ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਗੁਰ ਅਰਜਨ ਵਿਟਹੁ ਕੁਰਬਾਨੀ
ਗੁਰ ਅਰਜਨ ਵਿਟਹੁ ਕੁਰਬਾਨੀ
Page Visitors: 2589

ਗੁਰ ਅਰਜਨ ਵਿਟਹੁ ਕੁਰਬਾਨੀ
ਅਜ ਦੀ ਵਿਸ਼ਾ ਅਧੀਨ ਵਾਰਤਾ ਦਾ ਸਿਰਲੇਖ ‘ਗੁਰ ਅਰਜਨ ਵਿਟਹੁ ਕੁਰਬਾਣੀ` ਭਾਈ ਗੁਰਦਾਸ ਜੀ ਵਲੋਂ ਰਚਿਤ ਚੌਵੀਵੀ ਵਾਰ ਵਿਚੋਂ ਪਉੜੀ ਨੰ. 23 ਦੀ ਆਖਰੀ ਪੰਕਤੀ ਹੈ। ਭਾਈ ਗੁਰਦਾਸ ਜੀ ਇੱਕ ਐਸੀ ਪ੍ਰਮਾਣੀਕ ਸਖ਼ਸ਼ੀਅਤ ਹਨ ਜੋ ਗੁਰੂ ਸਾਹਿਬਾਨ ਦੇ ਸਮਕਾਲੀ ਹੋਏ ਅਤੇ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦੇ ਚਸ਼ਮਦੀਦ ਹੁੰਦੇ ਹੋਏ ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਦਰਜ ਵੀ ਕੀਤਾ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਸਬੰਧਿਤ ਪੂਰੀ ਪਉੜੀ ਇਸ ਤਰਾਂ ਹੈ-
ਰਹਿਦੇ ਗੁਰੁ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ।
ਦਰਸਨੁ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ।
ਸਬਦੁ ਸੁਰਤਿ ਲਿਵ ਮਿਰਗ ਜਿਉ ਭੀੜ ਪਈ ਚਿਤਿ ਅਵਰੁ ਨ ਆਣੀ।
ਚਰਣ ਕਵਲ ਮਿਲਿ ਭਵਰ ਜਿਉ ਸੁਖ ਸੰਪਟ ਵਿਚਿ ਰੈਣ ਵਿਹਾਣੀ।
ਗੁਰ ਉਪਦੇਸੁ ਨ ਵਿਸਰੈ ਬਾਬੀਹੇ ਜਿਉ ਆਖ ਵਖਾਣੀ।
ਗੁਰਮੁਖਿ ਸੁਖ ਫਲੁ ਪਿਰਮ ਰਸੁ ਸਹਜ ਸਮਾਧਿ ਸਾਧ ਸੰਗਿ ਜਾਣੀ।
ਗੁਰ ਅਰਜਨ ਵਿਟਹੁ ਕੁਰਬਾਣੀ
।         (ਭਾਈ ਗੁਰਦਾਸ ਜੀ-ਵਾਰ ੨੪ ਪਉੜੀ ੨੩)
ਉਕਤ ਦਰਸਾਈ ਪਉੜੀ ਵਿੱਚ ਭਾਈ ਸਾਹਿਬ ਵਲੋਂ ਬਹੁਤ ਰਹੱਸਮਈ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਗਿਆ ਹੈ। ਜਿਵੇਂ-ਜਿਵੇਂ ਸਤਿਗੁਰੂ ਸਾਹਿਬ ਵਲੋਂ ਸਖਤ ਤੋਂ ਸਖਤ ਤਸੀਹੇ ਸਹਿ ਕੇ ਅ-ਜਰ ਨੂੰ ਜਰ ਕਰਕੇ ਭਾਣੇ ਵਿੱਚ ਰਹਿੰਦੇ ਹੋਏ ਆਪਣੀ ਲਾ-ਮਿਸਾਲ ਸ਼ਹਾਦਤ ਦਿਤੀ ਗਈ, ਉਸ ਦਾ ਬ੍ਰਿਤਾਂਤ ਬਹੁਤ ਗੁਹਜ ਭਰਪੂਰ ਸ਼ਬਦਾਂ ਵਿੱਚ ਭਾਈ ਸਾਹਿਬ ਵਲੋਂ ਕੀਤਾ ਗਿਆ ਹੈ।
ਤੱਤੀ ਤੱਵੀ ਤੇ ਬਿਠਾਉਣਾ, ਤੱਤੀ ਰੇਤਾ ਸਿਰ ਵਿੱਚ ਪਾਉਣਾ, ਦੇਗ ਵਿੱਚ ਉਬਾਲੇ ਜਾਣਾ, ਦਰਿਆ ਰਾਵੀ ਦੇ ਠੰਡੇ ਪਾਣੀ ਵਿੱਚ ਰੋੜ੍ਹ ਕੇ ਇੱਕ ਤੋਂ ਵੱਧ ਇੱਕ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਜਾਣਾ ਇੱਕ ਪਾਸੇ ‘ਜਬਰ` ਦੀ ਸਿਖਰ ਹੈ। ਪਰ ਦੂਜੇ ਪਾਸੇ ਸਤਿਗੁਰੂ ਜੀ ਵਲੋਂ ਹਰ ਤਸੀਹੇ ਨੂੰ ਪ੍ਰਮੇਸ਼ਰ ਦੀ ਰਜ਼ਾ, ਭਾਣੇ ਵਿੱਚ ਵਿਚਰਦੇ ਹੋਏ ਬਿਨਾਂ ਕਿਸੇ ਵਿਰੋਧ ਤੋਂ ਖਿੜੇ ਮੱਥੇ ਸਹਿ ਜਾਣਾ ‘ਸਬਰ` ਦੀ ਸਿਖਰ ਹੈ। ਮਾਨੋਂ ਇਸ ਸ਼ਹਾਦਤ ਨਾਲ ‘ਜਬਰ` ਅਤੇ ‘ਸਬਰ` ਦਾ ਮੁਕਾਬਲਾ ਹੋਇਆ, ਜਿਸ ਵਿਚੋਂ ਪ੍ਰਤੱਖ ਰੂਪ ਵਿੱਚ ਕਾਮਯਾਬ ਹੋ ਕੇ ਪ੍ਰਮੇਸ਼ਰ ਦੇ ਦਰ ਘਰ ਪ੍ਰਵਾਨ ਹੋ ਜਾਣ ਵਾਲੀ ਸਖ਼ਸ਼ੀਅਤ ਕੇਵਲ ਸ੍ਰੀ ਗੁਰੂ ਅਰਜਨ ਸਾਹਿਬ ਵਰਗੀ ਹੀ ਹੋ ਸਕਦੀ ਹੈ। ਹੋਰ ਕਿਸੇ ਦੇ ਹਿੱਸੇ ਵਿੱਚ ਇਹ ਬਖ਼ਸ਼ਿਸ਼ ਨਸੀਬ ਹੋਣੀ ਸੰਭਵ ਵੀ ਨਹੀਂ ਹੋ ਸਕਦੀ ਸੀ।
ਦਿਲੀ ਦੇ ਤਖ਼ਤ ਤੇ ਬਿਰਾਜਮਾਨ ਮੁਗਲ ਸ਼ਹਿਨਸ਼ਾਹ ਜਹਾਂਗੀਰ ਵਲੋਂ ਝੂਠੇ ਇਲਜ਼ਾਮਾਂ ਹੇਠ ‘ਸਿਆਸਤ ਅਤੇ ਯਾਸਾ` ਦੇ ਸ਼ਰਈ ਕਾਨੂੰਨ ਤਹਿਤ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਸੁਣਾ ਦਿਤਾ ਗਿਆ। 1606 ਈ. ਨੂੰ ਲਾਹੌਰ ਸ਼ਹਿਰ ਵਿਖੇ ਚੰਦੂ ਦੀ ਨਿਗਰਾਨੀ ਹੇਠ ਵਾਪਰੇ ਇਸ ਸ਼ਹਾਦਤ ਦੇ ਘਟਨਾਕ੍ਰਮ ਸਮੇਂ ਚੰਦੂ ਮੁਖ ਤੌਰ ਤੇ ‘ਜਬਰ` ਦੇ ਪ੍ਰਤੀਕ ਵਜੋਂ ਅਤੇ ਗੁਰੂ ਅਰਜਨ ਸਾਹਿਬ ‘ਸਬਰ` ਦੇ ਪ੍ਰਤੀਕ ਵਜੋਂ ਸਾਹਮਣੇ ਆਉਣ ਪ੍ਰਤੀ ਵਿਦਵਾਨ ਕਵੀ ਦੀਆਂ ਲਿਖੀਆਂ ਹੋਈਆਂ ਲਾਈਨਾਂ ਧਿਆਨਯੋਗ ਹਨ-
ਚੰਦੂ ਚੰਦਰਾ ਚੰਦ ਚੜ੍ਹਾਉਣ ਲੱਗਾ, ਲੱਗਾ ਕਹਿਣ ਕਿ ਲੋਹ ਤਪਾਉ ਛੇਤੀ।
ਸੂਰਜ ਲਾਹ ਕੇ ਪੀਹ ਕੇ ਰੇਤ ਉਸਦੀ, ਅਰਜਨ ਗੁਰੂ ਦੇ ਸੀਸ ਵਿੱਚ ਪਾਉ ਛੇਤੀ।
ਸਤਿਗੁਰ ਆਏ ਤੇ ਵੇਖ ਕੇ ਕਹਿਣ ਲੱਗੇ, ਲੋਹ ਤਪਾਉਣ ਦਾ ਤੁਸਾਂ ਨੂੰ ਢੰਗ ਕੋਈ ਨਹੀਂ।
ਜਿਹੜਾ ਰੰਗ ਸ਼ਹੀਦੀ ਅਜ ਮੰਗਦੀ ਏ, ਏਸ ਲੋਹ ਤੇ ਜਾਪਦਾ ਰੰਗ ਕੋਈ ਨਹੀਂ

ਗੁਰੂ ਅਰਜਨ ਸਾਹਿਬ ਵਲੋਂ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ,         
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ` ।।    (੭੫੭)
 ਨੂੰ ਪ੍ਰੈਕਟੀਕਲ ਰੂਪ ਦਿਤਾ ਜਾ ਰਿਹਾ ਸੀ। ਚੰਦੂ ਜੋ ਜੁਲਮ ਕਰ ਸਕਦਾ ਸੀ ਉਸਨੇ ਵੱਧ ਤੋਂ ਵੱਧ ਯਤਨ ਕੀਤੇ। ਗੁਰੂ ਸਾਹਿਬ ਨੇ ਹਰ ਜ਼ੁਲਮ ਨੂੰ ,
ਤੇਰਾ ਕੀਆ ਮੀਠਾ ਲਾਗੈ ।। (੩੯੪) ਅਥਵਾ,
ਉਲਾਹਨੋ ਮੈ ਕਾਹੂ ਨ ਦੀਓ।। ਮਨ ਮੀਠ ਤੁਹਾਰੋ ਕੀਓ।।  (੯੭੮)
ਕਹਿੰਦੇ ਹੋਏ ਪ੍ਰਵਾਨ ਕਰਕੇ ਨਵੇਂ ਪੂਰਨੇ ਪਾ ਦਿਤੇ। ਝੂਠ ਦੀ ਹਾਰ ਅਤੇ ਸੱਚ ਦੀ ਜਿਤ ਹੋਣੀ ਸੁਭਾਵਿਕ ਹੀ ਸੀ। ਇਸ ਸਮੇਂ ਪ੍ਰਮੇਸ਼ਰ ਦੀ ਯਾਦ ਵਿੱਚ ਜੁੜੇ ਬੈਠੇ ਗੁਰੂ ਸਾਹਿਬ ਚੰਦੂ ਨੂੰ ਮੁਖਾਤਿਬ ਹੋ ਕੇ ਕੀ ਆਖਦੇ ਹਨ, ਇੱਕ ਕਵੀ ਦੇ ਕਹੇ ਹੋਏ ਸ਼ਬਦ ਸਾਹਮਣੇ ਆਉਂਦੇ ਹਨ-
ਸਦਾ ਸਬਰ ਹੀ ਜਬਰ ਤੋਂ ਜਿਤਦਾ ਏ, ਏਸੇ ਲਈ ਖੁਦਾ ਨੂੰ ਯਾਦ ਕਰੀਏ।
ਤੈਨੂੰ ਕਸਮ ਹੈ ਜੇ ਜੁਲਮ ਤੋਂ ਕਰੇ ਤੋਅਬਾ, ਸਾਨੂੰ ਕਸਮ ਜੇ ਅਸੀਂ ਫਰਿਆਦ ਕਰੀਏ।

ਗੁਰੂ ਅਰਜਨ ਸਾਹਿਬ ਸਖਤ ਤਸੀਹੇ ਸਹਿੰਦੇ ਹੋਏ ਸ਼ਾਂਤਮਈ ਤਰੀਕੇ ਨਾਲ ਸ਼ਹਾਦਤ ਦੇ ਕੇ ‘ਸ਼ਹੀਦਾਂ ਦੇ ਸਿਰਤਾਜ` ਬਣ ਗਏ। ਇੰਨੀ ਵੱਡੀ ਸ਼ਹਾਦਤ ਲਈ ਤਿਆਰੀ ਵੀ ਪੂਰੀ ਹੋਣੀ ਜਰੂਰੀ ਸੀ। ਅਸੀਂ ਜਦੋਂ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚ ਝਾਤੀ ਮਾਰਦੇ ਹਾਂ ਤਾਂ ਭੱਟ ਸਾਹਿਬਾਨ ਦੇ ਉਚਾਰਣ ਕੀਤੇ ਹੋਏ ਸਵਈਏ ਸਾਡੀ ਰਹਿਨੁਮਾਈ ਕਰਦੇ ਹਨ-
ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ।।
ਸਗਲ ਮਨੋਰਥ ਪੂਰੀ ਆਸਾ।।
ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ।।
ਕਲ੍ਹ ਜੋੜਿ ਕਰ ਸੁਜਸੁ ਵਖਾਣਿਓ
।।      (ਸਵਈਏ ਮਹਲੇ ਪੰਜਵੇ ਕੇ-੧੪੦੬)
ਗੁਰੂ ਅਰਜਨ ਸਾਹਿਬ ਜਿੰਨ੍ਹਾਂ ਦੇ ਜੀਵਨ ਦਾ ਹਰ ਪੱਖ ਗੁਰੂ ਬਖ਼ਸ਼ਿਸ਼ ਨਾਲ ਭਰਪੂਰ ਹੈ, ਪਿਤਾ ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ ਜੀ ਵਲੋਂ,
ਪੂਤਾ ਮਾਤਾ ਕੀ ਆਸੀਸ।।
 ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਉ ਜਗਦੀਸ
।।  (੪੯੬)
ਨਾਲ ਪ੍ਰਵਾਨ ਚੜ੍ਹੀ ਸਖ਼ਸ਼ੀਅਤ 1581 ਈ. ਨੂੰ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦੇ ਮਾਲਕ ਬਣ ਗਏ। ਗੁਰੂ ਸਾਹਿਬ ਦੇ ਗੁਣਾਂ ਵੱਲ ਵੇਖਦੇ ਹੋਏ ਭੱਟ ਮਥੁਰਾ ਜੀ ਗੁਰੂ ਅਰਜਨ ਸਾਹਿਬ ਅਤੇ ਪ੍ਰਮੇਸ਼ਰ ਨੂੰ ਇੱਕ ਰੂਪ ਵਿੱਚ ਵਿਚਰਦੇ ਹੋਏ ਸਮਝਦੇ ਹਨ-
ਧਰਨਿ ਗਗਨ ਨਵਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ।।
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖੁ ਹਰਿ
।।   (ਸਵਈਏ ਮਹਲੇ ਪੰਜਵੇ ਕੇ - ੧੪੦੯)
ਸਿਖ ਇਤਿਹਾਸ ਦੇ ਪੰਨਿਆਂ ਵਿੱਚ ਗੁਰੂ ਅਰਜਨ ਸਾਹਿਬ ਇੱਕ ਐਸੀ ਬੇ-ਮਿਸਾਲ ਹਸਤੀ ਹਨ ਜਿੰਨ੍ਹਾਂ ਦੇ ਜੀਵਨ ਦਾ ਹਰ ਪੱਖ ਸੰਪੂਰਨ ਹੈ। ਅੰਮ੍ਰਿਤਸਰ ਸਰੋਵਰ ਦੀ ਸੰਪੂਰਨਤਾ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ, ਤਰਨਤਾਰਨ-ਕਰਤਾਰਪੁਰ ਆਦਿ ਨਗਰਾਂ ਦੀ ਸਥਾਪਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਪਹਿਲਾ ਪ੍ਰਕਾਸ਼, ਜੀਵਨ ਅਤੇ ਸ਼ਹਾਦਤ ਆਦਿ ਐਸੇ ਮਹਾਨ ਕਾਰਜ ਹਨ ਜੋ ਕੇਵਲ ਗੁਰੂ ਅਰਜਨ ਸਾਹਿਬ ਹੀ ਕਰ ਸਕਦੇ ਹਨ।
ਗੁਰੂ ਅਮਰਦਾਸ ਪਾਤਸ਼ਾਹ ਵਲੋਂ ਬਖ਼ਸ਼ਿਸ਼ ਭਰੇ ਬਚਨ ‘ਦੋਹਿਤਾ ਬਾਣੀ ਕਾ ਬੋਹਿਥਾ` ਉਪਰ ਪ੍ਰਵਾਨ ਚੜ੍ਹਦੇ ਹੋਏ ਗੁਰੂ ਅਰਜਨ ਪਾਤਸ਼ਾਹ ਨੇ 30 ਰਾਗਾਂ ਵਿੱਚ ਸਭ ਤੋਂ ਵਧੀਕ ਬਾਣੀ ਉਚਾਰਨ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਗਭਗ ਅੱਧੀ ਬਾਣੀ ਆਪ ਦੀ ਉਚਰਣ ਕੀਤੀ ਹੋਈ ਹੈ। ਆਪ ਵਲੋਂ ਰਾਗਾਂ ਅੰਦਰ ਹੋਰ ਬਾਣੀਆਂ ਤੋਂ ਇਲਾਵਾ ਵਿਸ਼ੇਸ਼ ਬਾਣੀਆਂ- ਪਹਿਰੇ, ਬਾਰਹਮਾਹ ਮਾਝ, ਬਾਵਨ ਅਖਰੀ, ਸੁਖਮਨੀ, ਬਿਰਹੜੇ, ਗੁਣਵੰਤੀ, ਅੰਜੁਲੀਆਂ, ਸੋਲਹੇ ਆਦਿ ਉਚਾਰਨ ਕੀਤੀਆਂ ਗਈਆਂ। ਰਾਗਾਂ ਦੀ ਸਮਾਪਤੀ ਉਪਰ ਸਲੋਕ ਸਹਸਕ੍ਰਿਤੀ, ਗਾਥਾ, ਫੁਨਹੇ, ਚਉਬੋਲੇ, ਸਵਯੇ ਆਦਿ ਹੋਰ ਉਚੇਚੀਆਂ ਬਾਣੀਆਂ ਵੀ ਰਚੀਆਂ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 22 ਵਾਰਾਂ ਵਿਚੋਂ 6 ਵਾਰਾਂ ਦੀ ਆਪ ਵਲੋਂ ਰਚਨਾ ਕੀਤੀ ਗਈ। ਇਸ ਦੇ ਨਾਲ ਹੋਰ ਵੱਖ-ਵੱਖ ਵਾਰਾਂ ਵਿੱਚ ਆਪ ਦੀਆਂ ਉਚਾਰਣ ਕੀਤੀਆਂ ਪਉੜੀਆਂ ਅਤੇ ਸਲੋਕ ਵੀ ਦਰਜ ਮਿਲਦੇ ਹਨ। ਇਸ ਤੋਂ ਇਲਾਵਾ ਸਲੋਕ ਕਬੀਰ ਜੀ ਵਿੱਚ 5, ਸਲੋਕ ਫਰੀਦ ਜੀ ਵਿੱਚ 8 ਅਤੇ ਸਲੋਕ ਵਾਰਾ ਤੇ ਵਧੀਕ ਵਿੱਚ 22 ਸਲੋਕ ਗੁਰੂ ਅਰਜਨ ਸਾਹਿਬ ਦੇ ਉਚਾਰਨ ਕੀਤੇ ਹੋਏ ਮਿਲਦੇ ਹਨ।
ਗੁਰੂ ਅਰਜਨ ਸਾਹਿਬ ਵਲੋਂ ਉਚਾਰਨ ਕੀਤੀ ਹੋਈ ਬਾਣੀ ਵਿੱਚ ਮਨੁੱਖਾ ਜੀਵਨ ਦੇ ਹਰ ਖੇਤਰ ਅੰਦਰ ਸਿਖਿਆ ਦਿੱਤੀ ਗਈ ਹੈ। ਕੋਈ ਐਸਾ ਗੁਰਮਤਿ ਸਿਧਾਂਤ ਨਹੀਂ ਜਿਸ ਬਾਰੇ ਉਹਨਾਂ ਵਲੋਂ ਉਚਾਰਣ ਬਾਣੀ ਨਾ ਮਿਲਦੀ ਹੋਵੇ। ਆਪ ਵਲੋਂ ਜੀਵਨ ਮਨੋਰਥ ਬਾਰੇ,
 ਭਈ ਪਰਾਪਤਿ ਮਾਨੁਖ ਦੇਹੁਰੀਆ।।
 ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
।।  (੧੨)    ਧਰਮ ਬਾਰੇ,
 ਸਰਬ ਧਰਮ ਮਹਿ ਸ੍ਰੇਸਟ ਧਰਮੁ।।
 ਹਰਿ ਕੋ ਨਾਮੁ ਜਪਿ ਨਿਰਮਲ ਕਰਮੁ
।।    (੨੬੬)
ਪ੍ਰਭੂ ਅਤੇ ਪ੍ਰਭੂ ਦੀ ਪ੍ਰਾਪਤੀ ਬਾਰੇ ਜਿਥੇ ਉਸ ਦੇ ਬੇਅੰਤ ਗੁਣਾਂ ਦਾ ਜਿਕਰ ਕੀਤਾ ਹੈ ਉਸ ਦੇ ਨਾਲ ਨਾਲ ਪ੍ਰਾਪਤੀ ਦਾ ਰਸਤਾ ਗੁਰੂ ਰਾਹੀਂ ਦਸਿਆ ਗਿਆ ਹੈ। ਅਕਸਰ ਇੱਕ ਪ੍ਰਸ਼ਨ ਪੁਛਿਆ ਜਾਂਦਾ ਹੈ ਕਿ ਪ੍ਰਮੇਸ਼ਰ ਕਿਥੇ ਹੈ? ਪਰ ਗੁਰੂ ਅਰਜਨ ਸਾਹਿਬ ਇਸ ਦਾ ਜਵਾਬ ਦਿੰਦੇ ਹੋਏ ਉਲਟਾ ਪ੍ਰਸ਼ਨ ਖੜਾ ਕਰਦੇ ਹਨ ਕਿ ਪ੍ਰਮੇਸ਼ਰ ਕਿਥੇ ਨਹੀਂ ਹੈ? ਉਹ ਤਾਂ ਗੁਰੂ ਕ੍ਰਿਪਾ ਦੁਆਰਾ ਸ੍ਰਿਸਟੀ ਦੇ ਕਣ-ਕਣ ਵਿੱਚ ਵਸਦਾ ਹੋਇਆ ਮਹਿਸੂਸ ਕਰਦੇ ਹੋਏ ਹਰ ਸਮੇਂ ਉਸ ਨੂੰ ਧਿਆਉਣ ਵਿੱਚ ਮਸਤ ਹਨ-
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ।।
ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ
।।       (ਧਨਾਸਰੀ ਮਹਲਾ ੫-੬੭੭)     ਅਥਵਾ
ਮਤ ਕੋ ਭਰਮ ਭੁਲੈ ਸੰਸਾਰਿ।।
ਗੁਰ ਬਿਨੁ ਕੋਇ ਨ ਉਤਰਸਿ ਪਾਰਿ
।।    (ਗੋਂਡ ਮਹਲਾ ੫-੮੬੪)
  ਜਿਥੇ ਸੰਸਾਰ ਦੇ ਕੁੱਝ ਲੋਕ ਘਰ ਪਰਿਵਾਰ ਮਾਇਆ ਨੂੰ ਧਰਮ ਪ੍ਰਾਪਤੀ ਦੇ ਰਸਤੇ ਦੀ ਰੁਕਾਵਟ ਦੱਸਦੇ ਹਨ, ਗੁਰੂ ਸਾਹਿਬ ਇਸ ਦੇ ਤਿਆਗ ਦੀ ਥਾਂ ਇਸ ਦੀ ਸੁਯੋਗ ਵਰਤੋਂ ਕਰਦੇ ਹੋਏ ਸਮਾਜਿਕ, ਪਰਿਵਾਰਕ, ਜਿੰਮੇਵਾਰੀਆਂ ਦੀ ਪੂਰਤੀ ਕਰਦੇ ਹੋਏ, ਗੁਰੂ ਦੀ ਦੱਸੀ ਜੁਗਤੀ ਦੁਆਰਾ ਉਦਮ ਕਰਦੇ ਹੋਏ ਨਾਮ ਜਪਣਾ ਪ੍ਰਾਪਤੀ ਦਾ ਮਾਰਗ ਦਸਦੇ ਹਨ-
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ।।
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ
।।      (ਵਾਰ ਗੂਜਰੀ -ਮਹਲਾ ੫-੫੨੨)                 ਅਥਵਾ
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।।
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ
।।      (ਵਾਰ ਗੂਜਰੀ-ਸਲੋਕ ਮਹਲਾ ੫-੫੨੨)
ਗੁਰੂ ਅਰਜਨ ਸਾਹਿਬ ਨਿਮਰਤਾ, ਨਿਰਮਾਣਤਾ ਦੀ ਮੂਰਤ ਵਜੋਂ ਸਾਡੇ ਪੱਥ ਪ੍ਰਦਰਸ਼ਕ ਹਨ। ਸਭ ਤੋਂ ਵਧੀਕ ਬਾਣੀ ਉਚਾਰ ਕੇ ਵੀ,
 ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ।।     (੭੬੩)
 ਆਖਦੇ ਹੋਏ ਸਾਰੀ ਪ੍ਰਾਪਤੀ ਦਾ ਸਿਹਰਾ ਆਪ ਲੈਣ ਦੀ ਬਜਾਏ ਪ੍ਰਮੇਸ਼ਰ ਨੂੰ ਹੀ ਦਿੰਦੇ ਹਨ।
ਪੰਚਮ ਪਾਤਸ਼ਾਹ ਦੇ ਬਖਸ਼ਿਸ਼ ਭਰਪੂਰ ਜੀਵਨ, ਸੰਸਾਰ ਨੂੰ ਦੇਣ, ਨਿਮਰਤਾ-ਨਿਰਮਾਣਤਾ ਨਾਲ ਲਬਾ-ਲਬ ਸਖਸ਼ੀਅਤ ਨੂੰ ਵੇਖਦੇ ਹਾਂ ਤਾਂ ਦੂਜੇ ਪਾਸੇ ਸ਼ਹਾਦਤ ਸਮੇਂ ਜ਼ੁਲਮਾਂ ਨੂੰ ਵੇਖਦਿਆਂ ਬਿਲਕੁਲ ਸਭ ਕੁੱਝ ਉਲਟਾ ਹੀ ਪ੍ਰਤੀਤ ਹੁੰਦਾ ਹੈ। ਪਰ ਗੁਰੂ ਸਾਹਿਬ ਨੇ ਜਿਥੇ ਜੀਵਨ ਰਾਹੀਂ ਪੂਰਨੇ ਪਾਏ ਉਥੇ ਸ਼ਹਾਦਤ ਰਾਹੀਂ ਵੀ ਸੰਸਾਰ ਨੂੰ ‘ਬਾਣੀ ਤੋਂ ਕੁਰਬਾਣੀ` ਤਕ ਦਾ ਸਫਰ ਸਫਲਤਾ ਨਾਲ ਪੂਰਾ ਕਰਦੇ ਹੋਏ ਸਦੀਵੀਂ ਮਾਰਗ ਦਰਸ਼ਨ ਕਰ ਗਏ। ਗੁਰੂ ਅਰਜਨ ਸਾਹਿਬ ਦੇ ਐਸੇ ਲਾਸਾਨੀ ਕਾਰਨਾਮਿਆਂ ਨੂੰ ਤੁਲਨਾਤਮਕ ਦ੍ਰਿਸ਼ਟੀ ਨਾਲ ਤੱਕਦੇ ਹੋਏ ਇੱਕ ਕਵਿਤਾ ਦੀਆਂ ਲਾਈਨਾਂ ਬਾਖੂਬੀ ਪੇਸ਼ ਕਰਦੀਆਂ ਹਨ-
ਗੁਰੂ ਦਰਬਾਰ ਦੀਆਂ ਰਖਵਾਈਆਂ, ਪਿਆਰ ਤੇ ਜਿਸ ਬੁਨਿਆਦਾਂ।
ਉਸ ਦੀ ਖਾਤਿਰ ਤਵੀ ਤਪਾਈ, ਨਫ਼ਰਤ ਦਿਆਂ ਜਲਾਦਾਂ।
ਰਚਨਾ ਕਰ ਗ੍ਰੰਥ ਪਵਿਤ੍ਰ, ਜਿਸ ਬਖਸ਼ੀ ਅੰਮ੍ਰਿਤ ਬਾਣੀ।
ਉਸਦੇ ਸਿਰ ਤੇ ਤਪਦੀ ਰੇਤਾ, ਇਹ ਕੀ ਕਹਿਰ ਕਹਾਣੀ

ਅਸੀਂ ਜਿਵੇਂ-ਜਿਵੇਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਦੇ ਜੀਵਨ ਨੂੰ ਵੇਖਦੇ ਜਾਂਦੇ ਹਾਂ, ਉਹਨਾਂ ਦੇ ਜੀਵਨ ਵਾਲੇ ਹਰ ਪੱਖ ਤੋਂ ਬਲਿਹਾਰ ਜਾਂਦੇ ਹੋਏ ਭੱਟ ਮਥੁਰਾ ਜੀ ਦੇ ਸ਼ਬਦਾਂ ਵਿੱਚ ਇਹ ਕਹਿਣਾ ਹੀ ਬਣਦਾ ਹੈ-
ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ।।
ਕਲਿ ਘੋਰ ਸਮੁਦ੍ਰ ਮੈ ਬੂਢਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ।।
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ।।
ਜਪ੍ਯ੍ਯਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ
।।    (ਸਵਈਏ ਮਹਲੇ ਪੰਜਵੇ ਕੇ- ੧੪੦੯)
============
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
e-mail - sukhjit.singh69@yahoo.com
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.