ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਲਹੂ-ਭਿੱਜੀ ਚਮਕੌਰ(ਕਿਸ਼ਤ ਨੰ: 2)
ਲਹੂ-ਭਿੱਜੀ ਚਮਕੌਰ(ਕਿਸ਼ਤ ਨੰ: 2)
Page Visitors: 2661

ਲਹੂ-ਭਿੱਜੀ ਚਮਕੌਰ(ਕਿਸ਼ਤ ਨੰ: 2)
ਅਨੰਦਪੁਰ ਨੂੰ ਖਾਲੀ ਕਰਨਾ ਅਤੇ ਸਰਸਾ ਦੇ ਕੰਢੇ ਤੇ(Chapter- 2/13)
ਨੋਟ- ਲੜੀ ਜੋੜਨ ਲਈ ਕਿਸ਼ਤ ਨੰ. 1 ਪੜੋਕਲਗੀਧਰ ਪਾਤਸ਼ਾਹ ਜਦੋ ਅਨੰਦਪੁਰ ਸਾਹਿਬ ਨੂੰ ਛੱਡਦੇ ਹਨ, ਇਹ 6-7 ਪੋਹ 1704 ਈ: ਰਾਤ ਦਾ ਸਮਾਂ, ਉਪਰੋਂ ਅੱਤ ਦੀ ਠੰਡੀ ਰੁੱਤ, ਲਗਭਗ 1500 ਸਿੰਘਾ ਦੀ ਗਿਣਤੀ ਹੈ। ਸਿੱਖ ਗੁਰੂ ਦਾ ਹੁਕਮ ਮੰਨ ਕੇ ਅਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਦੀ ਅਗਵਾਈ ਵਿੱਚ ਚਲਣ ਲਗੇ ਹਨ। ਗੁਰੂ ਸਾਹਿਬ ਦੇ ਨਾਲ 4 ਸਾਹਿਬਜਾਦੇ, ਮਾਤਾ ਗੁਜਰੀ ਜੀ ਅਤੇ ਗੁਰੂ ਮਹਿਲ ਵੀ ਨੇ। ਹੁਣ ਕਾਸਦ ਸੁਨੇਹਾ ਸੁਣਾ ਰਿਹਾ ਹੈ ਕਿ ਤੁਸੀ ਅਨੰਦਪੁਰ ਨੂੰ ਖਾਲੀ ਕਰ ਦਿਉ ਤੇ ਇਸ ਕਿੱਸੇ ਨੂੰ ਜੋਗੀ ਅਲ੍ਹਾ ਯਾਰ ਖਾਂ ਇਥੋ ਅਰੰਭ ਕਰਦਾ ਹੈ। ਇਹ ਸੁਨੇਹਾ ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸਾਥੀਆਂ ਨੂੰ ਮੁਖਾਤਿਬ ਹੋ ਕੇ ਕਹਿ ਰਹੇ ਹਨ:
-ਪੈਗਾਮ ਸੁਣ ਕੇ ਸਤਿਗੁਰੂ ਖਾਮੋਸ਼ ਹੋ ਗਏ।
ਪੈਦਾ ਤਬੀਅਤੋ ਮੇ ਮਗਰ ਜੋਸ਼ ਹੋ ਗਏ

ਜੋਗੀ ਅਲ੍ਹਾ ਯਾਰ ਖ਼ਾ ਦੇ ਖਿਆਲ ਅਨੁਸਾਰ ਪੈਗਾਮ ਸੁਣ ਕੇ ਕਲਗੀਧਰ ਪਾਤਸ਼ਾਹ ਖਾਮੋਸ਼ੀ ਦੀ ਅਵਸਥਾ ਵਿੱਚ ਆਏ ਨੇ ਪਰ ਅੰਦਰੋ ਜੋਸ਼ ਨਾਲ ਭਰੇ ਹੋਏ ਕਹਿ ਰਹੇ ਨੇ:-ਦਰ ਪੇ ਨਿਕਾਲਨੇ ਕੋ ਸਿਤਮ-ਕੋਸ਼ ਹੋ ਗਏ।ਜਾਤੇ ਹਮ ਤੋ ਬੋਲੇਗੇ ਰੂਪੋਸ਼ ਹੋ ਗਏ।ਗੁਰੂ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਕਿ ਸਾਡੇ ਹੀ ਅਨੰਦਪੁਰ ਸਾਹਿਬ ਵਿੱਚੋ ਕੱਢਣ ਲਈ ਇਹ ਜਾਲਮ ਲੋਕ ਆ ਗਏ ਨੇ, ਪਰ ਜੇਕਰ ਮੈ ਚੁੱਪ ਕਰਕੇ ਚਲਾ ਗਿਆ ਤਾਂ ਆਉਣ ਵਾਲੇ ਸਮੇ ਵਿੱਚ ਲੋਕ ਕਹਿਣਗੇ ਕਿ ਗੁਰੂ ਗੋਬਿੰਦ ਸਿੰਘ ਅਤੇ ਉਸਦੇ ਸਿੰਘ ਡਰਦੇ ਹੋਏ ਅਨੰਦਪੁਰ ਸਾਹਿਬ ਤੋ ਚਲੇ ਗਏ ਸਨ। ਮੈ ਇਸ ਤਰਾਂ ਦਾ ਕਲੰਕ ਇਤਿਹਾਸਕ ਪੰਨਿਆ ਤੇ ਨਹੀ ਜਾਣ ਦਿਆਂਗਾ, ਕਹਿੰਦੇ:-ਲਲਕਾਰੇ ਫੌਜ ਸੇ ਕਿ ਕਿਲਅ ਸੇ ਨਿਕਲ ਚਲੋ।
ਦੁਸ਼ਮਣ ਸੇ ਹੋਸ਼ਯਾਰ ਰਹੋ ਔਰ ਸੰਭਲ ਚਲੋ

ਗੁਰੂ ਗੋਬਿੰਦ ਸਿੰਘ ਜੀ ਜਾਣਦੇ ਹਨ ਕਿ ਭਾਵੇ ਮੈ ਇਹਨਾ ਲੋਕਾਂ ਦੀਆ ਝੂਠੀਆਂ ਕਸਮਾਂ ਤੇ ਇਤਬਾਰ ਕਰਕੇ ਅਨੰਦਪੁਰ ਸਾਹਿਬ ਖਾਲੀ ਕਰ ਰਿਹਾ ਹਾਂ ਪਰ ਇਹਨਾ ਦਾ ਇਤਬਾਰ ਕੋਈ ਨਹੀ ਹੈ। ਕਲਗੀਧਰ ਪਾਤਸ਼ਾਹ ਨੇ ਪਹਿਲਾਂ ਵੀ ਇਨ੍ਹਾ ਦੇ ਕੂੜ ਭਰਪੂਰ ਵਿਸ਼ਵਾਸ ਦਾ ਭਾਂਡਾ ਭੰਨ ਕੇ ਵਿਖਾ ਦਿੱਤਾ ਸੀ। ਗੁਰੂ ਪਾਤਸ਼ਾਹ ਨੇ ਆਪਣੇ ਸਾਥੀਆਂ ਨੂੰ ਇਹ ਹੁਕਮ ਸੁਣਾ ਦਿਤਾ ਕਿ ਅਨੰਦਪੁਰ ਸਾਹਿਬ ਖਾਲੀ ਕਰਕੇ ਨਿਕਲ ਚਲੋ ਪਰ ਇਹਨਾ ਲੋਕਾਂ ਤੇ ਬਿਲਕੁਲ ਵਿਸ਼ਵਾਸ
ਨਹੀ ਕਰਨਾ। ਅਜ ਜਦੋ ਪਾਤਸ਼ਾਹ ਅਨੰਦਪੁਰ ਸਾਹਿਬ ਨੂੰ ਖਾਲੀ ਕਰਨ ਲਗੇ ਨੇ ਤੇ ਲਗਭਗ ਗਿਣਤੀ 1500 ਹੈ।
ਤਾਰੋ ਕੀ ਛਾਉ ਕਿਲਅ ਸੇ ਸਤਿਗੁਰੂ ਰਵਾਂ ਹੂਏ।
ਕਸ ਕੇ ਕਮਰ ਸਵਾਰ ਥੇ ਸਾਰੇ ਜਵਾਂ ਹੂਏ।

ਹੁਣ 6 ਤੇ 7 ਪੋਹ ਦੀ ਰਾਤ ਹੈ। ਤਾਰਿਆ ਦੀ ਛਾਂ ਵਿੱਚ ਸਤਿਗੁਰੂ ਜੀ ਆਪਣੇ ਸਾਥੀ ਸੂਰਬੀਰਾਂ ਦੇ ਨਾਲ ਅਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਚਲ ਪਏ ਨੇ। ਜੋ ਕਿਸੇ ਦੇ ਕੋਲ ਸ਼ਸਤਰ ਹੈ, ਘੋੜਾ ਹੈ, ਭਾਵ ਕਿ ਜੋ ਵੀ ਸਮਾਨ ਹੈ, ਸਭ ਲੈ ਕੇ ਚਲ ਪਏ ਹਨ।
ਆਗੇ ਲਿਏ ਨਿਸ਼ਾ ਕਈ ਸ਼ੇਰੇ ਯਿਆ ਹੂਏ।
ਕੁੱਝ ਪੀਛੇ ਜਾਂ-ਨਿਸਾਰ ਗੁਰੂ ਦਰਮਿਆ ਹੂਏ

ਹੁਣ ਇਸ ਸਾਰੇ ਦ੍ਰਿਸ਼ ਨੂੰ ਜੋਗੀ ਅਲ੍ਹਾ ਯਾਰ ਖ਼ਾਂ ਆਪਣੀ ਕਲਮ ਦੇ ਨਾਲ ਹੂ-ਬਹੂ ਕਹਿੰਦਾ ਹੋਇਆ ਸਾਨੂੰ ਉਸ ਦ੍ਰਿਸ਼ ਦੇ ਰੂ-ਬਰੂ ਕਰ ਰਿਹਾ ਹੈ।
ਚਾਰੋ ਪਿਸਰ ਹਜੂਰ ਕੇ ਹਮਰਾਹ ਸਵਾਰ ਥੇ।
ਜੋਰ-ਆਵਰ ਔਰ ਫਤਹ ਅਜੀਤ ਔਰ ਜੁਝਾਰ ਥੇ

ਸੂਰਬੀਰ ਸਿੰਘਾਂ ਨੇ ਵਿਚਕਾਰ ਸਾਹਿਬ ਕਲਗੀਧਰ ਨੂੰ ਰੱਖਿਆ ਹੋਇਆ ਹੈ ਅਤੇ ਕੁੱਝ ਪਿਛੇ ਵੀ ਚਲ ਰਹੇ ਨੇ। ਗੁਰੂ ਗੋਬਿੰਦ ਸਿੰਘ ਦੇ ਨਾਲ ਉਹਨਾ ਦਾ ਪਰਿਵਾਰ ਵੀ ਹੈ, ਚਾਰੇ ਸਾਹਿਬਜਾਦੇ ਵੀ ਨਾਲ ਹਨ। ਮਾਤਾ ਗੁਜਰੀ ਜੀ ਅਤੇ ਗੁਰੂ ਮਹਿਲ ਵੀ ਹਨ। ਇਤਿਹਾਸਕਾਰਾਂ ਨੇ ਅਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਜਾਣ ਲੱਗਿਆਂ
ਸਾਹਿਬਾਂ ਦੇ ਨਾਲ ਸਿੰਘ ਸੂਰਬੀਰ ਸਾਥੀਆਂ, ਪ੍ਰਵਾਰ ਦੀ ਗਿਣਤੀ ਲਗਭਗ 1500 ਦੇ ਕਰੀਬ ਲਿਖੀ ਹੈ।
ਸਤਿਗੁਰੂ ਜੀ ਆਪਣੇ ਸਾਥੀਆਂ ਦੇ ਨਾਲ ਕੀਰਤਪੁਰ ਸਾਹਿਬ ਵਲ ਨੂੰ ਚਲ ਪਏ ਨੇ,
ਸਤਗੁਰੂ ਅਬ ਆਨ ਪਹੁੰਚੇ ਥੇ ਸਰਸਾ ਨਦੀ ਕੇ ਪਾਸ।
ਥੇ ਚਾਹਤੇ ਬੁਝਾਏਂ ਵੁਹ ਬਾਰਹ ਪਹਰ ਕੀ ਪਯਾਸ

ਸਾਰੀ ਰਾਤ ਚਲਦਿਆਂ ਚਲਦਿਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਸਾਥੀਆਂ ਦੇ ਨਾਲ ਸਰਸਾ ਨਦੀ ਦੇ ਕੰਢੇ ਤੇ ਪਹੁੰਚ ਗਏ ਨੇ। ਉਹਨਾ ਸਰਸਾ ਨਦੀ
ਦੇ ਖੁੱਲੇ ਪਾਣੀਆ ਨੂੰ ਤਕਿਆ। ਕਿਲ੍ਹੇ ਦੇ ਅੰਦਰ ਲੰਮੇ ਸਮੇ ਤੋ ਪਾਣੀ ਦੀ ਤੋਟ ਸੀ। ਸੋਚਦੇ ਹਨ ਕਿ ਅੰਦਰ ਦੀ ਲੱਗੀ ਪਿਆਸ ਨੂੰ ਪਹਿਲਾ ਪਾਣੀ ਨਾਲ ਬੁਝਾ ਲਿਆ ਜਾਵੇ। ਪਿਆਸ ਬੁਝਾ ਲਈ ਤੇ ਸਾਥੀਆਂ ਨੇ ਇਸ਼ਨਾਨ ਪਾਣੀ ਆਦਿ ਵੀ ਕਰ ਲਿਆ।
ਇਸ਼ਨਾਨ ਕਰਕੇ ਔਰ ਬਦਲ ਕੇ ਨਯਾ ਲਿਬਾਸ।
ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਪਾਸ

ਇਤਿਹਾਸ ਵਿੱਚ ਇੱਕ ਬਾਤ ਆਉਦੀ ਹੈ ਕਿ ਜਦੋ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਨੂੰ ਛੱਡਕੇ ਚਲ ਪਏ ਸਨ ਤਾਂ ਉਸ ਸਮੇ ਸਾਹਿਬ ਅਜੀਤ ਸਿੰਘ ਜੀ ਅਤੇ ਸਾਹਿਬ ਜੁਝਾਰ ਸਿੰਘ ਜੀ ਬਾਰ-ਬਾਰ ਪਿਛਾਂਹ ਨੂੰ (ਅਨੰਦਪੁਰ ਸਾਹਿਬ ਵਲ) ਤਕ ਰਹੇ ਸਨ। ਉਸ ਸਮੇ ਸਾਹਿਬਜਾਦਿਆਂ ਦੇ ਖਿਡਾਵੇ ਭਾਈ ਕੁਇਰ ਸਿੰਘ ਨੇ ਸਾਹਿਬ ਅਜੀਤ ਸਿੰਘ ਨੂੰ ਇੱਕ ਸਵਾਲ ਕੀਤਾ “ਅਜੀਤ ਸਿੰਘ ਜੀ ਬਾਰ ਬਾਰ ਪਿਛਾਂਹ ਨੂੰ ਕੀ ਤਕ ਰਹੇ ਹੋ?”
ਤਾਂ ਸਾਹਿਬ ਅਜੀਤ ਸਿੰਘ ਨੇ ਦਿਲ ਨੂੰ ਹਿਲਾ ਦੇਣ ਵਾਲਾ ਜਵਾਬ ਦਿੱਤਾ “ਜਿਸ ਅਨੰਦਪੁਰ ਸਾਹਿਬ ਵਿਖੇ ਮੈ ਸਤਾਰਾ (17) ਸਾਲ ਦੀ ਜਵਾਨੀ ਮਾਣੀ ਹੈ, ਉਹ ਅਨੰਦਪੁਰ ਸਾਹਿਬ ਮੈਨੂੰ ਦੁਬਾਰਾ ਵੇਖਣਾ ਨਸੀਬ ਨਹੀ ਹੋਵੇਗਾ। ਇਸ ਲਈ ਮੇਰਾ ਮਨ ਹੈ ਕਿ ਜਾਂਦੇ ਜਾਂਦੇ ਮੈ ਰੱਜ ਕੇ ਅਨੰਦਪੁਰ ਸਾਹਿਬ ਦੇ ਦੀਦਾਰ ਕਰ ਲਵਾਂ”
ਇਹ ਇਤਿਹਾਸਿਕ ਸਚ ਹੈ ਕਿ ਅਨੰਦਪੁਰ ਸਾਹਿਬ ਨੂੰ ਦੁਬਾਰਾ ਤੱਕਣਾ ਨਸੀਬ ਹੀ ਨਹੀ ਹੋਇਆ।
ਕਿਉ ਦੁਬਾਰਾ ਤਕਣਾ ਨਹੀ ਹੋਇਆ ?
ਦੁਨੀਆ ਦੀ ਕਿਸੇ ਵੀ ਤਾਕਤ ਵਿੱਚ ਉਹ ਸਮੱਰਥਾ ਨਹੀ ਸੀ ਕਿ ਉਹ ਗੁਰੂ ਕਲਗੀਧਰ ਪਾਤਸ਼ਾਹ ਤੋ ਅਨੰਦਪੁਰ ਸਾਹਿਬ ਖਾਲੀ ਕਰਵਾ ਲੈਦੀ ਕਿਉਕਿ ਗੁਰੂ ਕਲਗੀਧਰ ਦੀ ਪਾਤਸ਼ਾਹ ਦੀ ਸਮਰੱਥਾ ਦੇ ਸਾਹਮਣੇ ਕੋਈ ਦੁਨਿਆਵੀ ਤਾਕਤ ਖੜੀ ਨਹੀ ਸੀ ਹੋ ਸਕਦੀ। ਪਰ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਛੱਡਿਆ ਫਿਰ ਦੁਬਾਰਾ ਅਨੰਦਪੁਰ ਸਾਹਿਬ ਨਹੀ ਆਏ। ਫਿਰ ਚਮਕੌਰ ਸਾਹਿਬ ਛੱਡਿਆ ਦੁਬਾਰਾ ਚਮਕੌਰ ਸਾਹਿਬ ਨਹੀ ਆਏ। ਗੁਰੂ ਪਾਤਸ਼ਾਹ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਨੂੰ ਛੱਡਿਆ ਤੇ ਫਿਰ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਨਹੀ ਆਏ, ਹਜੂਰ ਅਗੇ ਹੀ ਅਗੇ ਚਲਦੇ ਗਏ। ਨਾਂਦੇੜ ਹਜੂਰ ਸਾਹਿਬ ਧਰਤੀ ਤੇ ਜਾ ਕੇ 1708 ਈ. ਨੂੰ ਪਾਤਸ਼ਾਹ ਪਰਲੋਕ ਗਮਨ ਕਰ ਗਏ, ਕਿਉਕਿ ਪਾਤਸ਼ਾਹ ਪਿਛਾਂਹ ਨੂੰ ਮੁੜੇ ਹੀ ਨਹੀ।ਗੁਰੂ ਕਲਗੀਧਰ ਪਾਤਸ਼ਾਹ ਇਨ੍ਹਾ ਘਟਨਾਵਾਂ ਰਾਹੀ ਸਾਨੂੰ ਇਹ ਦੱਸਣਾ ਚਾਹੁੰਦੇ ਸਨ ਕਿ ਜੋ ਮਨੁੱਖ, ਜੋ ਆਗੂ ਸਥਾਨਾਂ ਦੇ ਨਾਲ ਜੁੜ ਜਾਂਦੇ ਹਨ, ਉਹ ਕਦੇ ਵੀ ਇਤਿਹਾਸ ਦੀ
ਸਿਰਜਣਾ ਨਹੀ ਕਰ ਸਕਦੇ
।ਜੇਕਰ ਕਲਗੀਧਰ ਪਾਤਸ਼ਾਹ ਅਨੰਦਪੁਰ ਨਾ ਛੱਡਦੇ ਤੇ ਕਦੀ ਵੀ ਪਰਿਵਾਰ ਵਿਛੜਦਾ ਨਾ ਤੇ ਗੁਰਦੁਆਰਾ ਪਰਿਵਾਰ ਵਿਛੋੜਾ ਵੀ ਕਦੀ ਹੋਦ ਵਿੱਚ ਨਾਂ ਆਉਦਾ। ਜੇਕਰ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਨੂੰ ਨਾ ਛੱਡਦੇ ਤਾ ਕਦੀ ਵੀ ਗੁਰਦੁਆਰਾ ਭੱਠਾ ਸਾਹਿਬ (ਰੋਪੜ) ਹੋਂਦ ਵਿੱਚ ਨਾ ਆਉਦਾ। ਜੇਕਰ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਨੂੰ ਨਾ ਛੱਡਦੇ ਤਾਂ ਕਦੀ ਵੀ ਗੁਰਦੁਆਰਾ ਕਤਲਗੜ੍ਹ ਸਾਹਿਬ ਅਤੇ ਚਮਕੌਰ ਦੀ ਗੜੀ ਵਜੂਦ ਵਿੱਚ ਨਾ ਆਉਦੇ। ਸਰਹੰਦ ਦੀਆ “ਲਹੂ ਭਿੱਜੀਆ ਦੀਵਾਰਾ”ਦਾ ਇਤਹਾਸ ਨਾ ਬਣਦਾ, ਗੁਰਦੁਆਰਾ ਫਤਿਹਗੜ੍ਹ ਸਾਹਿਬ, ਗੁਰਦੁਆਰਾ ਜੋਤੀ ਸਰੂਪ ਦਾ ਵਜੂਦ ਨਾ ਹੁੰਦਾ।ਮੈ ਬੇਨਤੀ ਕਰ ਦਿਆਂ ਕਿ ਮਤਾਂ ਕਿਧਰੇ ਇਹ ਸਮਝ ਲੈਣਾ ਕਿ ਸਮੇ ਨੇ ਮੋੜ ਦੇ ਦਿੱਤਾ ਤਾਂ ਇਹ ਸਭ ਕੁੱਝ ਵਾਪਰ ਗਿਆ। ਨਹੀ ਇਹ ਸਭ ਕੁੱਝ ਆਪਣੇ ਆਪ ਨਹੀ ਹੋਇਆ ਇਹ ਗੁਰੂ ਨਾਨਕ ਦੇ ਘਰ ਦਾ ਇੱਕ ਵਿਲਖਣਤਾ ਭਰਿਆ ਪੂਰਵ ਨਿਰਧਾਰਤ ਪ੍ਰੋਗਰਾਮ ਸੀ।
ਜੇਕਰ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਨਾ ਕੀਤੀ, ਸਦੀਵੀ ਤੌਰ ਤੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, ਇਹ ਸਭ ਗੁਰੂ ਨਾਨਕ ਦੇ ਘਰ ਦਾ ਪੂਰਵ ਨਿਰਧਾਰਤ ਪ੍ਰੋਗਰਾਮ ਹੀ ਹੈ।ਮੈ ਬੇਨਤੀ ਕਰ ਰਿਹਾ ਸੀ ਕਿ ਜੋਗੀ ਅਲ੍ਹਾ ਯਾਰ ਖ਼ਾਂ ਦੀ ਕਲਮ ਸਾਨੂੰ ਹੂ-ਬਹੂ ਉਹ ਸਥਾਨ, ਉਹ ਦ੍ਰਿਸ਼ ਵਿਖਾ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘ ਸਾਥੀਆਂ ਨੂੰ ਕਹਿ ਰਹੇ ਹਨ ਕਿ ਖੁੱਲੇ ਅਤੇ ਸਾਫ ਪਾਣੀ ਦੇ ਨਾਲ ਇਸ਼ਨਾਨ ਪਾਣੀ ਕਰ ਲਉ। ਫਿਰ ਉਸ ਅਕਾਲ ਪੁਰਖ ਦੀ ਬਾਣੀ ਨਾਲ ਜੁੜ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਲਈਏ।
ਇਸ਼ਨਾਨ ਕਰਕੇ ਔਰ ਬਦਲ ਕੇ ਨਯਾ ਲਿਬਾਸ।
ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਪਾਸ

ਜਪੁਜੀ ਕਾ ਜਾਪ ਇਸ ਘੜੀ ਕਰਨਾ ਜਰੂਰ ਥਾ।
ਪੜ੍ਹ ਕੇ ਗ੍ਰੰਥ ਔਰ ਬੜਾਨਾ ਸਰੂਰ ਥਾ

ਪਾਤਸ਼ਾਹ ਕਹਿਣ ਲਗੇ ਕਿ ਆਉ ਸਮਾਂ ਬਣ ਗਿਆ ਹੈ, ਅਸੀ ਅਕਾਲ ਪੁਰਖ ਦੇ ਨਾਲ ਜੁੜ ਜਾਈਏ ਅਤੇ ਉਸਦਾ ਸ਼ੁਕਰਾਨਾ ਵੀ ਕਰ ਲਈਏ। ਸਰਸਾ ਨਦੀ ਦਾ ਕੰਢਾ ਹੈ ਤੇ ਕਲਗੀਧਰ ਪਾਤਸ਼ਾਹ ਨੇ ਸਾਥੀਆਂ ਨਾਲ ਮਿਲ ਕੇ ਨਿਤਨੇਮ ਦਾ ਜਾਪ ਆਰੰਭ ਕਰ ਦਿੱਤਾ।ਇਥੇ ਇਹ ਖਿਆਲ ਰੱਖਣਾ ਅਤਿ ਜਰੂਰੀ ਹੈ ਕਿ ਨਿਤਨੇਮ ਦੀ ਆਰੰਭਤਾ ਸਿੱਖ ਦੇ ਜੀਵਨ ਵਿੱਚ ਕਿਵੇਂ ਅਤੇ ਕਿਥੋਂ ਆਰੰਭ ਹੋਈ, ਅਤੇ ਨਿਤਨੇਮ ਦਾ ਅਕਾਰ ਕੀ ਸੀ ?
ਭਾਈ ਗੁਰਦਾਸ ਜੀ ਨੇ ਆਪਣੀ ਕਲਮ ਤੋ ਨਿਤਨੇਮ ਦਾ ਜਿਕਰ ਕੀਤਾ ਹੈ। ਕਰਤਾਰਪੁਰ (ਪਾਕਿਸਤਾਨ) ਦੀ ਧਰਤੀ ਤੇ ਗੁਰੂ ਨਾਨਕ  ਜੀ ਨੇ ਨਿਤਨੇਮ ਦੀ ਆਰੰਭਤਾ ਕੀਤੀ, ਭਾਈ ਗੁਰਦਾਸ ਜੀ ਲਿਖਦੇ ਨੇ:-
ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ।। (ਵਾਰ ੧/੩੮)
ਗੁਰੂ ਨਾਨਕ ਪਾਤਸ਼ਾਹ ਨੇ ਜਦੋ ਕਰਤਾਰਪੁਰ ਦੀ ਧਰਤੀ ਤੇ ਆਪਣੇ ਜੀਵਨ ਦੇ ਆਖਰੀ 7 ਸਾਲ (1532 ਤੋ 1539 ਈ: ) ਬਿਤਾਏ ਸਨ। ਉਸ ਵੇਲੇ ਨਿਤਨੇਮ ਦੀ ਮਰਿਆਦਾ ਗੁਰੂ ਨਾਨਕ  ਜੀ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਸੀ। ਮਰਿਆਦਾ ਕੀ ਸੀ ?
ਉਸ ਵੇਲੇ ਅੰਮ੍ਰਿਤ ਵੇਲੇ ਕੇਵਲ “ਜਪੁਜੀ ਸਾਹਿਬ” ਅਤੇ ਸ਼ਾਮ ਨੂੰ ਸੋ ਦਰੁ ਰਹਿਰਾਸ ਕੇਵਲ “ਸੋ ਦਰੁ ਤੇਰਾ ਕੇਹਾ”ਵਾਲਾ ਇੱਕ ਸ਼ਬਦ ਤੇ ਰਾਤ ਨੂੰ ਸੌਣ ਲਗਿਆ ਸੋਹਿਲਾ ਦਾ ਕੇਵਲ ਇੱਕ ਸ਼ਬਦ-ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ।। (ਧਨਾਸਰੀ ਮਹਲਾ ੧-੬੬੩)
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ  ਮਹਾਰਾਜ ਨੇ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਰਹਿਰਾਸ ਸਾਹਿਬ ਦੇ ਸ਼ਬਦਾ ਦੀ ਗਿਣਤੀ 9 ਅਤੇ ਸੋਹਿਲਾ ਸਾਹਿਬ ਦੇ ਸ਼ਬਦਾ ਦੀ ਗਿਣਤੀ 5 ਕਰ ਦਿੱਤੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।ਇਹ ਵੱਖਰੀ ਗਲ ਹੈ ਕਿ ਸਾਡੇ ਵਿੱਚ ਬਹੁ-ਗਿਣਤੀ
ਐਸੀ ਵੀ ਹੈ ਜਿਨ੍ਹਾ ਨੇ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠ ਕੇ ਕਦੀ ਨਿਤਨੇਮ ਦੀਆ ਬਾਣੀਆ ਦਾ ਦੀਦਾਰ ਵੀ ਨਾ ਕੀਤਾ ਹੋਵੇਗਾ। ਕਿਉਕਿ ਸਾਡੀ ਕੌਮ ਵਿੱਚ ਅਜ ਕਲ ਕਰਨ ਵਿੱਚ ਨਹੀ, ਕਰਾਉਣ ਵਿੱਚ ਜਿਆਦਾ ਵਿਸ਼ਵਾਸ ਹੈ ਤੇ ਸ਼ਾਇਦ ਕੌਮ ਦੀ ਅਧੋਗਤੀ ਦਾ ਕਾਰਣ ਵੀ ਇਹੀ ਹੈ। ਅਸੀ ਪਾਠ ਕਰਨਾ ਨਹੀ, ਕਰਾਉਣਾ ਚਾਹੁੰਦੇ ਹਾਂ। ਕੀਰਤਨ ਕਰਨਾ ਨਹੀ, ਕਰਵਾਉਣਾ ਚਾਹੁੰਦੇ ਹਾਂ, ਅਸੀ ਬਹੁ-ਗਿਣਤੀ ਆਪ ਅਰਦਾਸ ਕਰਨਾ ਨਹੀ ਚਾਹੁੰਦੇ, ਕਰਵਾਉਣਾ ਚਾਹੁੰਦੇ ਹਾਂ। ਪਰ ਗੁਰੂ ਨਾਨਕ ਦੇ ਘਰ ਨੇ ਕਿਧਰੇ ਇਹ ਪਾਬੰਦੀ ਨਹੀ ਲਾਈ। ਇਸ ਲਈ ਸਿੱਖਾ! ਤੂੰ ਆਪ ਬਾਣੀ ਪੜ੍ਹ, ਆਪ ਪਾਠ ਕਰ, ਆਪ ਅਰਦਾਸ ਕਰ, ਉਸ ਕਰਤੇ ਦੀ ਕੀਰਤੀ ਆਪ ਕਰ। ਪਰ ਖਿਆਲ ਕਰਨਾ, ਅਜ ਦਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ, ਸਹਿਜ ਪਾਠ ਕਰਵਾ ਕੇ ਮਨ ਕਰਕੇ ਤਾਂ ਕੀ, ਸਰੀਰ ਕਰਕੇ ਵੀ ਸ਼ਾਮਲ ਨਹੀ ਹੁੰਦਾ। ਅਸੀ ਕਿਵੇ ਇਸ ਗਲ ਤੇ ਦਾਅਵਾ ਕਰ ਸਕਦੇ ਹਾਂ ਕਿ ਅਸੀ ਬਾਣੀ ਨਾਲ ਜੁੜੇ ਹੋਏ ਹਾਂ ਤੇ ਸਾਨੂੰ ਜਾਪ ਦਾ ਫਲ ਮਿਲ ਗਿਆ। ਸਿੱਖ ਬੈਠਾ ਅਮਰੀਕਾ ਵਿੱਚ ਹੁੰਦਾ ਹੈ ਤੇ ਉਸਨੂੰ ਹੁਕਮਨਾਮਾ “ਗੁਰੂ ਦਾ ਹੁਕਮ” ਡਾਕ ਰਾਹੀ ਜਾਂ ਫੈਕਸ/ਈ-ਮੇਲ ਰਾਹੀ ਜਾ ਰਿਹਾ ਹੈ। ਪਾਠ ਦੇ ਪੈਸੇ ਵੀ ਉਹ ਡਾਕ/ਔਨ-ਲਾਈਨ ਰਾਹੀ ਹੀ ਭੇਜ ਰਿਹਾ ਹੈ।ਇੱਕ ਵਿਦਵਾਨ ਨੇ ਇਥੇ ਬਹੁਤ ਹੀ ਕਮਾਲ ਦੀ ਗਲ ਕਹੀ ਹੈ। ਉਹ ਲਿਖਦਾ ਹੈ ਕਿ ਅਸੀ ਵਿਆਹ, ਸ਼ਾਦੀਆਂ ਅਤੇ ਹੋਰ ਸਮਾਗਮਾਂ ਵਿੱਚ ਅਖੰਡ-ਪਾਠ ਜਾਂ ਸਹਿਜ ਪਾਠ ਕਰਾਉਣਾ ਇੱਕ ਮਰਿਆਦਾ ਹੀ ਬਣਾ ਲਈ ਹੈ। ਇਹ ਗਲ ਗਲਤ ਨਹੀ ਹੈ ਪਰ ਇਸਦੀ ਪੂਰਤੀ ਸਹੀ ਹੋਣੀ ਚਾਹੀਦੀ ਹੈ। ਸਾਡੇ ਘਰਾਂ ਦੀ ਬਹੁ-ਗਿਣਤੀ ਕੀ ਕਰਦੀ ਹੈ, ਉਹ ਵਿਦਵਾਨ ਬੜੇ ਕਮਾਲ ਨਾਲ ਸਾਨੂੰ ਆਪਣੀ ਕਲਮ ਦੇ ਬਲ ਨਾਲ ਸਮਝਾ ਗਿਆ, ਉਹ ਲਿਖਦਾ ਹੈ ਕਿ,
ਪੂਰੇ ਸਤਿਗੁਰ ਮਿਹਰ ਜਾ ਕੀਤੀ, ਸ਼ਾਦੀ ਦਾ ਦਿਨ ਆਇਆ।
ਸਤਿਗੁਰ ਦੇ ਧੰਨਵਾਦ ਵਾਸਤੇ, ਅਖੰਡ ਪਾਠ ਰਖਵਾਇਆ।
ਅਖੰਡ ਪਾਠ ਦੇ ਕਮਰੇ ਲਾਗੇ, ਟੈਲੀਵੀਜਨ ਚੱਲੇ।
ਸਾਰਾ ਟੱਬਰ ਟੀ. ਵੀ. ਅੱਗੇ, ਬਾਬਾ ਜੀ ਨੇ ਕੱਲੇ

ਅਸੀਂ ਜੇਕਰ ਦੋ ਦਿਨ ਤੇ ਦੋ ਰਾਤਾਂ ਵੀ ਟੀ. ਵੀ. ਨੂੰ ਛੱਡ ਨਹੀ ਸਕਦੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਘਰ ਬੁਲਾਉਣ ਦਾ ਕੀ ਫਾਇਦਾ ?
ਇਸ ਤਰ੍ਹਾ ਘਰ ਬੁਲਾ ਕੇ ਅਸੀ ਗੁਰੂ ਸਾਹਿਬ ਦਾ ਸਤਿਕਾਰ ਨਹੀ, ਨਿਰਾਦਰ ਕਰਦੇ ਹਾਂ। ਜੇਕਰ ਅਸੀਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਪਾਸ ਬੈਠ ਕੇ ਬਾਣੀ ਸ੍ਰਵਣ ਵੀ ਨਹੀ ਕਰ ਸਕਦੇ ਤਾਂ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ ਕਹਿਣ ਦਾ ਕੀ ਅਰਥ ਬਣਦਾ ਹੈ। ਸਾਨੂੰ ਕੋਈ ਹੱਕ ਨਹੀ ਹੈ। ਜਿਸਨੂੰ ਅਸੀ ਬਾਪੂ, ਪਿਤਾ, ਗੁਰੂ ਕਹਿੰਦੇ ਹਾਂ ਜੇ ਉਸਦੇ ਕੋਲ ਬੈਠ ਕੇ ਅਸੀ ਕੋਈ ਵੀ ਗਲ ਸੁਨਣ ਨੂੰ ਤਿਆਰ ਹੀ ਨਹੀ।
ਜਰ੍ਹਾ ਕਲਗੀਧਰ ਪਾਤਸ਼ਾਹ ਦੇ ਜੀਵਨ ਨੂੰ ਵੇਖੋ, ਸਰਸਾ ਨਦੀ ਦੇ ਕੰਢੇ ਤੇ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ, ਪਾਤਸ਼ਾਹ ਇਹ ਵੀ ਜਾਣਦੇ ਨੇ ਕਿ ਪਿਛੋ ਮੁਗਲ ਤੇ ਪਹਾੜੀ ਫੌਜਾਂ ਆਪਣੇ ਸਾਰੇ ਵਾਅਦੇ ਅਤੇ ਕਸਮਾਂ ਨੂੰ ਭੁੱਲ ਕੇ ਚੜਾਈ ਕਰੀ ਆ ਰਹੀਆਂ ਨੇ, ਪਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਨਿਤਨੇਮ ਦਾ ਸਮਾਂ ਹੋ ਗਿਆ ਹੈ ਅਤੇ ਉਸ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਜੁੜਨਾ ਜਰੂਰੀ ਹੈ।
ਜਪੁਜੀ ਕਾ ਜਾਪ ਇਸ ਘੜੀ ਕਰਨਾ ਜਰੂਰ ਥਾ।
ਪੜ ਕੇ ਗ੍ਰੰਥ ਔਰ ਬੜਾਨਾ ਸਰੂਰ ਥਾ

ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲਗੇ, ਸਿੱਖੋ ਆਉ ਅਸੀ ਗੁਰਬਾਣੀ ਨਾਲ ਜੁੜ ਕੇ ਹੋਰ ਸ਼ਕਤੀ ਲੈ ਲਈਏ। ਕਿਉਕਿ ਸਤਿਗੁਰੂ ਜੀ ਜਾਣਦੇ ਨੇ ਕਿ ਆਉਣ ਵਾਲਾ ਸਮਾਂ ਹੋਰ ਵੀ ਬਹੁਤ ਕਠਿਨ ਅਤੇ ਬਿਪਤਾ ਨਾਲ ਭਰਿਆ ਆ ਰਿਹਾ ਹੈ। ਇਸ ਲਈ ਬਾਣੀ ਦੇ ਆਸਰੇ ਦੇ ਨਾਲ ਹੀ ਗੁਰੂ ਅਤੇ ਸਿੱਖ ਇਹਨਾ ਦਾ ਮੁਕਾਬਲਾ ਕਰ ਸਕਣਗੇ। ਜੇਕਰ ਅਸੀ ਐਸੀਆਂ ਬਾਤਾਂ ਦੀ ਸੇਧ ਲੈਣੀ ਹੋਵੇ ਤਾਂ ਅਸੀ ਭਾਈ ਮਤੀ ਦਾਸ ਦੇ ਜੀਵਨ ਤੋ ਵੀ ਲੈ ਸਕਦੇ ਹਾਂ। ਭਾਈ ਸਾਹਿਬ ਜਲਾਦਾਂ ਨੂੰ ਕਹਿਣ
ਲਗੇ, “ਜਲਾਦੋ! ਤੁਸੀ ਆਪਣੇ ਆਰੇ ਦੇ ਦੰਦਿਆ ਨੂੰ ਚੰਗੀ ਤਰ੍ਹਾ ਤਿੱਖੇ ਕਰੋ। ਮੈ ਆਪਣਾ ਮਨ ਬਾਣੀ ਪੜ ਕੇ ਤਿੱਖਾ ਕਰ ਲਵਾ। “ਇਤਿਹਾਸਿਕ ਤੱਥਾਂ ਤੋ ਪਤਾ ਲਗਦਾ ਹੈ ਤੇ ਇਹ ਸਚਾਈ ਹੈ। ਜਦੋ ਆਰਾ ਚਲਿਆ ਤਾਂ ਭਾਈ ਸਾਹਿਬ ਨੇ ਜਪੁਜੀ ਸਾਹਿਬ ਦਾ ਜਾਪ ਆਰੰਭ ਕਰ ਦਿੱਤਾ, ਆਰਾ ਚਲਦਿਆਂ-ਚਲਦਿਆਂ ਸਰੀਰ ਦੇ 2 ਟੋਟੇ ਹੋ ਗਏ, ਸਰੀਰ ਦੇ ਇੱਕ ਟੁਕੜੇ ਵਿੱਚੋ ਅਵਾਜ ਆ ਰਹੀ ਸੀ
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ।।ਤੇ ਦੂਸਰੇ ਟੁਕੜੇ ਵਿਚੋ ਅਵਾਜ ਆ ਰਹੀ ਸੀ
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।। (ਜਪੁਜੀ ਸਾਹਿਬ-੮)
ਭਾਈ ਮਤੀ ਦਾਸ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨਾ ਨੂੰ ਸਚ ਕਰਕੇ ਦਿਖਾ ਦਿੱਤਾ
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ।।
ਨਾਨਕ ਗੁਰਮੁਖਿ ਸਾਚਿ ਸਮਾਵੈ
।। (ਰਾਮਕਲੀ ਮਹਲਾ ੧-੯੫੧)
ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਕਿ ਆਉ ਸਿਖੋ ਅਸੀ ਬਾਣੀ ਦਾ ਪੱਲਾ ਫੜ ਲਈਏ ਕਿਉਕਿ ਸਤਿਗੁਰੂ ਜੀ ਜਾਣਦੇ ਨੇ ਕਿ ਆਉਣ ਵਾਲਾ ਸਮਾਂ ਬਹੁਤ ਕਠਿਨ
ਹੈ।ਜੋਗੀ ਅਲ੍ਹਾ ਯਾਰ ਖ਼ਾਂ ਕਿੱਸੇ ਨੂੰ ਅੱਗੇ ਤੋਰਦਾ ਹੋਇਆ ਲਿਖਦਾ ਹੈ-
ਥਾ ਸਰ ਪਰ  ਵਕਤ ਆ ਗਿਆ ਆਸਾ ਕੀ ਵਾਰ ਕਾ।
ਸਾਜੋ ਕੀ ਜੇਰੋ ਬੁਮ ਕਾ, ਚੜਾਓ ਵ ਉਤਾਰ ਕਾ

ਸਤਿਗੁਰੂ ਜੀ ਅਤੇ ਸਿੰਘ ਸੂਰਬੀਰਾਂ ਨੇ ਸਰਸਾ ਦੇ ਪਾਣੀ ਨਾਲ ਇਸ਼ਨਾਨ ਆਦਿਕ ਕਰਕੇ ਸਰਸਾ ਦੇ ਕੰਢੇ ਤੇ ਹੀ ਉਸ ਅਕਾਲ ਪੁਰਖ ਦਾ ਸਿਮਰਨ ਕੀਤਾ ਤੇ “ਆਸਾ ਕੀ ਵਾਰ” ਦਾ ਦੀਵਾਨ ਲਗਾਇਆ।ਇਥੇ ਇੱਕ ਗਲ ਬਹੁਤ ਧਿਆਨ ਦੇਣ ਯੋਗ ਹੈ ਕਿ ਸਿਖ ਦੀ ਇੱਕ ਸਖਸ਼ੀ ਰਹਿਣੀ ਹੈ ਤੇ ਇੱਕ ਪੰਥਕ ਰਹਿਣੀ ਹੈ। ਸਿੱਖ ਨੇ ਸ਼ਖਸ਼ੀ ਰਹਿਣੀ ਵਾਲੇ ਜੀਵਨ ਵਿੱਚ ਨਿਤਨੇਮ ਕਰਨ ਉਪਰੰਤ ਗੁਰਦੁਆਰਾ ਸਾਹਿਬ ਜਾ ਕੇ “ਆਸਾ ਕੀ ਵਾਰ” ਦਾ ਕੀਰਤਨ ਸੁਨਣਾ ਜਾਂ ਗਾਇਨ ਕਰਨਾ ਹੈ। ਪਰ ਸਾਡੇ ਬਹੁਤ ਸਾਰੇ ਗੁਰੂ ਘਰਾਂ ਵਿੱਚੋ ਸਵੇਰ ਵੇਲੇ “ਆਸਾ ਕੀ ਵਾਰ” ਨੂੰ ਬਾਹਰ ਕਰਕੇ “ਸੁਖਮਨੀ ਸਾਹਿਬ” ਆ ਗਿਆ ਹੈ। ਇਥੇ ਮੈ ਕਿਸੇ ਬਾਣੀ ਦਾ ਵਿਰੋਧ ਨਹੀ ਕਰ ਰਿਹਾ। ਮੈ ਬੇਨਤੀ ਕਰ ਰਿਹਾ ਹਾਂ ਕਿ ਅਸੀ ਸੀਨਾ- ਬਸੀਨਾ ਮਰਿਆਦਾ ਨੂੰ ਛੱਡ ਕੇ ਕਿਧਰ ਨੂੰ ਚਲ ਪਏ ਹਾਂ ?
ਜਰਾ ਝਾਤੀ ਮਾਰਿਓ ਕਿ ਅਸੀ ਹੇਠਾਂ ਵਲ ਨੂੰ ਜਾ ਰਹੇ ਹਾਂ ਕਿ ਜਾਂ ਉਪਰ ਵਲ। ਕਦੀ ਪੁਰਾਤਨ ਸਮੇ ਦੀ ਮਰਿਆਦਾ ਨੂੰ ਪੜਿਓ।ਪਹਿਲਾ “ਸਹਿਜ ਪਾਠ” ਦੀ ਮਰਿਆਦਾ ਚਲਦੀ ਸੀ ਤੇ ਸਾਡੇ ਸਿੱਖਾਂ ਨੇ ਮਹਿਸੂਸ ਕੀਤਾ ਕਿ ਸਹਿਜ ਪਾਠ ਨੂੰ ਸਮਾਂ ਬਹੁਤ ਲਗਦਾ ਹੈ ਤੇ ਉਹਨਾ “ਸਹਿਜ ਪਾਠ” ਤੋ ਸਮਾਂ ਛੋਟਾ ਕਰਨ ਲਈ
“ਅਖੰਡ ਪਾਠ” ਆਰੰਭ ਕਰ ਲਏ। ਫਿਰ ਸਾਨੂੰ ਸਿੱਖਾਂ ਨੂੰ ਲਗਿਆ ਕਿ “ਅਖੰਡ ਪਾਠ” ਨੂੰ ਵੀ ਲਗਭਗ 48 ਘੰਟੇ ਲਗ ਜਾਂਦੇ ਹਨ। ਇਸ ਲਈ “ਸੁਖਮਨੀ ਸਾਹਿਬ” ਹੀ ਠੀਕ ਹੈ ਤੇ ਮੈਨੂੰ ਲਗਦਾ ਹੈ ਕਿ ਕਿਸੇ ਸਮੇ ਸਾਨੂੰ “ਸੁਖਮਨੀ ਸਾਹਿਬ”ਵੀ ਵੱਡਾ ਲਗਣ ਲਗ ਪੈਣਾ ਹੈ। ਅਸੀ ਹੌਲੀ ਹੌਲੀ “ਜਪੁਜੀ ਸਾਹਿਬ” ਤੇ ਹੀ ਆ ਜਾਵਾਂਗੇ,
ਹੁਣ ਇਹ ਸੋਚਣਾ ਹੈ ਕਿ ਅਸੀ ਹੇਠਾਂ ਨੂੰ ਜਾ ਰਹੇ ਹਾਂ ਕਿ ਉਪਰ ਨੂੰ। ਸਤਿਗੁਰੂ ਜੀ ਸਾਡੇ ਤੇ ਰਹਿਮ ਕਰਨ, ਸਾਨੂੰ ਜਰਾ ਗੁਰ ਮਰਿਆਦਾ ਵਿੱਚ ਵਿਚਰਨ ਦੀ ਜਾਚ ਆ ਜਾਵੇ।ਹੁਣ ਸਤਿਗੁਰੂ ਜੀ ਨੇ ਨਿਤਨੇਮ ਤੋ ਬਾਅਦ “ਆਸਾ ਕੀ ਵਾਰ” ਦਾ ਦੀਵਾਨ ਲਗਾਇਆ।
ਮਨਸ਼ਾ ਥਾ ਕਲਗੀ ਧਰ ਕੇ ਦਿਲੇ ਬੇ ਕਰਾਰ ਕਾ।
ਮੌਕਅ ਮਿਲੇ ਤੋ ਕਰ ਲੇ ਭਜਨ ਕਿਰਦਗਾਰ ਕਾ

ਕਿਉਕਿ ਕਲਗੀਧਰ ਦੇ ਪਾਤਸ਼ਾਹ ਦੇ ਮਨ ਦੀ ਮਨਸ਼ਾ ਸੀ ਕਿ ਸਰਸਾ ਨਦੀ ਦੇ ਕੰਢੇ ਤੇ ਜਿਨ੍ਹਾ ਸਮਾਂ ਵੀ ਹੋ ਸਕੇ ਉਨ੍ਹਾ ਸਮਾਂ ਅਸੀ ਉਸ ਕਰਤਾਰ ਦੇ ਸ਼ੁਕਰਾਨੇ, ਬੰਦਗੀ ਵਿੱਚ ਜੁੜਨਾ ਕਰੀਏ। ਹੁਣ ਦੇਖੋ ਕਿ ਇਹ ਕਲਗੀਧਰ ਪਾਤਸ਼ਾਹ ਹੀ ਨੇ ਜੋ ਸਭ ਕੁੱਝ ਲੁਟਾ ਕੇ ਵੀ ਸਰਸਾ ਨਦੀ ਕੰਢੇ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਰਹੇ ਨੇ।ਇਥੇ ਇੱਕ ਗਲ ਯਾਦ ਆਈ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਦਰਬਾਰ ਲਗਾ ਹੋਇਆ ਹੈ। ਕੁੱਝ ਲੋਕ ਇੱਕ ਮਨੁੱਖ ਨੂੰ, ਜਿਸਦੇ ਵਾਲ ਖਿਲਰੇ ਪਏ ਨੇ, ਕੱਪੜੇ ਵੀ ਪਾਟੇ ਹੋਏ ਨੇ, ਉਸਨੂੰ ਫੜ ਕੇ ਗੁਰੂ ਸਾਹਿਬ ਪਾਸ ਲੈ ਕੇ ਆ ਰਹੇ ਨੇ। ਜਦੋ ਗੁਰੂ ਸਾਹਿਬ ਦੀ ਨਿਗ੍ਹਾ ਪਈ ਤਾ ਪੁਛਿਆ
“ਤੁਸੀ ਇਸਨੂੰ ਕਿਉ ਫੜਿਆ ਹੋਇਆ ਹੈ ਭਾਈ?”
ਉਹ ਲੋਕ ਕਹਿਣ ਲਗੇ “ਸਤਿਗੁਰੂ ਜੀ ਇਸਨੂੰ ਭੂਤ ਚੰਬੜੇ ਹੋਏ ਨੇ, ਇਸ ਲਈ ਅਸੀ ਇਸਨੂੰ ਇਥੇ ਲੈ ਕੇ ਆਏ ਹਾਂ। ਸਤਿਗੁਰੂ ਜੀ ਤੁਸੀ ਸਰਬ ਕਲਾ ਸਮਰਥ ਹੋ ਇਸ ਲਈ ਇਸਦੇ ਭੂਤ ਉਤਾਰਨ ਲਈ ਅਸੀ ਇਸਨੂੰ ਆਪ ਜੀ ਦੇ ਪਾਸ ਲੈ ਕੇ ਆਏ ਹਾਂ। “ਸਤਿਗੁਰੂ ਜੀ ਕਹਿਣ ਲਗੇ “ਜੇਕਰ ਤੁਸੀ ਭਾਵਨਾ
ਨਾਲ ਇਥੇ ਲੈ ਕੇ ਆਏ ਹੋ ਤਾਂ ਠੀਕ ਹੈ, ਪਰ ਪਹਿਲਾ ਮੇਰੇ ਦੋ ਸਵਾਲਾ ਦੇ ਜਵਾਬ ਦਿਉ।
ਪਹਿਲਾ- ਕੀ ਇਸਨੇ ਜਿੰਦਗੀ ਵਿੱਚ ਕਦੀ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਹੈ, ਕਦੀ ਇਸਨੇ ਜਪੁਜੀ ਸਾਹਿਬ ਦੀ ਬਾਣੀ ਦਾ ਜਾਪ
ਕੀਤਾ ਹੈ?
“ਜਵਾਬ ਮਿਲਿਆ “ਜੀ ਇਸਨੇ ਕਦੀ ਅੰਮ੍ਰਿਤ ਵੇਲੇ ਦੀ ਸੰਭਾਲ ਨਹੀ ਕੀਤੀ ਤੇ ਨਾਂ ਹੀ ਇਸਨੇ ਕਦੀ ਜਪੁਜੀ ਸਾਹਿਬ ਦੀ ਬਾਣੀ ਪੜੀ ਹੈ। “ ਸਤਿਗੁਰੂ ਜੀ ਫਿਰ ਕਹਿਣ ਲਗੇ “ਚਲੋ ਜੇਕਰ ਇਸਨੇ ਕਦੀ ਅੰਮ੍ਰਿਤ ਵੇਲੇ ਦੀ ਸੰਭਾਲ ਨਹੀ ਕੀਤੀ, ਬਾਣੀ ਦਾ ਜਾਪ ਵੀ ਨਹੀ ਕੀਤਾ। ਕੀ ਕਦੀ ਇਸਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ
ਲੈ ਕੇ ਉਸਦਾ ਧੰਨਵਾਦ ਕੀਤਾ ਹੈ, ਕਦੀ ਸ਼ੁਕਰਾਨਾ ਕੀਤਾ ਹੈ ਜਾਂ ਨਹੀ ?
”ਸਾਥੀ ਕਹਿਣ ਲਗੇ” ਜੀ ਇਸਨੇ ਕਦੀ ਸਿਮਰਨ ਵੀ ਨਹੀ ਕੀਤਾ”      ਇਹ ਸੁਣ ਕੇ ਸਤਿਗੁਰੂ ਜੀ ਕਹਿਣ ਲਗੇ, “ਤੁਸੀ ਕਹਿੰਦੇ ਹੋ ਕਿ ਇਸਨੂੰ ਭੂਤ ਚਿੰਬੜੇ ਹੋਏ ਨੇ, ਜਿਸਦੇ ਮੂੰਹ ਤੇ ਕਦੇ ਵਾਹਿਗੁਰੂ ਦਾ ਜਾਪ ਨਹੀ, ਅੰਮ੍ਰਿਤ ਵੇਲੇ ਦੀ ਸੰਭਾਲ ਨਹੀ, ਇਸ ਲਈ ਇਸਨੂੰ ਭੂਤ ਨੇ ਕੀ ਚਿੰਬੜਨਾ ਹੈ, ਇਹ ਤਾਂ ਆਪ ਹੀ ਭੂਤਾਂ ਨੂੰ ਚਿੰਬੜਿਆ ਹੋਇਆ ਹੈ। ਇਹ ਤਾਂ ਆਪ ਹੀ ਭੂਤ ਬਣਿਆ ਪਿਆ ਹੈ। “ਮੈ ਇਹ ਆਪਣੇ ਕੋਲੋ ਨਹੀ ਕਹਿ ਰਿਹਾ, ਸਤਿਗੁਰੂ ਜੀ ਬਾਣੀ ਵਿੱਚ ਸਾਨੂੰ ਬਖਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ ਨੂੰ ਅਕਾਲ ਪੁਰਖ ਪ੍ਰਭੂ ਵਿਸਰ ਜਾਂਦਾ ਹੈ, ਉਹ ਕੁੱਝ ਹੋਰ ਨਹੀ ਸਗੋ ਆਪ ਹੀ ਭੂਤ ਹਨ।
ਹਰਿ ਭਗਤਿ ਭਾਵ ਹੀਣੰ ਨਾਨਕੁ ਪ੍ਰਭ ਬਿਸਰਤ ਤੇ ਪ੍ਰੇਤਤਹ।। (ਵਾਰ ਜੈਤਸਰੀ, ਮਹਲਾ ੫-੭੦੬)
********** (ਚਲਦਾ … ….)
ਸੁਖਜੀਤ ਸਿੰਘ ਕਪੂਰਥਲਾ 
ਗੁਰਮਤਿ ਪ੍ਰਚਾਰਕ/ ਕਥਾਵਾਚਕ201/6 ਮੁਹੱਲਾ ਸੰਤਪੁਰਾ, ਕਪੂਰਥਲਾ
98720-76876
ਈ. ਮੇਲ-sukhjit.singh69@yahoo.com
 
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.