ਼ਤਾ ਪੱਕਾ ਹੋ ਗਿਆ ਦਿਸਦਾ ਹੈ। ਸਿੱਖਾ, ਗੁਰੂ ਤੇਰੀ ਇਸ ਤਰਸਯੋਗ ਹਾਲਤ ਨੂੰ ਦੇਖ ਕੇ ਆਵਾਜ਼ ਦੇਂਦਾ ਹੈ।

ਓ ਪੰਖੀ ਦੁਸ਼ਮਣ ਹੱਥ ਡੋਰ ਵਾਲੇ ਪ੍ਰੰਪਰਾ ਦੇ ਜਾਲ ਅਤੇ ਮ੍ਰੀਯਾਦਾ ਦੇ ਪਿੰਜਰੇ ਦੀ ਗੁਲਾਮੀ ਵਿੱਚ ਆਪਣੇ ਖੰਭਾਂ ਨੂੰ ਉਡਾਰੀਆਂ ਨੂੰ ਆਕਾਸ਼ ਦੀਆਂ ਉਚਾਈਆਂ ਨੂੰ ਭੂਲ ਜਾਣ ਨਾਲ ਤੈਨੂੰ ਗੁਰੂ ਵੱਲ ਜਾਂਦੀ ਦਿਸ਼ਾ ਭੀ ਭੁਲ ਗਈ ਹੈ, ਤੂੰ ਦਿਸ਼ਾਹੀਣ ਹੋ ਗਿਆ ਹੈਂ, ਆ ਸੁਚੇਤ ਹੋਕੇ:

ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥
ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥
1॥ ਰਹਾਉ ॥
ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖ੍ਹਣ ਮੋਹ ਕੀ ਫਾਸ ॥
ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥
1॥

ਭਲਿਆ ਕਿਉਂ ਦੁਖੀ ਹੋ ਰਿਹਾ ਹੈਂ ਅਤੇ ਕਦੋਂ ਤੱਕ ਦੁਖੀ ਹੋਂਦਾ ਰਹੇਂਗਾ, ਦੁਸ਼ਮਣ ਹੱਥ ਡੋਰ ਵਾਲੇ ਇਸ ਭਰਮ ਜਾਲ ਨੂੰ ਤੋੜ ਕੇ ਬਾਹਰ ਆ ਗੁਰਬਾਣੀ ਰਹਿਤ ਦੇ ਬਿਰਖ ਦੀ ਠੰਡੀ ਛਾਵੇਂ ਬੈਠ ਅਤੇ ਗੁਰੂ ਗਿਆਨ ਦੇ ਖੰਭਾਂ ਨਾਲ ਗੁਰਮਤਿ ਦੀਆਂ ਉੱਚੀਆਂ ਉਡਾਰੀਆਂ ਲਾਉਂਦਾ, ਧਰਮ ਦੇ ਉੱਚੇ ਆਕਾਸ਼ ਵਿੱਚ ਵਿਚਰਨ ਦਾ ਆਨੰਦ ਮਾਣ, ਦੇਖ ਗੁਰੂ ਤੇਰੇ ਲਈ ਗੁਣਾਂ ਦਾ ਚੋਗਾ ਖਲਾਰ ਕੇ ਤੈਨੂੰ ਉਡੀਕ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.