ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਲਹੂ-ਭਿੱਜੀ ਚਮਕੌਰ-(ਕਿਸ਼ਤ ਨੰ. 13)
ਲਹੂ-ਭਿੱਜੀ ਚਮਕੌਰ-(ਕਿਸ਼ਤ ਨੰ. 13)
Page Visitors: 2549

ਲਹੂ-ਭਿੱਜੀ ਚਮਕੌਰ-(ਕਿਸ਼ਤ ਨੰ. 13)
ਸਮਾਪਤੀ ਅਤੇ ਕਵੀ ਵਲੋਂ ਚਮਕੌਰ ਦੀ ਧਰਤੀ ਦੀ ਵਡਿਆਈ(Chapter- 13/13)
ਨੋਟ- ਲੜੀ ਜੋੜਨ ਲਈ ਕਿਸ਼ਤ ਨੰ. 12 ਪੜੋ (ਸੁਖਜੀਤ ਸਿੰਘ ਕਪੂਰਥਲਾ)
ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਦੇ ਦਰਸ਼ਨ ਕਰਨ ਸਮੇਂ ਸਾਹਮਣੇ ਮੁੱਖ ਦਵਾਰ ਉਪਰ ਜੋਗੀ ਅੱਲ੍ਹਾਂ ਯਾਰ ਖ਼ਾਂ ਦੇ ਕਾਲੇ ਅੱਖਰਾਂ ਵਿੱਚ ਲਿਖੇ ਹੋਏ ਸ਼ਬਦ ਇਸ ਅਸਥਾਨ ਦੀ ਇਤਿਹਾਸਕ ਮਹਤੱਤਾ ਨੂੰ ਬਾਖੂਬੀ ਬਿਆਨ ਕਰ ਜਾਂਦੇ ਹਨ-
ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲਿਯੇ।

ਚਮਕੌਰ ਦੀ ਧਰਤੀ ਉੱਪਰ ਹੋਈ ਸੰਸਾਰ ਦੇ ਇਤਿਹਾਸ ਦੀ ਸਭ ਤੋਂ ‘ਬੇਜੋੜ ਅਤੇ ਅਸਾਵੀਂ ਜੰਗ-ਸਾਕਾ ਚਮਕੌਰ` ਦੇ ਇਤਿਹਾਸ ਨੂੰ ਰੂਪਮਾਨ ਕਰਦੀ ਯਾਦਗਾਰ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਹੋਂਦ ਵਿੱਚ ਆਉਣ ਦੀ ਗਾਥਾ ਵੀ ਸਿੱਖ ਇਤਿਹਾਸ ਦਾ ਇੱਕ ਵਿਸਮਾਦੀ ਪੰਨਾ ਹੈ। ਸਾਕਾ ਚਮਕੌਰ ਨਾਲ ਸਬੰਧਿਤ ਇਤਿਹਾਸਕ ਸਥਾਨ ਬਹੁਤ ਲੰਮਾ ਸਮਾਂ ਗੁਪਤ ਹੀ ਰਿਹਾ। ਸ੍ਰ. ਕਰਮ ਸਿੰਘ ਹਿਸਟੋਰੀਅਨ ਵਲੋਂ ਸੰਪਾਦਿਤ ਪੁਸਤਕ ‘ਬਹੁਮੁੱਲੇ ਇਤਿਹਾਸਕ ਲੇਖ` ਵਿੱਚ ਇਸ ਸਬੰਧੀ ਵੇਰਵਾ ਦਰਜ ਹੈ। ਸਤਿਕਾਰਯੋਗ ਸ਼ਹੀਦਾਂ ਦੀ ਕਤਾਰ ਵਿੱਚ ਜਾ ਖੜੀ ਹੋਣ ਵਾਲੀ ਬੀਬੀ ਸ਼ਰਨ ਕੌਰ, ਜੋ ਸਾਰੇ ਸ਼ਹੀਦਾਂ ਦੇ ਪਵਿੱਤਰ ਸਰੀਰਾਂ ਨੂੰ ਇੱਕਠਾ ਕਰਕੇ ਸਸਕਾਰ ਲਈ ਅੰਗੀਠੇ ਸਪੁਰਦ ਕਰਦੀ-2 ਆਪ ਵੀ ਉੱਥੇ ਸ਼ਹੀਦ ਹੋ ਗਈ ਸੀ। ਸਸਕਾਰ ਉਪਰੰਤ ਉਹ ਸੁਭਾਗੀ ਬਿਭੂਤੀ ਕਿਸੇ ਗੁਰਮੁਖ ਪ੍ਰੇਮੀ ਨੇ ਇੱਕਠੀ ਕਰਕੇ ਜਮੀਨ ਵਿੱਚ ਟੋਆ ਪੁੱਟ ਕੇ ਦੱਬ ਦਿੱਤੀ ਸੀ।
ਇਸ ਪਵਿੱਤਰ ਅਸਥਾਨ ਦੇ ਸਿਦਕੀ ਸਰਦਾਰ, ਸਰਦਾਰ ਦਿਆਲ ਸਿੰਘ ਜੀ ਰਈਸ (ਵਾਸੀ ਬੇਲਾ ਜਿਲ੍ਹਾ ਰੋਪੜ) ਨੇ ਖੋਜ ਕੀਤੀ। ਸ੍ਰ. ਦਿਆਲ ਸਿੰਘ ਨੇ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ, ਨਿਤਨੇਮ ਕਰਕੇ ਚਮਕੌਰ ਸਾਹਿਬ ਆ ਕੇ ਆਪਣੇ ਕੋਲੋਂ ਮਾਇਆ ਖਰਚ ਕੇ, ਪੁਟਾਈ ਕਰਵਾ-ਕਰਵਾ ਕੇ ਸ਼ਹੀਦਾ ਦੀ ਬਿਭੂਤੀ ਵਾਲੇ ਸਥਾਨ ਨੂੰ ਲੱਭਿਆ। ਫਿਰ ਆਪਣੇ ਖਰਚੇ ਤੇ ਆਪਣੀ ਨਿਗਰਾਨੀ ਹੇਠ ਇਮਾਰਤੀ ਸਮਾਨ ਇੱਕਤਰ ਕਰਕੇ, ਰਾਜਾਂ ਮਜਦੂਰਾਂ ਦੀਆਂ ਨਿਤ-ਪ੍ਰਤੀ ਦਿਹਾੜੀਆਂ ਭਰਕੇ ਇਸ ਸਥਾਨ ਤੇ ਪਹਿਲੀ ਉਸਾਰੀ ਨੂੰ ਮੁਕੰਮਲ ਕਰਵਾਇਆ।
   ਇਸ ਸਥਾਨ ਤੇ ਬਣੇ ਧਰਮ ਅਸਥਾਨ ਦੀ ਆਰੰਭਤਾ ਵਾਲੇ ਦਿਨ ਸੰਗਤ ਨੇ ਸਰਦਾਰ ਜੀ ਨੂੰ ਸੇਵਾ ਬਦਲੇ ਸਿਰੋਪਾਉ ਦੇਣ ਦੀ ਪੇਸ਼ਕਸ਼ ਕੀਤੀ, ਜੋ ਉਨਾਂ ਦੇ ਨਿਮਰਤਾ ਸਹਿਤ ਅਸਵੀਕਾਰ ਕਰ ਦਿੱਤੀ। ਸਮਾਪਤੀ ਉਪਰ ਗ੍ਰੰਥੀ ਸਿੰਘ ਜਦੋਂ ਅਰਦਾਸ ਕਰਨ ਲਈ ਖੜਾ ਹੋਇਆ ਤਾਂ ਸਰਦਾਰ ਜੀ ਨੇ ਅਰਦਾਸੀੇਏ ਦੇ ਕੰਨ ਵਿੱਚ ਕੁੱਝ ਬੇਨਤੀ ਕੀਤੀ। ਗ੍ਰੰਥੀ ਸਿੰਘ ਠਠੰਭਰ ਕੇ ਇਨਕਾਰੀ ਹੋ ਕੇ ਅਰਦਾਸ ਕਰਨ ਤੋਂ ਪਿਛੇ ਹੱਟ ਗਿਆ। ਸਰਦਾਰ ਦਿਆਲ ਸਿੰਘ ਨੇ ਆਪ ਗਲ ਵਿੱਚ ਪੱਲ੍ਹਾ ਪਾ ਕੇ ਅਰਦਾਸ ਕੀਤੀ। ਹੈਰਾਨੀਜਨਕ ਸ਼ਬਦ ਸਨ-ਜਿੰਨਾਂ ਕਾਰਨ ਗ੍ਰੰਥੀ ਸਿੰਘ ਨੂੰ ਅਰਦਾਸ ਕਰਨ ਦੀ ਹਿੰਮਤ ਨਹੀ ਸੀ ਪਈ- “ਸ਼ਹੀਦਾਂ ਦੇ ਸਰਦਾਰ, ਚੋਜੀ ਪ੍ਰੀਤਮ ਕਲਗੀਆਂ ਵਾਲੇ, ਮੇਰਾ ਕੱਖ ਨਾ ਰਹੇ, ਮੈਂ ਦਿਆਲ ਸਿੰਘ ਦਾ ਬੰਸ ਨਾਸ ਹੋ ਜਾਵੇ”। ਇਹ ਟੱਪਾ ਸੁਣ ਕੇ ਸੰਗਤ ਦ੍ਰਵ ਗਈ, ਸੰਗਤ ਦੇ ਨੇਤਰ ਜਲ-ਪੂਰਤ ਹੋ ਫਰਨ-ਫਰਨ ਦਰਿਆ ਵਹਿ ਤੁਰੇ। ਸੰਗਤ ਵਲੋਂ ਐਸੀ ਅਰਦਾਸ ਦੀ ਹੈਰਾਨੀਜਨਕ ਸ਼ਬਦਾਵਲੀ ਬਾਰੇ ਪੁਛਣ ਤੇ ਸਰਦਾਰ ਜੀ ਨੇ ਗਰੀਬੜੇ ਜਿਹੇ ਭੋਲੀ ਸ਼ਕਲ ਵਿੱਚ ਜਵਾਬ ਦਿੱਤਾ “ਗੁਰਮੁਖੋ! ਇਹ ਸ਼ਹੀਦ ਗੰਜ ਪੰਥ ਦੀ ਸਾਂਝੀ ਚੀਜ਼ ਹੈ। ਜੇ ਮੇਰੀ ਔਲਾਦ ਹੋਈ ਤਦ ਓਹ ਇਸ ਪਰ ਆਪਣੀ ਮਾਲਕੀ ਜਮਾਏਗੀ, ਹਾਲਾਂ ਕਿ ਮਾਇਆ ਕਲਗੀਆ ਵਾਲੇ ਦੀ ਲਗੀ ਹੈ, ਸੇਵਾ ਉਸੇ ਨੇ ਕਰਵਾਈ ਹੈ, ਉਦਮ ਉਸੇ ਨੇ ਬਖਸ਼ਿਆ ਹੈ। ਨਾ ਮੇਰੀ ਔਲਾਦ ਹੋਵੇ, ਨਾ ਕੋਈ ਅਪਣੱਤ ਜ਼ਾਹਰ ਕਰੇ, ਅਸਥਾਨ ਸਾਂਝਾ ਹੀ ਰਹੇ। “ ਇਤਿਹਾਸ ਗਵਾਹ ਹੈ ਕਿ ਅਜ ਸਰਦਾਰ ਦਿਆਲ ਸਿੰਘ ਦੀ ਬੰਸ ਨਹੀ ਹੈ।
ਇਸ ਸਾਰੇ ਘਟਨਾਕ੍ਰਮ ਤੋਂ ਸੇਧ ਲੈਂਦੇ ਹੋਏ ਸਾਨੂੰ ਆਪਾ ਪੜਚੋਲ ਕੇ ਵੇਖਣ ਦੀ ਲੋੜ ਹੈ ਕਿ ਅਜ ਅਸੀਂ ਕਿਥੇ ਖੜੇ ਹਾਂ?
ਜੋਗੀ ਅੱਲ੍ਹਾ ਯਾਰ ਖ਼ਾਂ ਵੱਲੋਂ ਚਮਕੌਰ ਦੀ ਗੜ੍ਹੀ ਦੀ ਮਹਾਨ ਇਤਿਹਾਸਿਕ ਸ਼ਹੀਦੀ ਗਾਥਾ ਨੂੰ “ਗੰਜਿ-ਸ਼ਹੀਦਾਂ” ਦੇ ਨਾਮ ਹੇਠ ਕਲਮਬੱਧ ਕੀਤਾ ਗਿਆ ਹੈ, ਜੋ ਕਿ ਉਸ ਵੱਲੋਂ ਕਲਗੀਧਰ ਪਾਤਸ਼ਾਹ ਅਤੇ ਪਰਿਵਾਰ, ਸਿੰਘ, ਸੂਰਬੀਰਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਵੀ ਹੈ। ਇੱਕ ਜੋ ਸਿਰੇ ਦੀ ਬਾਤ ਜੋਗੀ ਅੱਲ੍ਹਾ ਯਾਰ ਖ਼ਾਂ ਬਿਆਨ ਕਰਦਾ ਹੈ-
ਕਟਵਾ ਕੇ ਪਿਸਰ ਚਾਰੇ ਇੱਕ ਆਂਸੂ ਨ ਗਿਰਾਇਆ।
ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓ ਕਾ ਬੜਾਇਆ।
ਬਸ, ਏਕ ਹਿੰਦ ਮੇ ਤੀਰਥ ਹੈ, ਯਾਤਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ।

ਜੋਗੀ ਅੱਲ੍ਹਾ ਯਾਰ ਖ਼ਾਂ ਚਮਕੌਰ ਦੀ ਧਰਤੀ ਨੂੰ ਸਿਜਦਾ ਕਰਦਾ ਹੋਇਆ ਦਸਦਾ ਹੈ ਕਿ ਚਮਕੌਰ ਦੀ ਮਿਟੀ ਤੇਰੇ ਵਿੱਚ ਇਹ ਚਮਕ ਕਿੱਥੋਂ ਆਈ?
ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜਰੋਂ ਮੇਂ।
ਯਹੀਂ ਸੇ ਬਨ ਕੇ ਸਿਤਾਰੇ ਗਏ ਆਸਮਾਂ ਕੇ ਲਿਯੇ।

ਉਹ ਸਿੰਘ ਸੂਰਬੀਰਾਂ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਰੰਗ ਤੇਰੇ ਵਿੱਚ ਮੌਜੂਦ ਹੈ, ਇਹ ਜੋ ਅਸਮਾਨ ਤੇ ਤਾਰੇ ਚਮਕ ਰਹੇ ਹਨ ਇਹ ਸਿੰਘ, ਸੂਰਬੀਰਾਂ ਅਤੇ ਸਾਹਿਬਜਾਦਿਆਂ ਦੇ ਕਾਰਨਾਮੇ ਹੀ ਇਹਨਾਂ ਨੂੰ ਤਾਰਿਆਂ ਵਾਂਗ ਇਤਿਹਾਸ ਵਿੱਚ ਰਹਿੰਦੀ ਦੁਨੀਆਂ ਤੱਕ ਚਮਕਾਉਂਦੇ ਰਹਿਣਗੇ।
ਗੁਰੂ ਗੋਬਿੰਦ ਕੇ ਲਖਤਿ-ਜਿਗਰ ਅਜੀਤ ਜੁਝਾਰ।
ਫਲਕ ਪਿ ਇੱਕ ਯਹਾਂ ਦੋ ਚਾਂਦ ਜਿਯਾ ਕੇ ਲਿਯੇ।

ਅਸਮਾਨ ਤੇ ਇੱਕ ਚੰਦਰਮਾ ਚਮਕਦਾ ਹੈ ਪਰ ਚਮਕੌਰ ਦੀ ਧਰਤੀ ਉਪਰ ਦੋ ਚੰਦਰਮਾ ਇਕੋ ਸਮੇਂ ਚਮਕਦੇ ਨੇ। ਕਿਹੜੇ? ਇੱਕ ਅਜੀਤ ਸਿੰਘ ਤੇ ਦੂਜਾ ਜੁਝਾਰ ਸਿੰਘ ਰੂਪੀ।
ਭਟਕਤੇ ਫਿਰਤੇ ਹੈ ਕਿਉਂ? ਹੱਜ ਕਰੇ ਯਹਾਂ ਆ ਕਰ।
ਯਿ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲਿਯੇ।

ਇਥੇ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਭਾਵਨਾ ਨੂੰ ਸਮਝਣਾ ਪਵੇਗਾ। ਉਹ ਖਾਲਸੇ ਲਈ ਚਮਕੌਰ ਦੀ ਧਰਤੀ ਨੂੰ ਇਸਲਾਮ ਮੱਤ ਦੇ ਸਭ ਤੋਂ ਪਵਿੱਤਰ ਅਸਥਾਨ “ਕਾਅਬੇ”ਦੇ ਬਰਾਬਰ ਮੰਨਦਾ ਹੈ। ਅੱਗੇ ਹੋਰ ਕੀ ਲਿਖਦਾ ਹੈ ਜੋਗੀ ਅੱਲ੍ਹਾ ਯਾਰ ਖ਼ਾਂ:-
ਯਹਾ ਵੁਹ ਲੇਟੇ ਹੈ, ਸਤਲੁਜ ਮੇਂ ਜੋਸ਼ ਮੇਂ ਆਕਰ।
ਚਰਨ ਹਜ਼ੂਰ ਕੇ, ਨਹਿਰੇਂ ਬਹਾ ਬਹਾ ਕੇ ਲਿਯੇ।
ਮਿਜ਼ਾਰ ਗੰਜਿ-ਸ਼ਹੀਦਾਂ ਹੈ, ਉਨ ਸ਼ਹੀਦੋਂ ਕਾ।
ਫਰਿਸ਼ਤੇ ਜਿਨ ਕੀ ਤਰਸਤੇ ਥੇ ਖ਼ਾਕਿ-ਪਾ ਕੇ ਲਿਯੇ।

ਚਮਕੌਰ ਦੀ ਧਰਤੀ ਨੂੰ “ਗੰਜਿ ਸ਼ਹੀਦਾਂ” ਕਿਹਾ ਗਿਆ ਹੈ। “ਗੰਜਿ-ਸ਼ਹੀਦਾਂ” ਦਾ ਮਤਲਬ ਹੁੰਦਾ ਹੈ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਸ਼ਹਾਦਤਾਂ ਹੋਈਆਂ ਹੋਣ। ਫਰਿਸ਼ਤੇ ਵੀ ਐਸੀ ਧਰਤੀ ਦੀ ਖ਼ਾਕ ਨੂੰ ਲੋਚਦੇ ਹਨ।
ਯਿਹ ਹੈ ਵੁਹ ਜਾਂ, ਜਹਾਂ ਚਾਲੀਸ ਤਨ ਸ਼ਹੀਦ ਹੂਏ।
ਖ਼ਤਾਬ ਸਰਵਰੀ ਸਿੰਘੋ ਨੇ ਸਰ ਕਟਾ ਕੇ ਲੀਏ।
ਦਿਲਾਈ ਪੰਥ ਕੋ ਸਰ-ਬਾਜ਼ੀਓ ਸੇ ਸਰਦਾਰੀ।
ਬਰਾਇ ਕੌਮ ਯਿ ਰੁਤਬੇ ਲਹੂ ਬਹਾ ਕੇ ਲੀਏ।

ਸਿੱਖ ਕੌਮ ਨੂੰ ਸਰਦਾਰੀਆਂ ਦਿਵਾਉਣ ਲਈ ਲਈ ਇਹਨਾਂ ਸਿਘਾਂ, ਸੂਰਬੀਰਾਂ ਨੂੰ ਆਪਣੇ ਸਿਰ ਤਕ ਵੀ ਕਟਵਾਉਣੇ ਪਏ ਨੇ। ਕਲਗੀਧਰ ਪਾਤਸ਼ਾਹ ਨੂੰ ਚਮਕੌਰ ਦੀ ਧਰਤੀ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਇਕੱਲੇ ਹੀ ਭੁੱਖਣ-ਭਾਣੇ ਘੁੰਮਣਾ ਪਿਆ। ਇੱਕ ਵਿਦਵਾਨ ਆਪਣੇ ਖਿਆਲਾਂ ਨੂੰ ਸਿੰਘਾਂ ਦੇ ਰੂ-ਬਰੂ ਕਰਦਿਆਂ ਕਹਿੰਦਾ ਹੈ ਕਿ ਸਿੰਘੋ! ਤੁਹਾਡਾ ਗੁਰੂ ਗੋਬਿੰਦ ਸਿੰਘ ਅਜ ਵੀ ਮਾਛੀਵਾੜੇ ਜੰਗਲਾਂ ਵਿੱਚ ਇਕੱਲਾ ਘੁੰਮ ਰਿਹਾ ਹੈ ਕਿਉਂਕਿ ਅਜ ਕਲਗੀਧਰ ਦੇ ਕੋਲ ਕੋਈ ਵੀ ਟਿਕਾਣਾ ਨਹੀ ਹੈ, ਕਲਗੀਧਰ ਦਾ ਟਿਕਾਣਾ ਕਿਥੇ ਹੈ?
ਖ਼ਾਲਸਾ ਮੇਰੋ ਰੂਪ ਹੈ ਖਾਸ।।
ਖ਼ਾਲਸੇ ਮੈਂ ਹਉਂ ਕਰਉਂ ਨਿਵਾਸ।।

ਸਿਖੋ! ਤੁਸੀ ਗੁਰੂ ਨੁੰ ਆਪਣੇ ਹਿਰਦੇ ਘਰ ਵਿੱਚ ਟਿਕਾਣਾ ਦੇਣਾ ਹੈ, ਪਰ ਤੁਸੀਂ ਗੁਰੂ ਦੇ ਖਾਲਸੇ ਬਨਣ ਨੂੰ ਹੀ ਤਿਆਰ ਨਹੀ ਹੋ। ਤੁਹਾਡਾ ਗੁਰੂ ਅਜ ਵੀ ਮਾਛੀਵਾੜੇ ਦੇ ਜੰਗਲਾਂ ਵਿੱਚ ਇਕੱਲਾ ਹੀ ਘੁੰਮ ਰਿਹਾ ਹੈ। ਜ਼ਰਾ! ਆਪਣੇ ਮਨਾਂ ਦੇ ਵਿੱਚ ਝਾਕ ਕੇ ਦੇਖਿਉ ਕਿ ਕੀ ਅਸੀਂ ਖ਼ਾਲਸੇ ਬਨਣ ਨੂੰ ਤਿਆਰ ਹਾਂ? ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਟਿਕਾਣਾ ਕਰਨਾ ਹੈ ਖ਼ਾਲਸੇ ਦੇ ਹਿਰਦੇ ਵਿੱਚ ਕਿਸੇ ਐਰੇ ਗੈਰੇ ਦੇ ਹਿਰਦੇ ਵਿੱਚ ਨਹੀ। ਸ਼ਰਾਬਾਂ ਪੀਣ ਵਾਲਿਆਂ ਦੇ ਹਿਰਦੇ ਵਿੱਚ ਨਹੀ, ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦੇ ਹਿਰਦੇ ਵਿੱਚ ਨਹੀ, ਹੱਥ ਵਿੱਚ ਤੇਲ ਦੀ ਸ਼ੀਸ਼ੀ ਫੜ ਕੇ, ਮੜੀ-ਮਸਾਣਾਂ, ਕਬਰਾਂ ਦੇ ਦੀਵਿਆਂ ਵਿੱਚ ਤੇਲ ਪਾਉਣ ਵਾਲਿਆਂ ਦੇ ਹਿਰਦੇ ਵਿੱਚ ਨਹੀ। ਉਹ ਵਿਦਵਾਨ ਸਿੱਖਾਂ ਨੂੰ ਸੁਚੇਤ ਕਰਦਿਆਂ ਲਿਖ ਰਿਹਾ ਹੈ ਕਿ ਸਿੱਖੋ! ਗੁਰੂ ਕਲਗੀਧਰ ਨੇ ਟਿਕਾਣਾ ਕਰਨਾ ਹੈ ਖ਼ਾਲਸੇ ਦੇ ਹਿਰਦੇ ਵਿੱਚ। ਪਰ ਅਜ ਵੀ ਗੁਰੂ ਬਿਨਾ ਟਿਕਾਣੇ ਤੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਇਕੱਲਾ ਹੀ ਘੁੰਮ ਰਿਹਾ ਹੈ।
ਚਮਕੌਰ ਦੀ ਧਰਤੀ ਦਾ ਇਤਿਹਾਸ ਇੱਕ ਹਲੂਣਾ ਹੈ, ਅੱਜ ਦੇ ਸਿੱਖ ਨੌਜਵਾਨ ਦੇ ਲਈ, ਕਿਉਂਕਿ ਅਜ ਦੇ ਸਿੱਖ ਨੌਜਵਾਨਾਂ ਨੂੰ ਝੂਠੇ ਇਸ਼ਕ ਦੀ ਖਾਤਰ ਕੰਨ ਪੜਵਾਉਣ ਵਾਲੇ ਰਾਂਝੇ ਦੀ ਗਾਥਾ ਤਾਂ ਬਹੁਤ ਚੰਗੀ ਤਰਾਂ ਯਾਦ ਹੈ। ਪਰ ਗੁਰੂ ਦੇ ਸੱਚੇ ਇਸ਼ਕ ਦੀ ਖਾਤਿਰ ਬੰਦ-ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ ਦੀ ਗਾਥਾ ਅਤੇ ਕੇਸਾਂ ਬਦਲੇ ਖੋਪਰ ਉਤਰਵਾਉਣ ਵਾਲੇ ਭਾਈ ਤਾਰੂ ਸਿੰਘ ਦੀ ਗਾਥਾ ਭੁੱਲ ਗਈ ਹੈ। ਅਜ ਦੇ ਨੌਜੁਆਨ ਨੂੰ ਕਿਸੇ ਦੀ ਧੀ ਭੈਣ ਨੂੰ ਉਧਾਲ ਕੇ ਜੰਡ ਥੱਲੇ ਮਰਨ ਵਾਲੇ ਮਿਰਜੇ ਦੀ ਗਾਥਾ ਤਾਂ ਬਹੁਤ ਚੰਗੀ ਲਗਦੀ ਹੋਵੇਗੀ ਤੇ ਯਾਦ ਵੀ ਹੋਵੇਗੀ, ਪਰ ਨਨਕਾਣੇ ਦੀ ਧਰਤੀ ਤੇ ਮਹੰਤਾਂ ਹੱਥੋ ਗੁਰਦੁਆਰਿਆਂ ਦੀ ਅਜ਼ਾਦੀ ਅਤੇ ਧੀਆਂ, ਭੈਣਾਂ ਦੀ ਇਜਤ ਦੀ ਰਖਵਾਲੀ ਲਈ ਜੰਡ ਨਾਲ ਬੰਨ ਕੇ ਜਿਊਂਦੇ ਸਾੜੇ ਜਾਣ ਵਾਲੇ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਗਾਥਾ ਭੁੱਲ ਚੁੱਕੀ ਹੈ। ਅਜ ਦੇ ਨੌਜੁਆਨ ਨੂੰ ਕੱਚੇ ਘੜੇ ਤੇ ਝੂਠੇ ਇਸ਼ਕ ਦੀ ਖਾਤਿਰ ਝਨਾਂ ਦੇ ਪਾਣੀਆਂ ਨੂੰ ਤਰਨ ਵਾਲੀ ਸੋਹਣੀ ਦੀ ਗਾਥਾ ਤਾਂ ਚੰਗੀ ਤਰਾਂ ਯਾਦ ਹੈ ਪਰ “ਚਮਕੌਰ ਦੀ ਕੱਚੀ ਗੜ੍ਹੀ” ਦੀ ਗਾਥਾ ਭੁੱਲ ਗਈ, ਉਹ ਜੋ ਸੂਰਬੀਰ ਗੁਰੂ ਤੋਂ ਆਪਾ ਨਿਛਾਵਰ ਕਰ ਗਏ, ਉਹਨਾਂ ਸਿੰਘ ਸੂਰਬੀਰਾਂ ਦੀ ਸ਼ਹਾਦਤ ਜੋ ਚਮਕੌਰ ਦੀ ਧਰਤੀ ਸਾਨੂੰ ਯਾਦ ਕਰਵਾ ਰਹੀ ਹੈ ਪਰ ਅਸੀ ਉਹ ਸਭ ਭੁੱਲ ਗਏ ਹਾਂ।
ਆਉ! ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਹੱਥ ਬੰਨ ਕੇ ਅਰਜ਼ ਕਰੀਏ ਕਿ ਸੱਚੇ ਪਾਤਸ਼ਾਹ ਉਹ ਚਮਕੌਰ ਦੀ ਕੱਚੀ ਗੜ੍ਹੀ ਦੀ ਗਾਥਾ ਸਾਡੇ ਹਿਰਦਿਆਂ ਵਿੱਚ ਵੱਸ ਜਾਵੇ ਤੇ ਸਾਨੂੰ ਵੀ ਸਿੱਖੀ ਦੀ ਪ੍ਰਪੱਕਤਾ ਵਾਲੀ ਜੀਵਨ ਜਾਚ ਆ ਜਾਵੇ। ਜੋ ਸਿੰਘ-ਸੂਰਬੀਰ ਜੋ ਸਾਡੇ ਲਈ ਆਪਾ ਵਾਰ ਗਏ, ਉਹਨਾਂ ਦੀ ਬਹਾਦਰੀ ਦਾ ਦੇਣਾ ਤਾਂ ਅਸੀ ਨਹੀ ਦੇ ਸਕਦੇ, ਪਰ ਅਸੀ ਸੱਚੇ ਸਿੱਖ ਬਣ ਕੇ ਉਹਨਾਂ ਦੇ ਸੁਪਨੇ ਸਾਕਾਰ ਕਰਨ ਦਾ ਯਤਨ ਜਰੂਰ ਕਰ ਸਕਦੇ ਹਾਂ। ਉਹਨਾਂ ਸ਼ਹੀਦਾਂ ਦੇ ਗੁਰੂ ਕਲਗੀਧਰ ਪ੍ਰਤੀ ਅਥਾਹ ਪ੍ਰੇਮ ਨੂੰ ਜਾਣ ਸਕੀਏ, ਇਹੀ ਸਾਡੀ ਗੁਰੂ ਅਤੇ ਉਹਨਾ ਸ਼ਹੀਦ ਸਿੰਘਾਂ, ਸਾਹਿਬਜਾਦਿਆਂ ਪ੍ਰਤੀ ਸੱਚੀ ਸ਼ਰਧਾਜਲੀ ਹੋਵੇਗੀ ਕਿ ਅਸੀ ਵੀ ਗੁਰੂ ਦੀ ਮੱਤ ਦੇ ਧਾਰਣੀ ਬਣੀਏ, ਕਿਧਰੇ ਸਾਡੇ ਜੀਵਨ ਵਿੱਚ ਵੀ ਗੁਰੂ ਦੀ ਮੱਤ ਵੱਸ ਜਾਵੇ।
ਗੁਰ ਕੀ ਮਤਿ ਤੂੰ ਲੇਹਿ ਇਆਨੇ।।
ਭਗਤਿ ਬਿਨਾ ਬਹੁ ਡੂਬੇ ਸਿਆਨੇ
।। (ਗਉੜੀ ਸੁਖਮਨੀ ਮਹਲਾ ੫-੨੮੮)
ਅਖੀਰ ਉਹਨਾ ਸਿੱਖ, ਸੂਰਬੀਰਾਂ ਨੂੰ ਨਮਸਕਾਰ ਹੈ, ਜਿਨਾਂ ਗੁਰੂ ਦੀ ਮੱਤ ਧਾਰਨ ਕੀਤੀ ਅਤੇ ਗੁਰੂ ਦਾ ਬਚਨ ਕਮਾਇਆ ਹੈ।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ
।। (ਮਾਰੂ ਕਬੀਰ ਜੀ -੧੧੦੫)
ਅੰਤ
ਕਬੀਰਾ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ।।
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ।
। (ਸਲੋਕ ਕਬੀਰ ਜੀ-੧੩੬੬)
********** (ਸਮਾਪਤ)

ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201/6 ਮੁਹੱਲਾ ਸੰਤਪੁਰਾ, ਕਪੂਰਥਲਾ
98720-76876
ਈ. ਮੇਲ-sukhjit.singh69@yahoo.com

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.