ਕੈਟੇਗਰੀ

ਤੁਹਾਡੀ ਰਾਇ



ਹਰਚਰਨ ਸਿੰਘ ਪਰਹਾਰ
ਇੰਡੀਅਨ ਸਟੇਟ ਦੇ ਫਾਸ਼ੀਵਾਦ ਤੇ ਨਾਜ਼ੀਵਾਦ ਵੱਲ ਵਧਦੇ ਕਦਮ…………
ਇੰਡੀਅਨ ਸਟੇਟ ਦੇ ਫਾਸ਼ੀਵਾਦ ਤੇ ਨਾਜ਼ੀਵਾਦ ਵੱਲ ਵਧਦੇ ਕਦਮ…………
Page Visitors: 2888

ਇੰਡੀਅਨ ਸਟੇਟ ਦੇ ਫਾਸ਼ੀਵਾਦ ਤੇ ਨਾਜ਼ੀਵਾਦ ਵੱਲ ਵਧਦੇ ਕਦਮ…………
ਪਿਛਲ਼ੇ ਦੋ ਕੁ ਸਾਲ ਤੋਂ ਇੰਡੀਆ ਵਿੱਚ ਰਾਜਸੀ, ਸਮਾਜਿਕ, ਧਾਰਮਿਕ ਹਾਲਾਤ, ਜਿਸ ਢੰਗ ਨਾਲ ਬਦਲ ਰਹੇ ਹਨ ਜਾਂ ਬਦਲੇ ਜਾ ਰਹੇ ਹਨ, ਉਹ ਨਾ ਸਿਰਫ ਚਿੰਤਾ ਦਾ ਵਿਸ਼ਾ ਹਨ, ਸਗੋਂ ਚਿੰਤਨ ਦਾ ਵੀ ਵਿਸ਼ਾ ਹਨ। ਜਿਥੇ ਆਰ. ਐਸ. ਐਸ. ਆਪਣੀ ਹੋਂਦ ਤੋਂ ਹੀ ਆਪਣੇ ਗੁਪਤ ਏਜੰਡੇ ਤੇ ਲਗਾਤਾਰ ਕੰਮ ਕਰ ਰਹੀ ਸੀ, ਉਥੇ ਮਿ. ਵਾਜਪਈ ਦੀ ਅਗਵਾਈ ਵਿੱਚ ਭਾਜਪਈਆਂ ਦੀ ਦੋ ਵਾਰ ਬਣੀ ਕੁਲੀਸ਼ਨ ਸਰਕਾਰ ਨੇ ਆਪਣਾ ਗੁਪਤ ਏਜੰਡਾ ਬਾਹਰ ਨਹੀਂ ਆਉਣ ਦਿੱਤਾ, ਸਗੋਂ ਚੁੱਪ ਕਰੀਤੇ ਮੌਜੂਦਾ ਬਹੁਮਤ ਵਾਲੀ ਮੋਦੀ ਸਰਕਾਰ ਲਈ ਜਮੀਨ ਤਿਆਰ ਕਰ ਲਈ ਸੀ। ਹੁਣ ਹੌਲੀ-ਹੌਲੀ ਕਿਤੇ ਗੁਪਤ ਢੰਗ ਨਾਲ ਤੇ ਕਿਤੇ ਜ਼ਾਹਰੀ ਤੌਰ ਤੇ ਮੋਦੀ ਸਰਕਾਰ, ਆਰ. ਐਸ. ਐਸ. ਦੇ ਫਾਸ਼ੀਵਾਦੀ ਤੇ ਨਾਜ਼ੀਵਾਦੀ ਏਜੰਡੇ ਦੇ ਅਧਾਰਿਤ ਹਿੰਦੂ ਰਾਸ਼ਟਰ ਬਣਾਉਣ ਵੱਲ ਸਾਬਿਤ ਕਦਮੀਂ ਅੱਗੇ ਵਧ ਰਹੀ ਹੈ।
ਬੇਸ਼ਕ ਇੰਡੀਅਨ ਸੰਵਿਧਾਨ ਦਾ ਖਾਸਾ ਆਜ਼ਾਦੀ ਤੋਂ ਬਾਅਦ ਲੋਕਤੰਤਰੀ, ਸੈਕੂਲਰ ਤੇ ਬਹੁ ਸਭਿਆਚਾਰ ਅਧਾਰਿਤ ਰੱਖਿਆ ਗਿਆ, ਪਰ ਇਥੇ 70 ਸਾਲ ਵਿੱਚ ਕਦੇ ਵੀ ਲੋਕਪੱਖੀ ਸਰਕਾਰ ਕਾਇਮ ਨਹੀਂ ਹੋ ਸਕੀ।
 ਬਸਤੀਵਾਦੀ ਹਾਕਮਾਂ ਦੀ ਥਾਂ ਤੇ ਹੁਣ ਤੱਕ ਦੇਸੀ ਸਰਮਾਏਦਾਰ ਲੁਟੇਰਾ ਜਮਾਤ ਹੀ ਰਾਜਭਾਗ ਤੇ ਕਾਬਿਜ਼ ਹੈ। ਬੇਸ਼ਕ ਸਮੇਂ-ਸਮੇਂ ਵੱਖ-ਵੱਖ ਪਾਰਟੀਆਂ ਆਪਣੇ ਜਾਤੀ ਤੇ ਜਮਾਤੀ ਹਿੱਤਾਂ ਨੂੰ ਮੁੱਖ ਰੱਖ ਕੇ ਜਾਤ ਤੇ ਧਰਮ ਦੀ ਸਿਆਸਤ ਕਰਦੀਆਂ ਰਹੀਆਂ ਹਨ। ਪਰ ਫਿਰ ਵੀ ਕਿਸੇ ਪਾਰਟੀ ਨੇ ਇੰਡੀਆ ਵਰਗੇ ਬਹੁ ਧਰਮੀ, ਬਹੁ ਜਾਤੀ, ਬਹੁ ਸਭਿਆਚਾਰੀ, ਬਹੁ ਭਾਸ਼ਾਈ ਦੇਸ਼ ਨੂੰ ਧਰਮ ਅਧਾਰਿਤ ਸਟੇਟ ਬਣਾਉਣ ਦੀ ਗੱਲ ਨਹੀਂ ਕੀਤੀ, ਸਗੋਂ ਅਜਿਹੀ ਕਿਸੇ ਵੀ ਲਹਿਰ ਨੂੰ ਉਠਣ ਹੀ ਨਹੀਂ ਦਿੱਤਾ ਗਿਆ ਜਾਂ ਸਰਕਾਰੀ ਤੰਤਰ ਤੇ ਫੌਜ ਦੀ ਮੱਦਦ ਨਾਲ ਦਬਾ ਦਿੱਤਾ ਗਿਆ। ਪਰ ਮੌਜੂਦਾ ਮੋਦੀ ਸਰਕਾਰ ਬੜੇ ਵਿਉਂਤਬੱਧ ਢੰਗ ਨਾਲ ਨਾ ਸਿਰਫ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਵਧ ਰਹੀ ਹੈ, ਸਗੋਂ ਉਨ੍ਹਾਂ ਦਾ ਏਜੰਡਾ ਇਸਨੂੰ ਫਾਸ਼ੀਵਾਦ ਤੇ ਨਾਜ਼ੀਵਾਦ ਦੀ ਤਰਜ਼ ਤੇ ਹਿੰਦੂ ਸਟੇਟ ਬਣਾਉਣ ਦਾ ਹੈ। ਜਿਥੇ ਘੱਟ ਗਿਣਤੀਆਂ, ਦਲਿਤਾਂ, ਆਦਿ ਵਾਸੀਆਂ, ਕਮਿਉਨਿਸਟਾਂ ਆਦਿ ਨੂੰ ਬਹੁ ਗਿਣਤੀ (ਅਸਲ ਵਿੱਚ ਘੱਟ ਗਿਣਤੀ ਉਚ ਜਾਤਾਂ) ਦੇ ਰਹਿਮੋ ਕਰਮ ਤੇ ਜੀਣਾ ਪਵੇਗਾ।
ਇਸ ਤੋਂ ਪਹਿਲਾਂ ਕਿ ਗੱਲ ਨੂੰ ਹੋਰ ਅੱਗੇ ਤੋਰੀਏ, ਸਾਨੂੰ ਫਾਸ਼ੀਵਾਦ ਤੇ ਨਾਜ਼ੀਵਾਦ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਫਾਸ਼ੀਵਾਦੀ ਵਿਚਾਰਧਾਰਾ ਦੀ ਸ਼ੁਰੂਆਤ 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਪਹਿਲੀ ਸੰਸਾਰ ਜੰਗ ਦੌਰਾਨ ਇਟਲੀ ਤੋਂ ਬੈਨੀਟੋ ਮੁਸੋਲੀਨੀ ਦੀ ਅਗਵਾਈ ਵਿੱਚ ਬਾਣਾਈ ‘ਨੈਸ਼ਨਲ ਫਾਸਿਸਟ ਪਾਰਟੀ’ ਨਾਲ ਹੋਈ ਸੀ। ਇਸ ਵਿਚਾਰਧਾਰਾ ਦੇ ਮੋਢੀ ਉਹ ਮੂਲਵਾਦੀ ਲੋਕ ਸਨ, ਜੋ ਆਪਣੇ ਘੜੇ ਰਾਸ਼ਟਰਵਾਦ ਅਨੁਸਾਰ ਉਦਾਰਵਾਦ (Liberalism), ਮਾਰਕਸਵਾਦ (Marxism), ਅਰਾਜਕਤਾਵਾਦ (Anarchism), ਲੋਕਤੰਤਰ (Democracy) ਦੇ ਖਿਲਾਫ ਇੱਕ ਅਜਿਹੀ ਰਾਸ਼ਟਰਵਾਦੀ ਵਿਚਾਰਧਾਰਾ ਸੀ, ਜਿਸ ਅਨੁਸਾਰ ਸਾਰੇ ਅਧਿਕਾਰ ਰਾਜ ਕੋਲ (Totalitarianism) ਹੋਣ ਤੇ ਇੱਕ ਪਾਰਟੀ ਰਾਜ ਹੋਵੇ। ਉਹ ਅਜਿਹੇ ਰਾਜ ਲਈ ਡਿਕਟੇਟਰਸ਼ਿਪ, ਫੌਜੀ ਰਾਜ ਜਾਂ ਮਾਰਸ਼ਲ ਲਾਅ ਦੀ ਵੀ ਵਕਾਲਤ ਕਰਦੇ ਸਨ ਤਾਂ ਕਿ ਉਨ੍ਹਾਂ ਦੇ ਆਪਣੇ ਅਰਥਾਂ ਅਨੁਸਾਰ ਬਣਾਏ ਰਾਸ਼ਟਰਵਾਦ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਿਆ ਜਾ ਸਕੇ। ਉਹ ਮਾਰਕਸਵਾਦ ਵਾਂਗ ਭਾਵੇਂ ਵਰਗ ਰਹਿਤ ਸਮਾਜ (Classless Society) ਦੀ ਗੱਲ ਕਰਦੇ ਸਨ, ਪਰ ਮਾਰਕਸਵਾਦ ਵਾਂਗ ਦੇਸ਼ ਦੀ ਆਰਥਿਕਤਾ ਵਿੱਚ ਸਿਰਫ ਮਜਦੂਰਾਂ ਦਾ ਹੀ ਕੰਟਰੋਲ ਹੋਵੇ ਦੀ ਥਾਂ, ਮਜਦੂਰ ਤੇ ਮਾਲਕ ਦੀ ਭਾਈਵਾਲੀ ਦੀ ਵਕਾਲਤ ਕਰਦੇ ਸਨ।
  ਉਨ੍ਹਾਂ ਦਾ ਨਿਸ਼ਾਨਾ ਬੇਸ਼ਕ ਪੂੰਜੀਵਾਦੀ ਸਮਾਜ ਦੀ ਸਿਰਜਨਾ ਨਹੀਂ ਸੀ, ਪਰ ਆਪਣੀ ਕਿਸਮ ਦਾ ਸਾਮਰਾਜਵਾਦ ਲਿਆਉਣ ਲਈ ਉਹ ਰਾਜਸੀ ਹਿੰਸਾ, ਧੱਕੇਸ਼ਾਹੀ, ਕਤਲੋਗਾਰਤ, ਜੰਗ ਆਦਿ ਦੀ ਵੀ ਵਕਾਲਤ ਕਰਦੇ ਸਨ। ਇਸਦੇ ਉਲਟ ਨਾਜ਼ੀਵਾਦੀ ਵਿਚਾਰਧਾਰਾ ਦੀ ਸ਼ੁਰੂਆਤ ਤਕਰਬੀਨ ਉਨ੍ਹਾਂ ਸਮਿਆਂ ਵਿੱਚ ਹੀ ਨਾਜ਼ੀਵਾਦੀ ਪਾਰਟੀ ਦੇ ਆਗੂ ਅਡੌਲਫ ਹਿਟਲਰ ਨਾਲ ਹੋਈ ਸੀ, ਜਿਸ ਅਨੁਸਾਰ ਜਰਮਨ ਦੀ ਆਰੀਅਨ ਜਾਤੀ ਸਭ ਤੋਂ ਸੁਪੀਰੀਅਰ (Supirior) ਰੇਸ ਹੈ, ਇਸ ਲਈ ਉਨ੍ਹਾਂ ਦੀ ਮਾਨਤਾ ਸੀ ਕਿ ਘਟੀਆ ਰੇਸਾਂ, ਜਿਨ੍ਹਾਂ ਵਿੱਚ ਯਹੂਦੀ ਪ੍ਰਮੁੱਖ ਸਨ, ਉਨ੍ਹਾਂ ਨੂੰ ਜੀਣ ਦਾ ਵੀ ਕੋਈ ਹੱਕ ਨਹੀਂ। ਜਿਥੇ ਫਾਸ਼ੀਵਾਦੀ ਰਾਸ਼ਟਰਵਾਦ ਰਾਹੀਂ ਹਿੰਸਾ ਜਾਂ ਵਿਤਕਰੇ ਨੂੰ ਤਾਂ ਜਾਇਜ ਮੰਨਦੇ ਸਨ, ਪਰ ਨਾਜ਼ੀਵਾਦੀਆਂ ਵਾਂਗ ਕਿਸੇ ਇੱਕ ਵਰਗ ਜਾਂ ਜਾਤੀ (Race) ਦੇ ਲੋਕਾਂ ਨਾਲ ਵਿਤਕਰੇ ਵਿੱਚ ਵਿਸ਼ਵਾਸ਼ ਨਹੀਂ ਰੱਖਦੇ ਸਨ। ਇਸ ਤਰ੍ਹਾਂ ਨਾਜ਼ੀਆਂ ਦਾ ਰਾਸ਼ਟਰਵਾਦ ਜਿਥੇ ਇੱਕ ਪਾਸੇ ਰੇਸ (ਜਾਤੀ) ਅਧਾਰਿਤ ਸੀ, ਉਥੇ ਉਹ ਵੀ ਫਾਸ਼ੀਵਾਦ ਵਾਂਗ ਲੋਕਤੰਤਰ, ਉਦਾਰਵਾਦ, ਮਾਰਕਸਵਾਦ, ਸਮਾਜਵਾਦ ਆਦਿ ਦੇ ਵਿਰੋਧੀ ਸਨ।
ਹੁਣ ਜਦੋਂ ਅਸੀਂ ਆਰ. ਐਸ. ਐਸ. ਤੇ ਮੋਦੀ ਸਰਕਾਰ ਦੀ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਦੇਖਦੇ ਹਾਂ, ਉਹ ਫਾਸ਼ੀਵਾਦੀ ਤੇ ਨਾਜ਼ੀਵਾਦੀ ਦੋਨੋਂ ਵਿਚਾਰਧਾਰਵਾਂ ਨੂੰ ਮਿਲਾ ਕੇ ਆਪਣੇ ਨਿਸ਼ਾਨੇ ‘ਹਿੰਦੂ ਰਾਸ਼ਟਰ’ ਵੱਲ ਅੱਗੇ ਵਧ ਰਹੇ ਹਨ। ਜਿਥੇ ਇਨ੍ਹਾਂ ਹਿੰਦੂਤਵੀਆਂ ਦੀ ਵਿਚਾਰਧਾਰਾ ਨਾਜ਼ੀਆਂ ਵਾਂਗ ਦਲਿਤਾਂ, ਅਛੂਤਾਂ, ਘੱਟ ਗਿਣਤੀਆਂ, ਆਦਿ ਵਾਸੀਆਂ ਪ੍ਰਤੀ ਨਸਲਵਾਦੀ ਹੈ। ਉਥੇ ਉਨ੍ਹਾਂ ਦੇ ਰਾਸ਼ਟਰਵਾਦ ਅਨੁਸਾਰ ਉਹ ਸਾਰੇ ਲੋਕ ਦੇਸ਼ ਵਿਰੋਧੀ, ਦੇਸ਼ ਦੀ ਏਕਤਾ ਅਖੰਡਤਾ ਜਾਂ ਭਾਰਤ ਮਾਤਾ ਲਈ ਖਤਰਾ ਹਨ, ਜੋ ਉਨ੍ਹਾਂ ਦੇ ਰਾਸ਼ਟਰਵਾਦ ਦੇ ੲਜੰਡੇ ਦੇ ਰਾਹ ਦਾ ਰੋੜ੍ਹਾ ਹਨ। ਬੇਸ਼ਕ ਅਜੇ ਤੱਕ ਰਾਸ਼ਟਰਵਾਦੀ ਹਿੰਦੂਤਵੀ ਇੰਡੀਅਨ ਰਾਜਤੰਤਰ ਤੇ ਲੋਕਤੰਤਰੀ ਢੰਗਾਂ ਨਾਲ ਹੀ ਕਾਬਿਜ਼ ਹੋਏ ਹਨ ਜਾਂ ਹੋ ਰਹੇ ਹਨ, ਪਰ ਭਵਿੱਖ ਵਿੱਚ ਉਨ੍ਹਾਂ ਦਾ ਏਜੰਡਾ ਵੀ ਫਾਸ਼ੀਵਾਦੀਆਂ ਤੇ ਨਾਜ਼ੀਵਾਦੀਆਂ ਵਾਂਗ ਰਾਜ ਸਤ੍ਹਾ ਤੇ ਕਾਬਿਜ ਰਹਿਣ ਲਈ ਮਿਲਟਰੀ, ਮਾਰਸ਼ਲ ਲਾਅ, ਐਮਰਜੈਂਸੀ, ਡਿਕਟੇਟਰਸ਼ਿਪ ਹੀ ਹੈ। ਇਹ ਵੀ ਉਦਾਰਵਾਦ, ਧਰਮ ਨਿਰਪੱਖਤਾ (Secularism), ਲੋਕਤੰਤਰ, ਮਾਰਕਸਵਾਦ, ਸਮਾਜਵਾਦ ਆਦਿ ਦੇ ਵਿਰੋਧੀ ਹਨ। ਉਨ੍ਹਾਂ ਦੇ ਰਾਸ਼ਟਰਵਾਦ ਅਨੁਸਾਰ ‘ਭਾਰਤ ਮਾਤਾ ਦੀ ਜੈ’ ਕਹਿਣ ਵਾਲਾ, ‘ਬੰਦੇ ਮਾਤਰਮ’ ਗਾਉਣ ਵਾਲਾ, ਗਊ ਨੂੰ ਮਾਤਾ ਕਹਿਣ ਵਾਲਾ, ਗਊ ਮਾਸ ਨਾ ਖਾਣ ਵਾਲਾ, ਜਾਤੀਵਾਦ (ਵਰਣ ਆਸ਼ਰਮ) ਦੇ ਹੱਕ ਵਿੱਚ ਖੜਨ ਵਾਲਾ, ਇਸਲਾਮ ਵਿਰੋਧੀ, ਮਾਰਕਸਵਾਦ ਵਿਰੋਧੀ ਹੀ ਅਸਲੀ ਰਾਸ਼ਟਰਵਾਦੀ ਤੇ ਦੇਸ਼ ਭਗਤ ਹੈ। ਹਿੰਦੂਤਵੀ ਰਾਸ਼ਟਵਾਦੀ, ਸਾਮਰਾਜਵਾਦ ਤੇ ਪੂੰਜੀਵਾਦ ਨਾਲ ਰਲ੍ਹ ਕੇ ਇੱਕ ਨਵੇਂ ਕਿਸਮ ਦਾ ਹਿੰਦੂ ਰਾਸ਼ਟਰਵਾਦ ਲਿਆਉਣਾ ਚਾਹੁੰਦੇ ਹਨ, ਜਿਥੇ ਸਮਾਜਿਕ ਤੇ ਧਾਰਮਿਕ ਤੌਰ ਤੇ ਸਵਰਨ ਜਾਤੀਆਂ (Upper High Caste) ਦਾ ਰਾਜ ਹੋਵੇ ਅਤੇ ਦਲਿਤ, ਘੱਟ ਗਿਣਤੀਆਂ, ਮੁਸਲਮਾਨ, ਆਦਿਵਾਸੀ ਆਦਿ ਜਾਂ ਤੇ ਵਾਪਿਸ ਹਿੰਦੂ ਧਰਮ ਵਿੱਚ ਸ਼ਾਮਿਲ ਹੋ ਕੇ ਵਰਣ ਵੰਡ ਅਨੁਸਾਰ ਬ੍ਰਾਹਮਣ ਜਾਂ ਉਚ ਜਾਤੀਆਂ ਦੀ ਸਰਦਾਰੀ ਕਬੂਲ ਕਰਨ ਅਤੇ ਜਾਂ ਫਿਰ ਰਾਜ ਸਤ੍ਹਾ ਤੇ ਕਾਬਿਜ਼ ਹਿੰਦੂਤਵੀਆਂ ਦੇ ਰਹਿਮੋ ਕਰਮ ਤੇ ਜੀਉਣ। ਇਸੇ ਲਈ ਹਿੰਦੂ, ਹਿੰਦੀ, ਹਿੰਦੁਸਤਾਨ, ਉਨ੍ਹਾਂ ਦਾ ਪ੍ਰਮੁੱਖ ਨਾਹਰਾ ਹੈ। ਆਉਣ ਵਾਲੇ 2-3 ਸਾਲ ਉਨ੍ਹਾਂ ਲਈ ਆਪਣਾ ਏਜੰਡਾ ਲਾਗੂ ਕਰਨ ਲਈ ਸੁਨਹਿਰੀ ਮੌਕਾ ਹੈ, ਜਿਸ ਲਈ ਉਹ ਧਰਮ ਦੇ ਨਾਮ ਤੇ ਦੰਗੇ (ਹਿੰਦੂਆਂ-ਮੁਸਲਮਾਨਾਂ ਵਿੱਚ ਦੰਗੇ ਕਰਾਉਣਗੇ ਤੇ ਸਿੱਖਾਂ ਨੂੰ ਆਪਣੇ ਪੱਖ ਵਿੱਚ ਵਰਤਣਗੇ) ਕਰਵਾ ਸਕਦੇ, ਜਾਤੀਵਾਦ ਅਧਾਰਿਤ ਉਚ ਜਾਤਾਂ, ਮਧ ਵਰਗ ਸ਼੍ਰੇਣੀ ਤੇ ਦਲਿਤਾਂ ਵਿੱਚ ਰਿਜ਼ਰਵੇਸ਼ਨ (ਰਾਖਵਾਂਕਰਨ) ਦੇ ਨਾਮ ਤੇ ਸਿਵਿਲ ਵਾਰ ਕਰਵਾ ਸਕਦੇ ਹਨ (ਜਿਸ ਤਰ੍ਹਾਂ ਹਰਿਆਣੇ ਵਿੱਚ ਜਾਟਾਂ ਤੋਂ ਕਰਵਾਇਆ ਗਿਆ), ਮਾਉਵਾਦ ਤੋਂ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਦੱਸ ਕੇ ਮਾਰਕਸਵਾਦੀਆਂ, ਹਿਊਮਨ ਰਾਈਟਸ ਐਕਟੀਵਿਸਟ ਤੇ ਸਾਮਰਾਜ ਤੇ ਪੂੰਜੀਵਾਦ ਵਿਰੋਧੀ ਵਿਦਵਾਨਾਂ ਦਾ ਘਾਣ ਕਰ ਸਕਦੇ ਹਨ। ਦੇਸ਼ ਵਿੱਚ ਸਿਵਿਲ ਵਾਰ ਦੇ ਹਾਲਾਤ ਬਣਾ ਕੇ ਠੀਕ ਉਸੇ ਤਰ੍ਹਾਂ ਐਮਰਜੈਂਸੀ ਲਗਾ ਕੇ ਸੰਵਿਧਾਨ ਭੰਗ ਕਰਕੇ ‘ਹਿੰਦੂ ਰਾਸ਼ਟਰ’ ਦਾ ਐਲਾਨ ਕਰ ਸਕਦੇ ਹਨ, ਜਿਸ ਤਰ੍ਹਾਂ ਨਾਜ਼ੀਆਂ ਨੇ ਆਪ ਹੀ ਪਾਰਲੀਮੈਂਟ ਬਿਲਡਿੰਗ ਨੂੰ ਅੱਗ ਲਗਾ ਕੇ ਤੇ ਇਸ ਨੂੰ ਕੌਮਨਿਸਟਾਂ ਸਿਰ ਮੜ੍ਹ ਕੇ ਐਮਰਜੈਂਸੀ ਲਗਾ ਕੇ ਹਰ ਵਿਰੋਧੀ ਆਵਾਜ ਨੂੰ ਦੇਸ਼ ਵਿਰੋਧੀ ਕਰਾਰ ਦੇ ਕੇ ਜ਼ੇਲੀਂ ਸੁੱਟ ਕੇ 1933 ਤੋਂ 1944 ਦੇ 11 ਸਾਲਾਂ ਵਿੱਚ 11 ਮਿਲੀਅਨ (1 ਕਰੋੜ 10 ਲੱਖ) ਯਹੂਦੀਆਂ, ਕੌਮਨਿਸਟਾਂ, ਜਿਪਸੀਆਂ, ਅਪਾਹਜ਼ਾਂ, ਬਜ਼ੁਰਗਾਂ ਆਦਿ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਲਈ ਦੁਨੀਆਂ ਭਰ ਵਿੱਚ ਵਸਦੇ ਇਨਸਾਫ ਪਸੰਦ, ਲੋਕਪੱਖੀ, ਮਾਨਵਤਾਵਾਦੀ, ਲੋਕਤੰਤਰ ਤੇ ਧਰਮ ਨਿਰਪੱਖਤਾ ਵਿੱਚ ਵਿਸ਼ਵਾਸ਼ ਕਰਨ ਵਾਲੇ ਇੰਡੀਅਨ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਹਿੰਦੂਤਵੀਆਂ ਦੇ ਏਜੰਡੇ ਨੂੰ ਸੰਸਾਰ ਭਰ ਵਿੱਚ ਨੰਗਾ ਕਰਨ ਤੇ ਉਸ ਵਿਰੁੱਧ ਲਾਮਬੰਦ ਹੋਣ, ਨਹੀਂ ਤੇ ਸਾਡੇ ਪੱਲੇ ਇਹੀ ਕਹਿਣਾ ਰਹਿ ਜਾਵੇਗਾ: ਲਮਹੋਂ ਨੇ ਖਤਾ ਕੀ, ਸਦੀਉਂ ਨੇ ਸਜ਼ਾ ਪਾਈ।
ਹਰਚਰਨ ਸਿੰਘ ਪਰਹਾਰ
 
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.