ਕੈਟੇਗਰੀ

ਤੁਹਾਡੀ ਰਾਇ



ਅਮਨਦੀਪ ਸਿੰਘ, ਸਿੱਖ ਸਮਾਜ
ਦਾਸਤਾਨ-ਏ-ਹੈਵਾਨੀਅਤ (ਭਾਗ 05)
ਦਾਸਤਾਨ-ਏ-ਹੈਵਾਨੀਅਤ (ਭਾਗ 05)
Page Visitors: 3367

  ਦਾਸਤਾਨ-ਏ-ਹੈਵਾਨੀਅਤ (ਭਾਗ 05)
       ਸਪੋਸਮੈਨ ਵਿਚ ਲਿਖਣ ਵਾਲੇ ਨਾਮੀ ਲੇਖਕਾਂ ਤੋਂ ਬਿਨਾ, ਮੈਂ ਕਰਨਲ ਜੀ.ਐਸ.ਸੰਧੂ ਤੇ ਐਡਵੋਕੇਟ ਐਚ.ਐਸ.ਫੂਲਕਾ ਨਾਲ ਵੀ ਸੰਪਰਕ ਕੀਤਾ, ਪਰ ਹਰ ਜਗ੍ਹਾ ਨਿਰਾਸ਼ਾ ਹੀ ਪੱਲੇ ਪਈ, ਕਿਉਂਕਿ ਦਰਬਾਰ ਸਾਹਿਬ ਦਾ ਨਾਂ ਆਉਣ ਤੇ ਹਰ ਕਿਸੇ ਦਾ ਮੂਤ ਨਿਕਲ ਜਾਂਦਾ ਸੀ।    ਮਈ 2015 ਵਿਚ ਇਕ ਘਟਨਾ ਵਾਪਰ ਗਈ, ਡਰਾਈਵਰ ਤਕਰੀਬਨ ਹਰ ਰੋਜ਼ ਦਰਬਾਰ ਸਾਹਿਬ ਆਉਂਦੇ ਜਾਂਦੇ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ। ਇਕ ਦਿਨ ਗਲਿਆਰੇ ਵਿਚ ਮੇਰੀ ਉਸ ਨਾਲ ਝੜਪ ਹੋ ਗਈ। ਮੈਂ ਗੁੱਸੇ ਵਿਚ ਆ ਕੇ ਉਸ ਦੀ ਬਾਂਹ ਤੇ ਖੋਖਲਾ ਪਾਈਪ ਮਾਰਿਆ, ਉਹ ਓਦੋਂ ਤਾਂ ਭੱਜ ਗਿਆ, ਪਰ ਉਸ ਨੇ ਬਾਂਹ ਗੱਲ ਵਿਚ ਪਾ ਲਈ ਤੇ ਰੌਲਾ ਪਾਉਣ ਲੱਗਾ ਕਿ ਇਸ ਨੇ ਮੇਰੀ ਬਾਂਹ ਤੋੜ ਦਿੱਤੀ ਹੈ । ਆਵਾਰਾ ਬੰਦਿਆਂ ਤੋਂ ਬਿਨਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਉਸ ਦੀ ਸਪੋਰਟ ਕਰਨ ਲੱਗੇ।  ਮੈਂ ਅਖੀਰ ਬੀਰ ਦਵਿੰਦਰ ਸਿੰਘ (ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ) ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਮਿਸ਼ਨਰ (ਜਤਿੰਦਰ ਸਿੰਘ ਔਲਖ) ਨਾਲ ਸੰਪਰਕ ਕਰ ਕੇ, ਮੈਨੂੰ ਉਨ੍ਹਾਂ ਨਾਲ ਮਿਲਣ ਲਈ ਕਿਹਾ। ਕਮਿਸ਼ਨਰ ਸਾਹਿਬ ਨੇ ਸਾਰਿਆਂ ਤੋਂ ਵੱਖ ਹੋ ਕੇ ਮੇਰੀ ਇਕੱਲੇ ਦੀ ਗੱਲ ਸੁਣੀ। ਮੈਂ ਕਮਿਸ਼ਨਰ ਸਾਹਿਬ ਨੂੰ ਇਹ ਵੀ ਕਿਹਾ ਕਿ ਗਲਿਆਰੇ ਵਾਲਿਆਂ ਨੂੰ ਇਸ ਕੰਮ ਲਈ ਨਾ ਲਾਇਆ ਜਾਵੇ (ਕਿਉਂਕਿ ਮੈਂ ਗਲਿਆਰੇ ਚੌਂਕੀ ਵਾਲਿਆਂ ਨੂੰ ਪਹਿਲਾਂ ਹੀ ਅਜ਼ਮਾ ਚੁੱਕਾ ਸੀ। ਕਮਿਸ਼ਨਰ ਸਾਹਿਬ ਨੇ ਇਸ ਕੰਮ ਵਾਸਤੇ ਮੈਨੂੰ ਸੀ.ਆਈ.ਏ. ਸਟਾਫ ਦੇ ਇੰਚਾਰਜ ਨਾਲ ਮਿਲਾਇਆ, ਤੇ ਇਸ ਕੰਮ ਵਾਸਤੇ ਉਸ ਦੀ ਡੀਊਟੀ ਲਾਈ। ਉਸ ਇੰਚਾਰਜ ਨੇ ਮੇਰੇ ਵਲੋਂ ਕਈ ਵਾਰ ਮਨਾ ਕਰਨ ਤੇ ਵੀ, ਮੈਨੂੰ ਗਲਿਆਰਾ ਚੌਂਕੀ ਦੇ ਐਸ.ਐਚ.ਓ. ਭਗਵਾਨ ਸਿੰਘ ਨਾਲ ਮਿਲਾ ਦਿੱਤਾ, ਉਸ ਇੰਚਾਰਜ ਨੇ ਕਿਹਾ ਕਿ ਜੋ ਵੀ ਕਰਨਾ ਹੈ, ਭਗਵਾਨ ਸਿੰਘ ਹੀ ਕਰੇਗਾ।  
  ਦੂਜੇ ਪਾਸੇ ਡਰਾਈਵਰ ਨਾਲ ਲੜਨ ਕਰਕੇ ਮੈਂ ਦਰਬਾਰ ਸਾਹਿਬ ਜਾਣਾ ਬੰਦ ਕਰ ਦਿੱਤਾ। ਕਿਉਂਕਿ ਆਵਾਰਾ ਬੰਦਿਆਂ ਤੋਂ ਇਲਾਵਾ ਕਮੇਟੀ ਦੇ ਮੁਲਾਜ਼ਿਮ ਵੀ ਉਸ ਦੇ ਨਾਲ ਸਨ। ਸੀ.ਆਈ.ਏ. ਸਟਾਫ ਵਲੋਂ ਭਗਵਾਨ ਸਿੰਘ ਨੂੰ ਕਹਿਣ ਤੇ ਮੈਂ ਡਰਾਈਵਰ ਵਰਗਿਆਂ ਨੂੰ ਫੜਨ ਦਾ ਸੁਪਨਾ ਹੀ ਛੱਡ ਦਿੱਤਾ ਸੀ, ਕਿਉਂਕਿ ਭਗਵਾਨ ਸਿੰਘ ਨੇ ਫਿਰ ਓਸੇ ਕਮੀਨੇ ਏ.ਐਸ.ਆਈ. ਬਲਜੀਤ ਸਿੰਘ ਤੇ ਮੁਲਾਜ਼ਿਮ ਬਲਬੀਰ ਸਿੰਘ ਦੀ ਡਿਊਟੀ ਲਗਾ ਦਿੱਤੀ ਸੀ।
ਲੜਾਈ ਦੇ ਚਾਰ ਦਿਨ ਬਾਅਦ ਮੇਰੇ ਇਕ ਜਾਣੂ ਨੇ ਲੰਗਰ ਚੋਂ ਮੈਨੂੰ ਫੋਨ ਕੀਤਾ ਕਿ ਤੂੰ ਲੰਗਰ ਵਿਚ ਆ ਜਾ, ਤੇਰਾ ਡਰਾਈਵਰ ਨਾਲ ਸਮਝੌਤਾ ਕਰਵਾ ਦਿੰਦੇ ਹਾਂ। ਮੇਰੇ ਕੋਲ ਸਮਝੌਤਾ ਕਰਨ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਸੀ। ਉਸ ਦੇ ਕਹਿਣ ਤੇ ਮੈਂ ਲੰਗਰ ਹਾਲ ਵਿਚ ਪਹੁੰਚ ਗਿਆ। ਓਥੇ ਡਰਾਈਵਰ ਨੇ ਆਵਾਰਾ ਬੰਦਿਆਂ ਤੋਂ ਇਲਾਵਾ ਆਪਣੇ ਦੋ-ਤਿੰਨ ਰਿਸ਼ਤੇਦਾਰ ਵੀ ਬੁਲਾਏ ਹੋਏ ਸਨ। ਉਨ੍ਹਾਂ ਨੇ ਕਿਸੇ ਦਾ ਹੱਡੀ ਟੁੱਟੀ ਵਾਲਾ ਐਕਸਰਾ ਵੀ ਫੜਿਆ ਹੋਇਆ ਸੀ, ਜਿਸ ਨੂੰ ਡਰਾਈਵਰ ਦਾ ਦੱਸ ਰਹੇ ਸਨ, ਤੇ ਕਹਿ ਰਹੇ ਸਨ ਕਿ ਤੂ ਇਸ ਦੀ ਹੱਡੀ ਤੋੜ ਦਿੱਤੀ ਹੈ, ਹੁਣ ਤੈਨੂੰ ਇਸ ਦਾ ਇਲਾਜ ਕਰਵਾਉਣਾ ਪਵੇਗਾ, ਤੇ ਸਾਰਾ ਖਰਚਾ ਤੂੰ ਦੇਵੇਂਗਾ। ਉਹ ਮੈਨੂੰ ਗੁਰੂ ਰਾਮਦਾਸ ਹਸਪਤਾਲ ਲੈ ਗਏ, ਤੇ ਮੈਨੂੰ ਹਸਪਤਾਲ ਵਿਚ ਇਕ ਜਗ੍ਹਾ ਤੇ ਬਿਠਾ ਕੇ , ਇਕ ਬੰਦਾ ਡਰਾਈਵਰ ਨੂੰ ਨਾਲ ਲੈ ਕੇ ਡਾਕਟਰ ਨੂੰ ਮਿਲਣ ਬਹਾਨੇ ਅੰਦਰ ਚਲਾ ਗਿਆ। ਉਹ ਬੰਦਾ ਥੋੜੀ ਦੇਰ ਬਾਅਦ ਆ ਕੇ ਮੈਨੂੰ ਕਹਿਣ ਲੱਗਾ ਕਿ ਇਸ ਦੇ ਇਲਾਜ ਲਈ ਤੀਹ ਹਜ਼ਾਰ ਰੁਪਏ ਲੱਗਣਗੇ,  ਸ਼ਾਇਦ ਡਰਾਈਵਰ ਨੇ ਉਸ ਨੂੰ ਦੱਸਿਆ ਹੋਇਆ ਸੀ ਕਿ ਇਸ ਦਾ ਏਥੇ ਕੋਈ ਨਹੀਂ ਤੇ ਇਹ ਏਥੋਂ ਦਾ ਰਹਿਣ ਵਾਲਾ ਵੀ ਨਹੀਂ ਤੇ ਇਸ ਨੇ ਕੰਮ ਕਰਕੇ ਪੈਸੇ ਇਕੱਠੇ ਕੀਤੇ ਹੋਏ ਹਨ ਤੇ ਇਹ ਪੈਸੇ ਦੇ ਦੇਵੇਗਾ, ਇਸ ਕਰਕੇ ਉਹ ਓਸੇ ਵੇਲੇ ਮੇਰੇ ਤੋਂ ਪੈਸੇ ਮੰਗਣ ਲੱਗੇ। ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਵੇਲੇ ਮੇਰੇ ਕੋਲ ਪੈਸੇ ਨਹੀਂ ਹਨ, ਉਨ੍ਹਾਂ ਨੇ ਕਿਹਾ ਕਿ ਤੂੰ ਆਪਣੇ ਘਰਦਿਆਂ ਤੋਂ ਸ਼ਾਮ ਤਕ ਪੈਸੇ ਮੰਗਵਾ ਲੈ, ਇਸ ਨੂੰ ਹਸਪਤਾਲ ਦਾਖਲ ਕਰਵਾਉਣਾ ਹੈ, ਨਹੀਂ ਤਾਂ ਤੈਨੂੰ ਥਾਣੇ ਫੜਾ ਦੇਵਾਂਗੇ, ਥਾਣੇ ਵਾਲੇ ਆਪੇ ਪੈਸੇ ਲੈ ਦੇਣਗੇ।
  ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਥਾਣੇ ਹੀ ਫੜਾ ਦਿਉ, ਕਿਉਂਕਿ ਮੈਂ ਸ਼ਾਮ ਤੱਕ ਬੰਦੋਬਸਤ ਨਹੀਂ ਕਰ ਸਕਦਾ, ਜਦ ਕਿ ਡਰਾਈਵਰ ਚੰਗਾ-ਭਲਾ ਸੀ। ਪਹਿਲਾਂ ਉਹ ਥਾਣੇ ਬੀ ਡਵੀਜ਼ਨ ਲੈ ਕੇ ਗਏ ਤੇ ਫਿਰ ਸੀ ਡਵੀਜ਼ਨ, ਨਾਲੇ ਆਪਣੇ ਜਾਣ-ਪਛਾਣ ਵਾਲਿਆਂ ਤੋਂ ਫੋਨ ਕਰਵਾਉਂਦੇ ਰਹੇ। ਜਦ ਕਿ ਇਹ ਥਾਣਾ ਗਲਿਆਰਾ ਦਾ ਮਾਮਲਾ ਸੀ। ਦੋਨਾਂ ਥਾਵਾਂ ਵਾਲਿਆਂ ਨੇ ਮਨ੍ਹਾ ਕਰ ਦਿੱਤਾ ਤਾ ਗਲਿਆਰੇ ਥਾਣੇ ਜਾਣ ਲਈ ਕਿਹਾ, ਫਿਰ ਉਹ ਮੈਨੂੰ ਗਲਿਆਰੇ ਥਾਣੇ ਲੈ ਗਏ, ਤੇ ਓਥੇ ਜਾ ਕੇ ਝੂਠਾ ਐਕਸਰਾ ਦਿਖਾਉਣ ਲੱਗੇ। ਮੁੰਸ਼ੀ ਨੇ ਥਾਣੇਦਾਰ (ਬਲਜਿੰਦਰ) ਨੂੰ ਫੋਨ ਕਰ ਕੇ ਦੱਸਿਆ। ਏਨੇ ਨੂੰ ਬਲਜਿੰਦਰ ਆ ਗਿਆ। ਉਸ ਦੇ ਆਉਣ ਤੋਂ ਪਹਿਲਾਂ ਹੀ ਰਿਪੋਰਟ ਲਿਖ ਚੁੱਕੇ ਸਨ। ਥਾਣੇਦਾਰ ਬਲਜਿੰਦਰ ਨੂੰ ਡਰਾਈਵਰ ਦੀਆਂ ਕਰਤੂਤਾਂ ਦਾ ਪਤਾ ਸੀ। ਉਸ ਨੇ ਕਿਹਾ ਜੇ ਮੈਨੂੰ ਪਤਾ ਹੁੰਦਾ ਇਹ ਹੈ (ਡਰਾਈਵਰ) ਤਾਂ ਮੈਂ ਕੁਝ ਨਹੀਂ ਸੀ ਬਣਨ ਦੇਣਾ। ਮੈਂ ਇਸ ਦੀ ਦੂਜੀ ਬਾਂਹ ਵੀ ਤੋੜ ਦੇਣੀ ਹੈ। ਬਲਜਿੰਦਰ ਨੇ ਕਿਹਾ ਕਿ ਮੈਂ ਇਸ ਨੂੰ ਖੁਦ ਕਈ ਵਾਰ ਬੱਚੇ ਲੈ ਕੇ ਜਾਂਦੇ ਨੂੰ ਫੜਿਆ ਹੈ। ਭਗਵਾਨ ਸਿੰਘ (ਐਸ.ਐਚ.ਓ.) ਵੀ ਕੋਲ ਬੈਠਾ ਸੀ, ਉਹ ਵੀ ਡਰਾਈਵਰ ਨੂੰ ਜਾਣਦਾ ਸੀ ਤੇ ਉਸਦਾ ਨਾਮ ਲੈ ਕੇ ਬੁਲਾ ਰਿਹਾ ਸੀ, ਡਰਾਈਵਰ ਨੂੰ ਗਾਲ੍ਹਾਂ ਕੱਢ ਕੇ ਬਲਜਿੰਦਰ ਠੰਡਾ ਪੈ ਗਿਆ ਤੇ ਮੈਨੂੰ ਉਸਦਾ ਇਲਾਜ ਕਰਵਾਉਣ ਲਈ ਘਰੋਂ ਪੈਸੇ ਮੰਗਵਾਉਣ ਲਈ ਕਹਿਣ ਲੱਗਾ, ਉਸ ਨੇ ਕਿਹਾ ਕਿ ਕੱਲ ਸ਼ਾਮ ਤੱਕ ਆਪਣੇ ਘਰ ਵਾਲਿਆਂ ਨੂੰ ਲੈ ਕੇ ਥਾਣੇ ਆ ਜਾਵੀਂ।
    ਦੂਸਰੇ ਦਿਨ ਸ਼ਾਮ ਨੂੰ ਮੇਰੇ ਘਰ ਵਾਲੇ ਅੰਮ੍ਰਿਤਸਰ ਪਹੁੰਚ ਗਏ ਤੇ ਡਰਾਈਵਰ ਵੀ ਆਪਣੇ ਰਿਸ਼ਤੇਦਾਰਾਂ ਨੂੰ ਲੈ ਆਇਆ, ਥਾਣੇਦਾਰ ਬਲਜਿੰਦਰ ਸਿੰਘ, ਵੱਧ ਪੈਸੇ ਮੰਗਣ ਲਈ ਡਰਾਈਵਰ ਦੇ ਰਿਸ਼ਤੇਦਾਰਾਂ ਦੇ ਕੰਨ ਭਰਨ ਲੱਗਾ ਤੇ ਦੂਸਰੇ ਪਾਸੇ ਮੇਰੇ ਰਿਸ਼ਤੇਦਾਰਾਂ ਨੂੰ ਕਹਿਣ ਲੱਗਾ ਕਿ ਜਿੰਨੇ ਪੈਸੇ ਉਹ ਲੈਣਗੇ ਓਨੇ ਹੀ ਮੈਂ ਲਵਾਂਗਾ । ਥਾਣੇਦਾਰ ਨੇ ਕਿਹਾ ਕਿ ਉਹ ਵੀਹ ਹਜ਼ਾਰ ਰੁਪਏ ਮੰਗਦੇ ਹਨ, ਤੈਨੂੰ ਦੇਣਾ ਪਵੇਗਾ, ਨਹੀਂ ਤਾਂ ਉਹ ਮੈਨੂੰ 307 ਦਾ ਕੇਸ ਪਾ ਕੇ ਅੰਦਰ ਕਰ ਦੇਵੇਗਾ,ਜ਼ਮਾਨਤ ਵੀ ਨਹੀਂ ਹੋਵੇਗੀ। ਉਸ ਨੇ ਮੈਨੂੰ ਪੁਲਸ ਨੂੰ ਗੁਮਰਾਹ ਕਰਨ ਦਾ ਕੇਸ ਪਾਉਣ ਦੀ ਧਮਕੀ ਵੀ ਦਿੱਤੀ, ਕਿ ਤੂੰ ਕਮਿਸ਼ਨਰ ਦੇ ਕੋਲ ਦਰਬਾਰ ਸਾਹਿਬ ਵਿਚੋਂ ਬੱਚਿਆਂ ਨੂੰ ਵਰਗਲਾ ਕੇ ਲੈ ਜਾਣ ਵਾਲਿਆਂ ਦੀ ਗੱਲ ਦੱਸ ਕੇ ਪੁਲਿਸ ਨੂੰ ਗੁਮਰਾਹ ਕੀਤਾ ਹੈ, (ਜਦਕਿ ਡਰਾਈਵਰ ਸਮੇਤ ਹੋਰ ਬੱਚੇ ਲੈ ਕੇ ਜਾਣ ਵਾਲਿਆਂ ਬਾਰੇ ਉਹ ਖੁਦ ਵੀ ਜਾਣਦਾ ਹੈ) ਆਖਿਰ ਉਸ ਨੇ 15 ਹਜ਼ਾਰ ਵਿਚ ਗੱਲ ਨਬੇੜ ਦਿੱਤੀ।      
      ਮੇਰੀ ਗੈਰ ਹਾਜ਼ਰੀ ਵਿਚ ਤਾਂ ਉਹ ਬਿਲਕੁਲ ਬੇਫਿਕਰ ਹੋ ਗਏ ਹਨ, ਕਿਉਂਕਿ ਮੇਰੇ ਤੋਂ ਬਿਨਾ ਉਨ੍ਹਾਂ ਬਾਰੇ ਗੱਲ ਕਰਨ ਵਾਲਾ ਹੋਰ ਕੋਈ ਵੀ ਨਹੀਂ, ਨਾ ਅੱਜ ਤਕ ਕਿਸੇਨੇ ਕੀਤੀ ਹੈ, ਨਾ ਹੀ ਅੱਗੋ ਕਰੇਗਾ। ਉਸ ਮਗਰੋਂ ਮੈਂ ਆਪਣੇ ਇਕ ਜਾਣ-ਪਛਾਣ ਵਾਲੇ ਨੂੰ ਅੰਮ੍ਰਿਤਸਰ ਫੋਨ ਕਰ ਕੇ ਪੁਛਿਆ, ਉਸ ਨੇ ਦੱਸਿਆ ਕਿ ਡਰਾਈਵਰ ਹੁਣ ਵੀ ਬੱਚੇ ਲੈ ਕੇ ਜਾਂਦਾ ਹੈ।   ਮੇਰਾ ਇਹ ਸਭ ਲਿਖਣ ਦਾ ਮਕਸਦ ਇਹ ਹੈ ਕਿ ਬੱਚੇ ਤਾਂ ਘਰੋਂ ਭੱਜਦੇ ਰਹਿੰਦੇ ਹਨ। ਬੱਚਿਆਂ ਦੇ ਘਰੋਂ ਭੱਜਣ ਨੂੰ ਤਾਂ ਸ਼ਾਇਦ ਕੋਈ ਨਾ ਰੋਕ ਸਕੇ। ਘਰੋਂ ਭੱਜੇ ਜ਼ਿਆਦਾਤਰ ਬੱਚੇ ਦਰਬਾਰ ਸਾਹਿਬ ਹੀ ਆਉਂਦੇ ਹਨ। ਕਿਉਂਕਿ ਦਰਬਾਰ ਸਾਹਿਬ ਵਿਚ ਨਿਕੱਮੇ ਪ੍ਰਬੰਧ ਕਰਕੇ ਤੇ ਨਸ਼ੇੜੀ ਮੁਲਾਜ਼ਮਾ ਕਰ ਕੇ ਹਰ ਤਰ੍ਹਾਂ ਦੇ ਗਲਤ ਅੰਸਰ ਮੌਜੂਦ ਹਨ। ਜਿਨ੍ਹਾਂ ਵਿਚ ਕਈ ਘਰੋਂ ਭੱਜੇ ਬੱਚਿਆਂ ਨੂੰ ਵਰਗਲਾ ਕੇ ਲਿਜਾਣ ਵਾਲੇ ਵੀ ਹਨ, ਇਹ ਬੱਚਿਆਂ ਨੂੰ ਲਿਜਾ ਕੇ ਕੀ ਕਰਦੇ ਹਨ, ਇਸ ਗੱਲ ਦਾ ਰਾਜ਼ ਜ਼ਰੂਰ ਖੁਲਣਾ ਚਾਹੀਦਾ ਹੈ। ਅਖਬਾਰ ਵਿਚ ਛਪੀ ਇਕ ਰਿਪੋਰਟ ਮੁਤਾਬਕ, ਪਿਛਲੇ ਦੱਸ ਸਾਲਾਂ ਵਿਚ ਹਜ਼ਾਰਾਂ ਬੱਚੇ ਗਾਇਬ ਹੋਏ ਹਨ। ਜਿਸ ਕਰਕੇ ਇਹ ਜਾਂਚ ਹੋਣੀ ਹੋਰ ਵੀ ਜ਼ਰੂਰੀ ਹੈ, ਮੈਨੂੰ ਤਾਂ ਇਹ ਵੇਖਦੇ ਨੂੰ 15 ਸਾਲ ਹੀ ਹੋਏ ਹਨ, ਇਹ ਕੰਮ ਪਤਾ ਨਹੀਂ ਕਿੰਨੇ ਚਿਰ ਤੋਂ ਚੱਲ ਰਿਹਾ ਹੈ। ਬੱਚੇ ਲਿਜਾਣ ਵਾਲੇ ਬੰਦਿਆਂ ਦੀ ਡੂੰਘਾਈ ਨਾਲ ਜਾਂਚ ਹੋਣ ਤੇ ਹੋ ਸਕਦਾ ਹੈ ਲੋਕਾਂ ਦੇ 10-10 ਸਾਲ ਪਹਿਲਾਂ ਗੁਆਚੇ ਬੱਚੇ ਮਿਲ ਜਾਣ। ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀ ਪੋਲ ਵੀ ਖੋਲਣੀ ਬਹੁਤ ਜ਼ਰੂਰੀ ਹੈ ਕਿ ਕਮੇਟੀ ਵਾਲੇ ਐਨੇ ਸਾਲਾਂ ਵਿਚ ਗਲਤ ਅੰਸਰਾਂ ਨੂੰ ਕਿਉਂ ਨਹੀਂ ਕਾਬੂ ਕਰ ਸਕੇ ?
  ਸੀ.ਸੀ.ਟੀ.ਵੀ. ਕੈਮਰੇ ਵਾਲੇ ਜੇ ਗਲਤ ਅੰਸਰਾਂ ਨੂੰ ਨਹੀਂ ਫੜ ਸਕਦੇ (ਮੱਕੜ ਦੇ ਪੀ. ਏ, ਦੇ ਕਹਣ ਤੇ ਵੀ) ਤਾਂ ਕੈਮਰੇ ਕੀ ਫੜਨ ਲਈ ਲਗਾਏ ਹਨ ?
 ਦਰਬਾਰ ਸਾਹਿਬ ਵਿਚ ਤੈਨਾਤ ਸੀ.ਆਈ.ਡੀ. ਦੇ ਮੁਲਾਜ਼ਮ ਕੀ ਕਰਦੇ ਹਨ ?
 ਗਲਿਆਰਾ ਥਾਣਾ ਕਿਸ ਵਾਸਤੇ ਬਣਾਇਆਾ ਗਿਆ ਹੈ ? 

          ਅਮਨਦੀਪ ਸਿੰਘ- ਸਿੱਖ ਸਮਾਜ               (ਸਮਾਪਤ)                         

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.