ਕੈਟੇਗਰੀ

ਤੁਹਾਡੀ ਰਾਇ



ਹਰਮਿੰਦਰ ਸਿੰਘ ਭੱਟ
1984 ਦੇ ਸਬੂਤਾਂ ਨੂੰ ਮਿਟਾ ਕੇ ਕੀ ਸਾਬਤ ਕਰਨਾ ਚਾਹ ਰਹੀ ਹੈ ਐੱਸ ਜੀ ਪੀ ਸੀ?
1984 ਦੇ ਸਬੂਤਾਂ ਨੂੰ ਮਿਟਾ ਕੇ ਕੀ ਸਾਬਤ ਕਰਨਾ ਚਾਹ ਰਹੀ ਹੈ ਐੱਸ ਜੀ ਪੀ ਸੀ?
Page Visitors: 2634

1984 ਦੇ ਸਬੂਤਾਂ ਨੂੰ ਮਿਟਾ ਕੇ ਕੀ ਸਾਬਤ ਕਰਨਾ ਚਾਹ ਰਹੀ ਹੈ ਐੱਸ ਜੀ ਪੀ ਸੀ?
ਵਾਹਿਗੁਰੂ ਜੀ ਕਾ ਖ਼ਾਲਸਾ   
ਵਾਹਿਗੁਰੂ ਜੀ ਕੀ ਫ਼ਤਿਹ

ਗੁਰੂ ਰਾਮਦਾਸ ਸਰਾਂ ਨੂੰ ਪਹਿਲਾਂ ਜਦੋਂ ਢਾਹੁਣ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਨੇ ਲਈ ਪਰ ਇਸ ਦਾ ਪਤਾ ਲੱਗਣ ਤੇ ਸਿੱਖ ਸੰਗਤਾਂ ਵੱਲੋਂ ਵਿਰੋਧ ਕਰਨ ਉਪਰੰਤ ਰੋਕ ਦਿੱਤਾ ਗਿਆ ਕਿਉਂਕਿ ਇਨ੍ਹਾਂ ਅਸਥਾਨਾਂ ਨਾਲ ਸਿੱਖ ਇਤਿਹਾਸ, ਧਾਰਮਿਕ ਭਾਵਨਾਵਾਂ ਅਤੇ ਕਈ ਪੰਨੇ ਦੁਖਾਂਤਾਂ ਦੇ ਨਾਲ ਜੁੜੇ ਹੋਏ ਹਨ। ਜੇਕਰ ਇਨ੍ਹਾਂ ਇਮਾਰਤਾਂ ਤੇ ਨਿਸ਼ਾਨੀਆਂ ਨੂੰ ਮਿਟਾਇਆ ਗਿਆ ਤਾਂ ਸਿੱਖ ਹਿਰਦਿਆਂ ਤੇ ਡੂੰਘੀ ਸੱਟ ਲੱਗੇਗੀ ।
ਇਸ ਤੋਂ ਪਹਿਲਾਂ ਵੀ ਕਈ ਅਜਿਹੇ ਅਸਥਾਨ ਹਨ ਜੋ ਕਿ ਸਿੱਖ ਇਤਿਹਾਸ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੂੰ ਉਸ ਸਮੇਂ ਦੀਆਂ ਸਰਕਾਰਾਂ ਨੇ ਆਪਣੀ ਮਨਮਤ ਅਨੁਸਾਰ ਢਾਹ ਕੇ ਸਿੱਖ ਸੰਘਰਸ਼ੀ ਯੋਧਿਆਂ ਦੇ ਸੰਘਰਸ਼ ਨੂੰ ਢਾਹ ਲਗਾਉਣ ਦੀ ਜੁੱਰਤ ਕੀਤੀ ਹੈ ਇੱਥੇ ਇਹ ਕਹਿਣਾ ਉਚਿੱਤ ਹੋਵੇਗਾ ਕਿ ਸਿੱਖ ਕੌਮ ਦੇ ਆਗੂ ਵੀ ਆਪਣੀ ਵਿਰਾਸਤ ਤੇ ਸ਼ਹੀਦ ਸਿੰਘ ਜੋਧਿਆਂ ਦੀਆਂ ਯਾਦਾਂ ਨੂੰ ਮਿਟਾਉਣ ਲਈ ਕਾਹਲੀ ਵਿਚ ਹੋ ਰਹੇ ਜਾਪ ਰਹੇ ਹਨ ਜਾਂ ਇਹ ਕਹਿ ਲਵੋ ਕਿ ਉਲਟੀ ਵਾੜ ਖੇਤ ਨੂੰ ਖਾਏ।
ਵਿਸਥਾਰ ਪੂਰਵਕ ਗੱਲ ਕਰੀਏ ਤਾਂ ਜਿਨ੍ਹਾਂ ਇਮਾਰਤਾਂ ਦੀਆਂ ਨੀਂਹਾਂ ਐਨੀਆਂ ਪੱਕੀਆਂ ਤੇ ਡੂੰਘੀਆਂ ਹੋਣ ਜੋ ਕਿ ਅਜੇ ਹੋਰ 500 ਤੋਂ ਹਜ਼ਾਰ ਸਾਲ ਤੱਕ ਖੜ੍ਹੀਆਂ ਰਹਿ ਸਕਦੀਆਂ ਹਨ ਇਹਨਾਂ ਦੀ ਅੰਦਰੂਨੀ ਬਨਾਵਟ ਵੀ ਬਹੁਤ ਸੋਹਣੀ ਤੇ ਦਿਲ ਟੁੰਬਦੀ ਹੋਵੇ ਉਨਾਂ ਨੂੰ ਢਾਹ ਕੇ ਦੁਬਾਰਾ ਬਣਾਇਆ ਜਾਵੇ ਇਹ ਇੱਕ ਅਜੀਬ ਜਿਹਾ ਜਾਪ ਰਿਹਾ ਹੈ। ਉਸ ਤੋਂ ਵੱਡਾ ਦੁਖਾਂਤ ਅਜਿਹੀਆਂ ਇਮਾਰਤਾਂ ਜਿਨ੍ਹਾਂ ਨੇ ਆਪਣੇ ਸੀਨੇ ਤੇ ਹਜ਼ਾਰਾਂ ਹਕੁਮਤੀ ਵਾਰ ਸਹੇ ਹੋਣ ਫਿਰ ਵੀ ਅਡੋਲ ਖੜੀਆਂ ਹੋਣ ਫਿਰ ਭਲਾ ਇਨ੍ਹਾਂ ਦੀਆਂ ਨੀਂਹਾਂ ਐਨੀਆਂ ਕੱਚੀਆਂ ਕਿਵੇਂ ਪ੍ਰਤੀਤ ਹੋਣ ਲੱਗ ਰਹੀਆਂ ਹਨ।
ਸੰਘਰਸ਼ੀ ਸਿੰਘਾਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਐੱਸ ਜੀ ਪੀ ਸੀ ਨੂੰ ਇਹ ਨਿਰਨੇ ਲੈਣਾ ਪਿਆ ਕਿ ਢਾਹੁਣ ਦਾ ਕੰਮ ਰੋਕਿਆ ਜਾਵੇ ਅਤੇ ਮਾਹਿਰਾਂ ਦੀ ਰਾਹੇ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪਰ ਅਫ਼ਸੋਸ ਤਾਂ ਦਾ ਇਸ ਦਾ ਗੱਲ ਹੈ ਕਿ ਇੱਕ ਕਾਰਜ ਤੇ ਰੋਕ ਲਗਾਈ ਗਈ ਪਰ ਦੂਜੀ ਸ਼ੁਰੂ ਕਰ ਦਿੱਤੀ ਗਈ ਤੇਜਾ ਸਿੰਘ ਸਮੁੰਦਰੀ ਹਾਲ ਜੋ ਸਿੱਖ ਰੈਫਰੈਡਮ ਲਾਇਬ੍ਰੇਰੀ ਦੇ ਰੂਪ ਵਿਚ ਹੈ ਜਿਸ ਵਿਚ ਕੀਮਤੀ ਸਿੱਖ ਇਤਿਹਾਸ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਹੱਥ ਲਿਖਤਾਂ ਅਤੇ ਹੋਰ ਵਡਮੁੱਲਾ ਖ਼ਜ਼ਾਨਾ, ਬੇਅੰਤ ਕੀਮਤੀ ਇਤਿਹਾਸ ਜਿਸ ਨੂੰ 1984 ਚ ਫ਼ੌਜ ਵੱਲੋਂ ਤਹਿਸ ਨਹਿਸ ਕਰ ਦਿੱਤਾ ਗਿਆ ਅਤੇ ਅੱਗ ਦੀ ਭੇਟ ਚਾੜ੍ਹ ਕੇ ਸਾੜ ਸੁਆਹ ਕਰ ਦਿੱਤਾ ਗਿਆ ਜੋ ਕੀਮਤੀ ਲਿਟਰੇਚਰ ਬਾਕੀ ਬਚਿਆ ਉਹ ਭਾਰਤੀ ਫ਼ੌਜ ਆਪਣੇ ਨਾਲ ਲੈ ਗਈ।
ਸੋਚਣ ਵਾਲੀ ਗਲ ਇਹ ਹੈ ਕਿ ਐੱਸ ਜੀ ਪੀ ਸੀ ਨੂੰ ਅਜਿਹੀ ਕੀ ਕਾਹਲੀ ਜਾ ਜ਼ਰੂਰਤ ਮਹਿਸੂਸ ਹੋ ਰਹੀ ਹੈ ਕਿ ਉਹ ਸਿੱਖ ਇਤਿਹਾਸ ਨਾਲ ਸੰਬੰਧਿਤ ਇਹੋ ਜਿਹੀਆਂ ਇਤਿਹਾਸਕ ਤੇ ਧਾਰਮਿਕ ਥਾਵਾਂ ਨਾਲ ਸੰਬੰਧਿਤ ਤੇ ਸਿੱਖਾਂ ਦੇ ਕੀਮਤੀ ਇਤਿਹਾਸ ਨੂੰ ਢਾਹ ਦੇਣ ਲਈ ਤਤਪਰ ਹੋ ਰਹੀ ਹੈ। ਅਸਲ ਗੱਲ ਤੇ ਆਉਂਦੇ ਹੋਏ ਜੇਕਰ ਕਹੀਏ ਤਾਂ 1984 ਦੇ ਹਮਲੇ ਤੋਂ ਬਾਅਦ ਐੱਸ ਜੀ ਪੀ ਸੀ ਨੇ ਭਾਰਤੀ ਹਕੂਮਤ ਤੇ ਇੱਕ ਹਜ਼ਾਰ ਕਰੋੜ ਰੁਪਏ ਦਾ ਕੇਸ ਦਰਜ ਕਰਵਾਇਆ ਸੀ ਤਾਂ ਜੋ ਸਿੱਖ ਇਤਿਹਾਸ ਦੀਆਂ ਢਹਿ/ਨੁਕਸਾਨੀਆਂ ਗਈਆਂ ਇਮਾਰਤਾਂ ਨੂੰ ਦੁਬਾਰਾ ਤੋਂ ਉਸਾਰਿਆ ਜਾ ਸਕੇ। ਪਰ ਹੈਰਾਨ ਕਰਨ ਵਾਲੀ ਗੱਲ ਸੁਣਨ ਵਿਚ ਇਹ ਆਈ ਹੈ ਕਿ ਇਸ ਕੇਸ ਦੀ ਸੁਣਵਾਈ ਸਾਲ 2013 ਤੱਕ ਤਾਂ ਸ਼ੁਰੂ ਹੀ ਨਹੀਂ ਹੋਈ ਜੋ ਕਿ ਐੱਸ ਜੀ ਪੀ ਸੀ ਵੱਲੋਂ ਕੋਰਟ ਫ਼ੀਸ ਨਾ ਦੇਣ ਕਾਰਨ ਸੀ।
   28 ਸਾਲ ਫ਼ੀਸ ਨਾ ਦੇਣ ਕਾਰਨ ਸਿੱਖ ਸੰਗਤਾਂ ਨੂੰ ਹਨੇਰੇ ਵਿਚ ਰੱਖਿਆ ਗਿਆ ਇਨ੍ਹਾਂ ਦੇ ਪ੍ਰਤੱਖ ਸਬੂਤ ਵੀ ਇੰਟਰਨੈੱਟ ਦੇ ਜਰੀਏ ਦੇਖੇ ਜਾ ਸਕਦੇ ਹਨ। ਹੁਣ ਹੋਲੀ ਹੋਲੀ 1984 ਦੀਆਂ ਕੌੜੀਆਂ ਨਿਸ਼ਾਨੀਆਂ ਨੂੰ ਵੀ ਜੋ ਕਿ ਸਾਡੇ ਦੁਖਾਂਤ ਦੇ ਇੱਕ ਇਨਸਾਫ ਲਈ ਕੇਸ ਦੇ ਸਬੂਤ ਹਨ ਨੂੰ ਮਿਟਾਉਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਜਾਪ ਰਹੀਆਂ ਹਨ ਹੁਣ ਦੇਖਣਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਜਿਸ ਨੇ ਆਪ ਹੀ ਕੇਸ ਕੀਤਾ ਸੀ ਉਹ ਆਪਣੇ ਹੀ ਕੇਸ ਦੇ ਸਬੂਤ ਨੂੰ ਮਿਟਾਉਣ ਚ ਕਿਸ ਹੱਦ ਤੱਕ ਸਫਲ ਹੁੰਦੀ ਹੈ।
28 ਸਾਲ ਗਵਾਹ ਹਨ ਕਿ ਐੱਸ ਜੀ ਪੀ ਸੀ ਜਿਸ ਕੋਲ ਕੇਸ ਚਲਾਉਣ ਲਈ ਪੈਸੇ ਨਹੀਂ ਸਨ ਪਰ ਹੁਣ ਢਾਹੁਣ ਲਈ ਕਿਥੋਂ ਹਿੱਲੇ ਵਸੀਲੇ ਕਰ ਰਹੀ ਹੈ? ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਕਿਸੇ ਕੋਰਟ ਚ ਕੋਈ ਕੇਸ ਚੱਲ ਹੀ ਨਹੀਂ ਰਿਹਾ ਸੀ ਤਾਂ ਸਿੱਖ ਕੌਮ ਨੂੰ ਹਨੇਰੇ ਵਿਚ ਕਿਉਂ ਰੱਖਿਆ ਗਿਆ ਤੇ ਪੈਸੇ ਦੀ ਬਰਬਾਦੀ ਕਿਥੇ ਹੁੰਦੀ ਰਹੀ? ਫੇਰ ਹੁਣ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕੇ ਮਾੜੀ ਮਾੜੀ ਗਲ ਤੇ ਨਜ਼ਰ ਰੱਖਣ ਵਾਲਾ ਮੀਡੀਆ ਇਸ ਤੋਂ ਦੂਰ ਕਿਵੇਂ ਰਿਹਾ? ਕਿਉਂ ਇਸ ਗੰਭੀਰ ਧਾਰਮਿਕ ਭਾਵਨਾਵਾਂ ਨਾਲ ਜੁੜੇ ਮਸਲੇ ਨੂੰ 32 ਸਾਲਾਂ ਮਗਰੋਂ ਵੀ ਨਹੀਂ ਉਠਾਇਆ ਗਿਆ? ਤੇ ਕਿਉਂ ਕਿਸੇ ਵੀ ਸਿਰਮੌਰ ਸਿੱਖ ਸੰਗਠਨ (ਕੁੱਝ ਨੂੰ ਛੱਡ ਕੇ) ਦਾ ਧਿਆਨ ਇੱਧਰ ਨੂੰ ਨਹੀਂ ਜਾ ਰਿਹਾ?
ਇੱਥੇ ਇੱਕ ਗਲ ਹੋਰ ਵੀ ਵਿਚਾਰਨ ਵਾਲੀ ਹੈ ਕਿ ਜੇਕਰ ਐੱਸ ਜੀ ਪੀ ਸੀ ਨੇ 1985 ਚ ਇੱਕ ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ ਸੀ ਤਾਂ ਬੈਂਕ ਵਿਆਜ ਅਨੁਸਾਰ ਹੁਣ ਇਹ ਰਕਮ 16 ਹਜ਼ਾਰ ਕਰੋੜ ਰੁਪਏ ਤੱਕ ਪਹੁੰਚਦੀ ਨਜ਼ਰ ਆਉਂਦੀ ਹੈ ਜੋ ਕਿ ਕੇਂਦਰੀ ਸਰਕਾਰ ਨੇ ਸਿੱਖ ਕੌਮ ਦੀਆਂ ਤਹਿਸ ਨਹਿਸ ਕੀਤੀਆਂ ਗਈਆਂ ਇਮਾਰਤਾਂ ਆਦਿਕ ਨੂੰ ਉਸਾਰਨ ਲਈ ਐੱਸ ਜੀ ਪੀ ਸੀ ਨੂੰ ਦੇਣੀ ਚਾਹੀਦੀ ਹੈ।
ਸਵਾਲ ਫੇਰ ਉਹੀ ਖੜ੍ਹਾ ਹੈ ਕਿ 30 ਸਾਲ ਬਾਅਦ ਕੇਸ ਕਿੱਥੇ ਖੜਾ ਹੈ? ਪਰ ਹੁਣ ਜਦ 9 ਕਰੋੜ ਰੁਪਏ ਦੇ ਕਰੀਬ ਕੇਸ ਦੀ ਫ਼ੀਸ ਭਰੀ ਜਾ ਚੁੱਕੀ ਹੈ ਕੇਸ ਦੀਆਂ ਤਾਰੀਖ਼ਾਂ ਸਾਹਮਣੇ ਹਨ ਤਾਂ ਐਸ਼ ਜੀ ਪੀ ਸੀ ਆਪਣੇ ਹੀ ਕੇਸ ਨੂੰ ਹੌਲਾ ਕਰਨ ਲਈ ਕਿਉਂ ਗੁਰੂ ਰਾਮਦਾਸ ਸਰਾਂ ਤੇ ਸਮੁੰਦਰੀ ਹਾਲ ਜਿਹੀਆਂ ਇਤਿਹਾਸਕ ਸਰਾਂ ਨੂੰ ਢਾਹ/ਉਸਾਰ/ਰੰਗ ਰੋਗਣ ਕਰਵਾ ਕੇ ਆਪਣੇ ਹੀ ਕੰਮ ਤੋਂ ਹੱਥ ਧੌਣਾਂ ਚਾਹੁੰਦੀ ਹੈ।
ਇਹਨਾਂ ਤੱਥਾਂ ਤੋਂ ਸ਼ੀਸ਼ੇ ਦੀ ਤਰਾਂ ਸਾਫ਼ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਇਹ ਕੇਸ ਅੱਗੇ ਨਹੀਂ ਲੜਨਾ ਚਾਹੁੰਦੀ ਜੇ ਕੇਸ ਹਾਰ ਜਾਂਦੀ ਹੈ ਤਾਂ ਲੱਖਾਂ ਦੀ ਭਰੀ ਫ਼ੀਸ ਪਾਣੀ ਵਿਚ ਪੈ ਜਾਵੇਗੀ ਇਸ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਇਹ ਫ਼ੀਸ ਜੋ ਕਿ ਗੁਰੂ ਕੀ ਸੰਗਤਾਂ ਦਾ ਪੈਸਾ ਹੈ ਦੁਆਰਾ ਭਰੀ ਗਈ ਹੈ ਨਾ ਕਿ ਐੱਸ ਜੀ ਪੀ ਸੀ ਦੀ ਜੇਬ ਵਿਚੋਂ ਜੇਕਰ ਇਹ ਡੁੱਬ ਵੀ ਜਾਂਦਾ ਹੈ ਤਾਂ ਨੁਕਸਾਨ ਤਾਂ ਵਿਚਾਰੀ ਗ਼ਰੀਬ ਸੰਗਤ ਦਾ ਹੀ ਹੈ ਨਾ ਕਿ ਐੱਸ ਜੀ ਪੀ ਸੀ ਦਾ। ਐੱਸ ਜੀ ਪੀ ਸੀ ਵੱਲੋਂ ਕਿਉਂ ਸਮੁੰਦਰੀ ਹਾਲ ਚ ਲੱਗਿਆਂ ਹਜ਼ਾਰਾਂ ਗੋਲੀਆਂ ਦੇ ਨਿਸ਼ਾਨਾਂ ਨੂੰ ਪੇਂਟ ਜਾਂ ਚਿੱਟੇ ਸੀਮਿੰਟ ਦੁਆਰਾ ਅਤੇ ਗੁਰੂ ਰਾਮ ਦਾਸ ਸਰਾਂ ਨੂੰ ਢਾਹ ਕੇ ਆਪਣੇ ਹੀ ਕੌਮ ਨਾਲ ਵਰਤੇ ਇਤਿਹਾਸ ਦੀ ਵੈਰੀ ਬਣ ਰਹੀ ਹੈ ।
 ਇਸ ਵਿਚ ਕੋਈ ਝੂਠ ਨਹੀਂ ਕਿ ਕੇਸ ਨੂੰ ਹਾਰਨਾ ਤੈਅ ਜਿਹਾ ਲੱਗ ਰਿਹਾ ਹੈ ਅਤੇ ਬਾਕੀ ਬਚਿਆ ਕੀਮਤੀ ਇਤਿਹਾਸ, ਯੋਧਿਆਂ ਦੀਆਂ ਕੁਰਬਾਨੀਆਂ ਜਿਸ ਤੋਂ ਸਾਡੀ ਆਉਣ ਵਾਲੀ ਪੀੜੀ ਨੇ ਸੇਧ ਲੈਣੀ ਹੈ ਸਦਾ ਲਈ ਗੁਆ ਦੇਵਾਂਗੇ। ਜੇਕਰ ਐੱਸ ਜੀ ਪੀ ਸੀ ਕਮੇਟੀ ਕੇਸ ਹਾਰਦੀ ਹੈ ਤਾਂ ਅਦਾਲਤ ਚ ਭਰਿਆ ਕਰੋੜਾ ਰੁਪਇਆਂ ਸੰਗਤ ਦੇ ਭੇਟਾ ਹੈ ਸੁਆਹ ਹੋ ਜਾਵੇਗਾ।
ਪਤਾ ਨਹੀਂ ਇਸ ਤੋਂ ਇਲਾਵਾ ਵੀ ਹੋਰ ਕਿੰਨੀਆਂ ਲੁਕੀਆਂ ਹਕੀਕਤਾਂ ਹਨ... ਕਿਉਂ ਐੱਸ ਜੀ ਪੀ ਸੀ ਕਮੇਟੀ 2016 ਦੀ ਕੇਸ ਤਾਰੀਖ਼ ਤੋਂ ਪਹਿਲਾਂ ਹੀ 1984 ਦੇ ਸਬੂਤਾਂ ਨੂੰ ਮਿਟਾ ਦੇਣਾ ਚਾਹੁੰਦੀ ਹੈ । ਕੀ ਸ਼੍ਰੋਮਣੀ ਕਮੇਟੀ ਨਹੀਂ ਚਾਹੁੰਦੀ ਕਿ ਸਿੱਖ ਕੌਮ ਦਾ ਕੀਮਤੀ ਇਤਿਹਾਸ ਤੇ ਸਿੱਖ ਯੋਧਿਆਂ ਵੱਲੋਂ ਪਾਈਆਂ ਗਈਆਂ ਸਹੀਦੀਆਂ ਨੂੰ ਇਨਸਾਫ ਮਿਲੇ?। ਜੇਕਰ ਤੁਹਾਡਾ ਜੁਆਬ ਹਾਂ ਵਿਚ ਹੈ ਤਾਂ ਆਓ ਅਸੀਂ ਇਸ ਮੁਹਿੰਮ ਦਾ ਹਿੱਸਾ ਬਣੀਏ ਤੇ ਐੱਸ ਜੀ ਪੀ ਸੀ ਨੂੰ ਸਵਾਲ ਪੁੱਛੀਏ ਕਿ ਉਹ ਅਜਿਹਾ ਕਿਸ ਦੇ ਦਬਾਅ ਅੰਦਰ ਕਰ ਰਹੀ ਹੈ।
ਭੁੱਲ ਚੁੱਕ ਦੀ ਖਿਮਾਂ
ਵਾਹਿਗੁਰੂ ਜੀ ਕੀ ਖਾਲਸਾ    
ਵਾਹਿਗੁਰੂ ਜੀ ਕੀ ਫਤਿਹ

 ਦਾਸ
ਹਰਮਿੰਦਰ ਸਿੰਘ ਭੱਟ
9914062205
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.