ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
* - ਸੰਗਤ-ਪ੍ਰਬੰਧਕ-ਗ੍ਰੰਥੀ - *
* - ਸੰਗਤ-ਪ੍ਰਬੰਧਕ-ਗ੍ਰੰਥੀ - *
Page Visitors: 2665

*  -  ਸੰਗਤ-ਪ੍ਰਬੰਧਕ-ਗ੍ਰੰਥੀ  -  *
ਅਜ ਅਸੀ ਜਦੋ ਸਿੱਖੀ ਦੀ ਨਿਘਰ ਰਹੀ ਹਾਲਤ ਬਾਰੇ ਕਿਤੇ ਵੀ ਆਪਸ ਵਿੱਚ ਚਰਚਾ ਕਰਦੇ ਹਾਂ ਤਾਂ ਸਾਡੀ ਵਿਚਾਰ ਚਰਚਾ ਅਜੋਕੇ ਗ੍ਰੰਥੀ/ਪਾਠੀ ਸਿੰਘਾ ਦੀ “ਰੋਟੀਆ ਕਾਰਣਿ ਪੂਰਹਿ ਤਾਲ” (465)
ਵਾਲੀ ਗਲ ਤੇ ਆ ਕੇ ਖਤਮ ਹੋ ਜਾਂਦੀ ਹੈ। ਅਸੀ ਗ੍ਰੰਥੀ/ਪਾਠੀ ਸਿੰਘਾ ਨੂੰ ਦੋਸ਼ੀ ਠਹਿਰਾ ਕੇ ਆਪ ਸੁਰਖਰੂ ਹੋਣ ਦਾ ਯਤਨ ਕਰਦੇ ਹਾਂ। ਪਰ ਇਹ ਤਸਵੀਰ ਦਾ ਕੇਵਲ ਇੱਕ ਪਾਸਾ ਹੈ।
ਇਸ ਤਸਵੀਰ ਦੇ ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਸ਼੍ਰੇਣੀ ਹੈ, ਜੋ ਕਿ ਗ੍ਰੰਥੀ/ਪਾਠੀ ਸਿੰਘਾ ਨਾਲੋ ਬੇਹੱਦ ਤਾਕਤਵਰ ਹਨ। ਅਜ ਹਾਲਤ ਇਹ ਹੈ ਕਿ ਗ੍ਰੰਥੀ ਸਿੰਘ ਪ੍ਰਬੰਧਕ ਨਹੀ ਬਦਲ ਸਕਦਾ, ਪ੍ਰਬੰਧਕ ਗ੍ਰੰਥੀ ਨੂੰ ਬਦਲਣ ਦੀ ਹਿੰਮਤ ਜਰੂਰ ਰੱਖਦੇ ਹਨ। ਜਿਥੇ ਅਜੋਕੇ ਗ੍ਰੰਥੀ (ਸਾਰੇ ਨਹੀ) ਗੁਰਮਤਿ ਦੀ ਸੂਝ-ਬੂਝ ਤੋ ਕੋਰੇ ਹਨ। ਇਸ ਲਈ ਮੁੱਖ ਦੋਸ਼ੀ ਧਿਰ ਪ੍ਰਬੰਧਕ ਹਨ, ਜੋ ਆਪ ਗੁਰਮਤਿ ਤੋ ਕੋਰੇ ਹੋਣ ਕਰਕੇ, ਜੇ ਗ੍ਰੰਥੀ ਗੁਰਮਤਿ ਦੀ ਜਾਣਕਾਰੀ ਵਾਲਾ ਵੀ ਹੋਵੇ ਤਾਂ ਉਸਨੂੰ ਗੁਰਮਤਿ ਤੇ ਪਹਿਰੇਦਾਰੀ ਕਰਨ ਨਹੀ ਦਿੰਦੇ। ਅਜ ਦੇ ਬਹੁਗਿਣਤੀ ਪ੍ਰਬੰਧਕ ਜਦੋ ਗ੍ਰੰਥੀ ਸਿੰਘ ਦੀ ਨਿਯੁਕਤੀ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹਨ ਤਾਂ ਪਾਠੀ, ਕਥਾਵਾਚਕ, ਕੀਰਤਨੀਆ, ਪਰਿਵਾਰ ਸਮੇਤ ਗੁਰਦੁਆਰੇ ਰਿਹਾਇਸ਼ ਰੱਖ ਕੇ ਚੌਕੀਦਾਰਾ ਕਰਨ ਵਾਲਾ ਭਾਵ ‘ਫੋਰ ਇਨ ਵਨ` ਭਾਲਦੇ ਹਨ। ਪ੍ਰੰਤੂ ਸਭ ਤੋ ਅਹਿਮ ਗੁਰਮਤਿ ਸਿਧਾਂਤਾ ਦੀ ਜਾਣਕਾਰੀ ਲਈ ਕੋਈ ਵੀ ਸ਼ਰਤ ਨਹੀ ਹੁੰਦੀ। ਪ੍ਰਬੰਧਕਾ ਵਲੋ ਗ੍ਰੰਥੀ ਸਿੰਘ ਨੂੰ ਇਸ ਸਾਰੇ ਬਦਲੇ ਜੋ ਤਨਖਾਹ ਦਿੱਤੀ ਜਾਂਦੀ ਹੈ, ਉਹ ਅਜ ਦੇ ਮਹਿੰਗਾਈ ਦੇ ਜਮਾਨੇ ਵਿੱਚ ਕਿਸੇ ਵੀ ਤਰ੍ਹਾ ਵਾਜਬ ਨਹੀ ਹੈ।
ਅਜ ਆਮ ਤੌਰ ਤੇ ਦੇਖਣ ਵਿੱਚ ਆਉਦਾ ਹੈ ਕਿ ਬਹੁਗਿਣਤੀ ਸੰਗਤ ਅਜ ਗੁਰਦੁਆਰਾ ਪ੍ਰਬੰਧ ਪ੍ਰਤੀ ਇਸ ਕੰਮ ਨੂੰ ਝੰਜਟ ਸਮਝਦੀ ਹੋਈ ‘ਸਾਨੂੰ ਕੀ` ਆਖ ਕੇ ਪਾਸੇ ਰਹਿਣ ਦਾ ਯਤਨ ਕਰਦੀ ਹੈ। ਜੇ ਪੁਛਿਆ ਜਾਏ ਤਾਂ ਉਤਰ ਮਿਲਦਾ ਹੈ- “ਕੀ ਕਰਨਾ ਗੁਰਦੁਆਰਾ ਜਾ ਕੇ ਉਥੇ ਤਾਂ ਬਹੁਗਿਣਤੀ ਪ੍ਰਬੰਧਕ ਸੇਵਾ ਦੇ ਨਾਮ ਹੇਠ ਲੜਦੇ ਹੀ ਰਹਿੰਦੇ ਹਨ। “ਐਸਾ ਜਵਾਬ ਸੁਣ ਕੇ ਭਾਈ ਗੁਰਦਾਸ ਜੀ ਦਾ ਬਚਨ
ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੈ ਤਹਾ ਜੋ ਮਾਇਆ ਬਿਆਪੈ ਕਤ ਠਹਿਰਾਈਐ
 ਯਾਦ ਆਉਦਾ ਹੈ। ਲਗਦਾ ਹੈ ਕਿ ਜਿਵੇ ਭਾਈ ਗੁਰਦਾਸ ਜੀ ਚਾਹੁੰਦੇ ਹੋਣ ਕਿ ਗੁਰਦੁਆਰਾ ਪ੍ਰਬੰਧਕ ਇੱਕ ਦਿਨ ਐਸੇ ਨਾ ਬਣ ਜਾਵਣ, ਅਗਾਊ ਹੀ ਸੁਚੇਤ ਕਰਨ ਦੀ ਜਿੰਮੇਵਾਰੀ ਨੂੰ ਉਹਨਾ ਨੇ ਪੂਰਾ ਕਰ ਲਿਆ। ਪਰੰਤੂ ਸੋਚਣ ਦਾ ਵਿਸ਼ਾ ਹੈ-ਕੀ ਅਸੀ ਸੁਚੇਤ ਹੋਏ? ਗੁਰਮਤਿ ਕਸਵੱਟੀ ਤੇ ਪਰਖ ਕੇ ਵੇਖੀਏ ਤਾਂ ਸਪਸ਼ਟ ਹੈ ਕਿ ਸੇਵਾ ਦੇ ਨਾਮ ਉਪਰ ਤਾਂ ਕਦੀ ਲੜਾਈ-ਝਗੜਾ-ਵਿਰੋਧ ਨਹੀ ਹੋ ਸਕਦਾ। ਇਥੇ ਗਲ ਕੁੱਝ ਹੋਰ ਹੈ?
ਇਸ ਵਿਸ਼ੇ ਤੇ ਇੱਕ ਛੋਟੇ ਜਿਹੇ ਬੱਚੇ ਦੇ ਕਹੇ ਹੋਏ ਅਨਭੋਲ ਸ਼ਬਦ ਦਾਸ ਨੂੰ ਨਹੀ ਭੁਲਦੇ। ਆਪਣੇ ਰਿਸ਼ਤੇਦਾਰਾ ਦੇ ਪਿੰਡ ਦੇ ਗੁਰਦੁਆਰੇ ਆਏ ਬੱਚੇ ਨੇ ਪ੍ਰਬੰਧਕਾ ਨੂੰ ਝਗੜਾ ਕਰਦੇ ਵੇਖ ਕੇ ਹੈਰਾਨੀ ਪ੍ਰਗਟ ਕੀਤੀ ਤਾਂ ਕਿਸੇ ਨੇ ਬੱਚੇ ਨੂੰ ਪੁਛਿਆ
 “ਕੀ ਬੇਟਾ ਤੁਹਾਡੇ ਪਿੰਡ ਕਦੀ ਇਸ ਤਰਾ ਲੜਾਈ ਝਗੜਾ ਨਹੀ ਹੁੰਦਾ”?
 ਬੱਚੇ ਦਾ ਜਵਾਬ ਸੀ “ਸਾਡੇ ਪਿੰਡ ਗੁਰਦੁਆਰਾ ਹੀ ਕੋਈ ਨਹੀ”। ਜਰਾ ਸੋਚੀਏ! ਸੁਚੇਤ ਸੰਗਤਾ ਦੀ ਗੁਰਦੁਆਰੇ ਦੀ ਹਾਜਰੀ ਪ੍ਰਤੀ ਨਿਰਾਸ਼ਤਾ ਲਈ ਅਜ ਜਿੰਮੇਵਾਰ ਕੌਣ ਹੈ? ਜਿਸ ਗੁਰਦੁਆਰੇ ਦੇ ਵਿੱਚੋ ਪਰਾਇਆ ਹੱਕ ਨਾਂ ਖਾਣ ਦਾ,
 “ਚੋਰ ਕੀ ਹਾਮਾ ਭਰੇ ਨਾ ਕੋਇ” (662)
 ਦਾ ਸੰਦੇਸ਼ ਮਿਲਣਾ ਹੈ, ਉਥੇ ਅਜ ਹਰ ਗੁਰਦੁਆਰੇ ਵਿੱਚ ਗੋਲਕਾਂ ਨੂੰ ਲਗੇ ਵਡੇ-ਵਡੇ ਜਿੰਦਰੇ ਕੁੱਝ ਹੋਰ ਹੀ ਸੋਚਣ ਤੇ ਮਜਬੂਰ ਕਰਦੇ ਹਨ।
ਦਾਸ ਇੱਕ ਗੁਰਦੁਆਰੇ ਵਿੱਚ ਕਥਾ ਕਰਨ ਤੋ ਬਾਦ ਸਮਾਪਤੀ ਉਪਰ ਪ੍ਰਬੰਧਕਾ ਨਾਲ ਬੈਠਾ ਸੀ ਤਾਂ ਗ੍ਰੰਥੀ ਸਿੰਘ ਨੇ ਆਪਣੇ ਬੱਚਿਆ ਦੀ ਪੜਾਈ, ਕਿਤਾਬਾ, ਫੀਸਾਂ ਆਦਿ ਦੇ ਖਰਚੇ ਦਾ ਵਾਸਤਾ ਪਾ ਕੇ ਪ੍ਰਬੰਧਕਾ ਨੂੰ ਤਨਖਾਹ ਵਧਾਉਣ ਦੀ ਬੇਨਤੀ ਕੀਤੀ। ਪ੍ਰਬੰਧਕਾ ਦਾ ਜਵਾਬ ਸੀ
ਬਾਬਾ ਤੈਨੂੰ ਕੌਣ ਕਹਿੰਦਾ ਬੱਚੇ ਅੰਗਰੇਜੀ ਸਕੂਲ ਵਿੱਚ ਪੜ੍ਹਾ, ਸਰਕਾਰੀ ਸਕੂਲ ਵਿੱਚ ਪੜ੍ਹਾ ਲੈ”।
 ਦਾਸ ਕੋਲੋ ਪ੍ਰਬੰਧਕਾ ਦਾ ਐਸਾ ਜੁਆਬ ਸੁਣ ਕੇ ਰਿਹਾ ਨਾ ਗਿਆ। ਦਾਸ ਨੇ ਉਨ੍ਹਾ ਨੂੰ ਮੁਖਾਤਬ ਹੋ ਕੇ ਕਿਹਾ
“ਭਾਈ ਸਾਹਿਬ, ਤੁਸੀ ਇਸਨੂੰ ਕੇਵਲ ਗ੍ਰੰਥੀ ਰੂਪ ਵਿੱਚ ਹੀ ਕਿਉ ਵੇਖਦੇ ਹੋ, ਇਹ ਇੱਕ ਬਾਪ ਵੀ ਹੈ, ਜੇ ਇਸ ਬਾਪ ਦੀ ਇਛਾ ਵੀ ਸਾਡੇ ਵਾਂਗ ਆਪਣੇ ਬੱਚਿਆ ਨੂੰ ਚੰਗੇ ਸਕੂਲਾਂ ਵਿੱਚ ਪੜ੍ਹਾ ਕੇ ਚੰਗੀ ਵਿਦਿਆ ਦੇਣ ਦੀ ਹੈ ਤਾਂ ਇਸ ਵਿੱਚ ਕੀ ਹਰਜ ਹੈ। ਤੁਸੀ ਤਨਖਾਹ ਵਧਾਉਣੀ ਹੈ ਜਾਂ ਨਹੀ ਇਹ ਤਾਂ ਬਾਅਦ ਦਾ ਵਿਸ਼ਾ ਹੈ, ਘਟੋ ਘਟ ਇੱਕ ਬਾਪ ਦੀਆ ਆਪਣੇ ਬੱਚਿਆ ਦੇ ਚੰਗੇਰੇ ਭਵਿੱਖ ਦੀ ਕਾਮਨਾ ਲਈ ਇਛਾਵਾ ਦਾ ਤ੍ਰਿਸਕਾਰ ਤਾਂ ਨਾ ਕਰੋ”।
ਸੋ ਸਪਸ਼ਟ ਹੈ ਕਿ ਅਜੋਕੇ ਸਮੇ ਦੇ ਗ੍ਰੰਥੀ/ਪਾਠੀ ਸਿੰਘਾ ਦੇ ਹਾਲ ਲਈ ਦੋਸ਼ ਕੇਵਲ ਇੱਕ ਧਿਰ ਨੂੰ ਦੇਣਾ ਕਿਸੇ ਤਰ੍ਹਾ ਵਾਜਬ ਨਹੀ ਹੈ। ਮਹਿੰਗਾਈ ਤਾਂ ਮਹਿੰਗਾਈ ਹੈ ਜੋ ਕਿਸੇ ਦਾ ਲਿਹਾਜ ਨਹੀ ਕਰਦੀ
ਜੇਕਰ ਅਸੀ ਗ੍ਰੰਥੀ ਸਿੰਘਾ ਦੀ ਚੋਣ ਲਈ ਇਤਿਹਾਸਿਕ ਪੱਖ ਦੇਖਣਾ ਹੋਵੇ ਤਾਂ ਸਾਨੂੰ ਅਗਵਾਈ ਮਿਲਦੀ ਹੈ ਕਿ ਜੇ ਪ੍ਰਬੰਧਕ ਗੁਰੂ ਅਰਜਨ ਸਾਹਿਬ ਦੀ ਉਚੀ-ਸੁਚੀ ਸੋਚ ਵਾਲੇ ਹੋਣਗੇ ਤਾਂ ਹੀ ਬਾਬਾ ਬੁੱਢਾ ਜੀ ਵਰਗੇ ਗੁਰੂ ਕੇ ਵਜੀਰ ਦੀ ਚੋਣ ਹੋ ਸਕਦੀ ਹੈ। ਪਰ ਅੱਜ ਦੇ ਸਮੇ ਨਾ ਬਹੁਗਿਣਤੀ ਪ੍ਰਬੰਧਕ ਗੁਰੂ ਅਰਜਨ ਸਾਹਿਬ ਵਰਗੇ, ਨਾ ਗ੍ਰੰਥੀ ਬਾਬਾ ਬੁੱਢਾ ਜੀ ਵਰਗੇ। ਕਹਿਣ ਨੂੰ ਅਸੀ ਗ੍ਰੰਥੀ ਸਿੰਘ ਨੂੰ ‘ਗੁਰੂ ਕਾ ਵਜੀਰ` ਆਖਦੇ ਹਾਂ। ਪਰ ਕੀ ਮੰਨਦੇ ਵੀ ਹਾਂ? ਪੁਰਾਤਨ ਇਤਿਹਾਸਕ ਗ੍ਰੰਥਾ ਵਿੱਚੋ ਹਵਾਲੇ ਮਿਲਦੇ ਹਨ ਕਿ ਪਹਿਲੇ ਪ੍ਰਕਾਸ਼ ਦਿਹਾੜੇ (1604 ਈਸਵੀ) ਸਮੇ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾ ਕੇ ਕਿਹਾ “ਬੁਢਾ ਸਾਹਿਬ ਖੋਲੋ ਗ੍ਰੰਥ। ਲਈ ਅਵਾਜ ਸੁਨੈ ਸਭ ਪੰਥ। “ ਬਾਬਾ ਜੀ ਨੇ ਪਹਿਲਾ ਹੁਕਮਨਾਮਾ ਲਿਆ। ਸਮਾਪਤੀ ਉਪਰ ਬਾਬਾ ਜੀ ਨੇ ਆਪਣੇ ਮਨ ਦੀ ਬਾਤ ਰੱਖੀ- “ਸਤਿਗੁਰੂ ਜੀ, ਮੈ ਤਾਂ ਆਪ ਦਾ ਨਿਮਾਣਾ ਜਿਹਾ ਸੇਵਕ ਹਾਂ, ਤੁਸੀ ਮੈਨੂੰ ਸਾਹਿਬ ਆਖ ਕੇ ਕਿਉ ਸੰਬੋਧਨ ਕੀਤਾ ਹੈ?”ਪੰਚਮ ਪਾਤਸ਼ਾਹ ਨੇ ਜੁਆਬ ਦਿੱਤਾ “ਬਾਬਾ ਜੀ ਤੁਸੀ ਮੇਰੇ ਤੋ ਵੀ ਵੱਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ ਤਾਂ ਤੁਸੀ ਮੇਰੇ ਵੀ ਸਾਹਿਬ ਹੋ ਗਏ”। ਅਜੋਕੇ ਬਹੁਗਿਣਤੀ ਪ੍ਰਬੰਧਕ ਜਿਹੜੇ ਗ੍ਰੰਥੀ ਸਿੰਘ ਨੂੰ ਕਹਿੰਦੇ ਤਾਂ ਗੁਰੂ ਕੇ ਵਜੀਰ ਹਨ, ਪਰ ਮੰਨਦੇ ਨਹੀ, ਇਸ ਇਤਿਹਾਸਕ ਘਟਨਾ ਦੇ ਸੰਦਰਭ ਵਿੱਚ ਪੜਚੋਲ ਕਰਨ ਦੀ ਲੋੜ ਹੈ।
ਅਜੋਕੇ ਸਮੇ ਅੰਦਰ ਜਦੋ ਅਸੀ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਕੇਵਲ ਪ੍ਰਬੰਧਕ ਜਾਂ ਗ੍ਰੰਥੀ ਹੀ ਐਸੀ ਦੁਰਦਸ਼ਾ ਲਈ ਜਿੰਮੇਵਾਰ ਨਹੀ, ਇੱਕ ਹਦ ਤਕ ਸੰਗਤ ਵੀ ਜਿੰਮੇਵਾਰ ਹੈ। ਪਾਠ ਅਰੰਭ ਕਰਨ ਸਮੇ ਅਤੇ ਸਮਾਪਤੀ ਸਮੇ ਤਾਂ ਘਰ ਦੇ ਚਾਰ ਸਰੀਰ ਭਾਵੇ ਹਾਜਰ ਹੋਣ ਬਾਕੀ ਸਮਾਂ ਪ੍ਰਵਾਰਕ ਮੈਬਰ ਹਾਜਰੀ ਸਬੰਧੀ ਕੋਈ ਜਿੰਮੇਵਾਰੀ ਨਹੀ ਸਮਝਦੇ। ਅਜ ਪਾਠ ਅਰੰਭ ਕਰਨ ਤੋ ਪਹਿਲਾ ਪਾਠੀ ਸਿੰਘਾ ਨੂੰ ਹਦਾਇਤਾਂ ਦਿੰਦੇ ਹਾਂ “ਬਾਬਾ ਜੀ, ਪਾਠ ਧਿਆਨ ਕਰਿਓ, ਨਹੀ ਤਾਂ ਪਾਪ ਲੱਗੂ”। ਕੋਈ ਪਾਠੀ ਗੁਰਮਤਿ ਤੋ ਜਾਣੂ ਹੋਵੇ ਤਾਂ ਸਵਾਲ ਕਰੇ “ਜੇ ਪਾਠ ਧਿਆਨ ਨਾਲ ਨਾ ਕਰਾਂ ਤਾਂ ਪਾਪ ਕਿਸਨੂੰ ਲੱਗੂ, ਜੇ ਧਿਆਨ ਨਾਲ ਕਰਾ ਤਾਂ ਪੁੰਨ ਕਿਸਨੂੰ ਲੱਗੂ”, ਪ੍ਰਵਾਰ ਦਾ ਜਵਾਬ ਹੁੰਦਾ “ਬਾਬਾ ਜੀ ਪਾਪ ਤੁਹਾਨੂੰ ਲੱਗੂ ਅਤੇ ਪੁੰਨ ਪ੍ਰਵਾਰ ਨੂੰ ਲੱਗੂ। “ ਸੋਚਣ ਦਾ ਵਿਸ਼ਾ ਹੈ ਕਿ ਜੇ ਮੰਨ ਲਿਆ ਜਾਵੇ ਤਾਂ ਪਾਪ ਵੀ ਪਾਠੀ ਨੂੰ ਅਤੇ ਪੁੰਨ ਵੀ ਪਾਠੀ ਨੂੰ ਹੀ ਲੱਗੇਗਾ।
ਅਜ ਸਾਡੇ ਬਹੁਗਿਣਤੀ ਘਰਾਂ ਵਿੱਚ ਅਖੰਡ ਪਾਠ ਦੇ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਲਾਪ੍ਰਵਾਹੀ ਸਬੰਧੀ ਸ੍ਰ. ਜਸਵੰਤ ਸਿੰਘ ਖਡੂਰ ਸਾਹਿਬ ਦੀ ਕਵਿਤਾ ‘ਬਾਬਾ ਜੀ ਕੱਲੇ` ਪੜਣਯੋਗ ਹੈ। ਇਸ ਕਵਿਤਾ ਦੀਆ ਚਾਰ ਲਾਈਨਾ ਪੇਸ਼ ਹਨ-
ਪੂਰੇ ਸਤਿਗੁਰੂ ਮੇਹਰ ਜਾਂ ਕੀਤੀ, ਸ਼ਾਦੀ ਦਾ ਦਿਨ ਆਇਆ।
ਸਤਿਗੁਰੂ ਦੇ ਧੰਨਵਾਦ ਵਾਸਤੇ, ਅਖੰਡ ਪਾਠ ਰਖਵਾਇਆ।
ਅਖੰਡ ਪਾਠ ਦੇ ਕਮਰੇ ਲਾਗੇ, ਟੈਲੀਵੀਜਨ ਚੱਲੇ।
ਸਾਰਾ ਟੱਬਰ ਟੀ. ਵੀ. ਅੱਗੇ, ਬਾਬਾ ਜੀ ਨੇ ਕੱਲੇ

 ਜੇ ਸੰਗਤਾਂ ਸੁਚੇਤ ਹੋਣਗੀਆ ਤਾਂ ਸੰਗਤਾਂ ਵਿਚੋ ਹੀ ਸਹੀ ਪ੍ਰਬੰਧਕਾ ਦੀ ਚੋਣ ਹੋਵੇਗੀ। ਚੰਗੇ ਪ੍ਰਬੰਧਕਾ ਰਾਹੀ ਸਹੀ-ਸੁਚੱਜੀ ਜੀਵਨ ਜਾਚ ਭਰਪੂਰ, ਗੁਰਮਤਿ ਸੋਝੀ ਵਾਲੇ ਗ੍ਰੰਥੀ ਸਿੰਘਾ ਦੀ ਨਿਯੁਕਤੀ ਹੋਵੇਗੀ। ਸੁਚੱਜੇ ਗ੍ਰੰਥੀ ਸਿੰਘਾ ਦੇ ਰਾਹੀ ਕੀਤੇ ਜਾਣ ਵਾਲੇ ਗੁਰਮਤਿ ਪਰਚਾਰ ਰਾਹੀ ਗੁਰਦੁਆਰੇ ਸਹੀ ਅਰਥਾਂ ਵਿੱਚ ਗੁਰਮਤਿ ਪ੍ਰਚਾਰ ਕੇਂਦਰ ਵਜੋ ਸਾਹਮਣੇ ਆਉਣਗੇ।
ਸਿੱਖੀ ਦੇ ਪ੍ਰਚਾਰ ਦਾ ਅਸਰ ਤਾਂ ਹੀ ਦਿਖਾਈ ਦੇਵੇਗਾ ਜੇਕਰ ‘ਸੰਗਤ-ਪ੍ਰਬੰਧਕ-ਗ੍ਰੰਥੀ` ਰੂਪੀ ਤਿਕੜੀ ਸਹੀ ਰੂਪ ਵਿੱਚ ਸਿਖੀ ਨੂੰ ਸਮਰਪਿਤ ਹੋ ਕੇ ਚਲੇਗੀ। ਆਉ ਸਿਖ ਕੌਮ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਇਸ ਸਹੀ ਤਿਕੜੀ ਦੀ ਕਾਇਮੀ ਲਈ ਅਸੀ ਆਪਣੇ ਨਿਜ ਤੋ ਯਤਨ ਆਰੰਭ ਕਰੀਏ। ‘ਸਾਨੂੰ ਕੀ` ਵਾਲੇ ਨਿਰਾਸ਼ਤਾ ਭਰੇ ਪੱਖ ਨੂੰ ਆਪਣੇ ਜੀਵਨ ਵਿੱਚੋ ਬਾਹਰ ਕੱਢ ਦਈਏ। ਐਸਾ ਅਮਲੀ ਰੂਪ ਵਿੱਚ ਹੋਣ ਨਾਲ ਹੀ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾ ਦੇ ਸਾਰਥਕ ਹੱਲ ਨਿਕਲ ਸਕਣਗੇ।
ਸੁਖਜੀਤ ਸਿੰਘ ਕਪੂਰਥਲਾ
ਗਰਮਤਿ ਪ੍ਰਚਾਰਕ/ਕਥਾਵਾਚਕ
98720-76876


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.